ਬਾਬਾ ਇਨਕਲਾਬ ਸਿੰਘ ਬਾਰੇ ਬਖ਼ਸ਼ਿੰਦਰ ਨੂੰ ਬਾਰਾਂ ਸੁਆਲ
-ਐੱਮਪੀ ਸਿੰਘ
ਇਕ ਬਖ਼ਸ਼ਿੰਦਰ ਨਾਲ ਮੇਰਾ ਵਾਹ ਪਿਆ ਸੀ, ਅੱਜ ਤੋਂ 33-34 ਸਾਲ ਪਹਿਲਾਂ। ਉਹ ਬਖ਼ਸ਼ਿੰਦਰ ਸੀ ਇਕ ਕਵੀ, ਇਕ ਲੇਖਕ, ਇਕ ਪੱਤਰਕਾਰ, ਇਕ ਕ੍ਰਿਟਿਕ। ਫਿਰ ਉਹੀ ਬਖ਼ਸ਼ਿੰਦਰ, ਫ਼ਿਲਮਾਂ ਲਈ ਸਟੋਰੀ ਰਾਈਟਰ ਬਣ ਗਿਆ ਤੇ ਹੁਣ ਫ਼ਿਲਮਸਾਜ਼। ਕਾਫੀ ਲੰਬਾ ਸਫ਼ਰ ਤੈਅ ਕਰ ਕੇ ਉਹ ਇਨ੍ਹੀਂ ਦਿਨੀਂ ਕੈਨੇਡਾ ਆਇਆ ਹੋਇਐ। ਇਸ ਵੇਲ਼ੇ ਉਹ ਸਰੀ ਵਿਚ ਆਪਣੇ ਬੱਚਿਆਂ ਨਾਲ ਹੈ। ਮੇਰੀ ਤਮੰਨਾ ਸੀ ਕਿ ਇਹ ਇੰਟਰਵਿਊ ਮੈਂ ਬਖ਼ਸ਼ਿੰਦਰ ਦੇ ਗੋਡੇ ਮੁੱਢ ਬੈਠ ਕੇ ਕਰਦਾ, ਉਸ ਨੂੰ ਬੜੇ ਸਾਲਾਂ ਬਾਅਦ ਮਿਲਦਾ, ਪਰ ਅਜਿਹਾ ਨਾ ਹੋ ਸਕਿਆ ਤੇ ਮੈਂ ਉਸ ਨੂੰ ਉਸ ਵੱਲੋਂ ਬਣਾਈ ਜਾਣ ਵਾਲ਼ੀ ਫ਼ਿਲਮ ‘ਬਾਬਾ ਇਨਕਲਾਬ ਸਿੰਘ’ ਬਾਰੇ ਇਨ੍ਹਾਂ ‘ਬਾਰਾਂ ਸੁਆਲਾਂ’ ਦੇ ਜੁਆਬ ਦੇਣ ਲਈ ਮਨਾ ਲਿਆ। ਪੇਸ਼ ਹਨ ਉਨ੍ਹਾਂ ਬਾਰਾਂ ਸੁਆਲਾਂ ਦੇ, ਬਖ਼ਸ਼ਿੰਦਰ ਵੱਲੋਂ ਦਿੱਤੇ ਹੋਏ ਜੁਆਬ, ਜੋ ਉਸ ਨੇ ਈ-ਮੇਲ ਰਾਹੀਂ ਦਿੱਤੇ:-
    #- ਬੜੇ ਸਾਲ ਤੇਰੇ ਲਿਖੇ ਲੇਖ ਤੇ ਨਜ਼ਮਾਂ ਪੜ੍ਹੀਆਂ, ਫਿਰ ਇਕ ਨਿਊਜ਼ ਰੂਮ ਵਿਚ ਇਕੱਠਿਆਂ ਕੰਮ ਕਰਦਿਆਂ ਵੀ ਤੇਰੇ ‘ਕਲਮੀ ਕੌਤਕ’ ਦੇਖੇ। ਹੁਣ ਤੂੰ ਫ਼ਿਲਮਾਂ ਦੀ ਚੀਰ-ਪਾੜ ਕਰਨ ਮਗਰੋਂ ਆਪ ਫ਼ਿਲਮੀ ਸਕਰਿਪਟਾਂ ਲਿਖਣ ਲੱਗ ਪਿਆ ਏਂ....। ਇੰਨਾ ਕੁੱਝ ਕਰ ਗੁਜ਼ਰਨ ਲਈ ਬੜਾ ਲੰਬਾ ਪੈਂਡਾ ਤੈਅ ਕਰਨਾ ਪਿਆ ਹੋਣੈ?
