ਸਿਰੇ ’ਤੇ ਗੰਢ
ਬਖ਼ਸ਼ਿੰਦਰ
ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜਿਸ ਨੇ ‘ਆਮ ਆਦਮੀ ਪਾਰਟੀ’ ਦੇ ਝੰਡੇ ਥੱਲੇ, ‘ਝਾੜੂ’ ਚੋਣ ਨਿਸ਼ਾਨ ’ਤੇ ਚੋਣ ਲੜੀ ਤੇ ਝਾੜੂ-ਫੇਰ ਜਿੱਤ ਵੀ ਹਾਸਲ ਕੀਤੀ ਹੈ, ਪੁਲੀਸ ਦੀਆਂ ਵਧੀਕੀਆਂ/ ਕੋਤਾਹੀਆਂ ਤੋਂ ਅੱਕ ਕੇ, ਸਕੱਤਰੇਤ ਵਿਚ ਆਪਣਾ ਦਫ਼ਤਰ ਛੱਡ ਕੇ, ਕੇਂਦਰ ਸਰਕਾਰ ਦੇ ਰੇਲ ਭਵਨ ਅੱਗੇ ਧਰਨਾ ਮਾਰ ਕੇ ਬੈਠ ਜਾਵੇ ਤਾਂ ਇਕ ਨਹੀਂ, ਬੇਸ਼ੁਮਾਰ ਸੁਆਲ ਕਾਫਲੇ ਦਾ ਰੂਪ ਧਾਰ ਕੇ ਮਨ-ਮੰਦਰ ਨੂੰ ਘੇਰਾ ਪਾ ਲੈਂਦੇ ਹਨ।
“ਕੀ ਮੁੱਖ ਮੰਤਰੀ ਨੂੰ ਸਕੱਤਰੇਤ ਦੀ ਗੱਦੇਦਾਰ ਕੁਰਸੀ ਛੱਡ ਕੇ, ਪਥਰੀਲੀ ਸੜਕ ਉੱਤੇ ਧਰਨਾ ਮਾਰਦਿਆਂ ਰਾਤ ਵੀ ਉੱਥੇ ਹੀ ਕੱਟਣੀ ਸ਼ੋਭਦੀ ਹੈ?
“ਜੇ ਮੁੱਖ ਮੰਤਰੀ ਹੀ ਧਰਨੇ ਮਾਰਨ ਦੇ ਰਾਹ ਪੈ ਗਿਆ ਤਾਂ ਬਾਕੀ ਮੰਤਰੀ ਕੀ ਕਰਨਗੇ ਤੇ ਸਰਕਾਰੀ ਕੰਮ-ਕਾਰ ਕਿੱਦਾਂ ਚੱਲੇਗਾ?”
“ਜੇ ਹਰ ਸੂਬੇ ਵਿਚ ਪੁਲੀਸ ਸੂਬਾਈ ਸਰਕਾਰ ਦੇ ਹੁਕਮ ਹੇਠ ਕੰਮ ਕਰਦੀ ਹੈ ਤਾਂ ਦਿੱਲੀ ਦੀ ਪੁਲੀਸ, ਸੂਬਾਈ ਸਰਕਾਰ ਦੀ ਥਾਂ, ਕੇਂਦਰ ਸਰਕਾਰ ਹੇਠ ਕਿਉਂ ਹੈ?”
“ਜੇ ਦਿੱਲੀ ਦੇ ਪਹਿਲੇ ਮੁੱਖ ਮੰਤਰੀਆਂ ਨੇ ਦਿੱਲੀ ਪੁਲੀਸ ਦੀ ਕਮਾਨ ਨਹੀਂ ਮੰਗੀ ਸੀ ਤਾਂ ਕੇਜਰੀਵਾਲ ਸਰਕਾਰ ਨੇ ਆਉਂਦਿਆਂ ਹੀ ਦਿੱਲੀ ਪੁਲੀਸ ਦੀ ਵਾਗ-ਡੋਰ ਕੇਂਦਰ ਸਰਕਾਰ ਤੋਂ ਛੁਡਾਉਣ ਲਈ ਰੌਲ਼ਾ ਪਾਉਣਾ ਕਿਉਂ ਸ਼ੁਰੂ ਕਰ ਦਿੱਤਾ ਹੈ?”
