ਸਫ਼ਰਨਾਮੇ ਦਾ ਸਫ਼ਰ
ਸਫ਼ਰਨਾਮੇ ਤੋਂ ਪਹਿਲਾਂ ਸਫ਼ਰਨਾਮਿਆਂ ਬਾਰੇ 
-ਬਖ਼ਸ਼ਿੰਦਰ


     ਕਿਸੇ ਨੇ ਕਿਸੇ ਤੋਂ ਪੁੱਛਿਆ, “ਵਿਆਹ ਕਰਾਉਣ ’ਤੇ ਵਹੁਟੀ ਦੇ ਨਾਲ ਹੋਰ ਕੀ-ਕੀ ਆਉਂਦੈ?” ਦੂਜੇ ਨੇ ਕਿਹਾ, “ਵਹੁਟੀ ਆਉਂਦੀ ਆ, ਦਾਜ ਆਉਂਦੈ ਤੇ ਵੈੱਡਿੰਗ ਰਿੰਗ ਆਉਂਦੀ ਆ...।”
     ਪਹਿਲਾ ਜਣਾ, ਦੂਜੇ ਦੀ ਸਾਂਗ ਲਾ ਕੇ ਕਹਿਣ ਲੱਗਿਆ, “ਵੈੱਡਿੰਗ ਰਿੰਗ, ਨਹੀਂ ‘ਸਫ਼ਰਿੰਗ’ ਆਉਂਦੀ ਆ!” ਇਹ ਗੱਲ ਪੜ੍ਹ ਕੇ ਹਾਸਾ ਆਉਣ ਦੀ ਤਾਂ ਨਹੀਂ, ਇਸ ਗੱਲ ਦੀ ਗਰੰਟੀ ਦੇ ਸਕਦਾ ਹਾਂ ਕਿ ਸਫ਼ਰ ਕਰਨ ਵਿਚ ਤਕਲੀਫ਼ਾਂ ਜ਼ਰੂਰ ਆਉਂਦੀਆਂ ਨੇ ਤੇ ਫਿਰ ਸਫ਼ਰਨਾਮਾ ਲਿਖਣ ਵਿਚ ਵੱਖਰੀਆਂ ਤੇ ਉਹ ਸਫ਼ਰਨਾਮਾ ਪੜ੍ਹਨ ਵਿਚ ਹੋਰ ਬਹੁਤ ਸਾਰੀਆਂ ‘ਸਫ਼ਰਿੰਗਜ਼’ (ਤਕਲੀਫ਼ਾਂ) ਆਉਂਦੀਆਂ ਨੇ।
     ਭਲਾ ਹੋਵੇ ਵਿਚਾਰੇ ਰਸੂਲ ਹਮਜ਼ਾਤੋਵ ਦਾ, ਜਿਸ ਨੂੰ ਕੁੱਝ ਲੋਕ ‘ਹਮਜ਼ਾਤੋਫ਼’ ਵੀ ਕਹਿੰਦੇ ਨੇ ਤੇ ਜਿਸ ਨੇ ‘ਮੇਰਾ ਦਾਗ਼ਸਤਾਨ’ ਲਿਖਦਿਆਂ ਉਸ ਦੇ ‘ਮੁੱਖਬੰਦ ਦੀ ਥਾਂ ਮੁੱਖਬੰਦਾਂ ਬਾਰੇ’ ਲੇਖ ਲਿਖ ਦਿੱਤਾ। ਹੁਣ ਮੇਰੇ ਵਰਗਾ ਹਰ ਜਣਾ-ਖਣਾ ‘ਹਮਜ਼ਾਤੋਵੀਆਈ’ ਅੰਦਾਜ਼ ਵਿਚ ‘ਨਾਵਲ ਦੀ ਥਾਂ ਨਾਵਲਾਂ ਬਾਰੇ’, ‘ਕਹਾਣੀ ਦੀ ਥਾਂ ਕਹਾਣੀਆਂ ਬਾਰੇ’, ‘ਨਾਟਕ ਦੀ ਥਾਂ ਨਾਟਕਾਂ ਬਾਰੇ’ ਅਤੇ ‘ਕਵਿਤਾ ਦੀ ਥਾਂ ਕਵਿਤਾ ਬਾਰੇ’ ਲਿਖਣ ਲੱਗ ਪਿਆ ਹੈ, ਪਰ ਆਪਾਂ ‘ਸਫ਼ਰਨਾਮੇ ਦੀ ਥਾਂ ਸਫ਼ਰਨਾਮੇ ਬਾਰੇ’ ਨਹੀਂ ਸਗੋਂ ‘ਸਫ਼ਰਨਾਮੇ ਤੋਂ ਪਹਿਲਾਂ ਸਫ਼ਰਨਾਮੇ ਬਾਰੇ’ ਲਿਖਣ ਲੱਗੇ ਹਾਂ। ਲਿਖਣ ਲਈ ਕੋਈ ਸਿਨਫ਼ ਚੁਣਨ ਦੀ ਥਾਂ, ਕਿਸੇ ਸਿਨਫ਼ ਬਾਰੇ ਲਿਖ ਸੁੱਟੋ, ਅਗਲੇ ਦਿਨ ਹੀ ਮਸ਼ਹੂਰ ਹੋਣ ਦਾ ਚਾਂਸ ਲੱਗ ਸਕਦੈ।
      ਪੰਜਾਬੀ ਦੀ ਐੱਮ. ਏ. ਕਰਨ ਵਾਲਾ ਕੋਈ ਵਿਦਿਆਰਥੀ ਕਵੀ, ਕਹਾਣੀਕਾਰ ਜਾਂ ਨਾਵਲਨਵੀਸ ਹੋਵੇ ਨਾ ਹੋਵੇ, ਆਲੋਚਕ ਜ਼ਰੂਰ ਹੋਵੇਗਾ ਕਿਉਂ ਕਿ ਉਸ ਨੂੰ ਕਾਲਜ ਵਿਚ ਪੜ੍ਹਾਉਣ ਵਾਲਿਆਂ ਵਿਚ ਵੀ ਕੋਈ ਕਵੀ, ਕਹਾਣੀਕਾਰ ਜਾਂ ਨਾਵਲਨਵੀਸ ਤਾਂ ਸ਼ਾਇਦ ਹੀ ਹੋਵੇ, ਆਲੋਚਕ ਬਥੇਰੇ ਹੋਣਗੇ। ਕਾਰਨ ਬਹੁਤ ਸਪੱਸ਼ਟ ਹੈ ਕਿ ਆਲੋਚਕ ਆਮ ਤੌਰ ’ਤੇ ‘ਕਵਿਤਾ ਦੀ ਥਾਂ ਕਵਿਤਾ ਬਾਰੇ’, ‘ਨਾਟਕ ਦੀ ਥਾਂ ਨਾਟਕਾਂ ਬਾਰੇ’, ‘ਨਾਵਲ ਦੀ ਥਾਂ ਨਾਵਲਾਂ ਬਾਰੇ’ ਅਤੇ ‘ਸਫ਼ਰਨਾਮੇ ਦੀ ਥਾਂ ਸਫ਼ਰਨਾਮੇ ਬਾਰੇ’ ਲਿਖਣ ਵਾਲ਼ੇ ਹੀ ਹੁੰਦੇ ਹਨ। ਮੈਂ ਸਫ਼ਰਨਾਮਾ ਲਿਖਣ ਦੇ ਬਹੁਤਾ ਹੱਕ ਵਿਚ ਨਹੀਂ ਹਾਂ ਕਿਉਂ ਕਿ ਸਫ਼ਰਨਾਮਿਆਂ ਵਿਚ ‘ਇਕ-ਇਕ ਟਿੱਡੀ ਫੁਰਰ’ ਕਰਨ ਵਰਗਾ ਬੇਲੋੜਾ ਵੇਰਵਾ ਬਹੁਤ ਪਾ ਦਿੱਤਾ ਜਾਂਦਾ ਹੈ। ਮੈਂ ਇਹ ਵੀ ਨਹੀਂ ਕਹਿੰਦਾ ਕਿ ਸਫ਼ਰਨਾਮਾ ਕਦੇ ਲਿਖਿਆ ਹੀ ਨਾ ਜਾਵੇ। ਮੈਂ ਤਾਂ ਇਹੋ ਕਹਿੰਦਾ ਹਾਂ ਕਿ ਸਫ਼ਰਨਾਮਿਆਂ ਦੇ ਬਾਗ਼ ਵਿਚੋਂ ਟਿੱਡੀਆਂ ਇਕੱਠੀਆਂ ਹੀ ਉਡਾਉਣ ਦੀ ਕੋਈ ਜੁਗਤ ਬਣਾਈ ਜਾਵੇ।
