ਰਲ਼ ਕੇ ਖਾਂਦਿਆਂ ਖਾਣਾ ਵੱਧ ਕਿਉਂ ਖਾ ਜਾਂਦੇ ਹਾਂ ਆਪਾਂ?
<><><><><><><><><><><><><>
ਕੋਈ ਆਪਾਂ ਨੂੰ ਖਾਣਾ ਖਾਣ ਦੀ ਸੁਲ੍ਹਾ ਮਾਰੇ ਤਾਂ ਬਹੁਤ ਵਾਰੀ ਆਪਾਂ ਖਾਣ ਵੱਲੋਂ ਨੱਕ-ਮੂੰਹ ਵੱਟਦਿਆਂ, "ਖਾਣ ਨੂੰ ਦਿਲ ਤਾਂ ਨਹੀਂ ਕਰਦਾ, ਚੱਲ ਤੇਰੇ ਨਾਲ਼ ਇਕ-ਅੱਧੀ ਬੁਰਕੀ ਖਾ ਲੈਨਾਂ...।" ਕਹਿ ਕੇ ਏਦਾਂ ਖਾਣਾ ਸ਼ੁਰੂ ਕਰਦੇ ਹਾਂ ਕਿ ਸੁਲ੍ਹਾ ਮਾਰਨ ਵਾਲ਼ਾ ਸੋਚਦਾ ਹੈ ਕਿ 'ਅਜੇ ਤਾਂ ਜਨਾਬ ਦਾ ਦਿਲ ਨਹੀਂ ਸੀ ਕਰਦਾ, ਜੇ ਦਿਲ ਕਰਦਾ ਹੁੰਦਾ ਤਾਂ ਖਾਣਾ ਥੁੜ ਜਾਣਾ ਸੀ।' ਤੁਸੀਂ ਕਦੇ ਸੋਚਿਆ ਕਿ ਰਲ਼ ਕੇ ਖਾਣਾ ਖਾਂਦਿਆਂ, ਆਪਾਂ ਆਮ ਨਾਲ਼ੋਂ ਵੱਧ ਕਿਉਂ ਖਾ ਜਾਂਦੇ ਹਾਂ। ਇਸ ਰੁਝਾਨ ਨੂੰ ਜਾਇਜ਼ ਠਹਿਰਾਉਂਦਿਆਂ ਬਹੁਤੀ ਵਾਰ ਆਪਾਂ ਇਹ ਕਹਿੰਦੇ ਹਾਂ, "ਯਾਰ, ਕੁਦਰਤੀ ਗੱਲ ਹੈ, ਰਲ਼ ਕੇ ਖਾਣ ਨਾਲ਼ ਖਾਣੇ ਦਾ ਸੁਆਦ ਹੀ ਬਹੁਤ ਆਉਂਦਾ ਹੈ।"
ਗੱਲ ਕੁਦਰਤੀ ਹੈ ਜਾਂ ਗ਼ੈਰਕੁਦਰਤੀ, ਇਸ ਸਬੰਧ ਵਿਚ ਜਾਨਣ ਲਈ ਕਿਸੇ ਨੇ ਕਦੇ ਗ਼ੌਰ ਕੀਤਾ ਹੈ? ਅਜਿਹਾ ਕਿਉਂ ਹੁੰਦਾ ਹੈ? ਰਲ਼ ਕੇ ਖਾਂਦਿਆਂ, ਖਾਣਾ ਵੱਧ ਖਾਧੇ ਜਾਣ ਬਾਰੇ ਹਾਲ ਹੀ ਵਿਚ ਇਕ ਅਧਿਐਨ ਕੀਤਾ ਗਿਆ ਸੀ, ਜਿਸ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਦੋਸਤਾਂ ਅਤੇ ਪਰਿਵਾਰ ਦੇ ਜੀਆਂ ਨਾਲ਼ ਰਲ਼ ਕੇ ਖਾਣਾ ਖਾਂਦਿਆਂ, ਖਾਣਾ ਵੱਧ ਖਾਧਾ ਜਾਂਦਾ ਹੈ ਕਿ ਰਲ਼ ਕੇ ਖਾਣਾ ਖਾਂਦਿਆਂ, ਖਾਣਾ ਵੱਧ ਸੁਆਦ ਲੱਗਦਾ ਹੈ ਅਤੇ ਸਮਾਜਕ-ਭੋਜ ਵਿਚ ਖਾਣੇ ਦੀ ਖ਼ਪਤ ਵਧ ਜਾਂਦੀ ਹੈ। 'ਜੀਵਨ ਦੇ ਅੰਦਾਜ਼ਾਂ' ਦੇ ਸਬੰਧ ਵਿਚ ਲਿਖਦੇ ਅਤੇ ਲੰਡਨ ਵਿਚ ਰਹਿੰਦੇ ਲੇਖਕ ਪਰਸੂਨ ਸੌਂਵਲਕਰ ਨੇ ਇਸ ਸਬੰਧ ਵਿਚ ਲਿਖੇ ਹੋਏ ਇਕ ਲੇਖ ਵਿਚ ਇਹ ਲਿਖਿਆ ਹੋਇਆ ਹੈ ਕਿ ਖੋਜੀਆਂ ਨੇ, ਪਰਿਵਾਰ ਦੇ ਜੀਆਂ ਅਤੇ ਦੋਸਤਾਂ ਨਾਲ਼ ਰਲ਼ ਕੇ ਖਾਣਾ ਖਾਂਦਿਆਂ, ਵਧੇਰੇ ਖਾਣਾ ਖਾਧੇ ਜਾਣ ਦੇ ਰੁਝਾਨ ਬਾਰੇ ਲਿਖਦਿਆਂ ਇਸ ਨੂੰ 'ਸੋਸ਼ਲ ਫੈਸਿਲੀਟੇਸ਼ਨ' ਯਾਨੀ 'ਸਮਾਜਕ ਸਹੂਲਤ' ਕਰਾਰ ਦਿੱਤਾ ਹੈ।
ਇਹ ਰੁਝਾਨ, ਕਿਸੇ ਖ਼ਾਸ ਖਿੱਤੇ ਦਾ ਨਹੀਂ, ਸਗੋਂ ਸਰਬ ਵਿਆਪਕ ਹੈ। ਇਸ ਸਬੰਧ ਵਿਚ ਕੀਤੇ ਗਏ ਇਕ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਕੱਲਿਆਂ ਘੱਟ ਖਾਣ ਦੇ ਮੁਕਾਬਲੇ, ਰਲ਼ ਕੇ ਖਾਣ ਵੇਲ਼ੇ 'ਤੂੜ ਕੇ ਖਾਣ' ਦੇ ਰੁਝਾਨ ਦਾ ਸਬੰਧ, ਸਾਡੇ ਪਿੱਤਰਾਂ ਦੀ, ਆਪਣੇ ਬਚਾਅ ਸਬੰਧੀ ਪਹੁੰਚ ਨਾਲ਼ ਜੁੜਿਆ ਹੋਇਆ ਲੱਗਦਾ ਹੈ।
'ਯੂਨੀਵਰਸਿਟੀ ਆਫ਼ ਬਰਮਿੰਘਮ' ਦੇ ਕੁੱਝ ਮਾਹਰਾਂ ਨੇ, ਪ੍ਰਾਚੀਨ ਸ਼ਿਕਾਰੀਆਂ ਵੱਲੋਂ ਕੀਤਾ ਹੋਇਆ ਸ਼ਿਕਾਰ, ਲੰਬੇ ਸਮੇਂ ਲਈ ਖਾਧ-ਖੁਰਾਕ ਦੀ ਅਣਹੋਂਦ ਰਹਿਣ ਦੇ ਡਰੋਂ ਸਭ ਨੂੰ ਵੰਡੇ ਜਾਣ ਦੀ ਵਜ੍ਹਾ ਦੀ ਵਿਆਖਿਆ ਲੱਭਣ ਖ਼ਾਤਰ ਬਰਤਾਨੀਆ ਅਤੇ ਆਸਟਰੇਲੀਆ ਗਏ ਖੋਜੀਆਂ ਦੀ ਟੀਮ ਦੀ ਅਗਵਾਈ ਕੀਤੀ ਸੀ। ਖੋਜੀਆਂ ਨੇ ਇਨ੍ਹਾਂ ਮੁਲਕਾਂ ਵਿਚ ਜੋ ਲੱਭਤਾਂ ਕੀਤੀਆਂ, ਉਨ੍ਹਾਂ ਦੇ ਆਧਾਰ 'ਤੇ ਦੱਸਿਆ ਕਿ ਹੋ ਸਕਦਾ ਹੈ ਕਿ ਮਨੁੱਖ ਦੇ ਮਨ ਅੰਦਰ, ਆਪਣੇ ਬਚਾਅ ਦੀ ਉਸ ਵਿਧੀ ਦੀ ਰਹਿੰਦ-ਖੂੰਹਦ ਹਾਲੇ ਵੀ ਮੌਜੂਦ ਹੋਵੇ, ਜੋ ਅਚੇਤ ਰੂਪ ਵਿਚ ਹੀ ਉਨ੍ਹਾਂ ਨੂੰ ਉਸ ਵੇਲ਼ੇ 'ਤੂੜ ਕੇ ਖਾਣ' ਲਈ ਪ੍ਰੇਰਦੀ ਹੋਵੇ, ਜਦੋਂ ਉਹ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ਼ ਰਲ਼ ਕੇ ਖਾਣਾ ਖਾਂਦੇ ਹੋਣ ਕਿਉਂ ਕਿ ਹੋਰਨਾਂ ਨਾਲ਼ ਰਲ਼ ਕੇ ਖਾਣਾ, ਖਾਣਾ ਵਧੇਰੇ ਆਨੰਦਦਾਈ ਹੀ ਨਹੀਂ ਹੁੰਦਾ, ਸਗੋਂ ਉਹ ਤਾਕਤ ਵੀ ਹੋਰ ਵਧਾਉਂਦਾ ਹੈ, ਜੋ ਮਨੁੱਖ ਨੂੰ ਬਹੁਤਾ ਸਮਾਂ ਜੀਂਦੇ ਰਹਿਣ ਵਿਚ ਮਦਦ ਦਿੰਦੀ ਹੈ। ਇਸੇ ਲਈ ਦਾਅਵਤਾਂ, ਪ੍ਰੀਤੀ ਭੋਜਾਂ, ਸਮਾਗਮਾਂ ਵਿਚ ਖਾਣੇ ਦੀ ਖ਼ਪਤ ਵਧੇਰੇ ਹੀ ਹੋ ਜਾਂਦੀ ਹੈ।
ਇਸ ਦੇ ਨਾਲ਼ ਹੀ ਜਦੋਂ ਅਸੀਂ ਸਮੂਹ ਦੇ ਰੂਪ ਵਿਚ ਜਾਂ ਰਲ਼ ਕੇ ਖਾਣਾ ਖਾਂਦੇ ਹਾਂ ਤਾਂ ਖਾਣਾ ਖਾਣ ਦੇ ਸਮਾਜਕ ਨਿਯਮਾਂ ਮੁਤਾਬਕ 'ਖੁੱਲ੍ਹ ਕੇ ਖਾਣ' ਦੀ ਉਹ ਖੁੱਲ੍ਹ ਹੋਈ ਮੰਨ ਲਈ ਜਾਂਦੀ ਹੋਵੇ, ਜੋ ਇਕੱਲਿਆਂ ਖਾਣਾ ਖਾਣ ਸਮੇਂ ਮਹਿਸੂਸ ਨਾ ਹੁੰਦੀ ਹੋਵੇ। ਰਲ਼ ਕੇ ਖਾਣਾ ਖਾਣ ਸਮੇਂ, ਹੋਰ ਖਾਣਾ ਦੇਣਾ, ਦੋਸਤਾਂ ਅਤੇ ਪਰਿਵਾਰਾਂ ਵੱਲੋਂ ਕੀਤੀ ਜਾਣ ਵਾਲ਼ੀ ਉਸ ਪ੍ਰਸ਼ੰਸਾ ਅਤੇ ਦਿੱਤੀ ਜਾਣ ਵਾਲ਼ੀ ਉਸ ਮਾਨਤਾ ਨਾਲ਼ ਵੀ ਜੁੜ ਜਾਂਦਾ ਹੈ, ਜੋ ਸਮਾਜਕ ਮੋਹ-ਮਾਇਆ ਨੂੰ ਮਜ਼ਬੂਤ ਕਰਦੀਆਂ ਹਨ।
ਇਸ ਅਧਿਐਨ ਨੇ ਇਹ ਗੱਲ ਵੀ ਬਹੁਤ ਉਭਾਰ ਕੇ ਸਾਹਮਣੇ ਲਿਆਂਦੀ ਹੈ ਕਿ ਮਨੁੱਖ ਦਾ ਇਹ ਖ਼ਾਸਾ ਹੈ, ਸੁਭਾਅ ਹੈ ਕਿ ਉਹ ਆਪਣੀ ਖਾਧ-ਖੁਰਾਕ ਹੋਰ ਬਹੁਤ ਸਾਰੀਆਂ ਨਸਲਾਂ ਨਾਲ਼ ਵੰਡ ਕੇ ਛਕਣ ਵਿਚ ਆਨੰਦ ਮਹਿਸੂਸ ਕਰਦਾ ਹੈ। ਬਹੁਤੇ ਲੋਕ ਆਮ ਤੌਰ 'ਤੇ ਸ਼ਿਕਾਰੀ ਹੀ ਨਹੀਂ ਹੁੰਦੇ, ਪਰ ਸ਼ਿਕਾਰੀਆਂ ਵੱਲੋਂ ਸ਼ਿਕਾਰ ਸਭ ਨੂੰ ਵੰਡਣ ਦਾ ਉਹ ਢੰਗ, ਅੱਜ ਵੀ ਸਾਡੇ ਸਮੂਹਕ ਢੰਗ ਨਾਲ਼ ਖਾਣ ਦੇ ਰੁਝਾਨ ਵਿਚ ਕਿਸੇ ਨਾ ਕਿਸੇ ਤਰ੍ਹਾਂ ਸ਼ਾਮਲ ਹੈ।
ਖੋਜੀਆਂ ਦੀ ਅਗਵਾਈ ਕਰਨ ਵਾਲ਼ੀ ਹੈਲਨ ਰੁੱਡੌਕ ਦਾ ਕਹਿਣ ਹੈ, "ਸਾਨੂੰ ਇਸ ਸਬੰਧ ਵਿਚ ਬਹੁਤ ਹੀ ਜ਼ਬਰਦਸਤ ਸਬੂਤ ਮਿਲੇ ਕਿ ਲੋਕ, ਇਕੱਲਿਆਂ ਖਾਣਾ ਖਾਣ ਦੇ ਮੁਕਾਬਲੇ ਜਦੋਂ ਰਲ਼ ਕੇ ਖਾਣਾ ਖਾਂਦਾ ਹਨ ਤਾਂ ਉਹ ਵਧੇਰੇ ਅਤੇ 'ਤੂੜ ਕੇ ਖਾਂਦੇ' ਹਨ। ਇਸ ਦੀ ਇਕ ਵਜ੍ਹਾ ਇਹ ਹੁੰਦੀ ਹੈ ਕਿ ਉਹ, ਇਸ ਤਰ੍ਹਾਂ ਕਰ ਕੇ, ਓਪਰੇ ਬੰਦਿਆਂ ਉੱਤੇ ਵਧੀਆ ਅਤੇ ਚੰਗਾ ਪ੍ਰਭਾਵ ਪਾਉਣਾ ਚਾਹੁੰਦੇ ਹਨ। ਜੇ ਉਹ ਥੋੜ੍ਹੀ ਮਿਕਦਾਰ ਵਿਚ ਖਾਣਾ ਪਾਉਣ ਜਾਂ ਪੁਆਉਣ ਤਾਂ ਇਸ ਨਾਲ਼ ਨੇੜੇ ਹੀ ਬੈਠੇ ਓਪਰੇ ਬੰਦਿਆਂ ਉੱਤੇ, ਬਹੁਤ ਹੀ ਸਰਫ਼ਾ ਜਿਹਾ ਕਰਨ ਦਾ ਪ੍ਰਭਾਵ ਪਏਗਾ। ਇਸ ਸਬੰਧ ਵਿਚ ਪਹਿਲਾਂ ਕੀਤੀਆਂ ਹੋਈਆਂ ਖੋਜਾਂ ਇਹ ਦਰਸਾਅ ਚੁੱਕੀਆਂ ਹਨ ਕਿ ਆਪਾਂ ਅਕਸਰ ਹੀ ਖਾਣ ਲਈ ਜੋ ਅਤੇ ਜਿੰਨਾ ਚੁਣਦੇ ਹਾਂ, ਉਸ ਰਾਹੀਂ ਅਸੀਂ ਆਪਣਾ ਪ੍ਰਭਾਵ ਪਾਉਣਾ ਹੀ ਚਾਹਿਆ ਕਰਦੇ ਹਾਂ। ਸਬੂਤ ਦੱਸਦੇ ਹਨ ਕਿ ਖਾਣਾ ਖਾਣ ਵੇਲ਼ੇ ਸਾਡੇ ਨਾਲ਼ ਬੈਠੀਆਂ ਖਾਂਦੀਆਂ ਔਰਤਾਂ ਨੂੰ ਵੀ, ਖਾਣੇ ਦੀ ਮਿਕਦਾਰ ਨਾਲ਼ ਪ੍ਰਭਾਵਤ ਕਰਨ ਦੇ ਹੀਲੇ ਕਰਦੇ ਹਾਂ।"
ਇਸ ਤੋਂ ਪਹਿਲਾਂ ਕੀਤੇ ਹੋਏ ਅਧਿਐਨਾਂ ਵਿਚ ਦੇਖਿਆ ਗਿਆ ਹੈ ਕਿ ਇਕੱਲਿਆਂ ਖਾਣਾ ਖਾਣ ਦੇ ਮੁਕਾਬਲੇ, ਰਲ਼ ਕੇ ਖਾਂਦਿਆਂ 48 ਫੀ ਸਦੀ ਵਧੇਰੇ ਖਾਣਾ ਖਾਧਾ ਗਿਆ ਅਤੇ ਮੋਟਾਪੇ ਦੀਆਂ ਸ਼ਿਕਾਰ ਔਰਤਾਂ ਨੇ ਵੀ, ਰਲ਼ ਕੇ ਖਾਣ ਦੌਰਾਨ, ਇਕੱਲਿਆਂ ਖਾਣ ਨਾਲ਼ੋਂ 29 ਫੀ ਸਦੀ ਵੱਧ ਖਾਣਾ ਖਾਧਾ। ਇਸ ਕਰ ਕੇ ਜਿਹੜੇ ਲੋਕ ਆਪਣੀ ਭੁੱਖ ਘਟਾਉਣੀ ਚਾਹੁੰਦੇ ਹੋਣ ਜਾਂ ਕਾਬੂ ਵਿਚ ਰੱਖਣੀ ਚਾਹੁੰਦੇ ਹੋਣ, ਉਨ੍ਹਾਂ ਨੂੰ ਖਾਣਾ, ਬਾਕੀ ਜੀਆਂ ਨਾਲ਼ੋਂ ਪਰ੍ਹਾਂ ਹੋ ਕੇ ਯਾਨੀ ਇਕੱਲਿਆਂ ਖਾਣਾ ਚਾਹੀਦਾ ਹੈ। ਸਿਆਣੇ ਕਹਿ ਗਏ ਹਨ ਤੇ ਹੁਣ ਵੀ ਕਹਿੰਦੇ ਹਨ ਕਿ ਨੀਂਦ ਤੇ ਭੁੱਖ ਵਧਾਉਣੀ-ਘਟਾਉਣੀ ਤੁਹਾਡੇ ਆਪਣੇ ਵੱਸ ਹੈ।#