ਫ਼ਿਲਮਾਂ ਵਾਂਗ ਹੁਣ ਨਾਟਕ ਵੀ ਨੀਲਾ ਹੋਣ ਲੱਗਿਆ
<><><><><><><><><><><><><>
'ਕੈਨੇਡਾ ਦਾ ਜਲੰੰਧਰ ਜਾਂ ਲੁਧਿਆਣਾ' ਸਮਝੇ ਜਾਂਦੇ ਸ਼ਹਿਰ ਸਰੀ ਵਿਚ, ਪਿਛਲੇ ਕੁੱਝ ਅਰਸੇ ਤੋਂ ਇਕ ਨਾਟਕ ਨੇ ਇੰਨੀਆਂ ਧੁੰਮਾਂ ਪਾਈਆਂ ਹੋਈਆਂ ਹਨ ਕਿ 'ਤੁਹਾਨੂੰ ਕਿਹੜਾ ਰੰਗ ਪਸੰਦ ਹੈ' ਸਿਰਲੇਖ ਵਾਲ਼ੇ ਇਸ ਨਾਟਕ ਦਾ ਦੂਜਾ ਸ਼ੋਅ, ਮਹੀਨੇ ਦੇ ਅੰਦਰ-ਅੰਦਰ ਹੀ ਕਰਾਉਣਾ ਪੈ ਗਿਆ। 'ਵਿਆਹ-ਜਿਨਸੀਆਤ-ਨੈਤਿਕਤਾ' ਦੇ ਸਬੰਧ ਵਿਚ ਕਈ ਆਲੋਚਨਾਤਮਕ ਨੁਕਤੇ ਉਠਾਉਂਦੇ ਇਸ ਨਾਟਕ ਦੇ ਹੋਰ ਸ਼ੋਅ ਦਿਖਾਏ ਜਾਣ ਦੀਆਂ ਮੰਗਾਂ, ਹੁਣ ਹੋਰ ਸ਼ਹਿਰਾਂ ਤੋਂ ਵੀ ਆਉਂਦੀਆਂ ਦੱਸੀਆਂ ਜਾਂਦੀਆਂ ਹਨ। ਕੈਨੇਡਾ ਦੇ ਪੰਜਾਬੀ ਲੋਕ, ਇਸ ਨਾਟਕ ਦੀ ਚਰਚਾ ਤਾਂ ਕਰਨ ਲੱਗ ਹੀ ਪਏ ਹਨ, ਪਰ ਇਹ ਲੇਖ ਇਸ ਨਾਟਕ ਨਾਲ਼ ਜੁੜੇ ਹੋਏ ਕਈ ਉਨ੍ਹਾਂ ਪਹਿਲੂਆਂ ਬਾਰੇ ਚਰਚਾ ਕਰਨ ਲਈ ਲਿਖਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਇਸ ਨਾਟਕ ਦੇ ਲੇਖਕ ਅਤੇ ਪੇਸ਼ਕਾਰਾਂ ਨੇ ਨਜ਼ਰਅੰਦਾਜ਼ ਕੀਤਾ ਹੋਇਆ ਹੈ।
ਕਿਸੇ ਕਲਾ-ਕਿਰਤ ਦੇ ਮਸ਼ਹੂਰ ਜਾਂ ਬਦਨਾਮ ਹੋਣ ਸਾਰ, ਕਲਾ ਦੀਆਂ ਬਾਰੀਕੀਆਂ ਤੋਂ ਅਣਜਾਣ ਲੋਕ, ਜਿਨ੍ਹਾਂ ਦੀ ਗਿਣਤੀ ਆਮ ਤੌਰ 'ਤੇ ਬਾਰੀਕਬੀਨਾਂ ਨਾਲ਼ੋਂ ਜ਼ਿਆਦਾ ਹੁੰਦੀ ਹੈ, ਉਸ ਕਲਾ-ਕਿਰਤ ਦੀਆਂ ਬਾਰੀਕੀਆਂ ਜਾਣੇ-ਸਮਝੇ ਬਗ਼ੈਰ ਹੀ ਉਸ ਦੀ ਮਸ਼ਹੂਰੀ ਜਾਂ ਬਦਨਾਮੀ ਨੂੰ ਪਤਾ ਨਹੀਂ ਕਿੰਨੇ-ਕਿੰਨੇ ਚੰਨ ਲਾਉਣ ਲਈ ਟੁੱਟ ਕੇ ਪੈ ਜਾਂਦੇ ਹਨ। 'ਸਸਤੀ ਸ਼ੁਹਰਤ' ਇਸੇ ਨੂੰ ਹੀ ਕਿਹਾ ਜਾਂਦਾ ਹੈ। ਸਿਆਣੇ ਲੋਕਾਂ ਦੀਆਂ ਹੇੜ੍ਹਾਂ ਜਾਂ ਵੱਗ ਨਹੀਂ ਹੁੰਦੇ, ਜਿਸ ਕਰ ਕੇ ਕਿਸੇ ਕਾਣੀ-ਕਸੂਤੀ ਸ਼ੈਅ ਨੂੰ ਵੀ ਸ਼ੁਹਰਤ ਦੇ ਅੰਬਰੀਂ ਚੜ੍ਹਾ ਦੇਣਾ ਔਸਤਨ ਸੂਝ ਵਾਲ਼ੇ ਲੋਕਾਂ ਦਾ ਹੀ ਕੰਮ ਹੈ। ਜਿਹੜੇ ਲੋਕ ਕਦੇ, ਅਮਰ ਸਿੰਘ 'ਚਮਕੀਲੇ' ਦੇ 'ਫੈਨ' ਹੁੰਦੇ ਸਨ, ਹੁਣ ਉਨ੍ਹਾਂ ਵਿਚੋਂ ਬਹੁਤ ਸਾਰੇ, 'ਸੁਰਜੀਤ ਪਾਤਰ ਦੇ ਸ਼ੋਆਂ' ਵਿਚ ਨੋਟ ਵਰ੍ਹਾਉਂਦੇ ਦੇਖੇ ਜਾ ਸਕਦੇ ਹਨ। ਕੈਨੇਡਾ ਵਿਚ ਤਾਂ ਏਦਾਂ ਹੀ ਹੈ।
ਇਹ ਨਾਟਕ ਕਿਤਾਬੀ ਰੂਪ ਵਿਚ ਵੀ ਮਿਲਦਾ ਹੈ। ਸਾਨੂੰ ਇਸ ਦੇ ਲੇਖਕ ਵੱਲੋਂ, ਜਾਣ-ਬੁੱਝ ਕੇ ਜਾਂ ਸਹਿਵਨ ਹੀ ਕੀਤੀਆਂ ਉਕਾਈਆਂ ਦੀ ਗੱਲ ਵੀ ਕਰਨੀ ਬਣਦੀ ਹੈ। ਇਸ ਨਾਟਕ ਦਾ ਸ਼ੋਅ ਦੇਖ ਕੇ ਅਸੀਂ ਇਸ ਨਾਟਕ ਦਾ ਕਿਤਾਬੀ ਰੂਪ ਹਾਸਲ ਕੀਤਾ ਤਾਂ ਕਿ ਨਾਟਕਕਾਰ ਦੀ ਲਿਖਤ ਅਤੇ ਪੇਸ਼ਕਾਰੀ ਦੀ ਆਪਸੀ ਤੁਲਨਾ ਕਰਨ ਦੇ ਨਾਲ਼ ਹੀ ਇਹ ਵੀ ਦੇਖਿਆ ਜਾ ਸਕੇ ਕਿ ਇਨ੍ਹਾਂ ਦੋਹਾਂ ਧਿਰਾਂ ਨੇ ਇਕ-ਦੂਜੀ ਦੇ ਕੰਮ ਨੂੰ ਕਿੰਨਾ ਕੁ ਗੌਲ਼ਿਆ, ਸਮਝਿਆ, ਲਿਸ਼ਕਾਇਆ ਜਾਂ ਮਧੋਲ਼ਿਆ ਹੈ। ਸਾਨੂੰ ਇੱਥੇ, ਇਸ ਨਾਟਕ ਦੇ ਕਥਾਸਾਰ ਦਾ ਜ਼ਿਕਰ ਵੀ ਕਰਨਾ ਹੀ ਪਏਗਾ।
ਇਸ ਨਾਟਕ ਵਿਚ, ਕਿਸੇ ਕੰਪਨੀ ਦਾ ਕੋਈ ਪ੍ਰਾਜੈਕਟ ਪਾਸ ਕਰਨ ਆਇਆ, 'ਡੀ ਕੇ' ਨਾਂ ਦਾ ਇਕ ਅਫ਼ਸਰ, ਉਸ ਕੰਪਨੀ ਦੇ ਮਾਲਕਾਂ ਦੀ ਮੇਜ਼ਬਾਨੀ ਵਿਚ, ਆਪਣੇ ਇਸ 'ਟੂਅਰ' ਦੀ ਆਖ਼ਰੀ ਰਾਤ ਕਿਸੇ ਹੋਟਲ ਦੇ ਕਮਰੇ ਵਿਚ ਗੁਜ਼ਾਰ ਰਿਹਾ ਹੈ। ਨਾਟਕ ਦੇ ਪਾਤਰ ਚਾਰ ਕੁ ਹੀ ਹਨ, ਜਿਵੇਂ 'ਡੀ ਕੇ', ਸੋਢੀ ਦੀ ਕੰਪਨੀ ਦਾ ਮੁਲਾਜ਼ਮ 'ਨੌਜਵਾਨ' {ਜਿਸ ਨੂੰ ਨਾਟਕਕਾਰ, ਇਸ ਨਾਟਕ ਦੇ ਦੂਜੇ ਹੀ ਪੰਨੇ ਉੱਤੇ 'ਯੁਵਕ' ਲਿਖਣ ਲੱਗ ਪਿਆ ਹੈ}, 'ਵੇਟਰ' ਅਤੇ 'ਅਜਨਬੀ'। ਓਦਾਂ ਇਸ ਨਾਟਕ ਵਿਚ, ਅਮੂਰਤ ਰੂਪ ਵਿਚ ਤਿੰਨ ਔਰਤਾਂ ਵੀ ਹਨ, ਜਿਨ੍ਹਾਂ ਵਿਚੋਂ ਇਕ, 'ਡੀ ਕੇ' ਦੀ ਪਤਨੀ ਹੈ। ਦੂਜੀ, ਕੰਪਨੀ ਦੇ ਮਾਲਕ ਸੋਢੀ ਵੱਲੋਂ, 'ਡੀ ਕੇ' ਦੀ 'ਟਹਿਲ-ਸੇਵਾ' ਕਰਨ ਲਈ ਭੇਜੀ ਜਾਣ ਵਾਲ਼ੀ ਮੁਲਾਜ਼ਮ ਹੁੰਦੀ ਹੈ ਤੇ ਤੀਜੀ ਵੇਟਰ ਦੀ ਪਤਨੀ ਹੈ। ਇਹ ਤਿੰਨੇ ਹੀ ਔਰਤਾਂ ਨਾਟਕ ਦੌਰਾਨ ਮੰਚ ਉੱਤੇ ਨਹੀਂ ਆਉਂਦੀਆਂ, ਪਰ ਇਨ੍ਹਾਂ ਦਾ 'ਭਰਵਾਂ ਜ਼ਿਕਰ' ਇਸ ਨਾਟਕ ਨੂੰ ਜਾਮਾ ਦਿੰਦਾ ਹੈ।
ਸ਼ੁਰੂ ਵਿਚ ਹੀ ਸੋਢੀ ਦੀ ਕੰਪਨੀ ਦਾ ਇਕ ਮੁਲਾਜ਼ਮ (ਨੌਜੁਆਨ), ਪੈਕਿਟ ਦੇ ਰੂਪ ਵਿਚ ਇਕ ਰਕਮ 'ਡੀ ਕੇ' ਨੂੰ ਦੇਣ ਆਉਂਦਾ, ਇਹ ਦੱਸਦਾ ਕਿ ਕੁੱਝ ਸਮੇਂ ਤਕ ਇਕ ਔਰਤ ਉਸ ਦੀ 'ਟਹਿਲ-ਸੇਵਾ' ਕਰਨ ਲਈ ਆਵੇਗੀ, ਜੋ ਕੰਪਨੀ ਦੇ ਮਾਲਕ ਸੋਢੀ ਨੇ ਉਸ ਦੀ ਕੰਪਨੀ ਦਾ ਪ੍ਰਾਜੈਕਟ ਪਾਸ ਕਰਨ ਦੇ ਬਦਲੇ ਉਸ ਦਾ 'ਸ਼ੁਕਰੀਆ ਅਦਾ' ਕਰਨ ਲਈ ਭੇਜੀ ਜਾ ਰਹੀ ਹੈ। ਸ਼ੁਰੂ ਤੋਂ ਹੀ 'ਡੀ ਕੇ' ਸ਼ਰਾਬ ਪੀਣ ਲੱਗਦਾ ਹੈ ਤੇ ਜਦੋਂ ਕੰਪਨੀ ਦਾ ਮੁਲਾਜ਼ਮ ਅਤੇ ਵੇਟਰ ਦੋਵੇਂ ਹੀ ਕਮਰੇ ਵਿਚੋਂ ਚਲੇ ਜਾਂਦੇ ਹਨ ਤਾਂ 'ਅਜਨਬੀ', ਜੋ ਇਕ ਤਰ੍ਹਾਂ ਨਾਲ਼, 'ਡੀ ਕੇ' ਦੇ 'ਮਨ ਦਾ ਅਕਸ' ਹੀ ਹੈ, ਕਮਰੇ ਵਿਚ ਦਾਖ਼ਲ ਹੁੰਦਾ ਹੈ। ਉਨ੍ਹਾਂ ਦੋਹਾਂ ਦੀਆਂ ਗੱਲਾਂ ਵਿਚੋਂ 'ਡੀ ਕੇ' ਅਤੇ ਉਸ ਦੀ ਪਤਨੀ ਦੇ ਕਿਰਦਾਰ ਉੱਘੜਦੇ ਹਨ। 'ਡੀ ਕੇ' ਦੇ ਕਹਿਣ ਅਨੁਸਾਰ, ਉਸ ਦੀ ਪਤਨੀ ਬਦਚਲਣ ਹੈ ਤੇ ਉਨ੍ਹਾਂ ਦੇ ਬੱਚੇ ਦੀ ਸ਼ਕਲ, ਬਾਪ ਦੀ ਸ਼ਕਲ ਦੀ ਥਾਂ, ਉਸ ਦੀ ਪਤਨੀ ਦੇ ਕਿਸੇ ਵਾਕਫ਼ ਦੀ ਸ਼ਕਲ ਨਾਲ਼ ਮਿਲਦੀ ਹੈ। ਸ਼ਰਾਬ ਪੀਂਦਿਆਂ, ਉਸ ਨੂੰ ਆਪਣੇ ਬੱਚੇ ਦੇ 'ਹਰਾਮਦਾ' ਹੋਣ ਦੀ ਗੱਲ ਬਹੁਤ ਰੜਕਦੀ ਰਹਿੰਦੀ ਹੈ। ਉਹ ਇਹ ਰੜਕ, ਮੁਫ਼ਤ ਦੀ ਸ਼ਰਾਬ ਪੀ ਕੇ, ਓਪਰੀ ਔਰਤ ਦਾ ਸਾਥ ਹੰਢਾਉਣ ਦੇ ਖ਼ਿਆਲ ਅਤੇ 'ਨਜਾਇਜ਼ ਕਮਾਈ' ਨਾਲ਼ ਮਿਟਾਉਣੀ ਚਾਹੁੰਦਾ ਹੈ,ਪਰ ਉਸ ਦਾ ਮਨ (ਅਜਨਬੀ) ਉਸ ਨੂੰ ਇੱਧਰੋਂ ਮੋੜਨ ਦੇ ਹੀਲੇ ਕਰਦਾ ਹੈ।
ਉਨ੍ਹਾਂ ਦੋਹਾਂ ਦੀ ਬਹਿਸ, ਇਕ ਸਮੇਂ, ਸ਼ਰਾਬ ਦੇ ਨਸ਼ੇ ਦੇ ਅਸਰ ਹੇਠ 'ਡੀ ਕੇ' ਵੱਲੋਂ ਕੀਤੀ ਜਾਂਦੀ, ਉਸ 'ਤਕਰੀਰ' ਨਾਲ਼ ਨਾਟਕ ਦਾ ਸਿਖ਼ਰ ਸਿਰਜਦੀ ਹੈ, ਜੋ ਨਾਟਕਕਾਰ ਦੀ ਵਿਸ਼ੇਸ਼ ਜੁਗਤ ਅਧੀਨ 'ਅਜਨਬੀ' ਨੂੰ ਚੁੱਪ ਕਰਾ ਦੇਣ ਨਾਲ਼, ਵਿਆਹ ਵਰਗੇ 'ਪਾਕ-ਪਵਿੱਤਰ' ਬੰਨ੍ਹਣ ਨੂੰ 'ਵੇਲ਼ਾ ਵਿਹਾ ਚੁੱਕਾ' ਤੇ 'ਵਾਧੂ ਰਿਵਾਜ' ਕਰਾਰ ਦਿੰਦੀ ਹੈ। ਇਸ ਤਕਰੀਰ ਵਿਚੋਂ ਕੁੱਝ ਅੰਸ਼ ਇਸ ਤਰ੍ਹਾਂ ਹਨ:
