p`qrkwrI ik qrkwrI
ਪੱਤਰਕਾਰੀ ਧੰਦਾ ਹੈ ਜਾਂ ਮਿਸ਼ਨ? ‘ਮੁਰਗ਼ੀ ਪਹਿਲਾਂ ਹੋਈ ਜਾਂ ਆਂਡਾ’ ਵਰਗਾ ਹੀ ਸੁਆਲ ਹੈ, ਜੋ ਬਹੁਤ ਵਾਰੀ ਉੱਠਦਾ ਰਹਿੰਦਾ ਹੈ ਤੇ ਇਸ ਨੂੰ ‘ਪੱਤਰਕਾਰੀ ਦੀ ਆਜ਼ਾਦੀ ਜਾਂ ਪੱਤਰਕਾਰਾਂ ਦੀ ਆਜ਼ਾਦੀ’ ਦੇ ਸੁਆਲ ਵਾਂਗ ਹੀ, ਉੱਠਣ ਸਾਰ ਹੀ ਬਿਠਾ ਦਿੱਤਾ ਜਾਂਦਾ ਹੈ। ਇਹ ਸੁਆਲ ਇਨ੍ਹੀਂ ਦਿਨੀਂ ਆਪਣੇ ਭਾਰਤ ਮਹਾਨ ਵਿਚ ਵੀ ਬਹੁਤ ਹੀ ਜ਼ੋਰੋ-ਸ਼ੋਰ ਨਾਲ ਉੱਠਿਆ ਹੋਇਆ ਹੈ ਤੇ ਪਿਛਲੇ ਦਿਨੀਂ ਮੁੰਬਈ ਦੇ ਸੋਫੀਆ ਪਾਲਿਟੈਕਿਨਿਕ ਦੇ ਸਾਲਾਨਾ ਭਾਸ਼ਨ ਦੌਰਾਨ ਵੀ ਉੱਠਿਆ। ਉੱਥੇ ਇਸ ਸੁਆਲ ਦਾ ਜੁਆਬ ਕਿਸ ਨੇ ਦਿੱਤਾ ਤੇ ਕੀ ਦਿੱਤਾ, ਇਸ ਦਾ ਜੁਆਬ ਦੇਣ ਤੋਂ ਪਹਿਲਾਂ ਅਸੀਂ ਆਪਣੇ ਪਾਠਕਾਂ ਨੂੰ ਯਾਦ ਕਰਾ ਦੇਈਏ ਕਿ ‘2-ਜੀ ਸਪੈਕਟਰਮ’ ਨਾਂ ਦੇ ਬਹੁਤ ਵੱਡੇ ਘਾਲ਼ੇਮਾਲ਼ੇ ਵਿਚ ਭਾਰਤ ਦੇ ਦੋ ਵੱਡੇ ਪੱਤਰਕਾਰਾਂ ਉੱਤੇ ਪੱਤਰਕਾਰੀ ਦੇ ਉਹਲੇ ਸੱਤਾ ਦੀ ਦਲਾਲੀ ਕਰਨ ਦੇ ਦੋਸ਼ ਲੱਗੇ ਹੋਏ ਹਨ ਤੇ ‘ਪੱਤਰਕਾਰੀ’, ਜੋ ਨਵੇਂ ਫੈਸ਼ਨ ਮੁਤਾਬਕ ‘ਮੀਡੀਆ’ ਬਣ ਗਈ ਹੈ, ਵੱਡੇ ਪੱਧਰ ’ਤੇ ਨਿੰਦੀ ਗਈ ਹੈ ਤੇ ਨਿੰਦੀ ਜਾ ਰਹੀ ਹੈ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਸੁਣੇ ਗਏ ਹਨ ਕਿ ਪੱਤਰਕਾਰੀ, ਕਿਸੇ ਵੱਲੋਂ ਕੀਤੇ ਜਾਣ ਵਾਲੇ ਗ਼ਲਤ ਕੰਮਾਂ ਉੱਤੇ ਪਰਦਾ ਪਾਉਣ ਦਾ ਸੌਖਾ ਢੰਗ ਹੀ ਹੈ ਕਿਉਂ ਕਿ ਗੱਡੀ ਉੱਤੇ ‘ਪ੍ਰੈੱਸ’ ਲਿਖਿਆ ਹੋਵੇ ਤਾਂ ਉਸ ਵਿਚ ਗੁਨਾਹ ਹੁੰਦੇ ਰਹਿਣ ਦੇ ਬਾਵਜੂਦ, ਉਸ ਦੇ ਬੇਰੋਕ-ਰੋਕ ਚਲਦੀ ਰਹਿਣ ਦੀ ਪੂਰੀ ਤੋਂ ਵੱਧ ਸੰਭਾਵਨਾ ਰਹਿੰਦੀ ਹੈ।
