ਕੁਆਰਾਪਨ ਹਾਲੇ ਵੀ ਬਹੁਤੇ ਭਾਰਤੀਆਂ ਨੂੰ ਪਸੰਦ,
ਪਰ ਗੰਦੀ ਫ਼ਿਲਮ ਬਣਾਉਣੋਂ ਇਨਕਾਰ
<><><><><><><><><><><><><>
{'ਇੰਡੀਆ ਟੁਡੇ' ਵੱਲੋਂ ਇਸ ਸਾਲ ਵੀ ਕੀਤਾ ਗਿਆ 'ਗੁੱਝੀਆਂ ਗੱਲਾਂ' ਦਾ 'ਖੁੱਲ੍ਹਾ ਸਰਵੇਖਣ'}
------------------------------------------------------------------
ਹਰ ਸਾਲ 'ਇੰਡੀਆ ਟੁਡੇ' ਵੱਲੋਂ ਭਾਰਤੀਆਂ ਵੱਲੋਂ ਆਮ ਤੌਰ 'ਤੇ 'ਲੁਕਾ ਕੇ ਰੱਖੀਆਂ ਜਾਂਦੀਆਂ ਗੱਲਾਂ' ਬਾਰੇ ਇਕ 'ਖੁੱਲ੍ਹਾ ਸਰਵੇਖਣ' ਕੀਤਾ ਜਾਂਦਾ ਹੈ। ਇਸ ਸਾਲ (2019) ਕੀਤੇ ਗਏ ਇਸ ਤਰ੍ਹਾਂ ਦੇ ਸਰਵੇਖਣ ਵਿਚ, ਪਿਛਲੇ ਸਾਲਾਂ ਦੌਰਾਨ ਕੀਤੇ ਗਏ ਖੁਲਾਸਿਆਂ ਨਾਲ਼ੋਂ ਕਈ ਖੁਲਾਸੇ ਮੂਲ਼ੋਂ ਹੀ ਵੱਖਰੇ ਹਨ। ਇਸ ਤਰ੍ਹਾਂ, ਇਨ੍ਹਾਂ ਸਰਵੇਖਣਾਂ ਵਿਚ ਹਰ ਸਾਲ ਤਾਜ਼ਗ਼ੀ ਦਾ ਰੰਗ ਵੱਖਰਾ ਹੁੰਦਾ ਹੈ। ਇਸ ਸਾਲ ਦੇ ਸਰਵੇਖਣ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਦਸ ਗੱਲਾਂ ਵੱਖਰੀਆਂ ਹੀ ਸਾਹਮਣੇ ਆਈਆਂ ਹਨ। ਪਹਿਲੀ ਨਵੰਬਰ ਨੂੰ ਨਸ਼ਰ ਕਰ ਕੇ 4 ਨਵੰਬਰ ਨੂੰ ਹੋਰ ਨਿਖ਼ਾਰੇ ਗਏ ਇਸ ਸਰਵੇਖਣ ਵਿਚ ਕੁੱਝ ਲਿਹਾਜ਼ਾਂ ਤੋਂ ਭਾਰਤੀਆਂ ਨੇ ਕਈ ਗੁੱਝੀਆਂ ਗੱਲਾਂ ਤੋਂ ਦੂਰੀ ਬਣਾਈ ਰੱਖੀ ਅਤੇ ਕਈ ਜਿਨਸੀ ਮਾਮਲਿਆਂ ਵਿਚ ਬਹੁਤ ਖੁੱਲ੍ਹੀਆਂ ਰੈਲ਼੍ਹਾਂ ਵਗਲ਼ੀਆਂ ਹਨ।