    $- ਪੈਂਡਾ? ਚਲੋ ਪੈਂਡਾ ਹੀ ਕਹਿ ਲੈਂਦੇ ਹਾਂ। ਪੈਂਡਾ ਤਾਂ ਐੱਮਪੀ ਸਿੰਘ ਕੋਈ ਬੰਦਾ ਇਕ ਥਾਂ ਬੈਠ ਕੇ, ਅੱਖਾਂ ਮੀਚ ਕੇ ਵੀ ਬਹੁਤ ਸਾਰਾ ਕਰ ਲੈਂਦਾ ਹੈ। ਜਿਸਮਾਨੀ ਰੂਪ ਵਿਚ ਮੈਂ ਜਲੰਧਰੋਂ, ਚੰਡੀਗੜ੍ਹ ਤੇ ਵਾਪਸ ਜਲੰਧਰ ਹੀ ਗਿਆ ਹਾਂ, ਪਰ ਇਨ੍ਹਾਂ ਦੋ ਸ਼ਹਿਰਾਂ ਵਿਚ ਰਹਿੰਦਿਆਂ ਮੈਂ ਤਿੰਨ ਅਖ਼ਬਾਰਾਂ ਦੇ ਨਿਊਜ਼ ਰੂਮਜ਼ ਵਿਚ ਕੰਮ ਕੀਤਾ ਤੇ ਕਈ ਤਰ੍ਹਾਂ ਦੇ ਅਨੁਭਵ ਹੰਢਾਏ। ਪੱਤਰਕਾਰਾਂ ਵਾਂਗੂੰ ਦੇਖਦਾ ਸਾਂ, ਸ਼ਾਇਰਾਂ ਵਾਂਗੂੰ ਸੋਚਦਾ ਸਾਂ ਤੇ ਫ਼ਿਲਮਸਾਜ਼ਾਂ ਵਾਂਗ ਚਿਤਵਦਾ ਸਾਂ। ਕਦੇ-ਕਦੇ ਮੈਨੂੰ ਲੱਗਦਾ ਸੀ ਕਿ ਇਹ ਤਿੰਨੇ ਹੀ ਵਿਧਾਵਾਂ ਮੇਰੇ ਅੰਦਰ ਘੋਲ-ਮਥੋਲਾ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚੋਂ ਕਦੇ ਕੋਈ ਉੱਪਰ ਆ ਜਾਂਦੀ, ਕਦੇ ਕੋਈ। ਮੈਂ ਇਨ੍ਹਾਂ ਤੇਹਾਂ ਕਿਰਦਾਰਾਂ ਵਿਚ ਵੰਡਿਆ ਰਿਹਾ ਜਾਂ ਇਹ ਤਿੰਨੇ ਹੀ ਕਿਰਦਾਰ ਮੇਰੇ ਅੰਦਰ ਥਾਂ ਮੱਲੀ ਬੈਠੇ ਰਹੇ। ਇਨ੍ਹਾਂ ਵਿਚੋਂ ਕੋਈ ਵੀ ਆਪਣਾ ਹੱਕ ਛੱਡਣ ਨੂੰ ਤਿਆਰ ਨਹੀਂ ਸੀ। ਮੈਂ ਬੜੇ ਸਾਲ ਬੇਰੁਜ਼ਗ਼ਾਰੀ ਦਾ ਸੰਕਟ ਹੰਢਾ ਕੇ ਮਸਾਂ-ਮਸਾਂ ਮਿਲੀ, ਅਖ਼ਬਾਰ ਦੀ ਨੌਕਰੀ ਛੱਡਣੀ ਨਹੀਂ ਚਾਹੁੰਦਾ ਸਾਂ ਕਿਉਂ ਕਿ ਮੇਰੇ ਸਿਰ ਪਰਿਵਾਰਕ ਬੋਝ, ਬੇਰੁਜ਼ਗ਼ਾਰ ਹੋਣ ਸਮੇਂ ਤੋਂ ਹੀ ਪੈ ਚੁੱਕਾ ਸੀ। ਵਿਚ-ਵਿਚ ਫ਼ਿਲਮੀ ਕੀੜਾ ਜਾਗਦਾ ਰਿਹਾ, ਉਸ ਨੂੰ ਸ਼ਾਂਤ ਕਰਨ ਲਈ ਦੋ ਕੁ ਫ਼ਿਲਮਾਂ ਵਿਚ ਛੋਟੇ-ਛੋਟੇ ਰੋਲ ਵੀ ਕੀਤੇ। ਇਸ ਬਹਾਨੇ ਬੰਬਈ ਨੂੰ ਵੀ ਥੂਕੜੇ ਲਾ ਆਇਆ। ‘ਜੱਗ-ਬਾਣੀ’ ਵਿਚ ਨੌਕਰੀ ਮਿਲਣ ਤੋਂ ਪਹਿਲਾਂ ‘ਨਵਾਂ ਜ਼ਮਾਨਾ’ ਵਿਚ ਕੰਮ ਕਰਦਿਆਂ ਤੇ ਕਈ ਵਾਰੀ ਲੇਖ ਤੇ ਕਵਿਤਾਵਾਂ ਲਿਖ/ ਛਪਵਾ ਕੇ ਇਸ ਖੇਤਰ ਵਿਚ ‘ਐਕਸਪੋਜ਼ਰ’ ਜਿਹਾ ਹਾਸਲ ਕਰ ਚੁੱਕਾ ਸਾਂ ਤੇ ਇਹ ਲੱਗਣ ਲੱਗਿਆ ਸੀ ਕਿ ਤੋਰੀ-ਫੁਲਕਾ ‘ਕਾਗ਼ਜ਼ ਕਾਲ਼ੇ ਕਰਨ’ ਨਾਲ ਹੀ ਮਿਲਣਾ ਹੈ। ਫਿਰ ‘ਜੱਗ-ਬਾਣੀ’ ਵਿਚ ਅੱਠ ਕੁ ਸਾਲ ਬੀਤ ਜਾਣ ਮਗਰੋਂ ਇਹ ਅਹਿਸਾਸ ਜਿਹਾ ਹੋਇਆ ਕਿ ਮਿੱਤਰਾ! ਇਹ ਤੇਰੀ ‘ਅਸਲੀ ਥਾਂ’ ਨਹੀਂ ਹੈ। ਇਸ ਖ਼ਿਆਲ ਨੇ ਬਹੁਤ ਤੰਗ ਕੀਤਾ ਕਿਉਂ ਕਿ ‘ਅਸਲੀ ਥਾਂ’ ਦਾ ਕੋਈ ਇਲਮ ਨਹੀਂ ਹੋ ਰਿਹਾ ਸੀ।
ਫਿਰ ‘ਟ੍ਰਿਬਿਊਨ’ ਵਿਚ ਚਲਿਆ ਗਿਆ ਤੇ ਫ਼ਿਲਮਾਂ ਬਾਰੇ ਲਿਖਣ ਲੱਗਿਆ, ਸਮੀਖਿਆ ਕਰਨ ਲੱਗਿਆ। ਜਦੋਂ ਇਸ ਨਜ਼ਰ ਨਾਲ ਫਿਲਮਾਂ ਦੇਖੀਆਂ, ਉਨ੍ਹਾਂ ਦੀਆਂ ਖ਼ੂਬੀਆਂ ਤੇ ਖ਼ਾਮੀਆਂ ਵੱਲ ਨਜ਼ਰ ਗਈ ਤਾਂ ਖ਼ਿਆਲ ਆਇਆ ਕਿ ਨੁਕਸ ਕੱਢਣੇ ਬੜੇ ਸੌਖੇ ਹਨ, ਫਿਲਮਾਂ ਲਈ ਕੁੱਝ ਚੱਜ ਦਾ ਲਿਖ ਕੇ ਦਿਖਾਵਾਂ। ਕੁੱਝ ਸਕਰਿਪਟਾਂ ਲਿਖੀਆਂ। ਜਿੱਦਾਂ ਲਿਖੀਆਂ, ਓਦਾਂ ਬਣੀਆਂ ਨਾ।
     #- ਫ਼ਿਲਮਸਾਜ਼ੀ ਦਾ ਫੁਰਨਾ ਕਿੰਝ ਫੁਰਿਆ?
