ਤੈਨੂੰ ਪੁੱਛਣ ਕੋਈ ਨਾ ਆਇਆ,
ਬਹੁਤਿਆਂ ਫਰੈਂਡਾਂ ਵਾਲਿਆ...!
     ਕਦੇ ਕਿਤੇ ਪੜ੍ਹਿਆ ਜਾਂ ਸੁਣਿਆ ਸੀ ਕਿ 'ਫੇਸਬੁੱਕ' ਉੱਤੇ ਆਪਣੇ ਬਹੁਤ ਸਾਰੇ ਦੋਸਤਾਂ ਨੂੰ ਇਹ ਦਸ ਕੇ ਕਿ ਕੁੱਝ ਹੀ ਪਲਾਂ ਬਾਅਦ ਉਹ ਖ਼ੁਦਕੁਸ਼ੀ ਕਰ ਰਹੀ ਹੈ, ਮਰ ਗਈ ਔਰਤ ਦੀ ਬਾਂਹ ਫੜਨ ਜਾਂ ਉਸ ਨੂੰ ਬਚਾਉਣ ਕੋਈ ਨਹੀਂ ਆਇਆ ਸੀ। ਇਸ ਸੁਪਨਮਈ ਸੰਸਾਰ ਦੀ ਇਹ ਹਕੀਕਤ, 27 ਦਸੰਬਰ, 2011 ਨੂੰ ਮੇਰੇ ਸਾਹਮਣੇ ਰਤਾ ਕੁ ਵੱਖਰੇ ਅੰਦਾਜ਼ ਵਿਚ ਬੇਨਕਾਬ ਹੋਈ। ਕੁੱਝ ਹੀ ਦਿਨ ਪਹਿਲਾਂ ਮੈਂ ਆਪਣੇ 'ਫੇਸਬੁਕੀਏ ਦੋਸਤਾਂ' ਦੀ ਗਿਣਤੀ 1111 ਹੋਣ ਲੱਗਣ 'ਤੇ ਬੜਾ ਹੀ ਚਹਿਕਿਆ ਸਾਂ। ਜਦੋਂ ਮੈਂ ਆਪਣੇ 365 ਦੋਸਤਾਂ ਨੂੰ ਆਪਣੇ ਖਾਤੇ ਵਿਚੋਂ ਛਾਂਟਿਆ ਸੀ ਤਾਂ ਮਨ ਵਿਚ ਇਕ ਚੀਸ ਜਿਹੀ ਵੀ ਉੱਠੀ ਸੀ। ਓਦਾਂ ਮੈਂ ਹੁਣ ਸਮਝਿਆ ਹਾਂ ਕਿ ਜਿਹੜੇ 365 ਜਣਿਆਂ ਦੀ ਛਾਂਟੀ ਕਰਦਿਆਂ ਮੈਨੂੰ ਤਕਲੀਫ਼ ਹੋਈ ਸੀ, ਉਹ ਤਾਂ ਮੇਰੇ ਕਦੇ ਵੀ ਨਹੀਂ ਸਨ, ਪਰ ਜਿਨ੍ਹਾਂ ਦੇ 1111 ਹੋਣ ਦਾ ਮੈਨੂੰ ਚਾਅ ਚੜ੍ਹਿਆ ਹੋਇਆ ਸੀ, ਉਨ੍ਹਾਂ ਦੇ 1111 ਹੋਣ ਤੋਂ ਅਗਲੇ ਹੀ ਦਿਨ ਜਦੋਂ 'ਫੇਸਬੁੱਕ' ਉੱਤੇ ਮੇਰਾ ਖਾਤਾ ਅਚਾਨਕ ਹੀ ਜਾਮ ਕਰ ਦਿੱਤਾ ਗਿਆ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਇਹ 1111 ਦੋਸਤ ਵੀ ਮੇਰੇ ਕੁੱਝ  ਨਹੀਂ ਲੱਗਦੇ। ਹਰ ਵਾਰ ਜਦੋਂ 'ਫੇਸਬੁੱਕ' ਦਾ ਬੂਹਾ ਖੜਕਾਇਆ, ਇਨ੍ਹਾਂ 1111 ਦੋਸਤਾਂ ਵਿਚੋਂ ਕੋਈ ਵੀ ਬੂਹਾ ਖੋਲ੍ਹ ਕੇ ਬਾਹਰ ਨਾ ਆਇਆ।
     ਇਸ ਤਲਖ਼ ਹਕੀਕਤ ਦਾ ਸਾਹਮਣਾ ਕਰਦਿਆਂ ਇਕ ਵਾਰ ਫਿਰ ਚੇਤੇ ਆਇਆ ਕਿ ਇਸ ਫ਼ਾਨੀ ਸੰਸਾਰ ਤੋਂ ਬਾਅਦ, ਇਸ ਸੁਪਨਮਈ ਪੋਥੀ ਵਿਚ ਵੀ ਇਹੋ ਜਿਹਾ ਕੁੱਝ ਨਹੀਂ ਹੈ, ਜੋ ਠੋਸ ਹੋਵੇ ਤੇ ਜਿਸ ਨੂੰ, ਲੋੜ ਪੈਣ 'ਤੇ ਹੱਥ ਲਾਇਆ ਜਾ ਸਕੇ, ਜਿਸ ਨੂੰ ਪਿਆਰ ਨਾਲ ਪਲੋਸਿਆ ਜਾ ਸਕੇ।
