ਸਿਰੇ ’ਤੇ ਗੰਢ
ਬਖ਼ਸ਼ਿੰਦਰ
ਅੱਗੇ ਤੋਂ ਭੁੱਲ ਕੇ ਵੀ ਕਿਸੇ ਨੂੰ ‘ਖੋਤਾ’ ਨਾ ਕਹਿਣਾ। ਖੋਤੀ…? ਉਸ ਨੂੰ ਤਾਂ ਹੁਣ ‘ਖੋਤੀ ਦੇਵੀ’ ਕਹਿਣਾ ਹੀ ਠੀਕ ਰਹੇਗਾ। ਗਣੇਸ਼ ਜੀ ਚੂਹੇ ਦੀ ਸਵਾਰੀ ਕਰਦੇ ਸਨ।ਕਦੇ-ਕਦੇ ਜਹਾਨ ਉੱਤੇ ਹੇਠਲੀ ਉੱਪਰ ਆਉਂਦੀ ਲੱਗਣ ਲੱਗਦੀ ਹੈ। ਦਿੱਲੀ ਵਿਚ ਕੇਜਰੀਵਾਲ ਦੀ ਤੂਤੀ ਬੋਲਣ ਨਾਲ਼ ਲੋਕਾਂ ਨੂੰ ਹੇਠਲੀ ਉੱਪਰ ਆ ਗਈ ਲੱਗਦੀ ਹੈ।
ਕਦੇ ਦੁਰਲੱਭ ਤੇ ਵੱਡਮੁੱਲਾ ਸਮਝੇ ਜਾਂਦੇ ਚਿੜੀ ਦੇ ‘ਦੁੱਧ ਦੀ ਗੱਲ’ ਕੀਤੀ ਜਾਂਦੀ ਹੁੰਦੀ ਸੀ। ਜਿੱਦਾਂ, ਕੀ ਪਿੱਦੀ ਤੇ ਕੀ ਪਿੱਦੀ ਦੀ ਤਰੀ, ਓਦਾਂ ਹੀ ਹੁਣ ਕੀ ਚਿੜੀ ਤੇ ਕੀ ਚਿੜੀ ਦਾ ਦੁੱਧ। ਜਦੋਂ ਚਿੜੀਆਂ ਦਾ ਚੰਬਾ ਹੀ ਸੈੱਲ ਫੋਨ ਕੰਪਨੀਆਂ ਦੇ ਟਾਵਰਾਂ ਦੀ ਸਰਸਰਾਹਟ ਤੋਂ ਤ੍ਰਹਿ ਕੇ ਉੱਡ ਗਿਆ ਹੈ ਤਾਂ ਚਿੜੀ ਦੇ ਦੁੱਧ ਦੀ ਥਾਂ ਖੋਤੀ, ਨਾ ਸੱਚ ‘ਖੋਤੀ ਦੇਵੀ’ ਦੇ ਦੁੱਧ ਨੇ ਮੱਲਣੀ ਹੀ ਸੀ।
ਪਤਾ ਲੱਗਿਆ ਹੈ ਕਿ ਖੋਤੀ ਦੇ ਦੁੱਧ ਦਾ ਇਕ ਕਿੱਲੋ ਪਨੀਰ ਇਕ ਹਜ਼ਾਰ ਪਾਊਂਡ ਦਾ ਵਿਕਿਆ ਹੈ। ਪਨੀਰ ਦਾ ਇੰਨਾ ਭਾਅ ਸ਼ਾਇਦ ਹੀ ਕਿਤੇ ਹੋਵੇ। ਜੇ ਖੋਤੀ ਦੇ ਦੁੱਧ ਦੇ ਪਨੀਰ ਦਾ ਇਹ ਭਾਅ ਹੈ ਤਾਂ ਦੁੱਧ ਦੇ ਭਾਅ ਦਾ ਅਨੁਮਾਨ ਲਾਉਣਾ ਔਖਾ ਨਹੀਂ ਹੈ। ਖੋਤੀ ਦਾ ਦੁੱਧ ਚੋਣ ਵੇਲ਼ੇ ਚੰਗੇ-ਭਲੇ ਸਾਊ ਤੇ ਸਾਈਂ ਲੋਕ ਬੰਦੇ ਦੀ ਹਾਲਤ ਖੇਤ ਪਏ ਗਧੇ ਵਰਗੀ ਹੋ ਜਾਂਦੀ ਹੈ। ਇਹ ਮੈਂ ਸੁਣਿਆ ਹੀ ਹੈ। ਰਾਬਰਟ ਹਾਰਡਮੈਨ ਨਾਂ ਦੇ ਜਿਹੜੇ ਬੰਦੇ ਨੇ ਇਹ ਜਾਣਕਾਰੀ ਦਿੱਤੀ ਹੈ, ਇਹ ਵੀ ਦੱਸਦਾ ਹੈ ਕਿ ਉਸ ਨੇ ਸਰਬੀਆ ਵਿਚ ਪਿੱਛੇ ਜਿਹੇ ਹੀ, ਖੋਤੀ ਦੇ ਦੁੱਧ ਤੋਂ ਬਣੇ ਪਨੀਰ ਦਾ ਸੁਆਦ ਦੇਖਿਆ ਹੈ। ਉਸ ਦਾ ਕਹਿਣ ਹੈ ਕਿ ਤਿੰਨ-ਤਿੰਨ ਆਦਮੀ ਵਾਰੀ-ਵਾਰੀ ਇਕ ਖੋਤੀ ਚੋਂਦੇ ਹਨ।ਧਾਰ ਚੋਣ ਵਾਲ਼ਾ ਵਿਅਕਤੀ ਇਕ ਸਟੂਲ ਉੱਤੇ ਬੈਠ ਕੇ ਦੁੱਧ ਵਾਲੀ ਬਾਲਟੀ ਸੰਭਾਲਦਿਆਂ ਦੁੱਧ ਚੋਂਦਾ ਹੈ। ਕਹਿੰਦੇ ਹਨ ਕਿ ਉਸ ਦੁੱਧ ਨਾਲ਼ ਭਰੀ ਹੋਈ ਉਹ ਬਾਲਟੀ, ਸੋਨੇ ਦੀ ਬਾਲਟੀ ਦੇ ਤੁੱਲ ਹੋ ਜਾਂਦੀ ਹੈ।    
ਮਹਿੰਗੇ ਤੋਂ ਮਹਿੰਗਾ ਪਨੀਰ ਖਾਣ ਦਾ ਸ਼ੌਕੀਨ ਹਾਰਡਮੈਨ, ਬੈਲਗਰੇਡ ਤੋਂ 50 ਮੀਲ ਪੱਛਮ ਵੱਲ ਬਣੀ ਹੋਈ, ਖੋਤੀ ਦੇ ਦੁੱਧ ਤੋਂ ਪਨੀਰ ਬਣਾਉਣ ਵਾਲ਼ੀ ਇਕੋ-ਇਕ ਫੈਕਟਰੀ ਦਾ ਦੌਰਾ ਕਰ ਆਇਆ ਹੈ। ਉਸ ਨੇ ਉੱਥੇ ਖੋਤੀ ਦੀ ਧਾਰ ਚੋਣ ਦਾ ਹੀਲਾ ਵੀ ਕੀਤਾ। ਉਸ ਨੇ ਮਹਿਸੂਸ ਕੀਤਾ ਕਿ ਖੋਤੀ ਦੇ ਦੁੱਧ ਦਾ ਪਨੀਰ ਬਣਾਉਣਾ ਭਾਵੇਂ ਔਖਾ ਨਾ ਹੋਵੇ, ਪਰ ਖੋਤੀ ਦੀ ਧਾਰ ਕੱਢਣੀ ਸੌਖੀ ਨਹੀਂ ਹੈ। ਇਹ ਗੱਲ ਸਮਝਣੀ ਸੌਖੀ ਬਣਾਉਣ ਦਾ ਹੀਲਾ ਕਰਦਿਆਂ ਇੱਥੇ ਦੱਸਣਾ ਬਣਦਾ ਹੈ ਕਿ ਕਿਸੇ ਡੇਅਰੀ ਫਾਰਮ ਵਿਚ ਔਸਤ ਦਰਜੇ ਦੀ ਇਕ ਗਾਂ, ਛੇ ਹਫ਼ਤੇ ਵਿਚ ਉਸ ਤੋਂ ਕਿਤੇ ਵੱਧ ਦੁੱਧ ਦੇ ਦਿੰਦੀ ਹੈ, ਜਿੰਨਾ 130 ਖੋਤੀਆਂ ਇਕ ਸਾਲ ਵਿਚ ਦਿੰਦੀਆਂ ਹਨ। ਇਸ ਹਿਸਾਬ ਨਾਲ਼ ਮਿਸਰ ਦੀ ਮਲਕਾ ਕਲਿਓਪੈਤਰਾ ਨੂੰ ਆਪਣਾ ਹੁਸਨ ਬਰਕਰਾਰ ਰੱਖਣ ਖ਼ਾਤਰ, ਨਹਾਉਣ ਲਈ ਜਿੰਨੇ ਦੁੱਧ ਦੀ ਲੋੜ ਪੈਂਦੀ ਸੀ, ਉਸ ਲਈ 700 ਖੋਤੀਆਂ ਵੀ ਘੱਟ ਹੀ ਸਨ।
ਖੋਤੀ ਦੇ ਪੱਚੀ ਲਿਟਰ ਦੁੱਧ ਤੋਂ ਇਕ ਕਿੱਲੋ ਪਨੀਰ ਬਣਦਾ ਹੈ। ਇਹੋ ਗੱਲ ਇਸ ਸੁਆਲ ਦਾ ਜੁਆਬ ਹੈ ਕਿ ਇਸ ਕਾਰੋਬਾਰ ਵਿਚ ਬਹੁਤੇ ਲੋਕ ਕਿਉਂ ਨਹੀਂ ਪਏ। ਹੁਣ ਜਦੋਂ ਸਵੀਡਨ ਵਿਚ ਚੂਹੀਆਂ ਦੇ ਦੁੱਧ ਦਾ ਇਕ ਕਿੱਲੋ ਪਨੀਰ, 630 ਪਾਊਂਡ ਦਾ ਵਿਕ ਗਿਆ ਤਾਂ ਲੋਕਾਂ ਦਾ ਧਿਆਨ ਖੋਤੀ ਦੇਵੀ ਤੇ ਉਸ ਦੇ ਦੁੱਧ ਵੱਲ ਗਿਆ ਹੈ ਕਿਉਂ ਕਿ ਉਸ ਦੇ ਦੁੱਧ ਦਾ ਇਕ ਕਿੱਲੋ ਪਨੀਰ ਇਕ ਹਜ਼ਾਰ ਪਾਊਂਡ ਦਾ ਵਿਕਣ ਲੱਗ ਪਿਆ ਹੈ। ਹੋਰ ਤਾਂ ਹੋਰ, ਕਿਸੇ ਸਜੀਲੇ ਡੱਬੇ ਵਿਚ ਪੈਕ ਕਰਨ ਬਗ਼ੈਰ ਤੇ ਕੋਈ ਮਾਰਕਾ ਲਾਏ ਬਗ਼ੈਰ ਹੀ, ਡੱਕੇ ਵਾਲ਼ੀ ਕੁਲਫ਼ੀ ਜਿੰਨਾ ਛਟਾਂਕ ਕੁ ਭਰ ਅਣਕੱਜਿਆ ਪਨੀਰ ਮੋਟੇ ਤੌਰ ’ਤੇ 45 ਪਾਊਂਡ ਦਾ ਵਿਕੀ ਜਾਂਦਾ ਹੈ। ਇਹ ਪਨੀਰ ਰਤਾ ਕੁ ਠੋਸ ਹੁੰਦਾ ਹੈ ਜਦੋਂ ਕਿ ਇਸ ਦੇ ਮੁਕਾਬਲੇ ਭੇਡ ਦੇ ਦੁੱਧ ਦਾ ਪਨੀਰ ਨਰਮ ਹੁੰਦਾ ਹੈ। ਖੋਤੀ ਦੇ ਦੁੱਧ ਦਾ ਪਨੀਰ ਕਈ ਤਰ੍ਹਾਂ ਦੀਆਂ ਖ਼ੁਸ਼ਬੂਆਂ ਦੇ ਸਤ ਰਲ਼ਾ ਕੇ ਵੇਚਿਆ ਜਾਂਦਾ ਹੈ।
