ਟੋਰਾਂਟੋ ਆਲਮੀ ਪੰਜਾਬੀ ਕਾਨਫ਼ਰੰਸ-2011 ਵਿਚ ਪੇਸ਼ ਕੀਤਾ ਗਿਅਾ ਖੋਜ ਪੱਤਰ

ਸਮਾਜਕ ਤਬਦੀਲੀ ਵਿਚ ਸਿਨੇਮਾ ਦਾ ਯੋਗਦਾਨ

ਬਖ਼ਸ਼ਿੰਦਰ*

ਪੰਜਾਹ ਹਿੰਦੀ ਫ਼ਿਲਮਾਂ ਦੇ ਹੱਥੀਂ ਚਿੱਤਰੇ ਹੋਏ ਪੋਸਟਰ

ਪਹਿਲੀ ਵਾਰੀ ਇਹ ਸਤਰਾਂ ਪੜ੍ਹਦਿਆਂ-ਸੁਣਦਿਆਂ ਬਹੁਤ ਸਾਰੇ ਲੋਕਾਂ ਨੂੰ ਏਦਾਂ ਹੀ ਲੱਗੇਗਾ ਕਿ ਐਵੇਂ ਵਾਧੂ ਕਹਾਣੀ ਪਾਈ ਜਾ ਰਹੀ ਹੈ, ਪਰ ਸੱਚ ਇਹੋ ਹੈ ਕਿ ਮਨੁੱਖ ਦੇ ਜਨਮ ਲੈਣ ਸਾਰ ਹੀ ਕਹਾਣੀ ਦਾ ਜਨਮ ਵੀ ਹੋ ਗਿਆ ਸੀ। ਏਦਾਂ ਵੀ ਕਿਹਾ ਜਾ ਸਕਦਾ ਹੈ ਕਿ ਮਨੁੱਖ ਦੇ ਜਨਮ ਲੈਣ ਦੀ ਵੀ ਇਕ ਕਹਾਣੀ ਸੀ ਤੇ ਮਨੁੱਖ ਦੇ ਜਨਮ ਲੈਣ ਤੋਂ ਪਹਿਲਾਂ ਵੀ ਇਕ ਕਹਾਣੀ ਸੀ। ਕਹਾਣੀਆਂ ਅਕਸਰ ਹੀ ਅਸਰ ਪਾਉਂਦੀਆਂ ਰਹੀਆਂ ਹਨ। ਐਵੇਂ ਤਾਂ ਨਹੀਂ ਯੋਧਿਆਂ ਨੂੰ ਜੰਗ ਵੱਲ ਰਵਾਨਾ ਕਰਨ ਤੋਂ ਪਹਿਲਾਂ ਵਾਰਾਂ ਸੁਣਾਈਆਂ ਜਾਂਦੀਆਂ ਰਹੀਆਂ। ਇਹ ਵਾਰਾਂ ਤੇ ਪ੍ਰਸੰਗ ਵੀ ਇਕ ਤਰ੍ਹਾਂ ਦੀਆਂ ਕਹਾਣੀਆਂ ਹੀ ਹੁੰਦੇ ਹਨ। ਸੋ ਹਰ ਕਹਾਣੀ, ਆਪਣੇ ਪਾਠਕ/ ਸਰੋਤੇ ਅਤੇ ਦਰਸ਼ਕ ਦੇ ਮਨ ਉੱਤੇ ਅਸਰ ਪਾਉਂਦੀ ਹੈ, ਅਸਰ ਛੱਡਦੀ ਹੈ।
ਬੋਲ ਕੇ ਸੁਣਾਈ ਜਾਂਦੀ ਕਹਾਣੀ ‘ਕਥਾ’ ਹੈ ਤੇ ਗਾ ਕੇ ਸੁਣਾਈ ਜਾਂਦੀ ਕਹਾਣੀ ‘ਗਾਥਾ’ ਹੈ। ਫਿਰ ਕਿਸੇ ਖੁੱਲ੍ਹੇ ਤੌੜ ਜਾਂ ਮੈਦਾਨ ਵਿਚ ਕਰ ਕੇ ਜਾਂ ਖੇਡ ਕੇ ਦਿਖਾਈ ਜਾਂਦੀ ਕਹਾਣੀ ‘ਨਾਟਕ’ ਕਹਾਉਣ ਲੱਗੀ। ਨਾਟਕ ਨੇ ਕਈ ਰੂਪ ਅਖ਼ਤਿਆਰ ਕੀਤੇ, ਕਈ ਰੰਗ ਵਟਾਏ। ਨਾਟਕਾਂ ਦੇ ਕਈ ਰੂਪਾਂ ਵਿਚੋਂ ਇਕ ‘ਨੁੱਕਰ ਨਾਟਕ’ ਹੈ, ਜਿਸ ਨੂੰ ‘ਨੁੱਕੜ ਨਾਟਕ’ ਵੀ ਕਿਹਾ ਜਾਂਦਾ ਹੈ। ਇਸ ਵੇਰਵੇ ਵਿਚ ਬਹੁਤਾ ਪੈਣ ਦੀ ਲੋੜ ਨਹੀਂ ਹੈ ਕਿ ਨਾਟਕ ਦਾ ਇਹ ਰੂਪ ਬਹੁਤ ਜਲਦੀ ਤੇ ਜ਼ੋਰਦਾਰ ਅਸਰ ਪਾਉਂਦਾ ਹੈ। ‘ਨੁੱਕਰ ਨਾਟਕ’ ਖੇਡੇ ਹੀ ਕਿਸੇ ਖ਼ਾਸ ਮਕਸਦ ਨਾਲ ਜਾਂਦੇ ਹਨ ਤੇ ਇਨ੍ਹਾਂ ਰਾਹੀਂ ਲੋਕਾਂ ਨੂੰ ਸੰਦੇਸ਼ ਦਿੱਤੇ ਜਾਂਦੇ ਹਨ, ਜੋ ਲੋਕਾਂ ਤਕ ਜਲਦੀ ਪਹੁੰਚਦੇ ਤੇ ਜਲਦੀ ਹੀ ਅਸਰ ਦਿਖਾਉਂਦੇ ਹਨ। ਤੁਸੀਂ ਹੁਣ ਤਕ ਇਹ ਸੋਚਣ ਲੱਗ ਪਏ ਹੋਵੇਗੇ ਕਿ ਇਸ ਬੰਦੇ ਨੇ ਆਪਣੇ ਪਰਚੇ ਦਾ ਸਿਰਨਾਵਾਂ ਤਾਂ ‘ਸਮਾਜਕ ਤਬਦੀਲੀ ਵਿਚ ਸਿਨੇਮਾ ਦਾ ਯੋਗਦਾਨ’ ਦੱਸਿਆ ਹੈ, ਪਰ ਕਹਾਣੀਆਂ, ਇਹ ਨਾਟਕਾਂ ਤੇ ਕਹਾਣੀਆਂ ਦੀਆਂ ਹੀ ਪਾਈ ਜਾਂਦਾ ਹੈ।
ਅਸਲ ਵਿਚ ਗੱਲ ਕਹਾਣੀ ਨਾਲ ਹੀ ਬਣਦੀ ਹੈ। ਨਾਟਕ ਵੀ ਅੱਖਾਂ ਸਾਹਮਣੇ ਵਾਪਰਦੀ ਜਾਂ ਨਿਭਦੀ ਕਹਾਣੀ ਹੀ ਹੁੰਦਾ ਹੈ। ਫਿਰ ਇਹ ਕਹਾਣੀ ਪਰਦੇ ਉੱਤੇ ਵਾਪਰਦੀ ਦਿਸੀ ਤਾਂ ਸਿਨੇਮਾ ਦਾ ਜਨਮ ਹੋਇਆ। ਕਥਾ ਕਰ ਕੇ ਕਹਾਣੀ ਸੁਣਾਈ ਜਾਂਦੀ ਰਹੀ, ਗਾਥਾ ਬਣਾ ਕੇ ਕਹਾਣੀ ਗਾਈ ਜਾਂਦੀ ਰਹੀ, ਨਾਟਕਾਂ ਰਾਹੀਂ ਕਹਾਣੀ ਦਿਖਾਈ ਜਾਂਦੀ ਰਹੀ ਤੇ ਫਿਰ ਸਿਨੇਮਾ ਰਾਹੀਂ ਕਹਾਣੀ ਦ੍ਰਿਸ਼ਾਈ ਜਾਂ ਦਰਸਾਈ ਜਾਂਦੀ ਰਹੀ। ਯਾਨੀ ਹਰ ਰੂਪ ਵਿਚ ਕਹਾਣੀ ਪਾਈ ਜਾਂਦੀ ਰਹੀ। ਜੇ ਕਹਾਣੀ ‘ਕਥਾ’ ਦੇ ਰੂਪ ਵਿਚ ਸੁਣ ਕੇ ਉਸ ਦਾ ਅਸਰ ਕਬੂਲਿਆ ਜਾਂਦਾ ਰਿਹਾ ਹੈ, ਜੇ ‘ਗਾਥਾ’ ਦੇ ਰੂਪ ਵਿਚ ਕਹਾਣੀ ਮਾਣੀ ਹੀ ਨਹੀਂ ਜਾਂਦੀ ਰਹੀ, ਸਗੋਂ ਅਸਰ ਵੀ ਪਾਉਂਦੀ ਰਹੀ ਹੈ, ਜੇ ‘ਨਾਟਕ’ ਦੇ ਰੂਪ ਵਿਚ ਕਹਾਣੀ ਲੋਕ-ਮਨਾਂ ਨੂੰ ਟੁੰਬਦੀ ਰਹੀ ਹੈ ਤਾਂ ਕੀ ਫ਼ਿਲਮ ਜਾਂ ਸਿਨੇਮਾ ਦੇ ਰੂਪ ਵਿਚ ਕਹਾਣੀ, ਮਨੁੱਖੀ ਮਨ ਨੂੰ ਨਹੀਂ ਮੋਹੇਗੀ, ਨਹੀਂ ਪੋਹੇਗੀ, ਕੁੱਝ ਇਹੋ ਜਿਹੇ ਹੀ ਨੁਕਤੇ ਹਨ, ਜੋ ਇਸ ਪਰਚੇ ਵਿਚ ਛੋਹੇ ਗਏ ਹਨ।
ਇਸ ਗੱਲ ਨੂੰ ਸਿਰੇ ਲਾਉਣ ਤੋਂ ਪਹਿਲਾਂ ਕਹਾਣੀ ਵੱਲ ਫਿਰ ਮੁੜਾਂਗਾ, ਕਹਾਣੀ ਨਾਲ ਤੁਹਾਨੂੰ ਵੀ ਜੋੜਾਂਗਾ ਤੇ ਖ਼ੁਦ ਵੀ ਜੁੜਾਂਗਾ ਕਿਉਂ ਕਿ ਕਹਾਣੀ ਬਗ਼ੈਰ ਗੱਲ ਨਹੀਂ ਬਣਦੀ। ਇਸ ਲਈ ਕਹਾਣੀ ਤਾਂ ਪਾਉਣੀ ਹੀ ਪਏਗੀ, ਗੱਲ ਤਾਂ ਬਣਾਉਣੀ ਹੀ ਪਏਗੀ। ਗੱਲ ਛੇਤੀ ਬਣਾਉਣ ਲਈ, ਛੇਤੀ ਪੱਲੇ ਪਾਉਣ ਲਈ ਇਹ ਦੱਸਣਾ, ਸਮਝਣਾ ਤੇ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਸਾਰੀਆਂ ਹੀ ਕਹਾਣੀਆਂ ਚੰਗੀਆਂ ਨਹੀਂ ਹੁੰਦੀਆਂ। ਜੇ ਸਾਰੀਆਂ ਕਹਾਣੀਆਂ ਚੰਗੀਆਂ ਨਹੀਂ ਹੁੰਦੀਆਂ ਤਾਂ ਉਨ੍ਹਾਂ ਦੇ ਆਧਾਰ ’ਤੇ ਬਣਨ ਵਾਲ਼ੀਆਂ ਫ਼ਿਲਮਾਂ ਕਿੱਦਾਂ ਚੰਗੀਆਂ ਹੋ ਸਕਦੀਆਂ ਤੇ ਕਿੱਦਾਂ ਚੰਗਾ ਹੋ ਸਕਦਾ ਹੈ ਸਮੁੱਚਾ ਸਿਨੇਮਾ? ਕੁੱਝ ਸਮੇਂ ਤੋਂ ਫ਼ਿਲ਼ਮਾਂ ਵਿਚ ਚੰਗੀ ਕਹਾਣੀ ਦੀ ਘਾਟ ਦਾ ਸੰਕਟ ਚੱਲ ਰਿਹਾ ਹੈ। ਵੱਡੇ-ਵੱਡੇ ਫ਼ਿਲਮਸਾਜ਼ਾਂ ਨੂੰ ਇਲਮ ਹੋ ਗਿਆ ਹੈ ਕਿ ਅਸਲ ਵਿਚ ਫ਼ਿਲ਼ਮ ਨਹੀਂ, ਚੰਗੀ ਕਹਾਣੀ ਹੀ ਚੱਲਦੀ ਹੈ। ਬਹੁਤ ਚਿਰ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਫ਼ਿਲਮ ਨਿਰਦੇਸ਼ਕ ਵਧੀਆ ਹੋਵੇ ਤਾਂ ਉਹ ਮਾੜੀ ਕਹਾਣੀ ਵੀ ਚਲਾ ਦਿੰਦਾ ਹੈ, ਪਰ ਇਹ ਗੱਲ ਗ਼ਲਤ ਸਾਬਤ ਹੋ ਚੁੱਕੀ ਹੈ। ਇਹੋ ਵਜ੍ਹਾ ਹੈ ਕਿ ਬਹੁਤ ਸਾਰੇ ‘ਵੱਡੇ ਨਿਰਦੇਸ਼ਕ’ ਘਰੀਂ ਬੈਠੇ ਹਨ ਤੇ ਉਹ ਨਵੇਂ ਕਹਾਣੀਕਾਰਾਂ ਨੂੰ ਆਪਣੀਆਂ ਕਹਾਣੀਆਂ ਪਾਉਣ ਦੇ, ਉਨ੍ਹਾਂ ’ਤੇ ਫ਼ਿਲਮਾਂ ਬਣਾਉਣ ਦੇ ਅਤੇ ਨਵੀਆਂ ਗੱਲਾਂ ਬਣਾਉਣ ਦੇ ਮੌਕੇ ਦੇ ਰਹੇ ਹਨ। ਇਸ ਲਈ ਇਹ ਗੱਲ ਸਮਝ ਕੇ ਮਨ ਵਿਚ ਬਹਾਉਣੀ ਬਹੁਤ ਜ਼ਰੂਰੀ ਹੈ ਕਿ ਚੰਗੀ ਕਹਾਣੀ ਤੇ ਉਸ ਦੇ ਆਧਾਰ ’ਤੇ ਚੰਗੇ ਢੰਗ ਨਾਲ ਲਿਖੀ ਤੇ ਨਿਭਾਈ ਪਟਕਥਾ ਹੀ ਫ਼ਿਲਮ ਦੇ ਚੰਗੀ ਹੋਣ ਦੀਆਂ ਜ਼ਾਮਨ ਹਨ। ਸਮਝਣ ਤੇ ਸੰਭਾਲਣ ਵਾਲ਼ੀ ਇਕ ਗੱਲ ਇਹ ਵੀ ਹੈ ਕਿ ਤੁਸੀਂ ਕਿਸੇ ਚੰਗੀ ਪਟਕਥਾ ਤੋਂ ਮਾੜੀ ਫ਼ਿਲਮ ਕਦੇ ਵੀ ਬਣਾ ਸਕਦੇ ਹੋ, ਪਰ  ਕਿਸੇ ਮਾੜੀ ਕਹਾਣੀ ਜਾਂ ਮਾੜੀ ਪਟਕਥਾ ਨਾਲ ਤੁਸੀਂ ਚੰਗੀ ਫ਼ਿਲਮ ਕਦੇ ਵੀ ਨਹੀਂ ਬਣਾ ਸਕਦੇ।
ਚੰਗੀਆਂ ਫ਼ਿਲਮਾਂ ਦਾ ਸਮਾਜ ਉੱਤੇ ਚੰਗਾ ਅਸਰ ਪੈਣ-ਪੁਆਉਣ ਦੀ ਗੱਲ ਕੋਈ ਹੰਢਿਆ ਹੋਇਆ ਫ਼ਿਲਮਸਾਜ਼ ਕਰੇ ਤਾਂ ਇਸ ਗੱਲ ਦਾ ਅਸਰ ਦੁੱਗਣਾ ਹੋਵੇਗਾ। ‘ਬੈਂਡਿਟ ਕੁਈਨ’, ‘ਮਾਸੂਮ’ ਅਤੇ ‘ਅਲਿਜ਼ਬੈੱਥ’ ਵਰਗੀਆਂ ਫ਼ਿਲਮਾਂ ਬਣਾ ਕੇ ਆਪਣੀ ਲਿਆਕਤ ਤੇ ਪ੍ਰਤਿਭਾ ਦੇ ਝੰਡੇ ਗੱਡ ਚੁੱਕੇ ਫ਼ਿਲਮਸਾਜ਼ ਸ਼ੇਖਰ ਕਪੂਰ ਨੇ ਦੋ ਸਾਲ ਪਹਿਲਾਂ ਯਾਨੀ 2009 ਦੀ 20 ਫਰਵਰੀ, 2009 ਨੂੰ ਇਹ ਸੁਆਲ ੳਠਾਇਆ ਸੀ ਕਿ ਕੀ ਸਿਨੇਮਾ ਸਮਾਜਕ ਤਬਦੀਲੀ ਦਾ ਔਜ਼ਾਰ ਹੈ। ਇਸ ਤੋਂ ਪਹਿਲਾਂ ਇਹ ਸੁਆਲ ਕਿਸੇ ਫ਼ਿਲਮਸਾਜ਼ ਨੂੰ ਸੁੱਝਿਆ ਹੀ ਨਾ ਹੋਵੇ, ਇਹ ਗੱਲ ਵੀ ਨਹੀਂ ਹੈ। ਸਿਨੇਮਾ ਦੀ ਸ਼ੁਰੂਆਤ ਤੋਂ ਹੀ ਇਹ ਸੁਆਲ ਵੀ ਪੈਦਾ ਹੋ ਗਿਆ ਸੀ। ਇਸ ਸੁਆਲ ਦਾ ਜੁਆਬ ਦਿੰਦਿਆਂ ਸ਼ੇਖਰ ਕਪੂਰ ਨੇ ਕਿਹਾ, “ਮੇਰਾ ਖ਼ਿਆਲ ਹੈ ਕਿ ਹਰ ਕਲਾ ਸਮਾਜਕ ਤਬਦੀਲੀ ਦਾ ਔਜ਼ਾਰ ਹੋ ਸਕਦੀ ਹੈ। ਸਿਨੇਮਾ ਦੇ ਮਕਬੂਲ ਹੋਣ ਤੋਂ ਪਹਿਲਾਂ ਸ਼ਾਇਰੀ ਹੀ ਜਜ਼ਬਾਤ ਨੂੰ ਟੁੰਬਣ ਦਾ ਸਭ ਤੋਂ ਵੱਡਾ ਔਜ਼ਾਰ ਹੋਇਆ ਕਰਦੀ ਸੀ। ਬਹੁਤ ਸਾਰੀਆਂ ਜੋਸ਼ ਭਰਪੂਰ ਲਿਖਤਾਂ, ਇਨਕਲਾਬਾਂ ਦੀ ਵਜ੍ਹਾ ਬਣੀਆਂ ਹਨ। ਬਹੁਤ ਵਧੀਆ ਕਿਸਮ ਦੀ ਕਲਾ, ਬਗ਼ਾਵਤ ਵਿਚੋਂ, ਦਬਾਅ ਵਿਚੋਂ ਪੈਦਾ ਹੋਈ ਹੈ।...ਰਹੀ ਸਿਨੇਮਾ ਦੀ ਗੱਲ, ਸਿਨੇਮਾ ਸੁਆਲ ਤਾਂ ਕਰ ਸਕਦਾ ਹੈ, ਪਰ ਅਸਰਦਾਰ ਜੁਆਬ ਨਹੀਂ ਦੇ ਸਕਦਾ। ਜੇ ਇਹ ਜੁਆਬ ਵੀ ਦੇਣ ਲੱਗ ਪਿਆ ਤਾਂ ਇਸ ਦੇ ਗੁਸਤਾਖ਼ ਹੋਣ ਦਾ ਖ਼ਦਸ਼ਾ ਹੈ। ਇਸ ਤਰ੍ਹਾਂ ਕਰਨ ਨਾਲ ਇਹ ਇਕਪਾਸੜ ਤੇ ਜਾਮ ਜਿਹਾ ਹੋ ਕੇ ਰਹਿ ਜਾਵੇਗਾ। ਇਸ ਨਾਲ ਸਿਨੇਮਾ, ਸਿਨੇਮਾ ਨਾ ਰਹਿ ਕੇ ਪ੍ਰਾਪੇਗੰਡਾ ਬਣ ਜਾਵੇਗਾ। ਹਾਂ, ਇਹ ਕਿਸੇ ਇਨਕਲਾਬ ਜਾਂ ਤਬਦੀਲੀ ਵੱਲ ਜਾਂਦੇ ਰਾਹ ਵੱਲ ਇਸ਼ਾਰਾ ਕਰ ਸਕਦਾ ਹੈ, ਉਹ ਵੀ ਫ਼ਿਲਮਸਾਜ਼ਾਂ ਦੀ ਜ਼ਮੀਰ ਰਾਹੀਂ ਤੇ ਉਨ੍ਹਾਂ ਵੱਲੋਂ ਕਹਾਣੀ ‘ਸੁਣਾਉਣ’ ਲਈ ਅਪਣਾਈਆਂ ਜਾਂਦੀਆਂ ਨੈਤਿਕ ਸੇਧਾਂ ਰਾਹੀਂ ਹੀ।”
ਫ਼ਿਲਮਾਂ, ਇਨਕਲਾਬ ਲਿਆਉਣ ਦਾ ਬਹੁਤ ਹੀ ਵਧੀਆ ਹਥਿਆਰ ਹਨ ਜਾਂ ਨਹੀਂ, ਇਹ ਦਰਿਆਫ਼ਤ ਕਰਨ ਲਈ ਸਾਨੂੰ ਇਹ ਵੀ ਜਾਨਣਾ ਬਣਦਾ ਹੈ ਕਿ ‘ਅੰਕੁਰ’, ‘ਅਰਥ’, ‘ਖੰਡ੍ਹਰ’, ‘ਪਾਰ’ ਅਤੇ ‘ਗੌਡਮਦਰ’ ਵਰਗੀਆਂ ਫ਼ਿਲਮਾਂ ਵਿਚ ਸਭ ਤੋਂ ਵਧੀਆ ਅਦਾਕਾਰੀ ਕਰਨ ਲਈ ਪੰਜ ਕੌਮੀ ਇਨਾਮਾਂ ਨਾਲ ਸਨਮਾਨੀ ਹੋਈ ਅਦਾਕਾਰਾ ਸ਼ਬਾਨਾ ਆਜ਼ਮੀ ਦੇ ਇਸ ਸਬੰਧ ਵਿਚ ਕੀ ਖ਼ਿਆਲ ਹਨ।
ਸ਼ਬਾਨਾ ਦਾ ਇਹ ਕਹਿਣ ਹੈ, “ਮੈਂ ਕਈ ਵਾਰ ਕਿਹਾ ਹੈ ਕਿ ਕਲਾ, ਸਮਾਜਕ ਤਬਦੀਲੀ ਲਿਆਉਣ ਦਾ ਔਜ਼ਾਰ ਹੈ। ਇਸ ਦੇ ਨਾਲ ਹੀ ਮੈਂ ਇਹ ਵੀ ਕਹਿੰਦੀ ਰਹੀ ਹਾਂ ਕਿ ਜੇ ਸਿਨੇਮਾ ਰਾਹੀਂ ਕੋਈ ਸਿਆਸੀ ਜਾਂ ਸਮਾਜਕ ਤਬਦੀਲੀ ਆਵੇਗੀ ਤਾਂ ਉਹ ‘ਸਮਾਨੰਤਰ ਸਿਨੇਮਾ’ ਰਾਹੀਂ ਨਹੀਂ, ਸਗੋਂ ‘ਮੁੱਖਦਾਰਾ ਦੇ ਸਿਨੇਮਾ’ ਰਾਹੀਂ ਹੀ ਆਵੇਗੀ। ਸਿਨੇਮਾ ਵਿਚ ਸਮਾਜਕ ਤਬਦੀਲੀ ਲਿਆਉਣ ਦੀ ਪੂਰੀ ਸਮਰੱਥਾ ਹੈ, ਪਰ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਇਹ ਤਬਦੀਲੀ, ਕਲਾਤਮਕ ਸਿਨੇਮਾ ਨਾਲ ਹੀ ਆਉਣੀ ਹੈ ਤਾਂ ਤੁਸੀਂ ਕਿਸੇ ਅੰਨ੍ਹੇ ਨੂੰ ਸੀਉਣਾ-ਪ੍ਰੋਣਾ ਸਿਖਾ ਰਹੇ ਹੁੰਦੇ ਹੋ।”
