ਸਿਰੇ ’ਤੇ ਗੰਢ
ਬਖ਼ਸ਼ਿੰਦਰ
ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਕੁਰਸੀ, ਜਿਸ ਨਰਿੰਦਰ ਮੋਦੀ ਦੇ ਹੇਠਾਂ ਡਾਹੁਣ ਦੇ ਹੀਲੇ ਕੀਤੇ ਜਾ ਰਹੇ ਹਨ, ਉਹ ਬਹੁਤ ਹੀ ਵੱਡਾ ਪੈਂਤਰੇਬਾਜ਼ ਹੀ ਨਹੀਂ, ਬਹੁਤ ਜ਼ਿਆਦਾ ਹਵਾ ਵਿਚ ਵੀ ਹੈ। ਬਹੁਤ ਜ਼ਿਆਦਾ ਬੋਲਣ ਵਾਲ਼ਾ ਇਹ ਬੰਦਾ ਆਪਣੀ ਹਕੀਕਤ ਦੀ ਭਿਣਕ ਨਹੀਂ ਪੈਣ ਦਿੰਦਾ। ਇਹੋ ਕਾਰਨ ਹੈ ਕਿ ਉਹ ਛੇਤੀ ਕਰ ਕੇ ਕਿਸੇ ਨੂੰ ਇੰਟਰਵਿਊ ਨਹੀਂ ਦਿੰਦਾ। ਜੇ ਕਿਸੇ ਟੀਵੀ ਚੈਨਲ ਵਾਲ਼ੇ ਉਸ ਨੂੰ ਆਪਣੇ ਸਟੂਡੀਓ ਵਿਚ ਬੁਲਾ ਹੀ ਲੈਣ ਤਾਂ ਉਹ ਇੰਟਰਵਿਊ ਵਿਚ ਪੁੱਛੇ ਸੁਆਲਾਂ ਦੇ ਜੁਆਬ ਦੇਣ ਦੀ ਥਾਂ, ਇੰਟਰਵਿਊ ਲੈਣ ਵਾਲ਼ੇ ਨਾਲ਼ ਦੋਸਤੀ ਦੀ ਦੁਹਾਈ ਦਿੰਦਿਆਂ, ਇਕ ਗਲਾਸ ਪਾਣੀ ਪੀ ਕੇ ਮੁੜ ਜਾਂਦਾ ਹੈ।
ਪਿਛਲੇ ਮਹੀਨੇ, ਨਰਿੰਦਰ ਮੋਦੀ ਦੀ ਬੀਵੀ ਹੋਣ ਦਾ ਦਾਅਵਾ ਕਰਦੀ ਇਕ ਔਰਤ ਨੇ ਇਕ ਪੱਤਰਕਾਰ ਦੇ ਸਾਹਮਣੇ ਕਿਹਾ ਸੀ, “ਉਨ੍ਹਾਂ ਨੇ ਰਾਸ਼ਟਰੀ ਸੋਇਮਸੇਵਕ ਸੰਘ ਵਿਚ ਕੰਮ ਕਰਨ ਖ਼ਾਤਰ ਮੈਨੂੰ ਛੱਡ ਦਿੱਤਾ ਸੀ।” 62 ਸਾਲਾਂ ਦੀ ਉਮਰ ਦੀ ਇਹ ਔਰਤ, ਜਿਸ ਦਾ ਨਾਂ ਜਸ਼ੋਦਾਬੇਨ ਹੈ, ਸਾਬਕਾ ਸਕੂਲ ਅਧਿਆਪਕਾ ਹੈ। ਉਹ ਦੱਸਦੀ ਹੈ ਕਿ ਮੋਦੀ ਨਾਲ਼ ਉਸ ਦਾ ਵਿਆਹ ਹੋਣ ਮਗਰੋਂ ਤਿੰਨ ਸਾਲਾਂ ਦੇ ਸਮੇਂ ਤੋਂ ਹੁਣ ਤਕ ਉਨ੍ਹਾਂ ਵਿਚਾਲ਼ੇ ਕੋਈ ਗੱਲਬਾਤ ਨਹੀਂ ਹੋਈ।