ਇਸ ਦੁੱਧ ਦੀਆਂ ਬਰਕਤਾਂ ਦੇ ਸਬੰਧ ਵਿਚ, ਜਹਾਨ ਨੂੰ ਹੀ ਅਕਲ ਹੁਣ ਆਈ ਹੈ ਜਾਂ ਇਸ ਦੁੱਧ ਵਿਚ ਹੁਣੇ-ਹੁਣੇ ਕੁੱਝ ਆ ਰਲ਼ਿਆ ਹੈ ਜਿਸ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਇੰਨਾ ਗਾਹ ਪਾ ਦਿੱਤਾ ਹੈ। ਇਸ ਗੱਲ ਵੱਲ ਗ਼ੌਰ ਕਰਦਿਆਂ ਸਾਨੂੰ ਇਤਿਹਾਸ ਦੀ ਫਲ਼ੈਸ਼ ਬੈਕ ਵਿਚ ਜਾਣਾ ਪਵੇਗਾ। ਇਸ ਨਾਲ਼ ਹੀ ਮੁੱਖ ਤੌਰ ’ਤੇ ਜੁੜਿਆ ਹੋਇਆ ਸੁਆਲ ਇਹ ਹੈ ਕਿ ਮਲਕਾ ਕਲਿਓਪੈਟਰਾ ਨੇ ਆਪਣੇ ਹੁਸਨ ਨੂੰ ਸਾਣ ’ਤੇ ਲਾਉਣ ਲਈ ਖੋਤੀ ਦੇ ਖੱਟੇ ਦੁੱਧ ਨਾਲ਼ ਇਸ਼ਨਾਨ ਕਰਨ ਨੂੰ ਹੀ ਤਰਜੀਹ ਕਿਉਂ ਦਿੱਤੀ?
ਇਤਿਹਾਸਕ ਪ੍ਰਮਾਣ ਦੱਸਦੇ ਹਨ ਕਿ ਖੋਤੀ ਦਾ ਦੁੱਧ ਮਨੁੱਖੀ ਚਮੜੀ ਉੱਤੋਂ ਝੁਰੜੀਆਂ ਘਟਾਉਂਦਾ ਹੈ। ਜਦੋਂ ਖੋਤੀ ਦਾ ਦੁੱਧ ਖੱਟਾ ਹੋ ਜਾਂਦਾ ਹੈ ਤਾਂ ਉਸ ਵਿਚਲੀ ਸ਼ੱਕਰ ‘ਲੈਕਟਿਕ ਤੇਜ਼ਾਬ’ ਵਿਚ ਬਦਲ ਜਾਂਦੀ ਹੈ। ਜਦੋਂ ਲੈਕਟਿਕ ਤੇਜ਼ਾਬ ਵਾਲ਼ੇ ‘ਹਾਈਡਰੌਕਸੀ ਤੇਜ਼ਾਬ’ ਚਮੜੀ ਨੂੰ ਲਾਏ ਜਾਂਦੇ ਹਨ ਤਾਂ ਉਹ ਚਮੜੀ ਨੂੰ ਛਿੱਲ ਕੇ ਉਸ ਉੱਤੋਂ ਇਕ ਪਰਤ ਲਾਹ ਦਿੰਦੇ ਹਨ ਅਤੇ ਉਸ ਪਰਤ ਦੇ ਹੇਠੋਂ ਬਹੁਤ ਹੀ ਸੁੰਦਰ ਅਤੇ ਬੇਦਾਗ਼ ਚਮੜੀ ਨਿੱਕਲ ਆਉਂਦੀ ਹੈ। ਅੱਜ ਵੀ ਝੁਰੜੀਆਂ ਘਟਾਉਣ ਲਈ ਜਿਹੜੀਆਂ ਦਵਾਈਆਂ ਵਰਤੀਆਂ ਜਾਂਦੀਆਂ ਹਨ, ਉਨ੍ਹਾਂ ਵਿਚ 8% ਅਲਫ਼ਾ ਹਾਈਡਰੌਕਸਿਲ ਤੇਜ਼ਾਬ ਹੁੰਦੇ ਹਨ। ਰਸਾਇਣਕ ਢੰਗ ਨਾਲ਼ ਚਮੜੀ ਦੀ ਪਰਤ ਉਤਾਰਨ ਨਾਲ਼ ਤਕਲੀਫ਼ ਤਾਂ ਹੁੰਦੀ ਹੀ ਹੈ, ਇਸ ਕੰਮ ਨੂੰ ਕਈ-ਕਈ ਹਫ਼ਤੇ ਲੱਗ ਜਾਣ ਕਾਰਨ ਮਰੀਜ਼ ਪੂਰਾ ਠੀਕ ਹੋਏ ਬਗ਼ੈਰ ਘਰੋਂ ਨਹੀਂ ਸਨ ਨਿੱਕਲ ਸਕਦੇ।
ਮਹਾਰਾਣੀ ਕਲਿਓਪੈਟਰਾ ਨੂੰ ਕਈ-ਕਈ ਹਫ਼ਤੇ ਮਹੱਲਾਂ ਅੰਦਰ ਵੜ ਕੇ ਬੈਠੇ ਰਹਿਣਾ ਵਾਰਾ ਵੀ ਨਹੀਂ ਖਾ ਸਕਦਾ ਸੀ, ਜਿਸ ਕਰ ਕੇ ਉਹ ਖੋਤੀ ਦੇ ਖੱਟੇ ਦੁੱਧ ਉੱਪਰ ਹੀ ਨਿਰਭਰ ਨਹੀਂ ਕਰਦੀ ਸੀ। ਉਹ ਆਪਣੇ ਪਿੰਡੇ ਦੀ ਰੰਗਤ ਨਿਖ਼ਾਰਨ ਲਈ ਮਗ਼ਰਮੱਛ ਦੀ ਲਿੱਦ/ਗੋਹੇ ਦਾ ਚੂਰਾ ਵੀ ਵਰਤਿਆ ਕਰਦੀ ਸੀ। ਓਦਾਂ ਇਸ ਨਾਲ਼ ਉਸ ਨੂੰ ਕੋਈ ਫ਼ਾਇਦਾ ਘੱਟ ਹੀ ਹੋਇਆ ਸੀ। ਫੇਰ ਉਹ, ਇਹੋ ਜਿਹਾ ਸ਼ਿੰਗਾਰ ਕਰਿਆ ਕਰਦੀ, ਜੋ ਉਸ ਦੇ ਰੂਪ ਨੂੰ ਤਾਂ ਨਿਖ਼ਾਰਦਾ ਹੀ, ਮੱਖੀਆਂ ਤੇ ਮੱਛਰਾਂ ਨੂੰ ਵੀ ਉਸ ਤੋਂ ਦੂਰ ਰੱਖਦਾ ਸੀ।
ਕਈ ਥਾਈਂ ਖੋਤੀ ਦਾ ਦੁੱਧ, ਖ਼ਾਸ ਕਿਸਮ ਦੀ ਇਕ ਸ਼ਰਾਬ ਕੱਢਣ ਲਈ ਵੀ ਵਰਤਿਆ ਜਾਂਦਾ ਹੈ। ਇਹ ਸ਼ਰਾਬ, ਮਰਦ ਆਪ ਨਹੀਂ ਪੀਂਦੇ, ਸਗੋਂ ਇਹ ਸ਼ਰਾਬ, ਉਨ੍ਹਾਂ ਦਾ ਸੰਗ ਮਾਨਣ ਵਾਲ਼ੀਆਂ ਨੂੰ ਪਿਲਾਈ ਜਾਂਦੀ ਹੈ, ਉਹ ਵੀ ਉਨ੍ਹਾਂ ਨਾਲ਼ ਹਮਬਿਸਤਰ ਹੋਣ ਤੋਂ ਕੁੱਝ ਸਮਾਂ ਪਹਿਲਾਂ। ਕਈ ਔਰਤਾਂ ਤਾਂ ਆਪਣੇ ਮਰਦਾਂ ਤੋਂ ਇਹ ਸ਼ਰਾਬ ਖ਼ੁਦ ਮੰਗ ਕੇ ਪੀਂਦੀਆਂ ਹਨ। ਖੋਤੀ ਦੇ ਦੁੱਧ ਤੋਂ ਪਨੀਰ ਹੀ ਨਹੀਂ ਬਣਦਾ, ਸ਼ਰਾਬ ਹੀ ਨਹੀਂ ਕੱਢੀ ਜਾਂਦੀ, ਸਗੋਂ ਸ਼ਿੰਗਾਰ ਦੇ ਕਈ ਸਾਧਨ ਵੀ ਬਣਾਏ ਜਾਂਦੇ ਹਨ। ਇਸ ਤੋਂ ਬਣਦੀ ‘ਫੇਸ ਕਰੀਮ’ ਦੀ ਸ਼ੀਸ਼ੀ 25 ਪਾਊਂਡ ਦੀ ਵਿਕਦੀ ਹੈ। ਇਸ ਕਰੀਮ ਬਾਰੇ ਇਕ ਪੇਸ਼ਾਵਰ ਬੰਦੇ ਦਾ ਇਹ ਕਹਿਣ ਹੈ, “ਇਸ ਕਰੀਮ ਦੀ ਵਰਤੋਂ ਕਰ ਕੇ ਦਾਦੀਆਂ/ ਨਾਨੀਆਂ ਹੁਸਨ ਦੇ ਮਾਮਲੇ ਵਿਚ ਆਪਣੀਆਂ ਨੂੰਹਾਂ/ ਧੀਆਂ ਨੂੰ ਮਾਤ ਪਾ ਸਕਦੀਆਂ ਹਨ।” ਇਸੇ ਦੁੱਧ ਤੋਂ ਬਣਨ ਵਾਲ਼ੀ ਸਾਬਣ ਦੀ ਇਕ ਚਾਕੀ 4 ਪਾਊਂਡ ਨੂੰ ਵਿਕਦੀ ਹੈ। ਚਾਹ ਵਿਚ ਰੋਜ਼ਾਨਾ ਇਸ ਦੁੱਧ ਦੀ ਵਰਤੋਂ ਕਰਨ ਵਾਲ਼ੇ ਇਕ ਵਿਅਕਤੀ ਦਾ ਕਹਿਣ ਹੈ, “ਇਸ ਵਿਚੋਂ ਕੋਈ ਬਦਬੋ ਨਹੀਂ ਆਉਂਦੀ। ਇਹ, ਗਾਂ ਦੇ ਦੁੱਧ ਤੋਂ ਵਧੇਰੇ ਮਿੱਠਾ ਹੈ, ਜਿਸ ਕਰ ਕੇ ਬੱਚਿਆਂ ਨੂੰ ਵੀ ਚੰਗਾ ਲੱਗਦਾ ਹੈ। ਇਸ ਦੇ ਅੰਦਰ ਬਹੁਤ ਸਾਰੇ ਗਿਜ਼ਾਈ ਤੱਤ ਵੀ ਹਨ, ਜਿਨ੍ਹਾਂ ਦੇ ਕਾਰਨ ਹੀ ਲੋਕਾਂ ਨੇ ਰਾਜਿਆਂ-ਮਹਾਰਾਜਿਆਂ ਦੇ ਜ਼ਮਾਨੇ ਤੋਂ ਇਸ ਦੁੱਧ ਦੀ ‘ਕਰਤੂਤ’ ਸਮਝ ਲਈ ਸੀ।”
ਦੋ ਸਾਲ ਪਹਿਲਾਂ ਸਰਬੀਆ ਦੇ ਇਕ ਧਨਾਢ ਨੇ ਖੋਤੀਆਂ ਦੇ ਫਾਰਮ ਦੇ ਮਾਲਕ ਸਲੋਬੋਦਨ ਨੂੰ ਆਪਣੀ ਇਕ ਦੋਸਤ ਦੇ ਨਹਾਉਣ ਜੋਗਾ, ਖੋਤੀਆਂ ਦਾ ਦੁੱਧ ਦਿੱਤੇ ਜਾਣ ਲਈ 4500 ਪਾਊਂਡ ਅਦਾ ਕੀਤੇ ਸਨ। ਇਹ ਸੌਦਾ ਸਿਰੇ ਚੜ੍ਹਾਊਣ ਲ਼ਈ ਫਰੀਜ਼ਰ ਵਿਚ ਦੁੱਧ ਇਕੱਠਾ ਕਰਨ ਲਈ ਕਈ ਮਹੀਨੇ ਲੱਗ ਗਏ। ਇਹ ਜਾਣਕਾਰੀ ਦਿੰਦਿਆਂ ਸਲੋਬੋਦਨ ਦੇ ਇਕ ਸਾਥੀ ਜੋਵਨ ਵੁਕਾਦੀਨੋਵਿਕ ਨੇ ਕਿਹਾ, “ਫੇਰ ਉਹ ਤੀਵੀਂ-ਆਦਮੀ ਇੱਥੇ ਆਏ ਅਤੇ ਅਸੀਂ ਉਨ੍ਹਾਂ ਦੋਹਾਂ ਨੂੰ ਉੱਥੇ ਇਕੱਲੇ ਛੱਡ ਦਿੱਤਾ। ਓਦਾਂ ਮੈਨੂੰ ਨਹੀਂ ਲੱਗਿਆ ਕਿ ਉਹ ਰੰਨ-ਖ਼ਸਮ ਹੋਣਗੇ ਕਿਉਂ ਕਿ ਉਹ ਬੰਦੇ ਨਾਲੋਂ ਤਕਰੀਬਨ 20 ਸਾਲ ਛੋਟੀ ਸੀ ਤੇ ਉਹ ਨਹੀਂ ਚਾਹੁੰਦਾ ਸੀ ਕਿ ਉਸ ਮੌਕੇ ਕੋਈ ਫੋਟੋ-ਫੂਟੋ ਖਿੱਚੀ ਜਾਵੇ।”
ਦਵਾਈਆਂ ਦੇ ਪਿਤਾਮਾ ਕਹਾਉਂਦੇ ‘ਹਿੱਪੋਕਰੈਟਸ’ ਪੰਜਵੀਂ ਸਦੀ ਈਸਾ ਤੋਂ ਪਹਿਲਾਂ,  ਜ਼ਖ਼ਮਾਂ ਦਾ ਅਤੇ ਸੱਪ ਦੇ ਡੰਗਣ ਦਾ ਇਲਾਜ ਖੋਤੀ ਦੇ ਦੁੱਧ ਨਾਲ਼ ਕਰਦੇ ਹੁੰਦੇ ਸਨ। ਨੀਰੋ ਦੀ ਪਤਨੀ ਪੌਪਈਆ ਸਬੀਨਾ, ਦਿਨ ਵਿਚ ਸੱਤ ਵਾਰ ਇਸ ਦੁੱਧ ਨਾਲ਼ ਮੂੰਹ ਧੋਂਦੀ ਸੀ। ਨੈਪੋਲੀਅਨ ਬੋਨਾਪਾਰਟ ਦੀ ਭੈਣ ਪਾਉਲੀਨ ਵੀ ਆਪਣੀ ਜਿਲਦ ਦੀ ਸੰਭਾਲ ਲਈ ਖੋਤੀ ਦਾ ਦੁੱਧ ਵਰਤਦੀ ਹੁੰਦੀ ਸੀ। ਵੀਹਵੀਂ ਸਦੀ ਤਕ ਯੂਰਪ ਦੇ ਹਸਪਤਾਲਾਂ ਵਿਚ, ਬੱਚਿਆਂ ਨੂੰ ਦੁੱਧ ਦੇਣ ਖ਼ਾਤਰ ਇਕ-ਦੋ ਖੋਤੀਆਂ ਰੱਖੀਆਂ ਜਾਂਦੀਆਂ ਸਨ। ਇਹ ਦੁੱਧ, ਮਾੜੇ-ਮੋਟੇ ਫ਼ਰਕ ਨਾਲ਼ ਮਾਂ ਦੇ ਦੁੱਧ ਵਰਗਾ ਹੀ ਹੈ। ਇਸ ਦੁੱਧ ਵਿਚ ਗਾਂ ਦੇ ਦੁੱਧ ਨਾਲੋਂ ਚਰਬੀ ਵਧੇਰੇ ਹੁੰਦੀ ਹੈ ਅਤੇ ਇਸ ਵਿਚ, ਆਮ ਤੌਰ ’ਤੇ ਤੇਲ ਵਾਲ਼ੀਆਂ ਮੱਛੀਆਂ ਅੰਦਰ ਮਿਲਣ ਵਾਲ਼ੇ ਓਮੇਗਾ 3 ਅਤੇ ਓਮੇਗਾ 6 