ਸਿੰਮਲ ਦਾ ਰੁੱਖ
ਹਰਜਿੰਦਰ ਬੱਲ*ਸੱਜਣਾ ਦੂਰ ਵਸੇਂਦਿਆ! ਦਿਲ ਵਿਚ ਇੱਕੋ ਖ਼ਾਬ। ਤੇਰੇ ਵਾਲ਼ੀਂ ਟੰਗਣਾ, ਮੈਂ ਇਕ ਸੁਰਖ਼ ਗੁਲਾਬ।
ਸੱਜਣਾ ਦੂਰ ਵਸੇਂਦਿਆ! ਸਬਰ ਕਰੀਂ ਦਿਨ ਚਾਰ। ਤੇਰੇ ਘਰ ਛਣਕੂ ਮਿਰੀ, ਝਾਂਜਰ ਦੀ ਛਣਕਾਰ।
ਸੱਜਣਾ ਦੂਰ ਵਸੇਂਦਿਆ! ਮੰਗਾਂ ਤੇਰੀ ਸੁੱਖ। ਅਪਣੀ ਝੋਲ਼ੀ ਪਾ ਲਵਾਂ, ਤੇਰੇ ਸਾਰੇ ਦੁੱਖ।
ਸੱਜਣਾ ਦੂਰ ਵਸੇਂਦਿਆ! ਦਿਲ ਨਾ ਧਰਦਾ ਧੀਰ। ਰੋ-ਰੋ ਕੇ ਮੁੱਕ ਚੱਲਿਆ, ਨੈਣਾਂ ਵਿੱਚੋਂ ਨੀਰ।
ਸੱਜਣਾ ਦੂਰ ਵਸੇਂਦਿਆ! ਵਢ-ਵਢ ਖਾਂਦੀ ਰਾਤ। ਹੁੰਗਾਰੇ ਨੂੰ ਤਰਸਦੀ, ਗੁੰਗੀ ਹੋ ਗਈ ਬਾਤ।
ਸੱਜਣਾ ਦੂਰ ਵਸੇਂਦਿਆ! ਮੌਤੋਂ ਬੁਰੀ ਇਕੱਲ। ਤੇਰੇ ਬਿਨ ਦੋ ਪੈਰ ਵੀ, ਹੁਣ ਨਾ ਹੋਵੇ ਚੱਲ।
ਸੱਜਣਾ ਦੂਰ ਵਸੇਂਦਿਆ! ਦਿਲ ਨੂੰ ਪੈਂਦੇ ਹੌਲ! ਸਾਡਾ ਕੰਘਾ ਹੋ ਗਿਆ, ਲੋਕੀਂ ਕਰਨ ਮਖੌਲ।
ਸੱਜਣਾ ਦੂਰ ਵਸੇਂਦਿਆ! ਭਰ-ਭਰ ਡੁੱਲ੍ਹਣ ਨੈਣ। ਰੋ-ਰੋ ਮੈਂ ਦਿਨ ਕੱਟਦੀ, ਹਉਕੇ ਭਰ-ਭਰ ਰੈਣ।
ਸੱਜਣਾ ਦੂਰ ਵਸੇਂਦਿਆ! ਬਹਿ ਨਾ ਬਣ ਕੇ ਬੁੱਤ। ਤੂੰ ਵੀ ਉੱਡ ਭੰਬੀਰੀਏ! ਆਈ ਸਾਵਣ ਰੁੱਤ।
ਰਾਂਝੇ ਦੀ ਸਭ ਚਾਕਰੀ, ਖੂਹ 'ਚ ਪਈ ਅਖੀਰ। ਰਿਹਾ ਵਿਚਾਰਾ ਵਿਲਕਦਾ, ਖੇੜੇ ਲੈਗੇ ਹੀਰ।
ਸੱਜਣਾ ਦੂਰ ਵਸੇਂਦਿਆ! ਹੁਣ ਅੱਲ੍ਹਾ ਦੀ ਓਟ। ਮਾਰ ਮੁਕਾਵੇ ਅੰਤ ਨੂੰ, ਦਿਲ 'ਤੇ ਲੱਗੀ ਚੋਟ।
ਸੱਜਣਾ ਦੂਰ ਵਸੇਂਦਿਆ! ਫੂਕ-ਫੂਕ ਧਰ ਪੈਰ। ਬੜਾ ਜ਼ਮਾਨਾ ਚੰਦਰਾ, ਪੈ ਨਾ ਜਾਵੇ ਵੈਰ!
