ਸਿਰੇ ’ਤੇ ਗੰਢ
ਬਖ਼ਸ਼ਿੰਦਰ
ਐਵੇਂ ਕਿਸੇ ਨੇ ਕਿਹਾ ਹੋਇਆ ਹੈ ਕਿ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਵਧੀਆ ਮਿੱਤਰ ਹੁੰਦੀਆਂ ਹਨ। ਜਿੱਦਾਂ ਹਰ ਆਦਮੀ, ਇਨਸਾਨ ਹੋਣ ਦੇ ਤਕਾਜ਼ੇ ਪੂਰੇ ਨਹੀਂ ਕਰਦਾ, ਓਦਾਂ ਹੀ ਹਰ ਕਿਤਾਬ, ਮਿੱਤਰ ਨਹੀਂ ਹੋ ਸਕਦੀ।ਅਸੀਂ ਕਿਤਾਬਾਂ ਦੀ ਥਾਂ ਲਿਖਤਾਂ ਵੱਲ ਧਿਆਨ ਦੁਆ ਰਹੇ ਹਾਂ। ਲਿਖਣਾ ਇਕ ਅਜਿਹੀ ‘ਕਿਰਿਆ’ ਹੈ, ਜਿਸ ਨਾਲ਼ ‘ਚੰਗਾ’, ‘ਮੰਦਾ’, ‘ਰੌਚਕ’, ‘ਦਿਲਚਸਪ’, ‘ਰੁੱਖਾ’ ਵਗ਼ੈਰਾ ਕੋਈ ਵਿਸ਼ੇਸ਼ਣ ਨਹੀਂ ਲੱਗਦਾ ਤਾਂ ਇਹ ਅਧੂਰਾ ਅਰਥ ਸੰਚਾਰ ਹੀ ਕਰਦੀ ਹੈ। ਇਸੇ ਤਰ੍ਹਾਂ ਲੇਖਕ ਨਾਲ਼ ਵੀ ‘ਧਾਰਮਕ’, ‘ਇਤਿਹਾਸਕ’ ਅਤੇ ‘ਸਮਾਜਕ’, ‘ਲੱਚਰ’, ‘ਬੇਬਾਕ’ ਜਾਂ ‘ਗੰਦਾ’ ਵਰਗੇ ਵਿਸ਼ੇਸ਼ਣ ਲਗਾਉਣ ਨਾਲ਼ ਹੀ ਲੇਖਕ ਦੀ ਅਸਲ ਸਿਫ਼ਤ-ਕੁਸਿਫ਼ਤ ਦਾ ਪਤਾ ਲੱਗਦਾ ਹੈ।
ਇਸ ਲਈ, ਕਿਸੇ ਲੇਖਕ ਦਾ ਮੁਲਾਂਕਣ ਕਰਨ ਤੋਂ ਪਹਿਲਾਂ, ਉਸ ਦੀਆਂ ਰਚਨਾਵਾਂ ਦਾ ਮੁੱਲ ਪਾਉਣਾ ਚਾਹੀਦਾ ਹੈ। ਰਚਨਾਵਾਂ ਨੂੰ ਮੋਟੇ ਤੌਰ ’ਤੇ ਦੋ ਦਰਜਿਆਂ ‘ਚੰਗੀ ਰਚਨਾ’ ਤੇ ‘ਮਾੜੀ ਰਚਨਾ’ ਵਿਚ ਵੰਡਿਆ ਜਾ ਸਕਦਾ ਹੈ। ਕਿਸੇ ਰਚਨਾ ਨੂੰ ‘ਚੰਗੀ’ ਜਾਂ ‘ਮਾੜੀ’ ਕਰਾਰ ਦੇਣ ਲਈ ਕਿਸੇ ਦੇ ਘਰ ਦਾ ਰਾਜ ਨਹੀਂ ਹੈ। ਰਚਨਾ ਆਪਣਾ ਮੁੱਲ ਆਪ ਹੀ ਪੁਆ ਲੈਂਦੀ ਹੈ, ਪਰ ਫਿਰ ਵੀ ਇਸ ਕੰਮ ਦੇ ਕੁੱਝ ਮਾਪਦੰਢ ਅਤੇ ਢੰਗ-ਤਰੀਕੇ ਹਨ। ਕਿਸੇ ਦਾਨਿਸ਼ਵਰ ਦੀ ਮੱਤ ਅਨੁਸਾਰ ‘ਮਾੜੀ’ ਰਚਨਾ, ਕੁੱਝ ਠੋਸ ਜਾਣਕਾਰੀ ਜਾਂ ਅਕਲ ਦੇਣ ਦੀ ਥਾਂ, ਪਾਠਕ ਦਾ ਮਨ ਹੀ ਪਰਚਾਉਂਦੀ ਹੈ। ਇਹੋ ਜਿਹੀ ਰਚਨਾ ਸਮਾਜਕ ਜਾਂ ਸਿਆਸੀ ਬੁਰਿਆਈਆਂ ਬਾਰੇ ਕੋਈ ਸੁਆਲ ਨਹੀਂ ਉਠਾਉਂਦੀ, ਸਗੋਂ ਇਹੋ ਜਿਹੇ ਸੁਆਲਾਂ ਤੋਂ ਟਾਲ਼ਾ ਵੱਟ ਜਾਂਦੀ ਹੈ। ਦੂਜੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ‘ਮਾੜੀ’ ਰਚਨਾ, ਹਰਮਨ ਪਿਆਰੇ ਰੁਝਾਨਾਂ ਦੀ ਗੱਲ ਹੀ ਕਰੇਗੀ, ਭਾਵੇਂ ਉਸ ਗੱਲ ਨਾਲ਼ ਸਮਾਜ ਅਤੇ ਸਭਿਆਚਾਰ ਦਾ ਨੁਕਸਾਨ ਹੀ ਹੁੰਦਾ ਹੋਵੇ।
ਮਾੜਾ ਲਿਖਣ ਵਾਲ਼ਿਆਂ ਦੇ ਉਦੇਸ਼ ਆਪਣੇ ਤਕ ਹੀ ਸੀਮਤ ਹੁੰਦੇ ਹਨ। ਇਹੋ ਜਿਹੇ ਲੇਖਕ, ਆਪਣੇ ਅਤੇ ਆਪਣੇ ਪ੍ਰਕਾਸ਼ਕਾਂ ਦੇ ਗੱਲੇ ਭਰਨ ਅਤੇ ਸਸਤੀ ਸ਼ੁਹਰਤ ਹਾਸਲ ਕਰਨ ਲਈ, ਕਿਸੇ ਵੀ ਹੱਦ ਤਕ ਜਾ ਸਕਦੇ ਹਨ।ਦੂਜੇ ਪਾਸੇ ‘ਚੰਗਾ’ ਲਿਖਣ ਵਾਲ਼ੇ ਲੇਖਕ, ਭਾਵੇਂ ਗਲਪ ਲਿਖਣ ਜਾਂ ਹਕੀਕੀ ਲੇਖ ਲਿਖਣ, ਆਪਣੀ ਰਚਨਾ ਦੀਆਂ ਲਗਾਮਾਂ ਕਿਸੇ ਮੁਨਸਿਫ਼ ਜਾਂ ਵਿਸ਼ਲੇਸ਼ਕ ਵਾਂਗ ਕੱਸ ਕੇ ਰੱਖਦੇ ਹਨ। ਹਰ ਸ਼ਬਦ ਲਿਖਦਿਆਂ ਉਹ ਇਸ ਗੱਲ ਦਾ ਖ਼ਿਆਲ ਰੱਖਦੇ ਹਨ ਕਿ ਉਨ੍ਹਾਂ ਵੱਲੋਂ ਲਿਖਿਆ ਹੋਇਆ ਹਰ ਸ਼ਬਦ ਪੜ੍ਹਿਆ ਜਾਣਾ ਹੈ, ਵਿਚਾਰਿਆ ਜਾਣਾ ਹੈ ਤੇ ਉਸ ਹਰ ਸ਼ਬਦ ਨੇ ਲੋਕਾਂ ਦੀ ਰਾਇ ਉੱਤੇ ਬਣਦਾ ਅਸਰ ਪਾਉਣਾ ਹੈ।