   $- ਮਂੈ ਹੁਣੇ ਕਿਹਾ ਨਾ ਕਿ ਮੇਰੀਆਂ ਲਿਖੀਆਂ ਸਕਰਿਪਟਾਂ ਵਿਚ ਫ਼ਿਲਮ ਬਣਾਉਣ ਵੇਲ਼ੇ ਅਦਲਾ-ਬਦਲੀਆਂ ਕਰ ਦਿੱਤੀਆਂ ਗਈਆਂ। ਫਿਰ ਮੈਨੂੰ ਵਿਸ਼ਵਾਸ ਹੋਇਆ ਕਿ ਜੇ ਤੂੰ ਲਿਖ ਵਧੀਆ ਸਕਦੈ ਤਾਂ ਉਸ ਨੂੰ ਵਧੀਆ ਫ਼ਿਲਮਾਉਣਾ ਵੀ ਤੇਰੇ ਲਈ ਔਖਾ ਨਹੀਂ। ਹੁਣ ਆਪਣੀ ਲਿਖੀ ਸਕਰਿਪਟ ’ਤੇ ਫ਼ਿਲਮ ਡਾਇਰੈਕਟ ਕਰਨ ਲਈ ਪਰ ਤੋਲ ਰਿਹਾ ਹਾਂ। ਬਾਕੀ ਸਭ ਕੁੱਝ ਹਿਸਟਰੀ ਹੈ।
     #- ਤੂੰ ਕਦੇ ‘ਪਾਸ਼’ ਬਾਰੇ ਵੀ ਕੋਈ ਫ਼ਿਲਮ ਬਣਾਉਣ ਦੀ ਗੱਲ ਕੀਤੀ ਸੀ। ਉਸ ਪ੍ਰਾਜੈਕਟ ਦਾ ਕੀ ਬਣਿਆ?
     $- ਦੁਖਦੀ ਰਗ਼ ਛੇੜ ਦਿੱਤੀ ਐੱਮਪੀ ਸਿੰਹਾਂ! ਹਾਂ ਮੈਂ ਉਦੋਂ ‘ਪਾਸ਼’ ਬਾਰੇ ਫ਼ਿਲਮ ਬਣਾਉਣ ਦਾ ਫੈਸਲਾ ਕੀਤਾ ਸੀ ਜਦੋਂ
ਕਿਸੇ ਹੋਰ ਨੇ ਇਸ ਗੱਲ ਵੱਲ ਕੋਈ ਗ਼ੌਰ ਨਹੀਂ ਕੀਤਾ ਸੀ। ਮੈਂ ਭਾਸ਼ਾ ਵਿਭਾਗ ਅੱਗੇ, ਦਿੱਲੀ ਅਕੈਡਮੀ ਅੱਗੇ ਪੱਲੇ ਅੱਡੇ ਕਿ ਇਸ ਕੰਮ ਵਿਚ ਮੇਰੀ ਮਦਦ ਕਰੋ। ਸਭ ਨੇ ਇਹੋ ਕਿਹਾ ਕਿ ਏਦਾਂ ਦੇ ਕੰਮਾਂ ਲਈ ‘ਸਾਡੇ’ ਕੋਲ ਫੰਡ ਨਹੀਂ ਹੈ। ਮੇਰੇ ਲਈ ਉਸ ਵੇਲ਼ੇ ‘ਪੈਹੇ ਨੂੰ ਵੀ ਸਿਹਾ ਮਹਿੰਗਾ’ ਸੀ, ਜਿਸ ਕਰ ਕੇ ਇਹ ਗੱਲ ਹਾਲੇ ਵੀ ਮੈਨੂੰ ਰੜਕਦੀ ਰਹਿੰਦੀ ਹੈ।  
     #- ਬਾਬਾ ਬੂਝਾ ਸਿੰਘ ਨੂੰ ਸਕਰੀਨ ’ਤੇ ਦਿਖਾਉਣ ਲਈ ‘ਬਾਬਾ ਇਨਕਲਾਬ ਸਿੰਘ’ ਬਣਾਉਣ ਦੀ ਲੋੜ ਕਿਉਂ ਪੈ ਗਈ?
     $- ਅਸਲ ਵਿਚ ਕਿਸੇ ਇਤਿਹਾਸਕ ਕਿਰਦਾਰ ਬਾਰੇ ਫ਼ੀਚਰ ਫ਼ਿਲਮ ਬਣਾਉਣ ਲਈ ਕਈ ਗੱਲਾਂ ਦਾ ਖ਼ਿਆਲ ਰੱਖਣਾ ਪੈਂਦਾ ਹੈ। ਨਾਇਕ ਇਤਿਹਾਸਕ ਵੀ ਹੋਵੇ, ਪਰ ਉਸ ਨਾਲ ਕਾਫੀ ਕੁੱਝ ਕਾਲਪਨਿਕ ਵੀ ਜੋੜਨਾ ਪੈਂਦਾ ਹੈ, ਕਈ ਕਿਰਦਾਰ ਵੀ ਨਵੇਂ ਘੜਨੇ ਪੈਂਦੇ ਹਨ। ਜੇ ਇਸ ਤਰ੍ਹਾਂ ਨਾ ਕੀਤਾ ਜਾਵੇ ਤਾਂ ਫ਼ਿਲਮ ਵਿਚ ਰੌਚਿਕਤਾ ਨਹੀਂ ਰਹਿੰਦੀ। ਇਸ ਫ਼ਿਲਮ ਵਿਚ ਵੀ ਬਹੁਤ ਕੁੱਝ ਕਾਲਪਨਿਕ ਪਾਇਆ ਜਾਣਾ ਹੈ, ਪਰ ਉਹ ਹਕੀਕੀ ਲੱਗੇਗਾ ਤੇ ਨਾਇਕ ਦੇ ਕਿਰਦਾਰ ਨੂੰ ਹੋਰ ਵੀ ਨੁਮਾਇਆਂ ਕਰੇਗਾ। ਜੇ ਮੈਂ ਇਸ ਫ਼ਿਲਮ ਦੇ ਨਾਇਕ ਦਾ ਨਾਂ ਤੇ ਫ਼ਿਲਮ ਦਾ ਟਾਈਟਲ ਬਾਬਾ ਜੀ ਦੇ ਨਾਂ ’ਤੇ ਰੱਖ ਲਵਾਂ ਤਾਂ ਬਹੁਤ ਸਾਰੇ ਲੋਕ ਇਸ ਨੂੰ ਇਕ ਫ਼ੀਚਰ ਫ਼ਿਲਮ ਦੀ ਥਾਂ, ਛੋਟੀ ਜਿਹੀ ਦਸਤਾਵੇਜ਼ੀ ਫ਼ਿਲਮ ਸਮਝ ਸਕਦੇ ਹਨ।
    #- ਅੱਜ ਤਕ ਜ਼ਿਆਦਾਤਰ ਲੋਕ, ਬਾਬਾ ਬੂਝਾ ਸਿੰਘ ਨੂੰ ‘ਨਕਸਲਬਾੜੀ ਆਗੂ’ ਹੀ ਕਹਿੰਦੇ ਜਾਂ ਮੰਨਦੇ ਸੀ ,ਪਰ ਸੁਣਿਆ ਪਈ ਤੂੰ ਉਸ ਨੂੰ ਇਕ ਦੇਸ਼-ਭਗਤ ਵਜੋਂ ਪੇਸ਼ ਕਰਨ ਦੀ ਜੁਰਅੱਤ ਕਰਨ ਲੱਗਿਆ ੲਂੇ। ਦੇਸ਼-ਭਗਤਾਂ ਨੂੰ ਇਹ ਵਿਚਾਰ ਕਿੱਦਾਂ ਦਾ ਲੱਗਿਆ? ਕਿਸੇ ਧਿਰ ਤੋਂ ਕਿੰਨਾ ਕੁ ਸਹਿਯੋਗ ਮਿਲਿਆ ਹੈ?
   $- ਹੁਣ ਤੂੰ ਦੇਸ਼-ਭਗਤ ਪਤਾ ਨਹੀਂ ਕਿਨ੍ਹਾਂ ਨੂੰ ਕਹਿੰਦਾ ਏਂ। ਮੈਂ ਨਾ ਕਿਸੇ ਦੇਸ਼-ਭਗਤ ਕੋਲ ਗਿਆ ਹਾਂ, ਨਾ ਮੈਨੂੰ ਕਿਸੇ ਤੋਂ ਸਹਿਯੋਗ ਮਿਲਿਆ ਹੈ। ਹਾਂ, ਇਹ ਦੇਸ਼-ਭਗਤ ਕਿਸਮ ਦੇ ਬੰਦਿਆਂ ਨੇ ਇਸ ਮਾਮਲੇ ਵਿਚ ਸਹਿਯੋਗ ਦੇਣ ਦੀ ਥਾਂ, ਲੱਤਾਂ ਖਿੱਚਣ ’ਚ ਕੋਈ ਕਸਰ ਨਹੀਂ ਛੱਡੀ। ਕੁੱਝ ਨੇ ਇਹ ਕਿਹਾ, ‘ਇਹ ਆਪਣੇ ਪੱਲਿਓਂ ਕਿੰਨੇ ਪੈਸੇ ਲਾ ਰਿਹੈ’ ਕਿਸੇ ਨੇ ਇਹ ਕਿਹਾ, ‘ਇਹ ਨੇ ਪਹਿਲਾਂ ਕਿੰਨੀਆਂ ਫ਼ਿਲਮਾਂ ਬਣਾਈਆਂ ਹੋਈਆਂ ਨੇ?’ ਇਕ ਵੀ ਪੈਸਾ ਨਾ ਦੇਣ ਵਾਲ਼ੇ ਕਈ ਦੇਸ਼-ਭਗਤ ਤਾਂ ਇਹ ਵੀ ਪੁੱਛਦੇ ਰਹੇ ਕਿ ਇਸ ਫ਼ਿਲਮ ਦੀ ਕਮਾਈ ਕਿੱਥੇ ਰੱਖੀ ਜਾਊਗੀ। ਕੈਨੇਡਾ ਵਿਚ ਕੁੱਝ ਬੀਬੀਆਂ ਨੇ ਗੁਰਦੁਆਰੇ ਜਾਂਦੀ ਸੰਗਤ ਨੂੰ ਇਸ ਪ੍ਰਾਜੈਕਟ ਬਾਰੇ ਦੱਸ ਕੇ ਉਗਰਾਹੀ ਸ਼ੁਰੂ ਕੀਤੀ ਤਾਂ ਬਾਬੇ ਦੇ ਫ਼ਲਸਫ਼ੇ ਦੇ ਝੰਡਾਬਰਦਾਰ ਬਣੇ ਫਿਰਦੇ ਕੁੱਝ ਲੋਕਾਂ ਨੇ ਕਿਹਾ ਕਿ ਗੁਰਦੁਆਰੇ ਜਾਣ ਵਾਲ਼ਿਆਂ ਤੋਂ ਪੈਸੇ ਲੈਣਾ ਬਾਬਾ ਜੀ ਦੀ ਮੱਤ ਦੇ ਖ਼ਿਲਾਫ ਹੈ। ਇਨ੍ਹਾਂ ਵਿਚੋਂ ਕਈਆਂ ਨੇ ਪੈਸੇ ਦੇਣ ਦੇ ਐਲਾਨ ਕਰ ਕੇ ਵੀ ਅੱਜ ਤਕ ਪੈਸੇ ਨਹੀਂ ਦਿੱਤੇ ਤੇ ਉਗਰਾਹੀ ਵੀ ਬੰਦ ਕਰਾ ਦਿੱਤੀ ਹੈ।
ਰਹੀ ਗੱਲ, ਬਾਬਾ ਜੀ ਨੂੰ ਦੇਸ਼-ਭਗਤ ਵਜੋਂ ਪੇਸ਼ ਕਰਨ ਦੀ। ਐੱਮਪੀ ਸਿੰਘ! ਬਾਬਾ ਜੀ, ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਨਾਲੋਂ ਵੀ ਵੱਡੇ ਦੇਸ਼-ਭਗਤ ਸਨ। ਇਹ ਬਾਬਾ ਜੀ ਹੀ ਸਨ, ਜਿਨ੍ਹਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦੀ ਅਜ਼ਾਦੀ ਲਈ ਮੱਦਦ ਲੈਣ ਵਾਸਤੇ ਰੂਸ ਜਾਣ ਲਈ ਰਾਜ਼ੀ ਕਰ ਲਿਆ ਸੀ। ਇਹ ਬਾਬਾ ਜੀ ਹੀ ਸਨ, ਜਿਨ੍ਹਾਂ ਨੇ ਕਈ ਸਾਲ ਪਹਿਲਾਂ ਬਰਤਾਨੀਆ ਵਿਚ, ਸੋਵੀਅਤ ਸੰਘ ਦੇ ਟੁੱਟ ਜਾਣ ਦੀ ਪੇਸ਼ੀਨਗੋਈ ਕਰ ਦਿੱਤੀ ਸੀ। ਇਹ ਬਾਬਾ ਜੀ ਹੀ ਸਨ, ਜਿਨ੍ਹਾਂ ਨੇ ਰੂਸ ਜਾ ਕੇ ਮਾਰਕਸਵਾਦ ਪੜ੍ਹਿਆ ਸੀ ਜਦੋਂ ਕਿ ਬਾਅਦ ਵਿਚ ਆਏ ਕਈ ‘ਵੱਡੇ ਕਾਮਰੇਡ’ ਜਿਹੜੇ ਮਾਰਕਸਵਾਦ ਦਾ ‘ਮ’ ਵੀ ਨਹੀਂ ਜਾਣਦੇ ਸਨ, ਬਾਬਾ ਜੀ ਨੂੰ ‘ਅਨਪੜ੍ਹ ਮਾਸਟਰ’ ਕਹਿੰਦੇ ਰਹੇ। ਮਾਰਕਸਵਾਦ ਦੀ ਜਿੰਨੀ ਸਕੂਲਿੰਗ ਬਾਬਾ ਜੀ ਨੇ ਇਕ-ਇਕ ਦਿਨ ਵਿਚ ਕੀਤੀ ਹੈ, ਉਨੀ ਇਨ੍ਹਾਂ ‘ਵੱਡੇ ਕਾਮਰੇਡਾਂ’ ਤੇ ਦੇਸ਼-ਭਗਤਾਂ ਨੇ ਸਾਰੀ-ਸਾਰੀ ਉਮਰ ’ਚ ਨਹੀਂ ਕੀਤੀ ਹੋਣੀ। ਬਾਬਾ ਜੀ ਨੂੰ ‘ਅਨਪੜ੍ਹ ਮਾਸਟਰ’ ਕਹਿਣ ਵਾਲ਼ੇ ਅਸਲ ਵਿਚ ਆਪ ਮਾਰਕਸਵਾਦ ਦੀ ਪੜ੍ਹਾਈ ਪੱਖੋਂ ਅਨਪੜ੍ਹ ਸਨ।  
    #- ਤੁਸੀਂ ਮੇਰੀ ਇਕ ਗੱਲ ਨਾਲ ਤਾਂ ਸਹਿਮਤ ਹੋਵੋਗੇ ਕਿ ਪੰਜਾਬ ਜਾਂ ਇੰਡੀਆ ਵਿਚ ਰਹਿੰਦੇ ਲੋਕਾਂ ਨਾਲੋਂ
ਵਿਦੇਸ਼ਾਂ ਵਿਚ ਰਹਿੰਦੇ ਲੋਕ ਇਹੋ ਜਿਹੇ ਕੰਮਾਂ ਵਿਚ ਵਧੇਰੇ ਸਹਿਯੋਗੀ ਸਾਬਤ ਹੁੰਦੇ ਹਨ?
   $- ਮੈਨੂੰ ਤੁਹਾਡੀ ਇਸ ਗੱਲ ਨਾਲ ਸਹਿਮਤ ਹੋਣ ਵਿਚ ਕੋਈ ਇਤਰਾਜ਼ ਨਹੀਂ ਹੈ, ਪਰ ਮੈਂ ਤੀਜੀ ਵਾਰ ਕੈਨੇਡਾ ਆਇਆ ਹਾਂ ਤੇ ਹਰ ਵਾਰ ਮੈਂ ਇੱਥੋਂ ਦੇ ਰੇਡੀਓ ਸਟੇਸ਼ਨਾਂ  ਤੇ ਟੈਲੀਵਿਜਨ ਪ੍ਰੋਗਰਾਮਾਂ ਵਿਚ ਹੋਏ ਇੰਟਰਵਿਊਜ਼ ਵਿਚ ਇਹੋ ਗੱਲ ਕੂਕ-ਕੂਕ ਕੇ ਕਹੀ ਹੈ ਕਿ ਮੈਂ ਬਾਬਾ ਬੂਝਾ ਸਿੰਘ ਬਾਰੇ ਫ਼ਿਲਮ ਬਣਾਉਣ ਲਈ ਸਕਰਿਪਟ ਲਿਖੀ ਬੈਠਾ ਹਾਂ ਤੇ ਮੈਨੂੰ ਇਸ ਕੰਮ ਵਿਚ ਮਾਲੀ ਸਹਿਯੋਗ ਦੀ ਲੋੜ ਹੈ। ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਸਬੰਧ ਵਿਚ ਮੇਰੀ ਬਾਂਹ ਹਾਲੇ ਤਕ ਕਿਸੇ ਨੇ ਨਹੀਂ ਫੜੀ। ਮੈਂ ਤਾਂ ਹੁਣ ਇਕ ਦਿਨ ਆਪਣੇ ਵੈੱਬਸਾਈਟ-ਡਬਲਯੂਡਬਲਯੂਡਬਲਯੂ ਡੌਟ ਕਲਸਿਤਾਨ ਡੌਟ ਕਾਮ’ ਉੱਤੇ ਲੋਕਾਂ ਨੂੰ ਇਹ ਸੁਆਲ ਵੀ ਪਾ ਦਿੱਤਾ ਹੈ, “ਖ਼ਲਕ ਦੇ ਕੰਨ ਬੋਲ਼ੇ ਨੇ ਜਾਂ ਮੇਰੀ ’ਵਾਜ ਹੈ ਨੀਵੀਂ?”
    #- ਤੁਹਾਡੇ ਮੁੱਖ ਸਹਿਯੋਗੀ ਕੌਣ-ਕੌਣ ਹਨ?
   $- ਦਿਲ ਤਾਂ ਕਰਦਾ ਹੈ ਕਿ ਕਹਾਂ ‘ਮੈਂ ਅਕੇਲਾ ਹੀ ਚਲਾ ਥਾ ਜਾਨਿਬੇ ਮੰਜ਼ਿਲ...’, ਪਰ ਇਸ ਸ਼ਿਅਰ ਦਾ ਅਗਲਾ ਮਿਸਰਾ ਮੈਨੂੰ ‘ਸੂਟ’ ਨਹੀਂ ਕਰਦਾ ਕਿਉਂ ਕਿ ਮੈਨੂੰ ਕੈਨੇਡਾ ਵਿਚ ਰਹਿੰਦੀਆਂ ਮੇਰੀਆਂ ਦੋ ‘ਫੇਸਬੁੱਕ ਫਰੈਂਡਜ਼’, ਜਿਨ੍ਹਾਂ ਨੂੰ ਮੈਂ ਅਜੇ ਤਕ ਮਿਲਿਆ ਵੀ ਨਹੀਂ ਹਾਂ, ਦੇ ਸਹਿਯੋਗ ਤੋਂ ਇਲਾਵਾ ਕੋਈ ਵੱਡਾ ਤੇ ਜਥੇਬੰਦ ਸਹਿਯੋਗ ਨਹੀਂ ਮਿਲਿਆ, ਪਰ ਨਾਲ ਹੀ ਮੈਂ ਉਨ੍ਹਾਂ ਲੋਕਾਂ ਦਾ ਸ਼ੁਕਰਗੁਜ਼ਾਰ ਵੀ ਹਾਂ, ਜਿਨ੍ਹਾਂ ਨੇ ‘ਫੇਸਬੁੱਕ’ ਰਾਹੀਂ ਮੇਰੇ ਵੱਲੋਂ ਅਪੀਲ ਕਰਨ ’ਤੇ ਅਤੇ ਮੇਰੀ ਪ੍ਰਤਿਭਾ ਉੱਤੇ ਇਤਬਾਰ ਕਰ ਕੇ, ਆਪੋ-ਆਪਣੀ ਹੈਸੀਅਤ ਮੁਤਾਬਕ ਮੈਨੂੰ ਮਾਲੀ ਮਦਦ ਭੇਜੀ ਹੈ। ਉਨ੍ਹਾਂ ਵੱਲੋਂ ਮੈਨੂੰ ਭੇਜੇ ਹੋਏ ਪੈਸੇ ਮੇਰੇ ਕੋਲ ਉਨ੍ਹਾਂ ਦੀ ਅਮਾਨਤ ਹਨ। ਇੱਥੇ ਮੈਨੂੰ ਇਹ ਗੱਲ ਵੀ ਦੱਸਣੀ ਪੈਣੀ ਹੈ ਕਿ ਇਸ ਪ੍ਰਾਜੈਕਟ ਨਾਲ ਸ਼ੁਰੂ ਤੋਂ ਰਲੇ ਤੇ ਬਾਅਦ ਵਿਚ ਪਰ੍ਹਾਂ ਹੋ ਗਏ ਇਕ ‘ਕਾਮਰੇਡ’ ਕੋਲ ਵੀ ਇਸ ਫ਼ਿਲਮ ਦੇ ਨਾਂ ’ਤੇ ਲੋਕਾਂ ਕੋਲੋਂ ਲਏ ਹੋਏ ‘ਕਾਫੀ ਸਾਰੇ’ ਪੈਸੇ ਪਏ ਹਨ, ਜੋ ਉਹ ਮੈਨੂੰ ਦੇਣ ਤੋਂ ਹੀ ਇਨਕਾਰੀ ਨਹੀਂ ਹੈ, ਸਗੋਂ ਉਨ੍ਹਾਂ ਪੈਸਿਆਂ ਦਾ ਹਿਸਾਬ ਦੇਣ ਦੇ ਵਾਅਦੇ ਤੋਂ ਵੀ ਮੁੱਕਰ ਗਿਆ ਹੈ।   
   #- ਪੰਜਾਬ ਦੇ ਕਮਿਊਨਿਸਟਾਂ ਜਾਂ ਇਨਕਲਾਬੀਆਂ ਨੇ ਕੋਈ ਸਹਿਯੋਗ ਦਿੱਤਾ?