"ਆਖ਼ਿਰ ਖ਼ਾਸ ਗੱਲ ਹੀ ਕੀ ਹੈ ਇਹ! ਇਕ ਔਰਤ ਆ ਰਹੀ ਹੈ ਇਸ ਕਮਰੇ ਵਿਚ, ਇਕ ਮਰਦ ਨੂੰ ਮਿਲਨ... ਸਿਰਫ਼ ਡੇਢ ਸੰਟੈਂਸ ਦੀ ਘਟਨਾ ਹੈ ਇਹ ਤੇ ਪੂਰੇ ਡੇਢ ਘੰਟੇ ਦੀ ਬਹਿਸ ਹੋ ਚੁੱਕੀ ਹੈ ਇਸ ਡੇਢ ਸੰਟੈਂਸ ਉਪਰ। ਤੇ ਗੱਲ ਹਾਲਾਂ ਵੀ ਉੱਥੇ ਹੀ ਖੜੀ ਹੈ ਕਿ ਕੀ ਉਸ ਔਰਤ ਨੂੰ ਆਉਣਾ ਚਾਹੀਦਾ ਹੈ ਜਾਂ ਨਹੀਂ। ਹੁਣ ਮੈਂ ਤੈਨੂੰ ਸਵਾਲ ਕਰਦਾ ਹਾਂ, ਕੀ ਫ਼ਰਕ ਪੈ ਜਾਵੇਗਾ ਜੇ ਉਹ ਆ ਜਾਏਗੀ ਤਾਂ! ਪਹਿਲੀ ਵਾਰ ਹੋ ਰਿਹੈ ਇਹ ਦੁਨੀਆ ਤੇ ਕਿ ਇਕ ਔਰਤ ਚੋਰੀ ਛੁਪੇ ਇੱਕ ਮਰਦ ਦੀ ਲੋੜ ਪੂਰੀ ਕਰਨ ਆ ਰਹੀ ਹੈ? ਕਿਹੜੀ ਦੁਨੀਆਂ, ਕਿਹੜਾ ਯੁੱਗ, ਕਿਹੜਾ ਇਤਿਹਾਸ, ਕਿਹੜਾ ਸਮਾਜ ਮੁਕਤ ਹੈ ਅਜਿਹੀਆਂ ਕਹਾਣੀਆਂ ਤੋਂ। ਮੇਰੇ ਤੇ ਹੀ ਕਿਉਂ... ਮੇਰੇ ਤੇ ਹੀ ਕਿਉਂ ਭਾਰ ਪਾ ਰਿਹੈਂ ਤੂੰ ਦੁਨੀਆਂ ਦੀ ਸਾਰੀ ਨੈਤਿਕਤਾ ਦਾ! ਮੈਂ ਕੋਈ ਦੇਵਤਾ ਨਹੀਂ ਹਾਂ। ਸਧਾਰਨ ਇਨਸਾਨ ਹਾਂ। ਲੋਕਾਂ ਤੇ ਇੱਛਾਵਾਂ ਦਾ ਮਾਰਿਆ ਇੱਕ ਸਧਾਰਨ ਇਨਸਾਨ... ਭੁੱਖ ਲਗਦੀ ਹੈ ਤਾਂ ਖਾਣਾ ਖਾਣ ਦੌੜਦਾ ਹਾਂ, ਭਾਵੇਂ ਉਹ ਘਰੋਂ ਮਿਲੇ ਤੇ ਭਾਵੇਂ ਹੋਟਲ ਵਿਚੋਂ ... ਹੁਣ ਭੁੱਖ ਦੇ ਹੇਠਾਂ ਦੀ ਭੁੱਖ ਲੱਗੀ ਹੋਈ, ਘਰ ਦੂਰ ਹੈ ਤੇ ਜੇ ਹੋਟਲ ਵਿਚੋਂ ਉਹ ਭੁੱਖ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾਂ ਤਾਂ ਕੀ ਅਨੈਤਿਕ ਹੈ ਇਸ ਵਿਚ!"