ਤੇਜ਼ਾਬ, ਭਰਪੂਰ ਮਿਕਦਾਰ ਵਿਚ ਹੁੰਦੇ ਹਨ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਸ ਦੁੱਧ ਵਿਚ ਮਰਦਾਨਾ ਤਾਕਤ ਬਹੁਤ ਹੁੰਦੀ ਹੈ। ਇਸ ਤਰ੍ਹਾਂ ਦੇ ਗਾਹਕ 200 ਮਿਲੀ ਲਿਟਰ ਦੁੱਧ ਦੀ ਸ਼ੀਸ਼ੀ ਹੱਸ ਕੇ 6 ਪਾਊਂਡ ਦੀ ਖਰੀਦੀ ਜਾਂਦੇ ਹਨ।
ਪਤਾ ਲੱਗਿਆ ਹੈ ਕਿ ਦੱਖਣੀ ਭਾਰਤ ਵਿਚ ਖੋਤੀਆਂ ਦੇ ਵਪਾਰ ਵਿਚ ਨਵੀਂ ਹੱਲ-ਚੱਲ ਹੋ ਰਹੀ ਹੈ ਕਿਉਂ ਕਿ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਖੋਤੀ ਦਾ ਦੁੱਧ ਨਵਜੰਮੇ ਬੱਚਿਆਂ ਵਿਚ ਦਮੇਂ ਦੇ ਅਤੇ ਸਾਹ ਸਬੰਧੀ ਹੋਰ ਬਿਮਾਰੀਆਂ ਦੇ ਇਲਾਜ ਦੇ ਕੰਮ ਆਉਂਦਾ ਹੈ। ਵਿਸ਼ਾਖਾਪਟਨਮ ਤੋਂ ਆਈਆਂ ਖ਼ਬਰਾਂ ਅਨੁਸਾਰ, ਇਸ ਸ਼ਹਿਰ ਦੇ ਨੇੜੇ-ਤੇੜੇ ਖੋਤੀ ਦੇ ਤਾਜ਼ਾ ਦੁੱਧ ਦਾ ਕੱਪ (25 ਮਿਲੀ ਲਿਟਰ) 200 ਰੁਪਏ ਨੂੰ ਵਿਕਦਾ ਹੈ। ਜੇ ਕਿਸੇ ਨੂੰ ਵਧੇਰੇ ਲੋੜ ਹੋਵੇ ਤਾਂ ਉਹ, 2000 ਰੁਪਏ ਦਾ ਲਿਟਰ ਦੁੱਧ ਖਰੀਦ ਸਕਦਾ ਹੈ। ਇਸ ਦੁੱਧ ਦੀਆਂ ਬਰਕਤਾਂ ਬਾਰੇ ਲੋਕਾਂ ਨੂੰ ਇੰਨਾ ਯਕੀਨ ਹੈ ਕਿ ਉਹ ਇਸ ਨੂੰ ਖਰੀਦਣ ਸਮੇਂ ਕੋਈ ਸੌਦੇਬਾਜ਼ੀ ਵੀ ਨਹੀਂ ਕਰਦੇ। ਸੱਟ ਲੱਗਣ ਨਾਲ਼ ਹਿੱਲਦੇ ਦੰਦ ਵੀ ਇਸ ਦੁੱਧ ਨਾਲ਼ ਟਿਕਾਏ ਜਾਂਦੇ ਰਹੇ ਹਨ।
ਸੋ ਜਨਾਬ! ਕਿਸੇ ਨੂੰ ‘ਖੋਤਾ’ ਕਹਿ ਕੇ ਕੋਈ ਕੌਮਾਂਤਰੀ ਸੰਕਟ ਨਾ ਸਹੇੜ ਲਿਓ!!  #