ਯਾਰਾ ਓ ਦਿਲਦਾਰਾ
ਨਿਰਦੇਸ਼ਕ ਬਦਲ ਕੇ ਵੀ ਗੱਲ ਨਹੀਂ ਬਣੀ ਸਰਦਾਰਾ!
ਪੰਜਾਬੀ ਫ਼ਿਲਮ ਸੀ ਦੇਖਣੋਂ ਰਿਹਾ ਨਾ ਗਿਆ। ਦੇਖੀ ਹੈ ਤਾਂ ਗੱਲ ਵੀ ਕਰਾਂਗੇ। ਮਨ ਨੂੰ 'ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ' ਵਾਲ਼ਾ ਝੋਰਾ ਨਾ ਰਹੂ ਤੇ ਇਹ ਉਲਾਂਭਾ ਵੀ ਨਾ ਰਹੂ ਪਈ ਜੇ ਦੇਖਣੋਂ ਰਿਹਾ ਨਹੀਂ ਗਿਆ ਤਾਂ ਉਦੋਂ ਕਿਉਂ ਕਿਹਾ ਨਹੀਂ ਗਿਆ!
     ਪਹਿਲੀ ਗੱਲ ਇਹ ਪਈ ਪਿਛਲੀਆਂ ਫ਼ਿਲਮਾਂ ਵਿਚ ਟੁਲਿਪ ਜੋਸ਼ੀ ਦੀ ਡੱਬਿੰਗ ਕਿਸੇ ਹੋਰ ਬੀਬੀ ਤੋਂ ਕਰਾਉਣ ਬਾਅਦ ਵੀ ਪੰਜਾਬੀ ਨਾ ਬੋਲ ਸਕਣ ਵਾਲ਼ੀ ਇਸ ਬੀਬੀ ਨੂੰ ਦੁਬਾਰਾ ਲੈਣ ਦੀ ਕੀ ਮਜਬੂਰੀ ਸੀ? ਇਹ ਬੀਬੀ, ਮੇਕ-ਅੱਪ ਵਾਲ਼ਾ ਸਾਰਾ ਜ਼ੋਰ ਲਾ ਕੇ ਵੀ ਕਾਲਜੀੲਟ ਨਹੀਂ ਲੱਗੀ। ਕਾਲਜ ਤੋਂ ਚੇਤਾ ਆ ਗਿਆ। ਪੰਜਾਬ ਦਾ ਇਹ ਕਿਹੜਾ ਕਾਲਜ ਹੈ, ਜਿਸ ਦੇ ਵਿਦਿਆਰਥੀਆਂ, ਖ਼ਾਸ ਤੌਰ 'ਤੇ ਫੇਲ੍ਹ ਹੋਏ ਵਿਦਿਆਰਥੀਆਂ ਦਾ ਨਤੀਜਾ ਦੱਸਣ ਲਈ ਕਾਲਜ ਜਾਂ ਯੂਨੀਵਰਸਿਟੀ ਦੇ ਅਧਿਕਾਰੀ, ਵਿਦਿਆਰਥੀਆਂ ਦੇ ਘਰੀਂ ਜਾਂਦੇ ਹਨ? ਜੇ ਫ਼ਿਲਮ ਦੇ ਨਾਇਕ ਦਾ ਕਿਰਦਾਰ ਨਿਭਾਉਣ ਵਾਲ਼ਾ ਅਦਾਕਾਰ ਗਾਇਕ ਵੀ ਹੋਵੇਗਾ ਤੇ ਥੋੜ੍ਹਾ-ਬਹੁਤ ਪ੍ਰੋਡਿਊਸਰੀ ਵਿਚ ਵੀ ਦਖ਼ਲ ਰੱਖਦਾ ਹੋਵੇਗਾ ਤਾਂ ਉਸ ਦੀ ਫ਼ਿਲਮ ਵਿਚ ਗਾਣਿਆਂ ਦੀ ਭਰਮਾਰ ਹੋਵੇਗੀ ਹੀ। ਇਸ ਫ਼ਿਲਮ ਵਿਚ ਵੀ ਕਿਰਦਾਰ ਘੜੀ-ਮੁੜੀ ਗਾਣੇ ਗਾਉਣ ਦੇ ਬਹਾਨੇ ਲੱਭਦੇ ਲੱਗਦੇ ਹਨ।
