ਸ਼ਬਦੰਗਲ-141



ਨਿਰੀ 'ਕਾਂ-ਕਾਂ' ਨਹੀਂ ਕਰਦੇ ਇਹ ਕਾਂ, ਇਹ 'ਡੋਰੇ ਵੀ ਪਾਉਂਦੇ' ਨੇ!
<><><><><><><><><><><><><><><>
   ਅਖੇ,'ਜਿਸ ਘਰ ਦੇ ਬਨੇਰੇ ਉੱਤੇ ਕਾਂ ਬੋਲਦਾ ਹੈ, ਉਸ ਵਿਚ ਪ੍ਰਾਹੁਣੇ ਆਉਂਦੇ ਹਨ।' ਪ੍ਰਾਹੁਣੇ ਆਉਂਦੇ ਹਨ ਕਿ ਨਹੀਂ, ਇਹ ਗੱਲ ਹਾਲੇ ਵੀ ਕੀਤੀ ਜਾਂਦੀ ਹੈ ਤੇ ਕਈ ਥਾਂਈਂ ਮੰਨੀ ਵੀ ਜਾਂਦੀ ਹੈ। ਕਹਿੰਦੇ ਇਹ ਵੀ ਹਨ ਕਿ ਵਾਪਰਨ ਵਾਲ਼ੀਆਂ ਚੰਗੀਆਂ-ਮੰਦੀਆਂ ਘਟਨਾਵਾਂ ਦੀ ਬਿੜਕ, ਮਨੁੱਖ ਤੋਂ ਕਿਤੇ ਪਹਿਲਾਂ ਪਖੇਰੂਆਂ ਤੇ ਜਾਨਵਰਾਂ ਨੂੰ ਆ ਜਾਂਦੀ ਹੈ। ਇਸ ਲੇਖ ਵਿਚ ਅਸੀਂ ਜਾਨਵਰਾਂ ਤੇ ਬਾਕੀ ਪਖੇਰੂਆਂ ਨੂੰ ਛੱਡ ਕੇ, ਕਾਂ ਦੀ ਗੱਲ ਹੀ ਕਰਨੀ ਹੈ, ਉਸ ਦੀ ਸਿਆਣਪ ਦੀ ਚਰਚਾ ਹੀ ਕਰਨੀ ਹੈ।
    ਨਿੱਕੇ ਹੁੰਦਿਆਂ, ਘਰ ਵਿਚ ਵਡੇਰਿਆਂ ਤੋਂ ਸੁਣੀਆਂ ਹੋਈਆਂ ਕਾਂ-ਚਿੜੀ ਦੀਆਂ ਬਾਤਾਂ ਵਿਚ ਕਾਂ ਨੂੰ ਬਹੁਤ ਸਿਆਣਾ ਤੇ ਚਲਾਕ ਦੱਸਿਆ ਜਾਂਦਾ ਸੀ। ਇਹ ਲੇਖ ਲਿਖ ਕੇ ਸ਼ਾਇਦ ਅਸੀਂ ਵੀ ਆਪਣੇ ਤੋਂ ਅਗਲੀਆਂ ਪੀੜ੍ਹੀਆਂ ਨੂੰ ਉਹ ਬਾਤਾਂ ਹੀ ਸੁਣਾਉਣ ਦਾ ਹੀਲਾ ਕਰ ਰਹੇ ਹਾਂ ਕਿਉਂ ਕਿ ਹੁਣ ਦੀਆਂ ਨਸਲਾਂ ਨੂੰ ਉਨ੍ਹਾਂ ਦੇ ਮਾਪੇ, ਸਿਆਣਿਆਂ ਦੇ ਢਿੱਡ ਨਾਲ਼ ਲੱਗ, ਲੰਮੇ ਪੈ ਕੇ ਬਾਤਾਂ ਸੁਣਨਾ ਸਿਖਾਉਣਾ ਖ਼ੌਰੇ ਭੁੱਲ ਹੀ ਗਏ ਹਨ। ਸਿਆਣਿਆਂ ਦੇ ਢਿੱਡ ਨਾਲ਼ ਲੱਗ, ਲੰਮੇ ਪੈ ਕੇ ਬਾਤਾਂ ਸੁਣਨ ਵਿਚ ਸਿਆਣਿਆਂ ਦੇ ਢਿੱਡ ਦਾ ਇਹ ਲਾਹਾ ਲੈਣਾ, ਨਵੀਆਂ ਨਸਲਾਂ ਦੇ ਹਿੱਸੇ ਨਹੀਂ ਆਇਆ ਸ਼ਾਇਦ।