       ਮੈਂ ਤੀਜੀ ਵਾਰ ਕੈਨੇਡਾ ਆਇਆ ਹਾਂ। ਇਸ ਹਿਸਾਬ ਨਾਲ ਮੈਂ ਤਿੰਨ ਸਫ਼ਰਨਾਮੇਂ ਲਿਖ ਸਕਦਾ ਸਾਂ, ਪਰ ਮੈਂ ਇਕ ਵੀ ਨਹੀਂ ਲਿਖਿਆ। ਇਸ ਤੋਂ ਪਹਿਲਾਂ ਕਿ ਕੋਈ ਇਸ ਦੀ ਵਜ੍ਹਾ ਪੁੱਛੇ, ਮੈਂ ਆਪ ਹੀ ਦੱਸ ਦਿੰਦਾ ਹਾਂ। ਕੈਨੇਡਾ ਵਿਚ ਪਹਿਲਾਂ ਵੀ ਲੋਕ ਆਏ ਹਨ। ਉਨ੍ਹਾਂ ਵਿਚੋਂ ਬਹੁਤ ਸਾਰੇ ਲੇਖਕ ਵੀ ਹੋਣਗੇ ਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਸਿਰਫ਼ ਸਫ਼ਰਨਾਮਾ ਲੇਖਕ ਹੋਣਗੇ। ਉਹ ਕੈਨੇਡਾ ਦੇ ਸਫ਼ਰਨਾਮੇਂ ਲਿਖ ਚੁੱਕੇ ਹੋਣਗੇ। ਮੈਂ ਵੀ ਉਨ੍ਹਾਂ ਵਾਂਗ ਹੀ ਪਿੰਡੋਂ ਆ ਕੇ ਜਹਾਜ਼ ਚੜ੍ਹਦਾ ਰਿਹਾ ਹਾਂ। ਮੇਰਾ ਜਹਾਜ਼ ਵੀ ਉਨ੍ਹਾਂ ਵਾਲ਼ੇ ਜਹਾਜ਼ਾਂ ਦੇ ਉੱਡਣ ਵਾਂਗ ਹੀ ਉੱਡਦਾ ਰਿਹਾ ਹੈ। ਮੈਂ ਵੀ ਉਨ੍ਹਾਂ ਵਾਂਗ ਹੀ ਸੁੱਤ-ਉਨੀਂਦੇ ਜਿਹੇ ਨੇ ਸਫ਼ਰ ਮੁਕਾਇਆ ਹੈ। ਫਿਰ ਮੇਰੇ ਵੱਲੋਂ ਸਫ਼ਰਨਾਮਾ ਲਿਖਣ ਵਾਲ਼ੀ ਕੋਈ ਗੱਲ ਤਾਂ ਨਾ ਹੋਈ ਨਾ? ਹਾਂ, ਹੋ ਸਕਦੀ ਸੀ, ਜੇ ਜਹਾਜ਼ ਵਿਚ ਮੇਰੀ ਸੀਟ ਨਾਲ ਦੀ ਸੀਟ ਉੱਤੇ ਕਿਸੇ ਹਮਾਤੜ ਦੀ ਥਾਂ ਪ੍ਰੀਤੀ ਜ਼ਿੰਟਾ ਜਾਂ ਉਸ ਵਰਗੀ ਕੋਈ ਹੋਰ ਫ਼ਿਲਮ ਸਟਾਰ ਆ ਬੈਠੀ ਹੁੰਦੀ। ਫੇਰ ਮੈਂ ਵੀ ਸਫ਼ਰਨਾਮਾ ਲਿਖਦਾ। ਲੋਕ ਮੇਰਾ ਸਫ਼ਰਨਾਮਾ ਪੜ੍ਹਦੇ ਵੀ ਤੇ ਉਸ ਦਾ ਆਨੰਦ ਵੀ ਮਾਣਦੇ। ਸੋ ਨਾ ਸਾਡੇ ਨਾਲ ਪ੍ਰੀਤੀ ਜ਼ਿੰਟਾ ਬੈਠੇ, ਨਾ ਅਸੀਂ ਸਫ਼ਰਨਾਮਾ ਲਿਖੀਏ ਯਾਨੀ ਨਾ ਨੌਂ ਮਣ ਪ੍ਰੀਤੀ ਜ਼ਿੰਟਾ, ਨਾ ਸੱਚ ਤੇਲ ਹੋਵੇ, ਨਾ ਰਾਧਾ ਨੱਚੇ। ਇਹ ਨੌਂ ਮਣ ਤੇਲ ਨਾਲ ਰਾਧਾ ਦੇ ਨੱਚਣ ਦਾ ਕੀ ਸਬੰਧ ਹੈ, ਇਸ ਦਾ ਵੀ ਪਤਾ ਕਰਨਾ ਪਏਗਾ।
      ਲਓ, ਪੈ ਚੱਲਿਆ ਸੀ ਨਾ ‘ਰਾਧਾ’ ਤੇ ‘ਤੇਲ’ ਨਾਲ ਇਸ ਲੇਖ ਵਿਚ ਵੀ ਆਮ ਸਫ਼ਰਨਾਮਿਆਂ ਵਾਲ਼ਾ ਨੁਕਸ? ਕਹਿੰਦੇ ਨੇ ਫਲਾਣਾ ਬੰਦਾ ਲੱਖ ਰੁਪਏ ਦੀ ਇਕ ਗੱਲ ਕਰਦਾ ਏ। ਇਹੋ ਜਿਹੇ ਬੰਦੇ ਵਿਰਲੇ-ਟਾਂਵੇਂ ਹੀ ਹੁੰਦੇ ਹਨ। ਹਾਂ, ਸਾਡੇ ਵਰਗੇ ਇਕ-ਇਕ ਰੁਪਏ ਦੀ ਲੱਖ ਗੱਲ ਕਰਨ ਵਾਲ਼ੇ ਬਥੇਰੇ ਮਿਲ ਜਾਣਗੇ। ਇਹ ਸਤਰਾਂ ਪੜ੍ਹ ਕੇ ਕਈ ਲਾਲ ਭੁਝੱਕੜ ਇਹ ਵੀ ਕਹਿ ਦੇਣਗੇ ਪਈ ਇਸ ਵਿਚ ਕੀ ਫ਼ਰਕ ਏ, ਲੱਖ ਰੁਪਏ ਦੀ ਇਕ ਗੱਲ ਕੀਤੀ ਜਾਂ ਇਕ-ਇਕ ਰੁਪਏ ਦੀ ਲੱਖ ਗੱਲ ਕੀਤੀ, ਰਕਮ ਤਾਂ ਓਨੀ ਹੀ ਬਣੀ। ਅਸੀਂ ਵੀ ਇਹੋ ਕਹਿਣ ਦਾ ਹੀਲਾ ਕਰ ਰਹੇ ਹਾਂ ਕਿ ਸਫ਼ਰਨਾਮਿਆਂ ਵਿਚ ਲੱਖ-ਲੱਖ ਰੁਪਏ ਦੀਆਂ ਬਹੁਤੀਆਂ ਗੱਲਾਂ ਕੀਤੀਆਂ ਜਾਣ ਤੇ ਇਕ-ਇਕ ਰੁਪਏ ਵਾਲ਼ੀਆਂ ਲੱਖ-ਲੱਖ ਗੱਲਾਂ ਘੱਟ ਕੀਤੀਆਂ ਜਾਇਆ ਕਰਨ। ਅਸੀਂ ਸਫ਼ਰਨਾਮਿਆਂ ਦੇ ਤੇ ਸਫ਼ਰਨਾਮੇਂ ਲਿਖਣ ਵਾਲਿਆਂ ਦੇ ਦੋਖੀ ਮੂਲ਼ੋਂ ਹੀ ਨਹੀਂ ਹਾਂ। ਸਾਨੂੰ ਤਾਂ ਸਫ਼ਰਨਾਮਿਆਂ ਵਿਚ ਉਹ ਗੱਲਾਂ ਕਰਨ ’ਤੇ ਘਿੰਨ ਆਉਂਦੀ ਹੈ, ਜਿਨ੍ਹਾਂ ਦਾ ਭਾਅ ਇਕ ਰੁਪਿਆ ਫੀ ਗੱਲ ਵੀ ਨਹੀਂ ਹੁੰਦਾ ਹੈ।
