ਸਿਰੇ ’ਤੇ ਗੰਢ
ਬਖ਼ਸ਼ਿੰਦਰ
ਮਾਂ ਆਪਣੇ ਸੁੱਤੇ ਹੋਏ ਪੁੱਤਰ ਨੁੰ ਸਵੇਰੇ ਪਲੋਸ ਕੇ ਜਗਾਉਂਦਿਆਂ ਕਹਿੰਦੀ ਹੈ, “ਉੱਠ ਮੇਰਾ ਪੁੱਤ! ਸਕੂਲੇ ਵੀ ਜਾਣੈ।”
“ਮੈਂ ਨਹੀਉਂ ਜਾਣਾ ਸਕੂਲੇ,” ਬਿਸਤਰੇ ਉੱਤੇ ਪਾਸੇ ਮਾਰਦਿਆਂ ਪੁੱਤਰ ਕਹਿੰਦਾ ਹੈ।
“ਕਿਉਂ ਨਹੀਂ ਜਾਣਾ ਮੇਰੇ ਪੁੱਤਰ ਨੇ ਸਕੂਲੇ?” ਮਾਂ ਪੁੱਛਦੀ ਹੈ।
“ਕੋਈ ਵੀ ਟੀਚਰ ਮੈਨੂੰ ਪਿਆਰ ਨਹੀਂ ਕਰਦਾ, ਸਾਰੇ ਬੱਚੇ ਮੇਰੇ ਕੋਲੋਂ ਪਰ੍ਹਾਂ ਦੀ ਲੰਘ ਜਾਂਦੇ ਨੇ। ਇਸ ਕਰ ਕੇ ਜੋ ਮਰਜ਼ੀ ਹੋ ਜਾਵੇ, ਮੈਂ ਸਕੂਲੇ ਨਹੀਂ ਜਾਣਾ,” ਮਾਂ ਦਾ ਪੁੱਤਰ ਜੁਆਬ ਦਿੰਦਾ ਹੈ।
“ਨਾ ਬਈ ਸਕੂਲ ਤਾਂ ਤੈਨੂੰ ਫੇਰ ਵੀ ਜਾਣਾ ਪੈਣਾ।”
“ਤੁਸੀਂ ਮੈਨੂੰ ਜ਼ਰੂਰੀ ਸਕੂਲ ਜਾਣ ਦੇ ਦੋ ਮੁੱਖ ਕਾਰਨ ਦੱਸੋ।”
“ਇਕ ਤਾਂ ਤੂੰ ਪਚਵੰਜਾ ਸਾਲਾਂ ਦਾ ਹੋ ਗਿਆ ਏਂ, ਦੂਜੀ ਗੱਲ ਇਹ ਹੈ ਕਿ ਤੂੰ ਸਕੂਲ ਦਾ ਪ੍ਰਿੰਸੀਪਲ ਏਂ।” ਮਾਂ ਦਾ ਜੁਆਬ ਸੀ। 
ਇਹ ਗੱਲ ਸੁਣ ਕੇ ਜਿਨ੍ਹਾਂ ਨੂੰ ਹਾਸਾ ਆਇਆ, ਉਨ੍ਹਾਂ ਦਾ ਹੱਸਣ ਲਈ ਧੰਨਵਾਦ।ਓਦਾਂ ਜਿਨ੍ਹਾਂ ਨੂੰ ਹਾਸਾ ਨਹੀਂ ਵੀ ਆਇਆ, ਧੰਨਵਾਦ ਉਨ੍ਹਾਂ ਦਾ ਵੀ। ਅਸੀਂ ਤਾਂ ਇੱਥੇ ਇਹ ਗੱਲ, ਆਪਣੇ ਇਸ ਲੇਖ ਦੀ ਸ਼ੁਰੂਆਤ ਕਰਨ ਦੇ ਬਹਾਨੇ ਵਜੋਂ ਹੀ ਕੀਤੀ ਹੈ। ਇਸ ਗੱਲ ਵਿਚ ਇਕ ਪ੍ਰਿੰਸੀਪਲ ਦਾ ਜ਼ਿਕਰ ਹੈ ਤੇ ਅਸੀਂ ਵੀ ਇਕ ਪ੍ਰਿੰਸੀਪਲ ਦਾ ਹੀ ਜ਼ਿਕਰ ਕਰਨ ਲੱਗੇ ਹਾਂ। ਸੋ ਇਸ ਬਹਾਨੇ ਸਾਡਾ ਲੇਖ ਸ਼ੁਰੂ ਹੋ ਗਿਆ ਤੇ ਲੇਖ ਸ਼ੁਰੂ ਕਰਨ ਦੇ ਬਹਾਨੇ ਇਹ ਗੱਲ ਹੋ ਗਈ।
ਗੱਲ ਕਰਨ ਤੋਂ ਮਗਰੋਂ ਹੁਣ ਅਸੀਂ ਤੁਹਾਨੂੰ ਅਸਲੀ ਥਾਂ-ਟਿਕਾਣੇ ਲੈ ਚੱਲਦੇ ਹਾਂ। ਗੱਲ ਹੈ, ਅਮਰੀਕਾ ਦੇ ਸ਼ਹਿਰ ਲੂਸੀਆਨਾ ਦੇ ਪੋਰਟ ਬੇਅਰੇ ਐਲੀਮੈਂਟਰੀ ਸਕੂਲ ਦੀ। ਇਸ ਐਲੀਮੈਂਟਰੀ ਸਕੂਲ ਦੇ ਪ੍ਰਿੰਸੀਪਲ ਜੋਜ਼ਫ਼ ਗੇਬ ਸੋਨੀਅਰ ਦੇ ਮੋਟੇ-ਮੋਟੇ ਰਸੀਲੇ ਜਿਹੇ ਬੁੱਲ੍ਹਾਂ ਉੱਤੇ ਇਹੋ ਜਿਹੀ ਮੁਸਕਰਾਹਟ ਰਹਿੰਦੀ ਹੈ, ਜੋ ਛੁਤ ਦੀ ਕਿਸੇ ਬਿਮਾਰੀ ਤੋਂ ਵੀ ਕਿਤੇ ਵੱਧ ਤੇਜ਼ੀ ਨਾਲ਼ ਅਤੇ ਬਹੁਤ ਹੀ ਜ਼ਿਆਦਾ ਫੈਲਣ ਦੇ ਸਮਰੱਥ ਹੈ। ਇਹ ਮੁਸਕਰਾਹਟ ਮਿਸਟਰ ਸੋਨੀਅਰ ਦੇ ਬੁੱਲ੍ਹਾਂ ਉੱਤੇ ਇੰਨੇ ਕੁਦਰਤੀ ਢੰਗ ਨਾਲ਼ ਖੇਡਦੀ ਰਹਿੰਦੀ ਹੈ ਕਿ ਏਦਾਂ ਲੱਗਦਾ ਰਹਿੰਦਾ ਹੈ ਕਿ ਇਹ ਮੁਸਕਰਾਹਟ ਪੱਕੇ ਤੌਰ ’ਤੇ ਉਨ੍ਹਾਂ ਦੇ ਚਿਹਰੇ ਉੱਤੇ ਆ ਵਸੀ ਹੈ ਤੇ ਹੁਣ ਉਹ ਹੋਰ ਕਿਤੇ ਜਾਣ ਜੋਗੀ ਨਹੀਂ ਰਹੀ। ਕਹਿਣ ਵਾਲ਼ੇ ਤਾਂ ਇਹ ਵੀ ਕਹਿੰਦੇ ਹਨ ਕਿ ਮਿਸਟਰ ਸੋਨੀਅਰ ਦੇ ਮੱਥੇ ਉੱਤੇ ਬਹੁਤ ਕੋਸ਼ਿਸ਼ ਕਰਨ ’ਤੇ ਵੀ ਤਿਊੜੀਆਂ ਨਹੀਂ ਪੈਂਦੀਆਂ।
ਇਸ ਬਾਰੇ ਪੁੱਛੇ ਜਾਣ ’ਤੇ ਉਹ ਇਹੋ ਹੀ ਕਹਿੰਦੇ ਹਨ, “ਕੀ ਕਰਾਂ, ਇਸ ਮੁਸਕਰਾਹਟ ਉੱਤੇ ਮੇਰਾ ਕੋਈ ਜ਼ੋਰ ਨਹੀਂ ਚੱਲਦਾ। ਇਹ ਮੁਸਕਾਨ ਮੇਰੀ ਹੈ ਤੇ ਮੈਂ ਇਸ ਦਾ ਹਾਂ। ਹੁਣ ਇਹ ਇਕ ਤਰ੍ਹਾਂ ਨਾਲ਼ ਮੇਰੀ ਪਛਾਣ ਬਣ ਗਈ ਹੈ। ਹੁਣ ਮੈਨੂੰ ਤੇ ਮੇਰੇ ਨਾਲ਼ ਇਸ ਨੂੰ ਵੀ ਏਦਾਂ ਹੀ ਕਬੂਲ ਕਰ ਲਓ।”
ਇਸ ਬੰਦੇ ਦੇ ਚਿਹਰੇ ਉੱਤੇ ‘ਸਦਾ-ਬਹਾਰ, ਸਦਾ-ਮੁਸਕਾਨ’ ਰਹਿਣ ਦੀ ਵਜ੍ਹਾ ਕੀ ਹੈ? ਆ ਰਿਹਾ ਹੈ ਨਾ ਇਹ ਸੁਆਲ, ਮੇਰੇ ਵਾਂਗ ਤੁਹਾਡੇ ਮਨ ਵਿਚ ਵੀ, ਮੇਰੀ ਪਾਠਕਾਂ ਵਾਲ਼ੀ ਸਰਕਾਰ? ਜੋਜ਼ਫ਼ ਗੇਬ ਸੋਨੀਅਰ ਨਾਂ ਦਾ ਇਹ ਵਿਅਕਤੀ, ਕਿਸੇ ਸਕੂਲ ਦਾ ਪ੍ਰਿੰਸੀਪਲ ਬਣ ਜਾਵੇ ਤਾਂ ਇਹ ਕੋਈ ਬਹੁਤੀ ਵੱਡੀ ਖ਼ਬਰ ਤਾਂ ਨਹੀਂ ਹੈ। ਕਿੰਨੇ ਸਕੂਲ ਹਨ ਜਹਾਨ ਭਰ ਵਿਚ, ਕਿੰਨਿਆਂ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਹਰ ਰੋਜ਼ ਤਬਾਦਲੇ-ਨਿਯੁਕਤੀਆਂ-ਤਰੱਕੀਆਂ ਹੁੰਦੀਆਂ ਹਨ ਤੇ ਉਨ੍ਹਾਂ ਸਾਰਿਆਂ ਬਾਰੇ ਲੇਖ ਨਹੀਂ ਲਿਖੇ ਜਾਂਦੇ, ਉਨ੍ਹਾਂ ਸਾਰਿਆਂ ਦੀਆਂ ਤਸਵੀਰਾਂ ਨਹੀਂ ਛਪਦੀਆਂ। ਨਾ ਹੀ ਉਨ੍ਹਾਂ ਸਾਰਿਆਂ ਦੀਆਂ ਖ਼ਬਰਾਂ ਛਪਦੀਆਂ ਹਨ। ਮੁਆਫ਼ ਕਰਨਾ, ਖ਼ਬਰਾਂ ਦੇ ਗੇੜ ਵਿਚ ਆਦਮੀ ਦੋ ਤਰ੍ਹਾਂ ਹੀ ਆਉਂਦਾ ਹੈ ਤੇ ਇਨ੍ਹਾਂ ਦੋਹਾਂ ਵਿਚਾਲ਼ੇ ਇਕ ਸਾਂਝ, ਵਿਲੱਖਣਤਾ ਦੀ ਹੁੰਦੀ ਹੈ। ਵਿਲੱਖਣਤਾ ਨਾਲ ਜੁੜੇ ਹੋਏ ਇਹ ਦੋਵੇਂ ਢੰਗ ਆਪਣੀ-ਆਪਣੀ ਥਾਂ, ਸਬੰਧਤ ਵਿਅਕਤੀ ਨੂੰ ਮਸ਼ਹੂਰ ਵੀ ਕਰਦੇ ਹਨ ਅਤੇ ਬਦਨਾਮ ਵੀ। ਤਦ ਹੀ ਕਿਹਾ ਜਾਂਦਾ ਹੈ ਕਿ ਫਲਾਣਾ ਵਿਅਕਤੀ ਦੋ ਵਾਰ ਸੁਰਖ਼ੀਆਂ ਦਾ ਵਿਸ਼ਾ ਬਣਿਆ, ਇਕ ਵਾਰ ਸਹੀ ਵਜ੍ਹਾ ਨਾਲ਼ ਤੇ ਦੂਜੀ ਵਾਰ ਗ਼ਲਤ ਵਜ੍ਹਾ ਨਾਲ਼। ਇਹ ਖ਼ਬਰ-ਸ਼ਾਸਤਰ ਇੱਥੇ ਹੀ ਛੱਡ ਕੇ, ਹੁਣ ਇਹ ਦੱਣਾ ਲਾਜ਼ਮੀ ਹੋ ਗਿਆ ਹੈ ਕਿ ਜੋਜ਼ਫ਼ ਗੇਬ ਸੋਨੀਅਰ ਬਾਰੇ ਲੇਖ ਕਿਉਂ ਲਿਖਿਆ ਜਾ ਰਿਹਾ, ਉਨ੍ਹਾਂ ਦੀਆਂ ਤਸਵੀਰਾਂ ਕਿਉਂ ਛਾਪੀਆਂ ਜਾ ਰਹੀਆਂ ਹਨ!