ਕੁੱਝ ਸੱਜਣ ਕਹਿਣਗੇ ਕਿ ਭਾਰਤੀਆਂ ਦੇ ਜਿਨਸੀ ਰੁਝਾਨਾਂ ਦੇ ਸਬੰਧ ਵਿਚ 'ਇੰਡੀਆ ਟੁਡੇ' ਨੇ ਅੰਗਰੇਜ਼ੀ ਵਿਚ ਸਰਵੇਖਣ ਕਰ ਲਿਆ, ਪਰ ਉਸ ਦਾ, ਕੈਨੇਡਾ ਦੇ ਇਸ ਪੰਜਾਬੀ ਹਫ਼ਤਾਵਾਰੀ ਅਖ਼ਬਾਰ ਨਾਲ਼ ਕੀ ਲੈਣ-ਦੇਣ ਹੋਇਆ। ਇਸ ਦਾ ਇਕ ਜੁਆਬ ਤਾਂ ਇਹ ਹੈ ਕਿ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਦੇ ਨਾਲ਼-ਨਾਲ਼, ਕੈਨੇਡਾ-ਅਮਰੀਕਾ ਵਿਚ ਵੀ ਇਕ ਪੰਜਾਬ ਵਸਦਾ ਹੈ, ਜਿਸ ਨੂੰ 'ਚੜ੍ਹਦੇ-ਲਹਿੰਦੇ' ਪੰਜਾਬਾਂ ਦੀ ਤਰਜ਼ ਉੱਤੇ 'ਦੋਹਾਂ ਨਾਲ਼ ਖਹਿੰਦਾ' ਪੰਜਾਬ ਕਿਹਾ ਜਾ ਸਕਦਾ ਹੈ। ਇਸ ਪੰਜਾਬ ਵਿਚ ਇਹੋ ਜਿਹੇ ਲੋਕਾਂ ਦਾ ਘਾਟਾ ਨਹੀਂ ਜਿਹੜੇ ਇਕ-ਅੱਧਾ ਸਾਹ ਲੈਣਾ ਭਾਵੇਂ ਭੁੱਲ ਜਾਣ, ਪਰ ਉਹ ਆਪਣੇ ਪੰਜਾਬ ਦੀ ਖ਼ੈਰ-ਸੁੱਖ ਚਾਹੁਣੀ ਕਦੇ ਨਹੀਂ ਭੁੱਲਦੇ। ਇਹ ਤਾਂ ਸੀ ਇਕ ਗੱਲ! ਦੂਜੀ, ਪਰ ਅਹਿਮੀਅਤ ਵਿਚ ਪਹਿਲੀ ਵਰਗੀ ਹੀ ਗੱਲ ਇਹ ਹੈ ਕਿ ਆਧੁਨਿਕ ਯੁੱਗ ਵਿਚ ਦਾਖ਼ਲ ਹੋ ਕੇ ਵੀ ਅਸੀਂ ਤਿੰਨ ਪੰਜਾਬਾਂ ਵਾਲ਼ੇ ਇਹੋ ਸਮਝੀ ਜਾਂਦੇ ਹਾਂ ਕਿ ਜਿਨਸੀ ਸਬੰਧਾਂ ਦੀ ਗੱਲ ਕਰਨਾ ਬਹੁਤ ਬੇਸ਼ਰਮੀ ਵਾਲ਼ੀ ਗੱਲ ਹੈ ਜਾਂ ਇਹ ਗੱਲ ਸਿਰਫ਼ ਅੰਗਰੇਜ਼ੀ ਜਾਂ ਹੋਰ ਬੋਲੀਆਂ ਵਿਚ ਹੀ ਕੀਤੀ ਜਾ ਸਕਦੀ ਹੈ, ਪੰਜਾਬੀ ਵਿਚ ਇਹ ਗੱਲ ਕਰਨੀ ਬਾਹਲ਼ੀ ਹੀ ਔਖੀ ਹੈ। ਮੈਂ, ਇਹ ਮਗਰਲਾ ਭਰਮ ਕੱਢਣ ਲਈ ਹੀ 'ਇੰਡੀਆ ਟੁਡੇ' ਦਾ ਇਹ ਸਰਵੇਖਣ ਹਰ ਸਾਲ, ਉਸ ਤੋਂ ਹੱਥ-ਆਧਾਰ ਲੈ ਕੇ, ਇਸ ਨੂੰ ਗਰਮੁਖੀ ਭਾਸ਼ਾ ਵਿਚ ਗੁਰਮੁਖੀ ਦੇ ਪਾਠਕਾਂ ਅੱਗੇ ਪ੍ਰੋਸਣ ਦਾ ਹੀਲਾ ਕਰਦਾ ਰਹਿੰਦਾ ਹਾਂ ਤਾਂ ਕਿ ਪੰਜਾਬੀ ਨੂੰ ਕਾਣੀ, ਹੀਣੀ ਜਾਂ ਲੰਗੜੀ-ਲੂਲੀ ਨਾ ਸਮਝਿਆ ਜਾਵੇ।