   $- ਮੇਰਾ ਖ਼ਿਆਲ ਹੈ, ਇਸ ਸੁਆਲ ਦਾ ਜੁਆਬ ਵੀ ਦਿੱਤਾ ਹੀ ਜਾ ਚੁੱਕਾ ਹੈ।
   #- ਇਸ ਫ਼ਿਲਮ ਦਾ ਬੱਜਟ ਕਿੰਨਾ ਕੁ ਹੈ? ਇਸ ਦੇ ਵਸੀਲੇ ਕੀ ਹਨ?
  $- ਬਹੁਤ ਸਰਫਾ ਕਰੀਏ ਤਾਂ ਵੀ 60-65 ਲੱਖ ਰੁਪਏ ਲੱਗ ਹੀ ਜਾਣੇ ਹਨ। ਇਸ ਰਕਮ ਵਿਚ ਮੈਂ ਸਕਰਿਪਟ ਲਿਖਣ ਤੇ ਨਿਰਦੇਸ਼ਨ ਦੇਣ ਦਾ ਮਿਹਨਤਾਨਾ ਨਹੀਂ ਪਾਇਆ ਕਿਉਂ ਕਿ ਇਹ ਦੋਵੇਂ ਕੰਮ ਮੈਂ ਇਕ ਵੀ ਪੈਸਾ ਲਏ ਬਗ਼ੈਰ ਆਪ ਕਰ ਰਿਹਾ ਹਾਂ। ਓਦਾਂ ਵੀ ਇਹ ਕੋਈ ਕਾਮਰਸ਼ੀਅਲ ਵੈਂਚਰ ਨਹੀਂ ਹੈ। ਮੈਂ ਇਹ ਫ਼ਿਲਮ, ਕਮਾਈ ਕਰਨ ਲਈ ਨਹੀਂ, ਸਗੋਂ ਬਾਬਾ ਬੂਝਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਬਣਾਉਣਾ ਚਾਹੁੰਦਾ ਹਾਂ। ਇਸ ਦੇ ਨਾਲ ਹੀ ਮੈਂ ਇਹ ਵੀ ਸਾਬਤ ਕਰਨਾ ਚਾਹੁੰਦਾ ਹਾਂ ਕਿ ਪੰਜਾਬ ਵਿਚ ਵੀ ਹੋਰ ਮੁਲਕਾਂ ਵਾਂਗ ਸਾਰਥਕ ਸਿਨੇਮਾ ਦੀ ਲਹਿਰ ਚਲਾਈ ਜਾ ਸਕਦੀ ਹੈ, ਇੱਥੇ ਵੀ ਟੈਲੈਂਟ ਦਾ ਘਾਟਾ ਨਹੀਂ ਹੈ। ਪੰਜਾਬੀ ਹੋਣ ਦਾ ਮਤਲਬ ਦਾਰੂ ਪੀਣੀ ਤੇ ਬੱਕਰੇ ਬੁਲਾਉਣਾ ਹੀ ਨਹੀਂ ਹੈ।
  #- ਵੱਖ-ਵੱਖ ਸਮੱਸਿਆਵਾਂ ’ਤੇ ਪਹਿਲਾਂ ਵੀ ਕਾਫੀ ਸਾਰੀਆਂ ਸੰਜੀਦਾ ਫ਼ਿਲਮਾਂ ਬਣੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਹੁੰਗਾਰਾ ਮਿਲਿਆ ਹੈ। ਤੁਸੀਂ ਕੀ ਉਮੀਦ ਰੱਖਦੇ ਹੋ?
   $- ਸਮੱਸਿਆਵਾਂ ਵਾਲ਼ੀ ਗੱਲ ਵੀ ਸਹੀ ਹੈ। ਸ਼ਿਆਮ ਬੈਨੇਗਲ ਵਰਗਾ ਬੰਦਾ ਤਿੰਨ ਲੱਖ ਕਿਸਾਨਾਂ ਤੋਂ ਥੋੜ੍ਹੇ-ਥੋੜ੍ਹੇ ਪੈਸੇ ਉਗਰਾਹ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਫ਼ਿਲਮ ਬਣਾ ਸਕਦਾ ਹੈ ਤਾਂ ਪੰਜਾਬ ਵਿਚ ਇਕ ਲੋਕ-ਪੱਖੀ ਸ਼ਖ਼ਸੀਅਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲੋਕ ਮਦਦ ਕਰਨਗੇ, ਲੋਕਾਂ ਨੂੰ ਮਦਦ ਕਰਨੀ ਬਣਦੀ ਹੈ। ਇਹੋ ਉਮੀਦ ਰੱਖੀ ਬੈਠਾ ਹਾਂ। ਬੱਸ ਡਰ ਇਹੋ ਹੈ ਕਿ ਮੈਂ ਲੋਕਾਂ ਦੀ ਮਦਦ ਦੀ ਉਡੀਕ ਵਿਚ ਬੈਠਾ ਹੀ ਨਾ ਰਹਿ ਜਾਵਾਂ।
    #- ਆਪ ਵੀ ਕੋਈ ਰੋਲ ਕਰਨਾ ਫ਼ਿਲਮ ਵਿਚ ਜਾਂ ਸਭ ਫ਼ਿਲਮੀ ਕਲਾਕਾਰ ਹੋਣਗੇ?