ਜੋਜ਼ਫ਼ ਗੇਬ ਸੋਨੀਅਰ ਜਿਸ ਸਕੂਲ ਦੇ ਪ੍ਰਿੰਸੀਪਲ ਬਣਾਏ ਗਏ ਹਨ, ਉਸ ਵਿਚ ਉਹ ਪਿਛਲੇ 30 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ। ਇਸ ਸਕੂਲ ਵਿਚ ਇੰਨੇ ਸਾਲ ਉਹ ਕੀ ਕਰਦੇ ਰਹੇ, ਆਓ ਉਨ੍ਹਾਂ ਦੇ ਮੂੰਹੋਂ ਹੀ ਸੁਣਦੇ ਹਾਂ।
“ਇਸ ਸਕੂਲ ਦੇ ਅੰਦਰ ਹੀ ਇੱਥੇ ਮੇਰਾ ਦਫ਼ਤਰ ਹੁੰਦਾ ਸੀ,” ਇਕ ਕਮਰੇ ਦੇ ਅੰਦਰ ਬਣੀ ਹੋਈ ਇਕ ਛੋਟੀ ਜਿਹੀ ਕਲੋਜ਼ੈੱਟ ਖੋਲ੍ਹ ਕੇ ਦਿਖਾਉਂਦਿਆਂ ਉਨ੍ਹਾਂ ਨੇ ਕਿਹਾ, “ਦੇਖਣ ਨੂੰ ਤਾਂ ਇਹ ਕੋਈ ਝਾੜੂਖ਼ਾਨਾ ਹੀ ਲੱਗਦਾ ਹੈ, ਲੱਗਦਾ ਹੀ ਨਹੀਂ, ਸੱਚੀਂ-ਮੁੱਚੀਂ ਝਾੜੂਖ਼ਾਨਾ ਹੀ ਹੈ। ਇਸੇ ਲਈ ਇਹ ਮੇਰਾ ਦਫ਼ਤਰ ਸੀ।” ਝਾੜੂਖ਼ਾਨਾ ਵੀ ਸੀ ਤੇ ਦਫ਼ਤਰ ਵੀ ਸੀ? ਤੁਹਾਡੀ ਇਹ ਹੈਰਾਨੀ ਦੂਰ ਕਰਨ ਦਾ ਪ੍ਰਬੰਧ ਵੀ ਕਰਦੇ ਹਾਂ ਮੇਰੇ ਪਾਠਕ ਜੀਓ!
ਜੋਜ਼ਫ਼ ਗੇਬ ਸੋਨੀਅਰ, ਇਸ ਸਕੂਲ ਦੇ ਪ੍ਰਿੰਸੀਪਲ ਬਣਾਏ ਜਾਣ ਤੋਂ ਪਹਿਲਾਂ, ਇਸ ਸਕੂਲ ਵਿਚ ਸਫਾਈ ਮਜ਼ਦੂਰ (ਕਲੀਨਰ ਜਾਂ ਜੈਨੀਟਰ) ਵਜੋਂ ਕੰਮ ਕਰਦੇ ਹੁੰਦੇ ਸਨ। ਉਨ੍ਹਾਂ ਨੇ ਇਹ ਕੰਮ 1985 ਵਿਚ ਕਰਨਾ ਸ਼ੁਰੂ ਕਰ ਦਿੱਤਾ ਸੀ। ਇਕ ਦਿਨ, ਤਤਕਾਲੀ ਪ੍ਰਿੰਸੀਪਲ ਵੈਸਲੇ ਜੋਨਜ਼ ਨੇ ਉਸ ਨੂੰ ਆਪਣੇ ਦਫ਼ਤਰ ਸੱਦਿਆ। ਜਦੋਂ ਡਰਦਾ-ਡਰਦਾ ਇਹ ਸਫਾਈ ਮਜ਼ਦੂਰ, ਪ੍ਰਿੰਸੀਪਲ ਦੇ ਦਫ਼ਤਰ ਅੰਦਰ ਗਿਆ ਤਾਂ ਪ੍ਰਿੰਸੀਪਲ ਨੇ ਉਸ ਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਜਿਹੜੇ ਕਾਗ਼ਜ਼ ਤੂੰ ਚੁਗਦਾ ਫਿਰਦਾ ਏਂ, ਤੂੰ ਉਨ੍ਹਾਂ ਦੀ ਛਾਂਟ-ਛਟਾਈ ਤੇ ਦਰਜਾਬੰਦੀ ਕਰਿਆ ਕਰੇਂ।”
“ਪਤਾ ਨਹੀਂ ਉਨ੍ਹਾਂ ਨੇ ਮੇਰੇ ਅੰਦਰ ਕੀ ਦੇਖਿਆ ਹੋਵੇਗਾ। ਮੈਨੂੰ ਉਨ੍ਹਾਂ ਦੀ ਕਹੀ ਹੋਈ ਉਹ ਗੱਲ ਪੋਹ ਗਈ,” ਮਿਸਟਰ ਸੋਨੀਅਰ ਨੇ ਦੱਸਿਆ। 39 ਸਾਲ ਦੀ ਉਮਰ ਵਿਚ ਇਹ ਸ਼ਖ਼ਸ, ਜਿਹੜੇ ਕਮਰਿਆਂ ਦੀ ਸਫਾਈ ਕਰਦਾ ਹੁੰਦਾ ਸੀ, ਉਨ੍ਹਾਂ ਨੂੰ ਸਾਫ ਕਰਨ ਮਗਰੋਂ, ਉਨ੍ਹਾਂ ਅੰਦਰ ਬੈਠ ਕੇ ਪੜ੍ਹਾਈ ਕਰਨ ਲੱਗ ਪਿਆ। ਇਸ ਤਰ੍ਹਾਂ, ਸਫਾਈ ਮਜ਼ਦੂਰੀ ਕਰਦਿਆਂ ਹੀ ਪੜ੍ਹਾਈ ਵੀ ਕਰ ਕੇ, ਜੋਜ਼ਫ਼ ਗੇਬ ਸੋਨੀਅਰ ਨੇ ਅਧਿਆਪਨ ਦੀ ਡਿਗਰੀ ਹਾਸਲ ਕਰ ਲਈ। ਫਿਰ ਉਹ ਇਸੇ ਹੀ ਸਕੂਲ ਵਿਚ ਅਧਿਆਪਕ ਨਿਯੁਕਤ ਕਰ ਲਏ ਗਏ। ਅਧਿਆਪਕ ਬਣ ਕੇ ਵੀ ਇਸ ਵਿਅਕਤੀ ਨੇ ਪੜ੍ਹਾਈ ਕਰਨੀ ਨਾ ਛੱਡੀ ਤੇ ਫਿਰ ਉਸ ਨੇ ਵਿਗਿਆਨ ਅਤੇ ਸਿੱਖਿਆ ਵਿਚ ਮਾਸਟਰਜ਼ ਡਿਗਰੀ ਹਾਸਲ ਕਰ ਲਈ।
