ਸ਼ਬਦੰਗਲ-144

ਰਲ਼ ਕੇ ਖਾਂਦਿਆਂ ਖਾਣਾ ਵੱਧ ਕਿਉਂ ਖਾ ਜਾਂਦੇ ਹਾਂ ਆਪਾਂ?
<><><><><><><><><><><><><>
   ਕੋਈ ਆਪਾਂ ਨੂੰ ਖਾਣਾ ਖਾਣ ਦੀ ਸੁਲ੍ਹਾ ਮਾਰੇ ਤਾਂ ਬਹੁਤ ਵਾਰੀ ਆਪਾਂ ਖਾਣ ਵੱਲੋਂ ਨੱਕ-ਮੂੰਹ ਵੱਟਦਿਆਂ, "ਖਾਣ ਨੂੰ ਦਿਲ ਤਾਂ ਨਹੀਂ ਕਰਦਾ, ਚੱਲ ਤੇਰੇ ਨਾਲ਼ ਇਕ-ਅੱਧੀ ਬੁਰਕੀ ਖਾ ਲੈਨਾਂ...।" ਕਹਿ ਕੇ ਏਦਾਂ ਖਾਣਾ ਸ਼ੁਰੂ ਕਰਦੇ ਹਾਂ ਕਿ ਸੁਲ੍ਹਾ ਮਾਰਨ ਵਾਲ਼ਾ ਸੋਚਦਾ ਹੈ ਕਿ 'ਅਜੇ ਤਾਂ ਜਨਾਬ ਦਾ ਦਿਲ ਨਹੀਂ ਸੀ ਕਰਦਾ, ਜੇ ਦਿਲ ਕਰਦਾ ਹੁੰਦਾ ਤਾਂ ਖਾਣਾ ਥੁੜ ਜਾਣਾ ਸੀ।' ਤੁਸੀਂ ਕਦੇ ਸੋਚਿਆ ਕਿ ਰਲ਼ ਕੇ ਖਾਣਾ ਖਾਂਦਿਆਂ, ਆਪਾਂ ਆਮ ਨਾਲ਼ੋਂ ਵੱਧ ਕਿਉਂ ਖਾ ਜਾਂਦੇ ਹਾਂ। ਇਸ ਰੁਝਾਨ ਨੂੰ ਜਾਇਜ਼ ਠਹਿਰਾਉਂਦਿਆਂ ਬਹੁਤੀ ਵਾਰ ਆਪਾਂ ਇਹ ਕਹਿੰਦੇ ਹਾਂ, "ਯਾਰ, ਕੁਦਰਤੀ ਗੱਲ ਹੈ, ਰਲ਼ ਕੇ ਖਾਣ ਨਾਲ਼ ਖਾਣੇ ਦਾ ਸੁਆਦ ਹੀ ਬਹੁਤ ਆਉਂਦਾ ਹੈ।"
   ਗੱਲ ਕੁਦਰਤੀ ਹੈ ਜਾਂ ਗ਼ੈਰਕੁਦਰਤੀ, ਇਸ ਸਬੰਧ ਵਿਚ ਜਾਨਣ ਲਈ ਕਿਸੇ ਨੇ ਕਦੇ ਗ਼ੌਰ ਕੀਤਾ ਹੈ? ਅਜਿਹਾ ਕਿਉਂ ਹੁੰਦਾ ਹੈ? ਰਲ਼ ਕੇ ਖਾਂਦਿਆਂ, ਖਾਣਾ ਵੱਧ ਖਾਧੇ ਜਾਣ ਬਾਰੇ ਹਾਲ ਹੀ ਵਿਚ ਇਕ ਅਧਿਐਨ ਕੀਤਾ ਗਿਆ ਸੀ, ਜਿਸ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਦੋਸਤਾਂ ਅਤੇ ਪਰਿਵਾਰ ਦੇ ਜੀਆਂ ਨਾਲ਼ ਰਲ਼ ਕੇ ਖਾਣਾ ਖਾਂਦਿਆਂ, ਖਾਣਾ ਵੱਧ ਖਾਧਾ ਜਾਂਦਾ ਹੈ ਕਿ ਰਲ਼ ਕੇ ਖਾਣਾ ਖਾਂਦਿਆਂ, ਖਾਣਾ ਵੱਧ ਸੁਆਦ ਲੱਗਦਾ ਹੈ ਅਤੇ ਸਮਾਜਕ-ਭੋਜ ਵਿਚ ਖਾਣੇ ਦੀ ਖ਼ਪਤ ਵਧ ਜਾਂਦੀ ਹੈ। 'ਜੀਵਨ ਦੇ ਅੰਦਾਜ਼ਾਂ' ਦੇ ਸਬੰਧ ਵਿਚ ਲਿਖਦੇ ਅਤੇ ਲੰਡਨ ਵਿਚ ਰਹਿੰਦੇ ਲੇਖਕ ਪਰਸੂਨ ਸੌਂਵਲਕਰ ਨੇ ਇਸ ਸਬੰਧ ਵਿਚ ਲਿਖੇ ਹੋਏ ਇਕ ਲੇਖ ਵਿਚ ਇਹ ਲਿਖਿਆ ਹੋਇਆ ਹੈ ਕਿ ਖੋਜੀਆਂ ਨੇ, ਪਰਿਵਾਰ ਦੇ ਜੀਆਂ ਅਤੇ ਦੋਸਤਾਂ ਨਾਲ਼ ਰਲ਼ ਕੇ ਖਾਣਾ ਖਾਂਦਿਆਂ, ਵਧੇਰੇ ਖਾਣਾ ਖਾਧੇ ਜਾਣ ਦੇ ਰੁਝਾਨ ਬਾਰੇ ਲਿਖਦਿਆਂ ਇਸ ਨੂੰ 'ਸੋਸ਼ਲ ਫੈਸਿਲੀਟੇਸ਼ਨ' ਯਾਨੀ 'ਸਮਾਜਕ ਸਹੂਲਤ' ਕਰਾਰ ਦਿੱਤਾ ਹੈ।
   ਇਹ ਰੁਝਾਨ, ਕਿਸੇ ਖ਼ਾਸ ਖਿੱਤੇ ਦਾ ਨਹੀਂ, ਸਗੋਂ ਸਰਬ ਵਿਆਪਕ ਹੈ। ਇਸ ਸਬੰਧ ਵਿਚ ਕੀਤੇ ਗਏ ਇਕ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਕੱਲਿਆਂ ਘੱਟ ਖਾਣ ਦੇ ਮੁਕਾਬਲੇ, ਰਲ਼ ਕੇ ਖਾਣ ਵੇਲ਼ੇ 'ਤੂੜ ਕੇ ਖਾਣ' ਦੇ ਰੁਝਾਨ ਦਾ ਸਬੰਧ, ਸਾਡੇ ਪਿੱਤਰਾਂ ਦੀ, ਆਪਣੇ ਬਚਾਅ ਸਬੰਧੀ ਪਹੁੰਚ ਨਾਲ਼ ਜੁੜਿਆ ਹੋਇਆ ਲੱਗਦਾ ਹੈ।
   'ਯੂਨੀਵਰਸਿਟੀ ਆਫ਼ ਬਰਮਿੰਘਮ' ਦੇ ਕੁੱਝ ਮਾਹਰਾਂ ਨੇ, ਪ੍ਰਾਚੀਨ ਸ਼ਿਕਾਰੀਆਂ ਵੱਲੋਂ ਕੀਤਾ ਹੋਇਆ ਸ਼ਿਕਾਰ, ਲੰਬੇ ਸਮੇਂ ਲਈ ਖਾਧ-ਖੁਰਾਕ ਦੀ ਅਣਹੋਂਦ ਰਹਿਣ ਦੇ ਡਰੋਂ ਸਭ ਨੂੰ ਵੰਡੇ ਜਾਣ ਦੀ ਵਜ੍ਹਾ ਦੀ ਵਿਆਖਿਆ ਲੱਭਣ ਖ਼ਾਤਰ ਬਰਤਾਨੀਆ ਅਤੇ ਆਸਟਰੇਲੀਆ ਗਏ ਖੋਜੀਆਂ ਦੀ ਟੀਮ ਦੀ ਅਗਵਾਈ ਕੀਤੀ ਸੀ। ਖੋਜੀਆਂ ਨੇ ਇਨ੍ਹਾਂ ਮੁਲਕਾਂ ਵਿਚ ਜੋ ਲੱਭਤਾਂ ਕੀਤੀਆਂ, ਉਨ੍ਹਾਂ ਦੇ ਆਧਾਰ 'ਤੇ ਦੱਸਿਆ ਕਿ ਹੋ ਸਕਦਾ ਹੈ ਕਿ ਮਨੁੱਖ ਦੇ ਮਨ ਅੰਦਰ, ਆਪਣੇ ਬਚਾਅ ਦੀ ਉਸ ਵਿਧੀ ਦੀ ਰਹਿੰਦ-ਖੂੰਹਦ ਹਾਲੇ ਵੀ ਮੌਜੂਦ ਹੋਵੇ, ਜੋ ਅਚੇਤ ਰੂਪ ਵਿਚ ਹੀ ਉਨ੍ਹਾਂ ਨੂੰ ਉਸ ਵੇਲ਼ੇ 'ਤੂੜ ਕੇ ਖਾਣ' ਲਈ ਪ੍ਰੇਰਦੀ ਹੋਵੇ, ਜਦੋਂ ਉਹ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ਼ ਰਲ਼ ਕੇ ਖਾਣਾ ਖਾਂਦੇ ਹੋਣ ਕਿਉਂ ਕਿ ਹੋਰਨਾਂ ਨਾਲ਼ ਰਲ਼ ਕੇ ਖਾਣਾ, ਖਾਣਾ ਵਧੇਰੇ ਆਨੰਦਦਾਈ ਹੀ ਨਹੀਂ ਹੁੰਦਾ, ਸਗੋਂ ਉਹ ਤਾਕਤ ਵੀ ਹੋਰ ਵਧਾਉਂਦਾ ਹੈ, ਜੋ ਮਨੁੱਖ ਨੂੰ ਬਹੁਤਾ ਸਮਾਂ ਜੀਂਦੇ ਰਹਿਣ ਵਿਚ ਮਦਦ ਦਿੰਦੀ ਹੈ। ਇਸੇ ਲਈ ਦਾਅਵਤਾਂ, ਪ੍ਰੀਤੀ ਭੋਜਾਂ, ਸਮਾਗਮਾਂ ਵਿਚ ਖਾਣੇ ਦੀ ਖ਼ਪਤ ਵਧੇਰੇ ਹੀ ਹੋ ਜਾਂਦੀ ਹੈ।
   ਇਸ ਦੇ ਨਾਲ਼ ਹੀ ਜਦੋਂ ਅਸੀਂ ਸਮੂਹ ਦੇ ਰੂਪ ਵਿਚ ਜਾਂ ਰਲ਼ ਕੇ ਖਾਣਾ ਖਾਂਦੇ ਹਾਂ ਤਾਂ ਖਾਣਾ ਖਾਣ ਦੇ ਸਮਾਜਕ ਨਿਯਮਾਂ ਮੁਤਾਬਕ 'ਖੁੱਲ੍ਹ ਕੇ ਖਾਣ' ਦੀ ਉਹ ਖੁੱਲ੍ਹ ਹੋਈ ਮੰਨ ਲਈ ਜਾਂਦੀ ਹੋਵੇ, ਜੋ ਇਕੱਲਿਆਂ ਖਾਣਾ ਖਾਣ ਸਮੇਂ ਮਹਿਸੂਸ ਨਾ ਹੁੰਦੀ ਹੋਵੇ। ਰਲ਼ ਕੇ ਖਾਣਾ ਖਾਣ ਸਮੇਂ, ਹੋਰ ਖਾਣਾ ਦੇਣਾ, ਦੋਸਤਾਂ ਅਤੇ ਪਰਿਵਾਰਾਂ ਵੱਲੋਂ ਕੀਤੀ ਜਾਣ ਵਾਲ਼ੀ ਉਸ ਪ੍ਰਸ਼ੰਸਾ ਅਤੇ ਦਿੱਤੀ ਜਾਣ ਵਾਲ਼ੀ ਉਸ ਮਾਨਤਾ ਨਾਲ਼ ਵੀ ਜੁੜ ਜਾਂਦਾ ਹੈ, ਜੋ ਸਮਾਜਕ ਮੋਹ-ਮਾਇਆ ਨੂੰ ਮਜ਼ਬੂਤ ਕਰਦੀਆਂ ਹਨ।
   ਇਸ ਅਧਿਐਨ ਨੇ ਇਹ ਗੱਲ ਵੀ ਬਹੁਤ ਉਭਾਰ ਕੇ ਸਾਹਮਣੇ ਲਿਆਂਦੀ ਹੈ ਕਿ ਮਨੁੱਖ ਦਾ ਇਹ ਖ਼ਾਸਾ ਹੈ, ਸੁਭਾਅ ਹੈ ਕਿ ਉਹ ਆਪਣੀ ਖਾਧ-ਖੁਰਾਕ ਹੋਰ ਬਹੁਤ ਸਾਰੀਆਂ ਨਸਲਾਂ ਨਾਲ਼ ਵੰਡ ਕੇ ਛਕਣ ਵਿਚ ਆਨੰਦ ਮਹਿਸੂਸ ਕਰਦਾ ਹੈ। ਬਹੁਤੇ ਲੋਕ ਆਮ ਤੌਰ 'ਤੇ ਸ਼ਿਕਾਰੀ ਹੀ ਨਹੀਂ ਹੁੰਦੇ, ਪਰ ਸ਼ਿਕਾਰੀਆਂ ਵੱਲੋਂ ਸ਼ਿਕਾਰ ਸਭ ਨੂੰ ਵੰਡਣ ਦਾ ਉਹ ਢੰਗ, ਅੱਜ ਵੀ ਸਾਡੇ ਸਮੂਹਕ ਢੰਗ ਨਾਲ਼ ਖਾਣ ਦੇ ਰੁਝਾਨ ਵਿਚ ਕਿਸੇ ਨਾ ਕਿਸੇ ਤਰ੍ਹਾਂ ਸ਼ਾਮਲ ਹੈ।
   ਖੋਜੀਆਂ ਦੀ ਅਗਵਾਈ ਕਰਨ ਵਾਲ਼ੀ ਹੈਲਨ ਰੁੱਡੌਕ ਦਾ ਕਹਿਣ ਹੈ, "ਸਾਨੂੰ ਇਸ ਸਬੰਧ ਵਿਚ ਬਹੁਤ ਹੀ ਜ਼ਬਰਦਸਤ ਸਬੂਤ ਮਿਲੇ ਕਿ ਲੋਕ, ਇਕੱਲਿਆਂ ਖਾਣਾ ਖਾਣ ਦੇ ਮੁਕਾਬਲੇ ਜਦੋਂ ਰਲ਼ ਕੇ ਖਾਣਾ ਖਾਂਦਾ ਹਨ ਤਾਂ ਉਹ ਵਧੇਰੇ ਅਤੇ 'ਤੂੜ ਕੇ ਖਾਂਦੇ' ਹਨ। ਇਸ ਦੀ ਇਕ ਵਜ੍ਹਾ ਇਹ ਹੁੰਦੀ ਹੈ ਕਿ ਉਹ, ਇਸ ਤਰ੍ਹਾਂ ਕਰ ਕੇ, ਓਪਰੇ ਬੰਦਿਆਂ ਉੱਤੇ ਵਧੀਆ ਅਤੇ ਚੰਗਾ ਪ੍ਰਭਾਵ ਪਾਉਣਾ ਚਾਹੁੰਦੇ ਹਨ। ਜੇ ਉਹ ਥੋੜ੍ਹੀ ਮਿਕਦਾਰ ਵਿਚ ਖਾਣਾ ਪਾਉਣ ਜਾਂ ਪੁਆਉਣ ਤਾਂ ਇਸ ਨਾਲ਼ ਨੇੜੇ ਹੀ ਬੈਠੇ ਓਪਰੇ ਬੰਦਿਆਂ ਉੱਤੇ, ਬਹੁਤ ਹੀ ਸਰਫ਼ਾ ਜਿਹਾ ਕਰਨ ਦਾ ਪ੍ਰਭਾਵ ਪਏਗਾ। ਇਸ ਸਬੰਧ ਵਿਚ ਪਹਿਲਾਂ ਕੀਤੀਆਂ ਹੋਈਆਂ ਖੋਜਾਂ ਇਹ ਦਰਸਾਅ ਚੁੱਕੀਆਂ ਹਨ ਕਿ ਆਪਾਂ ਅਕਸਰ ਹੀ ਖਾਣ ਲਈ ਜੋ ਅਤੇ ਜਿੰਨਾ ਚੁਣਦੇ ਹਾਂ, ਉਸ ਰਾਹੀਂ ਅਸੀਂ ਆਪਣਾ ਪ੍ਰਭਾਵ ਪਾਉਣਾ ਹੀ ਚਾਹਿਆ ਕਰਦੇ ਹਾਂ। ਸਬੂਤ ਦੱਸਦੇ ਹਨ ਕਿ ਖਾਣਾ ਖਾਣ ਵੇਲ਼ੇ ਸਾਡੇ ਨਾਲ਼ ਬੈਠੀਆਂ ਖਾਂਦੀਆਂ ਔਰਤਾਂ ਨੂੰ ਵੀ, ਖਾਣੇ ਦੀ ਮਿਕਦਾਰ ਨਾਲ਼ ਪ੍ਰਭਾਵਤ ਕਰਨ ਦੇ ਹੀਲੇ ਕਰਦੇ ਹਾਂ।"
   ਇਸ ਤੋਂ ਪਹਿਲਾਂ ਕੀਤੇ ਹੋਏ ਅਧਿਐਨਾਂ ਵਿਚ ਦੇਖਿਆ ਗਿਆ ਹੈ ਕਿ ਇਕੱਲਿਆਂ ਖਾਣਾ ਖਾਣ ਦੇ ਮੁਕਾਬਲੇ, ਰਲ਼ ਕੇ ਖਾਂਦਿਆਂ 48 ਫੀ ਸਦੀ ਵਧੇਰੇ ਖਾਣਾ ਖਾਧਾ ਗਿਆ ਅਤੇ ਮੋਟਾਪੇ ਦੀਆਂ ਸ਼ਿਕਾਰ ਔਰਤਾਂ ਨੇ ਵੀ, ਰਲ਼ ਕੇ ਖਾਣ ਦੌਰਾਨ, ਇਕੱਲਿਆਂ ਖਾਣ ਨਾਲ਼ੋਂ 29 ਫੀ ਸਦੀ ਵੱਧ ਖਾਣਾ ਖਾਧਾ। ਇਸ ਕਰ ਕੇ ਜਿਹੜੇ ਲੋਕ ਆਪਣੀ ਭੁੱਖ ਘਟਾਉਣੀ ਚਾਹੁੰਦੇ ਹੋਣ ਜਾਂ ਕਾਬੂ ਵਿਚ ਰੱਖਣੀ ਚਾਹੁੰਦੇ ਹੋਣ, ਉਨ੍ਹਾਂ ਨੂੰ ਖਾਣਾ, ਬਾਕੀ ਜੀਆਂ ਨਾਲ਼ੋਂ ਪਰ੍ਹਾਂ ਹੋ ਕੇ ਯਾਨੀ ਇਕੱਲਿਆਂ ਖਾਣਾ ਚਾਹੀਦਾ ਹੈ। ਸਿਆਣੇ ਕਹਿ ਗਏ ਹਨ ਤੇ ਹੁਣ ਵੀ ਕਹਿੰਦੇ ਹਨ ਕਿ ਨੀਂਦ ਤੇ ਭੁੱਖ ਵਧਾਉਣੀ-ਘਟਾਉਣੀ ਤੁਹਾਡੇ ਆਪਣੇ ਵੱਸ ਹੈ।#

ਸ਼ਬਦੰਗਲ-143

ਕੈਨੇਡਾ ਵਿਚ ਵੀ ਭਾਰਤ ਸਬੰਧੀ

'ਜਾਅਲੀ ਖ਼ਬਰਾਂ ਦੇ ਕਾਰਖ਼ਾਨੇ'
<><><><><><><>
   ਕੈਨੇਡਾ ਵਿਚ ਵੀ ਭਾਰਤ ਸਬੰਧੀ 'ਜਾਅਲੀ ਖ਼ਬਰਾਂ ਦੇ ਕਾਰਖ਼ਾਨੇ' ਲੱਗੇ ਹੋਏ ਹੋਣ ਦੀਆਂ ਇਤਲਾਹਾਂ ਮਿਲੀਆਂ ਹਨ। 'ਟਾਈਮਜ਼ ਔਫ਼ ਮੈਨੀਟੋਬਾ' ਨਾਂ ਦੀ ਇਕ ਵੈੱਬਸਾਈਟ ਦਾ ਇਕ 'ਸਕਰੀਨਸ਼ਾਟ' ਇਸ ਤਰ੍ਹਾਂ ਦੀ ਚੁਗਲੀ ਕਰ ਗਿਆ ਹੈ। ਇਕ ਆਦਮੀ ਨੇ ਇਸ ਨਾਂ ਦੀ ਇਕ ਵੈੱਬਸਾਈਟ ਰਜਿਸਟਰ ਕਰਾਈ ਹੋਈ ਹੈ, ਜਿਸ ਰਾਹੀਂ ਉਹ, ਜਾਅਲੀ ਖ਼ਬਰਾਂ ਦੇ ਸਬੰਧ ਵਿਚ ਕੌਮਾਂਤਰੀ ਪੱਧਰ ਉੱਤੇ ਇਕ ਵਿਸ਼ਾਲ ਤਾਣਾ-ਬਾਣਾ ਬਣਾਈ ਬੈਠਾ ਹੈ। ਇਸ ਨੈੱਟਵਰਕ ਰਾਹੀਂ ਉਹ, ਭਾਰਤ ਨਾਲ਼ ਸਬੰਧਤ ਜਾਅਲੀ ਖ਼ਬਰਾਂ ਵੀ 'ਤਲ਼ਦਾ' ਹੈ। ਸਭ ਤੋਂ ਵੱਧ ਹੈਰਤ ਵਾਲ਼ੀ ਗੱਲ ਇਹ ਹੈ ਕਿ ਇਸ ਸਾਈਟ ਉੱਤੇ ਕੋਈ ਵੀ ਸਥਾਨਕ ਖ਼ਬਰ ਨਸ਼ਰ ਨਹੀਂ ਕੀਤੀ ਹੁੰਦੀ।
   ਇਹ ਜਾਣਕਾਰੀ, 'ਸੀਬੀਸੀ ਨਿਊਜ਼' ਤੋਂ ਹਾਸਲ ਹੋਈ ਹੈ। ਇਸ ਸੂਤਰ ਅਨੁਸਾਰ, ਸਥਾਨਕ ਖ਼ਬਰਾਂ ਦੇਣ ਦੇ ਨਾਂ 'ਤੇ ਕੈਨੇਡਾ ਵਿਚ ਬਣਾਈਆਂ ਹੋਈਆਂ ਕਈ ਵੈੱਬਸਾਈਟਾਂ ਰਾਹੀਂ 'ਭਾਰਤ ਸਰਕਾਰ ਦੇ ਨਜ਼ਰੀਏ' ਨੂੰ ਕੌਮਾਂਤਰੀ ਮੰਚ ਪ੍ਰਦਾਨ ਕੀਤਾ ਜਾਂਦਾ ਹੈ। ਇਕ ਹੋਰ ਜਾਣਕਾਰੀ ਅਨੁਸਾਰ, 'ਜਾਅਲੀ ਖ਼ਬਰਾਂ ਦੇ ਇਹ ਕਾਰਖ਼ਾਨੇ' ਕੈਨੇਡਾ ਸਰਕਾਰ ਦੀਆਂ ਨਜ਼ਰਾਂ ਤੋਂ ਗੁੱਝੇ ਨਹੀਂ ਹਨ।
  ਬਰੱਸਲਜ਼ ਦੇ ਇਕ ਗ਼ੈਰਮੁਨਾਫ਼ਾ ਗਰੁੱਪ 'ਈ ਯੂ ਡਿਸਇਨਫੋਲੈਬ', ਜਿਸ ਦਾ ਉਦੇਸ਼, 'ਯੂਰਪੀਅਨ ਯੂਨੀਅਨ' ਨੂੰ ਨਿਸ਼ਾਨਾ ਬਣਾਉਂਦੀ 'ਗ਼ਲਤ ਜਾਣਕਾਰੀ' ਦੀ ਪਛਾਣ ਕਰਨਾ ਹੈ, ਦੇ ਮੁਤਾਬਕ 65 ਮੁਲਕਾਂ ਵਿਚ, ਇਸ ਤਰ੍ਹਾਂ ਦੀਆਂ 265 ਸਾਈਟਾਂ ਦਾ ਤਾਣਾ-ਬਾਣਾ ਹੈ। ਇਨ੍ਹਾਂ ਵਿਚੋਂ ਘੱਟੋ-ਘੱਟ 12 ਸਾਈਟਾਂ ਇਹੋ ਜਿਹੀਆਂ ਹਨ, ਜੋ ਦੇਖਣ ਨੂੰ ਕੈਨੇਡਾ ਦੀਆਂ ਖ਼ਬਰਾਂ ਦਾ ਲੈਣ-ਦੇਣ ਹੀ ਕਰਦੀਆਂ ਹਨ ਅਤੇ ਜੋ ਅਜਿਹੇ ਨਾਂਮਾਂ ਦੀ ਵਰਤੋਂ ਕਰਦੀਆਂ ਹਨ, ਜੋ ਜਾਂ ਤਾਂ ਕੁੱਝ ਚਲੰਤ ਮੀਡੀਆ ਪ੍ਰਕਾਸ਼ਨਾਂ ਦੇ ਜਾਂ ਪੁਰਾਣੇ ਅਤੇ ਠੱਪ ਹੋ ਚੁੱਕੇ ਮੀਡੀਆ ਅਦਾਰਿਆਂ ਦੇ ਨਾਂਮਾਂ ਨਾਲ਼ ਰਲ਼ਦੇ-ਮਿਲ਼ਦੇ ਹਨ, ਜਿੱਦਾਂ 'ਦ ਟੋਰਾਂਟੋ ਈਵਨਿੰਗ ਟੈਲੀਗ੍ਰਾਮ'।
   'ਸੀਬੀਸੀ ਨਿਊਜ਼' ਕੋਲ ਅਜਿਹੀਆਂ 16 ਵੈੱਬਸਾਈਟਾਂ ਸਬੰਧੀ ਸਬੂਤਾਂ ਸਮੇਤ ਜਾਣਕਾਰੀ ਹੈ, ਜੋ ਬਣਾਈਆਂ ਹੀ ਇਸ ਢੰਗ ਨਾਲ਼ ਹੋਈਆਂ ਹਨ ਕਿ ਉਹ ਉੱਪਰੋਂ, ਸਥਾਨਕ ਕੈਨੇਡੀਅਨ ਖ਼ਬਰਾਂ ਦੀਆਂ ਵੈੱਬਸਾਈਟਾਂ ਹੀ ਲੱਗਣ। ਇਹ ਸਾਰੀਆਂ ਵੈੱਬਸਾਈਟਾਂ 'ਸ੍ਰੀਵਾਸਤਵ ਗਰੁੱਪ' ਵੱਲੋਂ ਰਜਿਸਟਰ ਕਰਾਈਆਂ ਹੋਈਆਂ ਹਨ। ਇਨ੍ਹਾਂ ਵਿਚੋਂ ਕੁੱਝ ਵੈੱਬਸਾਈਟਾਂ ਹਾਲ ਹੀ ਵਿਚ ਠੱਪ ਕਰ ਦਿੱਤੀਆਂ ਗਈਆਂ ਹਨ ਜਾਂ ਉਨ੍ਹਾਂ ਉੱਤੇ ਹੁਣ ਕੋਈ ਨਵੀਂ ਜਾਣਕਾਰੀ ਨਹੀਂ ਪਾਈ ਗਈ, ਕਿਉਂ ਕਿ 'ਈ ਯੂ ਡਿਸਇਨਫੋਲੈਬ' ਵੱਲੋਂ ਲੱਭੀਆਂ ਹੋਈਆਂ ਕੁੱਝ ਹਕੀਕਤਾਂ ਨਸ਼ਰ ਹੋ ਚੁੱਕੀਆਂ ਹਨ। ਇਹ ਸਾਈਟਾਂ, ਨਵੀਂ ਦਿੱਲੀ ਵਿਚ ਇਕ ਉੱਦਮੀ ਕਹਾਉਂਦੇ, ਅੰਕਿਤ ਸ੍ਰੀਵਾਸਤਵ ਨਾਂ ਦੇ ਵਿਅਕਤੀ ਵੱਲੋਂ ਚਲਾਏ ਜਾਂਦੇ 'ਸ੍ਰੀਵਾਸਤਵਾ ਗਰੁੱਪ' ਨਾਲ਼ ਸਬੰਧਤ ਹਨ। 'ਸੀਬੀਸੀ ਨਿਊਜ਼' ਨੇ ਇਹ ਜਾਣਕਾਰੀ ਹਾਸਲ ਕਰਨ ਅਤੇ ਉਸ ਦੀ ਨਿਰਖ਼-ਪਰਖ਼ ਕਰਨ ਲਈ 'ਵੈੱਬਸਾਈਟ ਡੈਟਾ ਐਨੈਲੇਸਿਸ ਡੋਮੇਨ ਟੂਲਜ਼' ਦੀ ਵਰਤੋਂ ਕੀਤੀ ਹੈ। ਇਨ੍ਹਾਂ ਵੈੱਬਸਾਈਟਾਂ ਵਿਚੋਂ ਕੁੱਝ ਦੀ ਰਜਿਸਟਰੇਸ਼ਨ ਸਬੰਧੀ ਸਰਨਾਵਾਂ, ਐਡਮੰਟਨ ਦੇ ਇਕ ਬੰਗਲੇ ਦਾ ਹੈ। ਇਹ ਸਾਰੀਆਂ ਹੀ ਸਾਈਟਾਂ ਉਹ ਖ਼ਬਰਾਂ ਫੈਲਾਉਂਦੀਆਂ ਹਨ, ਜੋ ਪਾਕਿਸਤਾਨ ਦੇ ਖ਼ਿਲਾਫ਼ ਭੁਗਤਦੀਆਂ ਹਨ।
   ਜਾਅਲੀ ਖ਼ਬਰਾਂ ਘੜਨ-ਬਣਾਉਣ ਵਾਲ਼ੀਆਂ ਇਨ੍ਹਾਂ ਸਾਈਟਾਂ ਵਿਚੋਂ ਇਕ ਦਾ ਨਾਂ 'ਟੋਰਾਂਟੋ ਮੇਲ', ਕਿਸੇ ਦਾ ਨਾਂ 'ਕਿਊਬੈਕ ਟੈਲੀਗ੍ਰਾਫ਼' ਅਤੇ ਕਿਸੇ ਦਾ ਨਾਂ 'ਟਾਈਮਜ਼ ਆਫ਼ ਨਿਊ ਬਰੱਨਜ਼ਵਿਕ' ਹੈ। ਬਹੁਤ ਸਾਰੀਆਂ ਸਾਈਟਾਂ ਦੇ ਨਾਮ, ਕਈ ਬੰਦ ਹੋ ਚੁੱਕੇ ਕੈਨੇਡੀਅਨ ਅਖ਼ਬਾਰਾਂ ਵਾਲ਼ੇ ਹਨ। ਇਨ੍ਹਾਂ ਸਾਰੀਆਂ ਸਾਈਟਾਂ ਦੇ 'ਅਬਾਊਟ' ਯਾਨੀ 'ਸਾਡੇ ਬਾਰੇ' ਵਾਲ਼ੇ ਖ਼ਾਨਿਆਂ ਵਿਚ ਇਹ ਦਾਅਵੇ ਕੀਤੇ ਹੋਏ ਹਨ ਕਿ ਇਹ ਵੈੱਬਸਾਈਟਾਂ, ਕੈਨੇਡਾ ਦੇ ਸਥਾਨਕ ਮੀਡੀਆ ਅਦਾਰੇ ਹਨ। 'ਸੋਸ਼ਲ ਮੀਡੀਆ' ਦੇ ਵਿਸ਼ਲੇਸ਼ਕੀ ਔਜ਼ਾਰ 'ਬੱਜ਼ਸੂਮੋ' ਅਨੁਸਾਰ, ਇਸ ਨੈੱਟਵਰਕ ਦੀਆਂ ਬਹੁਤ ਸਾਰੀਆਂ ਕੈਨੇਡੀਅਨ ਵੈੱਬਸਾਈਟਾਂ ਨੇ 'ਸੋਸ਼ਲ ਮੀਡੀਆ' ਉੱਤੇ ਬਹੁਤ ਹੀ ਘੱਟ ਯੋਗਦਾਨ ਪਾਇਆ ਹੈ, ਜਿਸ ਕਰ ਕੇ ਉਨ੍ਹਾਂ ਨੂੰ ਬਹੁਤ ਘੱਟ 'ਲਾਈਕਜ਼' ਅਤੇ 'ਸ਼ੇਅਰਜ਼' ਮਿਲੇ ਹਨ। ਇਹ ਸਾਈਟਾਂ, ਇਸ਼ਤਿਹਾਰਾਂ ਰਾਹੀਂ ਵੀ ਕਮਾਈ ਕਰਦੀਆਂ ਨਹੀਂ ਲੱਗਦੀਆਂ ਕਿਉਂ ਕਿ ਇਨ੍ਹਾਂ ਵਿਚ ਇਸ਼ਤਿਹਾਰਬਾਜ਼ੀ ਵੀ ਨਹੀਂ ਕੀਤੀ ਹੋਈ ਦਿਸਦੀ।
   'ਈ ਯੂ ਡਿਸਇਨਫੋਲੈਬ' ਦੇ ਐਗਜ਼ੀਕਿਊਟਿਵ ਡਾਇਰੈਕਟਰ ਅਲੈਗਸਾਂਦਰੇ ਅਲਾਫਿਲੀਪੇ ਦਾ ਕਹਿਣ ਹੈ ਕਿ ਇਸ ਨੈੱਟਵਰਕ ਦੇ ਕੁੱਝ ਹਿੱਸੇ 2010 ਤੋਂ ਚੱਲਦੇ ਆ ਰਹੇ ਹਨ। ਉਨ੍ਹਾਂ ਦਾ ਇਹ ਵੀ ਕਹਿਣ ਹੈ, "ਇਹ ਨੈੱਟਵਰਕ, ਭਾਰਤ ਨੂੰ ਵਡਿਆਉਣ ਜਾਂ ਪਾਕਿਸਤਾਨ ਨੂੰ ਨਖਿੱਧਣ ਦੀਆਂ ਲੀਹਾਂ ਉੱਤੇ ਬਹੁਤ ਲੰਬੇ ਅਰਸੇ ਤੋਂ ਚਲਦਾ ਆ ਰਿਹਾ ਹੈ। ਇਹ ਜਾਅਲੀ ਮੀਡੀਆ ਸਾਈਟਾਂ ਹੀ ਨਹੀਂ ਹਨ, ਇਨ੍ਹਾਂ ਨਾਲ਼ ਕੁੱਝ 'ਦਿਮਾਗ਼ੀ ਲੋਕ', ਕੁੱਝ ਸਭਾਵਾਂ-ਸੋਸਾਇਟੀਆਂ ਅਤੇ ਹੋਰ ਕਾਫੀ ਸਿਲਸਿਲੇ ਵੀ ਜੁੜੇ ਹੋਏ ਹਨ। ਇਹ ਬਹੁਤ ਹੀ ਜਥੇਬੰਦਤ ਹਨ।"
   ਪਿਛਲੇ ਸਾਲ ਅਕਤੂਬਰ ਵਿਚ, ਯੂਰਪੀਅਨ ਪਾਰਲੀਮੈਂਟ ਦੇ ਕੁੱਝ ਉਨ੍ਹਾਂ ਸੱਜੇ ਪੱਖੀ ਮੈਂਬਰਾਂ ਨਾਲ਼ ਰਲ਼ ਕੇ ਕੀਤੇ, ਰੱਫੜ ਭਰੇ ਕਸ਼ਮੀਰ-ਦੌਰੇ ਨਾਲ਼ ਵੀ 'ਸ੍ਰੀਵਾਸਤਵ ਗਰੁੱਪ' ਦਾ ਨਾਂ ਜੁੜਦਾ ਹੈ, ਜਿਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ਼ ਇਕ ਮੀਟਿੰਗ ਵੀ ਕੀਤੀ ਸੀ। ਕਸ਼ਮੀਰ ਦਾ ਇਹ ਦੌਰਾ, ਉਸ ਹਾਲਾਤ ਵਿਚ ਕੀਤਾ ਗਿਆ ਸੀ, ਜਦੋਂ ਭਾਰਤ ਸਰਕਾਰ ਨੇ ਕਸ਼ਮੀਰ ਤਕ ਪਹੁੰਚ, ਬਹੁਤ ਹੀ ਸੀਮਤ ਕੀਤੀ ਹੋਈ ਸੀ ਤੇ ਕਸ਼ਮੀਰ ਤਕ ਕਿਸੇ ਵੀ ਪੱਤਰਕਾਰ ਜਾਂ ਸਭਾ-ਸੋਸਾਇਟੀ ਦੀ ਰਸਾਈ ਨਹੀਂ ਸੀ ਕਿਉਂ ਕਿ ਸਰਕਾਰ ਨੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲ਼ੀ ਧਾਰਾ ੩੭੦ ਰੱਦ ਕਰ ਦਿੱਤੀ ਸੀ ਤੇ ਇਹ ਧਾਰਾ ਰੱਦ ਕਰਨ ਨਾਲ਼ ਪੈਦਾ ਹੋਏ ਹਾਲਾਤ ਨਾਲ਼ ਸਿੱਝਣ ਲਈ ਨਾ ਸਿਰਫ਼ ਕਰਫਿਊ ਲਗਾਇਆ ਹੋਇਆ ਸੀ, ਸਗੋਂ ਇੰਟਰਨੈੱਟ ਅਤੇ ਫੋਨ ਸੇਵਾ ਦੀ 'ਨਸਬੰਦੀ' ਵੀ ਕੀਤੀ ਹੋਈ ਸੀ। ਭਾਰਤੀ ਹਥਿਆਰਬੰਦ ਦਸਤਿਆਂ ਵੱਲੋਂ 100 ਤੋਂ ਵੱਧ ਦਿਨਾਂ ਤੋਂ ਜੰਮੂ-ਕਸ਼ਮੀਰ ਨੂੰ ਘੇਰਾ ਪਾਇਆ ਹੋਇਆ ਸੀ।
   ਮੌਂਟਰੀਆਲ ਦੀ 'ਕਨਕੌਰਡੀਆ ਯੂਨੀਵਰਸਿਟੀ' ਦੇ ਐਸੋਸੀਏਟ ਪ੍ਰੋਫੈਸਰ ਜੁਲੀਅਨ ਨੇ ਦੱਖਣੀ ਏਸ਼ੀਆ ਸਬੰਧੀ ਆਪਣੇ ਅਧਿਐਨ ਵਿਚ ਲਿਖਿਆ ਹੋਇਆ ਹੈ ਕਿ ਹੋ ਸਕਦਾ ਹੈ ਕਿ ਇਹ ਦੌਰਾ, ਭਾਰਤ (ਸਰਕਾਰ) ਵੱਲੋਂ ਕਸ਼ਮੀਰ ਦੇ ਹਾਲਾਤ ਨਾਲ਼ ਸਿੱਝਣ ਦਾ ਪ੍ਰਚਾਰ ਕਰਨ ਦਾ ਅਤੇ ਆਪਣੇ-ਆਪ ਨੂੰ ਪਾਕਿਸਤਾਨ ਦੇ ਮੁਕਾਬਲੇ ਬਿਹਤਰ ਦਿਖਾਉਣ ਦਾ ਇਕ ਢੰਗ ਹੋਵੇ। ਇਹੋ ਗੱਲ ਉਨ੍ਹਾਂ ਨੇ ਏਦਾਂ ਕਹੀ, "ਯੂਰਪੀਅਨਾਂ ਨੂੰ ਲਿਆਉਣਾ ਇਕ ਤਰ੍ਹਾਂ ਨਾਲ਼ ਏਦਾਂ ਕਹਿਣਾ ਹੀ ਹੈ, 'ਦੇਖ ਲਓ, ਸਾਡੀ ਜਮਹੂਰੀਅਤ ਵੀ ਜਮਾ ਈ ਤੁਹਾਡੇ ਵਾਲ਼ੀ ਵਾਂਗ ਕੰਮ ਕਰ ਰਹੀ ਹੈ। ਸਾਡੇ ਮੁੱਦੇ ਵੀ ਜਮਾ ਈ ਤੁਹਾਡੇ ਵਾਲ਼ੇ ਹੀ ਹਨ ਤੇ ਦੇਖ ਲਓ, ਅਸੀਂ ਵੀ ਤੁਹਾਡੇ ਵਾਂਗ ਹੀ ਖੁੱਲ੍ਹ-ਦਿਲੇ ਹਾਂ। ਅਸੀਂ ਵੀ, ਪਾਕਿਸਤਾਨ ਵਰਗੇ ਨਹੀਂ, ਸਗੋਂ ਤੁਹਾਡੇ ਵਰਗੇ ਹੀ ਬਹੁ-ਨਸਲੇ, ਬਹੁ-ਪਛਾਣੇ ਹਾਂ। ਤੁਸੀਂ ਕਸ਼ਮੀਰ ਆ ਕੇ ਦੇਖ ਲਓ, ਅਸੀਂ ਤਾਂ ਆਪਣੇ ਵੱਲੋਂ ਸਭ ਤੋਂ ਵਧੀਆ ਕੰਮ ਕਰ ਰਹੇ ਹਾਂ।'"
   ਭਾਰਤੀ ਮੀਡੀਆ ਅਨੁਸਾਰ, ਕਸ਼ਮੀਰ ਦੇ ਇਸ ਦੌਰੇ ਦਾ ਖ਼ਰਚਾ, 'ਸ੍ਰੀਵਾਸਤਵ' ਨਾਲ਼ ਸਬੰਧਤ ਦੋ ਗ਼ੈਰਸਰਕਾਰੀ ਸੰਗਠਨਾਂ 'ਇੰਟਰਨੈਸ਼ਨਲ ਇੰਸਟੀਚਿਊਟ ਫਾਰ ਨਾਨ-ਅਲਾਈਨਡ ਸਟੱਡੀਜ਼' ਯਾਨੀ 'ਆਈ ਆਈ ਐੱਨ ਐੱਸ' ਅਤੇ 'ਵਿਮਨ'ਜ਼ ਇਕੌਨੋਮਿਕ ਐਂਡ ਸੋਸ਼ਲ ਥਿੰਕ-ਟੈਂਕ' ਯਾਨੀ 'ਡਬਲਯੂ ਈ ਐੱਸ ਟੀ ਟੀ' ਨੇ ਚੁੱਕਿਆ ਸੀ।'ਆਈ ਆਈ ਐੱਨ ਐੱਸ' ਦੀ ਸਥਾਪਨਾ 'ਸ੍ਰੀਵਾਸਤਵ' ਵੱਲੋਂ ਕੀਤੀ ਹੋਈ ਹੈ, ਜੋ ਨਵੀਂ ਦਿੱਲੀ ਵਿਚ 'ਸ੍ਰੀਵਾਸਤਵ ਗਰੁੱਪ' ਦੇ ਸਰਨਾਵੇਂ ਦੀ ਵਰਤੋਂ ਕਰਦਾ ਹੈ। 'ਡਬਲਯੂ ਈ ਐੱਸ ਟੀ ਟੀ', ਐੱਮ. ਸ੍ਰੀਵਾਸਤਵ ਵੱਲੋਂ ਰਜਿਸਟਰ ਕਰਾਈ ਹੋਈ ਵੈੱਬਸਾਈਟ ਹੈ ਤੇ ਇਸ ਦਾ ਡਾਇਰੈਕਟਰ ਉਹ ਮਦੀ ਸ਼ਰਮਾ ਹੈ, ਜੋ ਅੰਕਿਤ ਸ੍ਰੀਵਾਸਤਵ ਦੇ ਸੰਪਾਦਨ ਹੇਠ ਛਪਦੇ ਦੱਸੇ ਜਾਂਦੇ 'ਰਹੱਸਮਈ ਜਿਹੇ' ਅਖ਼ਬਾਰ 'ਨਿਊ ਡੇਹਲੀ ਟਾਈਮਜ਼' ਦਾ 'ਯੂਰਪੀਅਨ ਯੂਨੀਅਨ ਦਾ ਨਾਮਾਨਿਗ਼ਾਰ' ਵੀ ਹੈ।
'ਫੇਸਬੁੱਕ' ਉੱਤੇ ਇਸ ਵੈੱਬਸਾਈਟ ਦੇ 12 ਲੱਖ 'ਫਾਲੋਵਰ' (ਪੈਰੋਕਾਰ) ਹਨ, ਪਰ ਉਹ ਇਸ ਵੈੱਬਸਾਈਟ ਉੱਤੇ ਦਰਜ ਸਮੱਗਰੀ ਦੇ ਸਬੰਧ ਵਿਚ ਕੋਈ ਹੀਲ-ਹੁੱਜਤ ਨਹੀਂ ਕਰਦੇ। ਇਸ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਉਹ 'ਫਾਲੋਵਰਜ਼' ਜਾਅਲੀ ਵੀ ਹੋ ਸਕਦੇ ਹਨ। ਭਾਰਤੀ ਮੀਡੀਆ ਵੱਲੋਂ ਦਿੱਤੀਆਂ ਹੋਈਆਂ ਇਤਲਾਹਾਂ ਹਨ ਕਿ 'ਸ਼ਰਮਾ' ਨੇ ਹੀ ਯੂਰਪੀਅਨ ਯੂਨੀਅਨ ਪਾਰਲੀਮੈਂਟ ਦੇ ਕੁੱਝ ਸੱਜੇ ਪੱਖੀ ਮੈਂਬਰਾਂ ਨੂੰ ਭਾਰਤ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਸੀ ਅਤੇ ਉਨ੍ਹਾਂ ਵੱਲੋਂ ਕਸ਼ਮੀਰ ਦਾ ਦੌਰਾ ਕਰਨ ਵੇਲ਼ੇ ਉਨ੍ਹਾਂ ਦਾ ਸਾਥ ਵੀ ਦਿੱਤਾ ਸੀ।
   'ਸੀ. ਬੀ. ਸੀ./ ਰੇਡੀਓ-ਕੈਨੇਡਾ' ਦੇ ਪ੍ਰਬੰਧਕਾਂ ਦਾ ਕਹਿਣ ਹੈ ਕਿ ਤਫ਼ਤੀਸ਼ਕਾਰ ਪੱਤਰਕਾਰਾਂ ਨੇ ਉਨ੍ਹਾਂ ਨੂੰ ਇਹ ਦੱਸਿਆ ਸੀ ਕਿ ਉਨ੍ਹਾਂ ਨੇ ਕਸ਼ਮੀਰ ਦਾ ਇਹ ਰੱਫ਼ੜ ਪੈਣ ਤੋਂ ਪਹਿਲਾਂ, ਕਦੇ ਵੀ 'ਨਿਊ ਡੇਹਲੀ ਟਾਈਮਜ਼' ਅਖ਼ਬਾਰ ਬਾਰੇ ਕੁੱਝ ਨਹੀਂ ਸੁਣਿਆ ਸੀ। ਪ੍ਰੋਫੈਸਰ ਸਕੌਫੀਲਡ ਨੇ ਕਿਹਾ ਹੈ ਕਿ ਵਿਦੇਸ਼ ਨੀਤੀ ਦੇ ਸਬੰਧ ਵਿਚ ਭਾਰਤ ਅਤੇ ਪਾਕਿਸਤਾਨ ਦੀ ਆਪਸ ਵਿਚ ਖੜਕਦੀ ਰਹਿਣ ਦੇ ਹਵਾਲੇ ਨਾਲ਼ ਇਹ ਦੌਰਾ, ਪ੍ਰਾਪੇਗੰਡਾ ਸਬੰਧੀ ਹੀਲਿਆਂ ਦਾ ਹਿੱਸਾ ਸੀ। ਉਨ੍ਹਾਂ ਨੇ ਕਿਹਾ, "ਇਹ, ਪਾਕਿਸਤਾਨ ਵਿਰੁੱਧ ਵਰਤੇ ਜਾਣ ਲਈ ਬਹੁਤ ਹੀ ਆਸਾਨ ਹਰਬਾ ਸੀ।"
ਸ੍ਰੀਵਾਸਤਵ, 'ਟੋਰਾਂਟੋ ਸੱਨ' ਦਾ ਕਾਲਮਨਵੀਸ ਤਾਰਿਕ ਫ਼ਤਿਹ, ਜੋ ਦੋਹਾਂ ਨੂੰ ਦੋਸਤ ਕਰਾਰ ਦਿੰਦਾ ਹੈ ਅਤੇ ਜੋ ਸਾਬਕਾ ਲਿਬਰਲ ਮੈਂਬਰ ਪਾਰਲੀਮੈਂਟ ਮਾਰੀਓ ਸਿਲਵਾ ਨਾਲ਼ ਸਬੰਧ ਵੀ ਰੱਖਦਾ ਹੈ, ਦੇ ਕਾਲਮ ਵੀ ਦੁਬਾਰਾ ਛਾਪਦਾ ਹੈ। ਇਹ ਸਾਈਟ ਰਜਿਸਟਰ ਕਰਾਉਣ ਲਈ ਵਰਤੇ ਗਏ ਕੰਪਿਊਟਰ ਦਾ 'ਆਈ ਪੀ ਐਡਰੈੱਸ' ਵੀ ਉਹੀ ਹੈ, ਜੋ 'ਸ੍ਰੀਵਾਸਤਵ ਗਰੁੱਪ' ਦਾ ਹੈ।
   'ਸੀ. ਬੀ. ਸੀ. ਨਿਊਜ਼' ਨੇ ਜਿੰਨੀ ਵਾਰ ਵੀ ਸ੍ਰੀਵਾਸਤਵ ਦੇ ਬਹੁਤ ਸਾਰੇ ਫੋਨ ਨੰਬਰਾਂ ਉੱਤੇ ਰਾਬਤਾ ਕਰਨ ਦੇ ਹੀਲੇ ਕੀਤੇ, ਹਰ ਵਾਰੀ ਫੋਨ ਸੁਣਨ ਵਾਲ਼ੇ ਵਿਅਕਤੀ ਨੇ ਉਨ੍ਹਾਂ ਫੋਨ ਕਾਲਾਂ ਦੇ ਜੁਆਬ ਵਿਚ ਇਕ 'ਈਮੇਲ ਐਡਰੈੱਸ' ਦਿੱਤਾ। ਉਸ 'ਈਮੇਲ ਐਡਰੈੱਸ' ਉੱਤੇ ਕੀਤੀ ਹੋਈ ਕਿਸੇ ਵੀ ਈਮੇਲ ਦਾ ਕਦੇ ਵੀ ਕੋਈ ਜੁਆਬ ਨਹੀਂ ਆਇਆ। ਜਦੋਂ ਇਹ ਪੁੱਛ-ਪੜਤਾਲਾਂ ਵਧ ਗਈਆਂ ਤਾਂ ਇਸ ਨੈੱਟਵਰਕ ਨਾਲ਼ ਸਬੰਧਤ 'ਟਵਿੱਟਰ' ਖਾਤੇ ਵੀ ਬੰਦ ਕਰ ਦਿੱਤੇ ਗਏ ਸਨ। ਇਨ੍ਹਾਂ ਖਾਤਿਆਂ ਵਿਚ, ਯੂਰਪੀਅਨ ਪਾਰਲੀਮੈਂਟ ਦੀਆਂ ਖ਼ਬਰਾਂ ਨਾਲ਼ ਸਬੰਧਤ ਦੱਸੇ ਜਾਂਦੇ ਨਿਊਜ਼ ਮੈਗਜ਼ੀਨ 'ਈਪੀ ਟੂਡੇ' ਦਾ ਖਾਤਾ ਅਤੇ '4ਨਿਊਜ਼ ਏਜੰਸੀ' ਦਾ ਖਾਤਾ ਵੀ ਸ਼ਾਮਲ ਸੀ। ਇਹ ਦੋਵੇਂ ਸਾਈਟਾਂ, ਭਾਰਤ ਦੇ ਹੱਕ ਵਿਚ ਭੁਗਤਦੀਆਂ ਖ਼ਬਰਾਂ ਦੇਣ ਲਈ ਵਰਤੀਆਂ ਜਾਂਦੀਆਂ ਸਨ। 'ਈ ਯੂ ਡਿਸਇਨਫੋਲੈਬ' ਦੀ ਰਿਪੋਰਟ ਆਉਣ ਤੋਂ ਮਗਰੋਂ 'ਈਪੀ ਟੂਡੇ' ਤੋਂ ਸਾਰੇ ਲੇਖ ਹਟਾ ਦਿੱਤੇ ਗਏ। ਜਿਹੜੇ ਲੇਖ ਰਹਿ ਗਏ ਸਨ, ਉਨ੍ਹਾਂ ਨਾਲ਼ ਮਾਲਕਾਂ ਨੇ ਰੂਸੀ ਪਰਚੇ 'ਆਰ ਟੀ' ਤੋਂ ਲੈ ਕੇ ਛਾਪੇ ਹੋਣ ਦਾ ਮੁਆਫ਼ੀਨਾਮਾ ਛਾਪਿਆ ਹੋਇਆ ਸੀ।
ਅੰਕਿਤ ਸ੍ਰੀਵਾਸਤਵ ਨਾਲ਼ ਸਬੰਧਤ ਕੈਨੇਡੀਅਨਾਂ ਵਿਚੋਂ ਇਕ ਸਾਬਕਾ ਲਿਬਰਲ ਮੈਂਬਰ ਪਾਰਲੀਮੈਂਟ ਮਾਰੀਓ ਸਿਲਵਾ ਹੈ, ਜੋ ਝੂਠੀਆਂ ਖ਼ਬਰਾਂ ਦੇਣ ਵਾਲ਼ੇ ਇਸ ਗਰੁੱਪ ਨਾਲ਼ ਸਬੰਧ ਰੱਖਣ ਤੋਂ ਮੁੱਕਰ ਚੁੱਕਾ ਹੈ। ਓਦਾਂ ਸਿਲਵਾ ਨੇ 'ਟਾਈਮਜ਼ ਆਫ਼ ਜਨੇਵਾ', 'ਨਿਊ ਡੇਹਲੀ ਟਾਈਮਜ਼' ਅਤੇ '੪ਨਿਊਜ਼ ਏਜੰਸੀ' ਨੂੰ ਕੁੱਝ ਇੰਟਰਵਿਊਜ਼ ਵੀ ਦਿੱਤੇ ਹੋਏ ਹਨ, ਜਿਨ੍ਹਾਂ ਵਿਚੋਂ ਕੁੱਝ, ਪਾਕਿਸਤਾਨ ਦੇ ਖ਼ਿਲਾਫ਼ ਭੁਗਤਦੇ ਹਨ।#