    ਭਾਵੇਂ ਇਹ ਫ਼ਿਲਮ ਬਣਾਉਣ ਵਾਲ਼ੇ, ਇਕ ਨਿਰਦੇਸ਼ਕ ਜਾਂ ਕਹਾਣੀਕਾਰ ਨੂੰ ਛੱਡ ਕੇ ਬਾਕੀ ਸਾਰੇ ਵੱਖਰੇ ਲੱਗਦੇ ਹਨ, ਮਜਬੂਰੀਆਂ ਇਨ੍ਹਾਂ ਦੀਆਂ ਵੀ ਉਹੀ ਰਹੀਆਂ ਹਨ, ਹਰਭਜਨ ਮਾਨ ਦੀਆਂ ਬਾਕੀ ਫ਼ਿਲਮਾਂ ਬਣਾਉਣ ਵਾਲ਼ਿਆਂ ਦੀਆਂ ਰਹੀਆਂ ਹਨ। ਸਮੀਪ ਕੰਗ ਨੇ ਕਹਾਣੀ ਵਿਚ ਜਾਨ ਪਾਉਣ ਲਈ ਜਾਨ ਹੀਲ਼ੀ ਹੈ, ਸੰਵਾਦ ਲਿਖਦਿਆਂ ਬਲਦੇਵ ਗਿੱਲ ਨੇ ਘੱਟ ਜ਼ੋਰ ਨਹੀਂ ਲਾਇਆ, ਪਰ ਸੰਵਾਦ ਬੁਲਵਾਉਣ ਵੇਲ਼ੇ ਨਿਰਦੇਸ਼ਕ ਨੇ ਹੋਰ ਕਿਸੇ ਨੂੰ ਬੋਲਣ ਨਹੀਂ ਦਿੱਤਾ, ਲੱਗਦਾ ਹੈ। ਕਬੀਰ ਬੇਦੀ ਵਰਗਾ ਅਦਾਕਾਰ,  ਅੰਗਰੇਜ਼ੀ ਦੇ ਮਸ਼ਹੂਰ ਮੁਹਾਵਰੇ "ਲੈੱਟ ਅੱਸ ਸੀ ਵਿੱਚ ਵੇਅ ਦਾ ਵਿੰਡ ਬਲੋਜ਼" ਨੂੰ "ਲੈੱਟ ਅੱਸ ਸੀ ਵਿੱਚ ਵੈਅ ਦਾ ਵਿੰਡ ਇਜ਼ ਬਲੋਇੰਗ" ਬੋਲਦਾ ਹੈ।
     ਹਵਾਈ ਅੱਡੇ 'ਤੇ  ਬੀ ਜੀ (ਨੀਨਾ ਚੀਮਾ) ਦੇ ਬੇਹੋਸ਼ ਹੋਣ ਵਾਲ਼ਾ ਦ੍ਰਿਸ਼ ਬਹੁਤ ਹੀ ਪੇਤਲਾ ਹੈ। ਬੀ ਜੀ ਹੋਸ਼ ਆ ਜਾਣ ਤੋਂ ਬਾਅਦ ਏਦਾਂ ਉੱਠ ਖੜ੍ਹੀ ਹੁੰਦੀ ਹੈ, ਜਿੱਦਾਂ ਉਸ ਨੇ ਬੇਹੋਸ਼ ਹੋਣ ਦਾ ਮਕਰ ਕੀਤਾ ਹੁੰਦਾ ਹੈ। ਨਾਇਕਾ ਡਾਕਟਰ ਹੋ ਕੇ ਵੀ ਇਸ ਗੱਲੋਂ ਅਵੇਸਲੀ ਹੈ ਕਿ ਜਿਹੜਾ ਬੰਦਾ ਹੁਣੇ ਬੇਹੋਸ਼ ਹੋ ਕੇ ਡਿੱਗਿਆ ਸੀ, ਉਸ ਨੂੰ ਹੋਸ਼ ਆਉਣ ਮਗਰੋਂ ਵੀ ਸੰਭਾਲਣ ਜਾਂ ਫੜਨ ਦੀ ਲੋੜ ਹੁੰਦੀ ਹੈ। ਇਸ ਤੋਂ ਪਹਿਲਾਂ ਨਾਇਕਾ ਵੱਲੋਂ ਵਿਆਹ ਕਰਾਉਣ ਤੋਂ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਮੁੰਡੇ ਵਾਲਿਆਂ ਵੱਲੋਂ ਉਨ੍ਹਾਂ ਦੇ ਮਗਰ-ਮਗਰ ਤੁਰੇ ਜਾਣਾ ਬਹੁਤ ਹੀ ਓਪਰਾ ਲੱਗਦਾ ਹੈ। ਹਵਾਈ ਅੱਡੇ ਵਾਲ਼ਾ ਦ੍ਰਿਸ਼ ਬਹੁਤ ਖਿੱਚਿਆ ਜਿਹਾ ਲੱਗਦਾ ਹੈ। ਨਾਇਕਾ ਦੀ ਮਾਂ ਦਾ ਇਹ ਕਹਿਣਾ, "ਮੈਂ ਵੀ ਇਹੋ ਚਾਹੁੰਦੀ ਸਾਂ ਕਿ ਜਹਾਜ਼ ਚਲਿਆ ਜਾਵੇ," ਇਹ ਦਰਸਾਉਂਦਾ ਹੈ ਕਿ ਜੇ ਜਹਾਜ਼ ਨਾ ਜਾਂਦਾ ਤਾਂ ਸ਼ਾਇਦ ਨਾਇਕਾ ਨੇ ਹਾਲੇ ਵੀ ਵਿਆਹ ਕਰਾਉਣ ਲਈ ਹਾਂ ਨਹੀਂ ਕਰਨੀ ਸੀ।
