ਧਰਮ ਭਾਅ ਜੀ ਨਾ ਕਿਸੇ ਬਣ ਜਾਣਾ
ਦੁਨੀਆ ਬਥੇਰੀ ਫਿਰਦੀ
ਫ਼ਿਲਮ ਨਗਰੀ ਪੰਜਾਬੀਆਂ ਨਾਲ ਭਰੀ ਪਈ ਹੈ, ਪਰ ਧਰਮਿੰਦਰ ਯਾਨੀ ਧਰਮ ਭਾਅ ਜੀ ਵਰਗਾ ਮਿਲਣਸਾਰ, ਦਿਲੋਂ ਪਿਆਰ ਕਰਨ ਵਾਲ਼ਾ ਅਤੇ ਅੰਤਾਂ ਦਾ ਸਤਿਕਾਰ ਦੇਣ ਵਾਲ਼ਾ ਇਨਸਾਨ ਸ਼ਾਇਦ ਹੀ ਕੋਈ ਹੋਰ ਹੋਵੇ। ਧਰਮ ਭਾਅ ਜੀ ਅਕਸਰ ਕਹਿੰਦੇ ਹਨ, "ਜਿੰਨਾ ਪਿਆਰ ਵੰਡ ਸਕੋ, ਉੱਨਾ ਹੀ ਘੱਟ ਹੈ। ਇਕ-ਦੂਜੇ ਦੀ ਪ੍ਰਵਾਹ ਕਰਨੀ ਸ਼ੁਰੂ ਕਰੋ, ਆਲ਼ੇ-ਦੁਆਲ਼ੇ ਆਪੇ ਜੰਨਤ ਹੋ ਜਾਵੇਗੀ।" ਜਿਹੜਾ ਵੀ ਇਕ ਵਾਰੀ ਉਨ੍ਹਾਂ ਨੂੰ ਮਿਲ ਲੈਂਦਾ ਹੈ, ਉਹ ਉਨ੍ਹਾਂ ਦਾ ਭਗਤ ਹੋ ਜਾਂਦਾ ਹੈ।
‘ਫ਼ਿਲਮਫੇਅਰ’ ਰਸਾਲੇ ਵੱਲੋਂ ਕਰਾਏ ਗਿਆ ‘ਟੇਲੈਂਟ ਹੰਟ’ ਮੁਕਾਬਲਾ ਜਿੱਤ ਕੇ ਧਰਮ ਭਾਅ ਜੀ 13 ਅਪ੍ਰੈਲ, 1958 ਨੂੰ ਸਾਹਨੇਵਾਲ ਤੋਂ ਮੁੰਬਈ ਚਲੇ ਗਏ ਸਨ। ਉਨ੍ਹਾਂ ਨੂੰ ਸ਼ੁਰੂ ਵਿਚ ਕਾਫੀ ਸੰਘਰਸ਼ ਕਰਨਾ ਪਿਆ ਸੀ। ਉਨ੍ਹਾਂ ਦਿਨਾਂ ਬਾਰੇ ਇਕ ਵਾਰੀ ਭਾਅ ਜੀ ਦੱਸਣ ਲੱਗੇ ਕਿ ਉਦੋਂ ਤਾਂ ਇਹੋ ਤਮੰਨਾ ਸੀ ਕਿ ਇਕ ਘਰ ਹੋਵੇ ਤੇ ਇਕ ਫੀਅਟ ਕਾਰ।
"ਫੀਅਟ ਕਾਰ? ਪਰ ਉਸ ਵੇਲ਼ੇ ਤਾਂ ‘ਸਟੈਂਡਰਡ ਹੈਰਲਡ’ ਐਕਟਰਾਂ ਦੀ ਪਸੰਦ ਹੁੰਦੀ ਸੀ" ਮੈਂ ਹੈਰਾਨ ਹੋ ਕੇ ਉਨ੍ਹਾਂ ਵੱਲ ਤੱਕਿਆ ਤਾਂ ਭਾਅ ਜੀ ਨੇ ਮੁਸਕਰਾਉਂਦਿਆਂ ਆਖਿਆ, "ਸ਼ੁਕਲਾ ਸਾਹਿਬ, ਮੈਂ ਸੋਚਿਆ ਸੀ ਕਿ ਜੇ ਐਕਟਰ ਨਾ ਬਣ ਸਕਿਆ ਤਾਂ ਫੀਅਟ ਨੂੰ ਟੈਕਸੀ ਬਣਾ ਕੇ ਚਲਾ ਲਵਾਂਗਾ" ਤੇ ਅਸੀਂ ਸਾਰੇ ਖਿੜਖਿੜਾ ਕੇ ਹੱਸ ਪਏ ਸਾਂ।
ਧਰਮ ਭਾਅ ਜੀ ਨੇ 300 ਵੀ ਵੱਧ ਫ਼ਿਲਮਾਂ ਵਿਚ ਅਦਾਕਾਰੀ ਦੇ ਵੱਖ-ਵੱਖ ਤਰ੍ਹਾਂ ਦੇ ਜੌਹਰ ਦਿਖਾਏ ਹਨ। ਮੈਂ ਉਨ੍ਹਾਂ ਦੀ ਮਨਪਸੰਦ ਫ਼ਿਲਮ ਬਾਰੇ ਪੁੱਛਿਆ ਤਾਂ ਕਹਿਣ ਲੱਗੇ, "ਕਲਾਕਾਰ ਨੂੰ ਤਾਂ ਆਪਣੀ ਹਰ ਫ਼ਿਲਮ ਪਿਆਰੀ ਹੁੰਦੀ ਹੈ, ਪਰ ਫੇਰ ਵੀ ‘ਸਤਿਆਕਾਮ’, ‘ਸ਼ੋਅਲੇ’, ‘ਚੁਪਕੇ-ਚੁਪਕੇ’, ‘ਪ੍ਰਤਿੱਗਿਆ’... ਮੈਨੂੰ ਬਹੁਤ ਪਸੰਦ ਨੇ।"
"ਭਾਅ ਜੀ, ਉਂਝ ਤਾਂ ਤੁਸੀਂ ਹਰ ਤਰ੍ਹਾਂ ਦੇ ਰੋਲ ਕੀਤੇ ਨੇ...ਪਰ ਫੇਰ ਵੀ ਕੋਈ ਰੋਲ, ਜੋ ਤੁਸੀਂ ਹਾਲੇ ਵੀ ਕਰਨਾ ਚਾਹੁੰਦੇ ਹੋ...?" ਮੇਰੇ ਵੱਲੋਂ ਇਹ ਪੁੱਛਣ ’ਤੇ ਭਾਅ ਜੀ ਕੁੱਝ ਪਲ ਚੁੱਪ ਰਹਿਣ ਮਗਰੋਂ ਬੋਲੇ, "ਹਾਂ, ਮੈਂ ‘ਦੇਵਦਾਸ’ ਬਣਨਾ ਚਾਹੁੰਦਾ ਸੀ।"
ਉਨ੍ਹਾਂ ਨੂੰ ਦੋ ਚੀਜ਼ਾਂ ਉਚੇਚੇ ਤੌਰ ’ਤੇ ਪਸੰਦ ਹਨ, ਸਿਹਤ ਦਾ ਧਿਆਨ ਰੱਖਣਾ ਤੇ ਲੋਕਾਂ ਨੂੰ ਪਿਆਰ ਕਰਨਾ। ਅੱਜ-ਕੱਲ੍ਹ ਉਹ ਯੋਗ ਕਰਦੇ ਹਨ। ਉਨ੍ਹਾਂ ਦਾ ਰਿਸ਼ਟ-ਪੁਸ਼ਟ ਸਰੀਰ ਅਤੇ ਚਿਹਰੇ ਦੀ ਲਾਲੀ ਦੇਖ ਕੇ ਕੌਣ ਯਕੀਨ ਕਰ ਸਕਦਾ ਹੈ ਕਿ ਉਹ 76 ਵਰ੍ਹਿਆਂ ਦੇ ਹੋ ਗਏ ਹਨ।
ਦਿਓਲ ਪਰਿਵਾਰ ਦੀ ਮਹਿਮਾਨ ਨਿਵਾਜ਼ੀ ਤਾਂ ਜਗਤ ਪ੍ਰਸਿੱਧ ਹੈ। ਘਰ ਆਏ ਮਹਿਮਾਨ ਨੂੰ ਧਰਮ ਭਾਅ ਜੀ ਲੱਸੀ ਜ਼ਰੂਰ ਪਿਲਾਉਂਦੇ ਹਨ। ਮੈਂ ਵੀ ਉਨ੍ਹਾਂ ਦੀ ਲੱਸੀ ਦਾ ਆਨੰਦ ਮਾਣਿਆ ਹੈ।
ਉਹ ਖੇਡਾਂ ਤੇ ਖਿਡਾਰੀਆਂ ਨਾਲ ਬਹੁਤ ਪਿਆਰ ਕਰਦੇ ਹਨ। ਸਾਲ 1986 ਵਿਚ ਸਿਓਲ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਕਰ ਕੇ ਪੀ. ਟੀ. ਊਸ਼ਾ ਤੇ ਕਰਤਾਰ ਸਿੰਘ ਭਲਵਾਨ ਨੂੰ ਉਨ੍ਹਾਂ ਨੇ ਆਪਣੇ ਵੱਲੋਂ 50-50 ਹਜ਼ਾਰ ਰੁਪਏ ਦੇ ਚੈੱਕ ਤੁਹਫ਼ੇ ਵਜੋਂ ਭੇਟ ਕੀਤੇ ਸਨ।