ਗੱਲ ਸ਼ਾਇਦ ਇੱਥੇ ਹੀ ਮੁੱਕ ਜਾਂਦੀ, ਪਰ ਨਹੀਂ। ਪ੍ਰਿੰਸੀਪਲ ਬਣ ਜਾਣ ਮਗਰੋਂ ਵੀ ਗੇਬ ਸੋਨੀਅਰ ਆਪਣੇ ਦਫ਼ਤਰ ਦੀ ਸਫਾਈ ਆਪ ਕਰਦੇ ਹਨ। ਉਨ੍ਹਾਂ ਨੇ ਆਪਣੀ ਤਰੱਕੀ ਦੀ ਪਾਉੜੀ ਦਾ ਪਹਿਲਾ ਪੌਡਾ ਨਹੀਂ ਭੁਲਾਇਆ। ਉਹ ਇਸ ਹਕੀਕਤ ਦੇ ਗਵਾਹ ਹਨ ਕਿ ਤੁਸੀਂ ਕਿਸੇ ਸਫਾਈ ਮਜ਼ਦੂਰ ਨੂੰ ਝਾੜੂਖ਼ਾਨੇ ਵਿਚੋਂ ਕੱਢ ਸਕਦੇ ਹੋ, ਪਰ ਤੁਸੀਂ ਉਸ ਦੇ ਅੰਦਰੋਂ ਕੰਮ ਸਬੰਧੀ ਨੈਤਿਕਤਾ ਨਹੀਂ ਕੱਢ ਸਕਦੇ।
ਉਹ ਵਾਰ-ਵਾਰ ਆਪਣੇ ਵਿਦਿਆਰਥੀਆਂ-ਵਿਦਿਆਰਥਣਾਂ ਨੂੰ ਕਹਿੰਦੇ ਹਨ, “ਤੁਸੀਂ ਆਪਣੀ ਮੌਜੂਦਾ ਹਾਲਤ ਵੱਲ ਹੀ ਧਿਆਨ ਨਹੀਂ ਗੱਡ-ਰੱਖਣਾ, ਤੁਸੀਂ ਆਪਣਾ ਮਨ ਆਪਣੀ ਅਗਲੀ ਮੰਜ਼ਿਲ ਉੱਤੇ ਵੀ ਟਿਕਾਉਣਾ ਹੈ। ਜਿੱਥੋਂ ਤੁਸੀਂ ਸ਼ੁਰੂ ਕੀਤਾ ਹੈ, ਉਹ ਤੁਹਾਡੀ ਮੰਜ਼ਿਲ ਨਹੀਂ ਹੈ, ਮੰਜ਼ਿਲ ਤਾਂ ਉਹ ਹੈ, ਜਿੱਥੇ ਤੁਸੀਂ ਪਹੁੰਚਣਾ ਹੈ।” 
ਪਾਠਕ ਪਿਆਰਿਓ! ਇਹ ਬੰਦਾ ਹਾਲੇ ਵੀ ਰੁਕਿਆ ਨਹੀਂ ਹੈ, ਹਾਲੇ ਵੀ ਟਿਕਿਆ ਨਹੀਂ ਹੈ। ਹੁਣ ਉਸ ਨੇ ਆਪਣੀ ਨਜ਼ਰ ‘ਸੁਪਰਿੰਟੈਂਡੈਂਟ’ ਦੇ ਅਹੁਦੇ ਉੱਤੇ ਟਿਕਾਈ ਹੋਈ ਹੈ। ਉਸ ਦਾ ਕਹਿਣ ਹੈ ਕਿ ਉਹ ਕਿਸੇ ਨਾ ਕਿਸੇ ਦਿਨ, ਇਸ ਕੁਰਸੀ ਉੱਤੇ ਵੀ ਬੈਠੇਗਾ ਹੀ ਬੈਠੇਗਾ।