ਆਪਣੇ ਇਸ ਕਥਨ ਦੀ ਹਮਾਇਤ ਵਿਚ ਸ਼ਬਾਨਾ ਆਜ਼ਮੀ ਦਾ ਕਹਿਣ ਹੈ ਕਿ ਮੁੱਖਧਾਰਾ ਦੀਆਂ ਫ਼ਿਲ਼ਮਾਂ ਦੇ ਦਰਸ਼ਕਾਂ ਦੀ ਗਿਣਤੀ ਬਹੁਤ ਵੱਡੀ ਹੈ। ਉਸ ਦਾ ਇਹ ਵੀ ਕਹਿਣ ਹੈ ਕਿ ਮੁੱਖਧਾਰਾ ਦੀਆਂ ਫ਼ਿਲਮਾਂ ਬਣਾਉਣ ਵਾਲ਼ੇ ਵੀ ਹੁਣ ‘ਮੈਂ ਚੁੱਪ ਰਹੂੰਗੀ’ ਵਰਗੀਆਂ ਫ਼ਿਲਮਾਂ ਨਹੀਂ ਬਣਾਉਣੀਆਂ ਚਾਹੁੰਦੇ ਕਿਉਂ ਕਿ ਉਨ੍ਹਾਂ ਦੀ ਸੋਚ ਵਿਚ ਵੀ ਕਾਫੀ ਤਬਦੀਲੀ ਹੋ ਚੁੱਕੀ ਹੈ। ਇਸੇ ਤਰ੍ਹਾਂ ਹੁਣ ‘ਮੈਂ ਤੁਲਸੀ ਤੇਰੇ ਆਗਨ ਕੀ’ ਵੀ ਸ਼ਾਇਦ ਹੀ ਦੁਬਾਰਾ ਬਾਣਾਈ ਜਾਵੇ ਜਦੋਂ ਕਿ ਭਾਰਤੀ ਸਿਨੇਮਾ ਨੇ ਇਕੋ ਹੀ ਸਿਰਲੇਖ ਅਧੀਨ ਤਿੰਨ-ਤਿੰਨ ਫ਼ਿਲਮਾਂ ਵੀ ਬਣਾਈਆਂ ਹੋਈਆਂ ਹਨ।
ਹੁਣ ਵਿਆਹ ਕਰਾਏ ਬਗ਼ੈਰ ਇਕੱਠੇ ਰਹਿਣ, ਪਤੀ ਤੋਂ ਬਗ਼ੈਰ ਹੀ ਔਰਤਾਂ ਵੱਲੋਂ ਬੱਚੇ ਪੈਦਾ ਕਰ ਕੇ ਮਾਵਾਂ ਬਣਨ ਵਰਗੇ ਵਿਸ਼ਿਆਂ ਉੱਤੇ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ ਕਿਉਂ ਕਿ ਸਮਾਜਕ ਮਾਨਤਾਵਾਂ ਵਿਚ ਬਹੁਤ ਤੇਜ਼ੀ ਨਾਲ ਤਬਦੀਲੀ ਹੋ ਰਹੀ ਹੈ। ਕਦੇ ਕਿਸੇ ਕੁੜੀ ਦਾ ਤਲਾਕ ਹੋ ਜਾਣਾ ਬਹੁਤ ਵੱਡੀ ਤੇ ਹੌਲਨਾਕ ਗੱਲ ਸਮਝੀ ਜਾਂਦੀ ਸੀ, ਹੁਣ ਅੱਜ ਤਲਾਕ ਤੇ ਭਲਕੇ ਵਿਆਹ ਹੋ ਜਾਂਦਾ ਹੈ ਤੇ ਤਲਾਕ ਹੋ ਜਾਣਾ ਕੋਈ ਮਿਹਣਾ ਨਹੀਂ ਸਮਝਿਆ ਜਾਂਦਾ।
ਕਈ ਵਾਰੀ ਇਕ ਪੁਰਾਣਾ ਤੇ ਘਸਿਆ ਹੋਇਆ ਸੁਆਲ ਚੇਤੇ ਆ ਜਾਂਦਾ ਹੈ। ਅਖੇ, ਮੁਰਗ਼ੀ ਪਹਿਲਾਂ ਪੈਦਾ ਹੋਈ ਕਿ ਆਂਡਾ? ਇਸੇ ਹੀ ਤਰਜ਼ ’ਤੇ ਇਹ ਪੁੱਛਿਆ  ਜਾ ਸਕਦਾ ਹੈ ਕਿ ਸਮਾਜ ਵਿਚ ਤੇਜ਼ੀ ਨਾਲ ਇਹ ਤਬਦੀਲੀਆਂ ਹੋਣ ਦੀ ਵਜ੍ਹਾ ਸਿਨੇਮਾ ਹੈ ਜਾਂ ਸਿਨੇਮਾ ਲੋਕਾਂ ਵੱਲੋਂ ਸਮਾਜ ਵਿਚ ਕੀਤੀਆਂ ਜਾਂਦੀਆਂ ਇਹ ਤਬਦੀਲੀਆਂ ਹੀ ਪਰਦੇ ਉੱਤੇ ਦਿਖਾਉਂਦਾ ਹੈ। ਇਕ ਸੁਆਲ ਇਹ ਵੀ ਹੈ ਕਿ ਕੀ ਸਿਨੇਮਾ ਵਾਪਰਦੀਆਂ ਘਟਨਾਵਾਂ ਦਾ ਝਲਕਾਰਾ ਹੈ ਜਾਂ ਨਵੀਆਂ ਘਟਨਾਵਾਂ ਵਾਪਰਨ ਲਈ ਰਾਹ ਪੱਧਰਾ ਕਰਨ ਵਾਲ਼ਾ ਹਰਕਾਰਾ ਹੈ। ਇਹ ਸਾਰੇ ਸੁਆਲ ਬਹੁਤ ਹੀ ਬਾਰੀਕ ਤੰਦਾਂ ਜ਼ਰੀਏ  ਇਕ-ਦੂਜੇ ਨਾਲ ਜੁੜੇ ਹੋਏ ਹਨ।
ਭਾਵੇਂ ਸ਼ੇਖਰ ਕਪੂਰ ਬਹੁਤ ਸਾਰੀਆਂ ਲਿਖਤਾਂ ਨੂੰ ਇਨਕਲਾਬਾਂ ਦੀ ਵਜ੍ਹਾ ਮੰਨਦਾ ਹੈ, ਪਰ ਸਾਰੀਆਂ ਲਿਖਤਾਂ ਇਨਕਲਾਬਾਂ ਦੀ ਵਜ੍ਹਾ ਨਹੀਂ ਬਣ ਸਕਦੀਆਂ। ਸਾਰੀਆਂ ਕਹਾਣੀਆਂ ਸਮਾਜਕ ਤਬਦੀਲੀ ਦਾ ਔਜ਼ਾਰ ਨਹੀਂ ਬਣ ਸਕਦੀਆਂ। ਇਸੇ ਤਰ੍ਹਾਂ ਕੁੱਝ ਕਹਾਣੀਆਂ ’ਤੇ ਬਣੀਆਂ ਫ਼ਿਲਮਾਂ ਇਨਕਲਾਬ ਜਾਂ ਸਮਾਜਕ ਤਬਦੀਲੀ ਦੇ ਨੇੜਿਓਂ ਵੀ ਲੰਘਦੀਆਂ ਨਹੀਂ ਦਿਸਦੀਆਂ। ਸਮਾਜਕ ਤਬਦੀਲੀ ਲਿਆਉਣ ਦੀ ਲੋੜ, ਜਨਤਾ ਵੱਲੋਂ ਮਹਿਸੂਸ ਕੀਤੀ ਜਾਂਦੀ ਹੈ ਤੇ ਸਿਨੇਮਾ ਤਾਂ ਸਮਾਜਕ ਤਬਦੀਲੀ ਦੀ ਉਸ ਲੋੜ ਬਾਰੇ ਝਲਕਾਰਾ ਜਿਹਾ ਹੀ ਦੇ ਸਕਦਾ ਹੈ। ਸਿਨੇਮਾ ਨੂੰ ਵੀ ਸਾਹਿੱਤ ਵਾਂਗ, ਕਿਸੇ ਵਿਚਾਰ ਨੂੰ ‘ਬਹੁਤ ਹੀ ਗੁੱਝੇ ਤੇ ਮਹੀਨ ਅੰਦਾਜ਼ ਵਿਚ’ ਇਕ ਖ਼ਾਸ ਦਿਸ਼ਾ ਵੱਲ ਅੱਗੇ ਵਧਾਉਣ ਲਈ ਹੀ ਵਰਤਿਆ ਜਾ ਸਕਦਾ ਹੈ। ਸਿਨੇਮਾ ਰਾਹੀਂ ਕੋਈ ਖ਼ਾਸ ਨੁਕਤਾ ਜਾਂ ਵਿਚਾਰ ਅੱਗੇ ਵਧਾਏ ਜਾਣ ਦਾ ਅਸਰ ਵੀ ਤਦ ਹੀ ਹੋ ਸਕੇਗਾ, ਜੇ ਜਨਤਾ ਉਸ ਵਿਚਾਰ ਜਾਂ ਨੁਕਤੇ ਨੂੰ ਹਾਸਲ ਕਰ ਕੇ ਲੜ ਬੰਨ ਕੇ, ਸਮਾਜਕ ਤਬਦੀਲੀ ਦੀ ਦਿਸ਼ਾ ਵੱਲ ਹੋਰ ਅੱਗੇ ਤੋਰਨ ਦੇ ਰਉਂ ਵਿਚ ਹੋਵੇਗੀ।