     ਮੁੱਕਦੀ ਗੱਲ ਇਹੋ ਹੈ ਪਈ ਜਿਹੜੀ ਗੱਲ ਕਰਨ ਤੋਂ ਬਗ਼ੈਰ ਰਿਹਾ ਜਾ ਸਕਦਾ ਹੋਵੇ, ਸਫ਼ਰਨਾਮੇਂ ਵਿਚ ਉਹ ਮੂਲ਼ੋਂ ਹੀ ਨਾ ਕੀਤੀ ਜਾਵੇ। ਜੇ ਸਫ਼ਰ ਦੌਰਾਨ ਕਿਸੇ ਬਾਗ਼ ਵਿਚ ਗਏ ਹੋਵੋਂ ਤਾਂ ਜ਼ਰੂਰੀ ਨਹੀਂ ਪਈ ਵਾਰਿਸ ਸ਼ਾਹ ਵਾਂਗ ਉਸ ਬਾਗ਼ ਵਿਚ ਲੱਗੇ ਹੋਏ ਹੀ ਬੂਟਿਆਂ ਦੀਆਂ ਨਹੀਂ, ਸਗੋਂ ਉਨ੍ਹਾਂ ਦੇ ਅਗਲੇ-ਪਿਛਲੇ ਬੂਟਿਆਂ ਦੀਆਂ ਕਿਸਮਾਂ ਵੀ ਸਫ਼ਰਨਾਮੇਂ ਵਿਚ ਗਿਣਾ ਦਿਓਂ। ਕਿਸੇ ਢਾਬੇ ਤੋਂ ਚਾਹ ਪੀਣ ਦਾ ਜ਼ਿਕਰ ਤਾਂ ਕੀਤਾ ਜਾ ਸਕਦਾ ਹੈ, ਪਰ ਉਸ ਦੁਕਾਨਦਾਰ ਨੇ ਚਾਹ ਬਣਾਉਂਦਿਆਂ ਪੱਤੀ ਕਿਸ ਮਾਰਕੇ ਦੀ ਪਾਈ ਸੀ, ਇਹ ਲਿਖਣ ਦੀ ਲੋੜ ਨਹੀਂ। ਜਾਂ ਚਾਹ ਪੀਦਿਆਂ ਜਿਹੜੇ ਰਾਹਗੀਰ ਕੋਲੋਂ ਦੀ ਲੰਘਦੇ ਦੇਖੇ, ਉਨ੍ਹਾਂ ਨੇ ਕਿਹੜੇ-ਕਿਹੜੇ ਰੰਗ ਦੇ ਤੇ ਕਿਹੜੇ-ਕਿਹੜੇ ਸਟਾਈਲ ਦੇ ਕੱਪੜੇ ਪਾਏ ਹੋਏ ਸਨ-ਇਹ ਸਭ ਕੁੱਝ ਸਫ਼ਰਨਾਮੇ ਵਿਚ ਲਿਖੇ ਬਗ਼ੈਰ ਵੀ ਸਰ ਸਕਦਾ ਹੈ। ਢਾਬੇ ’ਤੇ ਖੜ੍ਹ ਕੇ ਚਾਹ ਪੀਂਦਿਆਂ ਮੌਸਮ ਕਿਹੋ ਜਿਹਾ ਸੀ, ਲਿਖਣਾ ਉਨਾ ਚਿਰ ਜ਼ਰੂਰੀ ਨਹੀਂ, ਜਿੰਨਾ ਚਿਰ ਉਸ ਮੌਸਮ ਦੀ ਵਜ੍ਹਾ ਨਾਲ ਕੋਈ ਨਾਟਕੀ ਅੰਸ਼ ਪੈਦਾ ਨਾ ਹੋਣਾ ਹੋਵੇ।
     ਮੇਰੇ ਵਰਗੇ ਨੇ ਪਹਿਲੀ ਵਾਰੀ ਜਹਾਜ਼ ਦਾ ਸਫ਼ਰ ਕਰਨਾ ਹੋਵੇ ਤੇ ਫਿਰ ਉਸ ਸਫ਼ਰ ਦਾ ‘ਨਾਮਾ’ ਵੀ ਲਿਖਣਾ ਹੋਵੇ ਤਾਂ ਉਹ ‘ਵਾਸ਼ਰੂਮ’ ਜਾਣ ਲੱਗਿਆਂ ਵੀ ਨੋਟ ਬੁੱਕ ਤੇ ਪੈੱਨ, ਵਾਸ਼ਰੂਮ ਦੇ ਅੰਦਰ ਨਾਲ ਲਿਜਾਣਾ ਨਹੀਂ ਭੁੱਲੇਗਾ ਕਿਉਂ ਕਿ ਉਸ ਨੇ ਆਪਣੇ ਪਾਠਕਾਂ ਨੂੰ ਜਹਾਜ਼ ਅੰਦਰਲੇ ਵਾਸ਼ਰੂਮ ਅੰਦਰਲੀ ਜਾਣਕਾਰੀ ਵੀ ਦੇਣੀ ਹੁੰਦੀ ਹੈ। ਉਹ ਤਾਂ ਹੱਥ ਸੁੱਚੇ ਕਰਨ ਲਈ ਰੱਖੇ ਹੋਏ ਸਾਬਣ ਦਾ ਮਾਰਕਾ ਵੀ ਜਾਨਣ ਦੀ ਕੋਸ਼ਿਸ਼ ਕਰੇਗਾ। ਸਫ਼ਰਨਾਮਾ ਲਿਖਣ ਦਾ ਕਿਤੇ ਕੋਈ ਇਕ ਯੱਭ ਏ? ਕੀ ਪਤਾ ਕੋਈ ਆਲੋਚਕ ਉਹ ਸਫ਼ਰਨਾਮਾ ਪੜ੍ਹ ਕੇ ਇਹ ਕਹਿ ਦੇਵੇ ਕਿ ਲੇਖਕ ਨੇ ਜਹਾਜ਼ ਵਿਚ ਜਿਹੜੀ ਟਰੇਅ ਵਿਚ ਖਾਣਾ ਖਾਧਾ ਉਸ ਦੇ ਪੁੱਠੇ ਪਾਸੇ ਦਾ ਰੰਗ ਨਹੀਂ ਲਿਖਿਆ। ਇਸ ਲਈ ਸਫ਼ਰਨਾਮਾ ਲੇਖਕ ਖਾਣਾ ਖਾਣ ਨਾਲੋਂ ਉਸ ਨੂੰ ਮਿਲੀ ਟਰੇਅ ਦੇ ਪੁੱਠੇ ਪਾਸੇ ਦਾ ਰੰਗ ਜਾਨਣ ਵੱਲ ਬਹੁਤਾ ਧਿਆਨ ਦੇਵੇਗਾ। ਇਹ ਵੱਖਰੀ ਗੱਲ ਹੈ ਕਿ ਉਹ ਇਹ ‘ਕੀਮਤੀ’ ਜਾਣਕਾਰੀ ਹਾਸਲ ਕਰਨ ਲਈ ਦਾਲ਼-ਸਬਜ਼ੀ ਦੀਆਂ ਕੌਲੀਆਂ ਆਪਣੇ ਜਾਂ ਨਾਲ ਬੈਠੇ ਮੁਸਾਫ਼ਰਾਂ ਦੇ ਕੱਪੜਿਆਂ ਉੱਤੇ ਉਲਟਾਅ ਬੈਠੇ।
       ਅਸਲ ਵਿਚ, ਜਿੱਦਾਂ ਹਰ ਅਖ਼ਬਾਰ ਦੀ ਨੀਤੀ ਤੇ ਸੰਪਾਦਨ ਦੇ ਅਸੂਲ ਆਪੋ-ਆਪਣੇ ਹੁੰਦੇ ਹਨ, ਓਦਾਂ ਹੀ ਸਫ਼ਰਨਾਮਾ ਲਿਖਣ ਦੇ ਅਸੂਲ ਵੀ ਹਰ ਸਫ਼ਰਨਾਮਾ ਲੇਖਕ ਨੇ ਆਪਣੇ-ਆਪਣੇ ਬਣਾਏ ਹੁੰਦੇ ਹਨ। ਹੋਰ ਤਾਂ ਹੋਰ, ਆਲੋਚਕਾਂ ਨੇ ਵੀ ਸਫ਼ਰਨਾਮਿਆਂ ਦਾ ਮੁਲ਼ਾਂਕਣ ਕਰਦਿਆਂ ਇਨ੍ਹਾਂ ਨੂੰ ਲਿਖਣ ਬਾਰੇ ਕੋਈ ਦਾਇਰਾ ਜਾਂ ਪੈਟਰਨ ਨਹੀਂ ਮਿੱਥਿਆ। ਇਕ ਮਸ਼ਹੂਰ ਅਖ਼ਬਾਰ ਦੇ ਮਾਲਕ ਨੁਮਾ ਸੰਪਾਦਕ, ਜੋ ਮੁਲਕ ਦੇ ਪ੍ਰਧਾਨ ਮੰਤਰੀਆਂ ਨਾਲ ਮੁਫ਼ਤੋ-ਮੁਫ਼ਤੀ ਵਿਦੇਸ਼ ਦੌਰੇ ਕਰਨ ਲਈ ‘ਬਦਨਾਮ’ ਹਨ, ਬਹੁਤ ਹੀ ਮਾੜੇ ਸਫ਼ਰਨਾਮੇਂ ਲਿਖਣ ਵਿਚ ਮਾਹਰ ਮੰਨੇ ਜਾਂਦੇ ਹਨ। ਉਹ ਕਿਸੇ ਮੁਲਕ ਦੇ ਸਫ਼ਰਨਾਮੇ ਦੀ ਸ਼ੁਰੂਆਤ, ਉਸ ਸਫ਼ਰ ਲਈ ਰਵਾਨਾ ਹੋਣ ਤੋਂ ਪਹਿਲਾਂ ਸਫ਼ਰ ਦੀ ਤਿਆਰੀ ਕਰਨ ਤੋਂ ਹੀ ਨਹੀਂ, ਸਗੋਂ ਸਫ਼ਰ ਲਈ ਰਵਾਨਾ ਹੋਣ ਤੋਂ ਪਹਿਲਾ ਨਹਾਉਣ-ਧੋਣ ਲਈ ਗੁਸਲਖ਼ਾਨੇ ਵਿਚ ਵੜਨ ਤੋਂ ਸ਼ੁਰੂ ਕਰਨਗੇ। ਇਸ ਸੰਪਾਦਕ ਤੇ ਉਸ ਦੇ ਪੁੱਤਰ ਕਿਸੇ ਮੁਲਕ ਵਿਚ ਸੱਤ ਦਿਨ ਬਿਤਾ ਕੇ ਉਸ ਸਫ਼ਰ ਬਾਰੇ 700 ਕਿਸਤਾਂ ਲਿਖ ਸਕਦੇ ਹਨ। ਉਨ੍ਹਾਂ ਵੱਲੋਂ ਲਿਖਿਆ ਜਾਂਦਾ ਸਫ਼ਰਨਾਮਾ ਤਕਰੀਬਨ ਉਦੋਂ ਹੀ ਮੁੱਕਦਾ ਹੈ, ਜਦੋਂ ਉਹ ਮੁਲਕ ਦੇ ਪ੍ਰਧਾਨ ਮੰਤਰੀ ਨਾਲ ਕਿਸੇ ਹੋਰ ਮੁਲਕ ਦੇ ਦੌਰੇ ’ਤੇ ਜਾਂਦੇ ਹਨ।
     ਇਹ ਸੰਪਾਦਕ ਸਾਹਿਬ ਕਿਸੇ ਮੁਲਕ ਵਿਚ ਦਾਖਲ ਹੋ ਕੇ, ਜਿਹੜੇ ਵੀ ਸ਼ਹਿਰ ਵਿਚ ਉਤਾਰਾ ਕਰਦੇ ਹਨ, ਉਸ ਵਿਚ ਸਭ ਤੋਂ ਪਹਿਲਾਂ ਕੋਈ ਵੱਡਾ ਬੁੱਕ ਸਟੋਰ ਲੱਭਦੇ ਹਨ ਤੇ ਉਸ ਮੁਲਕ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਵਾਲ਼ੇ ਰਸਾਲੇ ਤੇ ਕਿਤਾਬਾਂ ਖਰੀਦਦੇ ਹਨ। ਉਸ ਤੋਂ ਬਾਅਦ ਉਹ ਜਿਹੜੇ ਦੋ-ਚਾਰ ਸ਼ਹਿਰਾਂ ਵਿਚ ਜਾਂਦੇ ਹਨ, ਉਨ੍ਹਾਂ ਸ਼ਹਿਰਾਂ ਦੇ ਨਕਸ਼ੇ ਤੇ ਕੁੱਝ ਕਿਤਾਬਚੇ ਖ਼ਰੀਦ ਲੈਂਦੇ ਹਨ ਤੇ ਫਿਰ ਇਕ ਸ਼ਹਿਰ ਵਿਚ ਇਕੋ ਹੀ ਰਾਤ ਬਿਤਾ ਕੇ ਉਸ ਸ਼ਹਿਰ ਦੇ ਸਾਰੇ ਹੋਟਲਾਂ, ਰਾਤਰੀ-ਜੀਵਨ, ਬਜ਼ਾਰਾਂ, ਰੰਡੀ ਬਜ਼ਾਰਾਂ ਬਾਰੇ ਸੈਂਕੜੇ ਕਿਸਤਾਂ ਲਿਖਣ ਦਾ ਜੁਗਾੜ ਬਣਾ ਲੈਂਦੇ ਹਨ।
    ਅਸੀਂ ਨਹੀਂ ਕਹਿੰਦੇ ਕਿ ਇਸ ਲੇਖ ਤੋਂ ਬਾਅਦ ਅਸੀਂ ਸਫ਼ਰਨਾਮੇ ਦੇ ਨਾਮੇ ਹੇਠ ਜੋ ਕੁੱਝ ਲਿਖਾਂਗੇ, ਉਹ ਵਧੀਆ ਸਫ਼ਰਨਾਮਾ ਹੋਵੇਗਾ। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਕੋਈ ਸੱਜਣ ਅੱਗੇ ਤੋਂ ਸਫ਼ਰਨਾਮਾ ਨਾ ਲਿਖੇ। ਕਹਿੰਦੇ ਅਸੀਂ ਇਹ ਵੀ ਨਹੀਂ ਕਿ ਹਰ ਸਫ਼ਰਨਾਮਾ ਲੇਖਕ ਸਾਡੇ ਪੱਬ-ਚਿੰਨ੍ਹਾਂ ’ਤੇ ਤੁਰੇ। ਅਸੀਂ ਇਹ ਜ਼ਰੂਰ ਕਹਾਂਗੇ ਕਿ ਭਾਵੇਂ ਸਫ਼ਰਨਾਮਾ ਕਿਸੇ ਉਸ ਥਾਂ/ ਸ਼ਹਿਰ/ ਮੁਲਕ ਬਾਰੇ ਹੀ ਲਿਖਿਆ ਜਾਵੇ, ਜਿਸ ਬਾਰੇ ਪਹਿਲਾਂ ਵੀ ਸਫ਼ਰਨਾਮੇਂ ਲਿਖੇ ਜਾ ਚੁੱਕੇ ਹੋਣ, ਪਰ ਉਸ ਵਿਚ ਤਾਜ਼ਗ਼ੀ ਹੋਵੇ ਤੇ ਬੇਹਾਪਨ ਨਾ ਹੋਵੇ। ਉਹ ਸਫ਼ਰਨਾਮਾ ਏਦਾਂ ਦਾ ਹੋਵੇ, ਜਿਸ ਨੂੰ ਪੜ੍ਹਦਿਆਂ ਕਿਸੇ ਹੋਰ ਦਾ ਲਿਖਿਆ ਸਫ਼ਰਨਾਮਾ ਯਾਦ ਨਾ ਆਵੇ। ਅੰਤ ਵਿਚ ਇਕ ਅਰਜ਼ ਕਰਨੀ ਹੈ ਕਿ ਅਸੀਂ ਇਹ ਨਹੀਂ ਲਿਖਣਾ ਕਿ ਲੜੀ ਜੋੜਨ ਲਈ ਅਗਲਾ/ ਪਿਛਲਾ/ ਸੱਜੇ-ਖੱਬੇ ਪਾਸੇ ਵਾਲਾ ਅੰਕ ਦੇਖੋ। ਜਦੋਂ ਗੱਲ ਸ਼ੁਰੂ ਹੋਵੇਗੀ, ਖ਼ੁਦ ਦੱਸੇਗੀ, ਜਦੋਂ ਗੱਲ ਮੁੱਕੇਗੀ, ਖ਼ੁਦ ਹੀ ਬੁੱਕੇਗੀ।#