ਜਦੋਂ ਉਸ ਨੂੰ ਇਹ ਪੁੱਛਿਆ ਗਿਆ, “ਕੀ ਸੁਪਰਿੰਟੈਂਡੈਂਟ ਨੂੰ ਪਤਾ ਹੈ ਕਿ ਹੁਣ ਤੁਹਾਡੀ ਨਜ਼ਰ ਉਨ੍ਹਾਂ ਦੀ ਕੁਰਸੀ ਉੱਤੇ ਹੈ?” ਗੇਬ ਸੋਨੀਅਰ ਨੇ ਆਪਣੀ ਖ਼ਾਸ ਮੁਸਕਰਾਹਟ ਨਾਲ ਕਿਹਾ, “ਆਪਾਂ ਉਨ੍ਹਾਂ ਨੂੰ ਦੱਸਣਾ ਹੀ ਨਹੀਂ।” ਲੂਸੀਆਨਾ ਵਿਚ ਪੋਰਟ ਬੇਅਰੇ ਐਲੀਮੈਂਟਰੀ ਸਕੂਲ ਦੇ ਪ੍ਰਿੰਸੀਪਲ ਵਜੋਂ ਜੋਜ਼ਫ਼ ਗੇਬ ਸੋਨੀਅਰ ਦੀ ਨਿਯੁਕਤੀ ਪਿਛਲੇ ਸਾਲ 8 ਨਵੰਬਰ ਨੂੰ ਹੀ ਹੋਈ ਹੈ। ਇਕ ਸਫ਼ਾਈ ਮਜ਼ਦੂਰ ਵਜੋਂ ਉਨ੍ਹਾਂ ਦੇ ਕੰਮ ਦੀ ਸਮਾਂ-ਸੂਚੀ ਪੁੱਛੇ ਜਾਣ ’ਤੇ ਉਨ੍ਹਾਂ ਨੇ ਏਦਾਂ ਦੱਸਿਆ, “ਮੈਂ ਸਵੇਰੇ ਪੰਜ ਵਜੇ ਸਕੂਲੇ ਆ ਵੜਦਾ ਸਾਂ ਤੇ ਸੱਤ ਵਜੇ ਕੰਮ ਨਿਬੇੜ ਕੇ ਛੁੱਟੀ ਕਰ ਲੈਂਦਾ ਸਾਂ ਤੇ ਫਿਰ ਮੈਂ ਸਾਰਾ ਦਿਨ ਸਕੂਲ ਵਿਚ ਪੜ੍ਹਾਈ ਕਰਦਾ ਸਾਂ। ਫਿਰ ਸਕੂਲ ਵਿਚ ਪੜ੍ਹਾਈ ਦਾ ਕੰਮ ਨਿਬੇੜ ਕੇ ਸਫਾਈ ਦੀ, ਛੇ ਘੰਟੇ ਦੀ ਰਹਿੰਦੀ ਡਿਊਟੀ ਨਿਭਾਉਂਦਾ।ਉਸ ਤੋਂ ਬਾਅਦ ਘਰ ਜਾ ਕੇ ਸਕੂਲੋਂ ਮਿਲਿਆ ਕੰਮ ਕਰਦਾ ਹੁੰਦਾ ਸਾਂ।”
ਉਨ੍ਹਾਂ ਦੇ ਸਕੂਲ ਦੀ ਇਕ ਮੁਲਾਜ਼ਮ ਐਂਜਲਾ ਰਿਡੀਊ ਦਾ ਕਹਿਣ ਹੈ, “ਮੈਂ ਮਿਸਟਰ ਸੋਨੀਅਰ ਦੀ ਬਹੁਤ ਵੱਡੀ ਪ੍ਰਸ਼ੰਸਕਾ ਹਾਂ ਕਿਉਂ ਕਿ ਉਹ ਆਪਣੇ ਟੱਬਰ-ਟ੍ਹੀਰ ਨੂੰ ਪਹਿਲ ਦਿੰਦੇ ਹਨ। ਉਹ ਆਪਣੇ ਪਰਿਵਾਰ ਨੂੰ ਸਭ ਤੋਂ ਪਹਿਲ ਦਿੰਦੇ ਹੋਣ ਕਰ ਕਾਰਨ ਉਨ੍ਹਾਂ ਨੇ ਆਪਣੇ ਪਰਿਵਾਰ ਲਈ ਬਹੁਤ ਸਾਰੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਹਨ। ਪਰਿਵਾਰ ਤੋਂ ਬਾਅਦ ਹੀ ਉਨ੍ਹਾਂ ਦਾ ਧਿਆਨ ਆਪਣੇ ਵੱਲ ਜਾਂਦਾ ਹੈ।” 