ਮਿਸਾਲ ਦੇ ਤੌਰ ’ਤੇ ਭਾਰਤੀ ਫ਼ਿਲਮ ਸਨਅਤ ਨੇ ਚਾਲ਼ੀਵਿਆਂ ਤੇ ਪੰਜਾਹਵਿਆਂ ਵਿਚ ‘ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ’ (ਇਪਟਾ) ਦਾ ਅਸਰ ਕਬੂਲਿਆ ਸੀ ਤੇ ਦਰਸ਼ਕਾਂ ਨੇ ਅਜ਼ਾਦੀ ਮਿਲਣ ਤੋਂ ਬਾਅਦ ਦੇ ਮਾਹੌਲ ਵਿਚ ਇਹੋ ਜਿਹੇ ਅਸਰ ਵਾਲੀਆਂ ਫ਼ਿਲਮਾਂ ਦਾ ਅਸਰ ਕਬੂਲਿਆ ਸੀ। ਪਰ ਜੇ ਅੱਜ ‘ਦੋ ਬੀਘਾ ਜ਼ਮੀਨ’, ‘ਰਾਹੀ’ ਜਾਂ  ‘ਸ਼੍ਰੀ 420’ ਵਰਗੀਆਂ ਫ਼ਿਲਮਾਂ ਬਣਾਈਆਂ ਜਾਣ ਤਾਂ ਦਰਸ਼ਕ ਸ਼ਾਇਦ ਉਨ੍ਹਾਂ ਨੂੰ ਮੁਫ਼ਤ ਵੀ ਦੇਖਣ ਨਾ ਆਉਣ ਕਿਉਂ ਕਿ ਹੁਣ ਲੋਕਾਂ ਨੂੰ ਇਨ੍ਹਾਂ ਫ਼ਿਲਮਾਂ ਰਾਹੀਂ ਦਿੱਤਾ ਗਿਆ ਸੁਨੇਹਾ ਭਾਉਂਦਾ ਨਹੀਂ।
ਸਿਨੇਮਾ ਦਾ ਤਾਂ ਕੀ, ਹਰ ਕਲਾ ਦਾ ਅਸਰ ਬਹੁਤ ਮਹੀਨ ਹੁੰਦਾ ਹੈ। ਕੋਈ ਵੀ ਕਲਾ, ਮੁੱਠਾਂ ਮੀਚ-ਮੀਚ, ਬਾਹਾਂ ਉਲਾਰ-ਉਲਾਰ ਨਾਅਰੇ ਨਹੀਂ ਲਾਉਂਦੀ। ਸਿਨੇਮਾ ਵੀ ਸਮਾਜਕ ਤਬਦੀਲੀ ਜਾਂ ਇਨਕਲਾਬ ਲਿਆਉਣ ਲਈ ਲੋਕਾਂ ਦੇ ਮਨਾਂ ਵਿਚ ਇਕ ਜੋਤ ਜਿਹੀ ਹੀ ਜਗਾ ਸਕਦਾ ਹੈ, ਇਕ ਇੱਛਾ ਹੀ ਪੈਦਾ ਕਰ ਸਕਦਾ ਹੈ, ਇਨਕਲਾਬ ਲਿਆ ਨਹੀਂ ਸਕਦਾ, ਤਬਦੀਲੀ ਕਰ ਨਹੀਂ ਸਕਦਾ। ਓਦਾਂ ਵੀ ਹਰ ਫ਼ਿਲਮ, ਵਧੀਆ ਕਲਾ ਦਾ ਨਮੂਨਾ ਨਹੀਂ ਹੁੰਦੀ ਤੇ ਹਰ ਦਰਸ਼ਕ ਦੀਆਂ ਅੱਖਾਂ ਵਿਚ ਹੁਸਨ ਨਹੀਂ ਹੁੰਦਾ।#
-----------
*ਨਵਾਂ ਜ਼ਮਾਨਾ, ਜੱਗ-ਬਾਣੀ ਅਤੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਰੂਮਜ਼ ਵਿਚ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਖ਼ਬਰਾਂ ਤੇ ਫੀਚਰਾਂ ਦਾ ਸੰਪਾਦਨ ਕਰਨ ਅਤੇ ਅੱਧੀ ਕੁ ਦਰਜਨ ਫੀਚਰ ਫ਼ਿਲਮਾਂ ਦੀਆਂ ਪਟਕਥਾਵਾਂ ਲਿਖਣ ਮਗਰੋਂ ਬਾਬਾ ਇਨਕਲਾਬ ਸਿੰਘ ਨਾਂ ਹੇਠ ਨਿਰਮਾਣ ਅਧੀਨ ਫ਼ਿਲਮ ਦਾ ਨਿਰਦੇਸ਼ਕ।