ਇਹ ਤੇ ਇਸ ਤਰ੍ਹਾਂ ਦੇ ਕਈ ਸੁਆਲ ਇਸ ਵੇਲ਼ੇ ਲੋਕ-ਮਨਾਂ ਵਿਚੋਂ ਨਿੱਕਲ ਕੇ ਮਾਹੌਲ ਵਿਚ ਗੇੜੇ ਕੱਢ ਰਹੇ ਹਨ। ਨਾਲ਼ ਹੀ ਇਹ ਗੱਲਾਂ ਵੀ ਚੱਲ ਰਹੀਆਂ ਹਨ ਕਿ ਦਿੱਲੀ ਦੇ ਲੋਕਾਂ ਨੇ ਵੋਟਾਂ ਪਾ ਕੇ ਦਿੱਲੀ ਦਾ ਤਖ਼ਤ ਤਾਂ ਕੇਜਰੀਵਾਲ ਨੂੰ ਸੌਂਪ ਦਿੱਤਾ ਹੈ, ਪਰ ਹੁਣ ਇਹ ਤਖ਼ਤ ਉਸ ਤੋਂ ਸਾਂਭਿਆ ਨਹੀਂ ਜਾਣਾ। ਕੁੱਝ ਗੱਲਾਂ ਦਾ ਨਿਬੇੜਾ ਨਾਲ਼ੋ-ਨਾਲ਼ ਕਰਦੇ ਜਾਈਏ ਕਿ ਜੇ ਦਿੱਲੀ ਵਾਲ਼ਿਆਂ ਨੇ ਦਿੱਲੀ ਤੇ ਦਿੱਲੀ ਦਾ ਤਖ਼ਤੋ-ਤਾਜ ਥਾਲ਼ੀ ਵਿਚ ਪਾ ਕੇ ਕੇਜਰੀਵਾਲ਼ ਨੂੰ ਸੌਂਪ ਦਿੱਤਾ ਹੈ ਤਾਂ ਇਸ ਵਿਚ ਸਾਰਾ ਕਸੂਰ ਕੇਜਰੀਵਾਲ ਦਾ ਹੀ ਨਹੀਂ, ਕੁੱਝ ਦੋਸ਼ ਦਿੱਲੀ ਵਾਲ਼ਿਆਂ ਦਾ ਵੀ ਹੈ।ਕੀ ਉਨ੍ਹਾਂ ਨੂੰ ਇਸ ਤਰ੍ਹਾਂ ਕੇਜਰੀਵਾਲ ਉੱਤੇ ਅੰਨ੍ਹਾ ਭਰੋਸਾ ਕਰਨਾ ਚਾਹੀਦਾ ਸੀ? ਉਨ੍ਹਾਂ ਨੇ ਜਿਸ ‘ਝਾੜੂ’ ਨੂੰ ਵੋਟਾਂ ਪਾਈਆਂ ਸਨ, ਹੁਣ ਉਹ ਕੇਜਰੀਵਾਲ ਦੇ ਹੱਥਾਂ ਵਿਚ ਆ ਕੇ ‘ਝਾੜੂ’ ਨਹੀਂ ਰਿਹਾ, ਜਲ਼ਦੀ-ਬਲ਼ਦੀ ‘ਮਸ਼ਾਲ’ ਬਣ ਗਿਆ ਹੈ।
ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ ਦੀ ਥਾਂ ਰੇਲਵੇ ਭਵਨ ਦੇ ਵਿਹੜੇ ਨੂੰ ਸਕੱਤਰੇਤ ਬਣਾ ਕੇ ਬੈਠ ਗਏ ਕੇਜਰੀਵਾਲ਼ ਨੇ ਦਿੱਲੀ ਦੀ ਥਾਂ, ਸਾਰੇ ਦੇਸ਼ ਦੀ ਝਾੜੂ-ਸੇਵਾ ਸ਼ੁਰੂ ਕਰ ਲਈ ਹੈ। ਇਸ ਵਾਰੀ ਜੇ ਦਿੱਲੀ ਵਾਲ਼ਿਆਂ ਨੇ ਵੋਟਾਂ ਪਾਉਣ ਵੇਲ਼ੇ ਸਿਆਸੀ ਦਿਲ-ਲਗੀਆਂ ਕੀਤੀਆਂ ਹਨ ਤਾਂ ਕਾਂਗਰਸ ਨੇ ਵੀ ਆਪਣੇ ਸਭ ਤੋਂ ਵੱਡੇ ਦੁਸ਼ਮਣ ਨੂੰ ਸਰਕਾਰ ਬਣਾਉਣ ਲਈ ‘ਧੱਕੇ ਨਾਲ਼’ ਹਮਾਇਤ ਦੇ ਕੇ ਆਪਣੇ ਕੁੱਝ ਪਾਪ ਬਖ਼ਸ਼ਾਉਣ ਦੇ ਹੀਲੇ ਕੀਤੇ ਹਨ।