ਲਿਖਣ ਦੇ ਸਬੰਧ ਵਿਚ ਲੇਖਕ ਦੀ ਜ਼ਿੰਮੇਵਾਰੀ ਤਾਂ ਜੋ ਹੈ, ਸੋ ਹੈ, ਲਿਖਤਾਂ ਦੀ ਤਰਜਮਾਨੀ, ਵਿਆਖਿਆ, ਮੁਲਾਂਕਣ ਅਤੇ ਸਮੀਖਿਆ ਕਰਨ ਵਾਲ਼ਿਆਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜੇ ਕਿਸੇ ਚੰਗੀ ਰਚਨਾ ਦੀ ਤਰਜਮਾਨੀ ਜਾਂ ਵਿਆਖਿਆ ਸਹੀ ਢੰਗ ਨਾਲ਼ ਨਹੀਂ ਕੀਤੀ ਜਾਂਦੀ ਜਾਂ ਉਹ ਰਚਨਾ ਨਜ਼ਰਅੰਦਾਜ਼ ਕਰ ਦਿੱਤੀ ਜਾਂਦੀ ਹੈ ਤਾਂ ਉਸ ਦਾ ਲਿਖਿਆ, ਨਾ ਲਿਖਿਆ ਜਾਣਾ ਇਕ ਬਰਾਬਰ ਹੋ ਜਾਂਦਾ ਹੈ। ਸਮੀਖਿਅਕਾਂ ਦੇ ਇਹੋ ਜਿਹੇ ਰੁਝਾਨ, ਉਨ੍ਹਾਂ ਦੀ ਆਪਣੀ ਸਮੀਖਿਆ ਦਾ ਅਮਲ ਸ਼ੁਰੂ ਕਰਾ ਦਿੰਦੇ ਹਨ, ਜਿਸ ਦੇ ਨਤੀਜੇ ਵਜੋਂ ਸਮੀਖਿਅਕ ਤੋਂ ਪਹਿਲਾਂ ਵੀ ‘ਚੰਗਾ’ ਜਾਂ ‘ਮਾੜਾ’ ਵਿਸ਼ੇਸ਼ਣ ਜੁੜ ਜਾਂਦਾ ਹੈ ਜਦੋਂ ਕਿ ਜੋੜਨਾ ਹੀ ਪਵੇ ਤਾਂ ‘ਨਿਰਪੱਖ’ ਵਿਸ਼ੇਸ਼ਣ ਜੁੜਨਾ ਚਾਹੀਦਾ ਹੈ।
ਕਹਿੰਦੇ ਹਨ ਕਿ ਤਰਜਮਾਨ, ਸਮੀਖਿਅਕ ਅਤੇ ਵਿਆਖਿਆ ਕਰਨ ਵਾਲ਼ੇ ਚਾਹੁਣ ਤਾਂ ਕਿਸੇ ਚੰਗੀ ਰਚਨਾ ਦੀ ਗ਼ਲਤ ਜਾਂ ਮਾੜੀ ਸਮੀਖਿਆ-ਵਿਆਖਿਆ ਕਰ ਕੇ ਉਸ ਦਾ ਬੇੜਾ ਗ਼ਰਕ ਕਰ ਸਕਦੇ ਹਨ ਅਤੇ ਸਹੀ ਵਿਆਖਿਆ ਕਰ ਕੇ ਉਸ ਰਚਨਾ ਦਾ ਅਸਰ ਕਈ ਗੁਣਾ ਵਧਾ ਵੀ ਸਕਦੇ ਹਨ। ਇਸ ਸਬੰਧ ਵਿਚ ਇਕ ਸੱਚੀ ਘਟਨਾ ਯਾਦ ਆ ਗਈ, ਪਰ ਇਸ ਦਾ ਜ਼ਿਕਰ ਕਰਨ ਤੋਂ ਪਹਿਲਾਂ, ਇਸ ਦੇ ਕਿਰਦਾਰਾਂ ਦੇ ਨਾਮ ਨਾ ਦੱਸਣ ਲਈ ਮੁਆਫ਼ੀ ਚਾਹਾਂਗਾ। ਓਦਾਂ ਸਿਆਣੇ ਪਾਠਕ, ਕਿਰਦਾਰਾਂ ਦੇ ਅਸਲੀ ਨਾਮਾਂ ਤੋਂ ਬਗ਼ੈਰ ਵੀ ਇਸ ਬਿਰਤਾਂਤ ਦੇ ਅਸਲ ਮਕਸਦ ਤਕ ਪਹੁੰਚ ਜਾਣਗੇ।