   ਗੱਲ ਤਾਂ ਆਪਾਂ ਕਾਂ ਦੀ ਕਰਦੇ ਸੀ। ਪੰਛੀਆਂ-ਪਖੇਰੂਆਂ ਦੀ ਸੂਝ-ਸਿਆਣਪ ਜਾਨਣ ਲਈ ਸਮੇਂ-ਸਮੇਂ ਕਈ ਅਧਿਐਨ ਵੀ ਕੀਤੇ ਜਾਂਦੇ ਰਹੇ ਹਨ, ਜਿਨ੍ਹਾਂ ਦੌਰਾਨ ਇਹ ਪਰਿੰਦੇ ਬਹੁਤ ਹੀ ਹੈਰਾਨ ਕਰਨ ਵਾਲ਼ੇ ਜਲਵੇ ਦਿਖਾਉਂਦੇ ਰਹੇ ਹਨ। ਕਈ ਅਧਿਐਨਾਂ ਵਿਚ ਇਨ੍ਹਾਂ ਪਖੇਰੂਆਂ ਦੀ ਸਿਆਣਪ ਦੀ ਤੁਲਨਾ, ਬੱਚਿਆਂ ਦੀ ਸੂਝ ਨਾਲ਼ ਕੀਤੀ ਜਾਂਦੀ ਰਹੀ ਹੈ। ਅਸੀਂ ਤਾਂ ਕਾਂਵਾਂ ਵੱਲੋਂ ਬੱਚਿਆਂ ਹੱਥੋਂ ਬੁਰਕੀ ਖੋਹ ਕੇ ਲਿਜਾਣ ਨੂੰ ਹੀ ਉਨ੍ਹਾਂ ਦੀ ਵੱਡੀ ਚਤਰਾਈ ਸਮਝਦੇ ਰਹੇ ਹਾਂ, ਪਰ ਇਹ ਪਰਿੰਦੇ ਤਾਂ ਹੋਰ ਵੀ ਕਮਾਲ ਕਰਦੇ ਦੇਖੇ ਗਏ ਹਨ। ਕਾਂਵਾਂ ਦੇ ਮਾਹਰਾਂ ਨਾਲ਼ ਰਾਬਤਾ ਕਰਨ 'ਤੇ ਪਤਾ ਲੱਗਿਆ ਕਿ ਕਈ ਕਾਂ ਤਾਂ ਮਨੁੱਖਾਂ ਵਾਂਗ ਹੀ ਪੜ੍ਹਨ, ਹਿਸਾਬ ਲਾਉਣ ਦੇ ਨਾਲ਼-ਨਾਲ਼ ਪਿਆਰ-ਮੁਹੱਬਤ ਕਰਨ ਜਿਹੇ ਕੰਮ ਵੀ ਕਰ ਜਾਂਦੇ ਹਨ।
   ਆਕਸਫੋਰਡ ਦੇ ਜ਼ੂਆਲੋਜੀ ਯਾਨੀ ਪਸ਼ੂਆਂ ਸਬੰਧੀ ਵਿਭਾਗ ਦੇ, ਜਾਨਵਰਾਂ ਦੇ ਵਤੀਰੇ ਸਬੰਧੀ ਪ੍ਰੋਫੈਸਰ ਅਲੈਕਸ ਕੇਸੇਲਨਿਕ ਨੇ 15 ਸਾਲ, 'ਨਿਊ ਕੈਲੇਡੋਨੀਅਨ' ਨਸਲ ਦੇ ਕਾਂ ਦਾ ਵਤੀਰਾ ਘੋਖਿਆ-ਪਰਖ਼ਿਆ ਹੈ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਇਹ ਕਾਂ, ਔਜ਼ਾਰਾਂ ਦੀ ਵਰਤੋਂ ਕਿੱਦਾਂ ਕਰਦੇ ਹਨ ਤੇ ਉਨ੍ਹਾਂ ਵਿਚ ਆਪਣੇ ਮਸਲੇ ਹੱਲ ਕਰਨ ਦੀ ਕਿੰਨੀ ਯੋਗਤਾ ਹੈ। ਇਸ ਖੋਜੀ ਪ੍ਰੋਫੈਸਰ ਦਾ ਕਹਿਣ ਹੈ, "ਜਾਨਵਰਾਂ ਦੀ ਸਿਆਣਪ ਨੂੰ ਸਮਝਣ ਦਾ ਮੁੱਖ ਸਾਧਨ ਲੱਚਕਤਾ ਹੈ। ਅਸੀਂ ਜਾਨਵਰਾਂ ਵੱਲੋਂ ਉਹ ਕੰਮ, ਜਿਹੜੇ ਉਨ੍ਹਾਂ ਵੱਲੋਂ ਕਰਨੇ ਜ਼ਰੂਰੀ ਨਹੀਂ ਹੁੰਦੇ, ਕਰਨ ਦੀ ਯੋਗਤਾ ਲਈ ਸ਼ਬਦ 'ਇੰਟੈਲੀਜੈਂਟ' (ਚਤਰ) ਹੀ ਵਰਤਦੇ ਹਾਂ।" ਉਨ੍ਹਾਂ ਦਾ ਕਹਿਣ ਹੈ ਕਿ ਕਾਂ (ਅਤੇ ਤੋਤੇ ਵੀ) ਬਦਲਵੀਂ ਸੋਚ ਅਪਣਾਉਣ ਵਿਚ ਮਾਹਰ ਹੁੰਦੇ ਹਨ। ਇਨ੍ਹਾਂ ਦੀਆਂ ਕਈ ਨਸਲਾਂ, ਖਾਧ-ਖੁਰਾਕ ਹਥਿਆਉਣ ਲਈ ਔਜ਼ਾਰਾਂ ਦੀ ਵਰਤੋਂ ਵੀ ਕਰ ਸਕਦੀਆਂ ਹਨ ਤੇ ਉਹ ਖ਼ੁਰਾਕ ਕਿਸੇ ਥਾਂ ਲੁਕਾਉਣ ਤੇ ਬਾਅਦ ਵਿਚ ਲੱਭਣ ਦੇ ਸਬੰਧ ਵਿਚ ਆਪਣੀ ਯਾਦਾਸ਼ਤ ਦੀ ਵਰਤੋਂ ਵੀ ਕਰ ਸਕਦੀਆਂ ਹਨ। ਪ੍ਰੋ. ਕੇਸੇਲਨਿਕ ਦਾ ਇਹ ਵੀ ਕਹਿਣ ਹੈ, "ਤੋਤਿਆਂ ਅਤੇ ਕਾਂਵਾਂ ਨੂੰ ਬਹੁਤ ਸਾਰੇ ਮਸਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜ਼ਰੂਰੀ ਨਹੀਂ ਕਿ ਉਨ੍ਹਾਂ ਮਸਲਿਆਂ ਦਾ ਸਬੰਧ ਕੁਦਰਤ ਨਾਲ਼ ਹੀ ਹੋਵੇ।"
  'ਯੂਨੀਵਰਸਿਟੀ ਆਫ਼ ਵਾਸ਼ਿੰਗਟਨ' ਦੇ 'ਸਕੂਲ ਆਫ਼ ਇਨਵਾਇਰਨਮੈਂਟ ਐਂਡ ਫਾਰੈਸਟ ਸਾਇੰਸਿਜ਼' ਦੀ, ਪੀ-ਐੱਚ. ਡੀ ਦੀ ਵਿਦਿਆਰਥਣ ਕਾਏਲੀ ਸਵਿੱਫਟ, ਜੋ 'ਕੌਰਵਿਡ ਰਿਸਰਚ ਬਲੌਗ' ਦੀ ਲੇਖਕਾ ਵੀ ਹੈ, ਦਾ ਕਹਿਣ ਹੈ, "ਪਰਿੰਦਿਆਂ ਦੀ ਇਕ ਮੁੱਖ 'ਟੂਲਕਿੱਟ' ਯਾਨੀ 'ਔਜ਼ਾਰਾਂ ਦਾ ਬਸਤਾ' ਬਹੁਤ ਹੀ ਪ੍ਰਤੱਖ ਹੁੰਦਾ ਹੈ, ਜੋ ਉਦੋਂ ਹੀ ਦਿਸਦਾ ਹੈ, ਜਦੋਂ ਅਸੀਂ 'ਸਿਆਣਪ ਦੇ ਵਿਕਾਸ' ਸਬੰਧੀ ਸੁਆਲ ਕਰਦੇ ਹਾਂ। ਇਸ ਬਸਤੇ ਵਿਚਲੇ ਔਜ਼ਾਰਾਂ ਵਿਚ ਮੁੱਖ ਤੌਰ 'ਤੇ 'ਸਹਿਜ ਤਰਕ', 'ਲੱਚਕ', 'ਕਲਪਨਾ' ਅਤੇ 'ਸਹੀ ਸੇਧ' ਸ਼ਾਮਲ ਹਨ।"
   ਕਾਂਵਾਂ ਦੇ ਚਤਰ-ਚਲਾਕ ਹੋਣ ਦੀ ਇਕ ਵਜ੍ਹਾ ਇਹ ਹੁੰਦੀ ਹੈ ਕਿ ਉਨ੍ਹਾਂ ਦੇ ਦਿਮਾਗ਼ ਮੁਕਾਬਲਤਨ ਵੱਡੇ ਹੁੰਦੇ ਹਨ। ਕਾਂ ਦੇ ਦਿਮਾਗ਼ ਦਾ ਆਕਾਰ, ਮਨੁੱਖ ਦੇ ਅੰਗੂਠੇ ਦੇ ਆਕਾਰ ਬਰਾਬਰ ਹੁੰਦਾ ਹੈ। ਕਾਏਲੀ ਸਵਿੱਫਟ ਹੀ ਦੱਸਦੀ ਹੈ, "ਕਾਂਵਾਂ ਦਾ 'ਮੱਥਾ' ਵੀ ਬਹੁਤੇ ਪਰਿੰਦਿਆਂ ਦੇ ਮੱਥੇ ਦੇ ਮੁਕਾਬਲੇ ਵੱਡਾ ਹੁੰਦਾ ਹੈ। ਉਨ੍ਹਾਂ ਦੇ ਦਿਮਾਗ਼ਾਂ ਵਿਚ ਬਹੁਤ ਕੁੱਝ ਉਸ ਤਰ੍ਹਾਂ ਦਾ ਹੀ ਹੁੰਦਾ ਹੈ, ਜਿਸ ਤਰ੍ਹਾਂ ਦਾ ਮਨੁੱਖੀ ਦਿਮਾਗ਼ਾਂ ਵਿਚ ਹੁੰਦਾ ਹੈ। ਦੂਜੇ ਪਾਸੇ ਪ੍ਰੋ. ਕੇਸੇਲਨਿਕ ਦਾ ਕਹਿਣ ਹੈ, "ਸਾਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਕਾਂਵਾਂ ਦਾ ਦਿਮਾਗ਼ ਇੰਨਾ ਵੱਡਾ ਕਿਉਂ ਹੁੰਦਾ ਹੈ ਜਾਂ ਉਨ੍ਹਾਂ ਦੇ ਦਿਮਾਗ਼ ਦੇ ਇੰਨੇ ਜ਼ਿਆਦਾ ਵਿਕਾਸ ਲਈ ਕਿਹੜੇ ਹਾਲਾਤ ਜ਼ਿੰਮੇਵਾਰ ਹਨ।"
   ਜੇ ਮੋਟੇ ਤੌਰ 'ਤੇ ਕਾਂਵਾਂ ਦੀ ਤੁਲਨਾ, ਬੱਚਿਆਂ ਨਾਲ਼ ਕੀਤੀ ਜਾਵੇ ਤਾਂ ਇਕ ਸੁਆਲ ਆਢੇ ਆਵੇਗਾ ਕਿ ਕੀ ਕਾਂ, ਬੱਚਿਆਂ ਵਾਂਗ ਪੜ੍ਹ ਵੀ ਸਕਦੇ ਹਨ! ਪ੍ਰੋ. ਕੇਸੇਲਨਿਕ ਦਾ ਕਹਿਣ ਹੈ, "ਤੁਸੀਂ ਕਾਂਵਾਂ ਨੂੰ ਕਈ ਕੁੱਝ ਸਿਖਾ ਸਕਦੇ ਹੋ, ਪਰ ਜੇ ਤੁਸੀਂ ਚਾਹੋ ਕਿ ਉਹ ਪੜ੍ਹਨ ਦੇ ਨਾਲ਼-ਨਾਲ਼, ਸ਼ਬਦਾਂ ਦੇ ਅਰਥ ਵੀ ਸਮਝਣ ਤਾਂ ਅਜਿਹਾ ਅਜੇ ਤਕ ਨਹੀਂ ਹੋਇਆ।" ਸਵਿੱਫਟ ਦਾ ਕਹਿਣ ਹੈ, "ਬਹੁਤ ਹੀ ਸਿਆਣੇ ਕਾਂ, ਚਿੰਨ੍ਹ ਯਾਦ ਰੱਖ ਸਕਦੇ ਹਨ ਅਤੇ ਉਨ੍ਹਾਂ ਨੂੰ ਦੇਖ ਕੇ, ਉਨ੍ਹਾਂ ਸਬੰਧੀ ਵੱਖਰਾ ਜਿਹਾ ਪ੍ਰਤੀਕ੍ਰਮ ਜ਼ਾਹਰ ਕਰ ਸਕਦੇ ਹਨ, ਪਰ ਉਨ੍ਹਾਂ ਲਈ ਬਹੁਤ ਸਾਰੇ ਚਿੰਨ੍ਹਾਂ ਦਾ ਗੁੰਝਲਦਾਰ ਸਮੂਹ, ਜੋ ਮਨੁੱਖਾਂ ਦੀ ਭਾਸ਼ਾ ਸਿਰਜਦਾ ਹੈ, ਸਮਝਣਾ ਔਖਾ ਹੈ।" ਜਿੱਥੋਂ ਤਕ ਜਮ੍ਹਾਂ ਅਤੇ ਘਟਾਉ ਵਰਗੇ ਸਾਧਾਰਣ ਗਣਿਤ (ਹਿਸਾਬ) ਦਾ ਸਬੰਧ ਹੈ, ਕਾਂ ਕਿਸੇ ਹੱਦ ਤਕ ਇਸ ਵਿਚੋਂ ਲੰਘ ਚੁੱਕੇ ਹਨ। ਪ੍ਰੋ. ਕੇਸੇਲਨਿਕ ਦਾ ਕਹਿਣ ਹੈ, "ਅਸੀਂ ਜਾਣਦੇ ਹਾਂ ਕਿ ਆਮ ਤੌਰ 'ਤੇ ਬਹੁਤ ਸਾਰੇ ਜਾਨਵਰਾਂ ਨੂੰ ਆਪਣੇ ਅਸਲ ਜੀਵਨ ਵਿਚ ਅੰਦਰੋਂ ਹੀ, ਹਿਸਾਬੀਆਂ ਜਿਹਿਆਂ ਵਾਂਗ ਵਿਚਰਨਾ ਪੈਂਦਾ ਹੈ।" ਕਾਂਵਾਂ ਸਮੇਤ ਸਾਰੇ ਜਾਨਵਰਾਂ ਨੂੰ ਅਟਸਟੇ ਨਾਲ਼ ਹੀ ਕਿਸੇ ਚੀਜ਼ ਦੀ ਮਿਕਦਾਰ ਦਾ ਅਹਿਸਾਸ ਹੁੰਦਾ ਹੈ ਤੇ ਉਹ ਇਸ ਪੱਖ ਤੋਂ ਪਾਣੀ ਅਤੇ ਖਾਧ-ਖੁਰਾਕ ਦੇ ਪੂਰੇ ਜਾਣੂ ਹੁੰਦੇ ਹਨ। ਕੋਈ ਵੀ ਜਾਨਵਰ, ਇੰਨਾ ਖਾਣਾ ਨਹੀਂ ਖਾਂਦਾ ਤੇ ਇੰਨਾ ਪਾਣੀ ਨਹੀਂ ਪੀਂਦਾ, ਜਿਸ ਨਾਲ਼ ਉਹ ਬਿਮਾਰ ਹੋ ਜਾਵੇ। ਹਾਂ, ਅਜਿਹੇ ਪ੍ਰਮਾਣ ਮਿਲੇ ਹਨ, ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਕਾਂਵਾਂ ਅੰਦਰ ਗਿਣਤੀ ਕਰਨ ਦੀ ਸਮਰੱਥਾ ਹੁੰਦੀ ਹੈ।         ਇਸ ਸਬੰਧ ਵਿਚ ਸਵਿੱਫਟ ਨੇ 1950ਵਿਆਂ ਵਿਚ ਕੀਤੇ ਗਏ ਇਕ ਤਜਰਬੇ ਦਾ ਜ਼ਿਕਰ ਕੀਤਾ, ਜੋ ਇਹ ਦਰਸਾਉਂਦਾ ਹੈ ਕਿ 'ਵੈਸਟਰਨ ਜੈਕਡਾਅਜ਼' ਕਿਸਮ ਦੇ ਕਾਂ, ਖੋਜੀਆਂ ਵੱਲੋਂ ਬਹੁਤ ਸਾਰੇ ਬਕਸਿਆਂ ਵਿਚ ਕਾਂਵਾਂ ਦੇ ਖਾਣ ਲਈ ਲਕੋਈਆਂ ਹੋਈਆਂ, ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਲੱਭਣ ਵਿਚ ਸਫ਼ਲ ਰਹੇ ਸਨ। ਉਨ੍ਹਾਂ ਨੇ ਆਖ਼ਰੀ ਚੀਜ਼ ਵੀ ਲੱਭ ਲੈਣ ਤਕ, ਚੀਜ਼ਾਂ ਦੀ ਭਾਲ਼ ਨਹੀਂ ਛੱਡੀ ਸੀ। ਹੁਣ ਰਿਹਾ, ਕਾਂਵਾਂ ਵੱਲੋਂ ਕਿਸੇ ਉੱਤੇ ਆਸ਼ਕ ਹੋ ਜਾਣ ਦੀ ਜਾਂ ਉਨ੍ਹਾਂ ਦੇ ਮੋਹਖੋਰੇ ਹੋਣ ਦੀ ਭਾਵਨਾ ਦਾ ਨਿਤਾਰਾ। ਇਸ ਸਬੰਧ ਵਿਚ ਪ੍ਰੋ. ਕੇਸੇਲਨਿਕ ਦਾ ਕਹਿਣ ਹੈ, "ਮੈਨੂੰ ਉਨ੍ਹਾਂ ਵੱਲੋਂ ਕਿਸੇ ਉੱਤੇ ਆਸ਼ਕ ਹੋ ਜਾਣ ਬਾਰੇ ਤਾਂ ਕੋਈ ਇਲਮ ਨਹੀਂ, ਪਰ ਉਹ ਕਿਸੇ ਨਾਲ਼ ਜਿਨਸੀ ਸਬੰਧ ਬਣਾ ਸਕਦੇ ਹਨ। ਉਨ੍ਹਾਂ ਦੇ ਇਹ ਸਬੰਧ 'ਗ਼ੈਰਜਿਨਸੀ' ਵੀ ਹੋ ਸਕਦੇ ਹਨ। ਉਨ੍ਹਾਂ ਦੇ ਇਸ ਤਰ੍ਹਾਂ ਦੇ ਰੁਝਾਨ ਨੂੰ 'ਮੋਹਖੋਰੇ ਹੋਣ ਸਬੰਧੀ ਵਤੀਰਾ' ਕਿਹਾ ਜਾ ਸਕਦਾ ਹੈ। ਕਈ ਨਸਲਾਂ ਦੇ ਕਾਂ ਤਾਂ ਇਕੋ ਸਮੇਂ, ਇਕ ਤੋਂ ਵੱਧ (ਮਾਦਾ) ਕਾਂਵਾਂ ਨਾਲ਼ ਸਬੰਧ ਰੱਖ ਸਕਦੇ ਹਨ। ਕਾਏਲੀ ਸਵਿੱਫਟ ਇਹ ਵੀ ਕਹਿੰਦੀ ਹੈ, "ਇਹ ਸਭ ਕੁੱਝ ਦੇਖ-ਚਾਖ ਕੇ ਵੀ ਅਸੀਂ ਇਹ ਨਹੀਂ ਕਹਿੰਦੇ ਜਾਂ ਸ਼ਾਇਦ ਨਹੀਂ ਕਹਿ ਸਕਦੇ ਕਿ ਉਹ ਉਸੇ ਤਰ੍ਹਾਂ ਪਿਆਰ ਪਾਉਂਦੇ ਜਾਂ ਇਸ਼ਕ ਕਰਦੇ ਹਨ, ਜਿੱਦਾਂ ਆਪਾਂ ਸਮਝਦੇ ਹਾਂ।" ਪਤਾ ਲੱਗਿਆ ਹੈ ਕਿ ਕਾਂਵਾਂ ਦੇ ਜੋੜੇ ਵਿਚੋਂ ਕਿਸੇ ਇਕ ਦੇ ਫੱਟੜ ਹੋਣ ਦੇ ਬਾਵਜੂਦ, ਉਹ ਜਿਨਸੀ ਪੱਖ ਤੋਂ ਮੇਲ-ਮਿਲਾਪ ਕਰਨਾ ਨਹੀਂ ਛੱਡਦੇ।
    ਜਦੋਂ, ਕਾਂਵਾਂ ਸਬੰਧੀ ਖੋਜੀਆਂ ਨੂੰ ਇਹ ਪੁੱਛਿਆ ਗਿਆ ਕਿ ਜੇ ਕਾਂਵਾਂ ਨੂੰ ਕਾਰ ਚਲਾਉਣ ਸਬੰਧੀ ਸਹੂਲਤ ਦੇਣ ਲਈ ਕੋਈ ਮਸ਼ੀਨ ਬਣਾ ਦਿੱਤੀ ਜਾਵੇ ਤਾਂ ਉਹ ਕਾਰ ਚਲਾ ਸਕਣਗੇ ਤਾਂ ਸਵਿੱਫਟ ਨੇ ਕਿਹਾ, "ਮੈਂ ਇਸ ਬਾਰੇ ਕੁੱਝ ਨਹੀਂ ਦੱਸ ਸਕਦੀ, ਪਰ ਕੁੱਝ ਇਲਾਕਿਆਂ ਵਿਚ ਕਾਂਵਾਂ ਨੇ ਆਪਣੀ ਇੰਨੀ ਕੁ ਸਿਆਣਪ ਜ਼ਰੂਰ ਦਿਖਾਈ ਹੈ ਕਿ ਉਹ 'ਕਰਾਸਵਾਕ' ਉੱਤੇ ਕਤਾਰ ਬਣਾ ਕੇ ਸੜਕ ਪਾਰ ਕਰਦੇ ਦਿਸੇ। ਉਨ੍ਹਾਂ ਦੀ ਇਹ ਸਿਆਣਪ, ਇਕ ਵਿਡੀਓ ਵਿਚ ਦਰਜ ਹੈ। ਇਸ ਕਾਰਵਾਈ ਦੀ ਡਾਕਟਰੀ ਨਿਰਖ਼-ਪਰਖ਼ ਨਹੀਂ ਕੀਤੀ ਗਈ ਲੱਗਦੀ।"