ਕਿਸੇ ਜ਼ਮਾਨੇ ਵਿਚ ‘ਪੱਤਰਕਾਰੀ ਇਕ ਧੰਦਾ ਹੈ ਕਿ ਮਿਸ਼ਨ’, ਪੁੱਛਿਆ ਜਾਂਦਾ ਸੀ, ਹੁਣ ਤਾਂ ‘ਪੱਤਰਕਾਰੀ ਮਿਸ਼ਨ ਹੈ ਕਿ ਕਮਿਸ਼ਨ’ ਪੁੱਛਿਆ ਜਾਣ ਲੱਗ ਪਿਆ ਹੈ। ਬਰਖਾ ਦੱਤ ਤੇ ਵੀਰ ਸਾਂਘਵੀ ਉੱਤੇ ਦੋਸ਼ ਲੱਗਣ ਮਗਰੋਂ ਇਹੋ ਸੁਆਲ ‘ਪੱਤਰਕਾਰੀ ਕਿ ਤਰਕਾਰੀ’ ਵੀ ਬਣ ਚੱਲਿਆ ਹੈ। ਪੱਤਰਕਾਰੀ ਵਿਚ ਛੋਟੇ-ਮੋਟੇ ਘਪਲੇ ਪਹਿਲਾਂ ਵੀ ਹੁੰਦੇ ਰਹੇ ਹਨ, ਜਿੱਦਾਂ ਹਰ ਧੰਦੇ ਵਿਚ ਹਰ ਤਰ੍ਹਾਂ ਦੇ ਲੋਕ ਘੁਸਪੈਠ ਕਰ ਹੀ ਜਾਂਦੇ ਹਨ, ਪਰ ਵੀਰ ਸਾਂਘਵੀ ਤੇ ਬਰਖਾ ਦੇ ਕਾਂਡ ਨੇ ਤਾਂ ਪੱਤਰਕਾਰੀ ਉੱਤੇ ਸੁਆਲਾਂ ਦੀ, ਨੁਕਤਾਚੀਨੀ ਦੀ ਵਰਖਾ ਹੀ ਕਰਾ ਕੇ ਰੱਖ ਦਿੱਤੀ ਹੈ। ਸਭ ਤੋਂ ਪਹਿਲਾਂ ਇਹ ਨਾ ਜਾਣੀਏ ਕਿ ਇਸ ਸਬੰਧ ਵਿਚ ਪੱਤਰਕਾਰ ਬਰਾਦਰੀ ਕੀ ਕਹਿੰਦੀ ਹੈ? ਇਸ ਤੋਂ ਵੀ ਪਹਿਲਾਂ ਇਨ੍ਹਾਂ ‘ਵੱਡੇ ਪੱਤਰਕਾਰਾਂ’ ਨੇ ਜੋ ਕਿਹਾ ਹੈ, ਉਸ ਵਿਚੋਂ ਵੀ ਇਕ-ਅੱਧੀ ਵੰਨਗੀ ਦੇਖ ਲਓ-- ਬਰਖਾ ਦੱਤ ਇਕ ਥਾਂ ਇਹ ਕਹਿੰਦੀ ਹੈ, “ਤੂੰ (ਨੀਰਾ ਰਾਡੀਆ) ਕੀ ਚਾਹੁੰਦੀ ਏਂ ਕਿ ਮੈਂ ਉਨ੍ਹਾਂ (ਕਾਂਗਰਸ) ਨੂੰ ਕੀ ਦੱਸਾਂ? ਮੈਨੂੰ ਦੱਸ, ਮੈਂ ਉਨ੍ਹਾਂ ਨਾਲ ਗੱਲ ਕਰਾਂਗੀ।”
“ਤੁਸੀਂ ਕਾਂਗਰਸ ਵੱਲੋਂ ਕਿਸ ਨਾਲ ਗੱਲ ਕੀਤੀ ਜਾਣੀ ਚਾਹੁੰਦੇ ਹੋ? ਕਰੁਣਾਨਿਧੀ ਨਾਲ਼? ਮੈਂ ਅਹਿਮਦ ਪਟੇਲ ਨਾਲ ਗੱਲ ਕਰਾਂਗਾ,” ਇਕ ਥਾਂ ਵੀਰ ਸਾਂਘਵੀ ਇਹ ਕਹਿੰਦੇ ਸੁਣਨ ਵਿਚ ਆਏ ਹਨ।