       27 ਦਸੰਬਰ ਨੂੰ ਸਾਰਾ ਦਿਨ 'ਫੇਸਬੁੱਕ' ਅਤੇ ਉਸ ਰਾਹੀਂ ਦੋਸਤੀ ਦਾ ਦਮ ਭਰਨ ਵਾਲਿਆਂ ਤੋਂ ਦੂਰ ਰਹਿ/ ਹੋ ਜਾਣ ਦਾ ਜਿਹੜਾ ਸੰਤਾਪ ਹੰਢਾਇਆ, ਉਹ ਤਾਂ ਹੰਢਾਇਆ, ਇਹ ਖਾਤਾ ਖੁੱਲ੍ਹ ਜਾਣ ਮਗਰੋਂ ਵੀ ਮੇਰੀ ਪੂਰੇ ਦਿਨ ਦੀ ਗ਼ੈਰਹਾਜ਼ਰੀ ਦੇ ਸਬੰਧ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਦੋਸਤ, ਗਿਣਤੀ ਵਿਚ ਮੇਰੇ ਪੋਟਿਆਂ ਨਾਲੋਂ ਵੀ ਘੱਟ ਸਨ।
       ਮੈਂ ਇਸ ਉਦਰੇਵੇਂ ਜਿਹੇ ਵਿਚ ਆਪਣੀ ਵੈੱਬਸਾਈਟ (ਕਲਮਸਿਤਾਨ) ਉੱਤੇ ਵੀ ਇਹ ਐਲਾਨ ਕਰ ਦਿੱਤਾ ਕਿ ਹੁਣ ਇਸ ਦੀਆਂ ਹੈੱਡ ਲਾਈਨਾਂ ਦੇ ਪੁਆਂਇਟਰ 'ਫੇਸਬੁਕ' ਉੱਤੇ ਨਾ ਉਡੀਕੇ ਜਾਣ।
       ਸ਼ਾਇਦ ਇਹ ਸਾਰਾ ਕੁੱਝ ਇੰਨਾ ਦੁੱਖਦਾਈ ਨਾ ਹੁੰਦਾ ਜੇ ਇਸ ਤੋਂ ਇਕ ਦਿਨ ਹੀ ਪਹਿਲਾਂ ਮੇਰਾ 'ਰੀਡਿਫਮੇਲ' ਦਾ ਖਾਤਾ ਜਾਮ ਨਾ ਕੀਤਾ ਹੁੰਦਾ। ਉਹ ਅੱਜ ਵੀ ਬੰਦ ਹੈ। ਇਹ ਸਭ ਕੁੱਝ ਕਿਸ ਦੀ ਮਿਹਰਬਾਨੀ ਨਾਲ ਹੋਇਆ, ਮੈਂ ਇਹ ਜਾਨਣ ਲਈ ਕਾਹਲਾ ਨਹੀਂ ਹਾਂ। ਮੈਨੂੰ ਤਾਂ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ 'ਇਸ ਦੋਸਤੀ' ਦਾ ਮਾਣ ਕਰਦਿਆਂ ਜਾਂ ਇਸ 'ਸ਼ੁਹਰਤ' ਦਾ ਗ਼ਰੂਰ ਕਰਦਿਆਂ ਅਸੀਂ ਇਹ ਕਿੱਦਾਂ ਭੁੱਲ ਜਾਂਦੇ ਹਾਂ ਕਿ ਇਸ ਸੰਸਾਰ ਵਿਚ ਸਾਡੇ ਕੁੱਝ ਦੋਖੀ ਵੀ ਹਨ, ਜੋ ਸਾਨੂੰ ਮਿਟਾਉਣ ਲਈ ਕਿਸੇ ਹੱਦ ਤਕ ਵੀ ਜਾ ਸਕਦੇ ਹਨ।
       ਪੂਰਾ ਇਕ ਦਿਨ 'ਫੇਸਬੁੱਕ' ਤੋਂ ਦੂਰ ਰਹਿਣ ਨਾਲ ਮੈਂ ਇਸ ਸੁਪਨਮਈ ਸੰਸਾਰ ਤੋਂ ਦੂਰ ਰਹਿਣਾ ਸਿੱਖ ਲਿਆ ਹੈ, ਪਰ ਮੈਨੂੰ ਹਾਲੇ ਇਸ ਦਾ ਅਭਿਆਸ ਕਰਨਾ ਪਏਗਾ।
      ਦੂਜੀ ਵਾਰੀ 'ਫੇਸਬੁੱਕ' ਖੋਲ੍ਹਦਿਆਂ ਮੇਰੇ ਮਨ ਵਿਚ ਕਿਤੇ ਉਹੋ ਜਿਹਾ ਅਹਿਸਾਸ ਵੀ ਸੀ, ਜੋ ਇਕ ਵਾਰ ਧੋਖਾ ਕਰ ਚੁੱਕੇ ਕਿਸੇ ਸਕੇ-ਸਬੰਧੀ ਨਾਲ ਅਗਲੀ ਵਾਰ ਹੱਥ ਮਿਲਾਉਣ ਸਮੇਂ ਤੁਹਾਡੇ ਮਨ ਵਿਚ ਹੁੰਦਾ ਹੈ।  
        ਮੈਨੂੰ ਇਸ ਅਨੁਭਵ ਵਿਚੋਂ ਗੁਜ਼ਰਨ ਜੋਗਾ ਕਰਨ ਵਾਲ਼ਿਆ! ਤੇਰਾ ਸ਼ੁਕਰੀਆ!