ਹਮਾਇਤ ਦੇਣ-ਲੈਣ ਦੇ ਮਾਮਲੇ ਵਿਚ ਕੇਜਰੀਵਾਲ ਦਾ ਕਹਿਣ ਹੈ, “ਸਰਕਾਰ ਬਣਾਉਣ ਲਈ ਕਾਂਗਰਸ ਤੋਂ ਹਮਾਇਤ ਮੰਗਣ ਕੌਣ ਗਿਆ ਸੀ। ਕਾਂਗਰਸ ਨੇ ਜ਼ਬਰਦਸਤੀ ਹਮਾਇਤ ਦੇ ਦਿੱਤੀ ਹੈ। ਰਹੀ ਗੱਲ ਹਮਾਇਤ ਵਾਪਸ ਲੈ ਕੇ ਸਰਕਾਰ ਤੁੜਾਉਣ ਦੀ, ਉਸ ਦੀ ਕਿਸ ਨੂੰ ਪ੍ਰਵਾਹ ਹੈ। ਉਹ ਕੱਲ੍ਹ ਨੂੰ ਹਮਾਇਤ ਵਾਪਸ ਲੈਂਦੀ ਹੈ, ਅੱਜ ਲੈ ਲਵੇ।”
ਕਮਾਲ ਹੈ ਨਾ? ਦੂਜੇ ਪਾਸੇ ਕੇਜਰੀਵਾਲ ਨੇ ਕਾਂਗਰਸ ਦੇ ਭ੍ਰਿਸ਼ਟਾਚਾਰ ਦੀਆਂ ਫਾਈਲਾਂ ਖੋਲ੍ਹਣ ਲਈ ਦਸ ਕੁ ਦਿਨਾਂ ਦੀ ਮੁਹਲਤ ਮੰਗੀ ਹੈ। ਕੇਜਰੀਵਾਲ ਨੇ ਧਰਨੇ ਵਾਲ਼ੀ ਥਾਂ ਬੈਠ ਕੇ ਸਰਕਾਰੀ ਫਾਈਲਾਂ ਨਜਿੱਠ ਕੇ ਮੀਡੀਆ ਸਮੇਤ ਕਈਆਂ ਨੂੰ ਭੰਬਲਭੂਸੇ ਵਿਚ ਪਾਈ ਰੱਖਿਆ ਹੈ।
ਇਹ ਝਾੜੂ-ਫੇਰ ਸਰਕਾਰ ਤਾਂ ਭਾਵੇਂ ਦਿੱਲੀ ਵਿਚ ਹੀ ਬਣੀ ਹੈ, ਪਰ ਇਸ ‘ਝਾੜੂ’ ਦੇ ‘ਮਸ਼ਾਲ’ ਬਣ ਜਾਣ ਦਾ ਸੁਨੇਹਾ, ਸਾਰੇ ਭਾਰਤ ਵਿਚ ਹੀ ਨਹੀਂ, ਸਾਰੇ ਜਹਾਨ ਵਿਚ ਪਹੁੰਚ ਗਿਆ। ਇਨ੍ਹੀਂ ਦਿਨੀਂ ਭਾਰਤ ਤੋਂ ਬਾਹਰ ਬੈਠੇ ਭਾਰਤੀ ਲੋਕ, ਸਾਰਾ-ਸਾਰਾ ਦਿਨ ਇਹੋ ਦੇਖਦੇ ਰਹਿੰਦੇ ਹਨ ਕਿ ਰਾਜਦੀਪ ਸਰਦੇਸਾਈ ਅਤੇ ਬਰਖਾ ਦੱਤ ਐਂਡ ਪਾਰਟੀ ਆਪੋ-ਆਪਣੇ ਚੈਨਲਾਂ ਉੱਤੇ ‘ਆਪ’ ਯਾਅਨੀ ‘ਆਮ ਆਦਮੀ ਪਾਰਟੀ’ ਦੇ ਖ਼ਿਲਾਫ਼ ਕੀ ਕੜ੍ਹੀ ਘੋਲ ਰਹੇ ਹਨ। ਦਿੱਲੀ ਵਿਚ ਕੇਜਰੀਵਾਲ ਸਰਕਾਰ ਬਣੀ ਨੂੰ ਅਜੇ ਮਹੀਨਾ ਵੀ ਨਹੀਂ ਹੋਇਆ ਤੇ ਉਸ ਨੇ ਮਸਾਂ ਇੱਕੀ ਦਿਨਾਂ ਵਿਚ ਇਹੋ ਜਿਹੇ ਬਾਈ ਕੰਮ ਕਰ ਕੇ ਦਿਖਾ ਦਿੱਤੇ ਹਨ, ਜਿਹੋ ਜਿਹੇ ਕਿਸੇ ਵੀ ਸੂਬੇ ਦੀ ਸਰਕਾਰ ਇੱਕੀ ਮਹੀਨਿਆਂ ਵਿਚ ਵੀ ਨਹੀਂ ਕੀਤੇ। ਜਿਹੜਾ ‘ਬਾਈਵਾਂ ਕੰਮ’ ਇਸ ਸਰਕਾਰ ਨੇ ਕੀਤਾ ਹੈ, ਉਹ ਤਾਂ ਭਾਰਤ ਦੀ ਕੋਈ ਵੀ ਸਰਕਾਰ ਆਪਣੀ ਪੂਰੀ-ਪੂਰੀ ਮਿਆਦ ਦੌਰਾਨ ਵੀ ਨਹੀਂ ਕਰ ਸਕੀ। ਇਹ ਕੰਮ ਹੈ, ਮੀਡੀਆ ਵਿਚ ਪੱਤਰਕਾਰਾਂ ਦੇ ਚੋਲਿਆਂ ਵਿਚ ਲੁਕੀਆਂ ਹੋਈਆਂ ਕਾਲ਼ੀਆਂ ਭੇਡਾਂ ਬੇਨਕਾਬ ਕਰਨਾ। ਜਿਸ ਬਰਖਾ ਦੱਤ ਨੂੰ, ਕਾਰਗਿਲ ਦੀ ਲੜਾਈ ਦੇ ਮੈਦਾਨ ਵਿਚੋਂ ਖ਼ਬਰਾਂ ਦਿੰਦੀ ਨੂੰ ਦੇਖ ਕੇ ਸਾਰਾ ਮੁਲਕ ਉਸ ਦੇ ਵਾਰੇ-ਵਾਰੇ ਜਾਂਦਾ ਰਿਹਾ, ਉਸ ਦਾ ਅਸਲੀ ਚਿਹਰਾ ਕੇਜਰੀਵਾਲ ਸਰਕਾਰ ਨੇ ਬੇਨਕਾਬ ਕੀਤਾ ਹੈ। ਇਸ ਵੇਲ਼ੇ ਉਹੀ ਬਰਖਾ ਦੱਤ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਧੁੱਤਰੂ ਬਣੀ ਸਾਫ ਨਜ਼ਰ ਆਉਂਦੀ ਹੈ।
ਕੇਜਰੀਵਾਲ ਵੱਲੋਂ ਪੁਲੀਸ ਦੀਆਂ ਵਧੀਕੀਆਂ/ ਕੋਤਾਹੀਆਂ ਦੇ ਖ਼ਿਲਾਫ਼ ਦਿੱਲੀ ਵਿਚ ਧਰਨਾ ਦੇਣ ਨਾਲ਼ ਜਿਹੜਾ ਸੁਨੇਹਾ ਪੂਰੇ ਭਾਰਤ ਵਿਚ ਪੁੱਜਿਆ ਹੈ, ਪੰਜਾਬ ਵਿਚ ਉਸ ਦੀ ਇਕ ਉਦਾਹਰਣ ਦੇਣੀ ਜ਼ਰੂਰੀ ਸਮਝਦੇ ਹਾਂ। ਮੋਗਾ ਦੇ ਇਕ ਜੁਝਾਰੂ ਵਕੀਲ ਨਰਿੰਦਰ ਸਿੰਘ ਚਾਹਲ ਨੇ ਨਾ ਸਿਰਫ਼ ਲੋਕਾਂ ਨੂੰ ਨਾਲ਼ ਲੈ ਕੇ, ਕੇਜਰੀਵਾਲ ਦੇ ਧਰਨੇ ਦੀ ਹਮਾਇਤ ਵਿਚ ਮੋਗਾ ਵਿਖੇ ਧਰਨਾ ਦਿੱਤਾ, ਸਗੋਂ ਮੁਲਕ ਭਰ ਵਿਚ ਚੱਲੀ ਹੋਈ ‘ਆਮ ਆਦਮੀ ਪਾਰਟੀ’ ਦੀ ਲਹਿਰ ਦੀ ਹਮਾਇਤ ਵੀ ਕੀਤੀ ਹੈ।ਐਡਵੋਕੇਟ ਚਾਹਲ ਨੇ ਸੋਸ਼ਲ ਮੀਡੀਆ ਸਾਈਟ ‘ਫੇਸਬੁੱਕ’ ਰਾਹੀਂ ਦਿੱਤੇ ਇਕ ਸੁਨੇਹੇ ਵਿਚ ਇਹ ਕਿਹਾ ਹੈ:
“ਅੱਜ ‘ਆਮ ਆਦਮੀ ਪਾਰਟੀ’ ਲੋਕਾਂ ਅਤੇ ਮੀਡੀਆ ਦੇ ਧਿਆਨ ਦਾ ਕੇਂਦਰ ਬਣੀ ਹੋਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਨੇ ਹੱਕੇ-ਬੱਕੇ ਕਰ ਦੇਣ ਵਾਲ਼ੀ ਜਿੱਤ ਹਾਸਲ ਕੀਤੀ ਹੈ। ਇਸ ਤਰ੍ਹਾਂ ਦੀ ਜਿੱਤ ਦੀ ਆਸ ਸ਼੍ਰੀ ਕੇਜਰੀਵਾਲ ਨੂੰ ਵੀ ਨਹੀਂ ਸੀ। ਉਨ੍ਹਾਂ ਨੇ ਇਹ ਹਕੀਕਤ, ਦਿੱਲੀ ਅਸੈਂਬਲੀ ਵਿਚ ਕੀਤੀ ਇਕ ਤਕਰੀਰ ਵਿਚ ਤਸਲੀਮ ਵੀ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਰੱਬ ਦੀ ਦਯਾ ਹੀ ਮੰਨਿਆ ਹੈ। ਆਪਾਂ ਸਾਰੇ ਜੋ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਪਿਆਰ ਕਰਦੇ ਹਾਂ, ਇਸ ਜਿੱਤ ਦੇ ਜਸ਼ਨ ਮਨਾਉਣ ਦੇ ਹੱਕਦਾਰ ਹਾਂ। ਆਖ਼ਰਕਾਰ, ਇਕ ਲੰਬੇ ਅਰਸੇ ਤੋਂ ਬਾਅਦ ਸਾਫ-ਸੁਥਰੇ ਅਕਸ ਅਤੇ ਨੇਕ ਇਰਾਦੇ ਦੇ ਨਾਲ਼-ਨਾਲ਼, ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਵਿਚ ਰੰਗੇ ਹੋਏ ਲੋਕ, ਸੱਤਾ ਵਿਚ ਆਏ ਹਨ। ਇਹ ਇਕ ਇਤਿਹਾਸਕ ਪਲ ਹੈ। ਸਾਡੇ ਮੁਲਕ ਦੇ ਇਤਿਹਾਸ ਦਾ ਇਕ ਖ਼ਾਸ ਮੋੜ ਹੈ।