ਸ਼ਰਾਬ ਪੀਈ ਜਾਂਦੇ 'ਡੀ ਕੇ' ਦੇ ਮੂੰਹੋਂ ਇਹ ਸੰਵਾਦ ਬੋਲੇ ਜਾਣ ਦੌਰਾਨ ਅਤੇ ਮਗਰੋਂ ਵੀ 'ਅਜਨਬੀ' ਇਸ ਦਾ ਕੋਈ ਜੁਆਬ ਨਹੀਂ ਦਿੰਦਾ ਕਿਉਂ ਕਿ ਉਸ ਨੂੰ ਨਾਟਕਕਾਰ ਨੇ ਕਿਸੇ ਖ਼ਾਸ ਵਿਉਂਤ ਅਧੀਨ ਚੁੱਪ ਕਰਾਇਆ ਹੋਇਆ ਹੈ। 'ਡੀ ਕੇ' ਵੱਲੋਂ 'ਅਜਨਬੀ' ਨੂੰ ਚੁੱਪ ਕਰਾਉਣ 'ਤੇ ਮਨ ਦੇ ਕਪਾਟ ਖੋਲ੍ਹਣ ਵਾਲ਼ੀਆਂ ਗੱਲਾਂ ਕਰਨ ਵਾਲ਼ਾ 'ਅਜਨਬੀ' ਚੁੱਪ ਰਹਿੰਦਾ ਹੈ।
ਫਿਰ ਇਕ ਮੌਕੇ ਉੱਤੇ 'ਡੀ ਕੇ' ਉਸ ਨੂੰ ਝੰਜੋੜ ਕੇ ਇਹ ਵੀ ਕਹਿੰਦਾ ਹੈ, "ਤੂੰ ਪੁੱਛਦੈਂ ਕਿ ਜੇ ਬੰਦਾ ਬਿਨਾਂ ਵਿਆਹ ਆਪਣੀਆਂ ਜਿਸਮਾਨੀ ਲੋੜਾਂ ਪੂਰੀਆਂ ਕਰਨ ਲੱਗ ਪਿਆ ਤਾਂ ਜਾਨਵਰ ਤੇ ਇਨਸਾਨ ਵਿਚ ਕੀ ਫ਼ਰਕ ਰਹਿ ਜਾਏਗਾ। ਪਰ ਮੈਂ ਪੁੱਛਦਾਂ ਕਿ ਕਿਉਂ ਨਾ ਬੰਦਾ ਜਾਨਵਰ ਹੀ ਬਣ ਜਾਵੇ! ਜਾਨਵਰ ਆਰ ਬੈਟਰ। ਉਨ੍ਹਾਂ ਦਾ ਵਿਆਹ ਨਹੀਂ ਹੁੰਦਾ ਤੇ ਤੁੰ ਦੇਖ! ਉਹ ਕਦੇ ਰੇਪ ਨਹੀਂ ਕਰਦੇ। ਕਦੇ ਦੁਰਾਚਾਰ ਨਹੀਂ ਕਰਦੇ। ਕਦੇ ਕਿਸੇ ਜਾਨਵਰ ਨੂੰ ਚਾਰੇ ਖਾਤਿਰ ਜਿਸਮ ਨਹੀਂ ਵੇਚਣਾ ਪੈਂਦਾ। ਜੇ ਤੂੰ ਇਸ ਸਾਰੀ ਦੁਨੀਆਂ ਨੂੰ ਅਨੈਤਿਕ ਹੋਣ ਤੋਂ ਬਚਾ ਲੈਣਾ ਚਾਹੁੰਨਾ ਹੈਂ ਤਾਂ ਕਹਿ ਇਨ੍ਹਾਂ ਨੂੰ ਕਹਿ ਕਿ ਇਹ ਫਟਾਫਟ ਜਾਨਵਰ ਬਣ ਜਾਣ... ਜਾਨਵਰ। ਹੋਰ ਕੋਈ ਤਰੀਕਾ ਨਹੀਂ ਇਸ ਦੁਨੀਆਂ ਦੇ ਨੈਤਿਕ ਹੋਣ ਦਾ।"
ਜਦੋਂ ਸ਼ਰਾਬ ਦੇ ਨਸ਼ੇ ਵਿਚ 'ਡੀ ਕੇ' ਉਹ ਸਾਰਾ 'ਬਕਵਾਸ' ਕਰ ਜਾਂਦਾ ਹੈ, ਜੋ ਨਾਟਕਕਾਰ ਨੇ ਉਸ ਤੋਂ ਕਰਾਉਣ ਲਈ ਉਸ ਨੂੰ ਘੜਿਆ ਹੁੰਦਾ ਹੈ ਤਾਂ ਅਚਾਨਕ ਹੀ ਉਹ, 'ਅਜਨਬੀ' ਨੂੰ ਪੁੱਛਦਾ ਹੈ, "...ਕੀ ਵੈਲਿਊ ਹੈ ਇਨ੍ਹਾਂ ਬਹਾਨਿਆਂ ਦੀ... ਬੋਲ...?