'ਟਾਈਮਜ਼ ਆਫ਼ ਮੈਨੀਟੋਬਾ' ਦਾ ਇਕ 'ਸਕਰੀਨਸ਼ਾਟ' (ਫੋਟੋ:ਰਾਇਟਰਜ਼)

ਯੂਰਪੀਅਨ ਯੂਨੀਅਨ ਦੇ ਐੱਮ. ਪੀਜ਼ ਵੱਲੋਂ 29 ਅਕਤੂਬਰ ਨੂੰ ਡੱਲ ਝੀਲ ਦਾ ਗੇੜਾ ਮਾਰਨ ਵੇਲ਼ੇ ਦੀ ਇਕ ਝਲਕ, ਜਿਸ ਵਿਚ ਧੁਰ ਖੱਬੇ ਪਾਸੇ ਮਦੀ ਸ਼ਰਮਾ ਵੀ ਦਿਸਦਾ ਹੈ (ਫੋਟੋ:ਰਾਇਟਰਜ਼)
ਯੂਰਪੀਅਨ ਯੂਨੀਅਨ ਦੇ ਐੱਮ. ਪੀਜ਼ ਡੱਲ ਝੀਲ ਵਿਚ, ਉਸ ਵੇਲ਼ੇ ਇਕ ਬੇੜੀ ਦੀ ਸਵਾਰੀ ਦਾ ਆਨੰਦ ਮਾਣਦੇ ਹੋਏ, ਜਦੋਂ ਪੱਤਰਕਾਰਾਂ ਨੂੰ ਇਸ ਇਲਾਕੇ ਵਿਚ ਜਾਣ ਦੀ ਮਨਾਹੀ ਸੀ (ਫੋਟੋ:ਰਾਇਟਰਜ਼)
ਤਾਰਿਕ ਫ਼ਤਿਹ
ਮਾਰੀਓ ਸਿਲਵਾ

ਸ਼ਬਦੰਗਲ-142



ਫਿਨਲੈਂਡ ਵਿਚ 'ਤੀਵੀਆਂ ਦਾ ਰਾਜ' ਹੋ ਗਿਆ
<><><><><><><><><><><>
   ਚੌਂਤੀ ਸਾਲਾਂ ਦੀ ਸੁਨੱਖੀ ਤੀਂਵੀਂ ਸਾਨਾ ਮਾਰਿਨ, 10 ਦਸੰਬਰ (2019) ਨੂੰ ਫਿਨਲੈਂਡ ਦੀ ਪ੍ਰਧਾਨ ਮੰਤਰੀ ਹੀ ਨਹੀਂ ਬਣੀ, ਸਗੋਂ ਜਹਾਨ ਭਰ ਵਿਚ ਕਿਸੇ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਵੀ ਬਣ ਗਈ ਹੈ। ਉਹ, ਫਿਨਲੈਂਡ ਦੀ ਇਹੋ ਜਿਹੀ ਰਲ਼ੀ-ਮਿਲ਼ੀ ਸਰਕਾਰ ਦੀ ਅਗਵਾਈ ਕਰ ਰਹੀ ਹੈ, ਜਿਸ ਵਿਚ ਤੀਵੀਆਂ ਦਾ ਪੂਰਾ ਟੌਹਰ ਹੈ। ਪੱਤਰਕਾਰਾ ਮੇਗਨ ਸਪੇਸ਼ੀਆ ਦੀ ਇਕ ਲਿਖਤ ਮੁਤਾਬਕ, ਭਾਵੇਂ ਇਹ ਔਰਤ ਅੱਗ ਦੇ ਭਬੂਕੇ ਵਾਂਗ ਇਕੋ ਦਮ, ਸਾਰੇ ਜਹਾਨ ਵਿਚ ਛਾਅ ਗਈ ਹੈ, ਪਰ ਇਸ ਤੋਂ ਪਹਿਲਾਂ ਉਸ ਦੀ ਲਿਆਕਤ, ਫਿਨਲੈਂਡ ਦੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੀਆਂ ਸਫ਼ਾਂ ਤਕ ਹੀ ਸੀਮਤ ਸੀ। ਸਾਨਾ ਮਾਰਿਨ 2015 ਵਿਚ ਪਹਿਲੀ ਵਾਰ, ਫਿਨਲੈਂਡ ਦੀ ਪਾਰਲੀਮੈਂਟ ਵਿਚ ਮੈਂਬਰ ਵਜੋਂ ਦਾਖ਼ਲ ਹੋਈ ਸੀ। ਬਹੁਤ ਸਾਰੇ ਲੋਕਾਂ ਦਾ ਖ਼ਿਆਲ ਹੈ ਕਿ ਉਸ ਦਾ, ਮੈਂਬਰ ਪਾਰਲੀਮੈਂਟ ਬਣਨਾ ਜਾਂ ਬਣਾਇਆ ਜਾਣਾ ਕਿਸੇ ਨੂੰ ਵੀ ਗ਼ੈਰਕੁਦਰਤੀ ਨਹੀਂ ਲੱਗਿਆ ਸੀ।
ਫਿਨਲੈਂਡ ਦੀ 'ਟੈਂਪੀਅਰੇ ਯੂਨੀਵਰਸਿਟੀ' ਦੀ ਪ੍ਰੋਫੈਸਰ ਜੋਹੰਨਾ ਕੰਟੋਲਾ ਦਾ ਕਹਿਣ ਹੈ, "ਉਹ ਕਿਤੇ ਐਵੇਂ ਹਨ੍ਹੇਰੇ 'ਚੋਂ ਹੀ ਨਿੱਕਲ ਕੇ ਨਹੀਂ ਆ ਗਈ ਤੇ ਬਹੁਤ ਸਾਰੇ ਲੋਕ ਉਸ ਨੂੰ ਪਸੰਦ ਕਰਨ ਵਾਲ਼ੇ ਹਨ।" ਬੀਬੀ ਮਾਰਿਨ ਨੂੰ ਉਨ੍ਹਾਂ ਦੀ ਪਾਰਟੀ ਨੇ ਉਦੋਂ ਪਾਰਲੀਮੈਂਟ ਵਿਚ ਭੇਜਿਆ ਸੀ, ਜਦੋਂ ਇਕ ਹਫ਼ਤਾ ਭਰ ਹੰਗਾਮਾ ਹੁੰਦਾ ਰਿਹਾ ਸੀ, ਜਿਸ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਅੰਤੀ ਰਿੰਨੇ ਨੇ, ਡਾਕ ਮਹਿਕਮੇ ਦੇ ਮੁਲਾਜ਼ਮਾਂ ਦੀ ਹੜਤਾਲ ਨਾਲ਼ ਸਿੱਝਣ ਦੇ ਢੰਗ ਦੇ ਸਬੰਧ ਵਿਚ ਬਹੁਤ ਜ਼ਿਆਦਾ ਆਲੋਚਨਾ ਹੋਣ 'ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਓਦਾਂ ਸ਼੍ਰੀ ਰਿੰਨੇ, ਫਿਨਲੈਂਡ ਦੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਧਾਨ ਰਹਿਣਾ ਮੰਨ ਗਏ ਸਨ।
   ਬੀਬੀ ਮਾਰਿਨ ਨੇ ਫਿਨਲੈਂਡ ਦੀ ਸਿਆਸਤ ਦੀ ਵਾਗ-ਡੋਰ ਉਸ ਵੇਲ਼ੇ ਸੰਭਾਲੀ ਹੈ, ਜਦੋਂ ਇਸ ਵਿਚ ਬਹੁਤ ਸਾਰੇ ਖਿਲਾਰੇ ਪਏ ਹੋਏ ਸਨ। ਅਪ੍ਰੈਲ ਵਿਚ ਹੋਈਆਂ ਚੋਣਾਂ ਦੌਰਾਨ, ਸੋਸ਼ਲ ਡੈਮੋਕ੍ਰੈਟਿਕ ਪਾਰਟੀ ਨੇ ਬਹੁਤ ਥੋੜ੍ਹੇ ਜਿਹੇ ਫ਼ਰਕ ਨਾਲ਼ ਸੱਜੇ ਪੱਖੀ 'ਫਿਨਜ਼ ਪਾਰਟੀ' ਨੂੰ ਹਰਾ ਕੇ, 16 ਸਾਲਾਂ ਵਿਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਦੀ ਕੁਰਸੀ ਹਥਿਆਈ ਸੀ, ਪਰ ਇਨ੍ਹਾਂ ਚੋਣਾਂ ਵਿਚ ਕੀਤੇ ਗਏ ਸਰਵੇਖਣ ਦਰਸਾਉਂਦੇ ਸਨ ਕਿ 'ਫਿਨਜ਼ ਪਾਰਟੀ' ਦੀ ਮਕਬੂਲੀਅਤ ਵਿਚ ਵਾਧਾ ਹੋਇਆ ਸੀ। ਉਨ੍ਹਾਂ ਚੋਣਾਂ ਵਿਚ ਕੇਂਦਰੀ ਪਾਰਟੀਆਂ ਦਾ ਆਧਾਰ ਘਟਿਆ ਸੀ ਤੇ ਕਿਸੇ ਵੀ ਪਾਰਟੀ ਨੂੰ 18 ਫੀ ਸਦੀ ਵੋਟਾਂ ਨਹੀਂ ਮਿਲੀਆਂ ਸਨ। ਜਦੋਂ ਸ਼੍ਰੀ ਰਿੰਨੇ ਲਈ ਮੁਸੀਬਤਾਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਦੀ ਸਰਕਾਰ ਦੀਆਂ ਭਾਈਵਾਲ ਪਾਰਟੀਆਂ ਵਿਚੋਂ ਕੋਈ ਵੀ ਪਾਰਟੀ, ਸਾਂਝੀ ਸਰਕਾਰ ਉਲਟਾ ਕੇ ਨਵੇਂ ਸਿਰਿਓਂ ਚੋਣ ਕਰਾਉਣ ਦੀ ਹਿੰਮਤ ਨਹੀਂ ਕਰ ਸਕੀ ਸੀ।
   ਹੁਣ ਜਿਹੜੀ ਸਰਕਾਰ ਦੀ ਵਾਗ-ਡੋਰ ਸ਼੍ਰੀਮਤੀ ਮਾਰਿਨ ਨੇ ਸੰਭਾਲੀ ਹੈ, ਉਹ ਇਕ ਤਰ੍ਹਾਂ ਨਾਲ਼ 'ਮਾਦਾ ਸਰਕਾਰ' ਹੀ ਨਹੀਂ ਹੈ, ਸਗੋਂ 'ਮੁਟਿਆਰ ਸਰਕਾਰ' ਵੀ ਹੈ। ਜਿਹੜੀਆਂ ਚਾਰ ਪਾਰਟੀਆਂ ਉਨ੍ਹਾਂ ਦੀ ਸਰਕਾਰ ਦੀਆਂ ਭਾਈਵਾਲ ਹਨ, ਉਨ੍ਹਾਂ ਦੀ ਅਗਵਾਈ ਵੀ ਔਰਤਾਂ ਦੇ ਹੱਥਾਂ ਵਿਚ ਹੀ ਹੈ। ਉਨ੍ਹਾਂ ਵਿਚੋਂ ਤਿੰਨ ਜਣੀਆਂ ਤਾਂ ਪ੍ਰਧਾਨ ਮੰਤਰੀ ਸਾਨਾ ਮਾਰਿਨ ਦੀਆਂ ਹਾਨਣਾਂ-ਹਮਾਨਣਾਂ ਯਾਨੀ 35 ਸਾਲ ਤੋਂ ਘੱਟ ਉਮਰ ਦੀਆਂ ਹੀ ਹਨ। ਅਹੁਦੇ ਦਾ ਹਲਫ਼ ਲੈਣ ਮਗਰੋਂ ਪੱਤਰਕਾਰਾਂ ਨਾਲ਼ ਗੱਲਾਂ ਕਰਦਿਆਂ ਸ਼੍ਰੀਮਤੀ ਮਾਰਿਨ ਨੇ ਉਨ੍ਹਾਂ ਦੀ ਨਿਯੁਕਤੀ ਦੇ ਸਬੰਧ ਵਿਚ ਜਹਾਨ ਭਰ ਵੱਲੋਂ ਦਿਖਾਈ ਗਈ ਦਿਲਚਸਪੀ ਦੇ ਸਬੰਧ ਵਿਚ ਕੀਤੇ ਗਏ ਸੁਆਲ ਟਾਲ ਦਿੱਤੇ ਤੇ ਇਹੋ ਕਿਹਾ ਕਿ ਉਨ੍ਹਾਂ ਦਾ ਸਾਰਾ ਹੀ ਧਿਆਨ ਰਾਜ ਪ੍ਰਬੰਧ ਚਲਾਉਣ ਵੱਲ ਹੈ।
ਉਨ੍ਹਾਂ ਨੇ ਕਿਹਾ, "ਮੇਰਾ ਸਾਰਾ ਹੀ ਧਿਆਨ ਸਦਨ ਦੀ ਕਾਰਵਾਈ ਵੱਲ ਲੱਗਿਆ ਰਿਹਾ ਤੇ ਮੈਂ ਕੌਮੀ ਤੇ ਕੌਮਾਂਤਰੀ ਪ੍ਰਚਾਰ ਮਾਧਿਅਮਾਂ ਦੀਆਂ ਟਿੱਪਣੀਆਂ ਵੱਲ ਧਿਆਨ ਨਹੀਂ ਦਿੱਤਾ। ਅਸੀਂ ਤਬਦੀਲੀ ਲਿਆਉਣ ਦਾ ਵਾਅਦਾ ਕੀਤਾ ਹੈ। ਹੁਣ ਸਾਨੂੰ ਇਸ ਸਬੰਧੀ ਕਾਰਵਾਈ ਕਰਨ ਦੀ ਲੋੜ ਹੈ। ਮੇਰਾ ਖ਼ਿਆਲ ਹੈ ਕਿ ਭਰੋਸਾ, ਕਾਰਵਾਈ ਰਾਹੀਂ ਹੀ ਪਰਤੇਗਾ।" ਛੋਟੀ ਉਮਰੇ ਹੀ ਇਸ ਤਰ੍ਹਾਂ ਦੀਆਂ ਵੱਡੀਆਂ ਗੱਲਾਂ ਕਰਨ ਵਾਲ਼ੀ ਇਸ ਬੀਬੀ ਦਾ ਪਿਛੋਕੜ ਖੋਜਣਾ ਵੀ ਤਾਂ ਬਣਦਾ ਹੈ।
   ਉਸ ਦਾ ਜਨਮ 16 ਨਵੰਬਰ, 1985 ਨੂੰ ਹੇਲਿਸਿੰਕੀ ਵਿਚ ਹੋਇਆ ਸੀ। ਉਹ, ਟੈਂਪੀਅਰੇ ਜਾਣ ਤੋਂ ਪਹਿਲਾਂ, ਏਸਪੂ ਅਤੇ ਪਿਰੱਕਲਾ ਵਿਖੇ ਰਹੀ। ਉਹ, ਵਹੁਤ ਛੋਟੀ ਹੀ ਸੀ ਜਦੋਂ ਉਸ ਦੇ ਮਾਪੇ ਆਪਸ ਵਿਚ ਜੁਦਾ ਹੋ ਗਏ। ਇਸ ਦੇ ਨਾਲ਼ ਹੀ ਉਨ੍ਹਾਂ ਦਾ ਪਰਿਵਾਰ, ਆਰਥਕ ਤੰਗੀ ਦਾ ਸ਼ਿਕਾਰ ਹੋ ਗਿਆ ਕਿਉਂ ਕਿ ਉਸ ਦਾ ਬਾਪ, ਸ਼ਰਾਬੀਪੁਣੇ ਨਾਲ਼ ਜੂਝ ਰਿਹਾ ਸੀ। ਮਾਪਿਆਂ ਦੇ ਜੁਦਾ-ਜੁਦਾ ਹੋ ਜਾਣ ਮਗਰੋਂ ਮਾਰਿਨ ਦਾ ਪਾਲਣ-ਪੋਸ਼ਣ ਉਸ ਦੀ ਮਾਂ ਅਤੇ ਉਸ ਦੀ ਇਕ ਸਾਥਣ ਨੇ ਕੀਤਾ। ਮਾਰਿਨ ਨੇ ੧੯ ਸਾਲ ਦੀ ਉਮਰ ਵਿਚ ਪਿਰੱਕਲਾ ਹਾਈ ਸਕੂਲ ਤੋਂ ਸਕੂਲੀ ਪੜ੍ਹਾਈ ਖ਼ਤਮ ਕਰ ਲਈ। 2017 ਵਿਚ ਉਸ ਨੇ 'ਯੂਨੀਵਰਸਿਟੀ ਆਫ਼ ਟੈਂਪੀਅਰੇ' ਤੋਂ 'ਮਾਸਟਰ ਆਫ਼ ਐਡਮਨਿਸਟਰੇਟਿਵ ਸਾਇੰਸਿਜ਼' ਡਿਗਰੀ ਹਾਸਲ ਕਰ ਲਈ।ਇਸ ਤੋਂ ਪਹਿਲਾਂ 2006 ਵਿਚ ਉਹ 'ਸੋਸ਼ਲ ਡੈਮੋਕ੍ਰੇਟਿਕ ਯੂਥ' ਵਿਚ ਸ਼ਾਮਲ ਹੋ ਗਈ ਅਤੇ 2010 ਤੋਂ 2012 ਤਕ ਇਸ ਦੀ ਪਹਿਲੀ ਮੀਤ ਪ੍ਰਧਾਨ ਰਹੀ।
   2008 ਵਿਚ ਹੋਈਆਂ, ਫਿਨਲੈਂਡ ਦੀਆਂ ਮਿਉਂਸੀਪਲ ਚੋਣਾਂ ਵਿਚ ਮਾਰਿਨ ਨੂੰ ਉਮੀਦਵਾਰ ਬਣਾ ਲਿਆ ਗਿਆ, ਪਰ ਉਹ ਚੋਣ ਜਿੱਤ ਨਾ ਸਕੀ। 2012 ਵਿਚ ਉਹ ਸਰਗਰਮ ਸਿਆਸਤ ਵਿਚ ਦਾਖ਼ਲ ਹੋ ਗਈ। ਉਸੇ ਹੀ ਸਾਲ, 27 ਸਾਲ ਦੀ ਉਮਰ ਵਿਚ ਉਹ, ਟੈਂਪੀਅਰੇ ਦੀ ਸਿਟੀ ਕੌਂਸਲ ਦੀ ਮੈਂਬਰ ਚੁਣੀ ਗਈ। ਇਹ ਚੋਣ ਜਿੱਤ ਕੇ, ਉਸ ਦੀ ਜ਼ਿੰਦਗੀ ਸਿਆਸਤ ਦੇ ਲੇਖੇ ਲੱਗ ਗਈ। ਉਹ, 2013 ਤੋਂ 2017 ਤਕ ਸਿਟੀ ਕੌਂਸਲ ਦੀ ਮੁਖੀ ਰਹੀ। 2017 ਵਿਚ ਉਹ ਫਿਰ, ਸਿਟੀ ਕੌਂਸਲ ਦੀ ਮੈਂਬਰ ਚੁਣੀ ਗਈ ਤੇ ਫਿਰ ਉਹ, 'ਕੌਂਸਲ ਆਫ਼ ਟੈਂਪੀਅਰੇ' ਦੀ ਅਸੈਂਬਲੀ ਦੀ ਮੈਂਬਰ ਵੀ ਚੁਣੀ ਗਈ। ਇਸ ਦੌਰਾਨ ਹੀ 2013 ਤੋਂ 2016 ਤਕ ਉਹ, ਪਿਰਕਾਨਮਾ ਰੀਜਨਲ ਕੌਂਸਲ ਦੀ ਮੈਂਬਰ ਵੀ ਰਹੀ। 2014 ਵਿਚ ਮਾਰਿਨ, ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਦੂਜੀ ਮੀਤ ਪ੍ਰਧਾਨ ਚੁਣੀ ਗਈ। 2015 ਵਿਚ, 30 ਸਾਲ ਦੀ ਉਮਰੇ ਉਹ, ਪਿਰਕਾਨਮਾ ਜ਼ਿਲਾ ਚੋਣ ਹਲਕੇ ਤੋਂ ਫਿਨਲੈਂਡ ਦੀ ਮੈਂਬਰ ਪਾਰਲੀਮੈਂਟ ਚੁਣੀ ਗਈ। ਫਿਰ ਚਾਰ ਸਾਲ ਬਾਅਦ ਉਹ ਫਿਰ ਮੈਂਬਰ ਪਾਰਲੀਮੈਂਟ ਚੁਣੀ ਗਈ। 2019 ਵਿਚ 6 ਜੂਨ ਨੂੰ, ਉਸ ਨੂੰ 'ਟਰਾਂਸਪੋਰਟ ਐਂਡ ਕਮਿਊਨੀਕੇਸ਼ਨਜ਼' ਯਾਨੀ ਆਵਾਜਾਈ ਅਤੇ ਸੰਚਾਰ ਮੰਤਰੀ ਬਣਾ ਦਿੱਤਾ ਗਿਆ। ਦਸੰਬਰ, 2019 ਵਿਚ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਨੇ ਉਸ ਨੂੰ, ਐਂਤੀ ਰਿੰਨੇ ਦੀ ਥਾਂ, ਫਿਨਲੈਂਡ ਦੀ ਪ੍ਰਧਾਨ ਮੰਤਰੀ ਬਣਨ ਲਈ ਨਾਮਜ਼ਦ ਕਰ ਦਿੱਤਾ ਕਿਉਂ ਕਿ ਡਾਕ ਮੁਲਾਜ਼ਮਾਂ ਦੀ ਹੜਤਾਲ ਨਾਲ਼ ਸਿੱਝਣ ਦੇ ਢੰਗ ਦੀ ਵਜ੍ਹਾ ਨਾਲ਼ ਰਿੰਨੇ ਬਹੁਤ ਜ਼ਿਆਦਾ ਤੇ ਤਿੱਖੀ ਆਲੋਚਨਾ ਦੇ ਸ਼ਿਕਾਰ ਹੋ ਚੁੱਕੇ ਸਨ।
   ਸਾਨਾ ਮਾਰਿਨ, ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਸੰਦ ਕੀਤੇ ਜਾਣ ਲਈ, ਆਪਣੇ ਨੇੜ-ਵਿਰੋਧੀ ਅੰਤੀ ਲਿੰਡਟਮੈਨ ਨੂੰ ਮਾਮੂਲੀ ਜਿਹੇ ਫ਼ਰਕ ਨਾਲ਼ ਪਛਾੜ ਕੇ ਆਈ ਹੈ। ਉਹ ਪੰਜ ਪਾਰਟੀਆਂ ਦੀ ਸਾਂਝੀ ਸਰਕਾਰ ਦੀ ਅਗਵਾਈ ਕਰੇਗੀ ਤੇ ਇਹ ਸਰਕਾਰ ਚਲਾਉਣੀ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੈ। ਇਸ ਸਰਕਾਰ ਦੇ,19 ਮੰਤਰੀਆਂ ਉੱਤੇ ਆਧਾਰਤ ਮੰਤਰੀ ਮੰਡਲ ਵਿਚ 12 ਔਰਤਾਂ ਹਨ। ਇਕ ਤਰ੍ਹਾਂ ਨਾਲ਼, ਫਿਨਲੈਂਡ ਵਿਚ 'ਤੀਵੀਆਂ ਦਾ ਰਾਜ' ਹੀ ਹੋ ਗਿਆ ਹੈ।
   ਆਪਣੇ ਪਰਿਵਾਰਕ ਪਿਛੋਕੜ ਬਾਰੇ ਪੁੱਛੇ ਜਾਣ 'ਤੇ ਸਾਨਾ ਮਾਰਿਨ ਕਹਿੰਦੀ ਹੈ ਕਿ ਉਹ ਇਕ ਇੰਦਰ ਧਨੁੱਸ਼ੀ ਪਰਿਵਾਰ ਵਿਚੋਂ ਹੈ ਕਿਉਂ ਕਿ ਉਸ ਨੂੰ ਦੋ ਸਮਲਿੰਗੀ ਔਰਤਾਂ ਨੇ ਪਾਲ਼ਿਆ-ਪੋਸਿਆ ਹੈ। ਉਹ, ਆਪਣੇ ਪਰਿਵਾਰ ਦੀ ਇਕਲੌਤੀ ਔਲਾਦ ਹੈ ਤੇ ਇਸ ਪਰਿਵਾਰ ਵਿਚੋਂ ਉਹੀ ਹੈ, ਜੋ ਯੂਨੀਵਰਸਿਟੀ ਵਿਚ ਪੜ੍ਹੀ ਹੈ। ਸਾਨਾ ਮਾਰਿਨ ਅਤੇ ਉਸ ਦੇ ਪਤੀ ਮਰਕਸ ਰਾਇਕੋਨੇਨ ਦੇ ਘਰ ਜਨਵਰੀ 2018 ਵਿਚ ਇਕ ਧੀ ਨੇ ਜਨਮ ਲਿਆ ਸੀ।
   ਸਾਨਾ ਮਾਰਿਨ ਨੂੰ ਖੱਬੇ ਪੱਖੀ ਆਗੂ ਮੰਨਿਆ ਜਾਂਦਾ ਹੈ। ਚੌਗਿਰਦਾ ਬਦਲਣਾ, ਬਰਾਬਰੀ ਤੇ ਸਮਾਜਕ ਭਲਾਈ ਉਸ ਦੇ ਏਜੰਡੇ ਉੱਤੇ ਸਭ ਤੋਂ ਸਿਖ਼ਰ ਹਨ। ਅਹੁਦੇ ਦਾ ਹਲਫ਼ ਲੈਣ ਮਗਰੋਂ ਆਪਣੇ ਪਹਿਲੇ 'ਟਵਿੱਟਰੀ ਬਿਆਨ' ਵਿਚ ਉਸ ਨੇ ਕਿਹਾ ਹੈ ਕਿ ਉਹ ਫਿਨਲੈਂਡ ਦੇ ਸਮਾਜ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ। ਉਸ ਨੇ ਆਪਣੇ 'ਟਵੀਟ' ਵਿਚ ਏਦਾਂ ਲਿਖਿਆ ਹੋਇਆ ਹੈ, "ਚਾਰ ਸਾਲਾਂ ਵਿਚ ਫਿਨਲੈਂਡ ਖ਼ਤਮ ਨਹੀਂ ਹੋ ਜਾਵੇਗਾ, ਹੋਰ ਵੀ ਬਿਹਤਰ ਹੋ ਜਾਵੇਗਾ। ਅਸੀਂ ਇਸ ਦਿਸ਼ਾ ਵਿਚ ਹੀ ਕੰਮ ਕਰ ਰਹੇ ਹਾਂ। ਮੈਂ ਇਹੋ ਜਿਹਾ ਸਮਾਜ ਸਿਰਜਣਾ ਚਾਹੁੰਦੀ ਹਾਂ, ਜਿਸ ਵਿਚ ਕੋਈ ਵੀ ਬੱਚਾ, ਆਪਣੀ ਮਨਭਾਉਂਦੀ ਪ੍ਰਾਪਤੀ ਕਰ ਸਕੇ ਅਤੇ ਹਰ ਸ਼ਖ਼ਸ ਸ਼ਾਨਦਾਰ ਢੰਗ ਨਾਲ਼ ਵਿਕਾਸ ਕਰਦਿਆਂ ਜ਼ਿੰਦਗੀ ਬਿਤਾ ਸਕੇ।"
   ਸਾਨਾ ਮਾਰਿਨ ਇਸ ਵੇਲ਼ੇ ਜਹਾਨ ਦੀ ਸਭ ਤੋਂ ਛੋਟੀ ਉਮਰੇ ਬਣੀ ਪ੍ਰਧਾਨ ਮੰਤਰੀ ਹੈ। ਓਦਾਂ, ਨਿਊ ਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ, ਆਪਣਾ ਅਹੁਦਾ ਸੰਭਾਲਣ ਵੇਲ਼ੇ 37 ਸਾਲਾਂ ਦੀ ਸੀ। ਉੱਤਰੀ ਕੋਰੀਆ ਦੇ ਪ੍ਰਧਾਨ ਮੰਤਰੀ ਕਿਮ ਜੌਂਗ ਉਨ, 2011 ਵਿਚ ਆਪਣੀ ਪਾਰਟੀ ਦੇ ਵੱਡੇ ਨੇਤਾ ਬਣਨ ਵੇਲ਼ੇ 30 ਸਾਲ਼ਾਂ ਦੇ ਸਨ। ਆਸਟਰੀਆ ਦੇ ਸਾਬਕਾ ਚਾਂਸਲਰ ਸੇਬਾਸਟੀਅਨ ਕੁਰਜ਼, 2017 ਵਿਚ ਆਪਣਾ ਅਹੁਦਾ ਸੰਭਾਲਣ ਵੇਲ਼ੇ 31 ਸਾਲਾਂ ਦੇ ਸਨ। ਵਿਲੀਅਮ ਪਿੱਟ 1783 ਵਿਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਵੇਲ਼ੇ ਮਸਾਂ 24 ਸਾਲਾਂ ਦੇ ਸਨ।
   ਇਸ ਦੌਰਾਨ ਮਾਰਿਨ ਨੇ ਕਿਹਾ ਹੈ, "ਮੇਰੀ ਸਰਕਾਰ ਦਾ ਰਾਹ ਇੰਨਾ ਪੱਧਰਾ ਤੇ ਆਸਾਨ ਨਹੀਂ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਮੈਂ ਆਪਣੀਆਂ ਯੋਗਤਾਵਾਂ ਸਾਬਤ ਕੀਤੀਆਂ ਹਨ।" ਜੇ ਫਿਨਲੈਂਡ ਦੀ, ਪੰਜ ਪਾਰਟੀਆਂ ਦੀ ਸਰਕਾਰ, ਸਾਨਾ ਮਾਰਿਨ ਆਪਣੀਆਂ 12 ਸਾਥਣਾਂ ਦੇ ਆਸਰੇ ਪੰਜ ਮਹੀਨੇ ਵੀ ਚਲਾ ਗਈ ਤਾਂ ਇਹ ਉਸ ਦੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਤੇ ਉਹ ਇਸ ਨਾਲ਼, ਫਿਨਲੈਂਡ ਦੇ ਇਤਿਹਾਸ ਵਿਚ 'ਤੀਵੀਆਂ ਦੇ ਰਾਜ' ਦਾ ਆਪਣਾ ਹੀ ਮੁਕਾਮ ਬਣਾ ਜਾਵੇਗੀ।#

