ਇਕ ਵਿਲੱਖਣ ਕਾਰਜ
Posted On October - 3 - 2010
ਫਿਲਮਸਾਜ਼ੀ-ਆਰਟ ਆਫ ਫ਼ਿਲਮ ਮੇਕਿੰਗ
ਲੇਖਕ: ਬਖ਼ਸ਼ਿੰਦਰ
ਪੰਨੇ: 112, ਮੁੱਲ: 285 ਰੁਪਏ
ਪ੍ਰਕਾਸ਼ਕ: ਕਲਮਿਸਤਾਨ, ਜਲੰਧਰ।
ਪ੍ਰਕਾਸ਼ਕ: ਕਲਮਿਸਤਾਨ, ਜਲੰਧਰ।
ਬਖ਼ਸ਼ਿੰਦਰ ਪੰਜਾਬੀ ਦਾ ਸੀਨੀਅਰ ਪੱਤਰਕਾਰ ਤੇ ਲੇਖਕ ਹੈ। ਉਸ ਨੇ ਹੁਣ ਤਕ ‘ਮੌਨ ਅਵਸਥਾ ਦੇ ਸੰਵਾਦ’ ਅਤੇ ‘ਸਭ ਤੋਂ ਗੰਦੀ ਗਾਲ੍ਹ’ (ਨਾਟਕ ਸੰਗ੍ਰਹਿ) ਪੰਜਾਬੀ ਮਾਂ ਬੋਲੀ ਦੀ ਝੋਲੀ ਪੁਸਤਕਾਂ ਪਾਈਆਂ ਹਨ। ਬਖ਼ਸ਼ਿੰਦਰ ਨੂੰ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਦੀਆਂ ਗੁੰਝਲਾਂ ਅਤੇ ਬਾਰੀਕੀਆਂ ਦਾ ਗਹਿਰ ਗੰਭੀਰ ਅਧਿਐਨ ਹੈ ਕਿਉਂਕਿ ਉਸ ਦਾ ਸਮੁੱਚਾ ਜੀਵਨ ਹੀ ਇਸ ਕਿੱਤੇ ਨੂੰ ਸਮਰਪਿਤ ਹੈ। ਸ਼ਾਇਦ ਉਹ ਆਪਣੇ ਇਸ ਪ੍ਰੌਢ ਗਿਆਨ ਤੇ ਜਾਦੂਗਰੀ ਸਦਕਾ ਹੀ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਵਿਚ ਫਿਲਮਸਾਜ਼ੀ ਦੀ ਇਹ ਪੁਸਤਕ ਛਪਾਉਣ ਵਿਚ ਕਾਮਯਾਬ ਰਿਹਾ ਹੈ। ਇਸ ਪੁਸਤਕ ਵਿਚ ਫ਼ਿਲਮ ਬਣਾਉਣੀ ਤੇ ਫਿਲਮਾਉਣ ਤਕ ਦੇ ਸਾਰੇ ਢੰਗ-ਤਰੀਕਿਆਂ ਬਾਰੇ ਬੜੀ ਬਾਰੀਕਬੀਨੀ ਤੇ ਕਾਬਲੀਅਤ ਬਾਰੇ ਚਾਨਣਾ ਪਾਇਆ ਗਿਆ ਹੈ ਕਿਉਂਕਿ ਸਮੁੱਚੀ ਫ਼ਿਲਮ ਵਿਚ ਕਈ ਤਰ੍ਹਾਂ ਦੀਆਂ ਤਕਨੀਕੀ ਗੁੰਝਲਾਂ ਦਰਪੇਸ਼ ਆਉਂਦੀਆਂ ਹਨ। ਉਨ੍ਹਾਂ ਸਾਰੀਆਂ ਨੂੰ ਸੁਲਝਾਉਣ ਅਤੇ ਸੁਧਾਰਨ ਦਾ ਤਰੀਕਾ ਇਸ ਪੁਸਤਕ ਰਾਹੀਂ ਸਮਝਾਇਆ ਗਿਆ ਹੈ। ਇਸ ਪੁਸਤਕ ਵਿਚ ਫ਼ਿਲਮ ਵਿਚ ਸਿਰਜਣਾਤਮਕ ਕਾਰਜ ਨੂੰ ਨੇਪਰੇ ਚਾੜ੍ਹਨ ਅਤੇ ਸੁਲਝਾਉਣ ਦਾ ਗੁਰ ਵੀ ਬਾਖੂਬੀ ਬਿਆਨਿਆ ਗਿਆ ਹੈ।
ਮੁੰਬਈ ਦੀ ਫ਼ਿਲਮ ਨਗਰੀ ਵਿਚ 80 ਫੀਸਦੀ ਤੋਂ ਵਧੇਰੇ ਪੰਜਾਬੀਆਂ ਦਾ ਹਰ ਪੱਖੋਂ ਪ੍ਰਭਾਵਸ਼ਾਲੀ ਯੋਗਦਾਨ ਵੀ ਹੈ ਤੇ ਕਬਜ਼ਾ ਵੀ। ਪਰ ਹੈਰਾਨੀ ਹੁੰਦੀ ਹੈ ਕਿ ਕਿਸੇ ਨੇ ਵੀ ਇਸ ਤਰ੍ਹਾਂ ਦੀ ਨਾ ਤਾਂ ਕੋਈ ਫ਼ਿਲਮਸਾਜ਼ੀ ਬਾਰੇ ਪੁਸਤਕ ਹੀ ਲਿਖੀ ਹੈ, ਨਾ ਹੀ ਕੋਈ ਸਿਖਲਾਈ ਸੰਸਥਾ ਖੋਲ੍ਹੀ ਹੈ ਅਤੇ ਨਾ ਹੀ ਇਸ ਖਿੱਤੇ ਵਿਚ ਕੋਈ ਫਿਲਮਿਸਤਾਨ ਬਣ ਸਕਿਆ ਹੈ। ਬਖ਼ਸ਼ਿੰਦਰ ਨੇ ਇਹ ਅਦਭੁੱਤ ਤੇ ਵਿਲੱਖਣ ਕਾਰਜ ਕਰਕੇ ਅਜੂਬਾ ਕ੍ਰਿਸ਼ਮਾ ਕਰ ਵਿਖਾਇਆ ਹੈ। ਲੇਖਕ ਨੇ ਜੋ ਕੁਝ ਵੀ ਜੀਵਨ ਦੇ ਲੰਮੇ ਤਜਰਬੇ ਵਿੱਚੋਂ ਹਾਸਲ ਕੀਤਾ ਹੈ ਉਸ ਨੂੰ ਫ਼ਿਲਮਸਾਜ਼ੀ ਦੇ ਕਾਗਜ਼ਾਂ ਉਤੇ ਉਤਾਰ ਦਿੱਤਾ ਹੈ। ਪੁਸਤਕ ਪੜ੍ਹਦਿਆਂ ਪਾਠਕ ਨੂੰ ਫਿਲਮਸਾਜ਼ੀ ਬਾਰੇ ਹੁੰਦੀਆਂ ਆਮ ਗੱਲਾਂ ਅਤੇ ਫ਼ਿਲਮ ਦੇ ਸਮੁੱਚੇ ਕਾਰਜ ਤੇ ਨਿਭਾਅ ਬਾਰੇ ਗਿਆਨ ਹੁੰਦਾ ਜਾਂਦਾ ਹੈ। ਵੈਸੇ ਵੀ ਇਹ ਪੁਸਤਕ ਸੌਖੀ ਭਾਸ਼ਾ ਵਿਚ ਲਿਖੀ ਗਈ ਹੈ। ਪੁਸਤਕ ਪੜ੍ਹਦਾ ਪਾਠਕ ਸਕਰੀਨ ਉਤੇ ਫਿਲਮ ਵੇਖਣ ਦਾ ਅਹਿਸਾਸ ਮਨ ਵਿਚ ਕਰ ਰਿਹਾ ਹੁੰਦਾ ਹੈ। ਇਸ ਪੁਸਤਕ ਦੀ ਖਾਸੀਅਤ ਇਹ ਹੈ ਕਿ ਜਿਹੜੇ ਵਿਦਿਆਰਥੀ ਜਾਂ ਸਿਖਿਆਰਥੀ ਇਲੈਕਟ੍ਰਾਨਿਕ ਜਾਂ ਪ੍ਰਿੰਟ ਮੀਡੀਆ ਨੂੰ ਆਪਣਾ ਰੁਜ਼ਗਾਰ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਸਭਨਾਂ ਲਈ ਇਹ ਪੁਸਤਕ ਬਹੁਤ ਲਾਭਕਾਰੀ ਹੈ ਕਿਉਂਕਿ ਕਈ ਵੱਡੇ ਅਖ਼ਬਾਰ ਫ਼ਿਲਮਾਂ ਬਾਰੇ ਵੱਖੋ-ਵੱਖ ਅਡੀਸ਼ਨ ਕੱਢ ਕੇ ਫ਼ਿਲਮਾਂ ਬਾਰੇ ਭਾਵਪੂਰਤ ਸਮੀਖਿਆ ਛਾਪਦੇ ਹਨ, ਜਿਨ੍ਹਾਂ ਨੂੰ ਪਾਠਕ ਵਰਗ ਬੜੀ ਰੌਚਿਕਤਾ ਤੇ ਗਹਿਰ ਗੰਭੀਰਤਾ ਨਾਲ ਪੜ੍ਹਦਾ ਹੈ।
ਫ਼ਿਲਮ ਜਗਤ ਜਾਂ ਫ਼ਿਲਮ ਵੇਖਣ, ਮਾਨਣ ਦੇ ਪ੍ਰਭਾਵ ਤੋਂ ਹੁਣ ਦਾ ਕੋਈ ਵੀ ਮਨੁੱਖ ਵਾਂਝਾ ਨਹੀਂ ਰਹਿ ਸਕਦਾ। ਸ਼ਾਇਦ ਇਸ ਗੱਲ ਦੀ ਸ਼ਾਹਦੀ ਭਰਦਿਆਂ ਹੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਰੂਸ ਵਿਚ ਇਨਕਲਾਬ ਦਾ ਝੰਡਾ ਬੁਲੰਦ ਕਰਨ ਵਾਲੇ ਵਲਾਦੀਮੀਰ ਇਲੀਏਸ ਲੈਨਿਨ ਨੇ ਵੀ ਕਿਹਾ ਸੀ ਕਿ ਸਾਰੀਆਂ ਕਲਾਵਾਂ ਨਾਲੋਂ ਸਿਨੇਮਾ ਸਾਡੇ ਲਈ ਅਹਿਮ ਹੈ। ਉਨ੍ਹਾਂ ਦੇ ਕਹਿਣ ਅਨੁਸਾਰ ਸਿਨੇਮਾ ਦੀ ਤਾਕਤ ਤੇ ਪ੍ਰਭਾਵ ਨੂੰ ਜ਼ਿੰਦਗੀ ‘ਚੋਂ ਅਣਗੌਲਿਆ ਨਹੀਂ ਜਾ ਸਕਦਾ। ਇਸੇ ਕਾਰਨ ਬਖ਼ਸ਼ਿੰਦਰ ਦੀ ਪੁਸਤਕ ਨੂੰ ਵੀ ਪਾਠਕ ਵਰਗ ਚੰਗੀ ਫ਼ਿਲਮ ਸਮਝਦਿਆਂ ਬੜੀ ਰੁਚੀ ਤੇ ਉਤਸੁਕਤਾ ਨਾਲ ਵੇਖਦਾ ਤੇ ਪੜ੍ਹਦਾ ਹੈ। ਲੇਖਕ ਨੇ ਹਰ ਅਧਿਆਏ ਦੇ ਸ਼ੁਰੂ ਵਿਚ ਮਹਾਨ ਫ਼ਿਲਮੀ ਸ਼ਖਸੀਅਤਾਂ ਦੀਆਂ ਟਿੱਪਣੀਆ ਦਿੱਤੀਆਂ ਹਨ ਜਿਸ ਨਾਲ ਅਧਿਆਏ ਵਿਚਲੇ ਸਮੁੱਚੇ ਮੈਟਰ ‘ਤੇ ਵਿਚਾਰ ਬਾਰੇ ਪਹਿਲਾਂ ਹੀ ਕਾਫੀ ਕੁਝ ਪਤਾ ਲੱਗ ਜਾਂਦਾ ਹੈ। ਪਰ ਪੁਸਤਕ ਵਿਚ 30 ਤੋਂ ਵੱਧ ਅਜਿਹੀਆਂ ਕੁਟੇਸ਼ਨਾਂ (ਚੋਣਵੇਂ ਵਿਚਾਰ) ਦਰਸਾਏ ਗਏ ਹਨ ਜਿਹੜੇ ਅਲਫਰੈਡ ਹਿੱਚਕੋਕ ਤੋਂ ਲੈ ਕੇ ਮਾਈਕ ਫਿੱਗਿਸ ਵਰਗੇ ਸੰਸਾਰ ਪ੍ਰਸਿੱਧ ਫ਼ਿਲਮਸਾਜ਼ਾਂ ਨਾਲ ਸਬੰਧ ਰੱਖਦੇ ਹਨ। ਲੇਖਕ ‘ਫਿਲਮਸਾਜ਼ੀ ਦਾ ਇਤਿਹਾਸ, ‘ਪੰਜਾਬੀ ਸਿਨੇਮਾ ਦਾ ਇਤਿਹਾਸ ਅਤੇ ‘ਰੰਗ ਨਗਰੀ ਦੇ ਰੰਗ’ ਵਿਚ ਫ਼ਿਲਮਾਂ ਦੇ ਰੁਝਾਨਾਂ ਅਤੇ ਫ਼ਿਲਮਸਾਜ਼ੀ ਨਾਲ ਸਬੰਧਤ ਸ਼ਖਸੀਅਤਾਂ ਬਾਰੇ ਗੱਲਾਂ ਕਰਦਾ ਹੋਇਆ ਸਾਰੀਆਂ ਰਮਜ਼ਾਂ ਜਾਂ ਭੇਤਾਂ ਦੀ ਬਾਖੂਬੀ ਦੱਸ ਪਾ ਜਾਂਦਾ ਹੈ।
ਪੁਸਤਕ ਵਿਚ ਫ਼ਿਲਮਸਾਜ਼ੀ ਨਾਲ ਸਬੰਧਤ ਸ਼ਬਦਾਵਲੀ ਦੇ ਅੰਦਰਾਜ ਵੀ ਸ਼ਾਮਲ ਹੋਏ ਹਨ ਜਿਸ ਨਾਲ ਸਿਖਾਂਦਰੂਆਂ ਨੂੰ ਕੁਝ ਨਾ ਕੁਝ ਸਿੱਖਣ ਦਾ ਮੌਕਾ ਜ਼ਰੂਰ ਮਿਲਦਾ ਹੈ। ਲੇਖਕ ਨੇ ਫ਼ਿਲਮਸਾਜ਼ੀ ਦੇ ਇਤਿਹਾਸ ਤੋਂ ਲੈ ਕੇ ਪੰਜਾਬੀ ਸਿਨੇਮਾ ਦੇ ਪਿਛੋਕੜ ਦੀ ਸਥਿਤੀ ਨੂੰ ਬਾਖੂਬੀ ਬਿਆਨਿਆ ਹੈ। ਉਹ ਦੱਸਦਾ ਹੈ ਕਿ ਪੰਜਾਬ ਵਿਚ ਸਭ ਤੋਂ ਪਹਿਲੀ ਫ਼ਿਲਮ 1926 ਵਿਚ ‘ਖਾਮੋਸ਼’ ਬਣੀ ਸੀ ਅਤੇ 1933 ਵਿਚ ਪਹਿਲੀ ਪੰਜਾਬੀ ਫ਼ਿਲਮ ‘ਸ਼ੀਲਾ’ ਦਾ ਪਹਿਲਾ ਸ਼ੋਅ ਕੋਲਕਾਤਾ ਦੇ ‘ਰੋਰਿੰਥਿਅਨ ਥੀਏਟਰ’ ਵਿਚ ਹੋਣ ਨਾਲ ਪੰਜਾਬੀ ਸਿਨੇਮਾ ਦਾ ਆਗ਼ਾਜ਼ ਹੋਇਆ ਸੀ ਪਰ ਥੋੜ੍ਹੇ ਸਮੇਂ ਮਗਰੋਂ ਦੇਸ਼ ਦੀ ਵੰਡ ਹੋਣ ਕਾਰਨ ਲਾਹੌਰ, ਜੋ ਫ਼ਿਲਮਾਂ ਦਾ ਕੇਂਦਰ ਸੀ, ਸਾਥੋਂ ਖੁੱਸ ਗਿਆ ਤੇ ‘ਪੰਜਾਬੀ ਫ਼ਿਲਮਾਂ’ ਵਾਸਤੇ ਨਵੇਂ ਸਿਰਿਓਂ ਵਿਉਂਤਵੰਦੀ ਬਣਾਉਣੀ ਪਈ ਸੀ। ਬਖ਼ਸ਼ਿੰਦਰ ਫਿਲਮ ਦੀ ਕਹਾਣੀ, ਪਟਕਥਾ, ਸੰਵਾਦ, ਨਿਰਦੇਸ਼ਨ ਤੇ ਨਿਰਦੇਸ਼ਕ, ਕੈਮਰਾਮੈਨ, ਗੀਤ-ਸੰਗੀਤ, ਨਾਚ, ਨਿਰਦੇਸ਼ਨ, ਕਾਸਟਿੰਗ, ਐਡੀਟਿੰਗ, ਡਬਿੰਗ ਤੇ ਮਿਕਸਿੰਗ ਬਾਰੇ ਬੜੀ ਗਿਆਨ ਭਰਪੂਰ ਤੇ ਅਰਥ ਭਰਪੂਰ ਜਾਣਕਾਰੀ ਪਾਠਕਾਂ ਨੂੰ ਕਰਾਉਂਦਾ ਹੈ। ਇਸ ਸਾਰੇ ਕਾਰਜ ਵਿਚਲੀਆਂ ਲੋੜਾਂ ਥੁੜ੍ਹਾਂ, ਕਮੀਆਂ ਤੇ ਤਰੁੱਟੀਆਂ ਨੂੰ ਕਿਵੇਂ ਸੁਧਾਰਨਾ ਜਾਂ ਨਿਖਾਰਨਾ ਹੈ, ਬਾਰੇ ਵੀ ਉਹ ਵਿਸਥਾਰਪੂੁਰਵਕ ਦੱਸਦਾ ਹੈ। ਇਕ ਚੰਗੀ ਫ਼ਿਲਮ ਦੀ ਕਹਾਣੀ ਦੀ ਉਦਾਹਰਣ ਦੇਣ ਲਈ ਉਹ ਰਾਮ ਸਰੂਪ ਅਣਖੀ ਦੀ ‘ਸਾਈਕਲ ਦੌੜ’ ਕਹਾਣੀ ਨੂੰ ਪੁਸਤਕ ਦਾ ਹਿੱਸਾ ਬਣਾਉਂਦਾ ਹੈ। ਇਸ ਸਮੁੱੱਚੀ ਕਹਾਣੀ ਨੂੰ ਪੜ੍ਹਨ ਤੋਂ ਬਾਅਦ ਕਹਾਣੀ ਤੇ ਪਟਕਥਾ ਬਣਨ ਵਾਲੀ ਸਮੱਗਰੀ ਦੇ ਸਾਰੇ ਪੱਖ ਇਕਦਮ ਪਾਠਕ ਸਾਹਮਣੇ ਆ ਖਲੋਂਦੇ ਹਨ।
ਲੇਖਕ ਦੀ ਇਹ ਗੱਲ ਠੀਕ ਹੈ ਕਿ ਲੇਖਕ ਦੇ ਮੁਕਾਬਲੇ ਫ਼ਿਲਮਸਾਜ਼ ਜਾਂ ਪਟਕਥਾ ਲੇਖਕ ਸ਼ਬਦਾਂ ਦੀ ਬਜਾਏ ਤਸਵੀਰਾਂ ਨਾਲ ਸਾਰਾ ਹਾਲ ਪੇਸ਼ ਕਰ ਦਿੰਦਾ ਹੈ ਜਿਸ ਕਰਕੇ ਕਿਸੇ ਵੀ ਫ਼ਿਲਮ ਵਿਚ ਤਸਵੀਰਾਂ ਦਾ ਵਾਧੂ ਹੋਣਾ ਜ਼ਰੂਰੀ ਹੋ ਜਾਂਦਾ ਹੈ। ਇਸੇ ਕਰਕੇ ਹੀ ਪੁਸਤਕ ਵਿਚ ਮਹਾਨ ਫ਼ਿਲਮੀ ਹਸਤੀਆਂ ਜਿਵੇਂ ਸ਼ਿਆਮ ਬੈਨੇਗਲ, ਸੁਭਾਸ਼ ਘਈ, ਸ਼ਬਾਨਾ ਆਜ਼ਮੀ, ਨਵੀਨ ਨਿਸ਼ਚਲ, ਦਿਲਜੀਤ ਕੌਰ, ਰਾਜ ਬੱਬਰ ਜਾਂ ਹੋਰ ਕਈਆਂ ਦੀਆਂ ਤਸਵੀਰਾਂ ਦਾ ਛਪਣਾ ਇਸ ਪੁਸਤਕ ਦੀ ਆਪਣੀ ਕੀਮਤ ਤੇ ਪਛਾਣ ਹੈ। ਇਸ ਪੁਸਤਕ ‘ਚ ਲੇਖਕ ਨੇ ਪਹਿਲੀ ਗੱਲ ਤਾਂ ਆਪਣੀਆਂ ਹੀ ਬਹੁਤ ਸਾਰੀਆਂ ਤਸਵੀਰਾਂ ਛਾਪ ਦਿੱਤੀਆਂ ਹਨ। ਇਸ ਤੋਂ ਇਹੀ ਭਾਸਦਾ ਹੈ ਕਿ ਲੇਖਕ ਆਪਣੀਆਂ ਵੱਧ ਤਸਵੀਰਾਂ ਛਾਪ ਕੇ ਆਪਣੀ ਹੀ ਪ੍ਰਸਿੱਧੀ ਕਰਨੀ ਚਾਹੁੰਦਾ ਹੈ। ਦੂਜਾ ਜੇਕਰ ਉਹ ਹਰ ਇਕ ਫੋਟੋ ਕੈਪਸ਼ਨ ‘ਚ ਆਪਣਾ ਨਾਂ ਨਾ ਲਿਖਦਾ ਤਾਂ ਚੰਗਾ ਹੁੰਦਾ। ਇਕ ਨੂੰ ਛੱਡ ਕੇ ਬਾਕੀਆਂ ਨਾਲ ਲੇਖਕ ਲਿਖਣਾ ਕਾਫੀ ਸੀ। ਲਗਾਤਾਰ ਕਈ ਪੰਨਿਆਂ ‘ਤੇ ਤਸਵੀਰਾਂ ਛਾਪਣ ਨਾਲ ਵੀ ਪੁਸਤਕ ਦਾ ਪ੍ਰਭਾਵ ਮੱਧਮ ਪੈਣ ਦੀ ਸੰਭਾਵਨਾ ਬਣ ਜਾਂਦੀ ਹੈ। ਪੁਸਤਕ ਦੇ ਪੰਨਾ 30, 31, 33 ਉਤੇ ਕਈ ਸ਼ਬਦ ਜੋੜਾਂ ਦੀਆਂ ਗਲਤੀਆਂ ਰਹਿ ਗਈਆਂ ਹਨ ਜਿਨ੍ਹਾਂ ਬਾਰੇ ਪ੍ਰਿੰਟਿੰਗ ਜਾਂ ਪਰੂਫ ਪੜ੍ਹਨ ਵੇਲੇ ਧਿਆਨ ਦੇਣ ਦੀ ਲੋੜ ਸੀ। ਲੇਖਕ ਨੇ ਇਸ ਪੁਸਤਕ ਵਿਚ ਉਸਤਾਦ ਗਿੱਲ ਡੈਨਿਸ ਦੀ ਟਿੱਪਣੀ ਵਿਸ਼ੇਸ਼ ਤੌਰ ‘ਤੇ ਛਾਪੀ ਹੈ ਕਿ ਤੁਹਾਨੂੰ ਕੋਈ ਵੀ ਫਿਲਮ ਇਸ ਤਰ੍ਹਾਂ ਲਿਖਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਕਿਸੇ ਅੰਨ੍ਹੇ ਅੱਗੇ ਕਿਸੇ ਤਿਆਰ ਫ਼ਿਲਮ ਦੀ ਵਿਆਖਿਆ ਕਰ ਰਹੇ ਹੋਵੋ।
ਬਖ਼ਸ਼ਿੰਦਰ ਕੋਲ ਡੂੰਘੀ ਪਾਰਖੂ ਨਜ਼ਰ ਹੋਣ ਕਰਕੇ ਉਹ ਫ਼ਿਲਮਾਂ ਦੇ ਕਾਰਜ ਵਿਚ ਆਉਣ ਵਾਲੀਆਂ ਗੁੰਝਲਾਂ ਤੇ ਮੁਸ਼ਕਲਾਂ ਨੂੰ ਹੱਲ ਕਰਨ ਦਾ ਤਰੀਕਾ ਸਹਿਜੇ ਹੀ ਸੁਝਾਅ ਜਾਂਦਾ ਹੈ। ਉਸ ਨੇ ਇਸ ਪੁਸਤਕ ਦੇ ਛਪਵਾਉਣ ਦੇ ਸਾਰੇ ਕਾਰਜ ਨੂੰ ਆਪ ਹੀ ਨੇਪਰੇ ਚਾੜ੍ਹਿਆ ਹੈ। ਇਸ ਪੁਸਤਕ ਦੇ ਛਪਣ ਨਾਲ ਜਿੱਥੇ ਆਮ ਸਾਧਾਰਨ ਪਾਠਕ ਨੂੰ ਪੜ੍ਹ ਕੇ ਪੰਜਾਬੀ ਅਤੇ ਹਿੰਦੀ ਫ਼ਿਲਮ ਜਗਤ ਦੇ ਇਤਿਹਾਸ ਬਾਰੇ ਗਿਆਨ ਪ੍ਰਾਪਤ ਹੋਵੇਗਾ ਉਥੇ ਸਮੁੱਚੀ ਫ਼ਿਲਮ ਜਗਤ ਜਾਂ ਫ਼ਿਲਮਾਂ ਵਿਚਲੇ ਚੰਗੇ, ਮਾੜੇ ਰੁਝਾਨਾਂ, ਕਾਰਜਾਂ ਜਾਂ ਮਹੱਤਵਪੂਰਨ ਕਾਰਕਰਦਗੀਆਂ ਬਾਰੇ ਜਾਣਨ ਦਾ ਅਵਸਰ ਵੀ ਪ੍ਰਾਪਤ ਹੋਵੇਗਾ। ਸੁਖਵੰਤ ਦਾ ਆਰਟ ਵਰਕ ਵੀ ਕਮਾਲ ਦਾ ਹੈ। ਇਹ ਪੁਸਤਕ ਪੜ੍ਹਨ, ਸਮਝਣ ਤੇ ਮਾਨਣ ਵਾਲੀ ਹੈ ਜਿਸ ਕਰਕੇ ਲੇਖਕ ਵਧਾਈ ਦਾ ਹੱਕਦਾਰ ਹੈ।