ਹੁਣ ਮੁੜਦੇ ਹਾਂ ਆਪਣੇ ਅਸਲੀ ਮੁੱਦੇ ਵੱਲ। ਇਸ ਸਾਲ਼ ਯਾਅਨੀ 2019 ਵਿਚ ਕੀਤੇ ਗਏ ਇਸ ਸਰਵੇਖਣ ਵਿਚ ਸ਼ਾਮਲ 60 ਫੀ ਸਦੀ ਲੋਕਾਂ ਨੇ ਇਹ ਕਿਹਾ ਹੈ ਕਿ ਉਨ੍ਹਾਂ ਦੀ ਜਿਨਸੀ ਜ਼ਿੰਦਗੀ ਬਹੁਤ ਹੀ ਤਸੱਲੀ ਬਖ਼ਸ਼ ਹੈ ਜਦੋਂ ਕਿ 31 ਫੀ ਸਦੀ ਲੋਕਾਂ ਨੇ ਕਿਹਾ ਹੈ ਕਿ ਉਹ ਜਿਨਸੀ ਸੁੱਖ ਭੋਗਣ ਦੌਰਾਨ ਅੱਖਾਂ ਉੱਤੇ ਪੱਟੀਆਂ ਬੰਨ੍ਹਣ ਵਰਗੇ ਕਈ ਹੋਰ ਤਜਰਬੇ ਕਰ-ਕਰ ਦੇਖਦੇ ਰਹਿੰਦੇ ਹਨ। ਜਿਨਸੀ ਸਰਗਰਮੀਆਂ ਦੇ ਸਬੰਧ ਵਿਚ ਦਕੀਆਨੂਸੀ ਸੋਚ ਦਾ ਤਿਆਗ ਕਰਦਿਆਂ ਇਸ ਖੇਤਰ ਨੂੰ ਹੋਰ ਖੁੱਲ੍ਹ-ਡੁੱਲ਼੍ਹਾ ਕਰਨ ਦੇ ਚਾਹਵਾਨਾਂ, ਜਿਨ੍ਹਾਂ ਦੀ ਗਿਣਤੀ, ਇਸ ਸਰਵੇਖਣ ਵਿਚ ਹਿੱਸਾ ਲੈਣ ਵਾਲ਼ੇ ਲੋਕਾਂ ਦੇ 75 ਫੀ ਸਦੀ ਹਿੱਸੇ ਤੋਂ ਕੁੱਝ ਵੱਧ ਹੀ ਹੈ, ਦਾ ਕਹਿਣ ਹੈ ਕਿ ਉਹ ਕਦੇ-ਕਦੇ ਜਾਂ ਫਿਰ ਅਕਸਰ ਹੀ 'ਨੰਗੇਜ ਭਰਪੂਰ ਸਾਜ਼ੋ-ਸਾਮਾਨ' ਦੇਖ-ਚਾਖ ਲੈਂਦੇ ਹਨ ਤੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨਾ ਚੰਗਾ ਲੱਗਦਾ ਹੈ। ਮਰਦਾਂ ਵਿਚੋਂ 85 ਫੀ ਸਦੀ ਨੇ ਇਸ ਤਰ੍ਹਾਂ ਦਾ ਹੁੰਗਾਰਾ ਭਰਿਆ। ਇਸ ਸਰਵੇਖਣ ਵਿਚ ਸ਼ਾਮਲ ਲੋਕਾਂ ਦੀ ਵੱਡੀ ਗਿਣਤੀ ਨੇ ਇਕਸੁਰ ਹੋ ਕੇ ਕਿਹਾ ਕਿ ਉਹ, ਜਿਨਸੀ ਸੁੱਖ ਭੋਗਣ ਦੌਰਾਨ ਕਿਸੇ ਵੱਲੋਂ ਉਨ੍ਹਾਂ ਦੀ ਤਸਵੀਰ ਖਿੱਚੀ ਜਾਣ ਜਾਂ ਉਨ੍ਹਾਂ ਦਾ ਫ਼ਿਲਮਾਂਕਣ ਕੀਤੇ ਜਾਣ ਦੇ ਸਖ਼ਤ ਖ਼ਿਲਾਫ਼ ਹਨ। ਉਨ੍ਹਾਂ ਨੇ ਤਾਂ ਇਸ ਤਰ੍ਹਾਂ ਦੇ ਮੌਕੇ, 'ਸੈਲਫੀ' ਖਿੱਚਣ ਜਾਂ ਆਪ ਹੀ ਵਿਡੀਓ ਬਣਾਉਣ ਦਾ ਵੀ ਸਖ਼ਤ ਵਿਰੋਧ ਕੀਤਾ ਹੈ।