ਸ਼ਬਦੰਗਲ-141



ਨਿਰੀ 'ਕਾਂ-ਕਾਂ' ਨਹੀਂ ਕਰਦੇ ਇਹ ਕਾਂ, ਇਹ 'ਡੋਰੇ ਵੀ ਪਾਉਂਦੇ' ਨੇ!
<><><><><><><><><><><><><><><>
   ਅਖੇ,'ਜਿਸ ਘਰ ਦੇ ਬਨੇਰੇ ਉੱਤੇ ਕਾਂ ਬੋਲਦਾ ਹੈ, ਉਸ ਵਿਚ ਪ੍ਰਾਹੁਣੇ ਆਉਂਦੇ ਹਨ।' ਪ੍ਰਾਹੁਣੇ ਆਉਂਦੇ ਹਨ ਕਿ ਨਹੀਂ, ਇਹ ਗੱਲ ਹਾਲੇ ਵੀ ਕੀਤੀ ਜਾਂਦੀ ਹੈ ਤੇ ਕਈ ਥਾਂਈਂ ਮੰਨੀ ਵੀ ਜਾਂਦੀ ਹੈ। ਕਹਿੰਦੇ ਇਹ ਵੀ ਹਨ ਕਿ ਵਾਪਰਨ ਵਾਲ਼ੀਆਂ ਚੰਗੀਆਂ-ਮੰਦੀਆਂ ਘਟਨਾਵਾਂ ਦੀ ਬਿੜਕ, ਮਨੁੱਖ ਤੋਂ ਕਿਤੇ ਪਹਿਲਾਂ ਪਖੇਰੂਆਂ ਤੇ ਜਾਨਵਰਾਂ ਨੂੰ ਆ ਜਾਂਦੀ ਹੈ। ਇਸ ਲੇਖ ਵਿਚ ਅਸੀਂ ਜਾਨਵਰਾਂ ਤੇ ਬਾਕੀ ਪਖੇਰੂਆਂ ਨੂੰ ਛੱਡ ਕੇ, ਕਾਂ ਦੀ ਗੱਲ ਹੀ ਕਰਨੀ ਹੈ, ਉਸ ਦੀ ਸਿਆਣਪ ਦੀ ਚਰਚਾ ਹੀ ਕਰਨੀ ਹੈ।
    ਨਿੱਕੇ ਹੁੰਦਿਆਂ, ਘਰ ਵਿਚ ਵਡੇਰਿਆਂ ਤੋਂ ਸੁਣੀਆਂ ਹੋਈਆਂ ਕਾਂ-ਚਿੜੀ ਦੀਆਂ ਬਾਤਾਂ ਵਿਚ ਕਾਂ ਨੂੰ ਬਹੁਤ ਸਿਆਣਾ ਤੇ ਚਲਾਕ ਦੱਸਿਆ ਜਾਂਦਾ ਸੀ। ਇਹ ਲੇਖ ਲਿਖ ਕੇ ਸ਼ਾਇਦ ਅਸੀਂ ਵੀ ਆਪਣੇ ਤੋਂ ਅਗਲੀਆਂ ਪੀੜ੍ਹੀਆਂ ਨੂੰ ਉਹ ਬਾਤਾਂ ਹੀ ਸੁਣਾਉਣ ਦਾ ਹੀਲਾ ਕਰ ਰਹੇ ਹਾਂ ਕਿਉਂ ਕਿ ਹੁਣ ਦੀਆਂ ਨਸਲਾਂ ਨੂੰ ਉਨ੍ਹਾਂ ਦੇ ਮਾਪੇ, ਸਿਆਣਿਆਂ ਦੇ ਢਿੱਡ ਨਾਲ਼ ਲੱਗ, ਲੰਮੇ ਪੈ ਕੇ ਬਾਤਾਂ ਸੁਣਨਾ ਸਿਖਾਉਣਾ ਖ਼ੌਰੇ ਭੁੱਲ ਹੀ ਗਏ ਹਨ। ਸਿਆਣਿਆਂ ਦੇ ਢਿੱਡ ਨਾਲ਼ ਲੱਗ, ਲੰਮੇ ਪੈ ਕੇ ਬਾਤਾਂ ਸੁਣਨ ਵਿਚ ਸਿਆਣਿਆਂ ਦੇ ਢਿੱਡ ਦਾ ਇਹ ਲਾਹਾ ਲੈਣਾ, ਨਵੀਆਂ ਨਸਲਾਂ ਦੇ ਹਿੱਸੇ ਨਹੀਂ ਆਇਆ ਸ਼ਾਇਦ।
   ਗੱਲ ਤਾਂ ਆਪਾਂ ਕਾਂ ਦੀ ਕਰਦੇ ਸੀ। ਪੰਛੀਆਂ-ਪਖੇਰੂਆਂ ਦੀ ਸੂਝ-ਸਿਆਣਪ ਜਾਨਣ ਲਈ ਸਮੇਂ-ਸਮੇਂ ਕਈ ਅਧਿਐਨ ਵੀ ਕੀਤੇ ਜਾਂਦੇ ਰਹੇ ਹਨ, ਜਿਨ੍ਹਾਂ ਦੌਰਾਨ ਇਹ ਪਰਿੰਦੇ ਬਹੁਤ ਹੀ ਹੈਰਾਨ ਕਰਨ ਵਾਲ਼ੇ ਜਲਵੇ ਦਿਖਾਉਂਦੇ ਰਹੇ ਹਨ। ਕਈ ਅਧਿਐਨਾਂ ਵਿਚ ਇਨ੍ਹਾਂ ਪਖੇਰੂਆਂ ਦੀ ਸਿਆਣਪ ਦੀ ਤੁਲਨਾ, ਬੱਚਿਆਂ ਦੀ ਸੂਝ ਨਾਲ਼ ਕੀਤੀ ਜਾਂਦੀ ਰਹੀ ਹੈ। ਅਸੀਂ ਤਾਂ ਕਾਂਵਾਂ ਵੱਲੋਂ ਬੱਚਿਆਂ ਹੱਥੋਂ ਬੁਰਕੀ ਖੋਹ ਕੇ ਲਿਜਾਣ ਨੂੰ ਹੀ ਉਨ੍ਹਾਂ ਦੀ ਵੱਡੀ ਚਤਰਾਈ ਸਮਝਦੇ ਰਹੇ ਹਾਂ, ਪਰ ਇਹ ਪਰਿੰਦੇ ਤਾਂ ਹੋਰ ਵੀ ਕਮਾਲ ਕਰਦੇ ਦੇਖੇ ਗਏ ਹਨ। ਕਾਂਵਾਂ ਦੇ ਮਾਹਰਾਂ ਨਾਲ਼ ਰਾਬਤਾ ਕਰਨ 'ਤੇ ਪਤਾ ਲੱਗਿਆ ਕਿ ਕਈ ਕਾਂ ਤਾਂ ਮਨੁੱਖਾਂ ਵਾਂਗ ਹੀ ਪੜ੍ਹਨ, ਹਿਸਾਬ ਲਾਉਣ ਦੇ ਨਾਲ਼-ਨਾਲ਼ ਪਿਆਰ-ਮੁਹੱਬਤ ਕਰਨ ਜਿਹੇ ਕੰਮ ਵੀ ਕਰ ਜਾਂਦੇ ਹਨ।
   ਆਕਸਫੋਰਡ ਦੇ ਜ਼ੂਆਲੋਜੀ ਯਾਨੀ ਪਸ਼ੂਆਂ ਸਬੰਧੀ ਵਿਭਾਗ ਦੇ, ਜਾਨਵਰਾਂ ਦੇ ਵਤੀਰੇ ਸਬੰਧੀ ਪ੍ਰੋਫੈਸਰ ਅਲੈਕਸ ਕੇਸੇਲਨਿਕ ਨੇ 15 ਸਾਲ, 'ਨਿਊ ਕੈਲੇਡੋਨੀਅਨ' ਨਸਲ ਦੇ ਕਾਂ ਦਾ ਵਤੀਰਾ ਘੋਖਿਆ-ਪਰਖ਼ਿਆ ਹੈ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਇਹ ਕਾਂ, ਔਜ਼ਾਰਾਂ ਦੀ ਵਰਤੋਂ ਕਿੱਦਾਂ ਕਰਦੇ ਹਨ ਤੇ ਉਨ੍ਹਾਂ ਵਿਚ ਆਪਣੇ ਮਸਲੇ ਹੱਲ ਕਰਨ ਦੀ ਕਿੰਨੀ ਯੋਗਤਾ ਹੈ। ਇਸ ਖੋਜੀ ਪ੍ਰੋਫੈਸਰ ਦਾ ਕਹਿਣ ਹੈ, "ਜਾਨਵਰਾਂ ਦੀ ਸਿਆਣਪ ਨੂੰ ਸਮਝਣ ਦਾ ਮੁੱਖ ਸਾਧਨ ਲੱਚਕਤਾ ਹੈ। ਅਸੀਂ ਜਾਨਵਰਾਂ ਵੱਲੋਂ ਉਹ ਕੰਮ, ਜਿਹੜੇ ਉਨ੍ਹਾਂ ਵੱਲੋਂ ਕਰਨੇ ਜ਼ਰੂਰੀ ਨਹੀਂ ਹੁੰਦੇ, ਕਰਨ ਦੀ ਯੋਗਤਾ ਲਈ ਸ਼ਬਦ 'ਇੰਟੈਲੀਜੈਂਟ' (ਚਤਰ) ਹੀ ਵਰਤਦੇ ਹਾਂ।" ਉਨ੍ਹਾਂ ਦਾ ਕਹਿਣ ਹੈ ਕਿ ਕਾਂ (ਅਤੇ ਤੋਤੇ ਵੀ) ਬਦਲਵੀਂ ਸੋਚ ਅਪਣਾਉਣ ਵਿਚ ਮਾਹਰ ਹੁੰਦੇ ਹਨ। ਇਨ੍ਹਾਂ ਦੀਆਂ ਕਈ ਨਸਲਾਂ, ਖਾਧ-ਖੁਰਾਕ ਹਥਿਆਉਣ ਲਈ ਔਜ਼ਾਰਾਂ ਦੀ ਵਰਤੋਂ ਵੀ ਕਰ ਸਕਦੀਆਂ ਹਨ ਤੇ ਉਹ ਖ਼ੁਰਾਕ ਕਿਸੇ ਥਾਂ ਲੁਕਾਉਣ ਤੇ ਬਾਅਦ ਵਿਚ ਲੱਭਣ ਦੇ ਸਬੰਧ ਵਿਚ ਆਪਣੀ ਯਾਦਾਸ਼ਤ ਦੀ ਵਰਤੋਂ ਵੀ ਕਰ ਸਕਦੀਆਂ ਹਨ। ਪ੍ਰੋ. ਕੇਸੇਲਨਿਕ ਦਾ ਇਹ ਵੀ ਕਹਿਣ ਹੈ, "ਤੋਤਿਆਂ ਅਤੇ ਕਾਂਵਾਂ ਨੂੰ ਬਹੁਤ ਸਾਰੇ ਮਸਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜ਼ਰੂਰੀ ਨਹੀਂ ਕਿ ਉਨ੍ਹਾਂ ਮਸਲਿਆਂ ਦਾ ਸਬੰਧ ਕੁਦਰਤ ਨਾਲ਼ ਹੀ ਹੋਵੇ।"
  'ਯੂਨੀਵਰਸਿਟੀ ਆਫ਼ ਵਾਸ਼ਿੰਗਟਨ' ਦੇ 'ਸਕੂਲ ਆਫ਼ ਇਨਵਾਇਰਨਮੈਂਟ ਐਂਡ ਫਾਰੈਸਟ ਸਾਇੰਸਿਜ਼' ਦੀ, ਪੀ-ਐੱਚ. ਡੀ ਦੀ ਵਿਦਿਆਰਥਣ ਕਾਏਲੀ ਸਵਿੱਫਟ, ਜੋ 'ਕੌਰਵਿਡ ਰਿਸਰਚ ਬਲੌਗ' ਦੀ ਲੇਖਕਾ ਵੀ ਹੈ, ਦਾ ਕਹਿਣ ਹੈ, "ਪਰਿੰਦਿਆਂ ਦੀ ਇਕ ਮੁੱਖ 'ਟੂਲਕਿੱਟ' ਯਾਨੀ 'ਔਜ਼ਾਰਾਂ ਦਾ ਬਸਤਾ' ਬਹੁਤ ਹੀ ਪ੍ਰਤੱਖ ਹੁੰਦਾ ਹੈ, ਜੋ ਉਦੋਂ ਹੀ ਦਿਸਦਾ ਹੈ, ਜਦੋਂ ਅਸੀਂ 'ਸਿਆਣਪ ਦੇ ਵਿਕਾਸ' ਸਬੰਧੀ ਸੁਆਲ ਕਰਦੇ ਹਾਂ। ਇਸ ਬਸਤੇ ਵਿਚਲੇ ਔਜ਼ਾਰਾਂ ਵਿਚ ਮੁੱਖ ਤੌਰ 'ਤੇ 'ਸਹਿਜ ਤਰਕ', 'ਲੱਚਕ', 'ਕਲਪਨਾ' ਅਤੇ 'ਸਹੀ ਸੇਧ' ਸ਼ਾਮਲ ਹਨ।"
   ਕਾਂਵਾਂ ਦੇ ਚਤਰ-ਚਲਾਕ ਹੋਣ ਦੀ ਇਕ ਵਜ੍ਹਾ ਇਹ ਹੁੰਦੀ ਹੈ ਕਿ ਉਨ੍ਹਾਂ ਦੇ ਦਿਮਾਗ਼ ਮੁਕਾਬਲਤਨ ਵੱਡੇ ਹੁੰਦੇ ਹਨ। ਕਾਂ ਦੇ ਦਿਮਾਗ਼ ਦਾ ਆਕਾਰ, ਮਨੁੱਖ ਦੇ ਅੰਗੂਠੇ ਦੇ ਆਕਾਰ ਬਰਾਬਰ ਹੁੰਦਾ ਹੈ। ਕਾਏਲੀ ਸਵਿੱਫਟ ਹੀ ਦੱਸਦੀ ਹੈ, "ਕਾਂਵਾਂ ਦਾ 'ਮੱਥਾ' ਵੀ ਬਹੁਤੇ ਪਰਿੰਦਿਆਂ ਦੇ ਮੱਥੇ ਦੇ ਮੁਕਾਬਲੇ ਵੱਡਾ ਹੁੰਦਾ ਹੈ। ਉਨ੍ਹਾਂ ਦੇ ਦਿਮਾਗ਼ਾਂ ਵਿਚ ਬਹੁਤ ਕੁੱਝ ਉਸ ਤਰ੍ਹਾਂ ਦਾ ਹੀ ਹੁੰਦਾ ਹੈ, ਜਿਸ ਤਰ੍ਹਾਂ ਦਾ ਮਨੁੱਖੀ ਦਿਮਾਗ਼ਾਂ ਵਿਚ ਹੁੰਦਾ ਹੈ। ਦੂਜੇ ਪਾਸੇ ਪ੍ਰੋ. ਕੇਸੇਲਨਿਕ ਦਾ ਕਹਿਣ ਹੈ, "ਸਾਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਕਾਂਵਾਂ ਦਾ ਦਿਮਾਗ਼ ਇੰਨਾ ਵੱਡਾ ਕਿਉਂ ਹੁੰਦਾ ਹੈ ਜਾਂ ਉਨ੍ਹਾਂ ਦੇ ਦਿਮਾਗ਼ ਦੇ ਇੰਨੇ ਜ਼ਿਆਦਾ ਵਿਕਾਸ ਲਈ ਕਿਹੜੇ ਹਾਲਾਤ ਜ਼ਿੰਮੇਵਾਰ ਹਨ।"
   ਜੇ ਮੋਟੇ ਤੌਰ 'ਤੇ ਕਾਂਵਾਂ ਦੀ ਤੁਲਨਾ, ਬੱਚਿਆਂ ਨਾਲ਼ ਕੀਤੀ ਜਾਵੇ ਤਾਂ ਇਕ ਸੁਆਲ ਆਢੇ ਆਵੇਗਾ ਕਿ ਕੀ ਕਾਂ, ਬੱਚਿਆਂ ਵਾਂਗ ਪੜ੍ਹ ਵੀ ਸਕਦੇ ਹਨ! ਪ੍ਰੋ. ਕੇਸੇਲਨਿਕ ਦਾ ਕਹਿਣ ਹੈ, "ਤੁਸੀਂ ਕਾਂਵਾਂ ਨੂੰ ਕਈ ਕੁੱਝ ਸਿਖਾ ਸਕਦੇ ਹੋ, ਪਰ ਜੇ ਤੁਸੀਂ ਚਾਹੋ ਕਿ ਉਹ ਪੜ੍ਹਨ ਦੇ ਨਾਲ਼-ਨਾਲ਼, ਸ਼ਬਦਾਂ ਦੇ ਅਰਥ ਵੀ ਸਮਝਣ ਤਾਂ ਅਜਿਹਾ ਅਜੇ ਤਕ ਨਹੀਂ ਹੋਇਆ।" ਸਵਿੱਫਟ ਦਾ ਕਹਿਣ ਹੈ, "ਬਹੁਤ ਹੀ ਸਿਆਣੇ ਕਾਂ, ਚਿੰਨ੍ਹ ਯਾਦ ਰੱਖ ਸਕਦੇ ਹਨ ਅਤੇ ਉਨ੍ਹਾਂ ਨੂੰ ਦੇਖ ਕੇ, ਉਨ੍ਹਾਂ ਸਬੰਧੀ ਵੱਖਰਾ ਜਿਹਾ ਪ੍ਰਤੀਕ੍ਰਮ ਜ਼ਾਹਰ ਕਰ ਸਕਦੇ ਹਨ, ਪਰ ਉਨ੍ਹਾਂ ਲਈ ਬਹੁਤ ਸਾਰੇ ਚਿੰਨ੍ਹਾਂ ਦਾ ਗੁੰਝਲਦਾਰ ਸਮੂਹ, ਜੋ ਮਨੁੱਖਾਂ ਦੀ ਭਾਸ਼ਾ ਸਿਰਜਦਾ ਹੈ, ਸਮਝਣਾ ਔਖਾ ਹੈ।" ਜਿੱਥੋਂ ਤਕ ਜਮ੍ਹਾਂ ਅਤੇ ਘਟਾਉ ਵਰਗੇ ਸਾਧਾਰਣ ਗਣਿਤ (ਹਿਸਾਬ) ਦਾ ਸਬੰਧ ਹੈ, ਕਾਂ ਕਿਸੇ ਹੱਦ ਤਕ ਇਸ ਵਿਚੋਂ ਲੰਘ ਚੁੱਕੇ ਹਨ। ਪ੍ਰੋ. ਕੇਸੇਲਨਿਕ ਦਾ ਕਹਿਣ ਹੈ, "ਅਸੀਂ ਜਾਣਦੇ ਹਾਂ ਕਿ ਆਮ ਤੌਰ 'ਤੇ ਬਹੁਤ ਸਾਰੇ ਜਾਨਵਰਾਂ ਨੂੰ ਆਪਣੇ ਅਸਲ ਜੀਵਨ ਵਿਚ ਅੰਦਰੋਂ ਹੀ, ਹਿਸਾਬੀਆਂ ਜਿਹਿਆਂ ਵਾਂਗ ਵਿਚਰਨਾ ਪੈਂਦਾ ਹੈ।" ਕਾਂਵਾਂ ਸਮੇਤ ਸਾਰੇ ਜਾਨਵਰਾਂ ਨੂੰ ਅਟਸਟੇ ਨਾਲ਼ ਹੀ ਕਿਸੇ ਚੀਜ਼ ਦੀ ਮਿਕਦਾਰ ਦਾ ਅਹਿਸਾਸ ਹੁੰਦਾ ਹੈ ਤੇ ਉਹ ਇਸ ਪੱਖ ਤੋਂ ਪਾਣੀ ਅਤੇ ਖਾਧ-ਖੁਰਾਕ ਦੇ ਪੂਰੇ ਜਾਣੂ ਹੁੰਦੇ ਹਨ। ਕੋਈ ਵੀ ਜਾਨਵਰ, ਇੰਨਾ ਖਾਣਾ ਨਹੀਂ ਖਾਂਦਾ ਤੇ ਇੰਨਾ ਪਾਣੀ ਨਹੀਂ ਪੀਂਦਾ, ਜਿਸ ਨਾਲ਼ ਉਹ ਬਿਮਾਰ ਹੋ ਜਾਵੇ। ਹਾਂ, ਅਜਿਹੇ ਪ੍ਰਮਾਣ ਮਿਲੇ ਹਨ, ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਕਾਂਵਾਂ ਅੰਦਰ ਗਿਣਤੀ ਕਰਨ ਦੀ ਸਮਰੱਥਾ ਹੁੰਦੀ ਹੈ।         ਇਸ ਸਬੰਧ ਵਿਚ ਸਵਿੱਫਟ ਨੇ 1950ਵਿਆਂ ਵਿਚ ਕੀਤੇ ਗਏ ਇਕ ਤਜਰਬੇ ਦਾ ਜ਼ਿਕਰ ਕੀਤਾ, ਜੋ ਇਹ ਦਰਸਾਉਂਦਾ ਹੈ ਕਿ 'ਵੈਸਟਰਨ ਜੈਕਡਾਅਜ਼' ਕਿਸਮ ਦੇ ਕਾਂ, ਖੋਜੀਆਂ ਵੱਲੋਂ ਬਹੁਤ ਸਾਰੇ ਬਕਸਿਆਂ ਵਿਚ ਕਾਂਵਾਂ ਦੇ ਖਾਣ ਲਈ ਲਕੋਈਆਂ ਹੋਈਆਂ, ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਲੱਭਣ ਵਿਚ ਸਫ਼ਲ ਰਹੇ ਸਨ। ਉਨ੍ਹਾਂ ਨੇ ਆਖ਼ਰੀ ਚੀਜ਼ ਵੀ ਲੱਭ ਲੈਣ ਤਕ, ਚੀਜ਼ਾਂ ਦੀ ਭਾਲ਼ ਨਹੀਂ ਛੱਡੀ ਸੀ। ਹੁਣ ਰਿਹਾ, ਕਾਂਵਾਂ ਵੱਲੋਂ ਕਿਸੇ ਉੱਤੇ ਆਸ਼ਕ ਹੋ ਜਾਣ ਦੀ ਜਾਂ ਉਨ੍ਹਾਂ ਦੇ ਮੋਹਖੋਰੇ ਹੋਣ ਦੀ ਭਾਵਨਾ ਦਾ ਨਿਤਾਰਾ। ਇਸ ਸਬੰਧ ਵਿਚ ਪ੍ਰੋ. ਕੇਸੇਲਨਿਕ ਦਾ ਕਹਿਣ ਹੈ, "ਮੈਨੂੰ ਉਨ੍ਹਾਂ ਵੱਲੋਂ ਕਿਸੇ ਉੱਤੇ ਆਸ਼ਕ ਹੋ ਜਾਣ ਬਾਰੇ ਤਾਂ ਕੋਈ ਇਲਮ ਨਹੀਂ, ਪਰ ਉਹ ਕਿਸੇ ਨਾਲ਼ ਜਿਨਸੀ ਸਬੰਧ ਬਣਾ ਸਕਦੇ ਹਨ। ਉਨ੍ਹਾਂ ਦੇ ਇਹ ਸਬੰਧ 'ਗ਼ੈਰਜਿਨਸੀ' ਵੀ ਹੋ ਸਕਦੇ ਹਨ। ਉਨ੍ਹਾਂ ਦੇ ਇਸ ਤਰ੍ਹਾਂ ਦੇ ਰੁਝਾਨ ਨੂੰ 'ਮੋਹਖੋਰੇ ਹੋਣ ਸਬੰਧੀ ਵਤੀਰਾ' ਕਿਹਾ ਜਾ ਸਕਦਾ ਹੈ। ਕਈ ਨਸਲਾਂ ਦੇ ਕਾਂ ਤਾਂ ਇਕੋ ਸਮੇਂ, ਇਕ ਤੋਂ ਵੱਧ (ਮਾਦਾ) ਕਾਂਵਾਂ ਨਾਲ਼ ਸਬੰਧ ਰੱਖ ਸਕਦੇ ਹਨ। ਕਾਏਲੀ ਸਵਿੱਫਟ ਇਹ ਵੀ ਕਹਿੰਦੀ ਹੈ, "ਇਹ ਸਭ ਕੁੱਝ ਦੇਖ-ਚਾਖ ਕੇ ਵੀ ਅਸੀਂ ਇਹ ਨਹੀਂ ਕਹਿੰਦੇ ਜਾਂ ਸ਼ਾਇਦ ਨਹੀਂ ਕਹਿ ਸਕਦੇ ਕਿ ਉਹ ਉਸੇ ਤਰ੍ਹਾਂ ਪਿਆਰ ਪਾਉਂਦੇ ਜਾਂ ਇਸ਼ਕ ਕਰਦੇ ਹਨ, ਜਿੱਦਾਂ ਆਪਾਂ ਸਮਝਦੇ ਹਾਂ।" ਪਤਾ ਲੱਗਿਆ ਹੈ ਕਿ ਕਾਂਵਾਂ ਦੇ ਜੋੜੇ ਵਿਚੋਂ ਕਿਸੇ ਇਕ ਦੇ ਫੱਟੜ ਹੋਣ ਦੇ ਬਾਵਜੂਦ, ਉਹ ਜਿਨਸੀ ਪੱਖ ਤੋਂ ਮੇਲ-ਮਿਲਾਪ ਕਰਨਾ ਨਹੀਂ ਛੱਡਦੇ।
    ਜਦੋਂ, ਕਾਂਵਾਂ ਸਬੰਧੀ ਖੋਜੀਆਂ ਨੂੰ ਇਹ ਪੁੱਛਿਆ ਗਿਆ ਕਿ ਜੇ ਕਾਂਵਾਂ ਨੂੰ ਕਾਰ ਚਲਾਉਣ ਸਬੰਧੀ ਸਹੂਲਤ ਦੇਣ ਲਈ ਕੋਈ ਮਸ਼ੀਨ ਬਣਾ ਦਿੱਤੀ ਜਾਵੇ ਤਾਂ ਉਹ ਕਾਰ ਚਲਾ ਸਕਣਗੇ ਤਾਂ ਸਵਿੱਫਟ ਨੇ ਕਿਹਾ, "ਮੈਂ ਇਸ ਬਾਰੇ ਕੁੱਝ ਨਹੀਂ ਦੱਸ ਸਕਦੀ, ਪਰ ਕੁੱਝ ਇਲਾਕਿਆਂ ਵਿਚ ਕਾਂਵਾਂ ਨੇ ਆਪਣੀ ਇੰਨੀ ਕੁ ਸਿਆਣਪ ਜ਼ਰੂਰ ਦਿਖਾਈ ਹੈ ਕਿ ਉਹ 'ਕਰਾਸਵਾਕ' ਉੱਤੇ ਕਤਾਰ ਬਣਾ ਕੇ ਸੜਕ ਪਾਰ ਕਰਦੇ ਦਿਸੇ। ਉਨ੍ਹਾਂ ਦੀ ਇਹ ਸਿਆਣਪ, ਇਕ ਵਿਡੀਓ ਵਿਚ ਦਰਜ ਹੈ। ਇਸ ਕਾਰਵਾਈ ਦੀ ਡਾਕਟਰੀ ਨਿਰਖ਼-ਪਰਖ਼ ਨਹੀਂ ਕੀਤੀ ਗਈ ਲੱਗਦੀ।"
    ਮਾਹਰਾਂ ਦਾ ਕਹਿਣ ਹੈ ਕਿ ਕੁੱਝ ਮਾਮਲਿਆਂ ਵਿਚ ਕਾਂ, ਬੱਚਿਆਂ ਵਰਗੇ ਚੰਗੇ ਹੋ ਸਕਦੇ ਹਨ, ਪਰ ਬੱਚਿਆਂ ਨਾਲ਼ ਉਨ੍ਹਾਂ ਦੀ ਤੁਲਨਾ ਕਰਨਾ ਸਹੀ ਨਹੀਂ ਹੋਵੇਗਾ। ਕੁੱਝ ਪਰਿੰਦੇ ਕਿਸੇ ਕੰਮ ਲਈ ਚੰਗੇ ਹੁੰਦੇ ਹਨ ਤੇ ਕੁੱਝ ਹੋਰ ਪਰਿੰਦੇ ਕਿਸੇ ਹੋਰ ਕੰਮ ਲਈ। ਕਾਂ ਅਤੇ ਕਬੂਤਰ ਮੂਲ਼ੋਂ ਹੀ ਵੱਖ-ਵੱਖ ਕੰਮ ਕਰਨ ਲਈ ਹੁੰਦੇ ਹਨ। 'ਬੈਟੀ' ਨਾਂ ਦੀ ਇਕ ਮਾਦਾ ਕਾਂ, ਜੋ ਬਹੁਤ ਮਸ਼ਹੂਰ ਹੈ, ਕਈ ਕਮਾਲ ਕਰ ਚੁੱਕੀ ਹੈ। ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦੇਖਿਆ ਕਿ ਇਕ ਦਿਨ, 'ਬੈਟੀ' ਨੇ ਆਪਣੇ ਪਿੰਜਰੇ ਵਿਚ ਪਈ, ਲੋਹੇ ਦੀ ਇਕ ਤਾਰ ਚੁੱਕ ਕੇ, ਨੇੜੇ ਹੀ ਪਈ ਕਿਸੇ ਚੀਜ਼ ਦੀ ਸਹਾਇਤਾ ਨਾਲ਼, ਉਸ ਦਾ ਇਕ ਸਿਰਾ ਮੋੜ ਲਿਆ। ਉਸ ਕੁੰਡੀ ਵਾਲ਼ੀ ਤਾਰ ਰਾਹੀਂ ਉਸ ਨੇ ਪਲਾਸਟਿਕ ਦੀ ਇਕ ਟਿਊਬ ਦੇ ਅੰਦਰੋਂ, ਗੋਸ਼ਤ ਦੀ ਭਰੀ ਹੋਈ ਡੱਬੀ ਕੱਢ ਲਈ। ਉਸ ਵੱਲੋਂ ਉਡਾਈ ਗਈ, ਇਸ ਦਾਅਵਤ ਦੀਆਂ ਖ਼ਬਰਾਂ ਛਪੀਆਂ ਸਨ।
   ਇਸ ਆਧਾਰ 'ਤੇ ਖੋਜ ਕਰਨ ਨਾਲ਼ ਪਤਾ ਲੱਗਿਆ ਕਿ 'ਬੈਟੀ' ਅੰਦਰ ਹੀ ਕੋਈ ਵੱਖਰੀ ਖ਼ਾਸੀਅਤ ਨਹੀਂ ਸੀ, ਸਗੋਂ 'ਨਿਊ ਕੈਲੇਡੋਨੀਅਨ' ਕਿਸਮ ਦੇ ਸਾਰੇ ਹੀ ਕਾਂ 'ਜੁਗਾੜੂ' ਹੁੰਦੇ ਹਨ। ਓਦਾਂ, ਇਕ ਗੱਲ ਪੱਕੀ ਹੈ ਕਿ ਜੇ 'ਬੈਟੀ' ਦੀ ਇਹ 'ਕਲਾਬਾਜ਼ੀ' ਸਾਹਮਣੇ ਨਾ ਆਉਂਦੀ ਤਾਂ ਉਸ ਦੀ 'ਬਿਰਾਦਰੀ' ਦੇ ਗੁਣ ਗੁੱਝੇ ਰਹਿ ਜਾਣੇ ਸੀ।#