ਸੱਜਣਾ ਦੂਰ ਵਸੇਂਦਿਆ! 'ਕੱਲਾ ਹੋਵੇ ਨ ਰੁੱਖ। ਇਸ ਤੋਂ ਵੱਡਾ ਹੋਰ ਨਾ, ਕਿਧਰੇ ਕੋਈ ਦੁੱਖ।
ਸੱਜਣਾ ਦੂਰ ਵਸੇਂਦਿਆ! ਚੱਲੀ ਨਾ ਅਪਰੋਚ। ਸਿਖ਼ਰ ਦੁਪਹਿਰੇ ਲੁੱਟ ਕੇ, ਲੈਗੇ ਆਣ ਬਲੋਚ।
ਸੱਜਣਾ ਦੂਰ ਵਸੇਂਦਿਆ! ਮੈਂ ਤੈਥੋਂ ਕੁਰਬਾਨ। ਤੂੰ ਹੀ ਮੇਰੀ ਜਿੰਦੜੀ, ਦੀਨ ਅਤੇ ਈਮਾਨ।
ਸੱਜਣਾ ਦੂਰ ਵਸੇਂਦਿਆ! ਕਿਥੇ ਲਾ ਲਿਆ ਚਿੱਤ ? ਰਾਹਾਂ ਦਾ ਰੁੱਖ ਬਣ ਗਈ, ਰਾਹਾਂ ਤਕਦੀ ਨਿੱਤ।
ਸੱਜਣਾ ਦੂਰ ਵਸੇਂਦਿਆ! ਵਾਗਾਂ ਪਿੱਛੇ ਮੋੜ। ਹਿਜਰ ਤੇਰੇ ਨੇ ਛੱਡਿਆ, ਨਿੰਬੂ ਵਾਂਗ ਨਿਚੋੜ।
ਸੱਜਣਾ ਦੂਰ ਵਸੇਂਦਿਆ! ਨੈਣੀਂ ਭਰ ਨਾ ਨੀਰ। ਪੈ ਨਾ ਸਕਦੀ ਕਦੇ ਵੀ, ਪਾਣੀ ਵਿੱਚ ਲਕੀਰ।
ਸੱਜਣਾ ਦੂਰ ਵਸੇਂਦਿਆ! ਆਪਣੀਆਂ ਨਾ ਮਾਰ। ਵੇਖੀਂ ਫਿਰ ਨ ਬਹਿ ਜਾਈਂ, ਜਿੱਤੀ ਬਾਜ਼ੀ ਹਾਰ।
ਸੱਜਣਾ ਦੂਰ ਵਸੇਂਦਿਆ! ਮੈਂ ਹਾਲੋਂ-ਬੇਹਾਲ। ਜੀਵਨ ਵਿਚ ਤੇਰੇ ਬਿਨਾ, ਨਾ ਸੁਰ ਹੈ ਨਾ ਤਾਲ।
ਕਰਮ ਕਰੀ ਚਲ ਆਪਣੇ, ਬਾਕੀ ਉਸ 'ਤੇ ਛੱਡ। ਦੇ ਕੇ ਨਾ ਮੰਗੇ ਜਿਹੜਾ, ਓਥੇ ਪੱਲਾ ਅੱਡ।
ਸੱਜਣਾ ਦੂਰ ਵਸੇਂਦਿਆ! ਨਿਕਲ ਚਲੀ ਵੇ ਜਿੰਦ। ਸਦੀਆਂ ਵਰਗਾ ਲਗਦੈ, ਤੇਰੇ ਬਿਨ ਹਰ ਬਿੰਦ।
ਸੱਜਣਾ ਦੂਰ ਵਸੇਂਦਿਆ! ਬਹਿ ਗਿਉਂ ਦਿਲੋਂ ਵਿਸਾਰ। ਕੱਚਿਆ ਨਿਕਲ਼ੇ ਤੇਰੇ, ਕੱਚੇ ਕੌਲ-ਕਰਾਰ।
'ਕੱਲੇ ਕਾਰੇ ਮਿਰਜ਼ਿਆ! ਕੰਮ ਨ ਆਉਣੇ ਤੀਰ। ਰਫ਼ਲਾਂ ਚੁੱਕੀ ਘੁੰਮਦੇ, ਹੁਣ ਸਹਿਬਾਂ ਦੇ ਵੀਰ।
ਸੱਜਣਾ ਦੂਰ ਵਸੇਂਦਿਆ ! ਖੜਜਾਂਗੇ ਬਣ ਥੰਮ੍ਹ। ਸ਼ੇਰ ਖੜਾ ਇੱਕੋ ਬੜਾ, ਸੌ ਗਿੱਦੜ ਕਿਸ ਕੰਮ?
ਸੱਜਣਾ ਦੂਰ ਵਸੇਂਦਿਆ! ਖੋਲ੍ਹ ਦਿਲੇ ਦੀ ਗੰਢ। ਖੋਲ੍ਹੇਂ ਦਿਲ ਦੀ ਗੰਢ ਤਾਂ, ਸੀਨੇ ਪੈਜੇ ਠੰਢ।
ਸੱਜਣਾ ਦੂਰ ਵਸੇਂਦਿਆ! ਹੌਲ਼ੀ-ਹੌਲ਼ੀ ਬੋਲ। ਕੰਧਾਂ ਦੇ ਵੀ ਕੰਨ ਵੇ! ਆਪਾਂ ਹਾਂ ਅਨਭੋਲ।
ਰਹਿਣੈ ਤਾਂ ਰਹਿ ਕੋਲ ਵੇ! ਜਾਣੈ ਤਾਂ ''ਉਠ ਚੱਲ।'' ਪਰ ਮੈਂ ਤੇਰੇ ਨਾਮ ਦੀ, ਸਹੁੰ ਨਾ ਖਾਵਾਂ 'ਬੱਲ'।
ਸੱਜਣਾ ਦੂਰ ਵਸੇਂਦਿਆ! ਮੈਂ ਸੱਸੀ ਨਾ ਹੀਰ। ਦੋਹਾਂ ਤੋਂ ਬਦਲੀ ਗਈ, ਨਾ ਅਪਣੀ ਤਕਦੀਰ।
ਸੱਜਣਾ ਦੂਰ ਵਸੇਂਦਿਆ! ਬੋਲੀ ਜਾਵੇ ਜੱਗ। ਖਸਮਾਂ ਖਾਵੇ ਜੱਗ ਤੂੰ, ਦਿਲ ਦੇ ਆਖੇ ਲੱਗ।
