ਦਿਸ ਇਜ਼ ਨਾਟ ਏ ਫ਼ਿਲਮ
ਤਾਂ
ਇਹ ਵੀ ਫ਼ਿਲਮੀ ਲੇਖ ਨਹੀਂ
ਰਾਨ ਦੇ ਇਨਾਮੀ ਇਕਰਾਮੀ ਤੇ ਨੌਜੁਆਨ ਫ਼ਿਲਮਸਾਜ਼ ਜਫ਼ਰ ਪਨਾਹੀ ਨੂੰ ਪਿਛਲੇ ਸਾਲ (2010) 10 ਮਾਰਚ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ ਤੇ ਉਸ ਦੇ ਸਿਰ ਤੁਹਮਤ ਇਹ ਲਾਈ ਗਈ ਕਿ ਉਹ ਇਰਾਨ ਸਰਕਾਰ ’ਤੇ ਨੁਕਤਾਚੀਨੀ ਕਰਨ ਵਾਲੀ ਫ਼ਿਲਮ ਬਣਾ ਰਿਹਾ ਹੈ। ਉਸ ਨੂੰ ਹਿਰਾਸਤ ਵਿਚ ਲੈਣ ਦੀ ਦੇਰ ਸੀ, ਜਹਾਨ ਭਰ ਵਿਚ ਇਸ ਬਾਰੇ ਰੌਲ਼ਾ ਪੈ ਗਿਆ। ਉਨ੍ਹੀਂ ਦਿਨੀਂ ਕਾਨਜ਼ ਫ਼ਿਲਮ ਮੇਲਾ ਲੱਗਿਆ ਹੋਇਆ ਸੀ ਤੇ ਜਫ਼ਰ ਪਨਾਹੀ ਨੂੰ ਉਸ ਮੇਲੇ ਦੇ ਜੱਜਾਂ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੋਇਆ ਸੀ। ਉਸ ਨੂੰ ਨਜਾਇਜ਼ ਗ਼੍ਰਿਫ਼ਤਾਰ ਕਰਨ ਖ਼ਿਲਾਫ਼ ਰੋਸਾ ਜ਼ਾਹਰ ਕਰਨ ਲਈ, ਉਸ ਮੇਲੇ ਵਿਚ ਜਫ਼ਰ ਵਾਸਤੇ ਰੱਖੀ ਹੋਈ ਕੁਰਸੀ, ਖਾਲੀ ਹੀ ਰੱਖ ਕੇ ਉਸ ਦੀ ਗ਼ੈਰਹਾਜ਼ਰੀ, ਹਾਜ਼ਰੀ ਬਣਾਈ ਗਈ। ਉਸ ਮੌਕੇ ’ਤੇ ਜੂਲੀਅਟ ਬਿਨੋਚੇ ਅਤੇ ਅੱਬਾਸ ਕਿਆਰੁਸਤਮੀ ਨੇ ਰੋਸ ਜ਼ਾਹਰ ਕੀਤਾ ਤੇ ਇਸ ਕਾਰਵਾਈ ਦੀ ਨਿਖੇਧੀ ਕੀਤੀ। ਇਹ ਰੋਸ ਭਰੇ ਬੋਲ ਪੂਰੇ ਜਹਾਨ ਤਕ ਪਹੁੰਚ ਗਏ।
       ਫਿਰ ਜਫ਼ਰ ਨੇ ਭੁੱਖ ਹੜਤਾਲ ਕਰ ਦਿੱਤੀ। ਇਰਾਨ ਸਰਕਾਰ ’ਤੇ ਇੰਨਾ ਜ਼ਿਆਦਾ ਦਬਾਅ ਪਾਇਆ ਗਿਆ ਕਿ ਉਸ ਨੂੰ, ਜਫ਼ਰ ਜ਼ਮਾਨਤ ’ਤੇ ਛੱਡਣਾ ਪਿਆ। ਉਸ ਦੇ ਖ਼ਿਲਾਫ਼ ਅੱਠ-ਨੌਂ ਮਹੀਨੇ ਮੁਕੱਦਮਾ ਚਲਾਇਆ ਗਿਆ ਤੇ 20 ਦਸੰਬਰ, 2010 ਨੂੰ ਉਸ ਨੂੰ ਸਜ਼ਾ ਸੁਣਾ ਦਿੱਤੀ ਗਈ। ਉਸ ਦੇ ਸਿਰ ਇਹ ਦੋਸ਼ ‘ਸਾਬਤ ਕੀਤਾ’ ਗਿਆ ਕਿ ‘ਉਹ ਇਰਾਨ ਇਸਲਾਮਿਕ ਗਣਰਾਜ ਦੇ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਤੇ ਮੁਲਕ ਦੀ ਹਿਫ਼ਾਜ਼ਤ ਖ਼ਤਰੇ ਵਿਚ ਪਾਉਣ ਦੇ ਇਰਾਦੇ ਨਾਲ ਲੋਕ ਇਕੱਠੇ ਕਰ ਰਿਹਾ ਸੀ।’ ਇਸ ‘ਜੁਰਮ’ ਬਦਲੇ ਉਸ ਨੂੰ 6 ਸਾਲ ਦੀ ਕੈਦ ਦੇ ਨਾਲ ਹੀ 20 ਸਾਲ ਲਈ ਫ਼ਿਲਮਾਂ ਬਣਾਉਣ ਤੋਂ ਰੋਕ ਦਿੱਤਾ ਗਿਆ। ਜਫ਼ਰ ਪਨਾਹੀ ਸਜ਼ਾ ਭੁਗਤਣ ਤੋਂ ਬਾਅਦ ਕਿਤੇ ਜਾ ਨਹੀਂ ਸਕੇਗਾ ਤੇ ਕਿਸੇ ਨੂੰ ਇੰਟਰਵਿਊ ਨਹੀਂ ਦੇ ਸਕੇਗਾ।
      ਇਸ ਤਰ੍ਹਾਂ ਜਫ਼ਰ ਪਨਾਹੀ ਦਾ ਹੁਨਰ ਫਾਹੇ ਲਾ ਦਿੱਤਾ ਗਿਆ। ਜਿੱਦਾਂ ਮੋਰ ਨੂੰ ਨੱਚਣ ਦੀ ਮਨਾਹੀ ਕਰ ਦਿੱਤੀ ਗਈ ਹੋਵੇ, ਪਪੀਹੇ ਨੂੰ ਚੁੱਪ ਕਰਾ ਦਿੱਤਾ ਗਿਆ ਹੋਵੇ, ਬੁਲਬੁਲ ਦੀ ਸੰਘੀ ਮਰੋੜ ਸੁੱਟੀ ਗਈ ਹੋਵੇ। ਜਫ਼ਰ ਨੂੰ ਕਈ ਸਾਲਾਂ ਤੋਂ ਇਰਾਨ ਸਰਕਾਰ ਦੁਖੀ ਕਰਦੀ ਆ ਰਹੀ ਸੀ ਕਿਉਂ ਕਿ ਉਸ ਦੀਆਂ ਫ਼ਿਲਮਾਂ ਸਮਾਜਕ ਤੇ ਸਿਆਸੀ ਸਰੋਕਾਰਾਂ ਨਾਲ ਜੁੜੇ ਮੁੱਦੇ ਉਠਾਉਂਦੀਆਂ ਸਨ, ਕਿਉਂ ਕਿ ਉਸ ਦੀਆਂ ਫ਼ਿਲਮਾਂ, ਇਰਾਨੀ ਔਰਤਾਂ ਦੀ ਜ਼ਿੰਦਗ਼ੀ ਦੇ ਮਿਆਰ ਬਾਰੇ ਨੁਕਤਾਚੀਨੀ ਕਰਦੀਆਂ ਸਨ, ਉਨ੍ਹਾਂ ਦੀ ਆਜ਼ਾਦੀ ਦੀਆਂ ਗੱਲਾਂ ਕਰਦੀਆਂ ਸਨ। ਭਾਵੇਂ ਜਫ਼ਰ ਪਨਾਹੀ ਨੂੰ ਸੀਖਾਂ ਪਿੱਛੇ ਡੱਕ ਦਿੱਤਾ ਗਿਆ ਹੈ, ਪਰ ਸੰਸਾਰ ਭਰ ਦਾ ਫ਼ਿਲਮੀ ਭਾਈਚਾਰਾ ਉਸ ਦੇ ਨਾਲ ਹੈ।
      ਬਰਲਿਨ ਫ਼ਿਲਮ ਮੇਲੇ ਵਿਚ ਜੱਜਾਂ ਦੀ ਕਮੇਟੀ ਦੀ ਪ੍ਰਧਾਨ ਇਸਾਬੈੱਲ ਰੋਜ਼ਲਿਨੀ ਨੇ ਇਸ ਮੇਲੇ ਵਿਚ, ਜਫ਼ਰ ਪਨਾਹੀ ਵੱਲੋਂ ਲਿਖੀ ਹੋਈ ਇਕ ਚਿੱਠੀ ਪੜ੍ਹ ਕੇ ਸੁਣਾਈ। ਉਸ ਚਿੱਠੀ ਦਾ ਸਾਰ ਇਹ ਹੈ, “ਮੇਰੇ ਬਾਰੇ ਸੁਣਾਏ ਗਏ ਫੈਸਲੇ ਦੀ ਹਕੀਕਤ ਇਹੋ ਹੈ ਕਿ ਮੈਂ ਛੇ ਸਾਲ ਕੈਦ ਕੱਟਾਂ। ਮੈਂ ਅਗਲੇ ਛੇ ਸਾਲ ਇਸ ਆਸ ਵਿਚ ਜੀਵਾਂਗਾ ਕਿ ਮੇਰਾ ਸੁਪਨਾ ਸੱਚ ਹੋ ਜਾਵੇਗਾ।ਮੈਂ ਚਾਹੁੰਦਾ ਹਾਂ ਕਿ ਜਹਾਨ ਦੀ ਹਰ ਨੁੱਕਰ ਵਿਚ ਰਹਿੰਦੇ ਮੇਰੇ ਸਾਥੀ ਫ਼ਿਲਮਸਾਜ਼, ਇਹੋ ਜਿਹੀਆਂ ਮਹਾਨ ਫ਼ਿਲਮਾਂ ਬਣਾਉਣ ਕਿ ਜਦੋਂ ਮੈਂ ਜੇਲ੍ਹ ’ਚੋਂ ਨਿੱਕਲਾਂ ਤਾਂ ਮੈਨੂੰ ਜੀਉਣ ਲਈ ਉਹ ਜਹਾਨ ਮਿਲੇ, ਜੋ ਉਨ੍ਹਾਂ ਨੇ ਆਪਣੀਆਂ ਫ਼ਿਲਮਾਂ ਵਿਚ ਚਿਤਵਿਆ ਸੀ।ਹੁਣ ਤੋਂ ਵੀਹ ਸਾਲ ਤਕ ਮੈਂ ਚੁੱਪ ਰਹਿਣ ਲਈ ਮਜਬੂਰ ਹਾਂ। ਮੈਂ ਅੱਖਾਂ ਮੀਚਣ ਲਈ ਮਜਬੂਰ ਹਾਂ, ਸੋਚਣਾ ਛੱਡਣ ਲਈ ਮਜਬੂਰ ਹਾਂ, ਫ਼ਿਲਮਾਂ ਬਣਾਉਣੀਆਂ ਛੱਡਣ ਲਈ ਮਜਬੂਰ ਹਾਂ। ਮੈਂ ਕੈਦ ਹੋਣ ਦੀ ਤੇ ਕੈਦ ਰੱਖਣ ਵਾਲ਼ਿਆਂ ਦੀ ਹਕੀਕਤ ਅੱਗੇ ਨਿਉਂ ਗਿਆ ਹਾਂ। ਮੈਂ ਤੁਹਾਡੀਆਂ ਫ਼ਿਲਮਾਂ ਰਾਹੀਂ ਆਪਣੇ ਸੁਪਨੇ ਸਾਕਾਰ ਹੁੰਦੇ ਦੇਖਾਂਗਾ। ਮੈਂ ਉਨ੍ਹਾਂ ਫ਼ਿਲਮਾਂ ਵਿਚੋਂ ਉਹ ਕੁੱਝ ਹਾਸਲ ਕਰਾਂਗਾ, ਜਿਸ ਤੋਂ ਮੈਨੂੰ ਵਾਂਝਾ ਕੀਤਾ ਗਿਆ ਹੈ।”
       ਹੁਣ ‘ਦਿਸ ਇਜ਼ ਨਾਟ ਏ ਫ਼ਿਲਮ’ ਨਾਂ ਦੀ ਉਹ ਫ਼ਿਲਮ ਵੀ ਬਣ ਗਈ ਹੈ, ਜਿਸ ਦਾ ਨਿਰਦੇਸ਼ਨ ਜਫ਼ਰ ਪਨਾਹੀ ਨੇ ਤੇ ਉਸ ਦੀ ਗ਼ੈਰਮੌਜੂਦਗੀ ਵਿਚ ਮੁਜਤਬਾ ਮੀਰਤਾਹਮਸਬ ਨੇ ਕੀਤਾ ਹੈ। ਇਸ ਫ਼ਿਲਮ ਦਾ ਕੁੱਝ ਹਿੱਸਾ ਜਫ਼ਰ ਪਨਾਹੀ ਨੇ ਆਪਣੇ ਆਈਫੋਨ ਨਾਲ ਬਣਾਇਆ ਸੀ, ਬਾਕੀ ਹਿੱਸਾ ਮੁਜਤਬਾ ਮੀਰਤਾਹਮਸਬ ਨੇ ਕੈਮਰੇ ਨਾਲ ਬਣਾਇਆ ਸੀ। ਉਸ ਨੇ ਹੀ ਇਹ ਫ਼ਿਲਮ ਐਡੀਟਿੰਗ ਕਰਾਈ ਸੀ। ਇਸ ਫ਼ਿਲਮ ਦਾ ਸਿਰਲੇਖ ‘ਦਿਸ ਇਜ਼ ਨਾਟ ਏ ਫ਼ਿਲਮ’ ਇਕ ਮਖੌਲ ਹੈ, ਜੋ ਇਨ੍ਹਾਂ ਫ਼ਿਲਮਸਾਜ਼ਾਂ ਨੇ ਇਰਾਨ ਸਰਕਾਰ ਤੇ ਉਸ ਦੇ ਅਧਿਕਾਰੀਆਂ ਨੂੰ ਕੀਤਾ ਹੈ। ਫ਼ਿਲਮ ਦਾ ਇਹ ਨਾਂ ਦੇ ਕੇ ਇਨ੍ਹਾਂ ਫ਼ਿਲਮਸਾਜ਼ਾਂ ਨੇ ਸਰਕਾਰ ਨੂੰ ਮਖ਼ੌਲੀਆ ਤਰੀਕੇ ਨਾਲ ਇਹ ਯਕੀਨ ਦੁਆਇਆ ਹੈ ਕਿ ਇਹ ਫ਼ਿਲਮ ਬਣਾ ਕੇ ‘ਅਸਲ ਵਿਚ’ ਉਹ ‘ਫ਼ਿਲਮ’ ਨਹੀਂ ਬਣਾ ਰਹੇ।