ਪੰਜਾਬੀ ਦੇ ਇਕ ਬਹੁਤ ਹੀ ਮਕਬੂਲ ਸ਼ਾਇਰ ਨੂੰ ਦਿੱਲੀ ਤੋਂ ਕੁੱਝ ਸਮੀਖਿਅਕਾਂ ਦਾ ਸੁਨੇਹਾ ਆਇਆ ਕਿ ਜੇ ਉਸ ਨੇ, ਉਨ੍ਹਾਂ (ਸਮੀਖਿਅਕਾਂ) ਦੀ ਪੰਜਾਬ ਫੇਰੀ ਦੌਰਾਨ, ਉਨ੍ਹਾਂ ਦੀ ਟਹਿਲ-ਸੇਵਾ ਵਧੀਆ ਢੰਗ ਨਾਲ਼ ਨਾ ਕੀਤੀ ਤਾਂ ਉਹ ਫਲਾਣੇ ਅਸਲੋਂ ਹੀ ਨਵੇਂ ਅਤੇ ਛੋਟੀ ਉਮਰ ਦੇ ਕਵੀ ਨੂੰ, ਉਸ ਤੋਂ ‘ਵੱਡਾ ਤੇ ਅਹਿਮ ਕਵੀ’ ਸਿੱਧ ਕਰ ਦੇਣਗੇ। ਸੱਚਾਈ ਇਹੋ ਹੈ ਕਿ ਪਾਠਕ ਜਾਂ ਪ੍ਰਸ਼ੰਸਕ ਕਿਸੇ ਲੇਖਕ ਦੀ ਉੱਨੀ ਸੇਵਾ ਨਹੀਂ ਕਰਦੇ, ਜਿੰਨੀ ਲੇਖਕਾਂ ਨੂੰ ਸ਼ੁਹਰਤ ਅਤੇ ਮਕਬੂਲੀਅਤ ਦੀ ਟੀਸੀ ਉੱਤੇ ਟਿਕੇ ਰਹਿਣ ਲਈ ਸਮੀਖਿਅਕਾਂ/ ਆਲੋਚਕਾਂ ਦੀ ਕਰਨੀ ਪੈਂਦੀ ਹੈ।
ਲੇਖਕਾਂ ਨੂੰ ਮਿਲਣ ਵਾਲ਼ੇ ਸਾਰੇ ਹੀ ਇਨਾਮ, ਸਮੀਖਿਅਕਾਂ/ ਆਲੋਚਕਾਂ ਦੀ ਸਿਫ਼ਾਰਸ਼ ਨਾਲ਼ ਹੀ ਮਿਲਦੇ ਹਨ। ਦਿੱਲੀ ਦੀ ਇਕ ਯੂਨੀਵਰਸਿਟੀ ਵਿਚ ਤਾਇਨਾਤ ਰਿਹਾ ਇਕ (ਮਰਹੂਮ) ਸਮੀਖਿਅਕ/ ਆਲੋਚਕ ਗੁੱਝੇ ਰੂਪ ਵਿਚ ‘ਸਾਹਿੱਤਕ ਇਨਾਮਾਂ ਦਾ ਵਣਜਾਰਾ’ ਸੀ।ਇਨਾਮਾਂ ਦੇ ਸਬੰਧ ਵਿਚ ਇਕ ਸੱਚੀ ਗੱਲ ਦਰਜ ਕਰਨ ਦਾ ਮੋਹ ਤਿਆਗਣਾ ਔਖਾ ਜਿਹਾ ਹੋ ਰਿਹਾ ਹੈ।ਇਸ ਘਟਨਾ ਦੇ ਦੋ ਮੁੱਖ ਪਾਤਰ ਇਸ ਜਹਾਨ ਤੋਂ ਕੂਚ ਕਰ ਚੁੱਕੇ ਹਨ। ਇਨ੍ਹਾਂ ਸਤਰਾਂ ਦਾ ਲੇਖਕ, ਇਸ ਘਟਨਾ ਦਾ ਚਸ਼ਮਦੀਦ ਗਵਾਹ ਹੈ।
ਡਾ. ਕੁਲਬੀਰ ਸਿੰਘ ਕਾਂਗ ਤੇ ਇਨ੍ਹਾਂ ਸਤਰਾਂ ਦਾ ਲੇਖਕ, ਸ. ਸ. ਮੀਸ਼ਾ ਨੂੰ ਮਿਲਣ ਖ਼ਾਤਰ ‘ਅਕਾਸ਼ਵਾਣੀ ਜਲੰਧਰ’ ਗਏ। ਮੀਸ਼ਾ ਨੂੰ ਮਿਲਣਾ ਤਾਂ ਡਾ. ਕਾਂਗ ਨੇ ਹੀ ਸੀ, ਮੈਨੂੰ ਉਨ੍ਹਾਂ ਦਾ ਮੇਜ਼ਬਾਨ ਹੋਣ ਕਾਰਨ ਹੀ ਨਾਲ਼ ਜਾਣਾ ਪਿਆ ਸੀ। ਮੀਸ਼ਾ ਆਪਣੇ ਦਫ਼ਤਰੀ ਕਮਰੇ ਵਿਚ ਆਪਣੀ ਕੁਰਸੀ ਉੱਤੇ ਬਿਰਾਜਮਾਨ ਸਨ ਤੇ ਉਨ੍ਹਾਂ ਦੇ ਅੱਗੇ ਉਨ੍ਹਾਂ ਦੀ ਕਿਤਾਬ ‘ਕੱਚ ਦੇ ਵਸਤਰ’ ਪਈ ਸੀ।
“ਇਹ ਪੁਰਾਣੀ ਕਿਤਾਬ ਕਿਵੇਂ ਕੱਢੀ ਬੈਠੇ ਹੋ?” ਡਾ. ਕਾਂਗ ਨੇ ਜਾਣ ਸਾਰ ਸੁਆਲ ਕਰ ਦਿੱਤਾ। ਮੀਸ਼ਾ ਸ਼ਾਇਦ ਇਹ ਸੁਆਲ ਪੁੱਛਿਆ ਜਾਣਾ ਹੀ ਲੋੜਦੇ ਸਨ। ਪੈਂਦੀ ਸੱਟੇ ਬੋਲੇ, “ਇਹ ਕਿਤਾਬ ਕਿਸੇ ਇਨਾਮ ਲਈ ਭੇਜਣ ਲੱਗਿਆ ਹਾਂ ਤੇ ਉਹ ਇਨਾਮ ਮਿਲਣਾ ਵੀ ਆਪਾਂ ਨੂੰ ਹੀ ਹੈ।” ਉਸ ਵੇਲ਼ੇ ਮੈਂ ਇਹ ਗੱਲ ਸੁਣੀ ਜ਼ਰੂਰ ਸੀ, ਪਰ ਬਹੁਤੀ ਗੌਲ਼ੀ ਨਹੀਂ ਸੀ। ਕੁੱਝ ਦਿਨਾਂ ਬਾਅਦ ਖ਼ਬਰ ਆ ਗਈ ਕਿ ਉਸ ਸਾਲ ਦਾ, ਸਾਹਿੱਤ ਅਕੈਡਮੀ ਦਾ ਇਨਾਮ ਸ. ਸ. ਮੀਸ਼ਾ ਦੀ ਕਾਵਿ-ਪੁਸਤਕ ‘ਕੱਚ ਦੇ ਵਸਤਰ’ ਨੂੰ ਦਿੱਤਾ ਜਾ ਰਿਹਾ ਹੈ।
ਦਿੱਲੀ ਦਾ ਇਕ ਆਲੋਚਕ ਆਪਣੇ ਆਖ਼ਰੀ ਸਾਹਾਂ ਤਕ ਇਹੋ ਜਿਹੇ ਤਕਰੀਬਨ ਸਾਰੇ ਇਨਾਮਾਂ ਵਿਚ ‘ਆੜ੍ਹਤੀਆ’ ਬਣਿਆ ਰਿਹਾ। ਰਾਜਧਾਨੀ ਵਿਚ ਤਾਇਨਾਤ ਹੋਣ ਕਾਰਨ ਉਸ ਦੀ ਰਸਾਈ, ਪ੍ਰਧਾਨ ਮੰਤਰੀ ਦਫ਼ਤਰ ਤਕ ਹੁੰਦੀ ਸੀ। ਉਸ ਦੇ ਘਰ ਦੀਆਂ ਕੰਧਾਂ ਤੇ ਪਰਛੱਤੀਆਂ ਇਹੋ ਜਿਹੀਆਂ ਤਸਵੀਰਾਂ ਨਾਲ਼ ਲੱਧੀਆਂ ਹੋਈਆਂ ਸਨ, ਜਿਨ੍ਹਾਂ ਵਿਚ ਉਹ ਪ੍ਰਧਾਨ ਮੰਤਰੀ ਨਾਲ਼ ਉਨ੍ਹਾਂ ਦੇ ਸੱਜੇ ਜਾਂ ਖੱਬੇ ਹੱਥ ਬੈਠਾ ਦਿਸਦਾ ਸੀ। ਪੰਜਾਬ ਤੋਂ ਉਸ ਲਈ ਸੌਗਾਤਾਂ ਲੈ ਕੇ ਜਾਂਦੇ ਇਨਾਮੀ-ਇਕਰਾਮੀ ਲੇਖਕ, ਉਹ ਤਸਵੀਰਾਂ ਦੇਖ ਕੇ ਦੰਗ ਤਾਂ ਰਹਿੰਦੇ ਹੀ ਸੀ, ਪੰਜਾਬ ਮੁੜ ਕੇ ਇਨਾਮਾਂ ਲਈ ਤਰਸਦੇ ਹੋਰ ਸਾਹਿੱਤਕਾਰਾਂ ਅੱਗੇ ਉਸ ਆਲੋਚਕ ਦੀ ਚੜ੍ਹਤ ਦੇ ਕਿੱਸੇ ਵੀ, ਪੱਲਿਓਂ ਵਾਧੂ ਹੀ ਲੂਣ-ਮਸਾਲੇ ਲਾ ਕੇ ਸੁਣਾਉਂਦੇ ਤੇ ਉਸ ਆਲੋਚਕ ਦੀ ਗਾਹਕੀ ਕਾਫੀ ਵਧਾਉਂਦੇ।