ਨੀਰਾ ਰਾਡੀਆ ਇਕ ਥਾਂ ਇਹ ਕਹਿੰਦੀ ਹੈ, “ਜਦੋਂ ਸਪੈਕਟਰਮ ਦੀ ਗੱਲ ਆਈ, ਉਹ ਰਾਜਾ ਕੋਲ ਗਏ ਤੇ ਉਨ੍ਹਾਂ ਨੇ ਉਸ ਨੂੰ ਵੱਢੀ ਦਿੱਤੀ ਤੇ ਸਪੈਕਟਰਮ ਆਪਣੇ ਨਾਂ ਕਰਾ ਕੇ ਲੈ ਗਏ।”
ਬੰਗਲੌਰ ਦੇ ਪੱਤਰਕਾਰ ਅੰਮੂ ਜੋਜ਼ਫ ਲਿਖਦੇ ਹਨ, “ਰਾਡੀਆ ਦੇ ਟੇਪਾਂ ਤੋਂ ਮੈਨੂੰ ਦੋ ਅਖਾਣਾਂ ਯਾਦ ਆਈਆਂ। ਅਖੇ ‘ਸੱਤਾ ਭ੍ਰਿਸ਼ਟਾਉਂਦੀ ਹੈ ਤੇ ਪੂਰੀ ਸੱਤਾ ਪੂਰੀ ਤਰ੍ਹਾਂ ਭ੍ਰਿਸ਼ਟਾਉਂਦੀ ਹੈ’, ਦੂਜੀ ਇਹ ‘ਜਿਹੜੇ ਲੋਕ ਸ਼ੀਸ਼ ਮਹਿਲਾਂ ਵਿਚ ਰਹਿੰਦੇ ਹੋਣ, ਉਨ੍ਹਾਂ ਨੂੰ ਪਥਰਾਅ ਨਹੀਂ ਕਰਨਾ ਚਾਹੀਦਾ’। ਇਨ੍ਹਾਂ ਦੋਹਾਂ ਅਖਾਣਾ ਦਾ ਹਵਾਲਾ ਦੇਣ ਦਾ ਉਦੇਸ਼ ਇਹੋ ਹੈ ਕਿ ਭ੍ਰਿਸ਼ਟਾਚਾਰ ਸਿਆਸਤ ਜਾਂ ਅਫ਼ਸਰਸ਼ਾਹੀ ਵਿਚ ਹੀ ਨਹੀਂ ਹੁੰਦਾ। ਹੁਣ ‘ਰਕਮਾਂ ਤਾਰ ਕੇ ਮਰਜ਼ੀ ਦੀਆਂ ਖ਼ਬਰਾ ਲੁਆਉਣਾ’ ਵੀ ਭ੍ਰਿਸ਼ਟਾਚਾਰ ਹੈ। ਕਿੰਨੇ ਪਤਰਕਾਰਾਂ ਨੇ ਇਸ ਭ੍ਰਿਸ਼ਟਚਾਰ ਵਿਰੁੱਧ ਲਿਖਿਆ ਤੇ ਛਪਵਾਇਆ ਹੈ? ਅਖ਼ਬਾਰਾਂ ਦੇ ਦਫ਼ਤਰਾਂ ਵਿਚ ਹੋਰ ਹੁੰਦੀਆਂ ਬਹੁਤ ਸਾਰੀਆਂ ਨਿਹੱਕੀਆਂ ਗੱਲਾਂ ਬਾਰੇ ਖ਼ਬਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਗੱਲ ਮੈਨੂੰ ‘ਇਕ ਚੁੱਪ ਸੌ ਸੁੱਖ’ ਵਰਗੀ ਇਕ ਹੋਰ ਅਖਾਣ ਚੇਤੇ ਕਰਾਉਂਦੀ ਹੈ। ਰਾਡੀਆ ਦੇ ਇੰਕਸ਼ਾਫਾਂ ਨਾਲ ਭਰੀਆਂ ਇਨ੍ਹਾਂ ਟੇਪਾਂ ਨਾਲ ਕੁੱਝ ਭਲਾ ਵੀ ਹੋ ਸਕਦਾ ਸੀ ਬਸ਼ਰਤਿ ਕਿ ਇਨ੍ਹਾਂ ਨੂੰ ਆਧਾਰ ਬਣਾ ਕੇ ਪੱਤਰਕਾਰਾਂ ਵੱਲੋਂ ਇਕ ਚਰਚਾ, ਇਕ ਬਹਿਸ ਚਲਾਈ ਜਾਵੇ।”
ਇੱਥੇ ਰਾਏ ਪੀਟਰ ਕਲਾਰਕ ਨਾਂ ਦੇ ਇਕ ਵਿਚਾਰਕ ਵੱਲੋਂ ਕਹੇ ਹੋਏ ਕੁੱਝ ਸ਼ਬਦ ਵੀ ਚੇਤੇ ਕਰ ਲੈਣੇ ਬਣਦੇ ਹਨ। ਉਨ੍ਹਾਂ ਨੇ ਕਿਹਾ ਸੀ, “ਸਦਾਚਾਰ ਕਿਸੇ ਸਕੈਂਡਲ ’ਚੋਂ ਫੁੱਟਦਾ ਹੈ। ਅਕਸਰ ਏਦਾਂ ਹੀ ਹੋਇਆ ਹੈ ਕਿ ਸਿਸਟਮ ਨੂੰ ਸੁਧਾਰਨ ਦਾ ਜ਼ਿੰਮਾ ਕਿਸੇ ਦੁਖਾਂਤ ਜਾਂ ਤਬਾਹੀ ਨੇ ਹੀ ਲਿਆ ਹੈ।”
ਇਸ ਮਾਮਲੇ ਬਾਰੇ ਪੱਤਰਕਾਰਾ ਤੇ ਲੇਖਕਾ ਮ੍ਰਿਨਾਲ ਪਾਂਡੇ ਦਾ ਇਹ ਕਹਿਣ ਹੈ, “ਇਹ ਟੇਪ ਕਾਰਪੋਰੇਟ ਤੇ ਸਿਆਸੀ ਖੇਤਰਾਂ ਦੇ ਆਪਸੀ ਮੁਕਾਬਲੇ ਦੇ ਹਿੱਤਾਂ ਦੇ ਟਕਰਾਅ ਕਾਰਨ ਸਾਹਮਣੇ ਆਏ ਹਨ। ਇਸ ਪੂਰੇ ਕਾਂਡ ਦੀਆਂ ਜੜ੍ਹਾਂ ਇਸ ਗੁੱਝੀ ਸੱਚਾਈ ਵਿਚ ਹਨ ਕਿ ਹਰ ਭਾਸ਼ਾ ਦੇ ਮੀਡੀਆ ਉੱਤੇ ਇਸ ਦਹਾਕੇ ਵਿਚ ਸਿਆਸੀ ਪਾਰਟੀਆਂ ਤੇ ਕਾਰਪੋਰੇਟ ਅਨਸਰਾਂ ਦਾ ਸਿੱਧਾ ਕਬਜ਼ਾ ਵਧਿਆ ਹੈ। ਬਜ਼ਾਰ ਦੇ ਸਰਮਾਏ ਨਾਲ ਕਾਰਪੋਰੇਟਾਈਜ਼ ਹੋ ਗਏ ਮੀਡੀਆ ਵਿਚ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਇੱਛਾ ਹੀ ਸਭ ਤੋਂ ਉੱਪਰ ਹੈ।... ਸ਼ਾਇਦ ਇਸ ਨੁਕਤੇ ’ਤੇ ਆ ਕੇ ਮੀਡੀਆ ਨੂੰ ਹੁਣ ਆਪਣੇ ਲਈ ਆਪ ਹੀ ਕੋਈ ਘੱਟੋ-ਘੱਟ ਵਿਹਾਰ ਜ਼ਾਬਤਾ ਮਿੱਥ ਲੈਣ ਬਾਰੇ ਦੁਬਾਰਾ ਵਿਚਾਰ ਕਰਨਾ ਪਵੇਗਾ।...ਗ਼ੈਰਜ਼ਿੰਮੇਦਾਰੀ ਅਤੇ ਭਿਸ਼ਟਾਚਾਰ ਦੇ ਪ੍ਰਛਾਵੇਂ ਹੇਠ ਆਈ ਹੋਈ ਪੱਤਰਕਾਰੀ ਦੀ ਸਾਖ, ਹੁਣ ਇਸ਼ਤਿਹਾਰੀ ਰੰਗ-ਰੋਗਨ ਜਾਂ ਫੋਕੀ ਦਲੇਰੀ ਦੇ ਸਿਰ ’ਤੇ ਕਾਇਮ ਨਹੀਂ ਰੱਖੀ ਜਾ ਸਕਦੀ।”