ਕੁੱਝ ਸਮਾਂ ਪਹਿਲਾਂ ਧਰਮ ਭਾਅ ਜੀ ਨੂੰ ‘ਫਾਲਕੇ ਰਤਨ ਐਵਾਰਡ’ ਨਾਲ ਨਿਵਾਜ਼ਿਆ ਗਿਆ ਸੀ। ਉਸ ਵੇਲ਼ੇ ਮੈਂ ਆਸਟ੍ਰੇਲੀਆ ਵਿਚ ਸੀ। ਮੈਂ ਫੋਨ ’ਤੇ ਵਧਾਈ ਦਿੱਤੀ ਤਾਂ ਭਾਅ ਜੀ ਨੇ ਕਿਹਾ, “ਸਾਡੇ ਸਾਰਿਆਂ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਚੰਗੇ ਇਨਸਾਨ ਬਣੀਏ। ਜੇ ਅਸੀਂ ਚੰਗੇ ਇਨਸਾਨ ਬਣਾਂਗੇ ਤਾਂ ਸਤਿਕਾਰ ਆਪਣੇ-ਆਪ ਸਾਡੇ ਵੱਲ ਆਵੇਗਾ।”
ਉਂਝ ਤਾਂ ਭਾਂਵੇਂ ਧਰਮ ਭਾਅ ਜੀ ‘ਹੀ ਮੈਨ’ ਵਜੋਂ ਪ੍ਰਸਿੱਧ ਹਨ ਤੇ ਫ਼ਿਲਮਾਂ ਵਿਚ ਗੁੰਡਿਆਂ ਦਾ ਕਚੂਮਰ ਕੱਢ ਦਿੰਦੇ ਹਨ, ਪਰ ਅਸਲ ਜ਼ਿੰਦਗ਼ੀ ਵਿਚ ਉਹ ਬਹੁਤ ਹੀ ਨਰਮ ਦਿਲ ਅਤੇ ਸੰਵੇਦਨਸ਼ੀਲ ਵਿਅਕਤੀ ਹਨ। ਉਹ ਅਕਸਰ ਕਹਿੰਦੇ ਹਨ, “ਜੇ ਮੈਂ ਕਿਸੇ ਦਾ ਦਿਲ ਦੁਖਾ ਬੈਠਾਂ ਤਾਂ ਜੱਫੀ ਪਾ ਕੇ ਮਨਾਏ ਬਿਨਾਂ ਚੈਨ ਨਹੀਂ ਆਉਂਦਾ।” ਉਨ੍ਹਾਂ ਦੀ ਭਾਵਕਤਾ ਦਾ ਕਈ ਲੋਕ ਫ਼ਾਇਦਾ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਇਸੇ ਤਰ੍ਹਾਂ ਲੋਕਾਂ ਦੇ ਕਹਿਣ ’ਤੇ ਧਰਮ ਭਾਅ ਜੀ ਵਰਗੇ ਨੇਕ-ਦਿਲ ਅਤੇ ਇਮਾਨਦਾਰ ਵਿਅਕਤੀ ਰਾਜਨੀਤੀ ਵਿਚ ਪੰਗਾ ਲੈ ਬੈਠੇ। ਭਾਂਵੇਂ ਐੱਮ. ਪੀ. ਬਣ ਕੇ ਉਨ੍ਹਾਂ ਨੇ ਬੀਕਾਨੇਰ ਵਿਚ ਸੜਕਾਂ ਤੇ ਪੁਲਾਂ ਦਾ ਨਿਰਮਾਣ ਕਰਾਇਆ, ਕੁੜੀਆਂ ਦਾ ਕਾਲਜ ਖੁਲ੍ਹਾਇਆ, ਸੁਰਸਾਗਰ ਝੀਲ ਫਿਰ ਚਾਲੂ ਕਰਾਈ, ਪਰ ਆਪਣੇ ਮੂੰਹੋਂ ਆਪਣੀਆਂ ਤਾਰੀਫ਼ਾਂ ਦਾ ਢੰਡੋਰਾ ਨਾ ਪਿੱਟਣ ਦੀ ਆਦਤ ਨੇ ਵਿਰੋਧੀ ਧਿਰ ਨੂੰ ਇਹ ਕਹਿਣ ਦਾ ਮੌਕਾ ਦੇ ਦਿੱਤਾ ਕਿ ਧਰਮਿੰਦਰ ਤਾਂ ਬੀਕਾਨੇਰ ਆਉਂਦਾ ਹੀ ਨਹੀਂ।
ਘਰ ਵਿਚ ਸਾਰਾ ਪਰਿਵਾਰ ਠੇਠ ਪੰਜਾਬੀ ਵਿਚ ਗੱਲਬਾਤ ਕਰਦਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਸਦਕਾ ਧਰਮ ਭਾਅ ਜੀ ਨੇ ਕਈ ਪੰਜਾਬੀ ਫ਼ਿਲਮਾਂ ਵਿਚ, ਕੋਈ ਮਿਹਨਤਾਨਾ ਲਏ ਬਗ਼ੈਰ ਮਹਿਮਾਨ ਅਦਾਕਾਰ ਦੇ ਤੌਰ ’ਤੇ ਅਦਾਕਾਰੀ ਕੀਤੀ ਅਤੇ ਇਨ੍ਹਾਂ ਫ਼ਿਲਮਾਂ ਵਿਚ ਉਨ੍ਹਾਂ ਦੀ ਮੌਜੂਦਗੀ ਸਦਕਾ ਕਈ ਪੰਜਾਬੀ ਫ਼ਿਲਮ ਨਿਰਮਾਤਾਵਾਂ ਨੂੰ ਆਰਥਕ ਪੱਖੋਂ ਬਹੁਤ ਫ਼ਾਇਦਾ ਹੋਇਆ।
ਧਰਮ ਭਾਅ ਜੀ ਉੱਚ ਕੋਟੀ ਦੇ ਸ਼ਾਇਰ ਵੀ ਹਨ। ਉਨ੍ਹਾਂ ਦਾ ਕਲਾਮ ਦਿਲ ਨੂੰ ਟੁੰਬਣ ਵਾਲਾ ਹੁੰਦਾ ਹੈ। ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਨੂੰ ਉਨ੍ਹਾਂ ਦੇ ਮੂੰਹੋਂ ਉਨ੍ਹਾਂ ਦਾ ਕਲਾਮ ਸੁਣਨ ਦਾ ਸ਼ੁਭ ਅਵਸਰ ਮਿਲਿਆ ਹੈ।
ਉਨ੍ਹਾਂ ਨੂੰ ਅਨੇਕਾਂ ਹੀ ਮਾਣ-ਸਨਮਾਨ ਮਿਲੇ ਹਨ। ‘ਫ਼ਿਲਮਫੇਅਰ ਐਵਾਰਡ’ ਅਤੇ ‘ਰੁਸਤਮਿ-ਬਾਲੀਵੁੱਡ’ ਵਰਗੇ ਕਈ ਵਕਾਰੀ ਪੁਰਸਕਾਰ ਮਿਲੇ ਹਨ। ਸੁਰਾਂ ਦੀ ਦੇਵੀ ਲਤਾ ਮੰਗੇਸ਼ਕਰ ਜੀ ਨੇ ਉਨ੍ਹਾਂ ਨੂੰ ‘ਸ਼ਿਵ ਗੌਰਵ ਪੁਰਸਕਾਰ’ ਨਾਲ ਸਨਮਾਨਿਆ ਸੀ। ਉਨ੍ਹਾਂ ਨੂੰ ਹਾਲੇ ਤਕ ਕੋਈ ‘ਪਦਮ ਪੁਰਸਕਾਰ’ ਨਾ ਮਿਲਣਾ ਬੜੇ ਅਫ਼ਸੋਸ ਦੀ ਗੱਲ ਹੈ। ਪੰਜਾਹ ਵਰ੍ਹਿਆਂ ਤੋਂ ਫ਼ਿਲਮੀ ਪਰਦੇ ਉੱਤੇ ਸੂਰਜ ਵਾਂਗ ਚਮਕਣ ਵਾਲ਼ੇ ਇਸ ਹਰਮਨ ਪਿਆਰੇ ਤੇ ਨੇਕ-ਦਿਲ ਇਨਸਾਨ ਲਈ ਦੁਨੀਆ ਭਰ ਦੇ ਪੰਜਾਬੀ ਆਪਣੇ ਦਿਲਾਂ ਵਿਚ ਬੜਾ ਮੋਹ ਰੱਖਦੇ ਹਨ।

-ਡਾ. ਫ਼ਕੀਰ ਚੰਦ ਸ਼ੁਕਲਾ,
230-ਸੀ, ਭਾਈ ਰਣਧੀਰ ਸਿੰਘ ਨਗਰ,
ਲੁਧਿਆਣਾ-141012
230-ਸੀ, ਭਾਈ ਰਣਧੀਰ ਸਿੰਘ ਨਗਰ,
ਲੁਧਿਆਣਾ-141012