ਸਿਰੇ ’ਤੇ ਗੰਢ
ਬਖ਼ਸ਼ਿੰਦਰ
ਤਕਰੀਬਨ 26 ਵਰ੍ਹਿਆਂ ਦੀ ਉਮਰੇ ਵਿਆਹੀ ਗਈ ਤੇ ਮਸਾਂ ਤਿੰਨ ਮਹੀਨੇ ਆਪਣੇ ਪਤੀ ਨਾਲ਼ ਬਿਤਾਉਣ ਮਗਰੋਂ 22 ਵਰ੍ਹਿਆਂ ਤੋਂ ਉਸ ਨੂੰ ਉਡੀਕਦੀ 48 ਵਰ੍ਹਿਆਂ ਦੀ ਹੋ ਗਈ, ਨਵਨੀਤ ਕੌਰ ਹੁਣ ਹਾਕਮਾਂ ਨੂੰ ਇਹੋ ਕਹਿੰਦੀ ਹੈ, “ਜੁਆਨੀ ਤਾਂ ਗਈ ਭੰਗ ਦੇ ਭਾੜੇ, ਹੁਣ ਸਾਨੂੰ ਰਲ਼ ਕੇ ਬੁੜ੍ਹੇ ਤਾਂ ਹੋ ਲੈਣ ਦਿਓ।” ਉਸ ਦੇ ਪਤੀ ਨੂੰ ਫਾਂਸੀ ਦਾ ਹੁਕਮ ਹੈ ਅਤੇ ਨਵਨੀਤ ਚਾਹੁੰਦੀ ਹੈ ਕਿ ਉਸ ਦੇ ਪਤੀ ਦੀ ਫਾਂਸੀ ਟੁੱਟ ਕੇ, ਉਮਰ ਕੈਦ ਹੋ ਜਾਵੇ। ਨਵਨੀਤ ਦੇ ਪਤੀ ਦਾ ਨਾਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਹੈ, ਜਿਸ ਨੂੰ ਦਿੱਲੀ ਵਿਚ ਬੰਬ ਧਮਾਕੇ ਕਰਨ ਦੇ ਦੋਸ਼ ਅਧੀਨ ਸੁਣਾਈ ਹੋਈ ਫਾਂਸੀ, ਸੁਪਰੀਮ ਕੋਰਟ ਨੇ ਹਾਲ ਹੀ ਵਿਚ ਰੋਕ ਦਿੱਤੀ ਹੈ।
ਸੁਪਰੀਮ ਕੋਰਟ ਦਾ ਇਹ ਹੁਕਮ ਆਉਣ ਤੋਂ ਪਹਿਲਾਂ, ਨਵਨੀਤ ਨੇ ਕੁੱਝ ਪੱਤਰਕਾਰਾਂ ਨਾਲ਼ ਆਪਣਾ ਮਨ ਸਾਂਝਾ ਕੀਤਾ। ਉਸ ਨੇ ਦੱਸਿਆ ਕਿ ਦਵਿੰਦਰ ਪਾਲ ਸਿੰਘ ਭੁੱਲਰ (ਜਿਸ ਨੂੰ ਉਹ ‘ਪ੍ਰੋਫੈਸਰ’ ਕਹਿੰਦੀ ਹੈ) ਹੁਣ ਉਸ ਨੂੰ ਪਛਾਣਦਾ ਵੀ ਨਹੀ। ਉਹ ਕਹਿੰਦੀ ਹੈ ਕਿ ਹੁਣ ਉਸ ਨੂੰ ਆਪਣੇ ਪਤੀ ਦੀ ਕਮਾਈ ਦੀ ਵੀ ਝਾਕ ਨਹੀਂ ਹੈ, ਉਹ ਤਾਂ ਇਹੋ ਚਾਹੁੰਦੀ ਹੈ ਕਿ ਉਹ, ਉਸ ਦੀਆਂ ਅੱਖਾਂ ਦੇ ਸਾਹਮਣੇ ਰਹੇ ਅਤੇ ਹੌਲ਼ੀ-ਹੌਲ਼ੀ ਉਸ ਨੂੰ ਸਿਆਨਣ-ਸਮਝਣ ਲੱਗ ਪਵੇ ਤੇ ਦੋਵੇਂ ਜਣੇ ਨਾਲ਼ੋ-ਨਾਲ਼ ਬੁੜ੍ਹੇ ਹੋ ਜਾਈਏ।