‘ਦ ਟ੍ਰਿਬਿਊਨ’ ਦੇ ਪੱਤਰਕਾਰ ਫ਼ਰਾਜ਼ ਅਹਿਮਦ ਇਹ ਲਿਖਦੇ ਹਨ, “ਨੀਰਾ ਰਾਡੀਆ ਦੇ ਟੇਪਾਂ ਨੇ ਪੱਤਰਕਾਰੀ ਦੀ ਕਾਫੀ ਸੇਵਾ ਕੀਤੀ ਹੈ। ਓਦਾਂ ਇਨ੍ਹਾਂ ਟੇਪਾਂ ਨਾਲ ਪੱਤਰਕਾਰੀ ਅੰਦਰਲਾ ਸਾਰਾ ਭ੍ਰਿਸ਼ਟਚਾਰ ਨੰਗਾ ਨਹੀਂ ਹੋਇਆ। ਅਜੇ ਤਾਂ ਆਟੇ ਵਿਚ ਲੂਣ ਜਿੰਨਾ ਹੀ ਸਾਹਮਣੇ ਆਇਆ ਹੈ। ਇਸ ਧੰਦੇ ਵਿਚ ਬਹੁਤ ਸਾਰੀਆਂ ਕਾਲੀਆਂ ਭੇਡਾਂ ਹਨ, ਜਿਨ੍ਹਾਂ ਬਾਰੇ ਪੱਤਰਕਾਰ ਭਾਈਚਾਰੇ ਨੂੰ ਪੂਰਾ ਇਲਮ ਹੈ। ਦੇਖੋ ਜੀ, ਇੰਨੀਆਂ ਸ਼ਾਨਦਾਰ ਦਾਅਵਤਾਂ ਕੋਈ ਉਦੋਂ ਹੀ ਖੁਆਉਦਾ ਜਦੋਂ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਇਨ੍ਹਾਂ ਦਾਅਵਤਾਂ ’ਤੇ ਖ਼ਰਚਿਆ ਹੋਇਆ ਪੈਸਾ ਅਗਲੇ ਪਾਸਿਓਂ ਦੁੱਗਣਾ-ਚੌਗੁਣਾ ਹੋ ਕੇ ਮੁੜਨਾ ਹੈ।”
ਨਵੀਂ ਦਿੱਲੀ ਤੋਂ ਪੂਰਨਿਮਾ ਜੋਸ਼ੀ ਲਿਖਦੇ ਹਨ, “ਮੈਨੂੰ ਖ਼ੁਸ਼ੀ ਹੈ ਨਿ ਸਦਾਨੰਦ ਮੈਨਨ ਨੇ ਨਿੱਜਤਾ (ਪ੍ਰਾਈਵੇਸੀ) ਦਾ ਮੁੱਦਾ ਉਠਾਇਆ ਹੈ। ਹੁਣ ਜਦੋਂ ਰਾਡੀਆ ਦੇ ਟੇਪਾਂ ਵਿਚੋਂ ਮੀਡੀਆ ਬਾਰੇ ਪੁਣ-ਛਾਣ ਕਰਨ ਵਾਲੇ ਮੁੱਦੇ ਸਾਹਮਣੇ ਆਏ ਹਨ ਤਾਂ ਸਾਨੂੰ ਇਹ ਮਾਮਲਾ ਕਿਸੇ ਦੀ ਨਿੱਜਤਾ ਭੰਗ ਹੋਣ ਤਕ ਹੀ ਸੀਮਤ ਨਹੀਂ ਕਰ ਦੇਣਾ ਚਾਹੀਦਾ। ਵਿਅਕਤੀਗਤ ਨਿੱਜਤਾ ਬਾਰੇ ਵੱਖਰੀ ਬਹਿਸ ਕੀਤੀ-ਕਰਾਈ ਜਾ ਸਕਦੀ ਹੈ। ਨਾਲ਼ੇ ਰਾਡੀਆ ਦੇ ਟੈਲੀਫੋਨ ਸੁਣਨ ਦੀ ਇਜਾਜ਼ਤ ਤਾਂ ਗ੍ਰਹਿ ਸਕੱਤਰ ਨੇ ਆਮਦਨ ਟੈਕਸ ਦੇ ਇਕ ਮਾਮਲੇ ਦੀ ਤਫ਼ਤੀਸ਼ ਕਰਨ ਦੇ ਸਬੰਧ ਵਿਚ ਦਿੱਤੀ ਹੋਈ ਸੀ।... ਮੈਨੂੰ ਤਾਂ ਇਕ ਗੱਲ ਸਮਝ ਨਹੀਂ ਆਉਂਦੀ ਕਿ ਮੀਡੀਆ ਨੂੰ, ਮੀਡੀਆ ਦੇ ਖ਼ਿਲਾਫ਼ ਹੋਣ ਵਿਚ ਕੀ ਸਮੱਸਿਆ ਹੈ। ਇਸ ਮਾਮਲੇ ਵਿਚ ਮੈਨੂੰ ਕਿਸੇ ਤਰ੍ਹਾਂ ਵੀ ਸਾਡੇ ਵਿਚੋਂ ਬਹੁਤ ਸਾਰਿਆਂ ਵੱਲੋਂ ਪੱਤਰਕਾਰੀ ਕਰਨ ਤੇ ਇਨ੍ਹਾਂ ਟੇਪਾਂ ਵਿਚਲੇ ਕਿਰਦਾਰਾਂ ਵੱਲੋਂ ਪੱਤਰਕਾਰੀ ਵਜੋਂ ਕੁੱਝ ਕਰਨ ਵਿਚ ਕੁੱਝ ਵੀ ਇਕੋ ਜਿਹਾ ਨਹੀਂ ਲੱਗਿਆ। ਸਾਨੂੰ ਇਸ ਘਟਨਾ ਤੋਂ ਬਹੁਤ ਅਹਿਮ ਸਬਕ ਲ਼ੈਣਾ ਪਵੇਗਾ।”
ਪਾਠਕ ਜੀਓ, ਜੇ ਅਜੇ ਵੀ ਇਸ ਚਰਚਾ ਤੋਂ ਤੁਹਾਨੂੰ ਕੋਈ ਨਤੀਜਾ ਕੱਢਣਾ ਔਖਾ ਹੋਵੇ ਤਾਂ ਅਸੀਂ ਤੁਹਾਨੂੰ ਇਕ ਵਾਰ ਫਿਰ ਆਪਣੇ ਲੇਖ ਦੇ ਆਰੰਭ ਵੱਲ ਲੈ ਚੱਲਦੇ ਹਾਂ, ਜਿੱਥੇ ਅਸੀਂ ਇਕ ਸੁਆਲ ਦਾ ਜੁਆਬ ਦੇਣ ਤੋਂ ਜਾਣ-ਬੁੱਝ ਕੇ ਟਲ਼ ਗਏ ਸਾਂ ਤੇ ਉਹ ਸੁਆਲ ਸੀ, “ਪੱਤਰਕਾਰੀ ਧੰਦਾ ਹੈ ਜਾਂ ਮਿਸ਼ਨ?” ਇਸ ਸੁਆਲ ਦਾ ਜੁਆਬ ਲੱਭਣ ਦਾ ਵੇਲ਼ਾ ਆ ਗਿਆ ਹੈ। ਇਸ ਸੁਆਲ ਦਾ ਜੁਆਬ ਇਹ ਹੈ : ਮੀਡੀਆ ਇਕ ਕਾਰੋਬਾਰ ਹੈ, ਜਦੋਂ ਕਿ ਪੱਤਰਕਾਰੀ ਨਹੀਂ। ਇਹ ਜੁਆਬ ਅਸੀਂ ਆਪਣੇ ਪੱਲਿਓਂ ਨਹੀਂ ਦੇ ਰਹੇ। ਇਹ ਜੁਆਬ, ਮੈਗਸਾਸੇ ਇਨਾਮ ਜੇਤੂ ਪੱਤਰਕਾਰ ਪੀ. ਸਾਈਨਾਥ ਨੇ ਮੁੰਬਈ ਵਿਚ ਸੋਫੀਆ ਪਾਲਿਟੈਕਨਿਕ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦਿੱਤਾ ਹੈ। ਉਨ੍ਹਾਂ ਨੇ ‘ਰਕਮ ਤਾਰ ਕੇ ਖ਼ਬਰ ਲੁਆਉਣਾ’ ਵਿਸ਼ੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਭਾਰਤ ਵਿਚ 2008 ਤੋਂ ਹੁਣ ਤਕ ਤਕਰੀਬਨ 3000 ਪੱਤਰਕਾਰ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ, ਪਰ ਭਾਰਤ ਵਿਚ ਸ਼ਬਦ ‘ਮੰਦਾ’ ਛਾਪਣ ਦੀ ਮਨਾਹੀ ਰਹੀ ਹੈ। ਜਦੋਂ ਮੈਂ ਸ਼ਬਦ ‘ਮੀਡੀਆ’ ਕਹਿੰਦਾ ਹਾਂ ਤਾਂ ਇਸ ਤੋਂ ਹਮੇਸ਼ਾ ਮੇਰੀ ਮੁਰਾਦ ‘ਡੌਮੀਨੈਂਟ ਮੀਡੀਆ’ ਹੀ ਹੁੰਦੀ ਹੈ। ਤੇ ਡੌਮੀਨੈਂਟ ਮੀਡੀਆ ਹਮੇਸ਼ਾ ਝੂਠ ਬੋਲਦਾ ਹੈ ਕਿਉਂ ਕਿ ਉਸ ਦੇ ਮਾਲਕ ਆਪਣਾ ਸਰਮਾਇਆ ਸ਼ੇਅਰ ਬਜ਼ਾਰ ਵਿਚ ਲਾਉਂਦੇ ਹਨ ਤੇ ਸ਼ੇਅਰ ਬਜ਼ਾਰ ਵਿਚ ਉਭਾਰ ਲਿਆਈ ਰੱਖਦੇ ਹਨ। ‘ਰਕਮਾਂ ਤਾਰ ਕੇ ਖ਼ਬਰਾਂ ਛਪਾਉਣਾ’, ਮੀਡੀਆ ਦੇ ਮਾਲਕਾਂ ਵੱਲੋਂ ਚਲਾਈ ਹੋਈ ਇਕ ਸਨਅਤ ਹੈ। ਮੀਡੀਆ ਤੇ ਪੱਤਰਕਾਰ ਵੱਖ-ਵੱਖ ਹਨ। ਮੀਡੀਆ ਇਕ ਕਾਰੋਬਾਰ ਹੈ, ਪੱਤਰਕਾਰੀ ਨਹੀਂ।
ਆਪਣੇ ਇਸੇ ਨੁਕਤੇ ਨੂੰ ਸਪੱਸ਼ਟ ਕਰਦਿਆਂ ਪੀ. ਸਾਈਨਾਥ ਨੇ ਕਿਹਾ, “ਬਿਹਾਰ ਵਿਚ ਹੁਣੇ ਹੋਈਆਂ ਅਸੈਂਬਲੀ ਚੋਣਾਂ ਵਿਚ ਚੋਣ ਕਮਿਸ਼ਨ ਨੇ ‘ਪੇਡ ਨਿਊਜ਼’ (ਪੈਸੇ ਵੱਟੇ ਖ਼ਬਰਾਂ) ਦੇ ਸਬੰਧ ਵਿਚ ਨੋਟਿਸ ਜਾਰੀ ਕੀਤੇ ਸਨ, ਪਰ ਕਿਸੇ ਨੇ ਇਹ ਖ਼ਬਰ ਨਹੀਂ ਛਾਪੀ। ਪੱਤਰਕਾਰ ਇਸ ਸਬੰਧ ਵਿਚ ਪੈਸਾ ਲੈਣ ਤੋਂ ਇਨਕਾਰ ਕਰ ਵੀ ਦੇਣ ਤਾਂ ਉਹ ਉਦੋਂ ਕੀ ਕਰਨਗੇ ਜਦੋਂ ਅਖ਼ਬਾਰਾਂ ਦੇ ਮਾਲਕ, ਲਿਖੇ-ਲਿਖਾਏ ਇੰਟਰਵਿਊ ਛਾਪਣ ਲੱਗ ਜਾਣ ਤੇ ਉਨ੍ਹਾਂ ਉੱਤੇ ਲੇਖਕ ਵਜੋਂ ਨਾਂ ਵੀ ਆਪਣੇ ਪੱਤਰਕਾਰਾਂ ਦੇ ਛਾਪੀ ਜਾਣ।