ਸੱਜਣਾ ਦੂਰ ਵਸੇਂਦਿਆ! ਕੀਤੇ ਯਤਨ ਹਜ਼ਾਰ। ਅਪਣੇ ਸਿਰ ਤੋਂ ਨਾ ਕਿਸੇ, ਪੀਤਾ ਪਾਣੀ ਵਾਰ।
ਸੱਜਣਾ ਦੂਰ ਵਸੇਂਦਿਆ! ਕਿਉਂ ਖਾਂਦਾ ਏਂ ਵੱਟ ? ਮਾੜੇ ਦਿਨ ਵੀ ਓਸ ਦੀ, ਰਜ਼ਾ ਜਾਣ ਕੇ ਕੱਟ।
ਚੇਤੇ ਆ ਕੇ ਅੱਖੀਓਂ, ਦਿੰਦੇ ਨੀਰ ਨਿਚੋੜ। ਅਜ ਵੀ ਨਹੀਂ ਉਹ ਭੁਲਦੇ, ਚੌਕ-ਦੁਰਾਹੇ-ਮੋੜ।
ਸੱਜਣਾ ਦੂਰ ਵਸੇਂਦਿਆ! ਗਲ਼ ਲਾ ਕੇ ਪੁਛ ਹਾਲ। ਤੇਰੇ ਪਿਛੋਂ ਬੀਤੀਆਂ, ਕੀ-ਕੀ ਸਾਡੇ ਨਾਲ।
ਸੱਜਣਾ ਦੂਰ ਵਸੇਂਦਿਆ! ਹੋ ਨਾ ਇੰਜ ਉਦਾਸ। ਛੇਤੀ ਮੇਲ਼ੇ ਰੱਬ ਵੇ! ਕਰਿਆ ਕਰ ਅਰਦਾਸ।
ਸੱਜਣਾ ਦੂਰ ਵਸੇਂਦਿਆ! ਮੁਕਦੀ ਨਾਹੀਂ ਰਾਤ। ਜਾਗੋ-ਮੀਟੀ ਵਿੱਚ ਹੀ, ਹੋ ਜਾਂਦੀ ਪ੍ਰਭਾਤ।
ਤੈਨੂੰ ਮਿਲਣੇ ਆ ਗਈ, ਜਾਨ ਤਲ਼ੀ 'ਤੇ ਰੱਖ। ਲੱਗੀ ਸੀਨੇ ਲਾਉਣ ਤਾਂ, ਖੁੱਲ੍ਹ ਗਈ ਵੇ ਅੱਖ।
ਸੱਜਣਾ ਦੂਰ ਵਸੇਂਦਿਆ! ਕਿਉਂ ਹੁੰਦੈਂ ਗ਼ਮਗ਼ੀਨ ? ਕੌਣ ਲੈ ਗਿਆ ਨਾਲ਼ ਵੇ! ਦੌਲਤ-ਮਹਿਲ-ਜ਼ਮੀਨ।
'ਪੀੜਾਂ' ਬਿਨ ਕੀ ਰੱਖੀਏ, ਉਮਰਾਂ ਦਾ ਸਿਰਲੇਖ। ਕਿਹੜੇ ਵੇਲੇ ਰੱਬ ਜੀ! ਲਿਖਤੇ ਸਾਡੇ ਲੇਖ।
ਸੱਜਣਾ ਦੂਰ ਵਸੇਂਦਿਆ! ਬਣਿਆ ਇਸ਼ਕ ਵਪਾਰ। ਪੈਸੇ ਵਾਲੇ ਜਿਤ ਗਏ, ਅਪਣੇ ਪੱਲੇ ਹਾਰ।
ਸੱਜਣਾ ਦੂਰ ਵਸੇਂਦਿਆ! ਥੋੜ੍ਹੀ ਤਾਂ ਕਰ ਵੇਟ। ਇਕੋ ਘਰ 'ਤੇ ਹੋਊਗੀ, ਅਪਣੀ 'ਨੇਮ-ਪਲੇਟ'।
ਸੱਜਣਾ ਦੂਰ ਵਸੇਂਦਿਆ! ਕਿੰਜ ਮਨਾਵਾਂ ਈਦ। ਰੋ-ਰੋ ਲੰਘੀ ਈਦ ਵੇ, ਬਾਝੋਂ ਤੇਰੀ ਦੀਦ?
ਜਿੱਦਣ ਦਾ ਘਰ ਪਾ ਲਿਆ, ਤੂੰ ਮੇਰੇ ਦਿਲ ਵਿੱਚ। ਓਦਣ ਦੀ ਮੈਂ ਸਮਝਦੀ, ਕੁਲ ਦੁਨੀਆਂ ਨੂੰ ਟਿੱਚ।
ਸੱਜਣਾ ਦੂਰ ਵਸੇਂਦਿਆ! ਹਿੰਮਤ ਕਰ ਨਾ ਡੋਲ। ਕੀ ਹੋਇਆ ਜੇ ਡੁੱਬਗੇ, ਆਣ ਕਿਨਾਰੇ ਕੋਲ।
ਸੱਜਣਾ ਦੂਰ ਵਸੇਂਦਿਆ! ਵਗਦੀ ਠੰਡੀ ਪੌਣ। ਇਕ ਤੇਰੇ ਬਿਨ ਦੱਸ ਵੇ! ਦਰਦ ਵੰਡਾਵੇ ਕੌਣ ?
ਸੱਜਣਾ ਦੂਰ ਵਸੇਂਦਿਆ! ਏਨੇ ਮਾੜੇ ਭਾਗ ? ਭੁੱਲ ਗਏ ਨੇ ਬੋਲਣਾ, ਬੈਠ ਬਨੇਰੇ ਕਾਗ।
ਸੱਜਣਾ ਦੂਰ ਵਸੇਂਦਿਆ! ਦਿੰਦੈ ਜਿੰਦ ਝੰਜੋੜ। ਯਾਦ ਆਵੇ ਜਦ ਅਜ ਵੀ, 'ਪ੍ਰੀਤ ਨਗਰ' ਦਾ ਮੋੜ।
ਸੱਜਣਾ ਦੂਰ ਵਸੇਂਦਿਆ! ਰੁਕ-ਰੁਕ ਚੱਲਣ ਸਾਹ। ਸਾਡੇ ਘਰ ਵਲ ਆਂਵਦੇ, ਭੁੱਲ ਗਿਓਂ ਕਿਉਂ ਰਾਹ ?