ਉਸ ਦੇ ਕਹਿਣ ਮੁਤਾਬਕ, ਪ੍ਰੋਫੈਸਰ ਭੁੱਲਰ ਦਾ ਇਹੋ ਗੁਨਾਹ ਹੈ ਕਿ ਉਹ ਇਕ ਇੰਜੀਨੀਅਰ-ਪ੍ਰੋਫੈਸਰ ਹੈ ਤੇ ਉਸ ਨੇ ਪੰਜਾਬ ਵਿਚ ਦਹਿਸ਼ਤਗ਼ਰਦੀ ਦੇ ਚੰਦਰੇ ਦਿਨੀਂ ਲਾਪਤਾ ਹੋਏ, ਆਪਣੇ ਕੁੱਝ ਵਿਦਿਅਰਥੀਆਂ ਬਾਰੇ ਅਵਾਜ਼ ਬੁਲੰਦ ਕੀਤੀ ਸੀ। ਨਵਨੀਤ, ਜਿੱਦਾਂ ਦੱਸਿਆ ਜਾ ਚੁੱਕਾ ਹੈ ਕਿ 26 ਸਾਲਾਂ ਦੀ ਸੀ, ਜਦੋਂ ਸਤੰਬਰ, 1991 ਵਿਚ ਉਸ ਦਾ ਵਿਆਹ ਹੋ ਗਿਆ। ਉਸ ਦੇ ਦੱਸਣ ਮੁਤਾਬਕ, ਉਸ ਦਾ ਪਤੀ ਲੰਮਾ-ਝੰਮਾ, ਮਿੱਠ-ਬੋਲੜਾ, ਸ਼ਰਮੀਲਾ ਜਿਹਾ ਮਕੈਨੀਕਲ ਇੰਜੀਨੀਅਰਿੰਗ ਦਾ ਪ੍ਰੋਫੈਸਰ ਸੀ ਤੇ ਉਹ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਉਂਦਾ ਹੁੰਦਾ ਸੀ।
“ਉਹ ਸਮੇਂ ਬਹੁਤ ਚੰਦਰੇ ਸੀ,” ਉਹ ਦੱਸਦੀ ਹੈ, “ਨਿੱਤ ਹੀ ਨੌਜੁਆਨ ਸਿੱਖ, ‘ਖ਼ਾਲਿਸਤਾਨੀ ਦਹਿਸ਼ਤਗ਼ਰਦੀ’ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਅਧੀਨ ਘਰਾਂ ਤੋਂ ਚੁੱਕ ਲਏ ਜਾਂਦੇ।‘ਪ੍ਰੋਫੈਸਰ’ ਇਸ ਸਭ ਕੁੱਝ ਤੋਂ ਅੱਕਿਆ ਹੋਇਆ ਕਿਤੇ ਦੂਰ ਨਿੱਕਲ ਜਾਣਾ ਚਾਹੁੰਦਾ ਸੀ। ਉਹ ਕਿਸੇ ਹੋਰ ਨੌਕਰੀ ਲਈ ਹੱਥ-ਪੈਰ ਮਾਰ ਰਿਹਾ ਸੀ। ਉਸ ਨੂੰ ਚੰਡੀਗੜ੍ਹ ਦੀ ਇਕ ਚੰਗੀ ਕੰਪਨੀ ਵੱਲੋਂ ਨੌਕਰੀ ਦਾ ਸੁਨੇਹਾ ਵੀ ਆ ਗਿਆ ਸੀ।”