      ਇਹ ਫ਼ਿਲਮ ਇਕ ਬ੍ਰੈੱਡ ਵਿਚ ਲੁਕਾ ਕੇ ਫਰਾਂਸ ਪਹੁੰਚਾਈ ਗਈ ਤਾਂ ਕਿ ਕਾਨਜ਼ ਫ਼ਿਲਮ ਮੇਲੇ ਵਿਚ ਉਸ ਦਾ ਪ੍ਰੀਮੀਅਰ ਸ਼ੋਅ ਕੀਤਾ ਜਾ ਸਕੇ। ਇਸ ਫ਼ਿਲਮ ਵਿਚ ਜਫ਼ਰ ਪਨਾਹੀ ਦੀ ਜ਼ਿੰਦਗ਼ੀ ਦਾ ਉਹ ਦਿਨ ਦਿਖਾਇਆ ਗਿਆ ਹੈ, ਜਦੋਂ ਉਹ ਆਪਣੇ ਘਰ, ਆਪਣੇ ਵਕੀਲ ਤੋਂ ਆਪਣੇ ਬਾਰੇ ਹੋਣ ਵਾਲ਼ੇ ਫੈਸਲੇ ਦੀ ਖ਼ਬਰ ਦੀ ਉਡੀਕ ਕਰ ਰਿਹਾ ਹੈ। ਉਹ ਤਹਿਰਾਨ ਵਿਚ ਆਪਣੇ ਫਲੈਟ ਅੰਦਰ ਤੁਰ-ਫਿਰ ਰਿਹਾ ਹੈ। ਉਸ ਦੀ ਬੀਵੀ ਤੇ ਧੀ ਉਸ ਕੋਲ ਨਹੀਂ ਹਨ। ਉਹ ‘ਇਗੀ’ ਨਾਂ ਦੇ ਪਾਲਤੂ ਕਿਰਲੇ ਦਾ ਖ਼ਿਆਲ ਰੱਖ ਰਿਹਾ ਹੈ। ਇਹ ਫ਼ਿਲਮ ਇਰਾਨ ਦੇ ਨਵਰੋਜ਼ ਦੇ ਜਸ਼ਨਾਂ ਦੌਰਾਨ ਬਣਾਈ ਹੋਈ ਹੋਣ ਕਰ ਕੇ ਇਸ ਦੇ ਪਿਛੋਕੜ ਵਿਚ ਪਟਾਕੇ ਵੱਜਣ ਦੀ ਅਵਾਜ਼ ਲਗਾਤਾਰ ਆ ਰਹੀ ਹੈ। ਇਸ ਮਾਹੌਲ ਵਿਚ ਹੀ ਜਫ਼ਰ ਪਨਾਹੀ ਚਾਹ ਬਣਾ ਰਿਹਾ ਹੈ ਤੇ ਨਾਸ਼ਤਾ ਕਰ ਰਿਹਾ ਹੈ।
     ਇਹ ਦ੍ਰਿਸ਼ ਬਹੁਤ ਹੀ ਸਾਧਾਰਨ ਢੰਗ ਨਾਲ ਫ਼ਿਲਮਾਏ ਹੋਏ ਹਨ। ਪਹਿਲਾਂ ਤਾਂ ਕਾਫੀ ਦੇਰ, ਕੈਮਰਾ ਜਫ਼ਰ ਦੇ ਚਿਹਰੇ ’ਤੇ ਕੇਂਦਰਤ ਰਹਿੰਦਾ ਹੈ ਤੇ ਉਸ ਨੂੰ ਫੋਨ ’ਤੇ ਆਪਣੀ ਵਕੀਲ ਨਾਲ ਗੱਲਾਂ ਕਰਦਾ ਦਿਖਾਉਂਦਾ ਹੈ। ਫੋਨ ਦੇ ਸਪੀਕਰ ਵਿਚੋਂ ਵਕੀਲ ਦੀ  ਆਵਾਜ਼ ਸੁਣਦੀ ਹੈ। ਉਹ ਕਹਿੰਦੀ ਹੈ ਕਿ ਕੈਦ ਤਾਂ ਹੋਵੇਗੀ ਹੀ, ਪਰ ਉਸ ਨੂੰ ਆਸ ਹੈ ਕਿ ਸ਼ਾਇਦ ਉਸ ਨੂੰ 20 ਸਾਲ ਫ਼ਿਲਮਾਂ ਬਣਾਉਣੋਂ ਨਾ ਰੋਕਿਆ ਜਾਵੇ। ਵਕੀਲ ਸਾਹਿਬਾ ਨੂੰ ਨਹੀਂ ਲੱਗਦਾ ਕਿ ਸਰਕਾਰ ਉੱਤੇ ਦਬਾਅ ਪਾਉਣ ਦਾ ਕੋਈ ਫ਼ਾਇਦਾ ਹੋਵੇਗਾ। ਜਫ਼ਰ ਵੀ ਦਬਾਅ ਨਹੀਂ ਚਾਹੁੰਦਾ। ਉਹ ਨਹੀਂ ਚਾਹੁੰਦਾ ਕਿ ਉਸ ਦੇ ਸਾਥੀ ਉਸ ਖ਼ਾਤਰ ਹੋਰ ਪਰੇਸ਼ਾਨ ਹੋਣ। ਇਸ ਦੌਰਾਨ ਉਹ ਆਪਣੇ ਦੋਸਤ ਮੁਜਤਬਾ ਮੀਰਤਾਹਮਸਬ ਨੂੰ ਫੋਨ ਕਰ ਕੇ ਸੱਦਦਾ ਹੈ।ਉਸ ਨੂੰ ਕੈਮਰਾ ਲਿਆਉਣ ਲਈ ਵੀ ਕਹਿੰਦਾ ਹੈ। ਮੀਰਤਾਹਮਸਬ ਆਉਂਦਾ ਹੈ ਤੇ ਉਹ ਕੈਮਰਾ ਰਸੋਈ ਵਿਚ ਬੀੜ ਲੈਂਦਾ ਹੈ। ਜਫ਼ਰ ਕੈਮਰੇ ਵੱਲ ਮੂੰਹ ਕਰ ਕੇ ਆਪਣੀ ਉਸ ਫ਼ਿਲਮ ਬਾਰੇ ਗੱਲਾਂ ਕਰਦਾ ਹੈ, ਜਿਸ ਨੂੰ ਬਣਾਉਣ ਦੀਆਂ ਯੋਜਨਾਵਾਂ ਬਣਾਉਂਦਿਆਂ ਉਹ ਫੜਿਆ ਜਾਂਦਾ ਹੈ। ਉਹ ਫ਼ਿਲਮ ਦੀ ਸਕਰਿਪਟ ਆਪਣੇ ਹੱਥ ਫੜ ਕੇ ਕਹਿੰਦਾ ਹੈ ਕਿ ਉਹ ਆਪਣੀ ਸਕਰਿਪਟ ਰਾਹੀਂ ਬੋਲੇਗਾ। ਉਹ ਆਪਣੀ ਫ਼ਿਲਮ ਦੇ ਬਣਨ ਵਾਲ਼ੇ ਸਰੂਪ ਬਾਰੇ ਦੱਸਦਾ ਹੈ। ਉਹ ਕਹਿੰਦਾ ਹੈ, “ਮੈਂ ਆਪਣੀ ਫ਼ਿਲਮ ਦਾ ਉਹ ਰੂਪ ਦਿਖਾਉਣ ਦਾ ਹੀਲਾ ਕਰਾਂਗਾ, ਜੋ ਮੈਂ ਬਣਾ ਨਹੀਂ ਸਕਿਆ।”
‘ਦਿਸ ਇਜ਼ ਨਾਟ ਏ ਫ਼ਿਲਮ’ ਦੇ ਇਕ ਦ੍ਰਿਸ਼ ਵਿਚ ਜਫ਼ਰ ਪਨਾਹੀ