    ਮਾਹਰਾਂ ਦਾ ਕਹਿਣ ਹੈ ਕਿ ਕੁੱਝ ਮਾਮਲਿਆਂ ਵਿਚ ਕਾਂ, ਬੱਚਿਆਂ ਵਰਗੇ ਚੰਗੇ ਹੋ ਸਕਦੇ ਹਨ, ਪਰ ਬੱਚਿਆਂ ਨਾਲ਼ ਉਨ੍ਹਾਂ ਦੀ ਤੁਲਨਾ ਕਰਨਾ ਸਹੀ ਨਹੀਂ ਹੋਵੇਗਾ। ਕੁੱਝ ਪਰਿੰਦੇ ਕਿਸੇ ਕੰਮ ਲਈ ਚੰਗੇ ਹੁੰਦੇ ਹਨ ਤੇ ਕੁੱਝ ਹੋਰ ਪਰਿੰਦੇ ਕਿਸੇ ਹੋਰ ਕੰਮ ਲਈ। ਕਾਂ ਅਤੇ ਕਬੂਤਰ ਮੂਲ਼ੋਂ ਹੀ ਵੱਖ-ਵੱਖ ਕੰਮ ਕਰਨ ਲਈ ਹੁੰਦੇ ਹਨ। 'ਬੈਟੀ' ਨਾਂ ਦੀ ਇਕ ਮਾਦਾ ਕਾਂ, ਜੋ ਬਹੁਤ ਮਸ਼ਹੂਰ ਹੈ, ਕਈ ਕਮਾਲ ਕਰ ਚੁੱਕੀ ਹੈ। ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦੇਖਿਆ ਕਿ ਇਕ ਦਿਨ, 'ਬੈਟੀ' ਨੇ ਆਪਣੇ ਪਿੰਜਰੇ ਵਿਚ ਪਈ, ਲੋਹੇ ਦੀ ਇਕ ਤਾਰ ਚੁੱਕ ਕੇ, ਨੇੜੇ ਹੀ ਪਈ ਕਿਸੇ ਚੀਜ਼ ਦੀ ਸਹਾਇਤਾ ਨਾਲ਼, ਉਸ ਦਾ ਇਕ ਸਿਰਾ ਮੋੜ ਲਿਆ। ਉਸ ਕੁੰਡੀ ਵਾਲ਼ੀ ਤਾਰ ਰਾਹੀਂ ਉਸ ਨੇ ਪਲਾਸਟਿਕ ਦੀ ਇਕ ਟਿਊਬ ਦੇ ਅੰਦਰੋਂ, ਗੋਸ਼ਤ ਦੀ ਭਰੀ ਹੋਈ ਡੱਬੀ ਕੱਢ ਲਈ। ਉਸ ਵੱਲੋਂ ਉਡਾਈ ਗਈ, ਇਸ ਦਾਅਵਤ ਦੀਆਂ ਖ਼ਬਰਾਂ ਛਪੀਆਂ ਸਨ।
   ਇਸ ਆਧਾਰ 'ਤੇ ਖੋਜ ਕਰਨ ਨਾਲ਼ ਪਤਾ ਲੱਗਿਆ ਕਿ 'ਬੈਟੀ' ਅੰਦਰ ਹੀ ਕੋਈ ਵੱਖਰੀ ਖ਼ਾਸੀਅਤ ਨਹੀਂ ਸੀ, ਸਗੋਂ 'ਨਿਊ ਕੈਲੇਡੋਨੀਅਨ' ਕਿਸਮ ਦੇ ਸਾਰੇ ਹੀ ਕਾਂ 'ਜੁਗਾੜੂ' ਹੁੰਦੇ ਹਨ। ਓਦਾਂ, ਇਕ ਗੱਲ ਪੱਕੀ ਹੈ ਕਿ ਜੇ 'ਬੈਟੀ' ਦੀ ਇਹ 'ਕਲਾਬਾਜ਼ੀ' ਸਾਹਮਣੇ ਨਾ ਆਉਂਦੀ ਤਾਂ ਉਸ ਦੀ 'ਬਿਰਾਦਰੀ' ਦੇ ਗੁਣ ਗੁੱਝੇ ਰਹਿ ਜਾਣੇ ਸੀ।#