ਅਸੀਂ ਇਨਾਮਾਂ ਤੋਂ ਫਿਰ ਲਿਖਤਾਂ ਵੱਲ ਮੁੜੀਏ। ਲਿਖਣ ਵਾਲ਼ਾ ਭਾਵੇਂ ‘ਗੁੱਲੀ-ਡੰਡੇ’ ਬਾਰੇ ਲਿਖੇ, ਪਾਠਕ ਨੂੰ ਉਸ ਵਿਚੋਂ ਕੁੱਝ ਮਿਲਣਾ ਚਾਹੀਦਾ ਹੈ। ‘ਗੁੱਲੀ’ ਮਿਲ ਜਾਵੇ ਉਹ ਵੀ ਖ਼ਰੀ, ‘ਡੰਡਾ’ ਮਿਲ ਜਾਵੇ ਤਾਂ ਉਹ ਵੀ ਬਹੁਤ। ਉਸ ਰਚਨਾ ਨਾਲ਼ ਪਾਠਕ ਦਾ ਮਨ ਟੁੰਬਿਆ ਜਾਣਾ ਚਾਹੀਦਾ ਹੈ। ‘ਗੁੱਲੀ-ਡੰਡੇ’ ਵਿਚ ਪਾਠਕ ਦੀ ਉੱਕਾ ਹੀ ਕੋਈ ਦਿਲਚਸਪੀ ਨਾ ਹੋਵੇ, ਉਹ ਫਿਰ ਵੀ ਲੇਖਕ ਦੀ ਉਹ ਰਚਨਾ ਪੜ੍ਹ ਜਾਵੇ ਤੇ ਫਿਰ ਅੱਗੇ ਉਸ ਦੀ ਚਰਚਾ ਵੀ ਕਰੇ। ਇਹ ਹੁੰਦਾ ਹੈ ਇਕ ਚੰਗੀ ਰਚਨਾ ਦਾ ਕਮਾਲ।
ਚੰਗੀ ਰਚਨਾ ਦੇ ਕਮਾਲ ਤੋਂ ਚੇਤਾ ਆਇਆ ਕਿ ਉਰਦੂ ਸ਼ਾਇਰ ਨਿਦਾ ਫ਼ਾਜ਼ਲੀ ਨੇ ਆਪਣੇ ਸ਼ਾਇਰ ਦੋਸਤ ਡਾ. ਬਸ਼ੀਰ ਬਦਰ ਸਬੰਧੀ ਇਕ ਕਿਤਾਬ ‘ਬਸ਼ੀਰ ਬਦਰ-ਨਈ ਗ਼ਜ਼ਲ ਕਾ ਏਕ ਨਾਮ’ ਦਾ ਸੰਪਾਦਨ ਕੀਤਾ। ਦੋਵੇਂ ਸ਼ਾਇਰ ਆਪਸੀ ਸਮਕਾਲੀ ਵੀ ਹਨ ਤੇ ਦੋਸਤ ਵੀ। ਆਪਣੀ ਲਿਖਣ ਕਲਾ ਨਾਲ਼ ਇਮਾਨਦਾਰੀ, ਤੁਹਾਨੂੰ ਇਹ ਇਜਾਜ਼ਤ ਨਹੀਂ ਦਿੰਦੀ ਕਿ ਆਪਣੇ ਦੋਸਤ ਦੀਆਂ ਸਿਫ਼ਤਾਂ ਦੇ ਪੁਲ, ਸੀਮੈਂਟ ਲਗਾਏ ਬਗ਼ੈਰ ਹੀ ਬੰਨ੍ਹ ਦਿਓਂ। ਇਮਾਨਦਾਰੀ ਦੇ ਤਕਾਜ਼ੇ ਹੀ ਤੁਹਾਨੂੰ ਇਹ ਖੁੱਲ੍ਹ ਵੀ ਨਹੀਂ ਦਿੰਦੇ ਕਿ ਮੁਸ਼ਾਇਰਿਆਂ ਵਿਚ ਬਹੁਤੀ ਦਾਦ ਹਾਸਲ ਕਰਨ ਤੋਂ ਖ਼ਾਰ ਖਾ ਕ,ੇ ਤੁਸੀਂ ਆਪਣੇ ਸਮਕਾਲੀ ਸ਼ਾਇਰ ਦਾ ਬਿਸਤਰਾ ਹੀ ਗੋਲ ਕਰ ਦਿਓਂ। ਤੁਸੀਂ ਸੋਚਦੇ ਹੋਵੋਗੇ ਕਿ ਇਹੋ ਜਿਹੇ ਹਾਲਾਤ ਵਿਚ ਕੀ ਕਰਨਾ ਬਣਦਾ ਹੈ।