ਨਵਨੀਤ ਪੁਰਾਣੀਆਂ ਯਾਦਾਂ ਵਿਚ ਗੁਆਚ ਗਈ ਸੀ। ਉਹ ਉਨ੍ਹਾਂ ਚੇਤਿਆਂ ਵਿਚੋਂ, ਦੂਰੋਂ ਬੋਲਦੀ ਲੱਗਦੀ ਹੈ, “ਅਸੀਂ ਲੁਧਿਆਣਿਓਂ ਚਲੇ ਜਾਣਾ ਤੱਕਦੇ ਸਾਂ। ਸਾਡਾ ਵਿਆਹ ਹੋਏ ਨੂੰ ਮਸਾਂ ਤਿੰਨ ਮਹੀਨੇ ਹੋਏ ਸੀ ਕਿ ‘ਪ੍ਰੋਫੈਸਰ’ ਨੂੰ, ਉਸ ਵੇਲ਼ੇ ਚੰਡੀਗੜ੍ਹ ਦੇ ਐੱਸ. ਐੱਸ. ਪੀ. ਸੁਮੇਧ ਸਿੰਘ ਸੈਣੀ ਉੱਤੇ ਬੰਬ ਨਾਲ਼ ਹਮਲਾ ਕਰਨ ਦੇ ਸ਼ੱਕ ਅਧੀਨ ਮੁਲਜ਼ਮ ਬਣਾ ਧਰਿਆ ਗਿਆ। ਉਸ ਦਾ ਇਸ ਹਮਲੇ ਨਾਲ਼ ਕੋਈ ਸਬੰਧ ਨਹੀਂ ਸੀ। ਉਸ ਨੂੰ ਆਪਣੇ ਵਿਦਿਆਰਥੀਆਂ ਦੇ ਲਾਪਤਾ ਹੋਣ ਬਾਰੇ ਬੋਲਣੋਂ ਹਟਾਉਣ ਲਈ ਹੀਲੇ ਕੀਤੇ ਜਾ ਰਹੇ ਸੀ। ਇੰਜੀਨੀਅਰ ਹੋਣ ਕਰ ਕੇ ਉਸ ਨੂੰ ਰਿਮੋਟ ਕੰਟਰੋਲ ਨਾਲ਼ ਚੱਲਣ ਵਾਲ਼ੇ ਬੰਬ ਬਣਾਉਣ ਵਾਲ਼ਾ ਲਿਖ ਦਿੱਤਾ ਗਿਆ।”
ਨਵਨੀਤ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਾਲ਼ ਰਲ਼ ਕੇ 2011 ਵਿਚ ਸੁਪਰੀਮ ਕੋਰਟ ਅੱਗੇ ਇਕ ਪਟੀਸ਼ਨ ਦਾਇਰ ਕਰਾਈ ਸੀ, ਜਿਸ ਰਾਹੀਂ ਉਸ ਨੇ ਮੰਗ ਕੀਤੀ ਸੀ ਕਿ ਉਸ ਦੇ ਪਤੀ ਦੀ ਜਾਨ ਬਖ਼ਸ਼ ਕੇ, ਉਸ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਜਾਵੇ। ਉਸ ਵੱਲੋਂ 2003 ਵਿਚ ਰਾਸ਼ਟਰਪਤੀ ਅੱਗੇ ਕੀਤੀ ਹੋਈ ਰਹਿਮ ਦੀ ਅਪੀਲ ਉਦੋਂ ਵਿਚਾਰ ਗੋਚਰੇ ਸੀ। ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਹੀ ਹੁਣ ਉਸ ਦੇ ਪਤੀ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ, ਹਾਲ ਦੀ ਘੜੀ ਰੋਕ ਦਿੱਤੀ ਹੈ।