ਸੱਜਣਾ ਦੂਰ ਵਸੇਂਦਿਆ! ਕੀ ਅਪਣੀ ਤਕਦੀਰ। ਚਾਹ ਕੇ ਵੀ ਨ ਬਣ ਸਕੇ, ਤੂੰ ਰਾਂਝਾ ਮੈਂ ਹੀਰ।
ਸੱਜਣਾ ਦੂਰ ਵਸੇਂਦਿਆ! ਪੁੱਛਾਂ ਮੈਂ ਹੱਥ ਜੋੜ। ਜਿੱਥੇ ਆਪਾਂ ਮਿਲਾਂਗੇ, ਕਦ ਆਊ ਉਹ ਮੋੜ ?
ਸੱਜਣਾ ਦੂਰ ਵਸੇਂਦਿਆ! ਲੇਖਾਂ ਵਿਚ ਸੀ ਖੋਟ। ਤੂੰ ਤੇ ਮੈਂ ਡਿੱਗੇ ਜਿਵੇਂ, ਆਲ੍ਹਣਿਆਂ 'ਚੋਂ ਬੋਟ।
ਸੱਜਣਾ ਦੂਰ ਵਸੇਂਦਿਆ! ਮਰ ਚੱਲੀ ਹਰ ਰੀਝ। ਅੱਥਰੂਆਂ ਸੰਗ ਖੇਡ ਕੇ, ਦਿਲ ਜਾਂਦੈ ਹੁਣ ਰੀਝ।
ਸੱਜਣਾ ਦੂਰ ਵਸੇਂਦਿਆ! ਹੁਣ ਨਾ ਹੋਵੇ ਹੱਸ। ਜੋ-ਜੋ ਦਿਲ 'ਤੇ ਬੀਤਦੀ, ਕਿਸਨੂੰ ਦੱਸਾਂ ਦੱਸ ?
ਸੱਜਣਾ ਦੂਰ ਵਸੇਂਦਿਆ! ਹਾੜਾ! ਦਿਲ ਨਾ ਤੋੜ। ਟੁੱਟੇ ਦਿਲ ਨੂੰ ਤੂੰ ਕਦੇ, ਸੁਣਿਐਂ ਪੈਂਦਾ ਜੋੜ ?
ਸੱਜਣਾ ਦੂਰ ਵਸੇਂਦਿਆ! ਤੈਨੂੰ ਤਾਂ ਗਈ ਸੁੱਝ। ਮੈਂ ਕਮਲ਼ੀ ਸਾਂ ਸੁਹਣਿਆਂ! ਜਿਹੜੀ ਸਕੀ ਨ ਬੁੱਝ।
ਸੱਜਣਾ ਦੂਰ ਵਸੇਂਦਿਆ! ਕੋਈ ਨ ਤੇਰੇ ਤੁੱਲ। ਜੇ ਮਿਲਦੋਂ ਜਿੰਦ ਵੇਚਕੇ, ਲੈ ਲੈਂਦੀ ਮੈਂ ਮੁੱਲ।
ਸੱਜਣਾ ਦੂਰ ਵਸੇਂਦਿਆ! ਦੋ ਪਲ ਬਹਿ ਜਾ ਕੋਲ। ਪਾਵਾਂ ਤੈਨੂੰ ਵਾਸਤੇ, ਬਹਿ ਕੇ ਦੁਖ-ਸੁਖ ਫੋਲ।
ਸੱਜਣਾ ਦੂਰ ਵਸੇਂਦਿਆ! ਗਲ ਸੁਣ ਲਾ ਕੇ ਕੰਨ। ਮੈਂ ਹਾਂ ਤੇਰੀ ਚਾਨਣੀ, ਤੂੰ ਏਂ ਮੇਰਾ ਚੰਨ।
ਸੱਜਣਾ ਦੂਰ ਵਸੇਂਦਿਆ! ਕੁਝ ਤਾਂ ਮੂੰਹੋਂ ਬੋਲ। ਲੈ ਚਲ ਅਪਣੇ ਕੋਲ਼ ਜਾਂ, ਆ ਜਾ ਮੇਰੇ ਕੋਲ।
ਤੇਰੀ ਖਾਤਰ ਅੱਗ ਦੇ, ਦਰਿਆ ਆਵਾਂ ਲੰਘ। ਇਕ ਵਾਰੀ ਤਾਂ ਵੇਖ ਵੇ! ਮੇਰੀ ਖੰਘ 'ਚ ਖੰਘ।
ਸੱਜਣਾ ਦੂਰ ਵਸੇਂਦਿਆ! ਕੋਸ਼ਿਸ਼ ਤਾਂ ਕਰ ਵੇਖ। ਮਾਰ ਦੇਵੇ ਪ੍ਰਮਾਤਮਾ, ਰੇਖ 'ਚ ਖ਼ਬਰੇ ਮੇਖ।
ਸੱਜਣਾ ਦੂਰ ਵਸੇਂਦਿਆ! ਰੱਬ 'ਤੇ ਡੋਰਾਂ ਛੱਡ। ਮੇਲ ਦਿਊ ਖ਼ੁਦ ਹੀ ਜਿਨ੍ਹੇ, ਕੀਤੇ ਅੱ੍ਯਡੋ-ਅੱਡ।
ਸੱਜਣਾ ਦੂਰ ਵਸੇਂਦਿਆ! ਝੂਠਾ ਜਿਹਾ ਨ ਹੱਸ! ਹਾਸੇ ਹੇਠਾਂ ਕਿੰਜ ਤੂੰ, ਦੁੱਖ ਲੁਕਾਵੇਂ ਦੱਸ ?
