ਸਿਰੇ ’ਤੇ ਗੰਢ
ਬਖ਼ਸ਼ਿੰਦਰ
ਸਾਹਿੱਤ ਰਚਿਆ ਜਾਣਾ ਸ਼ੁਰੂ ਹੋਣ ਦੇ ਸਮੇਂ ਤੋਂ ਹੀ, ਲਿਖਣ ਵਿਚ ਨਕਲ ਮਾਰੀ ਜਾਣ ਦਾ ਰੁਝਾਨ ਵੀ ਸ਼ੁਰੂ ਹੋ ਗਿਆ ਸੀ। ਜਿੱਦਾਂ ਸਾਰੇ ਸਿਆਣੇ ਬੰਦੇ ਲੇਖਕ ਨਹੀਂ ਹੁੰਦੇ, ਓਦਾਂ ਹੀ ਸਾਰੇ ਲੇਖਕ ਵੀ ਸਿਆਣੇ ਨਹੀਂ ਹੁੰਦੇ। ਬਹੁਤੇ ਨੰਬਰ ਲੈ ਕੇ ਪਾਸ ਹੋਣ ਵਾਲ਼ਿਆਂ ਵਿਚੋਂ ਸਾਰੇ ਹੀ ਲਾਇਕ ਨਹੀਂ ਹੁੰਦੇ, ਉਨ੍ਹਾਂ ਵਿਚੋਂ ਕੁੱਝ ਨਕਲਚੂ ਵੀ ਹੁੰਦੇ ਹਨ। ਕੁੱਝ ਲੋਕਾਂ ਦੇ ਆਕਲ ਜਾਂ ਸਿਆਣੇ ਹੋਣ ਦਾ ਫ਼ਾਇਦਾ ਇਸੇ ਲਈ ਹੁੰਦਾ ਹੈ ਕਿ ਸਾਰੇ ਹੀ ਸਿਆਣੇ ਨਹੀਂ ਹੁੰਦੇ ਤੇ ਉਨ੍ਹਾਂ ਅਕਲਹੀਣਾਂ ਨੇ ਹੀ ਸਿਆਣਿਆਂ ਦੀ ਅਕਲ ਜਾਂ ਸਿਆਣਪ ਦਾ ਫ਼ਾਇਦਾ ਉਠਾਉਣਾ ਹੁੰਦਾ ਹੈ। ਜਿੱਦਾਂ ਮੂਰਖ਼ ਅਤੇ ਸਿਆਣੇ ਵਿਚ ਬਹੁਤ ਹੀ ਬੇਮਾਲੂਮ ਜਿਹਾ ਫ਼ਰਕ ਹੁੰਦਾ ਹੈ, ਓਦਾਂ ਹੀ ਨਕਲ ਅਤੇ ਖੋਜ ਕਾਰਜ ਵਿਚ ਵੀ ਮਾਮੂਲੀ ਜਿਹਾ ਹੀ ਫ਼ਰਕ ਹੁੰਦਾ ਹੈ। ਮਿਸਾਲ ਦੇ ਤੌਰ ’ਤੇ ਇਕ ਸੂਤਰ ਤੋਂ ਮਾਰੀ ਜਾਵੇ ਤਾਂ ਉਹ ਨਕਲ ਹੁੰਦੀ ਹੈ, ਬਹੁਤੇ ਸੂਤਰਾਂ ਤੋਂ ਮਾਰੀ ਜਾਵੇ ਤਾਂ ਉਹੀ ਨਕਲ, ਖੋਜ ਕਾਰਜ ਕਹਾਉਂਦੀ ਹੈ। 
ਇਸੇ ਤਰ੍ਹਾਂ ਸਾਹਿੱਤ ਦੀ ਮੌਲਿਕਤਾ ਬਾਰੇ ਵੀ ਕਿਸੇ ਦਾਨਿਸ਼ਵਰ ਦਾ ਕਹਿਣ ਹੈ ਕਿ ਮੌਲਿਕ ਕੁੱਝ ਵੀ ਨਹੀਂ ਹੁੰਦਾ, ਉਹੀ ਵਿਸ਼ੇ ਤੇ ਪੁਰਾਣੀਆਂ ਕਹਾਣੀਆਂ, ਨਵੀਆਂ ਰਚਨਾਵਾਂ ਦਾ ਰੂਪ ਧਾਰਨ ਕਰੀ ਜਾ ਰਹੇ ਹਨ। ਭਾਰਤੀ ਸਿਨੇਮਾ ਦੇ ਸੌ ਸਾਲ ਪੂਰੇ ਹੋਣ ’ਤੇ ਵੀ ਕਿਸੇ ਨੇ ਕਿਹਾ ਸੀ ਕਿ ਭਾਰਤੀ ਫ਼ਿਲਮਸਾਜ਼ ਇੰਨੇ ਸਾਲ, ‘ਮੁਹੱਬਤ’ ਦੀ ਇਕੋ ਹੀ ਕਹਾਣੀ ‘ਇਕ ਸੀ ਮੁੰਡਾ ਤੇ ਇਕ ਸੀ ਕੁੜੀ’ ਦੇ ਆਧਾਰ ’ਤੇ ਫ਼ਿਲਮਾਂ ਬਣਾਉਂਦੇ ਰਹੇ ਹਨ।