ਉਨ੍ਹਾਂ ਦੇ ਸਕੂਲ ਵਿਚ ਉਨ੍ਹਾਂ ਦੇ ਸਹਿਕਰਮੀ ਰੇਅਮੰਡ ਨਰਸਿੱਸੇ ਦਾ ਕਹਿਣ ਹੈ, “ਅਸੀਂ ਇਹ ਕਰਿਸ਼ਮਾ ਉਨ੍ਹਾਂ ਦੇ ਜੀਵਨ ਵਿਚ ਸ਼ਾਮਲ ਹੋ ਕੇ ਹੀ ਦੇਖ ਸਕੇ ਹਾਂ। ਨਹੀਂ ਤਾਂ ਕਿਸੇ ਕੋਲ਼, ਕਿਸੇ ਬਾਰੇ ਜਾਨਣ ਦਾ ਵਿਹਲ ਹੀ ਕਿੱਥੇ ਹੁੰਦਾ ਹੈ।” ਸਭ ਦੇ ਕਥਨਾਂ ਨੂੰ ਸਮੇਟਦਿਆਂ ਅਤੇ ਸਭ ਦੀ ਅਕਲ ਉੱਤੇ ਅਮਲੀ ਸਿਆਣਪ ਦਾ ਢੱਕਣ ਲਾੳੋੁਂਦਿਆਂ ਪ੍ਰਿੰਸੀਪਲ ਜੋਜ਼ਫ਼ ਗੇਬ ਸੋਨੀਅਰ ਨੇ ਕਿਹਾ, “ਰੁੱਤ ਅਤੇ ਵਾਰ ਦਾ ਪ੍ਰਮਾਤਮਾ ਨੂੰ ਹੀ ਪਤਾ ਹੁੰਦਾ ਹੈ, ਪਰ ਹਰ ਕੰਮ ਅਤੇ ਹਰ ਬਸ਼ਰ ਲਈ ਇਕ ਰੁੱਤ, ਇਕ ਸਮਾਂ ਮੁਕੱਰਰ ਹੁੰਦਾ ਹੈ ਤੇ ਹੁਣ ਮੈਨੂੰ ਪਤਾ ਵੀ ਹੈ ਤੇ ਮੈਨੂੰ ਲੱਗਦਾ ਵੀ ਹੈ ਕਿ ਇਹ ਰੁੱਤ ਅਤੇ ਸਮਾਂ ਮੇਰਾ ਹੈ।” ਇਸ ਪ੍ਰਿੰਸੀਪਲ ਨੇ ਜਮਾਤ ਵਿਚ ਪੜ੍ਹਾਉਣ ਦਾ ਤਜਰਬਾ ਹਾਸਲ ਕੀਤਾ ਹੋਇਆ ਹੈ ਤੇ ਉਹ ਤੀਜੀ ਜਮਾਤ ਨੂੰ ਪੜ੍ਹਾ ਹੀ ਨਹੀਂ ਚੁੱਕੇ, ਸਗੋਂ ਪੂਰੇ ਤਿੰਨ ਸਾਲ ਪੜ੍ਹਾ ਚੁੱਕੇ ਹਨ। ਇਸ ਤੋਂ ਮਗਰੋਂ ਹੀ ਉਨ੍ਹਾਂ ਨੇ ਅਰਕੰਸਾਸ ਸਟੇਟ ਯੂਨੀਵਰਸਿਟੀ ਤੋਂ ਬੈਚੁਲਰ ਦੀ ਡਿਗਰੀ ਹਾਸਲ ਕੀਤੀ ਸੀ।
ਕਹਾਣੀ ਦਾ ਸਾਰ ਇਹੋ ਹੀ ਬਣਦੈ ਕਿ ਜੇ ਕੋਈ ਬੰਦਾ ਨੇਕਨੀਤੀ ਨਾਲ ਕੋਈ ਨਿਸ਼ਾਨਾ ਮਿੱਥ ਕੇ ਉਸ ਲਈ ਦਿਲੋਂ ਹੀਲੇ ਕਰੇ ਤਾਂ ਕਾਮਯਾਬੀ ਉਸ ਦਾ ਪਾਣੀ ਹੀ ਨਹੀਂ, ਚਿਲਮਾਂ ਵੀ ਭਰੇਗੀ, ਪਰ ਸਾਰੇ ਲੋਕ ਚਿਲਮ ਨਹੀਂ ਪੀਂਦੇ ਹੁੰਦੇ। ਚਲੋ ਨਾ ਸਹੀ, ਪਾਣੀ ਤਾਂ ਸਾਰੇ ਹੀ ਪੀਂਦੇ ਹਨ।#