ਸਿਰੇ ’ਤੇ ਗੰਢ
ਬਖ਼ਸ਼ਿੰਦਰ
ਖ਼ਬਰ ਹੈ ਕਿ ਵੈਨਕੂਵਰ ਦੇ ਪੁਲੀਸ ਮੁਲਾਜ਼ਮ ਆਪਣੀਆਂ ਵਰਦੀਆਂ ਨਾਲ਼ ਹੀ ਕੈਮਰੇ ਵੀ ਪਹਿਨਿਆ ਕਰਨਗੇ। ਹੈਰਾਨ ਹੋਣ ਵਾਲ਼ੀ ਗੱਲ ਤਾਂ ਓਦਾਂ ਵੀ ਹੈ ਤੇ ਨਵੇਂ-ਨਵੇਂ ਕੈਨੇਡਾ ਆਏ ਹੋਣ ਕਰ ਕੇ ਸਾਨੂੰ ਹੈਰਾਨ ਹੋਣ ਦਾ ਹੱਕ ਜਿਹਾ ਵੀ ਹੈ। ਹਰ ਕੱਪੜਾ-ਗਹਿਣਾ ਪਾਉਣ ਲਈ ਸਰੀਰ ਦਾ ਕੋਈ ਨਾ ਕੋਈ ਅੰਗ ਜਾਂ ਹਿੱਸਾ ਰਾਖਵਾਂ ਹੈ। ਵਰਦੀ ਤਾਂ ਖ਼ੈਰ ਸਾਰੇ ਸਰੀਰ ’ਤੇ ਪਹਿਨ ਲਈ ਜਾਂਦੀ ਹੈ। ਅਸੀਂ ਸੋਚੀਂ ਪੈ ਗਏ ਪਈ ਇਹ ਕੈਮਰੇ ਕਿੱਥੇ ਅਤੇ ਕਿੱਦਾਂ ‘ਪਹਿਨੇ’ ਜਾਇਆ ਕਰਨਗੇ। ਖ਼ਬਰ ਵਿਚ ਇਹ ਵੀ ਲਿਖਿਆ ਹੋਇਆ ਸੀ ਕਿ 2014 ਦੇ ਅੱਧ ਤਕ ਕੈਮਰੇ ਵਰਦੀਆਂ ਉੱਤੇ ਟਿੱਚਾਂ ਵਾਂਗ ਜੜ ਦਿੱਤੇ ਜਾਣਗੇ। ਅਸੀਂ ਕਿਹਾ ਪਈ 2014 ਚੜ੍ਹ ਪਿਆ ਹੈ। ਤੇ ਇਕ ਮਹੀਨਾ ਤਾਂ ਹੁਣ ਨਿੱਕਲ ਵੀ ਗਿਆ ਹੈ। ਆਹ ਵੀ ਸਿਰੇ ਲੱਗ ਚਲਿਆ ਸਮਝੋ। ਮਹੀਨੇ ਰਹਿ ਗਏ ਚਾਰ। ਆਪੇ ਦਿਸ ਪਊ ਪਈ ਕੈਮਰੇ ਕਿੱਥੇ ਪਹਿਨੇ ਜਾਂ ਬੰਨ੍ਹੇ ਜਾਂਦੇ ਹਨ।
ਵੈਨਕੂਵਰ ਪੁਲੀਸ ਡਿਪਾਰਟਮੈਂਟ ਦੇ ਅਧਿਕਾਰੀ ਸਜ਼ੇਕੋਪੇਕ-ਸਜ਼ਕੋਪੋਵਸਕੀ ਨੇ ਇਨ੍ਹਾਂ ਕੈਮਰਿਆਂ ਦੀ ਲੋੜ ਪੈਣ  ਸਬੰਧੀ ਰਿਪੋਰਟ ਵਿਚ ਏਦਾਂ ਲਿਖਿਆ ਹੋਇਆ ਹੈ, “ਜਦੋਂ ਕੋਈ ਵਾਰਦਾਤ ਹੁੰਦੀ ਹੈ ਤਾਂ ਉਸ ਬਾਰੇ ਪੁਲੀਸ ਕੁੱਝ ਹੋਰ ਕਹਿੰਦੀ ਹੁੰਦੀ ਹੈ ਤੇ ਮੁਲਜ਼ਮ ਕੁੱਝ ਹੋਰ ਹੀ ਕਹਿ ਰਹੇ ਹੁੰਦੇ ਹਨ। ਪੁਲੀਸ ਵੱਲੋਂ ਵਰਦੀ ਦੇ ਨਾਲ਼ ਹੀ ‘ਪਹਿਨੇ’ ਹੋਏ ਕੈਮਰੇ, ਇਹੋ ਜਿਹੀ ਹਾਲਤ ਵਿਚ ਹਕੀਕਤ ਸਹੀ-ਸਹੀ ਬਿਆਨ ਕਰ ਦਿਆ ਕਰਨਗੇ।” ਇਸ ਰਿਪੋਰਟ ਵਿਚ ਇਹ ਵੀ ਲਿਖਿਆ ਹੋਇਆ ਹੈ ਕਿ ਇਹ ਕੈਮਰੇ ਪੁਲੀਸ ਅਧਿਕਾਰੀਆਂ ਨੂੰ ਭੜਕਣ ਤੋਂ ਰੋਕ ਦਿਆ ਕਰਨਗੇ।
ਕੈਨੇਡਾ ਵਿਚ ਹੀ ਐਡਮੰਟਨ ਦੀ ਪੁਲੀਸ ਇਹ ਕੈਮਰੇ ‘ਪਹਿਨ ਕੇ’ ਇਨ੍ਹਾਂ ਦੀ ਅਜ਼ਮਾਇਸ਼ ਵੀ ਕਰ ਚੁੱਕੀ ਹੈ। ਵਿਕਟੋਰੀਆ ਦੀ ਪੁਲੀਸ ਇਨ੍ਹਾਂ ਦੀ ਨਿਰਖ-ਪਰਖ 2009 ਵਿਚ ਹੀ ਕਰ ਚੁੱਕੀ ਹੈ। ਭਾਵੇਂ ਅੱਜ ਵੀ ਕੋਈ ਵੱਡੀ ਵਾਰਦਾਤ ਹੋਣ ਵੇਲ਼ੇ ਕੁੱਝ ਚੌਕਸ ਪੱਤਰਕਾਰ ਆਪਣੇ ਮੋਬਾਈਲ ਫੋਨਾਂ ਦੇ ਕੈਮਰਿਆਂ ਦੀ ਮੱਦਦ ਨਾਲ਼ ਬਣਾਈਆਂ ਹੋਈਆਂ ਵਿਡੀਓ ਫ਼ਿਲਮਾਂ, ਵਾਰਦਾਤ ਹੋਣ ਤੋਂ ਕੁੱਝ ਹੀ ਸੈਕਿੰਡਜ਼ ਮਗਰੋਂ ਇੰਟਰਨੈੱਟ ਉੱਤੇ ਪਾ ਦਿੰਦੇ ਹਨ, ਪਰ ਉਹ ਵਿਡੀਓਜ਼, ਉਸ ਘਟਨਾ ਦਾ ਪੂਰਾ ਵੇਰਵਾ ਨਹੀਂ ਦਿੰਦੀਆਂ ਕਿਉਂ ਕਿ ਉਨ੍ਹਾਂ ਨੂੰ ‘ਸ਼ੂਟ’ ਕਰਨ ਵਾਲ਼ਾ ਪੱਤਰਕਾਰ ਵਾਰਦਾਤ ਤੋਂ ਕਾਫੀ ਫਾਸਲੇ ਉੱਤੇ ਰਿਹਾ ਹੁੰਦਾ ਹੈ।
ਬਾਹਰਲੇ ਮੁਲਕਾਂ ਦੀਆਂ ਪੁਲੀਸ ਫੋਰਸਾਂ ਵਰਦੀਆਂ ਨਾਲ਼ ਕੈਮਰੇ ਪਹਿਨਣ ਜਾਂ ਕੁੱਝ ਹੋਰ, ਅਸੀਂ ਇਸ ਗੱਲ ਵਿਚੋਂ ਕੀ ਲੈਣਾ ਹੋਇਆ? ਗੱਲ ਦਾ ਸੁਆਦ ਤਾਂ ਤਦ ਆਉਂਦੈ ਜੇ ਆਪਣੇ ਪੰਜਾਬ ਵਾਲ਼ੀ ਪੁਲੀਸ ਨੂੰ ਕੈਮਰੇ ਜੁੜਨ।ਇੱਕ ਗੱਲ ਚੇਤੇ ਆ ਗਈ, ਜੋ ਇਸ ਗੱਲ ਵੀ ਨਾਲ਼ ਜੁੜ ਜਾਵੇ ਖ਼ਬਰੇ। ਮੀਰਜ਼ਾਦਾ ਆਪਣੇ ਪ੍ਰਭਾਂ ਵਿਚ, ਆਪਣੀ ਅਕਲ ਦੀ ਧਾਂਕ ਜਮਾਉਣ ਖ਼ਾਤਰ ਕੋਈ ਗੱਲ ਸ਼ੁਰੂ ਕਰਨ ਲਈ ਬੋਲਿਆ, “ਲਓ ਬਈ ਪਰਭੋ! ਮੰਨ ਲਓ ਪਈ ਆਹ ਮੇਰੀ ਰੋਟੀ ਉੱਤੇ ਗੰਢੈ!” ਇੰਨੀ ਹੀ ਗੱਲ ਕੀਤੀ ਸੀ ਮੀਰਜ਼ਾਦੇ ਨੇ ਕਿ ਉਸ ਦਾ ਇਕ ਪ੍ਰਭ ਬੋਲ ਪਿਆ, “ਓਏ ਮੀਰ! ਜੇ ਮੰਨਣਾ ਈ ਐ ਤਾਂ ਸਹੁਰਿਆ! ਕੋਈ ਚੱਜ ਦੀ ਚੀਜ਼ ਮੰਨ। ਕੋਈ ਕੁੱਕੜ-ਸ਼ੁੱਕੜ ਮੰਨ।”
“ਨਾ ਪਰਭਾ, ਕੁੱਕੜ ਨਹੀਂ ਮੰਨਿਆ ਜਾਣਾ,” ਮੀਰ ਦਾ ਜੁਆਬ ਸੀ।
“ਕਿਉਂ, ਕੁੱਕੜ ਪੰਜੇ ਮਾਰਦੈ!” ਮੀਰ ਦੇ ਉਸ ਪ੍ਰਭ ਦਾ ਕਹਿਣ ਸੀ। ਮੀਰ ਵੱਲੋਂ ਕੀਤੀ ਜਾਣ ਵਾਲ਼ੀ ਉਹ ਗੱਲ ਤਾਂ ਕਿਤੇ ਹੋੲ ਥਾਂ ਹੀ ਰਹਿ ਗਈ ਤੇ ਗੱਲ ਤੁਰ ਪਈ ਕੁੱਕੜ ਵੱਲ ਨੂੰ। 
“ਪਰਭਾ, ਮੰਨਣ ਨੂੰ ਤਾਂ ਰੋਟੀ ਉੱਤੇ ਕੁੱਕੜ ਵੀ ਮੰਨ ਲਈਏ, ਇਕ ਤਾਂ ਉਸ ਦੇ ਬਿੱਠ-ਬਸੂਰ ਕਰਨ ਦਾ ਡਰ, ਬਿੱਠ ਨਾ ਵੀ ਕਰੇ ਤਾਂ ਉਹ ਨੂੰ ਹਾਜਮ ਕਿੱਦਾਂ ਕਰੂੰ?”
ਆਪਾਂ ਗੱਲ ‘ਗੰਢੇ’ ਤੋਂ ‘ਕੁੱਕੜ’ ਵੱਲ ਨਹੀਂ ਜਾਣ ਦੇਣੀ। ਜੇ ਸਾਡੀ ਸਰਕਾਰ, ਆਪਣੀ ਪੰਜਾਬ ਵਾਲ਼ੀ ਪੁਲੀਸ ਨੂੰ ਵਰਦੀਆਂ ਨਾਲ਼ ਪਾਉਣ ਲਈ ਕੈਮਰੇ ਲੈ ਕੇ ਨਹੀਂ ਦੇ ਸਕਦੀ ਤਾਂ ਕੁੱਕੜ ਦੇ ਸ਼ੌਕੀਨ, ਮੀਰ ਦੇ ਉਸ ਪ੍ਰਭ ਦੇ ਕਹਿਣ ਵਾਂਗ ‘ਆਪਾਂ ਮੰਨ ਤਾਂ ਸਕਦੇ ਹੀ ਹਾਂ ਕਿ ਆਪਣੇ ਪੰਜਾਬ ਵਾਲ਼ੀ ਪੁਲੀਸ ਨੇ ਵੀ ਵਰਦੀਆਂ ਦੇ ਨਾਲ਼ ਹੀ ਕੈਮਰੇ ਪਹਿਨ ਲਏ ਹਨ।’
ਕੈਮਰੇ ਵਾਲ਼ੀਆਂ ਵਰਦੀਆਂ ਪਾ ਕੇ, ਪਹਿਲਾ ਦਿਨ ਤਾਂ ਮੁਲਾਜ਼ਮਾਂ ਨੇ ਹਿੱਕ ਨਾਲ਼ ਲਟਕਦੇ ਕੈਮਰੇ ਟੋਂਹਦਿਆਂ-ਪਲੋਸਦਿਆਂ ਨੇ ਹੀ ਕੱਢ ਦਿੱਤਾ। ਅਗਲੇ ਦਿਨ, ਸਵੇਰੇ ਘਰਾਂ ਤੇ ਕੁਆਟਰਾਂ ਤੋਂ ਵਰਦੀਆਂ ਦੇ ਨਾਲ਼ ਫਿਰ ਕੈਮਰੇ ਵੀ ਪਾ ਕੇ ਤੁਰਦਿਆਂ ਹੀ ਮੁਲਾਜ਼ਮਾਂ ਦੇ ਦਿਮਾਗ਼ ਹੋਰ ਹੀ ਤਰ੍ਹਾਂ ਦਾ ਕੰਮ ਕਰਨ ਲੱਗ ਪਏ।
“ਕਿਸੇ ਤਰ੍ਹਾਂ ਅੱਜ ਕਾਲਜ ਆਲ਼ੇ ਚੌਕ ਵਿਚ ਟਰੈਫਿਕ-ਡਿਊਟੀ ਲੱਗ ਜਾਵੇ ਤਾਂ ਕੈਮਰੇ ਆਲ਼ੀ ਤਾਂ ਕਮਾਲ ਹੋ ਜਾਊ। ਕਾਲਜ ਦੇ ਅੰਦਰ ਜਾਣ ਤੋਂ ਪਹਿਲਾਂ ’ਕੱਲੀ-’ਕੱਲੀ ਨੂੰ ਕੈਮਰੇ ਵਿਚੀਂ ਲੰਘਾਊ…,” ਹੌਲਦਾਰ ਮੁੱਛ ਮਰੋੜ ਸਿੰਘ ਸੋਚ ਰਿਹਾ ਸੀ। ਉਹ, ਇਹ ਸੋਚਦਾ-ਸੋਚਦਾ ਥਾਣੇ ਪੁੱਜਿਆ ਤਾਂ ਅੱਗੋਂ ਛੋਟਾ ਥਾਣੇਦਾਰ ਪਟਾਕਾ ਸਿਹੁੰ ਬੋਲਿਆ, “ਓਏ ਮੁੱਛਲਾ, ਆਹ ਕੈਮਰਾ ਘਰ ਨੂੰ ਲੈ ਗਿਆ ਸੀ ਨਾਲ਼ ਈ, ਓਥੇ ਜਨਾਨੀ ਦੀ ਵੀਡੀਓ ਬਣਾਉਣੀ ਸੀ, ਨੀਲੇ ਰੰਗ ਦੀ? ਇਹ ਨੂੰ ਲਾਹ ਕੇ ਵੱਡੇ ਸਾਹਬ ਕੋਲ ਜਮ੍ਹਾ ਕਰਾ, ਫੇਰ ਕਰੀਂ ਜੋ ਹੋਰ ਕਰਨੈ।”
“ਸਰਦਾਰ ਜੀ, ਆਉਂਦਿਆਂ ਹੀ ਚੜ੍ਹ ਗਏ, ਵਰਦੀ ਘਰ ਜਾਂਦੀ ਐ ਤਾਂ ਕੈਮਰਾ ਵੀ ਨਾਲ਼ ਹੀ ਜਾਣਾ ਸੀ,” ਵਲ਼ ਜਿਹੇ ਖਾਂਦੇ ਮੁੱਛ ਮਰੋੜ ਸਿੰਘ ਨੇ ਭੜਾਸ ਜਿਹੀ ਕੱਢੀ ਤਾਂ ਪਟਾਕਾ ਸਿਹੁੰ ਬੋਲਿਆ, “ਭਲਕ ਤੋਂ ਉਹ ਸ਼ੇਰਵਾਨੀ, ਜਿਹੜੀ ਘਰੇ ਜਾ ਕੇ ਪਾਉਨੈਂ, ਨਾਲ਼ ਈ ਲਈ ਆਵੀਂ ਤੇ ਵਰਦੀ ਲਾਹ ਕੇ ਟੰਗ ਜਾਇਆ ਕਰੀਂ। ਹੁਣ ਬਹੁਤੀਆਂ ਹੁੱਜਤਾਂ ਨਾ ਕਰ। ਜੋ ਕਿਹਾ, ਉਹ ਕਰ।”
ਜਿੱਦਾਂ ਆਪਣੇ ਪੰਜਾਬ ਵਾਲ਼ੀ ਪੁਲੀਸ ਦੇ ਕਈ ਵੱਡੇ ਅਫ਼ਸਰ ਵਰਦੀ ਪਾਉਣੀ ਹੇਠੀ ਸਮਝਦੇ ਹਨ, ਕਈ ਅਫ਼ਸਰਾਂ ਨੇ ਵਰਦੀ ਥਾਂ ’ਕੱਲਾ ਕੈਮਰਾ ਹੀ ‘ਪਾ ਕੇ’ ਯਾਨੀ ਕੈਮਰਾ ਹੱਥ ਵਿਚ ਫੜ ਕੇ ਕਾਰ ਵਿਚੋਂ ਉੱਤਰਨਾ ਤਾਂ ਸਲੂਟ ਮਾਰ ਕੇ ਸੁਆਗਤ ਕਰਨ ਵਾਲ਼ੇ ਸੰਤਰੀ ਨੂੰ ਕੈਮਰਾ ਫੜਾ ਕੇ ਅਜੀਬ ਜਿਹਾ ਇਸ਼ਾਰਾ ਕਰਨਾ। ਸੰਤਰੀ ਨੇ ਰਫ਼ਲ ਮੋਢੇ ਨਾਲ਼ ਟੰਗ ਕੇ ਆਪਣੇ ‘ਸਾਹਬ’ ਦੀ ਵਿਡੀਓ ਬਣਾਉਣ ਲੱਗ ਪੈਣਾ। ਸਾਹਿਬ ਨੇ ਉਸ ਨੂੰ ਮਿਲਣ ਲਈ ਦਫ਼ਤਰ ਅੱਗੇ ਲੱਗੀ ਫ਼ਰਿਆਦੀਆਂ ਦੀ ਭੀੜ ਵਿਚ ਹੀ ਖੜ੍ਹੇ ਕੁੱਝ ਸਫੈਦਪੋਸ਼ਾਂ ਜਿਹਿਆਂ ਨਾਲ਼ ਹੱਥ ਮਿਲਾ ਲੈਣੇ। ਮਗ਼ਰ ਆਉਂਦੇ ਕੈਮਰਾਮੈਨ ਸੰਤਰੀ ਨੇ ਆਪਣੇ ਸਾਹਿਬ ਦੀਆਂ ਗੁੱਝੀਆਂ ਤੇ ਖ਼ਾਸ ਹਦਾਇਤਾਂ ਦੀ ਪਾਲਣਾ ਕਰਦਿਆਂ ਉਸ ਦੇ, ‘ਆਮ ਲੋਕਾਂ’ ਨੂੰ ਮਿਲਣ ਦੇ ਖ਼ਾਸ ਸ਼ਾਟ ‘ਖ਼ਾਸ’ ਚੌਕਸੀ ਨਾਲ਼ ਲੈਣੇ।
ਸਾਹਿਬ ਨੇ ਆਪਣੇ ਦਫ਼ਤਰ ਵਿਚ ਕੁਰਸੀ ਮੱਲਣ ਸਾਰ, ਮੇਜ਼ ਉੱਤੇ ਕੈਮਰਾ ਰੱਖਣ ਆਏ ਸੰਤਰੀ ਨੂੰ ਕਹਿਣਾ, “ਜਾਂਦਾ ਹੋਇਆ ਪੀਏ ਨੂੰ ਵੀ ਜਗਾ ਦੇਈਂ ਪਈ ਸਾਹਬ ਆ ਗਏ ਆ।” ਇਸ ਤੋਂ ਪਹਿਲਾਂ ਕਿ ਸਾਹਬ ਝਿੜਕਾ ਮਾਰੇ, ਪੀਏ ਆਉਂਦਾ ਹੀ ਸਲੂਟ ਮਾਰ ਕੇ ‘ਹੁਕਮ ਕਰੋ ਸਾਹਬ’ ਕਹਿੰਦਾ ਹੈ।
“ਕਦੇ ਹੁਕਮੋਂ ਬਗ਼ੈਰ ਵੀ ਦਰਸ਼ਨ ਦੇ ਦਿਆ ਕਰੋ ਪੀਏ ਸਾਹਬ ਬਹਾਦਰ! ਇਸ ਤੋਂ ਪਹਿਲਾਂ ਕਿ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਣ, ਹੱਥ ਖਾਲੀ ਕਰ ਤੇ ਮੇਰੀ ਗੱਲ ਸੁਣ,” ਸਾਹਬ ਸਾਹਮਣੇ ਪਏ ਕੈਮਰੇ ਵੱਲ, ਏਦਾਂ ਦੇਖਦਾ ਹੈ, ਜਿੱਦਾਂ ਭੁੱਖਾ ਬੰਦਾ, ਭਰੇ ਹੋਏ ਟਿੱਫਨ ਵਲ ਦੇਖਦਾ ਹੁੰਦੈ। ਪੀਏ ਦੇ ਮੁੜ ਆਉਣ ’ਤੇ ਸਾਹਬ ਬਹਾਦਰ ਹੁਕਮ ਏਦਾਂ ਫ਼ਰਮਾਉਂਦੇ, “ਆਹ ਕੈਮਰਾ ਚੁੱਕ ਤੇ ਮੇਰਾ ਨਾਂ ਲੈ ਕੇ ਸਾਹਮਣੇ ਸੜਕੋਂ ਪਾਰਲੇ ਸਟੂਡੀਓ ਵਾਲ਼ੇ ਕੋਲ਼ ਲੈ ਜਾ ਤੇ ਉਸ ਨੂੰ ਕਹੀਂ ਕਿ ਇਸ ਵਿਚੋਂ ਚੰਗੀਆਂ-ਚੰਗੀਆਂ ਦਸ ਕੁ ਫੋਟੋ ਬਣਾ ਕੇ ਲਈ ਆਵੇ। ਕੈਮਰਾ ਉੱਥੇ ਛੱਡ ਕੇ ਨਹੀਂ ਆਉਣਾ। ਜਾਹ ਦਸ ਮਿੰਟ ਵਿਚ ਹੋ ਕੇ ਆ।”
ਪੀਏ ਕੈਮਰਾ ਸੰਭਾਲ ਕੇ ਫੜ, ਇਸ ਵਾਰ ਢਿੱਲਾ ਜਿਹਾ ਸਲੂਟ ਮਾਰ ਕੇ ਚਲਿਆ ਜਾਂਦਾ ਹੈ। ਇੰਨੇ ਵਿਚ ਫ਼ਰਿਆਦੀਆਂ ਨੂੰ ਵਾਰੀ-ਸਿਰ ਅੰਦਰ ਭੇਜਣ ਵਾਲ਼ਾ ਸੰਤਰੀ, ਅੰਦਰ ਆ ਕੇ ‘ਅਟੈਨਸ਼ਨ’ ਹੋ ਕੇ ਕਹਿੰਦਾ ਹੈ, “ਸਾਹਬ ਜੀ, ਬੰਦੇ ਭੇਜਣੇ ਸ਼ੁਰੂ ਕਰਾਂ ਜੀ?”