ਰੁਡਯਾਰਡ ਕਿਪਲਿੰਗ ਸਾਹਿੱਤ ਅਤੇ ਪੱਤਰਕਾਰੀ ਵਿਚ ਬਹੁਤ ਵੱਡਾ ਨਾਂ ਹੈ ਤੇ ਉਨ੍ਹਾਂ ਨੂੰ ‘ਭਾਰਤੀ ਪੱਤਰਕਾਰੀ ਦਾ ਪਿਤਾਮਾ’ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਅੰਗਰੇਜ਼ੀ ਦੇ ਪਾਠਕਾਂ ਨੂੰ ਦਿੱਤੀਆਂ ਹਨ। ਪਿਛਲੇ ਅਰਸੇ ਦੌਰਾਨ ਕਿਪਲਿੰਗ ਨੇ ਇਹ ਗੱਲ ਮੰਨੀ ਹੈ ਕਿ ਉਹ ਆਪਣੀ ਕਿਤਾਬ ‘ਜੰਗਲ ਬੁੱਕ’ ਵਿਚ ਕਿਸੇ ਸੂਤਰ ਤੋਂ ਨਕਲ ਮਾਰਦੇ ਰਹੇ ਹਨ। ਇਹੋ ਜਿਹੀਆਂ ਗੱਲਾਂ, ਤਕਰੀਬਨ ਹਰ ਭਾਸ਼ਾ ਦੇ ਕਈ ਵੱਡੇ ਲੇਖਕਾਂ-ਪੱਤਰਕਾਰਾਂ ਦੇ ਸਬੰਧ ਵਿਚ ਹੁੰਦੀਆਂ ਰਹੀਆਂ ਹਨ। ਮਿਸਾਲਾਂ ਦੇਣਾ ਜਾਣ ਬੁੱਝ ਕੇ ਟਾਲ਼ਿਆ ਜਾ ਰਿਹਾ ਹੈ ਕਿਉਂ ਕਿ ਏਦਾਂ ਕਰਨ ਨਾਲ਼ ਸਾਡਾ ਆਪਣੇ ਉਦੇਸ਼ ਤੋਂ ਭਟਕਣ ਦਾ ਡਰ ਹੈ।
ਰੁਡਯਾਰਡ ਕਿਪਲਿੰਗ ਵੱਲੋਂ ‘ਜੰਗਲ ਬੁੱਕ’ ਦੇ ਸਬੰਧ ਵਿਚ ਨਕਲ ਮਾਰੀ ਜਾਣ ਦੇ ਸਬੰਧ ਵਿਚ, ਉਨ੍ਹਾਂ ਵੱਲੋਂ ਲਿਖੀ ਹੋਈ ਇਕ ਚਿੱਠੀ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਨੇ ਏਦਾਂ ਲਿਖਿਆ ਹੋਇਆ ਹੈ, “ਇਸ ਗੱਲ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿ ਮੈਂ ‘ਦ ਜੰਗਲ ਬੁੱਕ’ ਲਿਖਦਿਆਂ, ਆਪਣੀ ਲਿਖਤ ਵਿਚ ਕੁੱਝ ਹੋਰ ਕਹਾਣੀਆਂ ਤੋਂ ‘ਨਜਾਇਜ਼ ਮਿਲਾਵਟ ਕੀਤੀ ਹੋਵੇ।” ਇਹ ਇਕ ਸਫੇ ਦੀ ਚਿੱਠੀ, ਰੁਡਯਾਰਡ ਕਿਪਲਿੰਗ ਵੱਲੋਂ ਤਕਰੀਬਨ 1895 ਵਿਚ ਲਿਖੀ ਹੋਈ ਹੈ ਤੇ ਇਸ ਉੱਤੇ ਉਨ੍ਹਾਂ ਦੇ ਦਸਤਖ਼ਤ ਵੀ ਕੀਤੇ ਹੋਏ ਹਨ। ਇਹ ਚਿੱਠੀ, ਇਸ ਕਿਤਾਬ ਦੇ ਕਿਰਦਾਰ ਬਾਲੂ ਵੱਲੋਂ ਕਹਾਣੀ ਦੇ ਨਾਇਕ ਮੋਗਲੀ ਨੂੰ ਜੰਗਲ ਵਿਚ ਜ਼ਿੰਦਗ਼ੀ ਦੇ ਨੇਮ ਯਾਨੀ ‘ਦ ਲਾਅ ਔਫ ਦ ਜੰਗਲ’ ਸਿਖਾਉਣ ਅਤੇ ‘ਸੈਕੰਡ ਜੰਗਲ ਬੁੱਕ’ ਵਿਚ ਕਿਪਲਿੰਗ ਵੱਲੋਂ ਇਸ ਕਾਂਡ ਨੂੰ ਕਾਵਿਕ ਰੂਪ ਦੇਣ ਦੇ ਸਬੰਧ ਵਿਚ ਹੋਈ ਜਾਂਚ ਬਾਰੇ ਕਿਸੇ ਪੱਤਰਕਾਰਾ ਨੂੰ ਲਿਖੀ ਸੀ।
ਆਪਣੀ ਉਸ ਕਵਿਤਾ ਵਿਚ ਕਿਪਲਿੰਗ ਨੇ ਏਦਾਂ ਲਿਖਿਆ ਹੋਇਆ ਹੈ:
“ਹੁਣ ਇਹ ਜੰਗਲ ਦਾ ਕਾਨੂੰਨ ਹੈ-
ਅੰਬਰ ਜਿੰਨਾ ਪੁਰਾਣਾ ਅਤੇ ਸੱਚਾ;
ਜਿਹੜਾ ਬਘਿਆੜ ਇਸ ਦੀ ਪਾਲਣਾ ਕਰੇਗਾ,
ਉਹ ਖ਼ੁਸ਼ਹਾਲ ਹੋ ਸਕਦੈ, ਪਰ 
ਜਿਹੜਾ ਬਘਿਆੜ ਇਸ ਦੀ ਉਲੰਘਣਾ ਕਰੇਗਾ,
ਉਹ ਲਾਜ਼ਮੀ ਮਰ ਜਾਵੇਗਾ।

ਨਿਯਮ ਹੈ ਕਿ ਇਹ ਮਾਸ ਦਾ ਟੋਟਾ
ਜਿੱਥੇ ਪਿਆ ਹੈ, ਓਥੇ ਹੀ ਖਾਧਾ ਜਾ ਸਕਦੈ,
ਜਿਹੜਾ ਵੀ ਇਸ ਨੂੰ ਆਪਣੇ ਘੁਰਨੇ ਵਿਚ ਲਿਜਾਏਗਾ, 
ਉਹ ਮਰ ਜਾਵੇਗਾ।”
ਇਸ ਚਿੱਠੀ ਵਿਚ ਰੁਡਯਾਰਡ ਕਿਪਲਿੰਗ ਨੇ ਏਦਾਂ ਵੀ ਲਿਖਿਆ ਹੋਇਆ ਹੈ, “ਮੈਂ ਕੁੱਝ ਦਿਨਾਂ ਤੋਂ ਆਪਣੇ ਘਰ ਨਹੀਂ ਸਾਂ, ਜਿਸ ਕਰ ਕੇ, ‘ਲਾਅ ਔਫ ਦ ਜੰਗਲ’ ਵਿਚ ਦਰਜ ਵੇਰਵੇ ਦੇ ਸਬੰਧ ਵਿਚ ਤੁਹਾਡੀ ਬੇਤਾਰੀਖ਼ੀ ਚਿੱਠੀ ਦਾ ਜੁਆਬ ਦੇਣ ਵਿਚ ਦੇਰ ਹੋ ਗਈ। ਇਸ ਸਬੰਧ ਵਿਚ ਕੇਸ ਬਣਾਉਣ ਲਈ, ਇਕ ਪੱਖ ਪੇਸ਼ ਕਰਨ ਖ਼ਾਤਰ ਜਿਹੜੀ ਰੂਪ-ਰੇਖਾ ਤਿਆਰ ਕੀਤੀ ਗਈ ਹੈ, ਉਸ ਵਿਚੋਂ ਕੁੱਝ ਹਿੱਸਾ ‘(ਸਦਰਨ) ਏਸਕੁਇਮਾਉਕਸ ਰੂਲਜ਼ ਫਾਰ ਦ ਡਿਵੀਜਨ ਔਫ ਸੌਇਲਜ਼’ ਵਿਚੋਂ ਲਿਆ ਗਿਆ ਹੈ। ਅਸਲ ਵਿਚ, ਇਸ ਗੱਲ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿ ਮੈਂ ਇਹ ਕਿਤਾਬ ਲਿਖਦਿਆਂ ਕਿਸੇ ਦੀਆਂ ਲਿਖਤਾਂ ਤੋਂ ਮੱਦਦ ਲਈ ਹੋਵੇ, ਪਰ ਇਸ ਵੇਲ਼ੇ ਮੈਨੂੰ ਚੇਤੇ ਨਹੀਂ ਆ ਰਿਹਾ ਕਿ ਮੈਂ ਕਿਸ ਦੀਆਂ ਕਹਾਣੀਆਂ ਚੁਰਾਈਆਂ ਸਨ। ਬਹੁਤ ਹੀ ਸੁਹਿਰਦਤਾ ਨਾਲ, ਰੁਡਯਾਰਡ ਕਿਪਲਿੰਗ”।
ਇਹ ਚਿੱਠੀ, ਜੋ ‘ਐਡਮ ਐਂਡਰੂਜ਼ੀਅਰ ਆਟੋਗਰਾਫ਼ਸ’ ਦੇ ਡਾਇਰੈਕਟਰ ਐਡਮ ਐਂਡਰੂਜ਼ੀਅਰ ਨੇ ਪਿਛਲੇ ਸਾਲ ‘ਨਿਊ ਯਾਰਕ ਐਂਟੀਕੁਆਰੀਅਨ ਬੁੱਕ ਫੇਅਰ’ ਵਿਚ ਬਰਤਾਨੀਆ ਦੇ, ਖਰੜਿਆਂ ਦੇ ਇਕ ਵਪਾਰੀ ਤੋਂ ਖਰੀਦੀ ਸੀ, ਹੁਣ ਅੱਗੋਂ ਨਿਲਾਮ ਕੀਤੀ ਗਈ ਹੈ। ਐਂਡਰੂਜ਼ੀਅਰ ਨੇ ਇਸ ਚਿੱਠੀ ਦੀ ਰਾਖਵੀਂ ਕੀਮਤ 2500 ਪਾਊਂਡ ਰੱਖੀ ਹੈ ਅਤੇ ਉਸ ਦਾ ਕਹਿਣ ਹੈ, “ਇਕ ਪਾਸੇ ਤਾਂ ਕਿਪਲਿੰਗ ਨੇ ਕੁੱਝ ਚਿੱਠੀਆਂ ਵਿਚ ਇਹ ਦਾਅਵੇ ਕੀਤੇ ਹੋਏ ਹਨ ਕਿ ਉਸ ਵੱਲੋਂ ਕੀਤਾ ਹੋਇਆ ਬਹੁਤ ਸਾਰਾ ਕੰਮ, ਬਹੁਤ ਹੀ ਦੁਰਲੱਭ ਕਿਸਮ ਦਾ ਹੈ ਜਦੋਂ ਕਿ ਉਸ ਨੇ ਇਕ ਚਿੱਠੀ ਵਿਚ ਆਪਣੀ ਇਕ ਬਹੁਤ ਮਕਬੂਲ ਰਚਨਾ ਦੇ ਸਬੰਧ ਵਿਚ ਇਹ ਨਵੀਂ ਕਿਸਮ ਦੀ ਰੌਸ਼ਨੀ ਵੀ ਪਾਈ ਹੈ, ਜੋ ਇਹੋ ਜਿਹੀਆਂ ਚਿੱਠੀਆਂ ਇਕੱਠੀਆਂ ਕਰਨ ਵਾਲ਼ੇ ਦੀ ਕਲਪਨਾ ਉੱਤੇ ਅਸਰ ਕਰੇਗੀ ਹੀ। ਮੈਂ, ਨਿੱਜੀ ਤੌਰ ਉੱਤੇ ‘ਦ ਜੰਗਲ ਬੁੱਕ’ ਵਿਚ ਕਿਪਲਿੰਗ ਵੱਲੋਂ ਨਕਲ ਮਾਰਨ ਦੀ ਸੰਭਾਵਨਾ ਬਾਰੇ ਉਸ ਦੀ ਫ਼ਰਾਖ਼ਦਿਲੀ ਦਾ ਕਾਇਲ ਹਾਂ। ਮੇਰਾ ਖ਼ਿਆਲ ਹੈ ਕਿ ਲੋਕਾਂ ਨੂੰ ਇਹ ਗ਼ਲਤਫ਼ਹਿਮੀ ਹੈ ਕਿ ਕੋਈ ਲਿਖਤ ਨੱਕ ਦੀ ਸੇਧ ਜਿੰਨੀ ਮੌਲਿਕ ਹੋਣੀ ਚਾਹੀਦੀ ਹੈ ਜਦੋਂ ਕਿ ਬਹੁਤ ਸਾਰਾ ਸਾਹਿੱਤ ਸਹਿਵਨ ਹੀ ਜਾਂ ਮਿੱਥ ਕੇ ਚੁਰਾਇਆ ਹੋਇਆ ਹੈ।” 
ਨਿੱਕੀ ਕਹਾਣੀ ਲਿਖਣ ਦੀ ਕਲਾ ਨੂੰ ਮਾਂਜਣ ਲਈ ਮੰਨਿਆ-ਪ੍ਰਮੰਨਿਆ ਇਹ ਲੇਖਕ ‘ਬਾਲ-ਸਾਹਿੱਤ’ ਲਿਖਣ ਵਿਚ ਵੀ ਬਹੁਤ ਮਾਹਰ ਸੀ। ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ‘ਦ ਜੰਗਲ ਬੁੱਕ’ ਤਾਂ ਜਹਾਨ ਭਰ ਵਿਚ ਮਕਬੂਲ ਸੀ। ਉਨ੍ਹਾਂ ਨੇ ‘ਜਸਟ ਸੋ ਸਟੋਰੀਜ਼’, ‘ਕਿਮ’ ਅਤੇ ‘ਦ ਮੈਨ ਹੂ ਵੁਡ ਬੀ ਦ ਕਿੰਗ’ ਨਾਂ ਦੇ ਕਹਾਣੀ ਸੰਗ੍ਰਹਿ ਅਤੇ ‘ਮਾਂਡਾਲੇ’, ‘ਗੁੰਗਾ ਦਿਨ’, ‘ਦ ਵਾਈਟ ਮੈਨ’ਜ਼ ਬਰਡਨ’ ਅਤੇ ‘ਇਫ-’ ਨਾਂ ਦੇ ਕਾਵਿ-ਸੰਗ੍ਰਹਿ ਵੀ ਲਿਖੇ ਹੋਏ ਹਨ।
ਉਨ੍ਹਾਂ ਦੇ ਸਬੰਧ ਵਿਚ ਕਹੇ ਹੋਏ ਹੈਨਰੀ ਜੇਮਜ਼ ਦੇ ਇਹ ਸ਼ਬਦ ਗ਼ੌਰਤਲਬ ਹਨ, “ਕਿਪਲਿੰਗ ਮੈਨੂੰ ਨਿੱਜੀ ਤੌਰ ’ਤੇ ਬਹੁਤ ਹੀ ਮੁਕੰਮਲ ਤੇ ਸਿਆਣਾ ਵਿਅਕਤੀ ਲੱਗਦਾ ਹੈ (ਜਿਸ ਦੀ ਸਿਆਣਪ ਦਾ ਕਈ ਤੋੜ ਨਹੀਂ ਹੈ)। ਮੇਰੀ ਜਾਣਕਾਰੀ ਵਿਚ ਇਹੋ ਜਿਹਾ ਕੋਈ ਹੋਰ ਵਿਅਕਤੀ ਨਹੀਂ ਹੈ।” 