       ਜਫ਼ਰ ਪਨਾਹੀ ਦਾ ਲਹਿਜਾ ਬਹੁਤ ਹਾਸੇ-ਠੱਠੇ ਵਾਲ਼ਾ ਹੈ। ਉਹ ਕਹਿੰਦਾ ਹੈ, “ਇਹ ਫ਼ਿਲਮ ਇਰਾਨੀ ਫ਼ਿਲਮਸਾਜ਼ਾਂ ਵੱਲੋਂ ਫ਼ਿਲਮਾਂ ਨਾ ਬਣਾਉਣ ਪਿਛਲੀਆਂ ਗੱਲਾਂ ਦਾ ਭੇਤ ਖੋਲ੍ਹੇਗੀ।” ਫਿਰ ਉਹ ‘ਲਿਵਿੰਗ ਰੂਮ’ ਵਿਚ ਆ ਜਾਂਦਾ ਹੈ। ਉਹ ਕਮਰੇ ਦੇ ਫ਼ਰਸ਼ ਉੱਤੇ ਫ਼ਿਲਮ ਦਾ ਕਾਲਪਨਿਕ ਸੈੱਟ ਲਾਉਣ ਦਾ ਸੁਆਂਗ ਰਚਦਾ ਹੈ। ਉਹ ਦੱਸਦਾ ਹੈ ਕਿ ਫ਼ਿਲਮ ਲਈ ਲੋਕੇਸ਼ਨਜ਼ ਵੀ ਚੁਣੀਆਂ ਹੋਈਆਂ ਹਨ ਤੇ ਉਹ ਆਪਣੇ ਆਈਫੋਨ ਰਾਹੀਂ ਇਕ ਕੁੜੀ ਦੀ ਤਸਵੀਰ ਦਿਖਾ ਕੇ ਕਹਿੰਦਾ ਹੈ ਕਿ ਉਸ ਕੁੜੀ ਨੇ ਇਸ ਫ਼ਿਲਮ ਵਿਚ ਨਾਇਕਾ ਬਣਨਾ ਸੀ। ਉਹ ਆਪਣੀ ਫ਼ਿਲਮ ਦੇ ਪਹਿਲੇ ਸ਼ਾਟ ਦੀ ਵਿਆਖਿਆ ਕਰਦਾ ਹੈ। ਫਿਰ ਸਾਰੇ ਦ੍ਰਿਸ਼ ਦਿਖਾਉਂਦਾ ਹੈ, ਸਾਰੇ ਕਿਰਦਾਰ ਨਿਭਾਉਂਦਾ ਹੈ।
      ਜਫ਼ਰ ਪਨਾਹੀ ਦੀ ਨਕਲੋ-ਹਰਕਤ ਮੁਤਾਬਕ ਮੀਰਤਾਹਮਸਬ ਵੀ ਕੈਮਰੇ ਨੂੰ ‘ਮੂਵਮੈਂਟਸ’ ਦਿੰਦਾ ਹੈ। ਇਸ ਤਰ੍ਹਾਂ ਸ਼ੂਟ ਕੀਤੀ ਗਈ ਇਹ ਫ਼ਿਲਮ, ਬਹੁਤ ਹੀ ਮਾਹਰਾਨਾ ਢੰਗ ਨਾਲ ‘ਐਡਿਟ’ ਕੀਤੀ ਹੋਈ ਹੈ। ਜਫ਼ਰ ਇਸ ਫ਼ਿਲਮ ਵਿਚ, ਆਪਣੀ ਫ਼ਿਲਮ ਬਣਾਉਣ ਵਿਚ ਅਧਿਕਾਰੀਆਂ ਵੱਲੋਂ ਪਾਏ ਗਏ ਅੜਿੱਕਿਆਂ ਦਾ ਜ਼ਿਕਰ ਵੀ ਕਰਦਾ ਹੈ।