“ਇਹੋ ਜਿਹੀ ਹਾਲਤ ਵਿਚ ਬੰਦਾ ਬੜਾ ਕੁੱਝ ਕਹਿ ਸਕਦਾ ਹੈ ਤੇ ਉਸ ਕੋਲ ਬੋਲਣ ਲਈ ਝੂਠ ਵੀ ਬਹੁਤ ਹੁੰਦਾ ਹੈ,” ਉਸ ਨਰਿੰਦਰ ਮੋਦੀ ਦੇ ਹਵਾਲੇ ਨਾਲ਼ ਜਸ਼ੋਦਾ ਦਾ ਕਹਿਣ ਹੈ, ਜਿਸ ਨੇ ਜਨਤਕ ਰੂਪ ਵਿਚ ਇਹ ਗੱਲ ਕਦੇ ਵੀ ਨਹੀਂ ਕਬੂਲੀ ਕਿ ਉਸ ਦਾ ਵਿਆਹ ਹੋ ਚੁੱਕਾ ਹੈ ਤੇ ਉਸ ਦੀ ਕੋਈ ਘਰ ਵਾਲ਼ੀ ਵੀ ਹੈ। ਓਦਾਂ ਜਸ਼ੋਦਾਬੇਨ ਨੂੰ ਇਹ ਲੱਗਦਾ ਰਹਿੰਦਾ ਹੈ ਕਿ ਇਹ ਬੰਦਾ ਕਦੇ ਨਾ ਕਦੇ ਪ੍ਰਧਾਨ ਮੰਤਰੀ ਬਣ ਜਾਵੇਗਾ।
“ਇਕ ਵਾਰ ਉਨ੍ਹਾਂ ਨੇ ਮੈਨੂੰ ਕਿਹਾ ਸੀ,” ਉਹ ਦੱਸਦੀ ਹੈ, “ਮੈਂ ਸਾਰੇ ਮੁਲਕ ਦਾ ਦੌਰਾ ਕਰਿਆ ਕਰਾਂਗਾ। ਮੈਂ, ਜਿੱਥੇ ਵੀ ਮੇਰਾ ਜਾਣ ਨੂੰ ਚਿੱਤ ਕਰਿਆ ਕਰੂ, ਜਾਇਆ ਕਰੂੰਗਾ। ਤੂੰ ਮੇਰੇ ਮਗਰ ਆ ਕੇ ਕੀ ਕਰੇਂਗੀ?”
“ਜਦੋਂ ਮੈਂ ਉਨ੍ਹਾਂ ਦੇ ਟੱਬਰ ਨਾਲ਼ ਰਹਿਣ ਲਈ ‘ਵੱਡਾ ਨਗਰ’ ਗਈ ਤਾਂ ਉਨ੍ਹਾਂ ਨੇ ਮੈਨੂੰ ਕਿਹਾ, ‘ਤੂੰ ਇੰਨੀ ਛੋਟੀ ਉਮਰੇ ਆਪਣੇ ਸਹੁਰੀਂ ਕਿਉਂ ਆ ਗਈ ਏਂ? ਤੈਨੂੰ ਹਾਲੇ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ,” ਜਸ਼ੋਦਾ, ਜੋ ਆਪਣੇ ਨਾਂ ਨਾਲ਼ ‘ਮੋਦੀ’ ਨਹੀਂ ਲਾਉਂਦੀ, ਨੇ ਦੱਸਿਆ, “ਮੈਂ ਜਦੋਂ-ਜਦੋਂ ਵੀ, ਜਿੰਨੀ-ਜਿੰਨੀ ਵਾਰ ਵੀ ਆਪਣੇ ਸਹੁਰੇ ਘਰ ਗਈ, ਉਹ ਘਰ ਨਹੀਂ ਹੁੰਦੇ ਸਨ। ਮੇਰੇ ਆਈ ਹੋਣ ਦਾ ਪਤਾ ਲੱਗਦਿਆਂ ਹੀ ਉਹ ਘਰ ਆਉਣੋਂ ਹਟ ਜਾਂਦੇ। ਉਨ੍ਹਾਂ ਦਾ ਬਹੁਤਾ ਸਮਾਂ ਆਰ. ਐੱਸ. ਐੱਸ. ਦੀਆਂ ਸ਼ਾਖਾਵਾਂ ਵਿਚ ਹੀ ਲੰਘਦਾ ਸੀ। ਫੇਰ ਇਕ ਦਿਨ ਮੈਂ ਵੀ ਉਨ੍ਹਾਂ ਦੇ ਘਰ ਜਾਣੋਂ ਹਟ ਗਈ।”
ਭਾਰਤ ਦਾ ਪ੍ਰਧਾਨ ਮੰਤਰੀ ਬਣਨ ਲਈ ਪਰ ਤੋਲ ਰਹੇ ਨਰਿੰਦਰ ਮੋਦੀ ਨੇ ਆਪਣਾ ਇਹ ਵਿਆਹ ਇਸ ਲਈ ਲੁਕਾਅ ਕੇ ਰੱਖਿਆ ਸਮਝਿਆ ਜਾਂਦਾ ਹੈ ਕਿਉਂ ਕਿ ਵਿਆਹ ਦਾ ਭੇਤ ਖੁੱਲ੍ਹ ਜਾਣ ਕਰ ਕੇ ਉਹ ਆਰ. ਐੱਸ. ਐੱਸ. ਵਿਚ ਤਰੱਕੀ ਦੇ ਪਾਉਡੇ ਨਹੀਂ ਚੜ੍ਹ ਸਕਦਾ ਸੀ। ਇਹ ਇੰਕਸ਼ਾਫ਼ ਹਾਲ ਹੀ ਵਿਚ ਉਸ ਬਾਰੇ ਲਿਖੀ ਗਈ ਇਕ ਕਿਤਾਬ ਵਿਚ ਕੀਤਾ ਗਿਆ ਹੈ। 2009 ਵਿਚ ਇਕ ਪਰਚੇ ਦੇ ਪੱਤਰਕਾਰਾਂ ਨੇ ਜਸ਼ੋਦਾਬੇਨ ਨੂੰ ਇਕ ਸਕੂਲੋਂ ਲੱਭਿਆ ਸੀ। ਉਹ ਉਸ ਸਕੂਲ ਵਿਚ ਅਧਿਆਪਕਾ ਸੀ। ਪਤਾ ਨਹੀਂ ਉਸ ਨੂੰ ਮੋਦੀ ਨੇ ਹੀ ਇੰਨਾ ਜ਼ਿਆਦਾ  ਡਰਾਇਆ ਹੋਇਆ ਸੀ ਜਾਂ ਕੋਈ ਹੋਰ ਗੱਲ ਸੀ, ਉਸ ਨੇ ਉਦੋਂ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਹਿੰਦੇ ਨੇ ਕਿ ਇਕ ਵਾਰ ਤਾਂ ਉਸ ਦੇ ਮੂੰਹੋਂ “ਹਮੇਂ ਉਨ ਸੇ ਡਰ ਲਗਤਾ ਹੈ, ਵੋਹ ਬਹੂਤ ‘ਸ਼ਕਤੀਸ਼ਾਲੀ’ ਹੈਂ” ਵੀ ਨਿੱਕਲ ਗਿਆ ਸੀ।
ਜਸ਼ੋਦਾਬੇਨ ਨੂੰ ਇਕ ਸੇਵਾਮੁਕਤ ਸਰਕਾਰੀ ਅਧਿਆਪਕ ਵਜੋਂ ਚੌਦਾਂ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ ਤੇ ਉਹ ਪੱਛਮੀ ਗੁਜਰਾਤ ਦੇ ਇਕ ਪਿੰਡ ਵਿਚ ਆਪਣੇ ਭਰਾ ਨਾਲ਼ ਬਹੁਤ ਹੀ ਸੰਨਿਆਸੀ ਕਿਸਮ ਦਾ ਜੀਵਨ ਬਸਰ ਕਰਦੀ ਹੈ। ਬਹੁਤ ਜ਼ਿਆਦਾ ਕੁਰੇਦਣ ’ਤੇ ਉਸ ਨੇ ਇੰਨਾ ਹੀ ਕਿਹਾ, “ਹਮ ਅੱਛੇ ਢੰਗ ਸੇ ਜੁਦਾ ਹੂਏ ਹੈਂ। ਤੀਨ ਸਾਲ ਕੇ ਦੌਰਾਨ ਕਭੀ ਭੀ ਕੋਈ ਝਗੜਾ-ਵਗੜਾ ਨਹੀਂ ਹੂਆ। ਇਨ ਤੀਨ ਸਾਲੋਂ ਮੇਂ ਹਮ ਤੀਨ ਮਹੀਨੇ ਹੀ ਇਕੱਟੇ ਰਹੇ ਹੋਂਗੇ।”
ਉਸ ਨੇ ਇਹ ਵੀ ਕਿਹਾ, “ਮੈਂ ਉਨ ਕੇ ਬਾਰੇ ਮੇਂ ਜੋ ਭੀ ਹਾਥ ਲਗੇ, ਪੜ੍ਹਤੀ ਰਹਿਤੀ ਹੂੰ।”
ਇਕ ਕਮਰੇ ਦੇ ਘਰ ਵਿਚ ਰਹਿੰਦੀ ਇਸ ਔਰਤ ਨੇ ਬਹੁਤ ਸਸਤੀ ਜਿਹੀ ਪ੍ਰਿੰਟਦਾਰ ਸਾੜ੍ਹੀ ਲਾਈ ਹੋਈ ਸੀ ਤੇ ਬਹੁਤ ਬੇਢੰਗਾ ਜਿਹਾ ਸੀਂਤਾ ਹੋਇਆ ਬਲਾਊਜ਼ ਪਾਇਆ ਹੋਇਆ ਸੀ। ਉਸ ਦਾ ਜਿਸਮ ਅਤੇ ਸਿਰ ਰਤਾ ਕੁ ਲਿਫੇ ਹੋਏ ਸਨ ਤੇ ਚਿਹਰੇ ਉੱਤੇ ਝੁਰੜੀਆਂ ਪਈਆਂ ਹੋਈਆਂ ਸਨ। ਉਸ ਦੇ ਹੱਥ ਮੁਸ਼ੱਕਤ-ਮਧੋਲ਼ੇ ਸਨ। ਉਸ ਦੇ ਵਾਲ਼ ਪਿੱਛੇ ਨੂੰ ਖਿੱਚ ਕੇ ਇਕ ਮੀਢੀ ਜਿਹੀ ਵਿਚ ਸਮੇਟੇ ਹੋਏ ਸਨ, ਜਿਸ ਕਰ ਕੇ ਉਸ ਦਾ ਚਿਹਰਾ ਕਾਫੀ ਨੁਮਾਇਆ ਦਿਸਦਾ ਸੀ। ਉਸ ਦੇ ਪੈਰੀਂ ਪਾਈਆਂ ਹੋਈਆਂ ਚਪਲਾਂ, ਉਸ ਦੇ ਗਰਦ ਭਰੇ ਪੈਰ ਲੁਕਾਉਣੋਂ ਅਸਮਰੱਥ ਸਨ। ਉਹ, ਗੁਜਰਾਤ ਦੇ ਪਿੰਡ ਰਾਜੋਸਾਨਾ ਦੀ ਕਿਸੇ ਵੀ ਆਮ ਔਰਤ ਵਰਗੀ ਸੀ ਜਾਂ ਉਸ ਪਿੰਡ ਦੀਆਂ ਸਾਰੀਆਂ ਆਮ ਔਰਤਾਂ ਉਸ ਵਰਗੀਆਂ ਸਨ, ਪਰ ਇਸ ਦੇ ਬਾਵਜੂਦ ਉਹ ਜਸ਼ੋਦਾਬੇਨ ਚਿਮਨ ਲਾਲ ਮੋਦੀ ਸੀ। ਉਸ ਪਿੰਡ ਦਾ ’ਕੱਲਾ-’ਕੱਲਾ ਜੀਅ ਤਾਂ ਕੀ, ਹਰ ਰੁੱਖ ਤਕ ਜਾਣਦਾ ਹੈ ਕਿ ਉਹ ਨਰਿੰਦਰ ਮੋਦੀ ਦੀ ਛੁੱਟੜ ਹੈ।
ਗੋਧਰਾ ਦੇ ਫ਼ਸਾਦਾਂ ਤੋਂ ਮਗਰੋਂ ਮੋਦੀ ਦੇ ਸਿਆਸੀ ਦੋਖੀਆਂ ਨੇ ਇਸ ਪਿੰਡ ਵਿਚੋਂ ਜਸ਼ੋਦਾਬੇਨ ਲੱਭ ਲਈ ਸੀ। ਉਦੋਂ ਤੋਂ ਹੀ ਉਸ ਉੱਪਰ ਸਭ ਦੀਆਂ ਨਜ਼ਰਾਂ ਰਹਿੰਦੀਆਂ ਹਨ। ਕਈ ਲੋਕਾਂ ਨੂੰ ਉਸ ਦੀ ਕਹਾਣੀ ਉੱਤੇ ਯਕੀਨ ਵੀ ਨਹੀਂ ਹੈ। ਹੋਰ ਤਾਂ ਹੋਰ, ਮੋਦੀ ਨੇ ਵੀ ਨਾ ਕਦੇ ਉਸ ਦਾ ਵਜੂਦ ਮੰਨਿਆ ਹੈ, ਨਾ ਹੀ ਝੁਠਲਾਇਆ ਹੈ। ਇਸ ਸਬੰਧ ਵਿਚ ਮੋਦੀ ਦੇ ਦਫ਼ਤਰ ਨੂੰ ਭੇਜੀਆਂ ਗਈਆਂ ਫੈਕਸਾਂ ਵੀ ਪਤਾ ਨਹੀਂ ਕਿਹੜੇ ਖੂਹ ਪਾਈਆਂ ਜਾਂਦੀਆਂ ਹਨ। ਜਸ਼ੋਦਾਬੇਨ ਦੇ ਜਾਣੂ ਕਹਿੰਦੇ ਹਨ ਕਿ ਉਸ ਦਾ ਵਿਆਹ ਨਰਿੰਦਰ ਮੋਦੀ ਨਾਲ਼ ਹੀ ਹੋਇਆ ਸੀ। ਮਹਿਸਾਨਾ ਜ਼ਿਲੇ ਦੇ ਪਿੰਡ ‘ਵੱਡਾ ਨਗਰ’ ਵਿਚ ਇਹ ਵਿਆਹ ਹੋਣ ਵੇਲ਼ੇ ਜਸ਼ੋਦਾ ਮਸਾਂ ਹੀ ਅਠਾਰਾਂ ਸਾਲਾਂ ਦੀ ਸੀ। ਉਦੋਂ ਉਸ ਨੇ ਸੱਤਵੀਂ ਜਮਾਤ ਹੀ ਪਾਸ ਕੀਤੀ ਹੋਈ ਸੀ। ਇਸੇ ਕਰ ਕੇ ਉਨ੍ਹਾਂ ਦੀ ਆਪਸ ਵਿਚ ਅਣਬਣ ਰਹਿਣ ਲੱਗ ਪਈ। ਉਸ ਦੇ ਪਿੰਡ ਦੇ ਹੀ ਇਕ ਬੰਦੇ ਨੇ ਦੱਸਿਆ ਕਿ ਜਸ਼ੋਦਾਬੇਨ ਨੂੰ ਫੋਟੋ ਖਿਚਾਉਣੀ ਚੰਗੀ ਨਹੀਂ ਲੱਗਦੀ ਸੀ ਕਿਉਂ ਕਿ ਉਸ ਦਾ ਖ਼ਿਆਲ ਹੈ ਕਿ ਉਹ ਸੁਹਣੀ ਨਹੀਂ ਹੈ।
ਵਿਆਹ ਤੋਂ ਕੁੱਝ ਦਿਨ ਮਗਰੋਂ ਹੀ ਜਸ਼ੋਦਾਬੇਨ ਨੂੰ ਉਸ ਦੇ ਬਾਪ ਚਿਮਨਲਾਲ ਦੇ ਘਰ ਭੇਜ ਦਿੱਤਾ ਗਿਆ ਤੇ ਕਿਹਾ ਗਿਆ ਕਿ ਪਹਿਲਾਂ ਉਹ ਆਪਣੀ ਪੜ੍ਹਾਈ ਪੂਰੀ ਕਰ ਲਵੇ। ਉਸ ਦੇ ਜਾਣਕਾਰ ਹੀ ਕਹਿੰਦੇ ਹਨ ਕਿ ਆਪਣੇ ਘਰ ਵਾਲ਼ੇ ਨੂੰ ਖ਼ੁਸ਼ ਕਰਨ ਲਈ ਅਤੇ ਉਸ ਦੇ ਬਰਾਬਰ ਦੀ ਹੋਣ ਖ਼ਾਤਰ ਜਸ਼ੋਦਾ ਨੇ ਢੋਲਾਕਾ ਵਿਖੇ ਪੜ੍ਹਨਾ ਸ਼ੁਰੂ ਕਰ ਦਿੱਤਾ। 1972 ਵਿਚ ਉਸ ਨੇ ਸੀਨੀਅਰ ਸੈਕੰਡਰੀ ਪਾਸ ਕਰ ਲਈ। ਫੇਰ ਉਸ ਨੇ ਪ੍ਰਇਮਰੀ ਟੀਚਰ ਦਾ ਕੋਰਸ ਕਰ ਲਿਆ ਅਤੇ ਤਿੰਨ ਮਹੀਨੇ ਅਹਿਮਦਾਬਾਦ ਵਿਚ ਕੰਮ ਕੀਤਾ।
ਕਈ ਸਾਲ, ਕਈ ਸਕੂਲਾਂ ਵਿਚ ਅਧਿਆਪਕਾ ਵਜੋਂ ਕੰਮ ਕਰਨ ਮਗਰੋਂ 2 ਦਸੰਬਰ, 1991 ਨੂੰ ਉਹ ਰਾਜੋਸਾਨਾ ਆ ਗਈ, ਜਿੱਥੇ ਉਹ ਹੁਣ ਵੀ ਰਹਿੰਦੀ ਹੈ। ਪਿੰਡ ਦੇ ਲੋਕ ਦੱਸਦੇ ਹਨ ਕਿ ਉਹ ਕਈ ਵਾਰ ਅਹਿਮਦਾਬਾਦ ਜਾਂਦੀ ਰਹੀ ਹੈ, ਪਰ ਉਸ ਦੇ ਪਤੀ ਨੇ ਉਸ ਨੂੰ ਕਦੇ ਵੀ ਉੱਥੇ ਅਟਕਣ ਨਹੀਂ ਦਿੱਤਾ। ਰਾਜੋਸਾਨਾ ਦੇ ਪ੍ਰਾਇਮਰੀ ਸਕੂਲ ਵਿਚ, ਪਹਿਲੀ ਜਮਾਤ ਨੂੰ ਪੜ੍ਹਾਉਂਦੀ ਜਸ਼ੋਦਾਬੇਨ, ਮੁਸਲਮਾਨ ਵਿਦਿਆਰਥੀਆਂ ਦੀ ਮਨਭਾਉਂਦੀ ਅਧਿਆਪਕਾ ਹੁੰਦੀ ਸੀ। ਭਾਵੇਂ ਇਸ ਪਿੰਡ ਦੀਆਂ ਮੁਸਲਮਾਨਣੀਆਂ ਬਾਂਹ ਖੜ੍ਹੀ ਕਰ ਕੇ ਉਸ ਬਾਰੇ ਗੱਲ ਕਰਨ ਲਈ ਤਿਆਰ ਨਹੀਂ, ਪਰ ਉਹ ਇਹ ਤਾਂ ਕਹਿ ਹੀ ਦਿੰਦੀਆਂ ਹਨ ਕਿ ਜਸ਼ੋਦਾਬੇਨ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗ਼ੀ ਨੂੰ ਸਹੀ ਸਾਂਚੇ ਵਿਚ ਢਾਲਣ ਵਿਚ ਕੋਈ ਕਸਰ ਨਹੀਂ ਛੱਡਦੀ ਸੀ। ਉਹ ਅੰਦਰੋ-ਅੰਦਰੀ ਉਸ ਦੀ ਬਹੁਤ ਇੱਜ਼ਤ ਕਰਦੀਆਂ ਹੁੰਦੀਆਂ ਸੀ। 
ਇਸੇ ਹੀ ਪਿੰਡ ਦੇ ਇਕ ਸਿਆਣੇ ਬਜ਼ੁਰਗ਼ ਦਾ ਕਹਿਣ ਹੈ, “ਨਰਿੰਦਰ ਮੋਦੀ ਕੌਮੀ ਨੇਤਾ ਹਨ। ਉਹ ਸਿਆਣੇ ਹਨ ਤੇ ਸੁਹਣੇ ਹਨ। ਜਸ਼ੋਦਾਬੇਨ ਉਨ੍ਹਾਂ ਦੇ ਮੇਚੇ ਦੀ ਨਾ ਵੀ ਹੋਊ, ਪਰ ਉਨ੍ਹਾਂ ਦੀ ਘਰ ਵਾਲ਼ੀ ਹੈ, ਵਿਆਹ ਕੇ ਲਿਆਂਦੀ ਹੋਈ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ, ਉਸ ਨੂੰ ਆਪਣੇ ਨਾਲ਼ ਰੱਖਣ।” ਇਕ ਪੱਤਰਕਾਰ, ਜਸ਼ੋਦਾਬੇਨ ਨੂੰ ਉਸ ਦੇ ਸਕੂਲ ਵਿਚ ਮਿਲਣ ਗਿਆ ਸੀ। ਉਹ ਲਿਖਦਾ ਹੈ, “ਜਦੋਂ ਮੈਂ ਉਸ ਨੂੰ ਸਕੂਲ ਵਿਚ ਮਿਲਿਆ ਤਾਂ ਉਹ ਏਦਾਂ ਖ਼ੁਸ਼ ਹੋਈ, ਜਿੱਦਾਂ ਕੋਈ ਬੱਚਾ ਖਿੜ ਉੱਠਦਾ ਹੈ। ਉਸ ਨੇ ਮੇਰੇ ਨਾਲ਼ ਗੱਲ ਕਰਨ ਦੀ ਤੇ ਆਪਣੀ ਦਾਸਤਾਨ ਸੁਣਾਉਣ ਦੀ ਇੱਛਾ ਜ਼ਾਹਰ ਕੀਤੀ, ਪਰ ਉਸ ਸਕੂਲ ਦੇ ਪ੍ਰਿੰਸੀਪਲ ਪਰਵੀਨ ਕੁਮਾਰ ਪੀ ਵਿਆਸ ਨੇ ਉਸ ਨੂੰ ਇਕ ਪੱਤਰਕਾਰ ਨਾਲ਼ ਗੱਲਬਾਤ ਕਰਨ ਤੋਂ ਰੋਕ ਦਿੱਤਾ ਤੇ ਕਿਹਾ, ‘ਤੁਸੀਂ ਉਨ੍ਹਾਂ ਨਾਲ਼ ਸਕੂਲ ਦੇ ਸਮੇਂ ਤੋਂ ਬਾਅਦ ਹੀ ਗੱਲਬਾਤ ਕਰ ਸਕਦੇ ਹੋ। ਹੁਣ ਆਪਣੀ ਕਲਾਸ ਵਿਚ ਜਾਓ।’ ਜਸ਼ੋਦਾਬੇਨ ਨੇ ਤਰਲਾ ਜਿਹਾ ਕੱਢਦਿਆਂ ਕਿਹਾ, ‘ਮੈਂ ਅੱਧੀ ਛੁੱਟੀ ਵੇਲ਼ੇ ਗੱਲ ਕਰ ਸਕਦੀ ਹਾਂ? ਬੱਸ ਕੁੱਝ ਮਿੰਟ ਹੀ ਤਾਂ ਲੱਗਣਗੇ।’ ਪਰ ਪਿੰਸੀਪਲ ਲੋਹੇ ਦਾ ਥਣ ਬਣਿਆ ਰਿਹਾ। ਉਹ ਅਣਮੰਨੇ ਜਿਹੇ ਮਨ ਨਾਲ਼ ਚਲੀ ਗਈ। ਫਿਰ ਛੇਤੀ ਹੀ ਮੁੜ ਵੀ ਆਈ। ਉਸ ਨੇ ਆਉਂਦਿਆਂ ਹੀ ਕਿਹਾ, ‘ਮੈਂ ਆਪਣੇ ਪਤੀ ਬਾਰੇ ਕੁੱਝ ਨਹੀਂ ਕਹਾਂਗੀ। ਉਹ ਬਹੁਤ ਸ਼ਕਤੀਸ਼ਾਲੀ ਬੰਦਾ ਹੈ। ਮੈਨੂੰ ਆਪਣੇ ਗ਼ੁਜ਼ਾਰੇ ਲਈ ਇਸ ਨੌਕਰੀ ਦੀ ਲੋੜ ਹੈ। ਮੈਨੂੰ ਇਸ ਤਰ੍ਹਾਂ ਬੋਲਣ ਦੇ ਨਤੀਜਿਆਂ ਤੋਂ ਡਰ ਲੱਗਦੈ।’ ਇੰਨਾ ਕਹਿ ਕੇ ਉਹ ਫਿਰ ਕਲਾਸਰੂਮ ਅੰਦਰ ਚਲੀ ਗਈ।”
ਇਸ ਪੱਤਰਕਾਰ ਨੇ ਹੀ ਇਹ ਲਿਖਿਆ, “ਇਸ ਦੌਰਾਨ ਪ੍ਰਿੰਸੀਪਲ ਨੇ ਆਪਣੇ ਸੈੱਲ ਫੋਨ ਤੋਂ ਕਿਸੇ ਨੂੰ ਫੋਨ ਕੀਤਾ ਕਿ ਜਸ਼ੋਦਾਬੇਨ ਨੂੰ ਕੋਈ ਮਿਲਣ ਆਇਆ ਹੋਇਆ ਹੈ। ਫਿਰ ਪ੍ਰਿੰਸੀਪਲ ਉਸ ਦੇ ਕਲਾਸਰੂਮ ਵਿਚ ਗਿਆ। ਇਸ ਤੋਂ ਮਗਰੋਂ ਕਲਾਸਰੂਮ ਅੰਦਰੋਂ ਨਿੱਕਲੀ ਜਸ਼ੋਦਾਬੇਨ ਮੂਲ਼ੋਂ ਹੀ ਬਦਲੀ ਹੋਈ ਸੀ। ਉਸ ਦੇ ਚਿਹਰੇ ਤੋਂ ਉਹ ਬਾਲ-ਮੁਸਕਾਨ ਗ਼ਾਇਬ ਸੀ, ਉਸ ਦਾ ਜੋਸ਼ ਮਰ ਚੁੱਕਾ ਸੀ ਤੇ ਉਹ ਘਬਰਾਈ ਹੋਈ ਲੱਗਦੀ ਸੀ। ਉਹ ਘੜੀ-ਮੁੜੀ ਆਪਣੇ ਹੱਥ ਮਲ਼ ਰਹੀ ਸੀ। ਜਦੋਂ ਮੈਂ ਦੁਬਾਰਾ ਉਸ ਦੇ ਨੇੜੇ ਗਿਆ ਤਾਂ ਉਹ ਚੀਕਣ ਵਾਂਗ ਬੋਲੀ ਕਿ ਕੋਈ ਉਸ ਦੇ ਨੇੜੇ ਨਾ ਆਵੇ, ਨਾ ਹੀ ਉਸ ਨੂੰ ਬੁਲਾਵੇ। ਓਦਾਂ, ਜਾਂਦਿਆਂ ਹੋਇਆਂ ਉਸ ਨੇ ਏਦਾਂ ਇਸ਼ਾਰਾ ਕੀਤਾ, ਜਿੱਦਾਂ ਕਹਿ ਰਹੀ ਹੋਵੇ ਕਿ ਉਹ ਬਾਅਦ ਵਿਚ ਗੱਲ ਕਰੇਗੀ।”