1907 ਵਿਚ ਰੁਡਯਾਰਡ ਕਿਪਲਿੰਗ ਨੂੰ ‘ਸਾਹਿੱਤ ਵਿਚ ਨੋਬਲ ਇਨਾਮ’ ਦਿੱਤਾ ਗਿਆ ਸੀ ਤੇ ਉਹ, ਇਹ ਇਨਾਮ ਹਾਸਲ ਕਰਨ ਵਾਲ਼ੇ, ਅੰਗਰੇਜ਼ੀ ਭਾਸ਼ਾ ਦੇ ਪਹਿਲੇ ਲੇਖਕ ਬਣ ਗਏ ਸਨ। ਅੱਜ ਤਕ, ਉਹ ਇਹ ਇਨਾਮ ਪ੍ਰਾਪਤ ਕਰਨ ਵਾਲ਼ਿਆਂ ਵਿਚੋਂ ਸਭ ਤੋਂ ਛੋਟੀ ਉਮਰ ਦੇ ਹਨ। ਫਿਰ ਉਨ੍ਹਾਂ ਨੂੰ ਬਰਤਾਨੀਆ ਦੇ ‘ਰਾਜ ਕਵੀ’ ਦਾ ਖ਼ਿਤਾਬ ਅਤੇ ਨਾਈਟ ਦੀ ਉਪਾਧੀ ਦੇਣ ਦਾ ਐਲਾਨ ਵੀ ਹੋਇਆ ਸੀ, ਪਰ ਉਨ੍ਹਾਂ ਨੇ ਇਹ ਦੋਵੇਂ ਥੋਕ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਜਾਰਜ ਓਰਵੈੱਲ ਨੇ ਉਨ੍ਹਾਂ ਨੂੰ ‘ਬਰਤਾਨਵੀ ਸਾਮਰਾਜ ਦਾ ਪੈਗੰਬਰ’ ਕਿਹਾ ਸੀ ਜਦੋਂ ਕਿ ਆਲੋਚਕ ਡਗਲਸ ਕੇਰ ਨੇ ਉਨ੍ਹਾਂ ਬਾਰੇ ਏਦਾਂ ਲਿਖਿਆ ਸੀ, “ਉਹ (ਕਿਪਲਿੰਗ) ਅਜੇ ਤਕ ਇਹੋ ਜਿਹਾ ਲੇਖਕ ਹੈ, ਜੋ ਜੋਸ਼ੀਲੀ ਅਸਹਿਮਤੀ ਉਕਸਾਉਂਦਾ ਹੈ ਅਤੇ ਸਾਹਿੱਤਕ ਤੇ ਸਭਿਆਚਾਰਕ ਇਤਿਹਾਸ ਵਿਚ ਉਸ ਦਾ ਸਥਾਨ ਸਥਾਪਤੀ ਤੋਂ ਕਿਤੇ ਪਰ੍ਹਾਂ ਹੈ। ਪਰ ਜਿੱਦਾਂ-ਜਿੱਦਾਂ ਯੂਰਪੀ ਸਾਮਰਾਜਾਂ ਦੀ ਉਮਰ ਘਟਦੀ ਜਾਂਦੀ ਹੈ, ਉਸ ਦੀ ਪਛਾਣ ਲਾਮਿਸਾਲ ਮੰਨੀ ਜਾਂਦੀ ਹੈ। ਉਹ ਸਾਮਰਾਜ ਦੇ ਅਨੁਭਵ ਦੇ ਤਰਜਮਾਨ ਦੇ ਤੌਰ ’ਤੇ ਰੌਲ਼ੇ-ਗੌਲ਼ੇ ਦਾ ਸ਼ਿਕਾਰ ਰਿਹਾ ਹੈ। ਦੂਜੇ ਪਾਸੇ ਉਸ ਦਾ ਕਹਾਣੀ ਕਹਿਣ ਦਾ ਬੇਮਿਸਾਲ ਹੁਨਰ, ਉਸ ਨੂੰ ਇੰਨਾ ਜ਼ਿਆਦਾ ਬੁਲੰਦ ਕਰ ਦਿੰਦਾ ਹੈ ਕਿ ਉਸ ਸਲਾਮ ਕਰਨਾ ਹੀ ਪੈਂਦਾ ਹੈ।”
ਉਨ੍ਹਾਂ ਦਾ ਜਨਮ, ਭਾਰਤ ਦੇ ਸ਼ਹਿਰ ਬੰਬਈ (ਉਦੋਂ) ਵਿਚ 30 ਦਸੰਬਰ, 1865 ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਦਾ ਨਾਂ ਐਲਿਸ ਕਿਪਲਿੰਗ ਸੀ ਅਤੇ ਬਾਪ ਦਾ ਨਾਂ ਜੌਹਨ ਲੌਕਵੁੱਡ ਕਿਪਲਿੰਗ ਸੀ। ਐਲਿਸ, ਜਿਸ ਦੀਆਂ ਤਿੰਨ ਹੋਰ ਭੈਣਾਂ ਵੀ ਸਨ, ਬਹੁਤ ਹੀ ਚੁਸਤ-ਫੁਰਤ ਔਰਤ ਸੀ। ਬਾਅਦ ਵਿਚ ਭਾਰਤ ਦਾ ਵਾਇਸਰਾਏ ਬਣਨ ਵਾਲ਼ੇ ਇਕ ਵਿਅਕਤੀ ਦਾ ਐਲਿਸ ਬਾਰੇ ਇਹ ਕਹਿਣ ਸੀ, “ਸੁਸਤੀ ਅਤੇ ਮਿਸਿਜ਼ ਕਿਪਲਿੰਗ ਇਕ ਥਾਂ ਨਹੀਂ ਰਹਿ ਸਕਦੀਆਂ।” ਲੌਕਵੁੱਡ ਕਿਪਲਿੰਗ ਬੁੱਤਸਾਜ਼ ਹੋਣ ਦੇ ਨਾਲ਼-ਨਾਲ਼ ਭਾਂਡਿਆਂ ਦੇ ਡਿਜ਼ਾਈਨਰ ਵੀ ਸਨ ਅਤੇ ਆਰਕੀਟੈਕਚਰਲ ਸਕੱਲਪਚਰ ਦੇ ਪ੍ਰੋਫੈਸਰ ਹੋਣ ਦੇ ਨਾਲ਼-ਨਾਲ਼ ਬੰਬਈ ਦੇ ‘ਸਰ ਜੇਮਜ਼ ਜੀ ਭਾਈ ਸਕੂਲ ਔਫ ਆਰਟ’ ਦੇ ਪ੍ਰਿੰਸੀਪਲ ਵੀ ਸਨ। ਜੌਹਨ ਲੌਕਵੁੱਡ ਅਤੇ ਐਲਿਸ 1863 ਵਿਚ ਬਰਤਾਨੀਆ ਦੇ ਸ਼ਹਿਰ ਸਟੈਫੋਰਡਸ਼ਾਇਰ ਵਿਚ ਰੁਡਯਾਰਡ ਝੀਲ ’ਤੇ ਮਿਲੇ ਸਨ। ਫਿਰ ਉਹ ਆਪਸ ਵਿਚ ਵਿਆਹ ਕਰਾ ਕੇ 1865 ਵਿਚ ਭਾਰਤ ਆ ਗਏ। ਰੁਡਯਾਰਡ ਝੀਲ ਦੀ ਸੁੰਦਰਤਾ ਨੇ ਉਨ੍ਹਾਂ ਨੂੰ ਇੰਨਾ ਜ਼ਿਆਦਾ ਮੋਹ ਲਿਆ ਕਿ ਜਦੋਂ ਉਨ੍ਹਾਂ ਦੇ ਘਰ ਪਹਿਲਾ ਬੱਚਾ ਹੋਇਆ ਤਾਂ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਂ, ਉਸ ਝੀਲ ਦੇ ਨਾਂ ’ਤੇ ਰੱਖਿਆ। ਐਲਿਸ ਦੀ ਇਕ ਭੈਣ ਜਾਰਜੀਆਨਾ, ਚਿੱਤਰਕਾਰ ਐਡਵਰਡ ਬਰਨ-ਜੋਨਜ਼ ਨੂੰ ਅਤੇ ਦੂਜੀ ਭੈਣ ਐਗਨੇਜ਼, ਚਿਤਰਕਾਰ ਐਵਰਡ ਪੋਯੰਟਰ ਨੂੰ ਵਿਆਹੀ ਹੋਈ ਸੀ। ਕਿਪਲਿੰਗ ਦਾ, ਰਿਸ਼ਤੇ ’ਚੋਂ ਲੱਗਦਾ ਭਰਾ ਸਟੈਨਲੇ ਬਾਲਡਵਿਨ ਬਹੁਤ ਮਸ਼ਹੂਰ ਆਦਮੀ ਸੀ ਕਿਉਂ ਕਿ ਉਹ ਤਿੰਨ ਵਾਰ ਯੂ. ਕੇ. ਦਾ ਕਨਜ਼ਰਵੇਟਿਵ ਪ੍ਰਾਇਮ ਮਨਿਸਟਰ ਰਿਹਾ ਸੀ।  