ਜਿਨਸੀ ਮਨੋਰੰਜਨ ਕਰਨ ਦੌਰਾਨ, ਖਿਡਾਉਣਿਆਂ ਦੀ ਵਰਤੋਂ ਕਰਨ ਦੀ ਹਮਾਇਤ ਕਰਨ ਵਾਲ਼ੇ ਭਾਰਤੀ ਮਸਾਂ ੩੩ ਫੀ ਸਦੀ ਸਨ ਜਦੋਂ ਕਿ ਆਪਣੇ ਭਾਵੀ ਜੀਵਨ ਸਾਥੀ ਦੇ ਕੁਆਰਾ ਹੋਣ ਦੀ ਇੱਛਾ ਰੱਖਣ ਵਾਲਿਆਂ ਦੀ ਗਿਣਤੀ ਅੱਧ ਤੋਂ ਕਿਤੇ ਵੱਧ ਸੀ। 51 ਫੀ ਸਦੀ ਲੋਕਾਂ ਨੇ ਜਿਸਮ ਅੰਦਰ 'ਆਨੰਦ ਸਥਾਨ' ਯਾਨੀ 'ਜੀ-ਸਪਾਟ' ਦੇ ਸਹੀ ਟਿਕਾਣੇ ਦਾ ਪਤਾ ਹੋਣ ਬਾਰੇ ਵੀ ਹਾਮੀ ਭਰੀ। ਇਹ ਸਰਵੇਖਣ 17ਵਾਂ ਹੈ ਤੇ ਇਸ ਦੇ ਨਤੀਜਿਆਂ ਵੱਲ ਗ਼ੌਰ ਕਰਦਿਆਂ, ਇਕ ਗੱਲ ਬਹੁਤ ਹੀ ਸਪੱਸ਼ਟ ਹੋ ਗਈ ਹੈ ਕਿ ਲੋਕਾਂ ਨੇ ਪਿਛਲੇ ਦਸ ਸਾਲਾਂ ਦੌਰਾਨ, ਇਨ੍ਹਾਂ ਸਰਵੇਖਣਾਂ ਵਿਚ ਜ਼ਾਹਰ ਕੀਤੀਆਂ ਹੋਈਆਂ ਰਾਵਾਂ ਵਿਚ ਵੱਡੇ ਪੱਧਰ ਉੱਤੇ ਅਦਲਾ-ਬਦਲੀ ਵੀ ਕੀਤੀ ਹੈ। ਇਨ੍ਹਾਂ ਅਦਲਾ-ਬਦਲੀਆਂ ਦੀ ਮੁੱਖ ਵਜ੍ਹਾ, ਇਸ ਸਰਵੇਖਣ ਵਿਚ ਸ਼ਾਮਲ ਹੁੰਦੇ ਲੋਕਾਂ ਦੀ ਉਮਰ ਵਡੇਰੀ ਹੋਣਾ ਵੀ ਹੈ। ਕੁੱਝ ਲੋਕ, ਆਪਣੇ ਜਿਨਸੀ ਅਨੁਭਵ ਦੀ ਤੀਬਰਤਾ ਘਟਣ ਦੀ ਵਜ੍ਹਾ ਨਾਲ਼ ਉਸ ਬਾਰੇ ਉਸ ਤੇਜ਼ੀ ਨਾਲ਼ ਗੱਲ ਬਾਤ ਨਹੀਂ ਕਰਦੇ, ਜਿਸ ਨਾਲ਼ ਉਹ ਆਪਣੀ ਚੜ੍ਹਦੀ ਉਮਰੇ ਕਰਿਆ ਕਰਦੇ ਸਨ। ਮਿਸਾਲ ਦੇ ਤੌਰ 'ਤੇ 2003 ਵਿਚ 32 ਫੀ ਸਦੀ ਲੋਕਾਂ ਨੇ ਇਹ ਕਿਹਾ ਸੀ ਕਿ ਉਨ੍ਹਾਂ ਦੇ ਜਿਨਸੀ ਸੁੱਖ ਵਿਚ ਉਤਰਾਅ-ਚੜ੍ਹਾਅ 18 ਅਤੇ 16 ਸਾਲਾਂ ਦੀ ਉਮਰ ਵਿਚਾਲ਼ੇ ਹੋਇਆ ਸੀ ਜਦੋਂ ਕਿ 8 ਫੀ ਸਦੀ ਲੋਕਾਂ ਦਾ ਖ਼ਿਆਲ ਸੀ ਕਿ ਉਨ੍ਹਾਂ ਦੇ ਜਿਨਸੀ ਸੁੱਖ ਵਿਚ ਉਤਰਾਅ-ਚੜ੍ਹਾਅ 18 ਸਾਲ ਦੀ ਉਮਰ ਵਿਚ ਹੋਇਆ ਸੀ। 6 ਫੀ ਸਦੀ ਲੋਕਾਂ ਦਾ ਕਹਿਣ ਸੀ ਕਿ ਉਨ੍ਹਾਂ ਨੇ 27 ਅਤੇ 40 ਸਾਲ਼ਾਂ ਦੀ ਉਮਰ ਵਿਚਾਲ਼ੇ ਜਿਸਮਾਨੀ ਸੁੱਖ ਦਾ ਸਿਖ਼ਰ ਭੋਗ ਲਿਆ ਸੀ। 54 ਫੀ ਸਦੀ ਲੋਕਾਂ ਨੇ ਇਸ ਸਬੰਧ ਵਿਚ ਪੁੱਛੇ ਹੋਏ ਸੁਆਲ ਦਾ ਜੁਆਬ ਨਹੀਂ ਦਿੱਤਾ ਸੀ। 2013 ਵਿਚ 76 ਫੀ ਸਦੀ ਲੋਕਾਂ ਨੇ ਇਹ ਕਿਹਾ ਸੀ ਕਿ ਉਨ੍ਹਾਂ ਨੇ ਪਹਿਲੀ ਵਾਰ ਜਿਨਸੀ ਸੁੱਖ 18 ਅਤੇ 26 ਸਾਲਾਂ ਦੇ ਵਿਚਾਲੜੀ ਉਮਰ ਵਿਚ ਮਾਣਿਆ ਸੀ। 13 ਅਤੇ 11 ਫੀ ਸਦੀ ਲੋਕਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਜ਼ਿੰੰਦਗੀ ਵਿਚ ਇਹ ਪਲ, ਕ੍ਰਮਵਾਰ 18 ਅਤੇ 27 ਸਾਲ ਦੀ ਉਮਰ ਵਿਚ ਆਇਆ ਸੀ। ਇਸ ਸਾਲ ਮਿਲੇ ਹੋਏ ਜੁਆਬ ਇਹ ਦਰਸਾਉਂਦੇ ਹਨ ਕਿ 18 ਸਾਲ ਦੀ ਉਮਰ ਤੋਂ ਪਹਿਲਾਂ ਜਿਨਸੀ ਸੁੱਖ ਮਾਨਣ ਦੇ ਰੁਝਾਨ ਵਿਚ 33 ਫੀ ਸਦੀ ਕਮੀ ਹੋਈ ਹੈ ਅਤੇ 18-26 ਤੇ 27-40 ਦੀਆਂ ਉਮਰਾਂ ਵਿਚ ਪਹਿਲੀ ਵਾਰ ਜਿਸਮਾਨੀ ਸੁੱਖ ਮਾਨਣ ਦਾ ਪੱਲ ਆਉਣ ਦੇ ਰੁਝਾਨ ਵਿਚ ਕ੍ਰਮਵਾਰ ੫੨ ਅਤੇ 14 ਫੀ ਸਦੀ ਕਮੀ ਹੋਈ ਹੈ।