ਇਸੇ ਹੀ ਜਗਿਆਸਾ ਨੂੰ ਸ਼ਾਂਤ ਕਰਦਾ ਹੈ, ਇਸ ਕਿਤਾਬ ਦਾ ਮੁੱਖਬੰਦ, ਜੋ ਨਿਦਾ ਫ਼ਾਜ਼ਲੀ ਨੇ ਹੀ ਲਿਖਿਆ ਹੋਇਆ ਹੈ। ਮੈਂ ਇਸ ਰਚਨਾ ਦਾ ਹਵਾਲਾ ਇਕ ਵਧੀਆ ਰਚਨਾ ਵਜੋਂ ਦੇ ਰਿਹਾ ਹਾਂ। ਇਹ ਲੇਖ, ਇਸ ਲੇਖ ਦੇ ਢਿੱਡ ਵਿਚ ਪਾਉਣਾ ਬਹੁਤ ਔਖਾ ਕੰਮ ਹੈ, ਜਿਸ ਕਰ ਕੇ, ਪਾਠਕਾਂ ਨੂੰ ਇਸ ਲੇਖ ਦੀਆਂ ਕੁੱਝ ਟੂਕਾਂ ਤੋਂ ਹੀ ਬੁੱਤਾ (ਬੂਤਾ ਨਹੀਂ) ਸਾਰਨਾ ਪਵੇਗਾ। ਨਿਦਾ ਫ਼ਾਜ਼ਲੀ ਨੇ ਇਸ ਲੇਖ ਵਿਚ ‘ਦੋਸਤੀ ਦੇ ਲਿਹਾਜ਼’ ਅਤੇ ‘ਇਮਾਨਦਾਰੀ ਦੇ ਤਕਾਜ਼ੇ’ ਵਿਚਾਲ਼ੇ ਜਿਹੜਾ ਸਮਤੋਲ ਬਣਾਇਆ ਹੈ, ਉਹੀ ਇਸ ਰਚਨਾ ਦੀ ਜਾਨ ਹੈ। ਮਿਸਾਲ ਵਜੋਂ ਇਸ ਲੇਖ ਦੀ ਸ਼ੁਰੂਆਤ ਦੀ ਝਲਕ ਦੇਖੋ:
“ਬਸ਼ੀਰ ਬਦਰ ਨਾ ਸ਼ਰਾਬ ਪੀਤੇ ਹੈਂ, ਨਾ ਸਿਗਰੇਟ ਸੇ ਅਪਨੀ ਤਨਹਾਈ ਬਹਿਲਾਤੇ ਹੈਂ। ਵੋਹ ਵਕਤ ਗ਼ੁਜ਼ਾਰੀ ਕੇ ਲੀਏ ਦੂਸਰੇ ਸ਼ਾਇਰੋਂ ਕੀ ਬੁਰਾਈ ਕੇ ਆਨੰਦ ਸੇ ਭੀ ਦੂਰ ਹੈਂ। ਵੋਹ ਯਹਾਂ ਭੀ ਮਿਲਤੇ ਹੈਂ, ਅਪਨੇ ਨਏ ਸ਼ਿਅਰ ਸੁਨਾਤੇ ਹੈਂ। ਸੁਨਾਨੇ ਸੇ ਪਹਿਲੇ ਯਹੀ ਕਹਿਤੇ ਹੈਂ ਕਿ ਭਾਈ ਨਏ ਸ਼ਿਅਰ ਹੈਂ, ਕੋਈ ਭੂਲ-ਚੂਕ ਹੋ ਗਈ ਹੋ ਤੋ ਬਤਾ ਦੋ, ਇਸਲਾਹ ਕਰ ਦੋ। ਲੇਕਿਨ ਸੁਨਾਨੇ ਕਾ ਅੰਦਾਜ਼ ਐਸਾ ਹੋਤਾ ਹੈ ਜੈਸੇ ਕਹਿ ਰਹੇ ਹੋਂ, “ਕਿਉਂ ਝਕ ਮਾਰਤੇ ਹੋ-ਗ਼ਜ਼ਲ ਕਹਿਨੀ ਹੋ ਤੋ ਇਸ ਤਰਹਾ ਕਹਾ ਕਰੋ।”