       ਸਤੰਬਰ ਦੇ ਸ਼ੁਰੂ ਵਿਚ ਮੁਜਤਬਾ ਮੀਰਤਾਹਮਸਬ ਨੂੰ ਟੋਰਾਂਟੋ ਵਿਚ ਇਹ ਫ਼ਿਲਮ ਦਿਖਾਉਣ ਜਾਣ ਤੋਂ ਰੋਕ ਦਿੱਤਾ ਗਿਆ ਹੈ। 17 ਸਤੰਬਰ ਨੂੰ ਉਸ ਨੂੰ ਪੰਜ ਹੋਰ ਫ਼ਿਲਮਸਾਜ਼ਾਂ ਨਾਲ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਤਰ੍ਹਾਂ ‘ਦਿਸ ਇਜ਼ ਨਾਟ ਏ ਫ਼ਿਲਮ’ ਹੁਣ ਤਕ ਦੀ ਸਭ ਤੋਂ ਜ਼ਬਰਦਸਤ ਸਿਆਸੀ ਫ਼ਿਲਮ ਬਣ ਗਈ ਹੈ। ਸ਼ਾਇਦ ਇਹ ਪਹਿਲੀ ਫ਼ਿਲਮ ਹੈ, ਜੋ ‘ਚੱਜ ਨਾਲ’ ਬਣਾਈ ਨਾ ਜਾ ਸਕਣ ਦੇ ਬਾਵਜੂਦ ‘ਚੱਜ ਨਾਲ’ ਅਸਰ ਪਾ ਰਹੀ ਹੈ।
 ਮੁਜਤਬਾ ਮੀਰਤਾਹਮਸਬ
      ਇਹ ਮਾਮੂਲੀ ਕਲਾ ਕਿਰਤ, ਕਰੋੜਾਂ ਲੋਕਾਂ ਵੱਲੋਂ ਇਕਸੁਰ ਹੋ ਕੇ ਬੋਲਣ ਨਾਲੋਂ ਕਿਤੇ ਵੱਧ ਉੱਚੇ ਸੁਰ ਵਿਚ ਬੋਲ ਰਹੀ ਹੈ। ਇਹ ਫ਼ਿਲਮ ਕਲਾਤਮਕ ਰੂਪ ਵਿਚ ਉਹ ਉਦੇਸ਼ ਪੂਰਾ ਕਰਦੀ ਹੈ, ਜੋ ਪੂਰਾ ਕਰਨਾ ਹਰ ਕਲਾ ਦਾ ਫ਼ਰਜ਼ ਹੈ। ਇਹ ਫ਼ਿਲਮ ਜਫ਼ਰ ਪਨਾਹੀ ਦੀ ਉਹ ਚੀਕ ਹੈ, ਜੋ ਉਸ ਦੇ ਸੰਘ ਵਿਚ ਹੀ ਦਬਾ ਦੇਣ ਦੇ ਬਾਵਜੂਦ ਸਾਰੇ ਜਹਾਨ ਵਿਚ ਗੂੰਜ ਰਹੀ ਹੈ। ਇਹ ਫ਼ਿਲਮ 30 ਸਤੰਬਰ ਨੂੰ 49ਵੇਂ ਨਿਊ ਯਾਰਕ ਫ਼ਿਲਮ ਮੇਲੇ ਵਿਚ ਗੱਜ-ਵੱਜ ਕੇ ਦਿਖਾਈ ਗਈ ਹੈ ਤੇ ਇਰਾਨ ਸਰਕਾਰ ਦੇਖਦੀ ਹੀ ਰਹਿ ਗਈ ਹੈ ਕਿ ਉਸ ਵੱਲੋਂ ਦਬਾਈ ਹੋਈ ਆਵਾਜ਼ ਕਿੱਥੋਂ ਤਕ ਪਹੁੰਚ ਗਈ ਹੈ।#