ਖ਼ਬਰੇ ਨਾਟਕਕਾਰ ਨੇ ਮੁੱਖ ਪਾਤਰ ਦੇ ਇਸ ਸੰਵਾਦ ਵਿਚ, 'ਅਜਨਬੀ' ਲਈ ਕਿਹੜਾ ਟਾਨਿਕ ਪਾਇਆ ਕਿ ਉਹ ਇਕ ਦਮ ਬੋਲ ਪੈਂਦਾ ਹੈ, "ਤੂੰ ਮੈਨੂੰ ਬੋਲਨ ਲਈ ਮਨ੍ਹਾ ਕੀਤਾ ਹੋਇਆ ਹੈ।"
'ਅਜਨਬੀ' ਨੂੰ ਨਾਟਕਕਾਰ ਨੇ 'ਡੀ ਕੇ' ਦੇ ਮਨ ਦੇ ਕਿਰਦਾਰ ਵਜੋਂ ਦਰਸਾਇਆ ਹੈ। ਉਸ ਨੇ 'ਡੀ ਕੇ' ਦਾ ਕਿਰਦਾਰ ਸਿਰਜਦਿਆਂ ਉਸ ਵਿਚ ਬਹੁਤ ਵੱਡਾ ਨੁਕਸ ਛੱਡਿਆ ਹੈ ਤੇ ਉਹ ਦੇ 'ਡੀ. ਐੱਨ. ਏ.' ਵਿਚ ਵੀ ਇਹ ਦੋਸ਼ ਰੱਖਿਆ ਹੈ ਕਿ ਉਹ ਸਾਰੇ ਨਾਟਕ ਦੌਰਾਨ ਸ਼ਰਾਬ ਪੀਈ ਜਾਂਦਾ ਹੈ, ਜਿਸ ਦਾ ਉਸ ਉੱਤੇ ਤਾਂ ਅਸਰ ਦਿਸਦਾ ਹੈ, ਪਰ ਉਸ ਦੇ ਮਨ ਯਾਨੀ 'ਅਜਨਬੀ' ਦੇ ਕਿਰਦਾਰ ਉੱਤੇ ਕੋਈ ਅਸਰ ਨਹੀਂ ਦਿਸਦਾ। ਸ਼ਰਾਬ ਪੀਣ ਦੇ ਸਬੰਧ ਵਿਚ ਇਹੋ ਜਿਹਾ ਕੌਤਕ ਇਸ ਨਾਟਕ ਵਿਚ ਹੀ ਦਿਸਦਾ ਹੈ।
ਨਾਟਕ ਵਿਚ ਤਿੰਨ ਔਰਤਾਂ ਦਾ ਅਮੂਰਤ ਹਵਾਲਾ ਹੈ। ਇਨ੍ਹਾਂ ਵਿਚ 'ਡੀ ਕੇ' ਦੀ ਪਤਨੀ, ਇਕ ਵੇਟਰ ਦੀ ਪਤਨੀ ਅਤੇ 'ਡੀ ਕੇ' ਦੀ ਸੇਵਾ ਲਈ 'ਖ਼ਾਸ ਤੌਰ 'ਤੇ ਨੀਲੀ ਸਾੜ੍ਹੀ ਲਾ ਕੇ' ਆਉਣ ਲਈ ਤਿਆਰ ਬੈਠੀ ਰਹਿ ਜਾਂਦੀ ਔਰਤ ਸ਼ਾਮਲ ਹਨ। ਮੁੱਖ ਤੌਰ 'ਤੇ ਇਹ ਤਿੰਨੇ ਹੀ ਔਰਤਾਂ, ਲੇਖਕ ਨੇ ਪੂਰਾ ਜ਼ੋਰ ਲਾ ਕੇ ਬਦਚਲਣਾਂ ਦੱਸੀਆਂ ਹਨ, ਜੋ ਸਮੁੱਚੀ ਇਸਤਰੀ ਜਾਤੀ ਨਾਲ਼ ਧੱਕਾ ਹੈ ਕਿਉਂ ਕਿ ਇਨ੍ਹਾਂ ਤੇਹਾਂ ਔਰਤਾਂ ਨੂੰ ਸਾਰੇ ਨਾਟਕ ਵਿਚ ਆਪਣਾ ਪੱਖ ਪੇਸ਼ ਕਰਨ ਦਾ ਕੋਈ ਮੌਕਾ ਵੀ ਨਹੀਂ ਦਿੱਤਾ ਗਿਆ ਅਤੇ ਲੋੜ ਵੀ ਨਹੀਂ ਸਮਝੀ ਗਈ।
ਨਾਟਕਕਾਰ ਨੇ ਪਤਾ ਨਹੀਂ ਕਿਸ ਮਜਬੂਰੀ ਤਹਿਤ, ਇਕ ਸ਼ਰਾਬੀ ਵੱਲੋਂ ਕੀਤਾ ਹੋਇਆ ਬਕਵਾਸ, ਵਿਆਹ ਜਿਹੀ 'ਵਿਉਂਤਬੱਧ ਰਸਮ' ਦੇ ਖ਼ਿਲਾਫ਼ 'ਨਵੇਂ ਯੁੱਗ ਦੇ ਨਵੇਂ ਤੇ ਬਦਲਵੇਂ ਸਿਧਾਂਤ' ਵਜੋਂ ਪ੍ਰੋਸ ਦਿੱਤਾ ਹੈ। ਲੇਖਕ ਦਾ ਵਿਚਾਰ ਹੈ ਕਿ ਜਾਨਵਰ 'ਰੇਪ' ਯਾਨੀ ਬਲਾਤਕਾਰ ਨਹੀਂ ਕਰਦੇ ਜਦੋਂ ਕਿ ਇਹ ਹਕੀਕਤ ਹੈ ਕਿ ਉਹ, ਬਲਾਤਕਾਰ ਹੀ ਕਰਦੇ ਹਨ। ਜੇ ਇਸ ਸਬੰਧ ਵਿਚ ਕਿਸੇ ਸਬੂਤ ਦੀ ਲੋੜ ਹੋਵੇ ਤਾਂ ਕੁੱਕੜਾਂ ਦੇ ਕਿਸੇ ਵੀ ਖੁੱਡੇ ਵੱਲ ਨਜ਼ਰ ਮਾਰੀ ਜਾ ਸਕਦੀ ਹੈ। ਸਾਹਿਤ ਦੇ ਸਮੀਖਿਅਕਾਂ ਨੂੰ ਬੇਨਤੀ ਹੈ ਕਿ ਕਿਤਾਬ ਦੇ ਰੂਪ ਵਿਚ ਮਿਲਦਾ ਇਹ ਨਾਟਕ 'ਤੁਹਾਨੂੰ ਕਿਹੜਾ ਰੰਗ ਪਸੰਦ ਹੈ!' ਜ਼ਰੂਰ ਪੜ੍ਹ ਲੈਣ ਤੇ ਆਪਣੀ ਬੁੱਧੀ ਵਧਾ ਲੈਣ ਕਿਉਂ ਕਿ ਹੁਣ ਨਾਟਕ ਵੀ ਫ਼ਿਲਮਾਂ ਵਾਂਗ 'ਬਲੂ' ਯਾਨੀ 'ਨੀਲਾ' ਹੋ ਗਿਆ ਹੈ।#