ਭਾਵੇਂ ਜਸ਼ੋਦਾਬੇਨ ਨੂੰ ਦਸ ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲਦੀ ਹੈ, ਪਰ ਉਹ 100 ਵਰਗ ਫੁੱਟ ਦੇ ਜਿਸ ਕਮਰੇ ਵਿਚ ਰਹਿੰਦੀ ਹੈ, ਉਸ ਨਾਲ਼ ਗੁਸਲਖ਼ਾਨਾ ਵੀ ਨਹੀਂ ਹੈ। ਪਿੰਡ ਦੇ ਲੋਕ ਦੱਸਦੇ ਹਨ ਕਿ ਉਹ ਸਵੇਰੇ ਮੂੰਹ-ਹਨ੍ਹੇਰੇ ਉੱਠ ਕੇ ਕਮਰੇ ਨੇੜਲੀ ਟੂਟੀ ਤੋਂ ਨਹਾ ਲੈਂਦੀ ਹੈ। ਉਸ ਦੀ ਕਹਾਣੀ ਕਿਸੇ ਤੋਂ ਗੁੱਝੀ ਨਹੀਂ ਹੈ। ਸਕੂਲ ਦੇ ਬੱਚੇ ਵੀ ਉਸ ਦਾ ਹਵਾਲਾ ‘ਨਰੇਂਦਰ ਮੋਦੀ ਕੀ ਪਤਨੀ’ ਵਜੋਂ ਦਿੰਦੇ ਹਨ।
ਉਸ ਨੂੰ ਅੱਜ ਵੀ ਆਸ ਹੈ ਕਿ ਕਿਸੇ ਦਿਨ ਉਸ ਦਾ ਪਤੀ ਫੋਨ ’ਤੇ ਕਹੇਗਾ, “ਸਭ ਕੁੱਝ ਛੱਡ ਕੇ ਆ ਜਾ ਮੇਰੇ ਕੋਲ ਤੇ ਇੱਥੇ ਹੀ ਰਹਿ।” ਦੂਜੇ ਪਾਸੇ ਮੋਦੀ ਦੇ ਹਮਾਇਤੀ, ਜਸ਼ੋਦਾਬੇਨ ਦੀ ਹਰ ਹਰਕਤ ਉੱਤੇ ਨਜ਼ਰ ਰੱਖਦੇ ਹਨ। ਉਹ ਇਸ ਗੱਲ ਦਾ ਖ਼ਿਆਲ ਰੱਖਦੇ ਹਨ ਕਿ ਜਸ਼ੋਦਾਬੇਨ ਇਹੋ ਜਿਹੀ ਕੋਈ ਕਾਰਵਾਈ ਨਾ ਕਰੇ, ਜਿਸ ਨਾਲ਼ ਮੋਦੀ ਨੂੰ ਸ਼ਰਮਸਾਰ ਹੋਣਾ ਪਵੇ। ਨਰਿੰਦਰ ਮੋਦੀ ਭਲਕ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਵੀ ਬਣ ਜਾਵੇ, ਇਸ ਹਾਲਤ ਵਿਚ ਜਸ਼ੋਦਾਬੇਨ ਉਸ ਦੇ ਸੰਘ ਵਿਚ ਹੱਡੀ ਵਾਂਗ ਫਸੀ ਰਹੇਗੀ, ਉਸ ਦੀ ਕੌੜੀ ਹਕੀਕਤ ਦੀ ਮੂਰਤ ਬਣੀ ਰਹੇਗੀ, ਉਸ ਦੀ ਦੁਖਦੀ ਰਗ਼ ਬਣੀ ਰਹੇਗੀ।#