“ਪ੍ਰੋਫੈਸਰ ਨੂੰ ਫੜਨ ਲਈ ਪੁਲੀਸ ਸਾਡੇ ਘਰ ਛਾਪੇ ਮਾਰਦੀ,” ਉਹ ਦੱਸਦੀ ਹੈ, “ਉਹ ਨਾ ਮਿਲਦਾ ਤਾਂ ਉਹ, ਉਸ ਦੇ ਪਿਤਾ ਜੀ ਬਲਵੰਤ ਸਿੰਘ, ਚਾਚਾ ਜੀ ਮਨਜੀਤ ਸਿੰਘ ਤੇ ਉਨ੍ਹਾਂ ਦੇ ਪੁੱਤ ਨੂੰ ਫੜ ਕੇ ਲੈ ਗਈ। ਉਨ੍ਹਾਂ ਦਾ ਕੀ ਬਣਿਆ, ਸਾਨੂੰ ਕੋਈ ਇਲਮ ਨਹੀਂ। ਉਨ੍ਹਾਂ ਨੂੰ ਕੋਈ ਐੱਫ. ਆਈ. ਆਰ. ਦਰਜ ਕਰਨ ਤੋਂ ਬਗ਼ੈਰ ਚੁੱਕਿਆ ਗਿਆ ਸੀ ਤੇ ਮਾਰ-ਖਪਾ ਦਿੱਤੇ ਗਏ।” ਇਹ ਕਹਿੰਦਿਆਂ, ਉਹ ਆਪਣੀਆਂ ਅੱਖਾਂ ਪੂੰਝਦੀ ਹੈ। ਉਹ ਦੱਸਦੀ ਹੈ ਕਿ ਬਲਵੰਤ ਸਿੰਘ ਅਤੇ ਮਨਜੀਤ ਸਿੰਘ ਸੀਨੀਅਰ ਸਰਕਾਰੀ ਮੁਲਾਜ਼ਮ ਸਨ। ਪੁਲੀਸ ਤਾਂ ਨਵਨੀਤ ਦੇ ਬਾਪ ਨੂੰ ਵੀ ਚੁੱਕ ਕੇ ਲੈ ਗਈ ਸੀ, ਪਰ ਉਸ ਨੂੰ ਡੇਢ ਮਹੀਨੇ ਮਗਰੋਂ ਛੱਡ ਦਿੱਤਾ ਗਿਆ ਸੀ। ਉਹ ਜਦੋਂ ਘਰ ਮੁੜਿਆ ਤਾਂ ਉਸ ਵੱਲ ਦੇਖਿਆ ਨਹੀਂ ਜਾਂਦਾ ਸੀ। ਉਸ ਦੀ ਹਾਲਤ ਬਹੁਤ ਖ਼ਰਾਬ ਕੀਤੀ ਹੋਈ ਸੀ।
“ਉਹ ਚੱਜ ਨਾਲ਼ ਤੁਰ ਵੀ ਨਹੀਂ ਸਕਦੇ ਸੀ ਤੇ ਉਨਾਂ ਦਾ ਦਿਮਾਗ਼ ਵੀ ਸਹੀ ਨਹੀਂ ਰਿਹਾ ਸੀ,” ਨਵਨੀਤ ਦੱਸਦੀ ਹੈ, “ਪ੍ਰੋਫੈਸਰ ਨੇ ਤਿੰਨ ਸਾਲ ਲੁਕ-ਛੁਪ ਕੇ ਬਿਤਾਏ ਕਿਉਂ ਕਿ ਉਸ ਨੂੰ ਡਰ ਸੀ ਕਿ ਉਹ ਵੀ ਉਸ ਦੇ ਪਿਤਾ ਜੀ ਵਾਂਗ ਹੀ ਕਿਤੇ ਮਾਰ-ਖਪਾ ਦਿੱਤਾ ਜਾਵੇਗਾ। ਅਸੀਂ ਦੋਵੇਂ ਨਾ ਕਦੇ ਮਿਲ ਸਕੇ, ਨਾ ਕੋਈ ਗੱਲ ਕਰ ਸਕੇ। ਉਹ ਕਦੇ ਵੀ ਮੈਨੂੰ ਮਿਲਣ ਦਾ ਜੇਰਾ ਨਾ ਕਰ ਸਕਿਆ ਕਿਉਂ ਕਿ ਸਾਨੂੰ ਡਰ ਹੁੰਦਾ ਸੀ ਕਿ ਜੇ ਕਿਤੇ ਉਹ ਫੜਿਆ ਗਿਆ, ਪੁਲੀਸ ਉਸ ਨੂੰ ਖ਼ਤਮ ਕਰ ਦੇਵੇਗੀ। ਮੈਨੂੰ ਕੋਈ ਇਲਮ ਨਹੀਂ ਹੁੰਦਾ ਸੀ ਕਿ ਉਹ ਜੀਂਦਾ ਵੀ ਹੈ ਜਾਂ ਮੈਂ ਉਸ ਦੀ ਮੌਤ ਦੀ ਖ਼ਬਰ ਟੀਵੀ ਤੋਂ ਹੀ ਸੁਣਾਂਗੀ। ਅਸੀਂ ਸਾਰੇ ਜੁਦਾ-ਜੁਦਾ ਕਰ ਦਿੱਤੇ ਗਏ ਸੀ। ਸਾਡੇ ਟੱਬਰ ਨੂੰ ਇਹ ਯਕੀਨ ਕਰਨਾ ਬਹੁਤ ਔਖਾ ਹੋ ਰਿਹਾ ਸੀ ਕਿ ਸਾਡੇ ਤਿੰਨ ਜੀਅ ਲਾਪਤਾ ਹੋ ਚੁੱਕੇ ਹਨ।”
ਇਸ ਦੌਰਾਨ ਨਵਨੀਤ ਕੌਰ ਨੇ ਇਕ ਹੋਸਟਲ ਵਿਚ ਵਾਰਡਨ ਵਜੋਂ ਨੌਕਰੀ ਵੀ ਕੀਤੀ। ਇਹ ਪਹਿਲਾ ਮੌਕਾ ਸੀ, ਜਦੋਂ ਉਹ ਗੁਜ਼ਾਰੇ ਖ਼ਾਤਰ ਕੰਮ ਕਰਨ ਲਈ ਘਰੋਂ ਬਾਹਰ ਨਿੱਕਲੀ ਸੀ।
1993 ਵਿਚ, ਦਿੱਲੀ ਵਿਖੇ ਯੂਥ ਕਾਂਗਰਸ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਦੇ ਕਾਫਲੇ ਉੱਤੇ ਹਮਲਾ ਕੀਤਾ ਗਿਆ, ਜਿਸ ਵਿਚ 9 ਜਣੇ ਮਾਰੇ ਗਏ ਤੇ ਬਿੱਟਾ ਜ਼ਖ਼ਮੀ ਹੋ ਗਿਆ। ਨਵਨੀਤ ਦਾ ਕਹਿਣ ਹੈ ਕਿ ਇਸ ਹਮਲੇ ਦਾ ਇਲਜ਼ਾਮ ਵੀ ਦਵਿੰਦਰ ਪਾਲ ਸਿੰਘ ਦੇ ਸਿਰ ਲੱਗਿਆ ਕਿਉਂ ਕਿ ਇਹ ਹਮਲਾ ਵੀ ਰਿਮੋਟ ਕੰਟਰੋਲਡ ਬੰਬਾਂ ਨਾਲ਼ ਕੀਤਾ ਗਿਆ ਸੀ। “ਮੇਰਾ ਪਤੀ ਇੰਜੀਨੀਅਰ ਸੀ, ਜਿਸ ਕਰ ਕੇ ਉਸ ਦਾ ਨਾਂ ਉਸ ਹਮਲੇ ਨਾਲ਼ ਜੋੜ ਦਿੱਤਾ ਗਿਆ ਤੇ ਕਿਹਾ ਗਿਆ ਕਿ ਇਹ ਹਮਲਾ ਵੀ, 1991 ਵਿਚ ਹੋਏ ਹਮਲੇ ਵਰਗਾ ਹੀ ਸੀ। ਓਦਾਂ ਮੇਰੇ ਪਤੀ ਦਾ ਇਸ ਹਮਲੇ ਵਿਚ ਹੱਥ ਹੋਣ ਦਾ ਕੋਈ ਸਬੂਤ ਨਹੀਂ ਸੀ,” ਨਵਨੀਤ ਨੇ ਕਿਹਾ।