'ਇੰਡੀਆ ਟੁਡੇ' ਵੱਲੋਂ 'ਮਾਰਕਿਟਿੰਗ ਐਂਡ ਡਿਵੈਲਪਮੈਂਟ ਰਿਸਰਚ ਐਸੋਸੀਏਟਸ' ਯਾਨੀ 'ਮਦਰਾ' ਰਾਹੀਂ ਕਰਾਏ ਗਏ ਇਸ ਸਰਵੇਖਣ ਵਿਚ, 2019 ਦੇ 23 ਜਨਵਰੀ ਤੋਂ 20 ਫਰਵਰੀ ਤਕ, 19 ਸ਼ਹਿਰਾਂ ਦੇ 4000 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਅੱਧੋ-ਅੱਧ ਸੀ। ਇਨ੍ਹਾਂ ਲੋਕਾਂ ਦੀ ਉਮਰ ਦੇ ਤਿੰਨ ਗਰੁੱਪ (14-29, 30-49 ਅਤੇ 50-69 ਸਾਲ) ਸਨ। ਇਹ ਸਰਵੇਖਣ ਦੱਸਦਾ ਹੈ ਕਿ ਪਿਛਲੇ 17 ਸਾਲਾਂ ਤੋਂ ਸਰਵੇਖਣਾਂ ਦੇ ਛਾਨਣਿਆਂ ਵਿਚੋਂ ਲੰਘਦਿਆਂ ਭਾਰਤੀ ਲੋਕ, ਘਸੇ ਵੀ ਹਨ ਤੇ ਚਮਕੇ ਵੀ ਹਨ। ਇਨ੍ਹਾਂ ਸਾਲਾਂ ਦੌਰਾਨ, ਜਿਨਸੀ ਸੁੱਖ ਅਤੇ ਮੌਜ-ਮੇਲੇ ਦੇ ਸਬੰਧ ਵਿਚ ਭਾਰਤ ਦੇ ਲੋਕਾਂ ਨੇ ਨੈਤਿਕਤਾ ਦਾ ਕਾਫੀ ਜਾਲ਼ਾ ਲਾਹ ਸੁੱਟਿਆ ਹੈ। ਸੱਜਰੇ ਸਰਵੇਖਣ ਨੇ ਦੱਸਿਆ ਹੈ ਕਿ ਹੁਣ ਭਾਰਤੀ ਲੋਕ ਬਹੁਤਾ ਚਿਰ ਕੁਆਰਾਪਨ ਨਹੀਂ ਚੁੱਕੀ ਫਿਰਦੇ ਰਹਿੰਦੇ ਅਤੇ ਕੁਆਰਾਪਨ ਭੰਗ ਕਰਨ/ ਕਰਾਉਣ ਲਈ 'ਵਿਆਹ ਦਾ ਯੱਭ ਸਹੇੜਨਾ' ਕੋਈ ਜ਼ਰੂਰੀ ਨਹੀਂ ਹੈ।
ਭਾਰਤ ਦਾ ਜਿਨਸੀ ਦ੍ਰਿਸ਼ ਬਦਲ ਗਿਆ ਹੈ ਤੇ ਇਸ ਨੂੰ ਬਦਲਣ ਵਿਚ ਵੱਡਾ ਹੱਥ ਹੀ ਨਹੀਂ, ਸਗੋਂ ਪੂਰਾ ਸਰੀਰ ਹੀ ਇੰਟਰਨੈੱਟ ਦਾ ਹੈ। ਇਸ ਦੇਸ਼ ਵਿਚ ਪਹਿਲੀ ਵਾਰੀ ਜਿਨਸੀ ਖੇਡ ਮਾਨਣ ਲਈ ਮਿੱਥੀ ਹੋਈ, ਉਮਰ ਦੀ ਘੱਟੋ-ਘੱਟ ਹੱਦ, ਇੰਟਰਨੈੱਟ ਦੀ ਮਿਹਰਬਾਨੀ ਨਾਲ਼ ਹੋਰ ਵੀ ਘਟ ਗਈ ਹੈ। ਗੁਹਾਟੀ ਵਿਖੇ, ਇਸ ਸਰਵੇਖਣ ਵਿਚ ਹਿੱਸਾ ਲੈਣ ਵਾਲ਼ੇ 61 ਫੀ ਸਦੀ 'ਲੋਕਾਂ' ਨੇ ਦੱਸਿਆ ਕਿ ਉਹ ਅੱਲੜ੍ਹ ਉਮਰੇ ਹੀ ਜਿਨਸੀ ਖੇਡ, ਖੇਡ ਚੁੱਕੇ ਹਨ। ਇਸ ਸ਼ਹਿਰ ਵਿਚ, ਸਰਵੇਖਣ ਵਿਚ ਸ਼ਾਮਲ ਲੋਕਾਂ ਦੀ ਗਿਣਤੀ ਸਭ ਸ਼ਹਿਰਾਂ ਦੇ ਮੁਕਾਬਲੇ ਵੱਧ ਸੀ।