ਦੀਦ ਤਿਰੀ ਦੀ ਖ਼ੈਰ ਵੇ! ਮੰਗਾਂ ਝੋਲ਼ੀ ਅੱਡ। ਬੇਸ਼ੱਕ ਬੋਲੀਂ ਨ ਕਦੇ, ਸ਼ਹਿਰ ਨ ਸਾਡਾ ਛੱਡ।
ਸੱਜਣਾ ਦੂਰ ਵਸੇਂਦਿਆ! ਹੁਣ ਨਾ ਲੰਘੇ ਝੱਟ। ਸਾਹ ਲਿਆਂ ਵੀ ਦੁਖਣ ਵੇ, ਦਿਲ ਦੇ ਅੱਲ੍ਹੇ ਫੱਟ।
ਸੱਜਣਾ ਦੂਰ ਵਸੇਂਦਿਆ! ਨੈਣੀਂ ਭਰਦੀ ਛੱਲ। ਜਦ ਵੀ ਕਿਧਰੇ ਚੱਲਦੀ, ਤੇਰੀ-ਮੇਰੀ ਗੱਲ।
ਫੁਲਕਾਰੀ ਹਰ ਰੀਝ ਦੀ, ਹੋ ਗਈ ਲੀਰੋ-ਲੀਰ। ਤੋੜੀ ਨਾ ਫਿਰ ਵੀ ਅਸੀਂ, ਰਸਮਾਂ ਦੀ ਜ਼ੰਜੀਰ।
ਸੱਜਣਾ ਦੂਰ ਵਸੇਂਦਿਆ! ਜ਼ੋਰ ਲਾ ਲਵੇ ਜੱਗ। ਆਪਾਂ ਨੂੰ ਹੁਣ ਰੱਬ ਵੀ, ਕਰ ਨਾ ਸਕੂ ਅਲੱਗ।
ਆਪਣਿਆਂ ਦੇ ਵਾਂਗ ਜੋ, ਗਲ਼ ਲਾ ਪੁੱਛਣ ਦੁੱਖ। ਮਰ ਚੱਲੇ ਹਾਂ ਲੱਭਦੇ, ਏਹੋ ਜਿਹੇ ਮਨੁੱਖ।
ਸੱਜਣਾ ਦੂਰ ਵਸੇਂਦਿਆ! ਜਾ ਬੈਠੋਂ ਕਿਸ ਦੇਸ ? ਸਾਥੋਂ ਚੰਗਾ ਹੋ ਗਿਆ, ਹੁਣ ਤੈਨੂੰ ਪਰਦੇਸ।
ਸੱਜਣਾ ਦੂਰ ਵਸੇਂਦਿਆ! ਰੱਬ ਤੋਂ ਮੂੰਹ ਨ ਫੇਰ। ਦੇਰ ਤਾਂ ਹੈ ਘਰ ਉਸਦੇ, ਨਾਹੀਂ ਮਗਰ ਹਨੇਰ।
ਸੱਜਣਾ ਦੂਰ ਵਸੇਂਦਿਆ! ਲੁਕ-ਲੁਕ ਰੋਵਾਂ ਨਿੱਤ। ਮੈਂ ਜਿਤ ਕੇ ਵੀ ਹਰ ਗਈ, ਹਾਰ ਗਿਓਂ ਤੂੰ ਜਿੱਤ।
ਸੱਜਣਾ ਦੂਰ ਵਸੇਂਦਿਆ! ਕਿਸਦਾ ਕਰਾਂ ਵਿਸਾਹ ? ਨ ਕਿਧਰੇ ਉਹ ਬੇੜੀਆਂ, ਨਾ ਉਹ ਰਹੇ ਮਲਾਹ।
ਸੱਜਣਾ ਦੂਰ ਵਸੇਂਦਿਆ! ਹੁਣ ਨਾ ਲੱਗੇ ਸੁੱਖ। ਤੇਰੇ ਬਾਝੋਂ ਜਿੰਦੜੀ, ਦਰਿਆ ਕੰਢੇ ਰੁੱਖ।
ਸੱਜਣਾ ਦੂਰ ਵਸੇਂਦਿਆ! ਰੋਵਾਂ ਬਹਿ ਕਿਸ ਗੁੱਠ ? ਬਿਨ ਤੇਰੇ ਮੈਂ ਰਹਿ ਗਈ, ਬਣ ਹੱਡਾਂ ਦੀ ਮੁੱਠ।
ਸਾਡੇ ਲਈ ਜਦ ਹੋ ਗਏ, ਸਭ ਦਰਵਾਜ਼ੇ ਬੰਦ। 'ਕੱਲੀ-'ਕੱਲੀ ਰੀਝ ਵੀ, ਹੋ ਗਈ ਤੰਦੋ-ਤੰਦ।
ਸੱਜਣਾ ਦੂਰ ਵਸੇਂਦਿਆ! ਘੁੰਡੀ ਦਿਲ ਦੀ ਖੋਲ੍ਹ! ਕਿਹੜੇ ਗ਼ਮ ਨੇ ਅੰਦਰੋਂ, ਕਰਤਾ ਤੈਨੂੰ ਖੋਲ?
ਸੱਜਣਾ ਦੂਰ ਵਸੇਂਦਿਆ! ਕਿਸੇ ਨ ਗੌਲ਼ੀ ਗੱਲ। ਖੇਰੂੰ-ਖੇਰੂੰ ਹੋ ਗਿਆ, ਅਪਣਾ ਪਿਆਰ ਮਹੱਲ।
ਸੱਜਣਾ ਦੂਰ ਵਸੇਂਦਿਆ! ਦੁੱਖਾਂ ਲਿਆ ਨਪੀੜ। ਮਰਦੇ ਦਮ ਤਕ ਨਾ ਹਟੇ, ਟੁੱਟੇ ਦਿਲ ਦੀ ਪੀੜ।
ਸੱਜਣਾ ਦੂਰ ਵਸੇਂਦਿਆ! ਕੇਹੇ ਅਪਣੇ ਲੇਖ! ਆਦਿ, ਮੱਧ, ਨਾ ਅੰਤ ਹੀ, ਨਾ ਕੋਈ ਸਿਰਲੇਖ।
ਸੱਜਣਾ ਦੂਰ ਵਸੇਂਦਿਆ! ਬੈਠ ਗਏ ਆਂ ਹੰਭ। ਵਕਤ ਦਿਆਂ ਸ਼ਿਕਾਰੀਆਂ, ਨੋਚ ਲਏ ਨੇ ਖੰਭ।
ਸੱਜਣਾ ਦੂਰ ਵਸੇਂਦਿਆ! ਕੌਣ ਸੁਣੇ ਫਰਿਆਦ ? ਕੰਧਾਂ ਗਲ਼ ਲਗ ਰੋ ਲਵਾਂ, ਜਦ ਆਵੇਂ ਤੂੰ ਯਾਦ।
ਚਾਰੇ ਪਾਸੇ ਰੌਣਕਾਂ, ਫਿਰ ਵੀ ਚਿੱਤ ਉਦਾਸ। ਨਾ ਕੋਈ ਦੁੱਖ ਪੁੱਛਦਾ, ਨਾ ਦਿੰਦਾ ਧਰਵਾਸ।
ਸੱਜਣਾ ਦੂਰ ਵਸੇਂਦਿਆ, ਹੁਬਕੀਂ ਰੋਂਦੇ ਗੀਤ। ਜੋਬਨ 'ਤੇ ਆ ਟੁਟ ਗਈ, ਤੇਰੀ-ਮੇਰੀ ਪ੍ਰੀਤ।
ਅਜ ਤਾਂ ਮੇਰੇ ਸਬਰ ਦੀ, ਗੰਢ ਗਈ ਵੇ ਖੁੱਲ੍ਹ। ਰੋਕੇ ਮੈਂ ਲੱਖ ਫੇਰ ਵੀ, ਗਏ ਗਲੇਡੂ ਡੁੱਲ੍ਹ।
ਸੱਜਣਾ ਦੂਰ ਵਸੇਂਦਿਆ! ਅੱਖਾਂ ਕਰਨ ਸਵਾਲ। ਕਿੱਦਾਂ ਸਾਡਾ ਪੈ ਗਿਆ, ਵੈਰ ਨੀਂਦਰਾਂ ਨਾਲ ?
ਸੱਜਣਾ ਦੂਰ ਵਸੇਂਦਿਆ! ਕਿਸ ਕੰਮ ਤੇਰਾ ਜੋਗ ? ਬਾਰਾਂ ਵਰ੍ਹਿਆਂ ਵਿੱਚ ਨਾ, ਅਪਣੇ ਮਿਲੇ ਸੰਜੋਗ।
ਸੱਜਣਾ ਦੂਰ ਵਸੇਂਦਿਆ! ਪੁੱਛੇ ਤੇਰੀ ਹੀਰ। ਅਪਣੀ ਵਾਰੀ ਮਰ ਗਏ, ਕਿੱਥੇ ਪੰਜੇ ਪੀਰ ?
ਸੱਜਣਾ ਦੂਰ ਵਸੇਂਦਿਆ! ਰੱਖੀਂ ਥੋੜ੍ਹੀ ਹੋਸ਼। ਅੱਧ-ਵਿਚਾਲੇ ਡੋਬਦੈ, ਹੱ੍ਯਦੋਂ ਵਧਿਆ ਜੋਸ਼।
ਸੱਜਣਾ ਦੂਰ ਵਸੇਂਦਿਆ! ਥੋੜ੍ਹਾ ਪਿੱਛੇ ਹੱਟ। ਬਹੁਤਾ ਨੇੜੇ ਆਣ ਕੇ, ਮਰਿਆ ਮਿਰਜ਼ਾ ਜੱਟ।
ਸੱਜਣਾ ਦੂਰ ਵਸੇਂਦਿਆ ! ਤੇਰੇ ਆਖੇ ਲੱਗ। ਸੋਚੀਂ ਨਾ ਕਿ ਰੋਲ ਦਿਊਂ, ਮੈਂ ਬਾਬਲ ਦੀ ਪੱਗ।
ਬਿਨ ਸੋਚੇ ਬਿਨ ਸਮਝਿਆਂ, ਲਾ ਕੇ ਅੰਨ੍ਹੀ ਦੌੜ। ਆਪੇ ਹੀ ਨਾ ਕਰ ਲਵੀਂ, ਅਪਣਾ ਝੁੱਗਾ ਚੌੜ।
ਸੱਜਣਾ ਦੂਰ ਵਸੇਂਦਿਆ! ਏਨੀ ਗੱਲ ਨ ਭੁੱਲ। ਬਹੁਤਾ ਚਿਰ ਨਾ ਮਹਿਕਦੇ, ਟਹਿਣੀਉਂ ਟੁੱਟੇ ਫੁੱਲ।