2001 ਵਿਚ ਦਿੱਲੀ ਦੀ ਇਕ ਹੇਠਲੀ ਅਦਾਲਤ ਨੇ ਦਵਿੰਦਰ ਪਾਲ ਸਿੰਘ ਨੂੰ ਮੁਜਰਮ ਕਰਾਰ ਦੇ ਦਿੱਤਾ ਅਤੇ ਮੌਤ ਦੀ ਸਜ਼ਾ ਸੁਣਾ ਦਿੱਤੀ। 2002 ਵਿਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਇਕ ‘ਪਾਟੋਧਾੜ ਫੈਸਲੇ’ ਵਿਚ ਇਹ ਸਜ਼ਾ ਬਰਕਰਾਰ ਰੱਖੀ ਗਈ। ਇਸ ਫੈਸਲੇ ਨੂੰ ‘ਪਾਟੋਧਾੜ ਫੈਸਲਾ’ ਕਹੇ ਜਾਣ ਦੀ ਵਜ੍ਹਾ ਇਹ ਸੀ ਕਿ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਪੈਨਲ ਵਿਚੋਂ ਇਕ ਜੱਜ, ਜਸਟਿਸ ਐੱਮ. ਬੀ. ਸ਼ਾਹ ਨੇ ਦਵਿੰਦਰ ਪਾਲ ਸਿੰਘ ਨੂੰ ਬਰੀ ਕਰਨ ਦੀ ਸਿਫ਼ਾਰਸ਼ ਕੀਤੀ ਸੀ ਜਦੋਂ ਬਾਕੀ ਦੇ ਦੋ ਜੱਜਾਂ ਨੇ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਸੀ। ਮਈ, 2011 ਵਿਚ ਰਾਸ਼ਟਰਪਤੀ ਨੇ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ।
ਉਨ੍ਹਾਂ ਨੂੰ ਵਿਛੜਿਆਂ ਤਿੰਨ ਸਾਲ ਹੋ ਗਏ ਸਨ ਅਤੇ ਦਵਿੰਦਰ ਪਾਲ ਸਿੰਘ ਉਦੋਂ ਵੀ ਲੁਕਦਾ ਫਿਰਦਾ ਸੀ ਕਿ ਇਨ੍ਹਾਂ ਦੋਹਾਂ ਸਰੀਰਾਂ ਨੇ ਕੈਨੇਡਾ ਵਿਚ ਇਕੱਠੇ ਹੋਣ ਦੀ ਵਿਉਂਤ ਬਣਾਈ ਤੇ ਸੋਚਿਆ ਕਿ ਜੇ ਹੋ ਸਕਿਆ ਤਾਂ ਉੱਥੇ ਨਵੇਂ ਸਿਰਿਉਂ ਜ਼ਿੰਦਗ਼ੀ ਸ਼ੁਰੂ ਕਰਾਂਗੇ। ਨਵਨੀਤ ਨੇ ਇਸ ਬਾਰੇ ਏਦਾਂ ਦੱਸਿਆ, “ਮੈਂ ਬਚਦੀ-ਬਚਾਉਂਦੀ ਕੈਨੇਡਾ ਪਹੁੰਚ ਗਈ, ਪਰ ਉਸ ਨੂੰ ਫਰੈਂਫਰਟ ਵਿਚ ਉਸ ਵੇਲ਼ੇ ਫੜ ਲਿਆ ਗਿਆ ਜਦੋਂ ਉਹ ਇਕ ਜਹਾਜ਼ ਵਿਚੋਂ ਉੱਤਰ ਕੇ ਦੂਜੇ ਵਿਚ ਚੜ੍ਹ ਰਿਹਾ ਸੀ। ਉਸ ਕੋਲ ਲੋੜੀਂਦੇ ਕਾਗ਼ਜ਼ ਵੀ ਨਹੀਂ ਸੀਗੇ। ਮੈਂ ਫੇਰ ਹਾਰ-ਹੁੱਟ ਗਈ। ਮੇਰਾ ਘਰ ਵਾਲ਼ਾ, ਮੇਰੇ ਬਹੁਤ ਹੀ ਕੋਲ਼ੋਂ ਖੋਹ ਲਿਆ ਗਿਆ।”
1995 ਵਿਚ ਦਵਿੰਦਰ ਪਾਲ ਸਿੰਘ ਨੂੰ ਭਾਰਤ ਮੋੜ ਦਿੱਤਾ ਗਿਆ। ਅਗਲੇ 6 ਸਾਲ ਉਹ ਅਦਾਲਤਾਂ ਦੇ ਗੇੜ ਵਿਚ ਰਿਹਾ ਜਦੋਂ ਕਿ ਨਵਨੀਤ ਨੇ ਕੈਨੇਡਾ ਵਿਚ ਜ਼ਿੰਦਗ਼ੀ ਫਿਰ ‘ਊੜੇ-ਐੜੇ’ ਤੋਂ ਸ਼ੁਰੂ ਕੀਤੀ। ਇਸ ਤੋਂ ਅੱਗੇ ਉਹ ਦੱਸਦੀ ਹੈ, “ਮੈਂ ਆਪਣੇ ਮਾਪੇ ਆਪਣੇ ਕੋਲ ਸੱਦ ਲਏ, ਫੇਰ ਸਿਟੀਜ਼ਨਸ਼ਿੱਪ ਮਿਲਣ ਦੀ ਉਡੀਕ ਕੀਤੀ ਤੇ ਸੋਚਿਆ ਕਿ ਹੁਣ ਰੋਟੀ-ਰੋਜ਼ੀ ਕਿੱਦਾਂ ਕਮਾਉਣੀ ਹੈ।” ਫੇਰ ਉਸ ਨੇ ਨਰਸਿੰਗ ਦਾ ਕੋਰਸ ਕਰਨਾ ਸ਼ੁਰੂ ਕਰ ਲਿਆ। ਵਾਰ-ਵਾਰ ਭਾਰਤ ਜਾਣ ਜੋਗਾ ਕਿਰਾਇਆ ਕਮਾਉਣ ਲਈ ਦੋ-ਦੋ ਸ਼ਿਫਟਾਂ ਕੰਮ ਕੀਤਾ। “ਇਕ ਵਾਰੀ ਦਿੱਲੀ ਜਾਣ ਦੇ ਬਾਰਾਂ ਸੌ ਡਾਲਰ ਲੱਗਦੇ ਸੀ,” ਉਹ ਦੱਸਦੀ ਹੈ, “ਮੈਨੂੰ ਪ੍ਰੋਫੈਸਰ ਨੂੰ ਦੇਖਣ ਜਾਣ ਲਈ ਇੰਨੇ ਪੈਸਿਆਂ ਦਾ ਪ੍ਰਬੰਧ ਕਰਨਾ ਹੀ ਪੈਂਦਾ ਸੀ।” ਇਸ ਦੌਰਾਨ ਦਵਿੰਦਰ ਪਾਲ ਸਿੰਘ ਦੀ ਮਾਂ, ਆਪਣੇ ਛੋਟੇ ਪੁੱਤ ਨਾਲ਼ ਅਮਰੀਕਾ ਪਹੁੰਚ ਗਈ।
