ਯਾਰ ਅਣਮੁੱਲੇ: ਕਹਾਣੀ ਭੀੜੀ-ਅਦਾਕਾਰ ਖੁੱਲ੍ਹੇ
ਓਦਾਂ ਤਾਂ ਇਸ ਫ਼ਿਲਮ ਦਾ ਸਿਰਲੇਖ ‘ਯਾਰ ਅਣਮੁੱਲੇ’ ਹੀ ਬਹੁਤ ਸਾਰੇ ਸੁਨੇਹੇ ਦੇ ਰਿਹਾ ਹੈ, ਜਿਨ੍ਹਾਂ ਵਿਚੋਂ ਇਕ ਇਹ ਵੀ ਹੈ ਕਿ ਗਾਇਕ ਸ਼ੈਰੀ ਮਾਨ ਦੇ ਗਾਏ ਹੋਏ ਤੇ ਬਹੁਤ ਹੀ ਮਕਬੂਲ ਹੋਏ ਗੀਤ ‘ਯਾਰ ਅਣਮੁੱਲੇ’ ਦੀ ਕਾਮਯਾਬੀ ਨੂੰ ਨਕਦਿਓਣ ਦਾ ਹੀਲਾ ਕਰਨਾ ਵੀ ਇਸ ਫ਼ਿਲਮ ਦਾ ਸਾਉੜਾ ਜਿਹਾ ਮਨੋਰਥ ਰਿਹਾ ਹੈ। ਜਿਸ ਫ਼ਿਲਮ ਦਾ ਨਾਂ ਰੱਖਣ ਵੇਲ਼ੇ ਹੀ ਉਸ ਦੀ ਟੀਮ ਦੀ ਸਿਆਣਪ ਬੇਨਕਾਬ ਹੋ ਗਈ ਹੋਵੇ, ਉਸ ਦੀ ਕਹਾਣੀ ਕਿਹੋ ਜਿਹੀ ਹੋਵੇਗੀ, ਅਨੁਮਾਨ ਲਾਉਣਾ ਬਹੁਤਾ ਔਖਾ ਨਹੀਂ ਹੈ। ‘ਯਾਰ ਅਣਮੁੱਲੇ’ (ਗੀਤ) ਦੀ ਕਾਮਯਾਬੀ ਦਾ ਫਲ ਖਾਣ ਵਾਲ਼ੀ ਟੀਮ ਦੇ ਵੀ ਤਿੰਨ ਮੈਂਬਰ ਹਨ ਤੇ ਉਸ ਗੀਤ ਦੇ ਨਾਂ ’ਤੇ ਬਣੀ ਇਸ ਫ਼ਿਲਮ ਦੇ ਨਾਇਕ ਵੀ ਤਿੰਨ ਹੀ ਹਨ। ਗੀਤ ਵਾਲ਼ੀ ਟੀਮ ਦੇ ਮੈਂਬਰਾਂ ਨੇ ਇਹ ਦੋਸ਼, ਫ਼ਿਲਮ ਦੀ ਸ਼ੂਟਿੰਗ ਹੋਣ ਸਮੇਂ ਹੀ ਲਾ ਦਿੱਤਾ ਸੀ ਕਿ ਇਹ ਫ਼ਿਲਮ ਬਣਾਉਣ ਦਾ ਉਦੇਸ਼ ਉਨ੍ਹਾਂ ਦੇ ਗੀਤ ਦੀ ਕਾਮਯਾਬੀ ਤੋਂ ਕਮਾਈ ਦੀ ਮਲਾਈ ਲਾਹੁਣਾ ਹੀ ਹੈ। ਫ਼ਿਲਮ ਦੇ ਮਲਟੀ ਸਟਾਰਰ ਹੋਣ ਦਾ ਭੁਲੇਖਾ ਪਾਉਣ ਲਈ ਤੇਹਾਂ ਨਾਇਕਾਂ ਬਰਾਬਰ ਨਾਇਕਾਵਾਂ ਵੀ ਤਿੰਨ ਖੜ੍ਹੀਆਂ ਕਰ ਦਿੱਤੀਆਂ ਜਦੋਂ ਕਿ ਉਨ੍ਹਾਂ ਦੇ ਕਿਰਦਾਰ ਬਹੁਤ ਹੀ ਛੋਟੇ ਹਨ। ਸ਼ੁਰੂ ਵਿਚ ਏਦਾਂ ਲੱਗਦਾ ਹੈ ਕਿ ਇਕ ਨਾਇਕ ‘ਗੁਰੂ’, ਖਲਨਾਇਕ ਹੈ, ਪਰ ਉਹ ਅੱਧੇ ਕੁ ਘੰਟੇ ਦੀ ਫ਼ਿਲਮ ਵਿਚ ਹੀ ਖਲਨਾਇਕੀ ‘ਸਾਹਬੂ’ ਨਾਂ ਦੇ ਕਿਰਦਾਰ ਦੇ ਗਲ਼ ਪਾ ਕੇ ਖ਼ੁਦ ਨਾਇਕ ਬਣ ਜਾਂਦਾ ਹੈ। ਨਾਇਕ ਤੇ ਖਲਨਾਇਕ ਵਿਚਾਲੇ ਦੁਸ਼ਮਣੀ ਦੀ ਕੋਈ ਵੱਡੀ ਵਜ੍ਹਾ ਨਹੀਂ ਦਿਸਦੀ। ਫ਼ਿਲਮ ਦੇ ਸਿਖ਼ਰ ਵੱਲ ਜਾਣ ਤੋਂ ਪਹਿਲਾਂ ਹੀ ਖਲਨਾਇਕ ਵੀ ਅਚਾਨਕ ਹੀ ‘ਪਤਾ ਨਹੀਂ ਕਿਉਂ’ ਖਲਨਾਇਕੀ ਛੱਡ ਜਾਂਦਾ ਹੈ ਤੇ ਇਕ ਨਾਇਕਾ ‘ਅਮਨ’ ਦੇ ਪੰਜ ਭਰਾ, ‘ਸਾਹਬੂ’ ਵੱਲੋਂ ਛੱਡੀ ਹੋਈ ‘ਖਲਨਾਇਕੀ ਦੀ ਗੱਦੀ’ ਮੱਲ ਲੈਂਦੇ ਹਨ। ਉਹ ਪਿਸਤੌਲ ਤਾਂ ਏਦਾਂ ਕੱਢਦੇ ਹਨ, ਜਿੱਦਾਂ ਹਰ ਰੋਜ਼ ਤੀਹ-ਤੀਹ ਬੰਦੇ ਮਾਰ ਕੇ ਹੀ ਰੋਟੀ ਖਾਂਦੇ ਹੋਣ ਯਾਨੀ ‘ਤੀਸ ਮਾਰ ਖਾਂ’ ਹੋਣ, ਪਰ ਅੰਤ ਵਿਚ ਬੜੇ ਘਟੀਆ ਜਿਹੇ ਕਾਮੇਡੀਅਨ ਵੀ ਸਿੱਧ ਨਹੀਂ ਹੁੰਦੇ। ਭੋਟੂ ਸ਼ਾਹ ਤੇ ਕਾਕੇ ਸ਼ਾਹ ਜਿਹੇ ਹਾਸ ਕਲਾਕਾਰ ਇਸ ਫ਼ਿਲਮ ਵਿਚ ਜੇਹੇ ਹੋਏ, ਤੇਹੇ ਨਾ ਹੋਏ ਸਿੱਧ ਹੋਏ ਕਿਉਂ ਕਿ ਉਨ੍ਹਾਂ ਕੋਲ ਕਾਮੇਡੀ ਵਾਲ਼ੇ ਸੰਵਾਦ ਹੀ ਨਹੀਂ ਸਨ।
ਸੰਗੀਤ ਵਿਚ ਵੰਨ-ਸੁਵੰਨਤਾ ਸੀ, ਜੋ ਕਿਸੇ ਅਰਥ ਨਾ ਆਈ। ਕਈ ਸੰਵਾਦਾਂ ਦੀ ਭਾਸ਼ਾ ਵੀ ਨਾਕਸ ਸੀ, ਜਿੱਦਾਂ ‘ਕਰ ਨਹੀਂ ਸਕਾਂਗਾ’ ਨੂੰ ਹਿੰਦੀ ਵਾਂਗ ‘ਕਰ ਨਹੀਂ ਪਾਵਾਂਗਾ’ ਬੋਲਿਆ ਗਿਆ। ਜੇ ਉਸ ਦੇ ਸੰਵਾਦ ਹਵਾ ਵਿਚ ਗੰਜਦੇ ਨਾ ਸੁਣਾਏ ਜਾਂਦੇ ਤਾਂ ਇਸ ਫ਼ਿਲਮ ਦੀ ਇਕ ਨਾਇਕਾ ਹੋਰ ਵਧ ਜਾਣੀ ਸੀ। ਨਿਰਦੇਸ਼ਕ ਅਨੁਰਾਗ ਸ਼ਿੰਘ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨਵੇਂ ਅਦਾਕਾਰ ਤੇ ਉਪਰੋਂ ਉਹ ਵੀ ਵੱਡੀ (ਖੁੱਲੀ) ਗਿਣਤੀ ਵਿਚ, ਕਦੇ ਵੀ ਕਾਮਯਾਬੀ ਦੇ ਜ਼ਾਮਨ ਨਹੀਂ ਹੁੰਦੇ। ਜੇ ਕਹਾਣੀ ਭੀੜੀ ਨਾ ਹੁੰਦੀ ਤੇ ਕਲਾਕਾਰਾਂ ਦੀ ਗਿਣਤੀ ਖੁੱਲ੍ਹੀ ਨਾ ਹੁੰਦੀ ਤਾਂ ਕੁੱਝ ‘ਬਣ ਸਕਣਾ’ ਸੀ। ਇਸੇ ਕਾਰਨ ਨਾ ‘ਫ਼ਿਲਮ ਬਣ ਸਕੀ’ ਹੈ ਨਾ ਕੁੱਝ ਹੋਰ ‘ਬਣ ਪਾਇਆ’ ਹੈ। #

-ਸੁਜਾਖਾ ਸਿੰਘ ਦੀਦਾਵਰ