ਮੈਂ ਤੇਰੀ ਹਾਂ ਤੂੰ ਮਿਰਾ, ਹੋ ਜਾਂਦੋਂ ਜੇ ਕਾਸ਼! ਕਹਿੰਦਾ ਨ ਮੈਨੂੰ ਕੋਈ, ਤੁਰਦੀ-ਫਿਰਦੀ ਲਾਸ਼।
ਸੱਜਣਾ ਦੂਰ ਵਸੇਂਦਿਆ! ਖਾ ਗਿਆ ਇਹੋ ਦੁੱਖ। ਕੰਮ ਨ ਤੇਰੇ ਆ ਸਕੀ, ਮੈਂ ਸਿੰਮਲ ਦਾ ਰੁੱਖ।
ਸੱਜਣਾ ਦੂਰ ਵਸੇਂਦਿਆ! ਮੁੱਕ ਚੱਲੇ ਵੇ ਪ੍ਰਾਣ। ਸਾਡਾ ਤਾਂ ਹੁਣ ਟੁੱਟਿਆ, ਧੁਰ ਅੰਦਰ ਤਕ ਮਾਣ।
ਸੱਜਣਾ ਦੂਰ ਵਸੇਂਦਿਆ! ਮੁਕਦੀ ਜਾਂਦੀ ਆਸ। ਹੁਣ ਦਿੰਦੇ ਨਾ ਜਾਪਦੇ, ਬਹੁਤਾ ਸਾਥ ਸਵਾਸ।
ਸੱਜਣਾ ਦੂਰ ਵਸੇਂਦਿਆ! ਪਿਆ ਚੁਫੇਰੇ ਨ੍ਹੇਰ। ਸਾਰੇ ਹੀਲੇ ਕਰ ਜਦੋਂ, ਵੈਦ ਗਏ ਸਿਰ ਫੇਰ।
ਸੱਜਣਾ ਦੂਰ ਵਸੇਂਦਿਆ! ਗਈ ਹਨੇਰੀ ਝੁੱਲ। ਸਾਡੀ ਆਸ-ਉਮੀਦ ਦਾ, ਦੀਵਾ ਕਰਗੀ ਗੁੱਲ।
ਸੱਜਣਾ ਦੂਰ ਵਸੇਂਦਿਆ! ਮੌਤ ਨਹੀਂ ਹੁਣ ਦੂਰ। ਬਿਨ ਦਾਰੂ ਤੋਂ ਬਣ ਗਏ, ਆਖਰ ਜ਼ਖ਼ਮ ਨਸੂਰ।
ਸੱਜਣਾ ਦੂਰ ਵਸੇਂਦਿਆ! ਖ਼ਬਰ ਮਿਲੂ ਅਜ-ਕੱਲ੍ਹ! ਕੂਚ ਜਹਾਨੋਂ ਕਰ ਗਿਆ, ਬਿਨਾ ਇਲਾਜੋਂ 'ਬੱਲ'।
ਸੱਜਣਾ ਦੂਰ ਵਸੇਂਦਿਆ! ਸਾਹ ਮਾਰਦੇ ਸੇਕ। ਮੁਕ ਚੱਲੀ ਵੇ ਅੰਤ ਨੂੰ, ਹਉਕੇ ਦੀ ਵੀ ਹੇਕ।
ਸੱਜਣਾ ਦੂਰ ਵਸੇਂਦਿਆ! ਕਿੰਜ ਕਰਾਂ ਇਕਰਾਰ, ਸਾਹਾਂ 'ਤੇ ਵੀ ਨਾ ਰਿਹਾ, ਹੁਣ ਕੋਈ ਇਤਬਾਰ।
ਸੱਜਣਾ ਦੂਰ ਵਸੇਂਦਿਆ! ਮੁੱਕ ਚੱਲੀ ਸਭ ਖੇਲ। ਹੁਣ ਤਾਂ ਅਗਲੇ ਜਨਮ ਹੀ, ਹੋਊ ਲਗਦੈ ਮੇਲ।
ਦੁੱਖਾਂ ਦੇ ਵਿਚ ਜਿੰਦੜੀ, ਦਿੱਤੀ ਰੱਬ ਨੇ ਪਿੰਜ। ਕੌਣ ਕਹੇ ਪਰ ਓਸਨੂੰ, ਇੰਜ ਨਹੀਂ ਕਰ ਇੰਜ।
ਸੱਜਣਾ ਦੂਰ ਵਸੇਂਦਿਆ! ਜਦ ਆਵੇਂਗਾ ਫੇਰ। ਫਿਰੀਂ ਨ ਐਵੇਂ ਫੋਲਦਾ, ਤੂੰ ਮਿੱਟੀ ਦੇ ਢੇਰ ?
ਸੱਜਣਾ ਦੂਰ ਵਸੇਂਦਿਆ! ਨਾ ਲਾ ਏਨੀ ਦੇਰ। ਹੋ ਸਕਦਾ ਏ ਕੱਲ੍ਹ ਨੂੰ, ਸੋਗੀ ਚੜ੍ਹੇ ਸਵੇਰ।
ਆਖਰ ਦਿਲ ਦੀ ਟੁੱਟਗੀ, ਧੜਕਣ ਦੇ ਸੰਗ ਪ੍ਰੀਤ। ਗ਼ਜ਼ਲਾਂ ਗਲ਼ ਲਗ ਰੋ ਪਏ, ਭੁੱਬੀਂ ਮੇਰੇਗੀਤ!
ਸੱਜਣਾ ਦੂਰ ਵਸੇਂਦਿਆ! ਹੋਗੇ ਅਸੀਂ ਅਨਾਥ। ਅੱਖ ਝਪਕਦੇ ਟੁੱਟਿਆ, ਸੌ ਜਨਮਾਂ ਦਾ ਸਾਥ।
ਸੱਜਣਾ ਦੂਰ ਵਸੇਂਦਿਆ! ਮਾਰ ਦਿਊ ਇਹ ਦੁੱਖ। ਜਾਂਦੀ ਵਾਰ ਨ ਵੇਖਿਆ, ਇਕ-ਦੂਜੇ ਦਾ ਮੁੱਖ।
ਜਾ ਨੀ! ਸਾਡੇ ਨਾਲ ਹੀ, ਖੇਡ ਗਈ ਤੂੰ ਚਾਲ। ਕਰ ਗਈਉਂ ਨੀ ਕਿਸਮਤੇ! ਧੋਖਾ ਸਾਡੇ ਨਾਲ।
ਲੱਖ ਬੁਲਾਇਆਂ ਨ ਤੇਰੀ, ਬੋਲੀ ਜਦ ਤਸਵੀਰ। ਧਰਤੀ-ਅੰਬਰ ਰੋ ਪਏ, ਰੋਏ ਜੰਡ-ਕਰੀਰ।
ਸੁੰਞ ਚੁਫੇਰੇ ਵੇਖਕੇ, ਹੌਲ ਜਿਹੇ ਅਜ ਪੈਣ। ਗੁੰਗੀ ਹੋ ਗਈ ਜੀਭ ਵੇ! ਪੱਥਰ ਹੋਗੇ ਨੈਣ।
ਸੱਜਣਾ ਦੂਰ ਵਸੇਂਦਿਆ! ਸੜ ਕੇ ਹੋਗੇ ਰਾਖ। ਜਿਸ ਉੱਤੇ ਸੀ ਆਲ੍ਹਣਾ, ਟੁੱਟ ਗਈ ਉਹ ਸ਼ਾਖ।
ਸੱਜਣਾ ਦੂਰ ਵਸੇਂਦਿਆ! ਰੋ-ਰੋ ਨੈਣ ਨ ਗਾਲ਼। ਮੈਂ ਕੀ ਸ਼ੈਅ ਹਾਂ ਜੱਗ 'ਤੇ, ਕੋਈ ਨਿਭੇ ਨ ਨਾਲ਼।
ਸੱਜਣਾ ਦੂਰ ਵਸੇਂਦਿਆ! ਹੁਣ ਨਾ ਕਰੀਂ ਉਡੀਕ। ਉਥੇ ਜਾ ਕੇ ਫਿਰ ਕੋਈ, ਮੁੜਿਆ ਨਾ ਅਜ ਤੀਕ।
ਕੌਣ ਕਹੂ ਹੁਣ ਦੱਸ ਵੇ? ਲੈ ਕੇ ਮੇਰਾ ਨਾਮ। ''ਲੱਕ ਸੁਰਾਹੀ ਹੈ ਤੇਰਾ, ਨੈਣ ਨਸ਼ੇ ਦੇ ਜਾਮ।''
ਪਹਿਲਾਂ ਵਾਂਗਰ ਤੂੰ ਜਦੋਂ, ਲਿਆ ਨਾ ਮੇਰਾ ਨਾਮ। ਗਈ ਸੁਰਾਹੀ ਟੁੱਟ ਵੇ! ਤਿੜਕ ਗਿਆ ਉਹ ਜਾਮ।
ਸੱਜਣਾ ਦੂਰ ਵਸੇਂਦਿਆ! ਜੇ ਬੈਠੋਂ ਦਿਲ ਛੱਡ। ਸਤਲੁਜ ਵਿਚ ਵੀ ਰੋਣਗੇ, ਧਾਹੀਂ ਮੇਰੇ ਹੱਡ।
ਸੱਜਣਾ ਦੂਰ ਵਸੇਂਦਿਆ! ਵੇਖੀਂ ਮੇਰਾ ਮੋਹ। ਤੈਨੂੰ ਤਾਂ ਮੈਂ ਰੱਬ ਤੋਂ, ਲੈ ਆਊਂਗੀ ਖੋਹ।
ਸੱਜਣਾ ਦੂਰ ਵਸੇਂਦਿਆ! ਲੈ ਗਿਉਂ ਨਾਲ ਰਹੱਸ। ਲਿਖਦਾ ਸੈਂ ਕਿਸ ਵਾਸਤੇ, ਕਿਸਨੂੰ ਪੁੱਛਾਂ ਦੱਸ ?
ਸੱਜਣਾ ਦੂਰ ਵਸੇਂਦਿਆ! ਪੁਛਣ ਤਿਰੇ ਹਮਰਾਜ਼। ਕਿਉਂ ਨ ਕਿਸੇ ਵੀ ਕੋਲ ਤੂੰ, ਖੋਲ੍ਹੇ ਦਿਲ ਦੇ ਰਾਜ਼।
ਇਹ ਵੀ ਗਿਉਂ ਨਾ ਦੱਸਕੇ, ਕਿੱਥੇ ਤੇਰੀ ਪ੍ਰੀਤ ? ਜਿਸ ਖ਼ਾਤਿਰ ਸੀ ਵਿਲਕਦੇ, ਤੇਰੇ ਗ਼ਜ਼ਲਾਂ-ਗੀਤ ?
ਸੱਜਣਾ ਦੂਰ ਵਸੇਂਦਿਆ! ਦਿਲ ਪੁੱਛੇ ਇਕ ਗੱਲ। ਸੱਚੀਂ ਨਹੀਂ ਦਿਸਣਾ ਕਦੇ? ਹੁਣ ਹਰਜਿੰਦਰ ਬੱਲ!
ਠੀਕ੍ਹਰ-ਠੀਕ੍ਹਰ ਹੋ ਗਿਆ, ਜੋ ਡਿੱਠਾ ਸੀ ਖ਼ਾਬ। ਹੱਥੀਂ ਫੜਿਆ ਰਹਿ ਗਿਆ, ਮੇਰੇ ਸੁਰਖ਼ ਗੁਲਾਬ।
'ਸਿੰਮਲ ਦਾ ਰੁੱਖ' 'ਚੋਂ
*ਹਰਜਿੰਦਰ ਬੱਲ ਦੀ ਇਹ ਲੰਬੀ ਰਚਨਾ ਅਸਲ ਵਿਚ ਬਹੁਤ ਸਾਰੀਆਂ ਛੋਟੀਆਂ ਪਰ ਕਦਰ ਪੱਖੋਂ ਵੱਡੀਆਂ ਨਜ਼ਮਾਂ ਦਾ ਸਮੂਹ ਹੈ। ਹੋਰ ਬਹੁਤਾ ਕੁੱਝ ਨਾ ਕਹਿੰਦਾ ਹੋਇਆ, ਉਸ ਦੀ ਇਹ ਰਚਨਾ 'ਫੇਸਬੁੱਕ' ਤੋਂ ਲੈ ਕੇ ਆਪਣੀ ਸਾਈਟ ਸ਼ਿੰਗਾਰ ਰਿਹਾ ਹਾਂ। ਬੱਲ਼ ਸਾਹਿਬ ਇੰਨਾ ਕੁ ਧੱਕਾ ਜਰ ਹੀ ਲੈਣਾ। -ਬਖ਼ਸ਼ਿੰਦਰ