ਦਵਿੰਦਰ ਪਾਲ ਸਿੰਘ ਦੇ ਫੜੇ ਜਾਣ ਤੋਂ ਬਾਅਦ 2001 ਵਿਚ ਪਹਿਲੀ ਵਾਰੀ ਨਵਨੀਤ, ਦਵਿੰਦਰ ਪਾਲ ਸਿੰਘ ਨੂੰ ਤਿਹਾੜ ਜੇਲ੍ਹ ਵਿਚ ਮਿਲੀ। ਉਹ ਦੱਸਦੀ ਹੈ ਦਵਿੰਦਰ ਪਾਲ ਸਿੰਘ ਨੂੰ ਬਰੀ ਹੋ ਜਾਣ ਦਾ ਪੂਰਾ ਯਕੀਨ ਸੀ। ਉਸ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਤਸੀਹੇ ਦੇ ਕੇ ਉਸ ਤੋਂ ਜੁਰਮ ਦਾ ਇਕਬਾਲ ਤਾਂ ਕਰਾ ਲਿਆ ਗਿਆ ਹੈ, ਪਰ ਪੁਲੀਸ ਕੋਲ਼ ਇਸ ਦੇ ਹੱਕ ਵਿਚ ਕੋਈ ਸਬੂਤ ਨਹੀਂ ਹੈ।
2000 ਵਿਚ ਦਵਿੰਦਰ ਦੇ ਦਿਮਾਗ਼ ਉੱਤੇ ਮਾੜਾ ਅਸਰ ਪਿਆ ਜ਼ਾਹਿਰ ਹੋਣ ਲੱਗ ਪਿਆ। ਇਸ ਤੋਂ ਡਰੀ-ਘਬਰਾਈ ਨਵਨੀਤ ਨੇ ਦਰਖ਼ਾਸਤਾਂ ਅਤੇ ਪਟੀਸ਼ਨਾਂ ਦੀ ਝੜੀ ਲਾ ਦਿੱਤੀ। ਉਸ ਸਿਆਸਤਦਾਨਾਂ ਨੂੰ ਮਿਲੀ ਤੇ ਉਸ ਨੇ ਦੇਸ਼-ਵਿਦੇਸ਼ ਵਿਚ ਮਨੁੱਖੀ ਅਧਿਕਾਰ ਜਥੇਬੰਦੀਆਂ ਨਾਲ਼ ਸੰਪਰਕ ਕੀਤੇ। ਉਸ ਨੇ ਆਪਣੇ ਪਤੀ ਦਾ ਮਾਮਲਾ ਕੈਨੇਡਾ ਅਤੇ ਜਰਮਨੀ ਦੀਆਂ ਪਾਰਲੀਮੈਂਟਸ ਵਿਚ ਵੀ ਉਠਵਾਇਆ।
ਹੁਣ ਉਸ ਦਾ ਪਤੀ, ਦਿੱਲੀ ਦੇ ‘ਇੰਸਟੀਚਿਊਟ ਔਫ ਹਿਊਮਨ ਬੀਹੇਵੀਅਰ ਐਂਡ ਅਲਾਇਡ ਸਾਇੰਸਿਜ਼’ ਵਿਚ ਦਾਖਲ ਹੈ। ਉਹ ਹੱਡੀਆਂ ਦੀ ਮੁੱਠ ਬਣ ਚੁੱਕਾ ਹੈ ਤੇ ਕਦੇ-ਕਦੇ ਬੋਲਦਾ ਹੈ ਤਾਂ ਇਹ ਕਹਿੰਦਾ ਹੈ, “ਮੈਂ ਮੰਤਰੀ ਹਾਂ, ਮੇਰਾ ਹੈਲੀਕਾਪਟਰ ਲਿਆਓ… ਮੈਂ ਦੌਰੇ ’ਤੇ ਜਾਣੈ।” ਇਹ ਦਾਸਤਾਨ ਸੁਣਾਉਂਦੀ ਨਵਨੀਤ ਦੇ ਹੰਝੂ ਠੱਲ੍ਹੇ ਨਹੀਂ ਜਾ ਰਹੇ ਸਨ ਤੇ ਕਲਮਕਾਰ ਮਨ ਸੋਚ ਰਿਹਾ ਸੀ ਕਿ ਮੇਰੇ ਮੁਲਕ ਦੀ ਇਹ ਕਿਹੋ ਜਿਹੀ ਸੁਹਾਗਣ ਹੈ, ਜੋ ਇਸ ਤਰ੍ਹਾਂ ‘ਬੁੱਢ ਸੁਹਾਗਣ’ ਹੋਣ ਨੂੰ ਵੀ ਤਰਸਦੀ ਹੈ!#