ਸ਼ਬਦੰਗਲ-140



ਪੈਰੋਂ ਲੁੰਜਿਆਂ ਨੂੰ ਉੱਚੀ ਅੱਡੀ ਦੇ ਸੈਂਡਲ ਦੁੱਧ ਦੇਣਗੇ ਭਲਾ!
<><><><><><><><><><><><><><>
   ਅਕਲ ਨਾਲ਼ ਸਬੰਧ ਰੱਖਦਾ ਇਕ ਨੁਕਤਾ ਹੈ। ਪੈਰੋਂ ਲੁੰਜੇ ਨੂੰ ਜੁੱਤੀ ਦੀ ਲੋੜ ਕਿੰਨੀ ਕੁ ਹੁੰਦੀ ਹੈ? ਆਪਣੀ ਪਰਜਾ ਲਈ ਰੋਟੀ-ਰੋਜ਼ੀ ਦਾ ਪ੍ਰਬੰਧ ਕਰਨਾ ਰਾਜੇ ਜਾਂ ਸਰਕਾਰ ਦਾ ਪਹਿਲਾ ਫ਼ਰਜ਼ ਹੈ, ਇਹ ਗੱਲ ਅਸੀਂ ਹੀ ਨਹੀਂ ਕਹੀ ਜਾਂਦੇ, ਇਹ ਗੱਲ ਸ਼ਾਸਤਰਾਂ ਵਿਚ ਲਿਖੀ ਹੋਈ ਹੈ। ਮੁਲਕ ਵਿਚ ਬੇਰੁਜ਼ਗ਼ਾਰੀ ਦਾ ਜ਼ੋਰ ਹੈ, ਰੁਪੱਈਆ ਡਾਲਰ ਦੇ ਮੁਕਾਬਲੇ ਕਾਗਤੋਂ ਹੌਲ਼ਾ ਹੋਣ ਨੂੰ ਫਿਰਦਾ ਹੈ, ਮਹਿੰਗਾਈ ਨੇ ਲੋਕਾਂ ਦੀ ਜਾਨ ਕੱਢੀ ਹੋਈ ਹੈ, ਚੀਜ਼ਾਂ ਦੀਆਂ ਕੀਮਤਾਂ ਅਸਮਾਨ ਪਾੜ ਕੇ ਨਿੱਕਲ ਰਹੀਆਂ ਹਨ ਤੇ ਸਾਡੇ ਭਾਰਤ ਮਹਾਨ ਦੀ 'ਮੋਦੀਆਂ ਆਲ਼ੀ ਸਰਕਾਰ' 2014 ਦੀਆਂ ਚੋਣਾਂ ਵਿਚ ਕੀਤੇ ਹੋਏ ਵਾਅਦੇ, 2019 ਵਿਚ ਪੂਰੇ ਕਰਦਿਆਂ, ਲੋਕਾਂ ਦੇ ਰੋਟੀ, ਕੱਪੜਾ ਅਤੇ ਮਕਾਨ ਵਰਗੇ ਮੁਢਲੇ ਮਸਲੇ ਹੱਲ ਕਰਨ ਦੀ ਥਾਂ, ਦੇਸ਼ ਦੀ ਨਾਗਰਿਕਤਾ ਸਬੰਧੀ ਕਾਨੂੰਨ ਸੋਧ ਰਹੀ ਹੈ।
   ਦੇਸ਼ ਦੀ ਨਾਗਰਿਕਤਾ ਸਬੰਧੀ ਕਾਨੂੰਨ ਸੋਧਿਆ ਜਾ ਚੁੱਕਾ ਹੈ। ਹੁਣ ਦੇਖਣਾ ਇਹ ਹੈ ਕਿ ਇਸ ਨਵੇਂ ਕਾਨੂੰਨ ਨਾਲ਼ ਕਿੰਨੇ ਕੁ ਭਾਰਤੀਆਂ ਨੂੰ ਰੋਟੀ ਮਿਲਣ ਲੱਗ ਪਈ ਹੈ, ਕਿੰਨਿਆਂ ਨੂੰ ਕੱਪੜੇ ਮਿਲ ਗਏ ਹਨ ਅਤੇ ਕਿੰਨਿਆਂ ਦੇ ਸਿਰਾਂ ਉੱਤੇ ਛੱਤ ਦਾ ਪ੍ਰਬੰਧ ਹੋ ਗਿਆ ਹੈ। ਸੋ, ਅਗਲੇ ਤਾਂ ਪੈਰਾਂ ਤੋਂ ਲੁੰਜੇ ਹਨ, ਸਰਕਾਰ ਉਨ੍ਹਾਂ ਨੂੰ ਉੱਚੀ ਵਾਲ਼ੇ ਸੈਂਡਲ ਲੈ ਕੇ ਦੇਣ ਦੇ ਮਨਸੂਬੇ ਬਣਾਈ ਜਾ ਰਹੀ ਹੈ। ਅਖੇ 'ਹਲਟੇ ਚੱਲਿਆ ਨਹੀਂ ਜਾਂਦਾ, ਗੱਡੇ ਨੂੰ ਬੜ੍ਹਕਾਂ।' ਪਤਾ ਨਹੀਂ ਕਿਸ ਦੀ ਸਲਾਹ ਨਾਲ਼ ਨਾਗਰਿਕਤਾ ਕਾਨੂੰਨ ਵਿਚ ਸੋਧ ਕੀਤੀ ਗਈ ਹੈ ਕਿ ਇਸ ਨੂੰ ਨਵਿਆਉਣ ਸਾਰ, ਇਸ ਦੇ ਖ਼ਿਲਾਫ਼ ਸਾਰੇ ਵਿਦਿਆਰਥੀ, ਸਾਰੇ ਲੋਕ, ਗੱਲ ਕੀ ਸਾਰਾ ਮੁਲਕ ਸੜਕਾਂ ਉੱਤੇ ਆ ਨਿੱਕਲਿਆ ਲੱਗਦਾ ਹੈ।
   ਆਖ਼ਰ, ਇਸ ਕਾਨੂੰਨ ਵਿਚ ਇਹੋ ਜਿਹੀ ਕਿਹੜੀ ਗੱਲ ਹੈ, ਜਿਸ ਦਾ ਵਿਰੋਧ ਇੰਨਾ ਜ਼ਬਰਦਸਤ ਢੰਗ ਨਾਲ਼ ਹੋ ਰਿਹਾ ਹੈ? ਇਹ ਗੱਲ, ਅਕਲ ਦੇ ਗੇੜ ਤੋਂ ਕਿਤੇ ਬਾਹਰ ਹੈ ਕਿ ਜੇ 'ਲੋਕਾਂ ਵੱਲੋਂ ਚੁਣੀ ਹੋਈ ਸਰਕਾਰ' ਦਾ ਬਣਾਇਆ ਹੋਇਆ ਕਾਨੂੰਨ, ਲੋਕਾਂ ਨੂੰ ਪਸੰਦ ਨਹੀਂ ਤਾਂ ਉਹ ਕਾਨੂੰਨ ਬਣਾਉਣ ਵਾਲ਼ੀ ਸਰਕਾਰ ਨੂੰ 'ਕਿਹੜੇ ਲੋਕਾਂ' ਦੀ ਹਮਾਇਤ ਹਾਸਲ ਹੈ!
   1955 ਤੋਂ ਲਾਗੂ ਕੀਤੇ ਹੋਏ 'ਸਿਟੀਜ਼ਨਸ਼ਿੱਪ ਐਕਟ' ਨਾਲ਼ ਕੰਮ ਚੱਲਦਾ ਹੀ ਆ ਰਿਹਾ ਸੀ ਕਿ ਇਸ ਦੇ ਪੁਰਾਣੇ ਹੋਣ ਦਾ ਅਹਿਸਾਸ ਹੋਣ 'ਤੇ ਇਸ ਨੂੰ 1986, 1992, 2003, 2005 ਅਤੇ 2015 ਵਿਚ 'ਸੋਧਾਂ ਦੀਆਂ ਟਾਕੀਆਂ' ਲਾ ਕੇ ਰਫ਼ੂ ਕੀਤਾ ਜਾਂਦਾ ਰਿਹਾ ਹੈ। ਹੁਣ 2019 ਵਿਚ ਫੇਰ ਇਸ ਕਾਨੂੰਨ ਵਿਚ ਸੋਧ ਕੀਤੀ ਗਈ ਹੈ। ਐਤਕੀਂ ਇਸ ਵਿਚ ਸੋਧ ਕਰ ਕੇ ਇਹ 'ਪ੍ਰਬੰਧ' ਕੀਤਾ ਗਿਆ ਹੈ ਕਿ ਕਈ ਗੁਆਂਢੀ ਮੁਲਕਾਂ ਤੋਂ ਧਾਰਮਕ ਦਬਾਅ ਪਾਏ ਜਾਣ ਤੋਂ ਦੁਖੀ ਹੋ ਕੇ, 2015 ਤੋਂ ਪਹਿਲਾਂ ਭਾਰਤ ਆ ਗਏ ਗ਼ੈਰਮੁਸਲਿਮ ਲੋਕਾਂ ਨੂੰ ਭਾਰਤ ਦੇ ਨਾਗਰਿਕ ਬਣਾ ਲਿਆ ਜਾਵੇ। ਪਹਿਲੀ ਨਜ਼ਰੇ ਇਸ ਗੱਲ ਵਿਚ ਕੋਈ ਬੁਰਿਆਈ ਨਹੀਂ ਦਿਸਦੀ। ਰਤਾ ਕੁ ਗ਼ੌਰ ਕੀਤਿਆਂ ਇਕ ਸੁਆਲ ਪੈਦਾ ਹੁੰਦਾ ਹੈ ਕਿ ਇਹ 'ਰਿਆਇਤ', ਹਰ ਧਰਮ ਦੇ ਲੋਕਾਂ ਨੂੰ ਦੇਣ ਦੀ ਥਾਂ, 'ਗ਼ੈਰਮੁਸਲਿਮ ਲੋਕਾਂ ਨੂੰ' ਹੀ ਕਿਉਂ ਦਿੱਤੀ ਗਈ ਹੈ ਜਾਂ ਵਿਤਕਰਾਹੀਣ ਸਮਾਜ ਸਿਰਜਣ ਦੀ ਸੰਵਿਧਾਨਕ ਗਰੰਟੀ ਦਿੱਤੇ ਜਾਣ ਦੇ ਬਾਵਜੂਦ, ਮੁਸਲਮਾਨਾਂ ਨਾਲ਼ ਇਹ 'ਸੰਵਿਧਾਨਕ ਵਿਤਕਰਾ' ਨਜਾਇਜ਼ ਕਿਉਂ ਨਹੀਂ ਹੈ। ਇਸ ਸੋਧ ਅਧੀਨ, ਪਾਕਿਸਤਾਨ; ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ, 2015 ਤੋਂ ਪਹਿਲਾਂ ਆਏ ਹੋਏ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ, ਪਾਰਸੀਆਂ ਅਤੇ ਇਸਾਈਆਂ ਨੂੰ ਭਾਰਤ ਦੇ ਨਾਗਰਿਕ ਬਣਨ ਦੀ ਖੁੱਲ੍ਹ ਹੋਵੇਗੀ, ਪਰ ਮੁਸਲਮਾਨਾਂ ਨੂੰ ਨਹੀਂ। ਇਸ 'ਧਰਮ ਨਿਰਪੱਖ ਮੁਲਕ' ਦੇ ਮੁਸਲਮਾਨ ਵੀ ਇਸ 'ਸੋਧੇ ਹੋਏ ਕਾਨੂੰਨ' ਵਿਰੁੱਧ ਰੋਸ ਪ੍ਰਗਟ ਕਰ ਰਹੇ ਹਨ।
   ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸੂਬਿਆਂ ਵਿਚ ਸਿਆਸੀ ਪਾਰਟੀਆਂ, ਵਿਦਿਆਰਥੀ ਜਥੇਬੰਦੀਆਂ, ਇਹ ਕਾਨੂੰਨ 'ਮੁਸਲਮਾਨਾਂ ਨਾਲ਼ ਵਿਤਕਰਾ' ਕਰਾਰ ਦਿੰਦਿਆਂ, ਇਸ ਦੇ ਖ਼ਿਲਾਫ਼ ਮੁਜ਼ਾਹਰੇ ਕਰ ਰਹੀਆਂ ਹਨ। ਉਨ੍ਹਾਂ ਸਭ ਦਾ ਖ਼ਿਆਲ ਹੈ ਕਿ ਇਹ ਕਾਨੂੰਨ, ਭਾਰਤ ਦੀਆਂ ਧਰਮ ਨਿਰਪੱਖਤਾ ਸਬੰਧੀ ਰਵਾਇਤਾਂ ਢਾਹੁੰਦਾ ਹੈ।
   ਇਸ ਦੌਰਾਨ, ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਮੁਸਲਮਾਨਾਂ ਦੇ ਖ਼ਿਲਾਫ਼ ਭੁਗਤਦੀ ਇਸ ਸੰਵਿਧਾਨਕ ਸੋਧ ਉੱਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਇਸ ਕੌਮਾਂਤਰੀ ਅਦਾਰੇ ਦੇ ਮਨੁੱਖੀ ਹੱਕਾਂ ਸਬੰਧੀ ਦਫ਼ਤਰ ਨੇ ਇਸ ਸਬੰਧੀ ਫ਼ਿਕਰ ਕਰਦਿਆਂ ਕਿਹਾ ਹੈ, "ਭਾਰਤ ਦਾ ਨਵਾਂ ਨਾਗਰਿਕਤਾ ਕਾਨੂੰਨ, ਮੁੱਢੋ-ਸੁੱਢੋਂ ਹੀ ਵਿਤਕਰੇ ਭਰਿਆ ਹੈ ਕਿਉਂ ਕਿ ਇਸ ਵਿਚ ਮੁਸਲਮਾਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।" ਦੂਜੇ ਪਾਸੇ ਭਾਰਤ ਸਰਕਾਰ ਦਾ ਕਹਿਣ ਹੈ ਕਿ ਇਹ ਕਾਨੂੰਨ, ਬੰਗਲਾਦੇਸ਼; ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਘੱਟ ਗਿਣਤੀਆਂ ਦਾ ਧਾਰਮਕ ਬਚਾਅ ਕਰਨ ਦੇ ਉਦੇਸ਼ ਨਾਲ਼ ਸੋਧਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ, "ਇਸ ਕਾਨੂੰਨ ਦੇ ਸਬੰਧ ਵਿਚ ਕਿਸੇ ਵੀ ਭਾਰਤੀ ਨੂੰ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ ਹੈ ਕਿਉਂ ਕਿ ਇਹ ਕਾਨੂੰਨ ਉਨ੍ਹਾਂ ਲਈ ਹੈ, ਜਿਨ੍ਹਾਂ ਨੇ ਕਈ-ਕਈ ਵਰ੍ਹੇ, ਭਾਰਤ ਤੋਂ ਬਾਹਰ ਧਾਰਮਕ ਦਬਾਅ ਅਤੇ ਜ਼ੁਲਮ ਅਧੀਨ ਬਿਤਾਏ ਹਨ ਤੇ ਜਿਨ੍ਹਾਂ ਕੋਲ ਭਾਰਤ ਵਿਚ ਪਨਾਹ ਲੈਣ ਤੋਂ ਬਗ਼ੈਰ ਕੋਈ ਚਾਰਾ ਨਹੀਂ ਸੀ।"
   ਮਾਹਰਾਂ ਦਾ ਕਹਿਣ ਹੈ ਕਿ ਇਸ ਕਾਨੂੰਨ ਵਿਚ ਮੁਸਲਮਾਨਾਂ ਨਾਲ਼ ਵਿਤਕਰਾ ਬਹੁਤ ਹੀ ਸਪੱਸ਼ਟ ਝਲਕਦਾ ਹੈ ਕਿਉਂ ਕਿ ਜੇ ਭਾਰਤ ਸਰਕਾਰ ਨੂੰ ਸੱਚੀਂ ਹੀ ਮਜ਼ਹਬੀ ਪੱਖੋਂ ਸਤਾਈਆਂ ਹੋਈਆਂ ਘੱਟ ਗਿਣਤੀਆਂ ਬਾਰੇ ਚਿੰਤਾ ਹੁੰਦੀ ਤਾਂ ਉਹ, ਮਯਾਂਮਾਰ ਦੇ 'ਰੋਹਿਣਗਯਾ ਮੁਸਲਮਾਨਾਂ' ਜਾਂ ਪਾਕਿਸਤਾਨ ਦੇ 'ਅਹਿਮਦੀਆ ਮੁਸਲਮਾਨਾਂ' ਦਾ ਖ਼ਿਆਲ ਵੀ ਰੱਖਦੀ। ਉਨ੍ਹਾਂ ਦਾ ਕਹਿਣ ਹੈ ਕਿ ਭਾਰਤ ਦੇ ਕਈ ਸੂਬਿਆਂ ਵਿਚ, ਕਈ ਸਾਲਾਂ ਤੋਂ ਕਿਸੇ ਕਾਗ਼ਜ਼ੀ ਸਬੂਤ ਤੋਂ ਬਗ਼ੈਰ ਰਹਿੰਦੇ ਆ ਰਹੇ ਮੁਸਲਮਾਨਾਂ ਨੂੰ ਇਸ ਕਾਨੂੰਨ ਦੇ ਜ਼ੋਰ 'ਤੇ ਦੇਸ਼-ਨਿਕਾਲ਼ਾ ਦਿੱਤੇ ਜਾਣ ਦੇ ਆਸਾਰ ਹਨ।
   ਭਾਵੇਂ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਸੰਵਿਧਾਨਕ ਕਰਾਰ ਦਿੱਤਾ ਜਾ ਰਿਹਾ ਹੈ, ਪਰ ਮਾਹਰਾਂ ਦਾ ਕਹਿਣ ਹੈ ਕਿ ਇਸ ਕਾਨੂੰਨ ਰਾਹੀਂ ਬਹੁਤ ਸਾਰੀਆਂ ਸੰਵਿਧਾਨਕ ਉਲੰਘਣਾਵਾਂ ਕੀਤੀਆਂ ਗਈ ਹਨ, ਜਿੱਦਾਂ, ਮੁੱਖ ਰੂਪ ਵਿਚ ਸੰਵਿਧਾਨ ਦੀ ਧਾਰਾ 14, ਜੋ ਭਾਰਤ ਦੇ ਸਾਰੇ ਲੋਕਾਂ ਨੂੰ 'ਕਾਨੂੰਨੀ ਬਰਾਬਰੀ ਦਾ ਦਰਜਾ' ਦਿੰਦੀ ਹੈ, ਦੀ ਉਲੰਘਣਾ ਕੀਤੀ ਗਈ ਹੈ। ਇਸ ਕਾਨੂੰਨ ਨੇ ਧਰਮ ਦੇ ਆਧਾਰ 'ਤੇ ਭਾਰਤ ਦੇ ਲੋਕਾਂ ਦੀ ਦਰਜਾਬੰਦੀ ਕਰ ਦਿੱਤੀ ਹੈ, ਜੋ ਵਿਤਕਰੇ ਦੀ ਸਪੱਸ਼ਟ ਮਿਸਾਲ ਹੈ।
   ਸਾਨੂੰ ਹਾਲੇ ਵੀ ਅਜਿਹੇ ਕਿਸੇ ਇਕ ਵਿਅਕਤੀ ਦੀ ਤਲਾਸ਼ ਹੈ, ਜੋ ਹਿੱਕ ਥਾਪੜ ਕੇ ਕਹੇ ਕਿ ਇਸ ਕਾਨੂੰਨ ਦੀ ਵਜ੍ਹਾ ਨਾਲ਼ ਉਸ ਨੂੰ ਰੋਟੀ ਮਿਲੀ ਹੈ, ਕੱਪੜੇ ਮਿਲਣ ਦੀ ਆਸ ਹੈ ਜਾਂ ਸਿਰ ਢਕਣ ਲਈ ਆਸਰਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ।#

ਸ਼ਬਦੰਗਲ-139


ਵੱਡੇ-ਵੱਡੇ ਸਨਅਤਕਾਰ ਵੀ 'ਸਿੱਠਣੀਆਂ 
ਦੇਣ' ਲੱਗ ਪਏ ਮੋਦੀ ਸਰਕਾਰ ਨੂੰ  
<><><><><><><><><>
   ਜਦੋਂ ਭਾਰਤ ਵਰਗੇ ਕਿਸੇ ਦੇਸ਼ ਵਿਚ, ਭੁੱਖੇ-ਨੰਗੇ ਜਾਂ ਗ਼ਰੀਬ-ਗੁਰਬੇ ਕਿਸੇ ਘਾਟ ਜਾਂ ਬੇਇਨਸਾਫ਼ੀ ਦੇ ਖ਼ਿਲਾਫ਼ ਰੌਲ਼ਾ ਪਾਉਂਦੇ ਹਨ ਤਾਂ ਇਸ ਨੂੰ ਬਹੁਤ ਹੀ ਆਮ ਜਿਹੀ ਗੱਲ ਸਮਝਦਿਆਂ ਇਹ ਕਹਿ ਕੇ ਨਕਾਰ ਦਿੱਤਾ ਜਾਂਦਾ ਹੈ, "ਰੌਲ਼ਾ ਪਾਉਣਾ ਹੀ ਇਨ੍ਹਾਂ ਦਾ ਰੁਜ਼ਗ਼ਾਰ ਹੈ।" ਪਰ ਜਦੋਂ ਕੋਈ ਖ਼ੁਸ਼ਹਾਲ ਵਿਅਕਤੀ ਇਸ ਸਰਕਾਰ ਦੀਆਂ ਊਣਤਾਈਆਂ ਬਾਰੇ, ਸਰਕਾਰ ਦੇ ਮ੍ਹੂੰਹ 'ਤੇ ਮੂੰਹ ਖੋਲ੍ਹਦਾ ਹੈ ਤਾਂ ਬਹੁਤ ਸਾਰੇ ਮੂੰਹ ਖੁੱਲ੍ਹੇ ਦੇ ਖੁੱਲ੍ਹੇ ਰਹਿ ਜਾਂਦੇ ਹਨ।
   ਇਹ ਖ਼ੁਸ਼ਹਾਲ ਵਿਅਕਤੀ ਹੈ ਸਨਅਤਕਾਰ ਰਾਹੁਲ ਬਜਾਜ! ਇਕ ਵੱਡੇ ਅਖ਼ਬਾਰ ਵੱਲੋਂ ਕਰਾਏ ਗਏ ਇਕ ਵੱਡੇ ਸਮਾਗਮ ਵਿਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੇਲਵੇ ਅਤੇ ਤਿਜਾਰਤ ਮੰਤਰੀ ਪਿਯੂਸ਼ ਗੋਇਲ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਮੌਜੂਦ ਸਨ ਤੇ ਰਾਹੁਲ ਬਜਾਜ ਇਸ ਸਮਾਗਮ ਦੇ ਮੁੱਖ ਬੁਲਾਰੇ ਸਨ। ਇਸ ਮੌਕੇ ਉਨ੍ਹਾਂ ਨੇ ਕਿਹਾ:
   "ਦੇਸ਼ ਅੰਦਰ ਡਰ ਦਾ ਮਾਹੌਲ ਹੈ। ਕੋਈ ਵੀ ਸਨਅਤਕਾਰ ਬੋਲਣ ਲਈ ਤਿਆਰ ਨਹੀਂ ਹੈ। ਸਰਕਾਰ ਦੀ ਆਲੋਚਨਾ ਕਰਨ ਤੋਂ ਪਹਿਲਾਂ ਪੰਜ ਵਾਰ ਸੋਚਣਾ ਪੈਂਦਾ ਹੈ। ਜੇ ਅਸੀਂ ਸਰਕਾਰ ਦੀ ਆਲੋਚਨਾ ਕਰਨੀ ਚਾਹੀਏ ਤਾਂ ਸਾਡੇ ਕੋਲ ਇਹ 'ਕੌਨਫੀਡੈਂਸ' ਨਹੀਂ ਹੈ ਕਿ ਸਰਕਾਰ ਇਸ ਆਲੋਚਨਾ ਨੂੰ ਚੰਗੇ ਢੰਗ ਨਾਲ਼ ਲਏਗੀ ਜਾਂ ਨਹੀਂ। ਉਹ ਅਜਿਹਾ ਕਰਨ ਦੀ ਸ਼ਲਾਘਾ ਕਰੇਗੀ ਜਾਂ ਨਹੀਂ। ਭਾਰਤ ਵਿਚ ਸਭ ਕੁੱਝ ਠੀਕ ਨਹੀਂ ਹੈ।"
   ਰਾਹੁਲ ਬਜਾਜ ਨੇ ਨਾ ਸਿਰਫ਼ ਦੇਸ਼ ਦੀ ਆਰਥਕ ਸਿਹਤ ਦੀ ਗੱਲ ਕੀਤੀ, ਸਗੋਂ ਉਨ੍ਹਾਂ ਨੇ 'ਲੋਕਾਂ ਨੂੰ ਕੋਹ-ਕੋਹ ਕੇ ਮਾਰਨ' ਯਾਨੀ 'ਲਿੰਚਿੰਗ' ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਹੋਣ ਦੇ ਨਾਲ-ਨਾਲ ਪੱ੍ਰਗਿਆ ਠਾਕਰ ਦੇ, ਸੰਸਦ ਵਿਚ ਹੋਣ ਅਤੇ ਮਹਾਤਮਾ ਗਾਂਧੀ ਦੇ ਕਾਤਲ ਨੂੰ ਦੇਸ਼-ਭਗਤ ਕਰਾਰ ਦਿੱਤੇ ਜਾਣ ਦੀ ਨੁਕਤਾਚੀਨੀ ਵੀ ਕੀਤੀ। ਉਨ੍ਹਾਂ ਨੇ ਦੇਸ਼ ਵਿਚ ਇਕ ਵੱਖਰੀ ਹੀ ਹਵਾ ਚੱਲਣ ਦੀ ਗੱਲ ਕੀਤੀ ਤੇ ਕਿਹਾ ਕਿ ਇਹ ਹਵਾ, ਵਿਰੋਧ ਜਾਂ ਅਲੋਚਨਾ ਦੇ ਕਿਸੇ ਬੁੱਲੇ ਨੂੰ ਬਰਦਾਸ਼ਤ ਨਹੀਂ ਕਰਦੀ। ਸ਼੍ਰੀ ਬਜਾਜ ਨੇ ਇਹ ਵੀ ਕਿਹਾ ਕਿ 2014 ਵਿਚ ਨਰਿੰਦਰ ਮੋਦੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਮੱਲਣ ਤੋਂ ਹੀ ਉਨ੍ਹਾਂ ਦੇ ਖ਼ਿਲਾਫ਼ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ, ਆਪਣੇ ਤੇ ਆਪਣੀ ਸਰਕਾਰ ਦੇ ਖ਼ਿਲਾਫ਼ ਗੱਲ ਕਰਨ ਵਾਲ਼ੇ ਕਿਸੇ ਬੰਦੇ ਨੂੰ ਬਰਦਾਸ਼ਤ ਨਹੀਂ ਕਰਦੇ। ਮੋਦੀ ਸਰਕਾਰ 'ਤੇ ਇਹ ਦੋਸ਼ ਵੀ ਲੱਗਦਾ ਆ ਰਿਹਾ ਹੈ ਕਿ ਉਸ ਨੇ ਹਮੇਸ਼ਾ ਹੀ ਸਮਾਜਕ ਅਸਹਿਣਸ਼ੀਲਤਾ ਨੂੰ ਉਤਸ਼ਾਹ ਦਿੱਤਾ ਹੈ। ਜਦੋਂ ਧਾਰਮਕ ਘੱਟ ਗਿਣਤੀਆਂ ਨੂੰ ਉੱਤੇ ਹਮਲੇ ਕੀਤੇ ਗਏ ਤਾਂ ਸਮਾਜਕ ਅਸਹਿਣਸ਼ੀਲਤਾ ਨੂੰ ਉਤਸ਼ਾਹ ਦਿੱਤਾ ਗਿਆ। ਜਦੋਂ ਸਰਕਾਰੀ ਏਜੰਸੀਆਂ, ਵਿਰੋਧੀ ਧਿਰ ਦੇ ਆਗੂਆਂ ਦੇ ਪਿੱਛੇ ਪਾ ਦਿੱਤੀਆਂ ਗਈਆਂ ਤਾਂ ਸਿਆਸੀ ਅਸਹਿਣਸ਼ੀਲਤਾ ਨੂੰ ਉਤਸ਼ਾਹ ਦਿੱਤਾ ਗਿਆ।
   ਉਨ੍ਹਾਂ ਨੇ ਕਿਹਾ ਕਿ ਹੁਣ ਆਰਥਕ ਸਹਿਣਸ਼ੀਲਤਾ ਨੂੰ ਉਤਸ਼ਾਹ ਦੇਣ ਦਾ ਦੋਸ਼ ਵੀ ਜ਼ੋਰਾਂ-ਸ਼ੋਰਾਂ ਨਾਲ਼ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਨਅਤਕਾਰਾਂ ਨੂੰ ਯਕੀਨ ਨਹੀਂ ਹੈ ਕਿ ਜੇ ਉਨ੍ਹਾਂ ਨੇ ਸਰਕਾਰ ਦੀਆਂ ਆਰਥਕ ਨੀਤੀਆਂ ਦੀ ਆਲੋਚਨਾ ਕੀਤੀ ਤਾਂ ਉਨ੍ਹਾਂ ਨੂੰ ਬਖ਼ਸ਼ਿਆ ਜਾਏਗਾ ਜਾਂ ਨਹੀਂ। ਉਨ੍ਹਾਂ ਨੇ ਕਿਹਾ, "ਅਸੀਂ ਦੂਜੀ ਵਾਰ ਬਣੀ ਹੋਈ 'ਯੂ. ਪੀ. ਏ.' ਦੀ ਸਰਕਾਰ ਵੇਲ਼ੇ ਕਿਸੇ ਦੀ ਵੀ ਖਿਚਾਈ ਕਰ ਸਕਦੇ ਹੁੰਦੇ ਸਾਂ। ਤੁਸੀਂ ਚੰਗਾ ਕੰਮ ਕਰਦੇ ਹੋਵੋਗੇ, ਪਰ ਕਿਸੇ (ਸਨਅਤਕਾਰ) ਅੰਦਰ ਇੰਨੀ ਹਿੰਮਤ ਨਹੀਂ ਹੈ ਕਿ ਉਹ ਕਿਸੇ ਗੱਲੋਂ ਤੁਹਾਡੀ ਆਲੋਚਨਾ ਕਰੇ ਤੇ ਤੁਹਾਡੀ ਕਰੋਪੀ ਤੋਂ ਬਚਿਆ ਰਹੇ। ਇਸ ਲਈ, ਕੋਈ ਵੀ ਸਨਅਤਕਾਰ ਇਸ ਤਰ੍ਹਾਂ ਦੀ ਗੱਲ ਨਹੀਂ ਕਰੇਗਾ। ਉਹ ਹੱਸਦੇ ਹਨ ਤੇ ਕਹਿੰਦੇ ਹਨ ਕਿ ਜਾਹ, ਤੇ ਸੂਲ਼ੀ ਚੜ੍ਹ ਜਾ। ਮੈਂ ਇਹ ਗੱਲ ਖੁੱਲ੍ਹ ਕੇ ਕਹਾਂਗਾ ਕਿ ਮਾਹੌਲ ਇਹੋ ਜਿਹਾ ਹੀ ਬਣਾ ਦਿੱਤਾ ਗਿਆ ਹੈ।"
   ਕਿਸੇ ਸਨਅਤਕਾਰ ਨੇ ਸ਼ਾਇਦ ਪਹਿਲੀ ਵਾਰੀ ਮੋਦੀ ਸਰਕਾਰ ਦੀ ਇੰਨੀ ਜ਼ਬਰਦਸਤ ਆਲੋਚਨਾ ਕੀਤੀ ਹੈ। ਅਜਿਹੀਆਂ ਸੂਚਨਾਵਾਂ ਆਉਂਦੀਆਂ ਰਹੀਆਂ ਹਨ ਕਿ ਸਨਅਤਕਾਰਾਂ ਨੂੰ ਲੱਗਦਾ ਹੈ ਕਿ ਮੁਲਕ ਵਿਚ 'ਟੈਕਸਾਂ ਸਬੰਧੀ ਦਹਿਸ਼ਤਗ਼ਰਦੀ' ਫੈਲੀ ਹੋਈ ਹੈ ਤੇ ਮੁਲਕ ਦੀਆਂ ਆਰਥਕ ਤਫ਼ਤੀਸ਼ੀ ਏਜੰਸੀਆਂ, ਸਨਅਤਕਾਰਾਂ ਦੀਆਂ ਪੈੜਾਂ ਸੁੰਘਦੀਆਂ ਫਿਰਦੀਆਂ ਹਨ।
   ਰਾਹੁਲ ਬਜਾਜ, ਜਿਨ੍ਹਾਂ ਨੇ ਇੰਨੇ ਵੱਡੇ ਮੰਚ ਉੱਤੇ ਤਿੰਨ ਵੱਡੇ ਮੰਤਰੀਆਂ ਦੀ ਹਾਜ਼ਰੀ ਵਿਚ ਮੋਦੀ ਸਰਕਾਰ ਨੂੰ 'ਸਿੱਠਣੀਆਂ ਦਿੱਤੀਆਂ' ਹਨ, ਆਖ਼ਰ ਕੌਣ ਹਨ! 10 ਜੂਨ,1938 ਨੂੰ ਇਕ ਮਾਰਵਾੜੀ ਪਰਿਵਾਰ ਵਿਚ ਜਨਮ ਲੈਣ ਵਾਲ਼ੇ ਇਹ ਅਰਬਪਤੀ ਭਾਰਤੀ ਸਨਅਤਕਾਰ, ਪਰਉਪਕਾਰੀ ਵੀ ਹਨ। ਉਹ 'ਬਜਾਜ ਗਰੁੱਪ' ਦੇ ਚੇਅਰਮੈਨ ਵੀ ਤੇ ਭਾਰਤੀ ਸੰਸਦ ਮੈਂਬਰ ਵੀ ਰਹੇ ਹਨ। ਬਜਾਜ ਦਾ ਸਬੰਧ, ਪਰਉਪਕਾਰੀ ਅਤੇ ਸੁਤੰਤਰਤਾ ਸੰਗਰਾਮੀ ਜਮਨਾ ਲਾਲ ਬਜਾਜ ਵੱਲੋਂ ਵਿੱਢੇ ਹੋਏ ਵਪਾਰਕ ਘਰਾਣੇ ਨਾਲ਼ ਹੈ। 2001 ਵਿਚ ਉਨ੍ਹਾਂ ਨੂੰ 'ਪਦਮ ਭੂਸ਼ਨ' ਦੀ ਉਪਾਧੀ ਨਾਲ਼ ਨਵਾਜ਼ਿਆ ਗਿਆ ਸੀ। ਉਹ, ਭਾਰਤ ਦੀਆਂ ਸਨਅਤੀ ਨੀਤੀਆਂ ਦੇ ਬਹੁਤ ਤਿੱਖੇ ਸਮੀਖਿਅਕ ਹਨ। ਉਨ੍ਹਾਂ ਨੇ 1965 ਤੋਂ 'ਬਜਾਜ ਗਰੁੱਪ' ਦੀ ਵਾਗ-ਡੋਰ ਸੰਭਾਲੀ ਸੀ, ਪਰ 2005 ਵਿਚ ਉਨ੍ਹਾਂ ਨੇ ਇਸ ਗਰੁੱਪ ਦੀ ਚੇਅਰਮੈਨੀ ਛੱਡ ਕੇ, ਆਪਣੇ ਪੁੱੱਤਰ ਰਾਜੀਵ ਬਜਾਜ ਨੂੰ ਇਸ ਗਰੁੱਪ ਦਾ ਮੈਨੇਜਿੰਗ ਡਾਇਰੈਕਟਰ ਬਣਾ ਦਿੱਤਾ ਸੀ।
   ਜਿਸ ਮੰਚ ਉੱਤੋਂ ਰਾਹੁਲ ਬਜਾਜ ਨੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ, ਉਸੇ ਹੀ ਮੰਚ ਤੋਂ ਉਸੇ ਹੀ ਵੇਲ਼ੇ ਅਮਿਤ ਸ਼ਾਹ ਨੇ ਕਿਹਾ, "ਤੁਹਾਡੇ ਸੁਆਲ ਸੁਣਨ ਮਗਰੋਂ, ਮੇਰਾ ਖ਼ਿਆਲ ਨਹੀਂ ਹੈ ਕਿ ਕਿਸੇ ਨੁੰ ਤੁਹਾਡੀ ਇਸ ਗੱਲ ਉੱਤੇ ਯਕੀਨ ਹੋਇਆ ਹੋਵੇ ਕਿ ਲੋਕ (ਸਰਕਾਰ ਤੋਂ) ਡਰੇ ਹੋਏ ਹਨ।" ਉਨ੍ਹਾਂ ਨੇ, ਇਸ ਮੌਕੇ ਦੇਣਾ ਸੋਚਿਆ (ਲਿਖਾਇਆ) ਹੋਇਆ ਭਾਸ਼ਨ ਜੇਬ ਵਿਚ ਹੀ ਛੱਡ ਕੇ, ਰਾਹੁਲ ਬਜਾਜ ਵੱਲੋਂ ਉਠਾਏ ਹੋਏ ਨੁਕਤਿਆਂ ਦੇ ਜੁਆਬ ਦੇਣ ਦੇ ਹੀਲੇ ਵਿੱਢ ਦਿੱਤੇ। ਅਜਿਹਾ ਕਰਦਿਆਂ, ਉਨ੍ਹਾਂ ਨੇ ਜਿਹੜੀ ਪੋਚਾ-ਪਾਚੀ ਕਰਨ ਦੀ ਕੋਸ਼ਿਸ਼ ਕੀਤੀ, ਉਹ ਹਕੀਕਤਾਂ ਮੁਤਾਬਕ ਸਹੀ ਨਹੀਂ ਸੀ। ਉਨ੍ਹਾਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਜੋ ਕੁੱਝ ਰਾਹੁਲ ਬਜਾਜ ਨੇ ਕਿਹਾ ਹੈ, ਕੋਈ ਵੀ ਉਸ ਉੱਤੇ ਯਕੀਨ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ, "ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਜੇ ਹਾਲੇ ਵੀ ਤੁਸੀਂ ਕਹਿੰਦੇ ਹੋ ਕਿ ਕਿ ਇਕ ਮਾਹੌਲ ਬਣਾਇਆ ਜਾਣਾ ਬਣਦੈ ਤਾਂ ਅਸੀਂ ਇਸ ਨੂੰ ਸੁਧਾਰਨ ਲਈ ਹੋਰ ਹੀਲੇ ਕਰਾਂਗੇ।"
   ਅਮਿਤ ਸ਼ਾਹ ਵੱਲੋਂ ਇਹ ਗੱਲਾਂ ਕਹਿਣ ਦੀ ਦੇਰ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਨੇ ਰਾਹੁਲ ਬਜਾਜ ਸਮੇਤ ਕਈ ਸਨਅਤਕਾਰਾਂ ਨੂੰ ਬੁਰੀ ਤਰ੍ਹਾਂ ਪੁਣ-ਛਾਣ ਸੁੱਟਿਆ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਆਪਣਾ ਪੱੱਖ 'ਟਵਿੱਟਰ' ਰਾਹੀਂ ਜ਼ਾਹਰ ਕਰਦਿਆਂ ਰਾਹੁਲ ਬਜਾਜ ਦੇ ਸਿਰ, 'ਆਪਣੀਆਂ ਹੀ ਮਾਰੀ ਜਾਣ' ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਨਾਲ਼ 'ਕੌਮੀ ਹਿੱਤਾਂ ਨੂੰ ਢਾਹ ਲੱਗ ਸਕਦੀ' ਹੈ। ਉਨ੍ਹਾਂ ਨੇ ਆਪਣੇ 'ਟਵੀਟ' ਵਿਚ ਇਹ ਵੀ ਕਿਹਾ, "ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀ ਰਾਹੁਲ ਬਜਾਜ ਵੱਲੋਂ ਉਠਾਏ ਹੋਏ ਨੁਕਤਿਆਂ ਦੇ ਬਣਦੇ ਜੁਆਬ ਦੇ ਦਿੱਤੇ ਹਨ।"
   ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਵੀ 'ਟਵਿੱਟਰ' ਦੇ ਸਹਾਰੇ, ਰਾਹੁਲ ਬਜਾਜ ਵੱਲ ਤੁਹਮਤਾਂ ਦੀ ਵਾਛੜ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਬਜਾਜ ਨੇ 'ਮਨਘੜਤ ਕਹਾਣੀਆਂ' ਪਾ ਕੇ, ਮੋਦੀ ਸਰਕਾਰ ਨੂੰ ਉਨ੍ਹਾਂ ਵਿਚ ਲਪੇਟਣ ਦੇ ਹੀਲੇ ਕੀਤੇ ਹਨ। ਉਨ੍ਹਾਂ ਨੇ ਕਿਹਾ, "ਜਹਾਨ ਵਿਚ ਇਹੋ ਜਿਹੇ ਸਮਾਜ ਹਨ, ਜਿਨ੍ਹਾਂ ਉੱਤੇ ਸਹਿਮ ਦਾ ਰਾਜ ਹੈ, ਪਰ ਇਕ ਸਮਾਜ, ਜਿਸ ਵਿਚ ਲੋਕ 'ਝੂਠੇ ਅਫ਼ਸਾਨੇ' ਘੜਦੇ ਹੋਣ ਤੇ ਸਰਕਾਰ ਦੇ ਸਿਰ 'ਊਝਾਂ' ਲਾਉਂਦੇ ਹੋਣ, ਉਸ ਉੱਤੇ ਸਹਿਮ ਦਾ ਰਾਜ ਨਹੀਂ ਕਿਹਾ ਜਾ ਸਕਦਾ। ਇਹੋ ਜਿਹਾ ਸਮਾਜ ਕਾਫੀ ਹੱਦ ਤਕ, ਅਨੁਸ਼ਾਸਨਹੀਣਤਾ ਦਾ ਸ਼ਿਕਾਰ ਕਿਹਾ ਜਾ ਸਕਦਾ ਹੈ।"
   ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਹੁਲ ਬਜਾਜ ਨੇ ਆਪ ਹੀ ਅਮਿਤ ਸ਼ਾਹ ਦੇ ਮੂੰਹ 'ਤੇ ਇਹੋ ਜਿਹੀਆਂ ਗੱਲਾਂ ਕਰਨ ਦੀ ਬਦਹਿੰਮਤੀ ਨਹੀਂ ਕੀਤੀ, ਸਗੋਂ ਉਨ੍ਹਾਂ ਨੇ, ਭਾਰਤ ਵਿਚ ਸਤਿਕਾਰੀ ਜਾਂਦੀ ਉਦਗ਼ਾਰਾਂ/ ਵਿਚਾਰਾਂ ਦੇ ਇਜ਼ਹਾਰ ਦੀ ਅਜ਼ਾਦੀ ਦਾ ਨਜਾਇਜ਼ ਫ਼ਾਇਦਾ ਉਠਾਉਂਦਿਆਂ, ਹੋਰਨਾਂ ਨੂੰ ਵੀ ਆਪਣੇ ਵਾਂਗ ਹੀ ਬੋਲਣ ਲਈ ਉਕਸਾਇਆ ਵੀ ਹੈ। ਇਹੋ ਤਾਂ ਲੋਕ-ਰਾਜ ਦੀਆਂ ਬਰਕਤਾਂ ਹਨ।" ਇਸ ਤੋਂ ਬਾਅਦ ਤਾਂ ਭਾਰਤੀ ਜਨਤਾ ਪਾਰਟੀ ਦਾ ਪੂਰੇ ਦਾ ਪੂਰਾ 'ਇੰਨਫਰਮੇਸ਼ਨ ਟੈਕਨਾਲੋਜੀ ਸੈੱਲ' ਹਰਕਤ ਵਿਚ ਆ ਗਿਆ। ਇਸ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ, ਰਾਹੁਲ ਬਜਾਜ ਵੱਲੋਂ ਸਰਕਾਰ ਦੇ ਸਿਰ ਦੋਸ਼ ਲਾਉਣ ਦਾ ਬਦਲਾ ਲੈਂਦਿਆਂ, ਦੋ ਕੁ ਇਹੋ ਜਿਹੀਆਂ ਵਿਡੀਓਜ਼ ਨਸ਼ਰ ਕਰ ਦਿੱਤੀਆਂ, ਜੋ ਇਹ ਦਰਸਾਉਂਦੀਆਂ ਸਨ ਕਿ ਬਜਾਜ, ਵਿਚਾਰਧਾਰਕ ਪੱਖ ਤੋਂ ਕਾਂਗਰਸ ਦਾ 'ਝੋਲੀ-ਚੁੱਕ' ਹੈ।
   ਮਾਲਵੀਆ ਨੇ 'ਟਵਿੱਟਰ' ਰਾਹੀਂ ਇਹ ਕਿਹਾ, "ਰਾਹੁਲ ਬਜਾਜ ਦਾ ਤਾਂ ਇਹ ਕਹਿਣ ਹੈ ਕਿ ਉਸ ਲਈ, ਆਪਣੇ ਸਰਨਾਮੀਏਂ ਰਾਹੁਲ ਗਾਂਧੀ ਤੋਂ ਬਗ਼ੈਰ ਕਿਸੇ ਦੀ ਸਿਫ਼ਤ ਕਰਨੀ ਬਹੁਤ ਔਖੀ ਹੈ। ਉਹ ਆਪਣੀ ਸਿਆਸੀ ਚਮਚਾਗਿਰੀ ਦਾ ਝੰਡਾ ਬੁਲੰਦ ਰੱਖੇ ਤੇ ਇਸ ਨੂੰ, ਇਸ ਗੱਲ ਦੇ ਉਹਲੇ ਲੁਕਾਉਣ ਦੇ ਹੀਲੇ ਨਾ ਕਰੇ ਕਿ ਦੇਸ਼ ਵਿਚ ਡਰ ਦਾ ਮਾਹੌਲ ਹੈ ਜਾਂ ਇਹੋ ਜਿਹਾ ਹੀ ਹੋਰ ਕਈ ਕੁੱਝ ਹੈ।" ਇਸ ਤੋਂ ਬਾਅਦ ਮਾਲਵੀਆ ਨੇ, ਰਾਹੁਲ ਬਜਾਜ ਨੂੰ ਨਿਸ਼ਾਨਾ ਬਣਾ ਕੇ ਇਕ ਹੋਰ 'ਟਵੀਟ' ਕੀਤਾ, ਜਿਸ ਵਿਚ ਉਸ ਨੇ ਇਹ ਕਿਹਾ, "ਜੇ ਉਨ੍ਹਾਂ ਨੂੰ ਉਹ ਰਾਹੁਲ ਗਾਂਧੀ ਇੰਨਾ ਵੱਡਾ 'ਮੁਸ਼ਕਲਕੁਸ਼ਾ' ਲੱਗਦਾ ਹੈ, ਜੋ 'ਤਬਾਹੀ ਦਾ ਬਹੁਤ ਹੀ ਸਪੱਸ਼ਟ ਨਮੂਨਾ' ਹੈ ਤਾਂ ਉਨ੍ਹਾਂ ਵੱਲੋਂ ਇਹੋ ਜਿਹਾ ਕਾਲਪਨਿਕ ਤਾਣਾ-ਬਾਣਾ ਤਣਿਆ ਜਾਣਾ ਅਤੇ ਮੌਜੂਦਾ ਸਰਕਾਰ ਨੂੰ ਬੇਹੱਦ ਬੁਰੀ ਸਾਬਤ ਕਰਨਾ ਬਹੁਤ ਕੁਦਰਤੀ ਹੈ। ਹੁਣ ਤਾਂ ਇਹ ਸੱਚ ਸਾਹਮਣੇ ਲਿਆਉਣ ਦੀ ਲੋੜ ਹੈ ਕਿ ਜਿਹੜੇ ਸਨਅਤਕਾਰ 'ਲਾਇਸੈਂਸ ਰਾਜ' ਵਿਚ ਵਧੇ-ਫੁੱਲੇ ਹਨ, ਉਹ ਹਮੇਸ਼ਾ ਕਾਂਗਰਸ ਦੇ ਝੋਲੀ-ਚੁੱਕ ਰਹੇ ਹਨ।"
   ਇਸ ਦੌਰਾਨ ਹੀ ਇਹ ਸਿੱਧ ਵੀ ਹੋ ਗਿਆ ਹੈ ਕਿ ਰਾਹੁਲ ਬਜਾਜ ਨੇ ਜੋ ਕਿਹਾ ਹੈ, ਉਹ ਬੇਸਿਰ-ਪੈਰਾ ਨਹੀਂ ਸੀ। ਭਾਰਤੀ ਜਨਤਾ ਪਾਰਟੀ ਦੇ ਆਗੂ ਸਬਰਾਮਨੀਅਮ ਸੁਆਮੀ ਨੇ ਖੁੱਲ੍ਹੇਆਮ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਆਰਥਕ ਸੰਕਟ ਦਾ ਹੱਲ, 'ਸਪਲਾਈ ਚੇਨ' ਵਾਲ਼ੇ ਪਾਸਿਓਂ ਕਰਨ ਦੀ ਗ਼ਲਤੀ ਕਰ ਰਹੇ ਹਨ ਜਦੋਂ ਕਿ ਇਹ, 'ਡਿਮਾਂਡ' ਵਾਲ਼ੇ ਪਾਸਿਓਂ ਕਰਨਾ ਬਣਦਾ ਹੈ। ਇਸ ਤਰ੍ਹਾਂ ਦੀ ਹੀ ਇਕ ਹੋਰ ਟਿੱਪਣੀ, 'ਬਾਇਓਕੋਨ' ਦੀ ਚੇਅਰਪਰਸਨ ਕਿਰਨ ਮਜੂਮਦਾਰ ਸ਼ਾਅ ਨੇ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ 'ਟਵਿੱਟਰ' ਰਾਹੀਂ ਇਹ ਕਿਹਾ ਹੋਇਆ ਹੈ, "ਲੱਗਦਾ ਹੈ ਕਿ ਸਰਕਾਰ ਖਪਤ ਅਤੇ ਵਿਕਾਸ ਦੇ ਮਸਲਿਆਂ ਦੇ ਨਿਬੇੜਿਆਂ ਲਈ 'ਇੰਡੀਆ ਇੰਕ' ਤਕ ਰਸਾਈ ਕਰ ਰਹੀ ਹੈ। ਅਸੀਂ ਸਾਰੇ ਤਾਂ ਸਰਕਾਰ ਦੀ ਨਜ਼ਰ ਵਿਚ 'ਬੌਣੇ-ਨਿਗੁਣੇ' ਹੀ ਹਾਂ, ਜਿਸ ਕਰ ਕੇ ਸਰਕਾਰ ਆਪਣੇ ਅਰਥਚਾਰੇ ਸਬੰਧੀ ਕੋਈ ਮਾੜੀ ਗੱਲ ਨਹੀਂ ਸੁਣਨੀ ਚਾਹੁੰਦੀ।"
   ਰਾਹੁਲ ਬਜਾਜ ਦੀਆਂ ਇਨ੍ਹਾਂ ਸਿੱਠਣੀਆਂ ਨੇ 'ਮੇਰੀ ਮੋਦੀਆਂ ਵਾਲ਼ੀ ਸਰਕਾਰ' ਨੂੰ ਹਲੂਣਾ ਜਿਹਾ ਤਾਂ ਦੇ ਹੀ ਸੁੱਟਿਆ ਹੈ, ਕਿ ਨਹੀਂ? #