“ਸ਼੍ਰੀ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ, ਇਹ ਚਮਤਕਾਰ ਕਰਨ ਖ਼ਾਤਰ ਉਨ੍ਹਾਂ ਲਈ ਕੰਮ ਕਰਦਿਆਂ ਰਾਤ-ਦਿਨ ਇਕ ਕਰਨ ਵਾਲ਼ੇ ਹਜ਼ਾਰਾਂ ਵਾਲੰਟੀਅਰ ਅਤੇ ਖ਼ਾਸ ਕਰ ਕੇ ਦਿੱਲੀ ਦੇ ਵੋਟਰ ਸਾਡੇ ਵੱਲੋਂ ਭਰਪੂਰ ਪਿਆਰ, ਪ੍ਰਸ਼ੰਸਾ ਅਤੇ ਆਦਰ ਦੇ ਹੱਕਦਾਰ ਹਨ। ਉਨ੍ਹਾਂ ਨੇ ਦੇਸ਼ ਅਤੇ ਭਾਰਤ ਵਾਸੀਆਂ ਖ਼ਾਤਰ ਬਹੁਤ ਵੱਡੀ ਸੇਵਾ ਕੀਤੀ ਹੈ। ਉਨ੍ਹਾਂ ਨੇ ਸਾਨੂੰ ਸਭ ਨੂੰ ਆਸ ਦੀ ਨਵੀਂ ਕਿਰਨ ਦਿਖਾਈ ਹੈ।ਉਨ੍ਹਾਂ ਨੇ ਸਾਨੂੰ ਇਕ ਨਵਾਂ ਰਾਹ ਦਿਖਾਇਆ ਹੈ। ਉਨ੍ਹਾਂ ਨੇ ਲੋਕਾਂ ਦੀ ਤਾਕਤ ਵਿਚ ਸਾਡਾ ਯਕੀਨ ਹੋਰ ਵੀ ਪੱਕਾ ਕੀਤਾ ਹੈ। ਉਨ੍ਹਾਂ ਨੇ ਸਾਨੂੰ ਮਹਿਸੂਸ ਕਰਾ ਦਿੱਤਾ ਹੈ ਕਿ ਮੁੱਠੀ ਭਰ ਵਚਨਬੱਧ ਲੋਕ ਵੀ, ਜੋ ਧੁਰ ਅੰਦਰੋਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਨ, ਜੋ ਦਿਲੋਂ ਆਪਣੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹਨ, ਚਮਤਕਾਰ ਕਰ ਸਕਦੇ ਹਨ, ਦੇਸ਼ ਦੇ ਭਵਿੱਖ ਨੂੰ ਨਵਾਂ ਰੂਪ ਦੇ ਸਕਦੇ ਹਨ, ਨਵੇਂ ਨੇਮ ਘੜ ਸਕਦੇ ਹਨ ਅਤੇ ਨਵਾਂ ਸਭਿਆਚਾਰ ਲਾਗੂ ਕਰ ਸਕਦੇ ਹਨ। ਉਨ੍ਹਾਂ ਨੇ ਸਾਨੂੰ ਸਿਖਾ ਦਿੱਤਾ ਹੈ ਇਸ ਲਈ ਕਾਰਵਾਈ ਤੇ ਸਖ਼ਤ ਮੁਸ਼ੱਕਤ ਕਰਨ ਦੇ ਨਾਲ਼-ਨਾਲ਼ ਸੋਚੀ-ਸਮਝੀ ਵਿਉਂਤ ਘੜਨ ਦੀ ਅਤੇ ਉਸ ਹੌਸਲੇ, ਹਿੰਮਤ ਅਤੇ ਜਿਗਰੇ ਦੀ ਲੋੜ ਹੁੰਦੀ ਹੈ, ਜੋ ਬੁਨਿਆਦੀ ਕਾਇਆ ਹੀ ਪਲਟ ਦੇਵੇ।