    ਤਕਨੀਕੀ ਪੱਖ ਬਾਰੇ ਇਹੋ ਕਹਿਣਾ ਹੀ ਕਾਫੀ ਰਹੇਗਾ ਕਿ ਪਿਛੋਕੜ ਸੰਗੀਤ ਇੰਨਾ ਉੱਚਾ ਸੀ ਕਿ ਕਈ ਥਾਈਂ ਸੰਵਾਦਾਂ ਦੀ ਥਾਂ ਸੰਗੀਤ ਹੀ ਸੁਣਦਾ ਸੀ।
     ਹਰਭਜਨ ਮਾਨ ਨੇ ਨਾਂ ਦੇ ਹੋਰ ਨਿਰਮਾਤਾਵਾਂ ਦੇ ਨਾਂ 'ਤੇ ਆਪਣੀ ਜੇਬੋਂ ਪੈਸੇ ਖ਼ਰਚ ਕੇ  ਨਾਇਕ ਵਜੋਂ ਆਉਂਦੇ ਰਹਿਣਾ ਹੈ ਤੇ ਗੀਤ ਗਾਉਂਦੇ ਰਹਿਣਾ ਹੈ।ਜੇ ੳੇਹ ਸੋਚਦਾ ਹੈ ਕਿ ਇਸ ਤਰ੍ਹਾਂ ਉਹ ਪੰਜਾਬੀ ਸਿਨੇਮੇ ਦਾ ਭਲਾ ਕਰ ਰਿਹਾ ਹੈ ਤਾਂ ਇਸ ਤੋਂ ਵੱਡਾ ਝੂਠ ਹਾਲੇ ਬੋਲਿਆ ਜਾਣਾ ਹੈ। ਜੇ ਉਹ ਮਨਨੋਹਨ ਸਿੰਘ ਨਾਲ ਰਲ ਕੇ ਵੀ ਕੁੱਝ ਨਹੀਂ ਕਰ ਸਕਿਆ ਤਾਂ ਉਹ ਉਸ ਨਾਲੋਂ ਵੱਖ ਹੋ ਕੇ ਵੀ ਕੁੱਝ ਨਹੀਂ ਕਰ ਸਕੇਗਾ ਕਿਉਂ ਕਿ ਮਨਮੋਹਨ ਸਿੰਘ ਨੂੰ ਪੰਜਾਬੀ ਤਾਂ ਆਉਂਦੀ ਹੈ। ਉਸ ਦੇ ਹੁਣ ਵਾਲੇ ਨਿਰਦੇਸ਼ਕ ਦਾ ਤਾਂ ਉਹ ਨਾਂ ਲੈਂਦਆਂ ਵੀ ਔਖਾ ਹੀ ਹੋਇਆ ਹੋਊ ਤੇ ਸ਼ਾਇਦ ਨਾਂ ਫੇਰ ਵੀ ਸਹੀ ਤਰ੍ਹਾਂ ਨਹੀਂ ਉਚਾਰਿਆ ਗਿਆ ਹੋਣਾ।
     ਕਿਸੇ ਬੀਬੀ ਦੀ ਆਪਣੇ ਘਰ ਵਾਲ਼ੇ ਨਾਲ ਵਿਗੜ ਗਈ ਤਾਂ ਉਹ ਹਾਲੇ ਉਸ ਨੂੰ ਤਲਾਕ ਦੇਣ ਦੀਆਂ ਵਿਉਂਤਾਂ ਹੀ ਬਣਾ ਰਹੀ ਕਿ ਉਸ ਦਾ ਪਤੀ ਤਲਾਕ ਹੋ ਜਾਣ ਦੀ ਖ਼ੁਸ਼ੀ ਵਿਚ ਲੱਡੂ ਵੀ ਵੰਡ ਆਇਆ। ਇਸ ਲਈ ਕਿਸ ਨੇ ਕਿਸ ਨੂੰ ਛਡਿਆ ਤੇ ਕੌਣ ਕਿਸ ਨੂੰ ਪਹਿਲਾਂ ਹੀ ਛੱਡਣਾ ਚਾਹੁੰਦਾ ਸੀ, ਇਸ ਦਾ ਪਤਾ ਆਉਣ ਵਾਲੀਆਂ ਹੋਰ ਪੰਜਾਬੀ ਫ਼ਿਲਮਾਂ ਤੋਂ ਲੱਗਦਾ ਰਹੇਗਾ।#
                                                                                                                                   -ਸੁਜਾਖਾ ਸਿੰਘ 'ਦਰਸ਼ਕ'