ਉਨ੍ਹਾਂ ਨੇ ਕਿਹਾ, “ਜੇ ਪੱਤਰਕਾਰਾਂ ਨੇ ‘ਪੈਸੇ ਵੱਟੇ ਖ਼ਬਰਾਂ’ ਛਾਪਣ ਦਾ ਰੁਝਾਨ ਖ਼ਤਮ ਨਾ ਕੀਤਾ ਤਾ ਇਹ ਰੁਝਾਨ ਪੱਤਰਕਾਰੀ ਨੂੰ ਖ਼ਤਮ ਕਰ ਦੇਵੇਗਾ।”
ਜਦੋਂ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਰਾਡੀਆ ਦੇ ਟੇਪਾਂ ਬਾਰੇ ਸੁਆਲ ਪੁੱਛੇ ਤਾਂ ਉਨ੍ਹਾਂ ਨੇ ਕਿਹਾ, “ਰਾਡੀਆ ਟੇਪਾਂ ਨੌਂ ਮਹੀਨੇ ਪਹਿਲਾਂ ਦੀਆਂ ਨੈੱਟ ’ਤੇ ਚੜ੍ਹੀਆਂ ਹੋਈਆਂ ਹਨ, ਪਰ ਇਨ੍ਹਾਂ ਬਾਰੇ ਰੌਲ਼ਾ ਹੁਣੇ ‘ਆਊਟਲੁਕ’ ਤੇ ‘ਓਪਨ’ ਵਿਚ ਸਟੋਰੀ ਛਪਣ ਮਗਰੋਂ ਪਿਆ ਹੈ। ਸਹੀ ਅਰਥਾ ਵਿਚ ਕੋਈ ਗੁੱਝੀ ਸਟੋਰੀ ਤਿੰਨ ਦਿਨਾਂ ਵਿਚ ਬਾਹਰ ਆ ਜਾਣੀ ਚਾਹੀਦੀ ਹੈ ਜਦੋਂ ਕਿ ਰਾਡੀਆ ਦੇ ਟੇਪ ਬਾਹਰ ਆਉਣ ਵਿਚ ਨੌਂ ਮਹੀਨੇ ਲੱਗ ਗਏ।”
ਇਸ ਲਈ, ਪਿਆਰੇ ਪਾਠਕੋ, ਜਦੋਂ ‘ਪੱਤਰਕਾਰੀ’ ਵਿਚੋਂ ‘ਪੱ’, ਜਿਸ ਨਾਲ ਇਹ ‘ਪੱਤ’ ਢਕਣ ਵਾਲੀ ‘ਪੱਤਰਕਾਰੀ’ ਬਣਦੀ ਹੈ, ਲਹਿ ਜਾਂਦਾ ਹੈ ਤਾਂ ਇਹ ‘ਤਰਕਾਰੀ’ ਹੀ ਰਹਿ ਜਾਂਦੀ ਹੈ। ਇਸ ਲਈ ਜਿਹੜੇ ਲੋਕ ਰੋਟੀ ਹੋਰ ਕਿਤੋਂ ਕਮਾਉਂਦੇ ਹਨ, ਪਰ ‘ਤਰਕਾਰੀ’-ਭਾਜੀ ਲਈ ਪੱਤਰਕਾਰੀ ਕਰਦੇ ਹਨ, ਉਨ੍ਹਾਂ ਦਾ ਧਿਆਨ ਖ਼ਬਰਾਂ ਵੱਲ ਤੇ ਖ਼ਬਰਾਂ ਉਡੀਕਦੇ ਲੋਕਾਂ ਵੱਲ ਘੱਟ, ‘ਤਰਕਾਰੀ’ ਵੱਲ ਵੱਧ ਹੋਵੇਗਾ। ਇਹੋ ਜਿਹੇ ਲੋਕਾਂ ਵਿਚ ਨੀਰਾ ਰਾਡੀਆ ਵੀ ਹੋ ਸਕਦੀ ਹੈ, ਬਰਖਾ ਦੱਤ ਵੀ ਅਤੇ ਤਰਕਾਰੀਆਂ ਬਾਰੇ ਲਿਖਣ ਦਾ ਮਾਹਰ ਵੀਰ ਸਾਂਘਵੀ ਵੀ ਹੋ ਸਕਦਾ ਹੈ ਤਾਂ ਯੱਭਲੀਆਂ ਮਾਰਨ ਵਾਲ਼ਾ ਬਖ਼ਸ਼ਿੰਦਰ ਵੀ (ਹੈ ਨਹੀਂ) ਕਿਉਂ ਨਹੀਂ ਹੋ ਸਕਦਾ?