   $- ਹੁਣ ਅਦਾਕਾਰੀ ਕਰਨ ਦੀ ਇੰਨੀ ਤਮੰਨਾ ਵੀ ਨਹੀਂ, ਹਾਂ ਨਿਰਦੇਸ਼ਨ ਦਾ ਬੋਝ ਲਾਹੁਣ ਲਈ ਕੋਈ ਛੋਟਾ-ਮੋਟਾ ਕਿਰਦਾਰ ਨਿਭਾ ਵੀ ਸਕਦਾ ਹਾਂ।
    #- ਬਾਬਾ ਇਨਕਲਾਬ ਸਿੰਘ’ ਲੋਕ ਕਦੋਂ ਕੁ ਤਕ ਦੇਖ ਸਕਣਗੇ?
    $- ਇਸ ਫ਼ਿਲਮ ਦੇ ਮਹੂਰਤ ਮੌਕੇ ਮਿੱਤਰ ਦਰਸ਼ਨ ਖਟਕੜ ਨੇ ਅੰਗਰੇਜ਼ੀ ਫ਼ਿਲਮ ‘ਉਮਰ ਮੁਖ਼ਤਾਰ’ ਦਾ ਜ਼ਿਕਰ ਕੀਤਾ ਸੀ ਤਾਂ ਮੈਂ ਉਸ ਵੇਲ਼ੇ ਇਹੋ ਕਿਹਾ ਸੀ ਕਿ ਮੇਰੀ ਸਕਰਿਪਟ ਵਿਚ ‘ਉਮਰ ਮੁਖ਼ਤਾਰ’ ਨਾਲੋਂ ਘੱਟ ਦਮ ਨਹੀਂ ਹੈ। ਲੋਕ ਪੈਸੇ ਦੇਣ ਮੈਂ ‘ਉਮਰ ਮੁਖ਼ਤਾਰ’ ਨਾਲੋਂ ਵੀ ਵਧੀਆ ਫ਼ਿਲਮ ਬਣਾ ਕੇ ਦਿਆਂਗਾ। ਇਸ ਲਈ ਪਿਆਰੇ ਐੱਮਪੀ ਸਿੰਘ! ਮੈਂ ਤਾਂ ਪੈਸੇ ਵੀ ਫੜਨ ਲਈ ਤਿਆਰ ਨਹੀਂ, ਲੋਕ ਇਕ ਆਦਮੀ ਮੁਕੱਰਰ ਕਰ ਦੇਣ ਕਿ ਜੋ ਫ਼ਿਲਮ ਬਣਾਉਣ ਸਬੰਧੀ ਸਾਰੇ ਪ੍ਰਬੰਧ ਕਰ ਕੇ ਦੇਵੇ, ਮੈਂ ਛੇ ਮਹੀਨੇ ਵਿਚ ਫ਼ਿਲਮ ਬਣਾ ਦਿਆਂਗਾ।
.........
ਉਸ ਵੱਲੋਂ ਦਿੱਤੇ ਹੋਏ ਇਹ ਜੁਆਬ ਪੜ੍ਹਦਿਆਂ ਬਖ਼ਸ਼ਿੰਦਰ ਦਾ ਚਿਹਰਾ ਮੇਰੇ ਸਾਹਮਣੇ ਆ ਗਿਆ। ਮੈਂ ਉਸ ਦੀਆਂ ਅੱਖਾਂ ਵਿਚੋਂ ਬਹੁਤ ਕੁੱਝ ਪੜ੍ਹ ਰਿਹਾ ਸਾਂ। ਏਦਾਂ ਲੱਗਦਾ ਸੀ ਜਿੱਦਾਂ ਉਸ ਦੀਆਂ ਅੱਖਾਂ ਇਹ ਕਹਿ ਰਹੀਆਂ ਹੋਣ ਕਿ ਉਹ ਫ਼ਿਲਮ ਲਈ ਸਕਰਿਪਟ ਵੀ ਲਿਖੇ, ਡਾਇਰੈਕਸ਼ਨ ਵੀ ਦੇਵੇ ਤੇ ਫ਼ਿਲਮ ਬਣਾਉਣ ਲਈ ਗਲ਼ ਵਿਚ ਝੋਲ਼ੀ ਪਾ ਕੇ ਉਗਰਾਹੀ ਵੀ ਕਰਦਾ ਫਿਰੇ ਅਤੇ ਲੋਕ ਇਹ ਪੁੱਛਣ ਤੋਂ ਬਗ਼ੈਰ ਕਿ ਫ਼ਿਲਮ ਕਿੰਨੀ ਕੁ ਬਣ ਗਈ, ਕੁੱਝ ਵੀ ਨਾ ਕਰਨ। ਏਦਾਂ ਤਾਂ ਗੱਲ ਹੀ ਨਹੀਂ ਬਣਦੀ, ਫ਼ਿਲਮ ਕਿੱਦਾਂ ਬਣ ਜਾਊ? ਜੇ ਅਜੇ ਵੀ ਸਾਨੂੰ ਬਾਬਾ ਬੂਝਾ ਸਿੰਘ ਦੀ ਕੁਰਬਾਨੀ ਦਾ ਮਾੜਾ-ਮੋਟਾ ਚੇਤਾ ਜਾਂ ਲਿਹਾਜ਼ ਹੈ ਤਾਂ ਸਾਨੂੰ ਇਹ ਫ਼ਿਲਮ ਬਣਵਾਉਣ ਲਈ ਪੈਸੈ ਇਕੱਠੇ ਕਰਨ ਦਾ ਜ਼ਿੰਮਾ ਲੈਣਾ ਬਣਦਾ ਹੈ। ਇਸ ਫ਼ਿਲਮ ਲਈ ਮਾਲੀ ਮਦਦ ਦੇਣ ਵਾਸਤੇ ਜਾਂ ਇਸ ਫ਼ਿਲਮ ਵਾਦਤੇ ਜਥੇਬੰਦਕ ਰੂਪ ਵਿਚ ਕੰਮ ਕਰਨ ਲਈ ਤੁਸੀਂ 1-204-694-7822 ਡਾਇਲ ਕਰ ਕੇ, ਮੇਰੇ ਨਾਲ ਸੰਪਰਕ ਬਣਾ ਸਕਦੇ ਹੋ।#