“ਕਿਉਂ, ਤੇਰੇ ਚੂੰਢੀਆਂ ਵੱਢਣ ਲੱਗ ਪਏ? ਅਟਕ ਜਾ, ਥੋੜ੍ਹਾ ਜਿਹਾ ਫੇਰ ਇਹੋ ਕੁੱਤੇ-ਭਕਾਈ ਸੁਣਨੀ ਐ।” ਸਾਹਬ ਦਾ ਬਾਹਰ ਗਰਮੀ ਵਿਚ ‘ਦਲ਼ੀ-ਫਲ਼ੀ’ ਹੋ ਰਹੀ, ‘ਆਮ ਆਦਮੀ ਐਂਡ ਪਾਰਟੀ’ ਬਾਰੇ ਇਹ ਫ਼ਰਮਾਨ ਹੁੰਦਾ। ਪੀਏ ਦੇ ਮੁੜ ਆਉਣ ਮਗਰੋਂ ਫੋਟੋਗ੍ਰਾਫ਼ਰ ਫੋਟੋ ਲੈ ਕੇ ਹਾਜ਼ਰ ਹੁੰਦਾ ਹੈ ਤਾਂ ਸਾਹਬ ਉਸ ਕੋਲੋਂ ਫੋਟੋ ਲੈ ਕੇ ਉਸ ਨੂੰ ਖੜ੍ਹਾ ਦੇਖ ਕੇ ਕਹਿੰਦਾ ਹੈ, “ਹਾਂ, ਹੁਣ? ਓਹ! ਮੈਂ ਤਾਂ ਭੁੱਲ ਈ ਗੱਲ ਗਿਆ, ਤੂੰ ਤਾਂ ਹੁਣ ਪ੍ਰੈੱਸ ਫੋਟੋਗ੍ਰਾਫ਼ਰ ਹੋ ਗਿਆ ਏਂ! ਤੇਰਾ ’ਸਾਬ ਵੀ ਕਰਦੇ ਆਂ, ਪਹਿਲਾਂ ਚਾਰ ਪੈਸੇ ਕਮਾੳਣ ਤਾਂ ਦੇਹ!” ਫੋਟੋਗ੍ਰਾਫ਼ਰ ‘ਹੀਂ-ਹੀਂ-ਹੀਂ’ ਕਰਦਾ ਨਿੱਕਲ ਗਿਆ ਤਾਂ ਸਾਹਬ ਘੰਟੀ ਦੇ ਬਟਨ ਉੱਤੇ ਦੋ ਠੋਲੇ ਜਿਹੇ ਮਾਰਦਾ ਹੈ।
ਉਸ ਤੋਂ ਬਾਅਦ ਉਹ ਤਸਵੀਰਾਂ ‘ਪਾਲਤੂ ਪੱਤਰਕਾਰਾਂ’ ਰਾਹੀਂ ਅਖ਼ਬਾਰਾਂ ਵਿਚ ਛਪ ਜਾਂਦੀਆਂ ਹਨ, ਜਿਨ੍ਹਾਂ ਹੇਠਾਂ ਇਹ ਕੈਪਸ਼ਨ ਛਪੀ ਹੁੰਦੀ, “ਫਲਾਣੇ ਜ਼ਿਲੇ ਦੇ ਪੁਲੀਸ ਕਮਿਸ਼ਨਰ ਢਿਮਕਾ ਸਿੰਘ ਜੀ, ਆਪਣੇ ਦਫ਼ਤਰ ਅੱਗੇ ਕੁੱਝ ਫ਼ਰਿਆਦੀਆਂ ਦਾ ਸੁਆਗਤ ਕਰਦੇ ਹੋਏ।”
ਉਸੇ ਹੀ ਵੇਲ਼ੇ ਪੁਲੀਸ ਕਮਿਸ਼ਨਰ ਦੇ ਦਫ਼ਤਰ ਤੋਂ ਸੌ ਕੁ ਗਜ਼ ਦੇ ਫਾਸਲੇ ਉੱਤੇ, ਬਹੁਤ ਮੋਟੀ ਰਕਮ ਤਾਰ ਕੇ ਪੁਲੀਸ ਅਫ਼ਸਰ ਬਣਿਆ, ਮਸਾਂ ਸਾਢੇ ਪੰਜ ਕੁ ਫੁੱਟਾ ਫੁੰਕਾਰਾ ਸਿੰਘ ਆਪਣੀ ਵਰਦੀ ਨਾਲੋਂ ਕੈਮਰਾ ਲਾਹ ਕੇ, ਕਾਲਜ ਦੀਆਂ ਕੁੜੀਆਂ ਨੂੰ ਇਹ ਹੁਕਮ ਸੁਣਾਉਂਦਾ ਹੈ, “ਨਾ-ਨਾ, ਏਦਾਂ ਨਹੀਂ, ਚੌਕ ਉਪਰੋਂ ਦੀ ਹੋ ਕੇ ਇਕ ਵਾਰ ਫੇਰ ਆਓ, ਰਤਾ ਨੇੜਿਓਂ ਜਿਹੇ ਹੋ ਕੇ। ਅਸੀਂ ਵੀ ਤਾਂ ਸਰਕਾਰ ਨੂੰ ਅਮਨ-ਚੈਨ ਦੀ ਰਿਪੋਟ ਭੇਜਣੀ ਹੋਈ।” 
ਸਰਕਾਰੇ-ਦਰਬਾਰੇ ਚੰਗੀ ਚੱਲਦੀ ਵਾਲ਼ੇ ਇਕ ਹੌਲਦਾਰ ਨੇ ਆਪਣੀ ਵਰਦੀ ਵਾਲ਼ਾ ਕੈਮਰਾ ਕੰਡਮ ਹੋਣ ਦਾ ਬਹਾਨਾ ਕਰ ਕੇ, ਆਪਣੇ ਮੁੰਡੇ ਦੇ ਝੱਗੇ ਉੱਤੇ ਲਾ ਕੇ ਉਸ ਵਿਆਹਾਂ-ਸੁਦਾਂ ਦਾ ਵਿਡੀਓਗ੍ਰਾਫ਼ਰ ਬਣਾ ਦਿੱਤਾ। ਕੁੜੀਆਂ ਦੇ ਕਾਲਜਾਂ ਨੇੜੇ ਅਤੇ ਬੱਸ ਅੱਡਿਆਂ ਉੱਤੇ ਪੁਲੀਸ ਮੁਲਾਜ਼ਮਾਂ ਦੀ ਭੀੜ ਹੋਣ ਲੱਗ ਪਈ ਤੇ ਥਾਣਿਆਂ ਵਿਚ ਕਾਂ ਬੋਲਣ ਲੱਗ ਪਏ ਕਿਉਂ ਕਿ ਸਾਰੀ ਪੁਲੀਸ ਫੋਰਸ ‘ਵਿਡੀਓ ਦੌਰਿਆਂ ਉੱਤੇ’ ਰਹਿਣ ਲੱਗ ਪਈ। ਕੈਮਰੇ ਚਲਾਉਂਦੇ ਤੇ ਸੰਭਾਲਦੇ ਪੁਲੀਸ ਮੁਲਾਜ਼ਮ ਆਪਣੀਆਂ ਸੋਟੀਆਂ, ਟੋਪੀਆਂ ਅਤੇ ਰਫ਼ਲਾਂ ਬਾਹਰ ਭੁੱਲ ਕੇ ਆਉਣ ਲੱਗੇ ਤਾਂ ਇਕ ਲੋਕ-ਪੱਖੀ ਅਖ਼ਬਾਰ ਵਿਚ ‘ਪੰਜਾਬ ਪੁਲੀਸ ਵਿਡੀਓਗ੍ਰਾਫ਼ਰਾਂ ਦਾ ਜਥਾ ਬਣੀ’ ਸੁਰਖ਼ੀ ਲੱਗ ਗਈ। ਇਸ ਤੋਂ ਕੁੱਝ ਹੀ ਦਿਨਾਂ ਬਾਅਦ ਪੰਜਾਬ ਸਰਕਾਰ ਨੇ ਪੁਲੀਸ ਦੀਆਂ ਵਰਦੀਆਂ ਤੋਂ ਕੈਮਰੇ ਪੁਟਵਾ ਕੇ ਨਿਲਾਮ ਕਰਨ ਦਾ ਐਲਾਨ ਕਰ ਦਿੱਤਾ। ਨਿਲਾਮੀ ਤੋਂ ਅਗਲੇ ਦਿਨ ਕੁੱਝ ਅਖ਼ਬਾਰਾਂ ਵਿਚ ਇਹ ਸੁਰਖ਼ੀ ਲੱਗੀ ਹੋਈ ਸੀ, “ਪੁਲੀਸ ਵੱਲੋਂ ਭਿੱਟੇ ਹੋਏ ਕੈਮਰੇ ਕਿਸੇ ਨੇ ਚਿਮਟੇ ਨਾਲ਼ ਵੀ ਨਾ ਚੁੱਕੇ!”#