ਸ਼ਬਦੰਗਲ-138



ਫ਼ਿਲਮਾਂ ਵਾਂਗ ਹੁਣ ਨਾਟਕ ਵੀ ਨੀਲਾ ਹੋਣ ਲੱਗਿਆ
<><><><><><><><><><><><><>
   'ਕੈਨੇਡਾ ਦਾ ਜਲੰੰਧਰ ਜਾਂ ਲੁਧਿਆਣਾ' ਸਮਝੇ ਜਾਂਦੇ ਸ਼ਹਿਰ ਸਰੀ ਵਿਚ, ਪਿਛਲੇ ਕੁੱਝ ਅਰਸੇ ਤੋਂ ਇਕ ਨਾਟਕ ਨੇ ਇੰਨੀਆਂ ਧੁੰਮਾਂ ਪਾਈਆਂ ਹੋਈਆਂ ਹਨ ਕਿ 'ਤੁਹਾਨੂੰ ਕਿਹੜਾ ਰੰਗ ਪਸੰਦ ਹੈ' ਸਿਰਲੇਖ ਵਾਲ਼ੇ ਇਸ ਨਾਟਕ ਦਾ ਦੂਜਾ ਸ਼ੋਅ, ਮਹੀਨੇ ਦੇ ਅੰਦਰ-ਅੰਦਰ ਹੀ ਕਰਾਉਣਾ ਪੈ ਗਿਆ। 'ਵਿਆਹ-ਜਿਨਸੀਆਤ-ਨੈਤਿਕਤਾ' ਦੇ ਸਬੰਧ ਵਿਚ ਕਈ ਆਲੋਚਨਾਤਮਕ ਨੁਕਤੇ ਉਠਾਉਂਦੇ ਇਸ ਨਾਟਕ ਦੇ ਹੋਰ ਸ਼ੋਅ ਦਿਖਾਏ ਜਾਣ ਦੀਆਂ ਮੰਗਾਂ, ਹੁਣ ਹੋਰ ਸ਼ਹਿਰਾਂ ਤੋਂ ਵੀ ਆਉਂਦੀਆਂ ਦੱਸੀਆਂ ਜਾਂਦੀਆਂ ਹਨ। ਕੈਨੇਡਾ ਦੇ ਪੰਜਾਬੀ ਲੋਕ, ਇਸ ਨਾਟਕ ਦੀ ਚਰਚਾ ਤਾਂ ਕਰਨ ਲੱਗ ਹੀ ਪਏ ਹਨ, ਪਰ ਇਹ ਲੇਖ ਇਸ ਨਾਟਕ ਨਾਲ਼ ਜੁੜੇ ਹੋਏ ਕਈ ਉਨ੍ਹਾਂ ਪਹਿਲੂਆਂ ਬਾਰੇ ਚਰਚਾ ਕਰਨ ਲਈ ਲਿਖਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਇਸ ਨਾਟਕ ਦੇ ਲੇਖਕ ਅਤੇ ਪੇਸ਼ਕਾਰਾਂ ਨੇ ਨਜ਼ਰਅੰਦਾਜ਼ ਕੀਤਾ ਹੋਇਆ ਹੈ।
   ਕਿਸੇ ਕਲਾ-ਕਿਰਤ ਦੇ ਮਸ਼ਹੂਰ ਜਾਂ ਬਦਨਾਮ ਹੋਣ ਸਾਰ, ਕਲਾ ਦੀਆਂ ਬਾਰੀਕੀਆਂ ਤੋਂ ਅਣਜਾਣ ਲੋਕ, ਜਿਨ੍ਹਾਂ ਦੀ ਗਿਣਤੀ ਆਮ ਤੌਰ 'ਤੇ ਬਾਰੀਕਬੀਨਾਂ ਨਾਲ਼ੋਂ ਜ਼ਿਆਦਾ ਹੁੰਦੀ ਹੈ, ਉਸ ਕਲਾ-ਕਿਰਤ ਦੀਆਂ ਬਾਰੀਕੀਆਂ ਜਾਣੇ-ਸਮਝੇ ਬਗ਼ੈਰ ਹੀ ਉਸ ਦੀ ਮਸ਼ਹੂਰੀ ਜਾਂ ਬਦਨਾਮੀ ਨੂੰ ਪਤਾ ਨਹੀਂ ਕਿੰਨੇ-ਕਿੰਨੇ ਚੰਨ ਲਾਉਣ ਲਈ ਟੁੱਟ ਕੇ ਪੈ ਜਾਂਦੇ ਹਨ। 'ਸਸਤੀ ਸ਼ੁਹਰਤ' ਇਸੇ ਨੂੰ ਹੀ ਕਿਹਾ ਜਾਂਦਾ ਹੈ। ਸਿਆਣੇ ਲੋਕਾਂ ਦੀਆਂ ਹੇੜ੍ਹਾਂ ਜਾਂ ਵੱਗ ਨਹੀਂ ਹੁੰਦੇ, ਜਿਸ ਕਰ ਕੇ ਕਿਸੇ ਕਾਣੀ-ਕਸੂਤੀ ਸ਼ੈਅ ਨੂੰ ਵੀ ਸ਼ੁਹਰਤ ਦੇ ਅੰਬਰੀਂ ਚੜ੍ਹਾ ਦੇਣਾ ਔਸਤਨ ਸੂਝ ਵਾਲ਼ੇ ਲੋਕਾਂ ਦਾ ਹੀ ਕੰਮ ਹੈ। ਜਿਹੜੇ ਲੋਕ ਕਦੇ, ਅਮਰ ਸਿੰਘ 'ਚਮਕੀਲੇ' ਦੇ 'ਫੈਨ' ਹੁੰਦੇ ਸਨ, ਹੁਣ ਉਨ੍ਹਾਂ ਵਿਚੋਂ ਬਹੁਤ ਸਾਰੇ, 'ਸੁਰਜੀਤ ਪਾਤਰ ਦੇ ਸ਼ੋਆਂ' ਵਿਚ ਨੋਟ ਵਰ੍ਹਾਉਂਦੇ ਦੇਖੇ ਜਾ ਸਕਦੇ ਹਨ। ਕੈਨੇਡਾ ਵਿਚ ਤਾਂ ਏਦਾਂ ਹੀ ਹੈ।
   ਇਹ ਨਾਟਕ ਕਿਤਾਬੀ ਰੂਪ ਵਿਚ ਵੀ ਮਿਲਦਾ ਹੈ। ਸਾਨੂੰ ਇਸ ਦੇ ਲੇਖਕ ਵੱਲੋਂ, ਜਾਣ-ਬੁੱਝ ਕੇ ਜਾਂ ਸਹਿਵਨ ਹੀ ਕੀਤੀਆਂ ਉਕਾਈਆਂ ਦੀ ਗੱਲ ਵੀ ਕਰਨੀ ਬਣਦੀ ਹੈ। ਇਸ ਨਾਟਕ ਦਾ ਸ਼ੋਅ ਦੇਖ ਕੇ ਅਸੀਂ ਇਸ ਨਾਟਕ ਦਾ ਕਿਤਾਬੀ ਰੂਪ ਹਾਸਲ ਕੀਤਾ ਤਾਂ ਕਿ ਨਾਟਕਕਾਰ ਦੀ ਲਿਖਤ ਅਤੇ ਪੇਸ਼ਕਾਰੀ ਦੀ ਆਪਸੀ ਤੁਲਨਾ ਕਰਨ ਦੇ ਨਾਲ਼ ਹੀ ਇਹ ਵੀ ਦੇਖਿਆ ਜਾ ਸਕੇ ਕਿ ਇਨ੍ਹਾਂ ਦੋਹਾਂ ਧਿਰਾਂ ਨੇ ਇਕ-ਦੂਜੀ ਦੇ ਕੰਮ ਨੂੰ ਕਿੰਨਾ ਕੁ ਗੌਲ਼ਿਆ, ਸਮਝਿਆ, ਲਿਸ਼ਕਾਇਆ ਜਾਂ ਮਧੋਲ਼ਿਆ ਹੈ। ਸਾਨੂੰ ਇੱਥੇ, ਇਸ ਨਾਟਕ ਦੇ ਕਥਾਸਾਰ ਦਾ ਜ਼ਿਕਰ ਵੀ ਕਰਨਾ ਹੀ ਪਏਗਾ।
   ਇਸ ਨਾਟਕ ਵਿਚ, ਕਿਸੇ ਕੰਪਨੀ ਦਾ ਕੋਈ ਪ੍ਰਾਜੈਕਟ ਪਾਸ ਕਰਨ ਆਇਆ, 'ਡੀ ਕੇ' ਨਾਂ ਦਾ ਇਕ ਅਫ਼ਸਰ, ਉਸ ਕੰਪਨੀ ਦੇ ਮਾਲਕਾਂ ਦੀ ਮੇਜ਼ਬਾਨੀ ਵਿਚ, ਆਪਣੇ ਇਸ 'ਟੂਅਰ' ਦੀ ਆਖ਼ਰੀ ਰਾਤ ਕਿਸੇ ਹੋਟਲ ਦੇ ਕਮਰੇ ਵਿਚ ਗੁਜ਼ਾਰ ਰਿਹਾ ਹੈ। ਨਾਟਕ ਦੇ ਪਾਤਰ ਚਾਰ ਕੁ ਹੀ ਹਨ, ਜਿਵੇਂ 'ਡੀ ਕੇ', ਸੋਢੀ ਦੀ ਕੰਪਨੀ ਦਾ ਮੁਲਾਜ਼ਮ 'ਨੌਜਵਾਨ' {ਜਿਸ ਨੂੰ ਨਾਟਕਕਾਰ, ਇਸ ਨਾਟਕ ਦੇ ਦੂਜੇ ਹੀ ਪੰਨੇ ਉੱਤੇ 'ਯੁਵਕ' ਲਿਖਣ ਲੱਗ ਪਿਆ ਹੈ}, 'ਵੇਟਰ' ਅਤੇ 'ਅਜਨਬੀ'। ਓਦਾਂ ਇਸ ਨਾਟਕ ਵਿਚ, ਅਮੂਰਤ ਰੂਪ ਵਿਚ ਤਿੰਨ ਔਰਤਾਂ ਵੀ ਹਨ, ਜਿਨ੍ਹਾਂ ਵਿਚੋਂ ਇਕ, 'ਡੀ ਕੇ' ਦੀ ਪਤਨੀ ਹੈ। ਦੂਜੀ, ਕੰਪਨੀ ਦੇ ਮਾਲਕ ਸੋਢੀ ਵੱਲੋਂ, 'ਡੀ ਕੇ' ਦੀ 'ਟਹਿਲ-ਸੇਵਾ' ਕਰਨ ਲਈ ਭੇਜੀ ਜਾਣ ਵਾਲ਼ੀ ਮੁਲਾਜ਼ਮ ਹੁੰਦੀ ਹੈ ਤੇ ਤੀਜੀ ਵੇਟਰ ਦੀ ਪਤਨੀ ਹੈ। ਇਹ ਤਿੰਨੇ ਹੀ ਔਰਤਾਂ ਨਾਟਕ ਦੌਰਾਨ ਮੰਚ ਉੱਤੇ ਨਹੀਂ ਆਉਂਦੀਆਂ, ਪਰ ਇਨ੍ਹਾਂ ਦਾ 'ਭਰਵਾਂ ਜ਼ਿਕਰ' ਇਸ ਨਾਟਕ ਨੂੰ ਜਾਮਾ ਦਿੰਦਾ ਹੈ।
   ਸ਼ੁਰੂ ਵਿਚ ਹੀ ਸੋਢੀ ਦੀ ਕੰਪਨੀ ਦਾ ਇਕ ਮੁਲਾਜ਼ਮ (ਨੌਜੁਆਨ), ਪੈਕਿਟ ਦੇ ਰੂਪ ਵਿਚ ਇਕ ਰਕਮ 'ਡੀ ਕੇ' ਨੂੰ ਦੇਣ ਆਉਂਦਾ, ਇਹ ਦੱਸਦਾ ਕਿ ਕੁੱਝ ਸਮੇਂ ਤਕ ਇਕ ਔਰਤ ਉਸ ਦੀ 'ਟਹਿਲ-ਸੇਵਾ' ਕਰਨ ਲਈ ਆਵੇਗੀ, ਜੋ ਕੰਪਨੀ ਦੇ ਮਾਲਕ ਸੋਢੀ ਨੇ ਉਸ ਦੀ ਕੰਪਨੀ ਦਾ ਪ੍ਰਾਜੈਕਟ ਪਾਸ ਕਰਨ ਦੇ ਬਦਲੇ ਉਸ ਦਾ 'ਸ਼ੁਕਰੀਆ ਅਦਾ' ਕਰਨ ਲਈ ਭੇਜੀ ਜਾ ਰਹੀ ਹੈ। ਸ਼ੁਰੂ ਤੋਂ ਹੀ 'ਡੀ ਕੇ' ਸ਼ਰਾਬ ਪੀਣ ਲੱਗਦਾ ਹੈ ਤੇ ਜਦੋਂ ਕੰਪਨੀ ਦਾ ਮੁਲਾਜ਼ਮ ਅਤੇ ਵੇਟਰ ਦੋਵੇਂ ਹੀ ਕਮਰੇ ਵਿਚੋਂ ਚਲੇ ਜਾਂਦੇ ਹਨ ਤਾਂ 'ਅਜਨਬੀ', ਜੋ ਇਕ ਤਰ੍ਹਾਂ ਨਾਲ਼, 'ਡੀ ਕੇ' ਦੇ 'ਮਨ ਦਾ ਅਕਸ' ਹੀ ਹੈ, ਕਮਰੇ ਵਿਚ ਦਾਖ਼ਲ ਹੁੰਦਾ ਹੈ। ਉਨ੍ਹਾਂ ਦੋਹਾਂ ਦੀਆਂ ਗੱਲਾਂ ਵਿਚੋਂ 'ਡੀ ਕੇ' ਅਤੇ ਉਸ ਦੀ ਪਤਨੀ ਦੇ ਕਿਰਦਾਰ ਉੱਘੜਦੇ ਹਨ। 'ਡੀ ਕੇ' ਦੇ ਕਹਿਣ ਅਨੁਸਾਰ, ਉਸ ਦੀ ਪਤਨੀ ਬਦਚਲਣ ਹੈ ਤੇ ਉਨ੍ਹਾਂ ਦੇ ਬੱਚੇ ਦੀ ਸ਼ਕਲ, ਬਾਪ ਦੀ ਸ਼ਕਲ ਦੀ ਥਾਂ, ਉਸ ਦੀ ਪਤਨੀ ਦੇ ਕਿਸੇ ਵਾਕਫ਼ ਦੀ ਸ਼ਕਲ ਨਾਲ਼ ਮਿਲਦੀ ਹੈ। ਸ਼ਰਾਬ ਪੀਂਦਿਆਂ, ਉਸ ਨੂੰ ਆਪਣੇ ਬੱਚੇ ਦੇ 'ਹਰਾਮਦਾ' ਹੋਣ ਦੀ ਗੱਲ ਬਹੁਤ ਰੜਕਦੀ ਰਹਿੰਦੀ ਹੈ। ਉਹ ਇਹ ਰੜਕ, ਮੁਫ਼ਤ ਦੀ ਸ਼ਰਾਬ ਪੀ ਕੇ, ਓਪਰੀ ਔਰਤ ਦਾ ਸਾਥ ਹੰਢਾਉਣ ਦੇ ਖ਼ਿਆਲ ਅਤੇ 'ਨਜਾਇਜ਼ ਕਮਾਈ' ਨਾਲ਼ ਮਿਟਾਉਣੀ ਚਾਹੁੰਦਾ ਹੈ,ਪਰ ਉਸ ਦਾ ਮਨ (ਅਜਨਬੀ) ਉਸ ਨੂੰ ਇੱਧਰੋਂ ਮੋੜਨ ਦੇ ਹੀਲੇ ਕਰਦਾ ਹੈ।
   ਉਨ੍ਹਾਂ ਦੋਹਾਂ ਦੀ ਬਹਿਸ, ਇਕ ਸਮੇਂ, ਸ਼ਰਾਬ ਦੇ ਨਸ਼ੇ ਦੇ ਅਸਰ ਹੇਠ 'ਡੀ ਕੇ' ਵੱਲੋਂ ਕੀਤੀ ਜਾਂਦੀ, ਉਸ 'ਤਕਰੀਰ' ਨਾਲ਼ ਨਾਟਕ ਦਾ ਸਿਖ਼ਰ ਸਿਰਜਦੀ ਹੈ, ਜੋ ਨਾਟਕਕਾਰ ਦੀ ਵਿਸ਼ੇਸ਼ ਜੁਗਤ ਅਧੀਨ 'ਅਜਨਬੀ' ਨੂੰ ਚੁੱਪ ਕਰਾ ਦੇਣ ਨਾਲ਼, ਵਿਆਹ ਵਰਗੇ 'ਪਾਕ-ਪਵਿੱਤਰ' ਬੰਨ੍ਹਣ ਨੂੰ 'ਵੇਲ਼ਾ ਵਿਹਾ ਚੁੱਕਾ' ਤੇ 'ਵਾਧੂ ਰਿਵਾਜ' ਕਰਾਰ ਦਿੰਦੀ ਹੈ। ਇਸ ਤਕਰੀਰ ਵਿਚੋਂ ਕੁੱਝ ਅੰਸ਼ ਇਸ ਤਰ੍ਹਾਂ ਹਨ:
   "ਆਖ਼ਿਰ ਖ਼ਾਸ ਗੱਲ ਹੀ ਕੀ ਹੈ ਇਹ! ਇਕ ਔਰਤ ਆ ਰਹੀ ਹੈ ਇਸ ਕਮਰੇ ਵਿਚ, ਇਕ ਮਰਦ ਨੂੰ ਮਿਲਨ... ਸਿਰਫ਼ ਡੇਢ ਸੰਟੈਂਸ ਦੀ ਘਟਨਾ ਹੈ ਇਹ ਤੇ ਪੂਰੇ ਡੇਢ ਘੰਟੇ ਦੀ ਬਹਿਸ ਹੋ ਚੁੱਕੀ ਹੈ ਇਸ ਡੇਢ ਸੰਟੈਂਸ ਉਪਰ। ਤੇ ਗੱਲ ਹਾਲਾਂ ਵੀ ਉੱਥੇ ਹੀ ਖੜੀ ਹੈ ਕਿ ਕੀ ਉਸ ਔਰਤ ਨੂੰ ਆਉਣਾ ਚਾਹੀਦਾ ਹੈ ਜਾਂ ਨਹੀਂ। ਹੁਣ ਮੈਂ ਤੈਨੂੰ ਸਵਾਲ ਕਰਦਾ ਹਾਂ, ਕੀ ਫ਼ਰਕ ਪੈ ਜਾਵੇਗਾ ਜੇ ਉਹ ਆ ਜਾਏਗੀ ਤਾਂ! ਪਹਿਲੀ ਵਾਰ ਹੋ ਰਿਹੈ ਇਹ ਦੁਨੀਆ ਤੇ ਕਿ ਇਕ ਔਰਤ ਚੋਰੀ ਛੁਪੇ ਇੱਕ ਮਰਦ ਦੀ ਲੋੜ ਪੂਰੀ ਕਰਨ ਆ ਰਹੀ ਹੈ? ਕਿਹੜੀ ਦੁਨੀਆਂ, ਕਿਹੜਾ ਯੁੱਗ, ਕਿਹੜਾ ਇਤਿਹਾਸ, ਕਿਹੜਾ ਸਮਾਜ ਮੁਕਤ ਹੈ ਅਜਿਹੀਆਂ ਕਹਾਣੀਆਂ ਤੋਂ। ਮੇਰੇ ਤੇ ਹੀ ਕਿਉਂ... ਮੇਰੇ ਤੇ ਹੀ ਕਿਉਂ ਭਾਰ ਪਾ ਰਿਹੈਂ ਤੂੰ ਦੁਨੀਆਂ ਦੀ ਸਾਰੀ ਨੈਤਿਕਤਾ ਦਾ! ਮੈਂ ਕੋਈ ਦੇਵਤਾ ਨਹੀਂ ਹਾਂ। ਸਧਾਰਨ ਇਨਸਾਨ ਹਾਂ। ਲੋਕਾਂ ਤੇ ਇੱਛਾਵਾਂ ਦਾ ਮਾਰਿਆ ਇੱਕ ਸਧਾਰਨ ਇਨਸਾਨ... ਭੁੱਖ ਲਗਦੀ ਹੈ ਤਾਂ ਖਾਣਾ ਖਾਣ ਦੌੜਦਾ ਹਾਂ, ਭਾਵੇਂ ਉਹ ਘਰੋਂ ਮਿਲੇ ਤੇ ਭਾਵੇਂ ਹੋਟਲ ਵਿਚੋਂ ... ਹੁਣ ਭੁੱਖ ਦੇ ਹੇਠਾਂ ਦੀ ਭੁੱਖ ਲੱਗੀ ਹੋਈ, ਘਰ ਦੂਰ ਹੈ ਤੇ ਜੇ ਹੋਟਲ ਵਿਚੋਂ ਉਹ ਭੁੱਖ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾਂ ਤਾਂ ਕੀ ਅਨੈਤਿਕ ਹੈ ਇਸ ਵਿਚ!"
   ਸ਼ਰਾਬ ਪੀਈ ਜਾਂਦੇ 'ਡੀ ਕੇ' ਦੇ ਮੂੰਹੋਂ ਇਹ ਸੰਵਾਦ ਬੋਲੇ ਜਾਣ ਦੌਰਾਨ ਅਤੇ ਮਗਰੋਂ ਵੀ 'ਅਜਨਬੀ' ਇਸ ਦਾ ਕੋਈ ਜੁਆਬ ਨਹੀਂ ਦਿੰਦਾ ਕਿਉਂ ਕਿ ਉਸ ਨੂੰ ਨਾਟਕਕਾਰ ਨੇ ਕਿਸੇ ਖ਼ਾਸ ਵਿਉਂਤ ਅਧੀਨ ਚੁੱਪ ਕਰਾਇਆ ਹੋਇਆ ਹੈ। 'ਡੀ ਕੇ' ਵੱਲੋਂ 'ਅਜਨਬੀ' ਨੂੰ ਚੁੱਪ ਕਰਾਉਣ 'ਤੇ ਮਨ ਦੇ ਕਪਾਟ ਖੋਲ੍ਹਣ ਵਾਲ਼ੀਆਂ ਗੱਲਾਂ ਕਰਨ ਵਾਲ਼ਾ 'ਅਜਨਬੀ' ਚੁੱਪ ਰਹਿੰਦਾ ਹੈ।
   ਫਿਰ ਇਕ ਮੌਕੇ ਉੱਤੇ 'ਡੀ ਕੇ' ਉਸ ਨੂੰ ਝੰਜੋੜ ਕੇ ਇਹ ਵੀ ਕਹਿੰਦਾ ਹੈ, "ਤੂੰ ਪੁੱਛਦੈਂ ਕਿ ਜੇ ਬੰਦਾ ਬਿਨਾਂ ਵਿਆਹ ਆਪਣੀਆਂ ਜਿਸਮਾਨੀ ਲੋੜਾਂ ਪੂਰੀਆਂ ਕਰਨ ਲੱਗ ਪਿਆ ਤਾਂ ਜਾਨਵਰ ਤੇ ਇਨਸਾਨ ਵਿਚ ਕੀ ਫ਼ਰਕ ਰਹਿ ਜਾਏਗਾ। ਪਰ ਮੈਂ ਪੁੱਛਦਾਂ ਕਿ ਕਿਉਂ ਨਾ ਬੰਦਾ ਜਾਨਵਰ ਹੀ ਬਣ ਜਾਵੇ! ਜਾਨਵਰ ਆਰ ਬੈਟਰ। ਉਨ੍ਹਾਂ ਦਾ ਵਿਆਹ ਨਹੀਂ ਹੁੰਦਾ ਤੇ ਤੁੰ ਦੇਖ! ਉਹ ਕਦੇ ਰੇਪ ਨਹੀਂ ਕਰਦੇ। ਕਦੇ ਦੁਰਾਚਾਰ ਨਹੀਂ ਕਰਦੇ। ਕਦੇ ਕਿਸੇ ਜਾਨਵਰ ਨੂੰ ਚਾਰੇ ਖਾਤਿਰ ਜਿਸਮ ਨਹੀਂ ਵੇਚਣਾ ਪੈਂਦਾ। ਜੇ ਤੂੰ ਇਸ ਸਾਰੀ ਦੁਨੀਆਂ ਨੂੰ ਅਨੈਤਿਕ ਹੋਣ ਤੋਂ ਬਚਾ ਲੈਣਾ ਚਾਹੁੰਨਾ ਹੈਂ ਤਾਂ ਕਹਿ ਇਨ੍ਹਾਂ ਨੂੰ ਕਹਿ ਕਿ ਇਹ ਫਟਾਫਟ ਜਾਨਵਰ ਬਣ ਜਾਣ... ਜਾਨਵਰ। ਹੋਰ ਕੋਈ ਤਰੀਕਾ ਨਹੀਂ ਇਸ ਦੁਨੀਆਂ ਦੇ ਨੈਤਿਕ ਹੋਣ ਦਾ।"
   ਜਦੋਂ ਸ਼ਰਾਬ ਦੇ ਨਸ਼ੇ ਵਿਚ 'ਡੀ ਕੇ' ਉਹ ਸਾਰਾ 'ਬਕਵਾਸ' ਕਰ ਜਾਂਦਾ ਹੈ, ਜੋ ਨਾਟਕਕਾਰ ਨੇ ਉਸ ਤੋਂ ਕਰਾਉਣ ਲਈ ਉਸ ਨੂੰ ਘੜਿਆ ਹੁੰਦਾ ਹੈ ਤਾਂ ਅਚਾਨਕ ਹੀ ਉਹ, 'ਅਜਨਬੀ' ਨੂੰ ਪੁੱਛਦਾ ਹੈ, "...ਕੀ ਵੈਲਿਊ ਹੈ ਇਨ੍ਹਾਂ ਬਹਾਨਿਆਂ ਦੀ... ਬੋਲ...?
   ਖ਼ਬਰੇ ਨਾਟਕਕਾਰ ਨੇ ਮੁੱਖ ਪਾਤਰ ਦੇ ਇਸ ਸੰਵਾਦ ਵਿਚ, 'ਅਜਨਬੀ' ਲਈ ਕਿਹੜਾ ਟਾਨਿਕ ਪਾਇਆ ਕਿ ਉਹ ਇਕ ਦਮ ਬੋਲ ਪੈਂਦਾ ਹੈ, "ਤੂੰ ਮੈਨੂੰ ਬੋਲਨ ਲਈ ਮਨ੍ਹਾ ਕੀਤਾ ਹੋਇਆ ਹੈ।"
  'ਅਜਨਬੀ' ਨੂੰ ਨਾਟਕਕਾਰ ਨੇ 'ਡੀ ਕੇ' ਦੇ ਮਨ ਦੇ ਕਿਰਦਾਰ ਵਜੋਂ ਦਰਸਾਇਆ ਹੈ। ਉਸ ਨੇ 'ਡੀ ਕੇ' ਦਾ ਕਿਰਦਾਰ ਸਿਰਜਦਿਆਂ ਉਸ ਵਿਚ ਬਹੁਤ ਵੱਡਾ ਨੁਕਸ ਛੱਡਿਆ ਹੈ ਤੇ ਉਹ ਦੇ 'ਡੀ. ਐੱਨ. ਏ.' ਵਿਚ ਵੀ ਇਹ ਦੋਸ਼ ਰੱਖਿਆ ਹੈ ਕਿ ਉਹ ਸਾਰੇ ਨਾਟਕ ਦੌਰਾਨ ਸ਼ਰਾਬ ਪੀਈ ਜਾਂਦਾ ਹੈ, ਜਿਸ ਦਾ ਉਸ ਉੱਤੇ ਤਾਂ ਅਸਰ ਦਿਸਦਾ ਹੈ, ਪਰ ਉਸ ਦੇ ਮਨ ਯਾਨੀ 'ਅਜਨਬੀ' ਦੇ ਕਿਰਦਾਰ ਉੱਤੇ ਕੋਈ ਅਸਰ ਨਹੀਂ ਦਿਸਦਾ। ਸ਼ਰਾਬ ਪੀਣ ਦੇ ਸਬੰਧ ਵਿਚ ਇਹੋ ਜਿਹਾ ਕੌਤਕ ਇਸ ਨਾਟਕ ਵਿਚ ਹੀ ਦਿਸਦਾ ਹੈ।
   ਨਾਟਕ ਵਿਚ ਤਿੰਨ ਔਰਤਾਂ ਦਾ ਅਮੂਰਤ ਹਵਾਲਾ ਹੈ। ਇਨ੍ਹਾਂ ਵਿਚ 'ਡੀ ਕੇ' ਦੀ ਪਤਨੀ, ਇਕ ਵੇਟਰ ਦੀ ਪਤਨੀ ਅਤੇ 'ਡੀ ਕੇ' ਦੀ ਸੇਵਾ ਲਈ 'ਖ਼ਾਸ ਤੌਰ 'ਤੇ ਨੀਲੀ ਸਾੜ੍ਹੀ ਲਾ ਕੇ' ਆਉਣ ਲਈ ਤਿਆਰ ਬੈਠੀ ਰਹਿ ਜਾਂਦੀ ਔਰਤ ਸ਼ਾਮਲ ਹਨ। ਮੁੱਖ ਤੌਰ 'ਤੇ ਇਹ ਤਿੰਨੇ ਹੀ ਔਰਤਾਂ, ਲੇਖਕ ਨੇ ਪੂਰਾ ਜ਼ੋਰ ਲਾ ਕੇ ਬਦਚਲਣਾਂ ਦੱਸੀਆਂ ਹਨ, ਜੋ ਸਮੁੱਚੀ ਇਸਤਰੀ ਜਾਤੀ ਨਾਲ਼ ਧੱਕਾ ਹੈ ਕਿਉਂ ਕਿ ਇਨ੍ਹਾਂ ਤੇਹਾਂ ਔਰਤਾਂ ਨੂੰ ਸਾਰੇ ਨਾਟਕ ਵਿਚ ਆਪਣਾ ਪੱਖ ਪੇਸ਼ ਕਰਨ ਦਾ ਕੋਈ ਮੌਕਾ ਵੀ ਨਹੀਂ ਦਿੱਤਾ ਗਿਆ ਅਤੇ ਲੋੜ ਵੀ ਨਹੀਂ ਸਮਝੀ ਗਈ।
   ਨਾਟਕਕਾਰ ਨੇ ਪਤਾ ਨਹੀਂ ਕਿਸ ਮਜਬੂਰੀ ਤਹਿਤ, ਇਕ ਸ਼ਰਾਬੀ ਵੱਲੋਂ ਕੀਤਾ ਹੋਇਆ ਬਕਵਾਸ, ਵਿਆਹ ਜਿਹੀ 'ਵਿਉਂਤਬੱਧ ਰਸਮ' ਦੇ ਖ਼ਿਲਾਫ਼ 'ਨਵੇਂ ਯੁੱਗ ਦੇ ਨਵੇਂ ਤੇ ਬਦਲਵੇਂ ਸਿਧਾਂਤ' ਵਜੋਂ ਪ੍ਰੋਸ ਦਿੱਤਾ ਹੈ। ਲੇਖਕ ਦਾ ਵਿਚਾਰ ਹੈ ਕਿ ਜਾਨਵਰ 'ਰੇਪ' ਯਾਨੀ ਬਲਾਤਕਾਰ ਨਹੀਂ ਕਰਦੇ ਜਦੋਂ ਕਿ ਇਹ ਹਕੀਕਤ ਹੈ ਕਿ ਉਹ, ਬਲਾਤਕਾਰ ਹੀ ਕਰਦੇ ਹਨ। ਜੇ ਇਸ ਸਬੰਧ ਵਿਚ ਕਿਸੇ ਸਬੂਤ ਦੀ ਲੋੜ ਹੋਵੇ ਤਾਂ ਕੁੱਕੜਾਂ ਦੇ ਕਿਸੇ ਵੀ ਖੁੱਡੇ ਵੱਲ ਨਜ਼ਰ ਮਾਰੀ ਜਾ ਸਕਦੀ ਹੈ। ਸਾਹਿਤ ਦੇ ਸਮੀਖਿਅਕਾਂ ਨੂੰ ਬੇਨਤੀ ਹੈ ਕਿ ਕਿਤਾਬ ਦੇ ਰੂਪ ਵਿਚ ਮਿਲਦਾ ਇਹ ਨਾਟਕ 'ਤੁਹਾਨੂੰ ਕਿਹੜਾ ਰੰਗ ਪਸੰਦ ਹੈ!' ਜ਼ਰੂਰ ਪੜ੍ਹ ਲੈਣ ਤੇ ਆਪਣੀ ਬੁੱਧੀ ਵਧਾ ਲੈਣ ਕਿਉਂ ਕਿ ਹੁਣ ਨਾਟਕ ਵੀ ਫ਼ਿਲਮਾਂ ਵਾਂਗ 'ਬਲੂ' ਯਾਨੀ 'ਨੀਲਾ' ਹੋ ਗਿਆ ਹੈ।#