ਰੁਡਯਾਰਡ ਕਿਪਲਿੰਗ ਦਾ ਜਨਮ ਸਥਾਨ ਹਾਲੇ ਵੀ ਮੁੰਬਈ ਦੇ ਜੇ ਜੇ ਸਕੂਲ ਔਫ ਆਰਟ ਵਿਚ ਕਾਇਮ-ਦਾਇਮ ਹੈ। ਉਹ ਘਰ ਕਈ ਸਾਲ ਡੀਨ ਦੀ ਰਿਹਾਇਸ਼ ਰਿਹਾ ਹੈ। ਬੰਬਈ ਬਾਰੇ ਕਿਪਲਿੰਗ ਨੇ ਕਦੇ ਏਦਾਂ ਲਿਖਿਆ ਸੀ:
ਮੇਰੇ ਲਈ ਉਹ ਸ਼ਹਿਰ ਸਭ ਸ਼ਹਿਰਾਂ ਮਾਂ,
ਕਿਉਂ ਕਿ ਮੈਂ ਉਸ ਦੇ ਦਰ ਜੰਮਿਆ ਸਾਂ।
ਇਕ ਪਾਸੇ ਸਨ ਰੁੱਖ ਖਜੂਰੀ, ਦੂਜੀ ਪਾਸੇ ਸਾਗਰ
ਜਿੱਥੇ ਕਿਸ਼ਤੀਆਂ ਉਡੀਕਦੀਆਂ ਤੇ ਮੁੱਕ ਜਾਂਦਾ ਜਹਾਂ।
ਮਾਪਿਆਂ ਵੱਲੋਂ ਭਾਰਤ ਵਿਚ ਰਹਿਣ ਦੌਰਾਨ ਰੁਡਯਾਰਡ ਅਤੇ ਉਨ੍ਹਾਂ ਦੀ ਤਿੰਨ ਸਾਲਾਂ ਦੀ ਭੈਣ ਐਲਿਸ (ਟ੍ਰਿਕਸ) ਨੂੰ ਛੇ ਸਾਲ, ਬਰਤਾਨੀਆ ਵਿਚ ਪੋਰਟਸਮਾਊਥ ਵਿਖੇ ਇਕ ਫੌਜੀ ਅਧਿਕਾਰੀ ਦੇ ਘਰ ਕੱਟਣੇ ਪਏ। ਉਸ ਘਰ ਅੰਦਰਲੇ ਸਖ਼ਤ ਮਾਹੌਲ ਨੇ ਉਨ੍ਹਾਂ ਅੰਦਰਲੇ ਲੇਖਕ ਨੂੰ ਦਬਾਈ ਰੱਖਿਆ ਸੀ ਤੇ ਇਹ ਗੱਲਾਂ ਉਸ ਜ਼ਮਾਨੇ ਤੋਂ 65 ਸਾਲ ਬਾਅਦ ਲਿਖੀ ਗਈ ਉਨ੍ਹਾਂ ਦੀ ਜੀਵਨੀ ਵਿਚ ਉਜਾਗਰ ਹੋਈਆਂ ਸਨ। 
ਫਿਰ ਕਿਪਲਿੰਗ ਨੂੰ ਲਾਹੌਰ ਵਿਚ ‘ਸਿਵਲ ਐਂਡ ਮਿਲਟਰੀ ਗੱਜ਼ਟ’ ਨਾਂ ਦੇ ਛੋਟੇ ਜਿਹੇ ਅਖ਼ਬਾਰ ਵਿਚ ‘ਅਸਿਸਟੈਂਟ ਐਡੀਟਰ’ ਵਜੋਂ ਕੰਮ ਮਿਲ ਗਿਆ। ਬਰਤਾਨੀਆ ਤੋਂ ਬੰਬਈ ਰਾਹੀ ਲਾਹੌਰ ਆ ਕੇ ਕਿਪਲਿੰਗ ਨੇ ‘ਸਿਵਲ ਐਂਡ ਮਿਲਟਰੀ ਗੱਜ਼ਟ’ ਦਾ ਕੰਮ ਸੰਭਾਲਿਆ ਅਤੇ ਇਸ ਅਖ਼ਬਾਰ ਨੂੰ ਉਹ ਆਪਣੀ ‘ਮਾਸ਼ੂਕ’ ਮੰਨਦੇ ਹੁੰਦੇ ਸਨ। ਇਹੋ ਜਿਹੀ ਮਹਾਨ ਸ਼ਖ਼ਸੀਅਤ ਦੇ ਸਾਰੇ ਜੀਵਨ ਬਾਰੇ ਲਿਖਣ ਲਈ ਇਹ ਥਾਂ ਬਹੁਤ ਭੀੜੀ ਹੈ।#