2003 ਵਿਚ ਕੀਤੇ ਗਏ ਪਹਿਲੇ ਸਰਵੇਖਣ ਵਿਚ ਲੋਕਾਂ ਵੱਲੋਂ ਦਿੱਤੇ ਗਏ ਜੁਆਬ, ਅੱਜ ਵਾਲ਼ੇ ਜੁਆਬਾਂ ਤੋਂ ਕੋਹਾਂ ਪਿੱਛੇ ਸਨ। ਉਦੋਂ 8 ਫੀ ਸਦੀ ਲੋਕਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਪਹਿਲੀ ਵਾਰੀ ਜਿਸਮਾਨੀ ਆਨੰਦ, 18 ਸਾਲਾਂ ਦੇ ਹੋਣ ਤੋਂ ਪਹਿਲਾਂ ਹੀ ਮਾਣ ਲਿਆ ਸੀ। ਇਸ 'ਪ੍ਰਾਪਤੀ' ਦੀ ਵਜ੍ਹਾ ਨਾ ਸਿਰਫ਼ ਇੰਟਰਨੈੱਟ ਤਕ ਰਸਾਈ ਸੀ, ਸਗੋਂ ਕਈ ਕਿਸਮਾਂ ਦੀ ਦਵਾਈ ਵੀ ਸੀ। ਐਤਕੀਂ ਇਸ ਸਰਵੇਖਣ ਦੇ ਸੁਆਲਾਂ ਵਿਚ ਕਈ ਨਵੇਂ ਸੁਆਲ ਵੀ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਵਿਚ ਲੋਕਾਂ ਦੀਆਂ ਕਾਮ ਸਬੰਧੀ ਉਡਾਰੀਆਂ, ਕਾਮ ਸਬੰਧੀ ਬਦਲਦੇ ਵਤੀਰੇ, ਵਿਭਚਾਰ ਪ੍ਰਤੀ ਖੁੱਲ੍ਹ, ਕਾਮ ਉਕਸਾਊ ਦਵਾਈਆਂ ਦੇ ਅਸਰ ਸਬੰਧੀ ਸੁਆਲ ਸ਼ਾਮਲ ਸਨ। 79 ਫੀ ਸਦੀ ਲੋਕ, ਜਿਨ੍ਹਾਂ ਵਿਚੋਂ 85 ਫੀ ਸਦੀ ਮਰਦ ਸਨ ਤੇ 71 ਫੀ ਸਦੀ ਔਰਤਾਂ ਸਨ, ਨੇ ਮੰਨਿਆ ਕਿ ਨਿਯਮਤ ਰੂਪ ਵਿਚ ਜਾਂ ਕਦੇ-ਕਦਾਈਂ ਨੰਗੇਜ ਭਰਪੂਰ ਫ਼ਿਲਮਾਂ ਜਾਂ ਹੋਰ ਸਾਜ਼ੋ-ਸਾਮਾਨ ਦੇਖਦੇ/ ਵਰਤਦੇ ਹਨ। ਇਸ ਤੋਂ ਇਲਾਵਾ, ਨੰਗੇਜ ਭਰਪੂਰ ਸਾਜ਼ੋ-ਸਾਮਾਨ ਦੀ ਵਰਤੋਂ ਕਰਨ ਨੂੰ ਆਪਣੇ ਸਾਥੀ/ ਸਾਥਣ ਨਾਲ਼ ਬੇਵਫ਼ਾਈ ਕਰਨਾ ਨਾ ਸਮਝਣ ਵਾਲ਼ੇ 74 ਫੀ ਸਦੀ ਲੋਕਾਂ ਵਿਚੋਂ 73 ਫੀ ਸਦੀ ਮਰਦ ਅਤੇ 75 ਫੀ ਸਦੀ ਔਰਤਾਂ ਸਨ। ਇਸ ਸਰਵੇਖਣ ਵਿਚ ਹਿੱਸਾ ਲੈਣ ਵਾਲ਼ੇ 48 ਫੀ ਸਦੀ ਲੋਕਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਜਿਨਸੀ ਸੁੱਖ ਖਰੀਦਿਆ ਵੀ ਹੈ ਜਦੋਂ ਕਿ ਇਹ ਸੁੱਖ ਖਰੀਦਣ ਦੀ ਹਾਮੀ ਭਰਨ ਵਾਲੀਆਂ ਔਰਤਾਂ ਮਸਾਂ 3 ਫੀ ਸਦੀ ਹਨ। ਇਸ ਸਭ ਕੁੱਝ ਦੇ ਬਾਵਜੂਦ, 89 ਫੀ ਸਦੀ ਲੋਕਾਂ ਨੇ ਜਿਨਸੀ ਕਾਰਵਾਈ ਕਰਨ ਦੌਰਾਨ ਆਪਣੇ ਵਿਡੀਓ ਫ਼ਿਲਮਾਂਕਣ ਕੀਤੇ ਜਾਣ ਦੇ ਫੁਰਨੇ ਦਾ ਵਿਰੋਧ ਕੀਤਾ ਹੈ ਅਤੇ 74.4 ਫੀ ਸਦੀ ਲੋਕਾਂ ਦਾ ਖ਼ਿਆਲ ਹੈ ਕਿ ਜਿਨਸੀ ਆਨੰਦ ਲਏ ਜਾਣ ਸਮੇਂ ਕੋਈ ਤੀਜਾ ਤੁਹਾਡੇ ਨਾਲ਼ ਨਹੀਂ ਹੋਣਾ ਚਾਹੀਦਾ। 64.4 ਫੀ ਸਦੀ ਲੋਕਾਂ ਦਾ ਕਹਿਣ ਹੈ ਕਿ ਉਨ੍ਹਾਂ ਨੂੰ ਆਪਣੇ ਸਾਥੀ/ ਸਾਥਣ ਨੂੰ ਨਾਲ਼ ਲੈ ਕੇ, ਨੰਗੇਜ ਕਲੱਬ ਜਾਂ 'ਸਵਿੰਗਰ'ਜ਼ ਕਲੱਬ' ਜਾਣ ਵਿਚ ਕੋਈ ਝਿਜਕ ਨਹੀਂ ਹੈ। 57 ਫੀ ਸਦੀ ਲੋਕਾਂ ਦਾ ਕਹਿਣ ਹੈ ਕਿ ਉਹ ਜਿਨਸੀ ਸਰਗਰਮੀਆਂ ਵਿਚ ਤਾਜ਼ਗੀ ਭਰਨ ਲਈ 'ਕਿਸੇ ਹੱਦ ਤਕ' ਵੀ ਜਾ ਸਕਦੇ ਹਨ। ਇਸ ਸਬੰਧ ਵਿਚ ਵੰਨ-ਸੁਵੰਨੀ ਤਜਰਬਾਕਾਰੀ ਵਿਚ 14 ਤੋਂ 29 ਸਾਲ ਦੀ ਉਮਰ ਦੇ ਲੋਕ ਬਹੁਤੀ ਹੀ ਖੁੱਲ੍ਹ-ਦਿਲੀ ਮਾਣਦੇ ਹਨ।
ਜੇ ਇਹੋ ਹਾਲ ਰਿਹਾ ਤਾਂ ਸਾਲ 2020 ਤਾਂ ਇਸ ਸਬੰਧ ਵਿਚ ੨੦ ਨਵੀਆਂ ਖ਼ਬਰਾਂ ਆਉਣ ਦੇ ਆਸਾਰ ਹਨ।#
ਜਿਨਸੀ ਮਾਹੌਲ ਦਰਸਾਉਂਦੇ ਦੋ ਕਾਲਪਨਿਕ ਚਿੱਤਰ
ਸਰਵੇਖਣ ਵਾਲ਼ੇ 'ਇੰਡੀਆ ਟੁਡੇ' ਦਾ ਸਰਵਰਕ