“ਮੈਂ ਇਕ ਵਾਰ ਫੇਰ ਸ਼੍ਰੀ ਕੇਜਰੀਵਾਲ ਨੂੰ, ਉਨ੍ਹਾਂ ਦੀ ਟੀਮ ਨੂੰ, ਵਾਲੰਟੀਅਰਾਂ ਨੂੰ ਅਤੇ ਦਿੱਲੀ ਵਾਲ਼ਿਆਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਇਹ ਫ਼ਖ਼ਰ ਕਰਨ ਦਾ ਤੇ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ। ਆਸ ਕਰਦਾ ਹਾਂ ਕਿ ‘ਆਪ’ ਲੋਕਾਂ ਦੀਆਂ ਆਸਾਂ ’ਤੇ ਖ਼ਰੀ ਉੱਤਰਨ ਵਿਚ ਕੋਈ ਕਸਰ ਨਹੀਂ ਛੱਡੇਗੀ ਤਾਂ ਹੀ ਉਹ ਬਾਕੀ ਦੇਸ਼ ਵੱਲੋਂ ਅਪਣਾਏ ਜਾਣ ਵਾਲ਼ਾ ਮਾਡਲ ਅਤੇ ਮਿਸਾਲ ਬਣ ਕੇ, ਵਿਰੋਧੀਆਂ ਦੀਆਂ ਜੀਭਾਂ ਠਾਕ ਸਕੇਗੀ ਅਤੇ ਸਹੀ ਸੋਚ ਵਾਲ਼ੇ ਲੋਕਾਂ ਦਾ ਮਨੋਬੱਲ ਉੱਚਾ ਕਰ ਸਕੇਗੀ।”
ਇਹ ਲੇਖ ਖ਼ਤਮ ਹੋਣ ਵਾਲ਼ਾ ਹੀ ਹੈ ਕਿ ਖ਼ਬਰ ਆ ਗਈ ਹੈ ਕਿ ਅਰੁੰਧਤੀ ਰਾਏ ਦੀ ਮਾਂ ਵੀ ‘ਆਮ ਆਦਮੀ ਪਾਰਟੀ’ ਵਿਚ ਆ ਰਲ਼ੀ ਹੈ। ਇਕ ਪਾਸੇ ਇਸ ਪਾਰਟੀ ਨੂੰ ਕਈ ਮੁਹਾਜ਼ਾਂ ’ਤੇ ਲੜਨਾ ਪੈ ਰਿਹਾ ਹੈ, ਦੂਜੇ ਪਾਸੇ ਕੁੱਝ ਲੋਕ ਇਸ ਪਾਰਟੀ ਦੀ ਬਣੀ ਹੋਈ ਭੱਲ ਦਾ ਫ਼ਾਇਦਾ ਉਠਾਉਣ ਲਈ ਇਸ ਨੂੰ ‘ਹਾਈਜੈਕ’ ਕਰਨ ਦੇ ਹੀਲੇ ਕਰ ਰਹੇ ਹਨ। ਇਸ ਤਰ੍ਹਾਂ ਦੇ ਇਕ ਵਿਅਕਤੀ ਨੇ ‘ਫੇਸਬੁੱਕ’ ਉੱਤੇ ‘ਆਮ ਆਦਮੀ ਪਾਰਟੀ’ ਪੰਜਾਬ ਨਾਂ ਦਾ ਗਰੁੱਪ ਬਣਾ ‘ਡਾਕ ਅਤੇ ਫੋਨ ਰਾਹੀਂ’ ਇਸ ਦੀ ਭਰਤੀ ਵੀ ਸ਼ੁਰੂ ਕਰ ਦਿੱਤੀ ਹੈ। ਇਹ ਗਰੁੱਪ ਬਣਾਉਣ ਵਾਲ਼ਾ ਬੰਦਾ ਕਿਸੇ ਵੇਲ਼ੇ ‘ਪੀਪਲਜ਼ ਪਾਰਟੀ ਆਫ ਪੰਜਾਬ’ ਨੂੰ ਵੀ ‘ਹਾਈਜੈਕ’ ਕਰਨ ਦੇ ਹੀਲੇ ਕਰਦਾ ਰਿਹਾ ਹੈ। ਇਸ ਗਰੁੱਪ ਦੇ ਪੰਨੇ ਨੂੰ ਇਤਬਾਰ ਯੋਗ ਬਣਾਉਣ ਲਈ ਉਸ ਉੱਤੇ ਪੰਜਾਬ ਦਾ ਇਕ ਸੈੱਲ ਨੰਬਰ ਵੀ ਛਾਪ ਦਿੱਤਾ ਗਿਆ। ਇਹ ਫੋਨ ਨੰਬਰ ਕਿਸ ਦਾ ਹੈ, ਇਸ ਦਾ ਪਤਾ ਲਗਾਏ ਜਾਣ ਦੀ ਵੀ ਲੋੜ ਹੈ। ਓਦਾਂ ਪੰਜਾਬ ਵਿਚ ‘ਆਮ ਆਦਮੀ ਪਾਰਟੀ’ ਦੇ ਜਾਣੇ-ਪਛਾਣੇ ਆਗੂ ਸਾਫ ਮੰਨ ਚੁੱਕੇ ਹਨ ਕਿ ਉਹ ‘ਫੇਸਬੁੱਕ’ ਰਾਹੀਂ, ਪਾਰਟੀ ਦੀ ਪੰਜਾਬ ਇਕਾਈ ਦੀ ਭਰਤੀ ਦਾ ਹੋਕਾ ਦੇਣ ਵਾਲ਼ੇ ਇਸ ‘ਲੀਡਰ’ ਨੂੰ ਜਾਣਦੇ ਤਕ ਨਹੀਂ।
ਕੇਜਰੀਵਾਲ ਦੇ ਇਰਾਦੇ ਨੇਕ ਲੱਗਦੇ ਹਨ, ਪਰ ਹੁਣ ਉਸ ਦਾ ਸੂਰਜ ਚੜ੍ਹਦਾ ਦੇਖ ਕੇ ਨਿੱਜੀ ਮੁਫ਼ਾਦਾਂ ਲਈ ਇਸ ਪਾਰਟੀ ਵਿਚ ਦਾਖਲ ਹੋਣ ਦੇ ਹੀਲੇ ਕਰਦੇ ਲੋਕਾਂ ਤੋਂ ਵੀ ਸਾਵਧਾਨ ਰਹਿਣਾ ਪਵੇਗਾ। ਹੁਣ ‘ਆਮ ਆਦਮੀ ਪਾਰਟੀ’ ਨੂੰ ਮੈਂਬਰਾਂ ਦੀ ਕਮੀ ਨਹੀਂ ਰਹਿਣੀ, ਪਰ ਇਸ ਪਾਰਟੀ ਨੂੰ ਲਾਲਸਾਵਾਂ ਅਤੇ ਲੋਭ ਨਾਲ਼ ਲੈਸ ਹੋ ਕੇ ਬਣ ਰਹੇ ਮੈਂਬਰਾਂ ਤੋਂ ਖ਼ਬਰਦਾਰ ਰਹਿਣ ਖ਼ਾਤਰ ਮੈਂਬਰਸ਼ਿੱਪ ਲਈ ਕੋਈ ‘ਛਾਨਣਾ’ ਵੀ ਲਾਉਣਾ ਪਵੇਗਾ। ਨਹੀਂ ਤਾਂ ਪਤਾ ਵੀ ਨਹੀਂ ਲੱਗਣਾ ਕਿ ਕਦੋਂ ‘ਮਾਸੀ ਦਾ ਵਾੜਾ’ ਵੀ ਬਣ ਗਈ ਹੈ ‘ਆਮ ਆਦਮੀ ਪਾਰਟੀ’। ਗੱਲ ਕੌੜੀ ਲੱਗਣੀ ਹੈ। ਲੱਗੀ ਜਾਵੇ। ਦਵਾਈ ਕੌੜੀ ਹੀ ਹੁੰਦੀ ਹੈ।#