ਇਸ ਰਚਨਾ ਦਾ ਕਰਾਰਾਪਨ ਮਾਨਣ ਲਈ ਇਹ ਸਤਰਾਂ ਵੀ ਪੜ੍ਹੋ:
“ਵੋਹ ਕਾਫੀ ਮਸ਼ਹੂਰ ਸ਼ਾਇਰ ਹੈ। ਲੇਕਿਨ ਅਪਨੀ ਸ਼ਾਇਰੀ ਪਰ ਹਰ ਛੋਟੇ-ਬੜੇ ਕੋ ਲਿਖਨੇ-ਲਿਖਾਨੇ ਕੀ ਦਰਖ਼ਾਸਤ ਕਰਨਾ ਉਨ ਕੀ ਕਮਜ਼ੋਰੀ ਹੈ।”… “ਅਪਨੀ ਸ਼ਾਇਰੀ ਪਰ ਖ਼ੁਦ ਮਜ਼ਮੂਨ ਲਿਖ ਕਰ ਭੀ, ਵੋਹ ਫ਼ਿਰਾਕ ਕੀ ਤਰਹਾ ਦੂਸਰੋਂ ਕੇ ਨਾਮ ਸੇ ਛਪਵਾਨੇ ਮੇਂ ਕੰਜੂਸੀ ਨਹੀਂ ਕਰਤੇ। ਜੁਮਲੇ ਸੇ ਜੁਮਲਾ ਤਰਾਸ਼ਨਾ ਉਨ ਕੀ ਜ਼ਹਾਨਤ ਹੈ ਔਰ ਪੂਰੀ ਬਤੀਸੀ ਸੇ, ਪਹਿਲੇ ਖ਼ੁਦ ਹੰਸ ਕਰ, ਮੁਖ਼ਾਤਿਬ ਕੋ ਹੰਸਨੇ ਪਰ ਮਜਬੂਰ ਕਰਨਾ ਉਨ ਕੀ ਆਦਤ ਹੈ।ਮਿਜ਼ਾਜ ਸੇ ਰੁਮਾਨੀ ਹੈਂ, ਲੇਕਿਨ ਉਨ ਕੇ ਸਾਥ ਅਭੀ ਤਕ ਕਿਸੀ ਇਸ਼ਕ ਕੀ ਕਹਾਨੀ ਮੰਸੂਬ ਨਹੀਂ ਹੂਈ। ਜਿਸ ਉਮਰ ਮੇਂ ਇਸ਼ਕ ਕੇ ਲੀਏ ਜਿਸਮ ਜ਼ਿਆਦਾ ਸਾਥ ਦੇਤਾ ਹੈ, ਵੋਹ ਸ਼ੌਹਰ ਬਨ ਕਰ ਘਰਬਾਰ ਕੇ ਹੋ ਜਾਤੇ ਹੈਂ। ਅਬ ਜੋ ਭੀ ਅੱਛਾ ਲਗਤਾ ਹੈ, ਉਸੇ ਬਹਿਨ ਬਨਾ ਕਰ ਰਿਸ਼ਤੋਂ ਕੀ ਤਹਿਜ਼ੀਬ ਨਿਭਾਤੇ ਹੈ।”
ਲੇਖ ਦੀ ਲੰਬਾਈ, ਹੋਰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੰਦੀ। ਜੇ ਤੁਹਾਡੀ ਕਲਮ, ਤੁਹਾਡੀ ਰਚਨਾ ਪੜ੍ਹਨ ਵਾਲ਼ੇ ਦੀ ਬਗਲ ਵਿਚ ਛੁਰੀ ਵਾਂਗ ਧੱਸਣਾ ਤਾਂ ਕੀ, ਮਾੜੀ-ਮੋਟੀ ਖੁਰਕ ਵੀ ਨਹੀਂ ਕਰਦੀ ਤਾਂ ਤੁਹਾਨੂੰ ਛੇਤੀ-ਛੇਤੀ ਲਿਖਣਾ ਛੱਡ ਕੇ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਹੈ।#
