ਸਿਰੇ ’ਤੇ ਗੰਢ
ਬਖ਼ਸ਼ਿੰਦਰ
ਕਈ ਬੰਦਿਆਂ ਦੇ ‘ਲੇਖ’ ਹੀ ਇਹੋ ਜਿਹੇ ਲਿਖੇ ਹੁੰਦੇ ਹਨ ਕਿ ਉਨ੍ਹਾਂ ਬਾਰੇ ਵਾਰ-ਵਾਰ ਲੇਖ ਲਿਖੇ ਜਾਂਦੇ ਹਨ। ਨਰਾਇਣ ਦੱਤ ਤਿਵਾੜੀ ਬਾਰੇ ਸ਼ਾਇਦ ਮੇਰਾ ਇਹ ਤੀਜਾ-ਚੌਥਾ ਲੇਖ ਹੈ ਜਦੋਂ ਕਿ ਉਨ੍ਹਾਂ ਦਾ ‘ਚੌਥਾ’ ਹੋਣ ਦੀ ਹਾਲੇ ਕੋਈ ਗੁੰਜਾਇਸ਼ ਨਹੀਂ। 
“ਚੌਥਾ ਹੋਵੇ ਉਨ੍ਹਾਂ ਦੇ ਦੁਸ਼ਮਣਾਂ ਦਾ,” ਬੜਾ ਸੌਖਾ ਹੀ ਕਿਹਾ ਜਾ ਸਕਦਾ ਸੀ, ਪਰ ਹੁਣ ਨਹੀਂ। ਹੁਣ ਹਾਲਾਤ ਬਦਲ ਗਏ ਹਨ। ਉਨ੍ਹਾਂ ਦੇ ਸਭ ਤੋਂ ਵੱਡੇ ਦੁਸ਼ਮਣ ਯਾਨੀ ਵੈਰੀ, ਉਨ੍ਹਾਂ ਦੇ ‘ਮਿੱਤ’ ਯਾਨੀ ‘ਮੀਤ’ ਹੋ ਗਏ ਹਨ। ਪਿਛਲੇ ਛੇ ਸਾਲਾਂ ਤੋਂ ਨਰਾਇਣ ਦੱਤ ਤਿਵਾੜੀ ਨੂੰ ਆਪਣਾ ‘ਨਜਾਇਜ਼ ਬਾਪ’ ਸਾਬਤ ਕਰਨ ’ਤੇ ਤੁਲੇ ਹੋਏ ਅਤੇ ਇਸ ਖ਼ਾਤਰ ਕਾਨੂੰਨੀ ਲੜਾਈ ਲੜਦੇ ਆ ਰਹੇ ਰੋਹਿਤ ਸ਼ੇਖਰ ਨੂੰ ਨਰਾਇਣ ਦੱਤ ਤਿਵਾੜੀ ਨੇ ਉਜਵਲਾ ਸ਼ਰਮਾ ਨਾਲ਼ ਆਪਣੇ ‘ਨਜਾਇਜ਼ ਸਬੰਧਾਂ’ ਵਿਚੋਂ ਪੈਦਾ ਹੋਈ, ਆਪਣੀ ‘ਜਾਇਜ਼ ਔਲਾਦ’ ਮੰਨ ਲਿਆ ਹੈ। ਓਦਾਂ ਸ਼ਾਇਦ ਇਹ ਵੀ ਆਪਣੇ-ਆਪ ਵਿਚ ਇਕ ਰਿਕਾਰਡ ਹੀ ਹੋਵੇ ਕਿਉਂ ਕਿ ਇਹ ਮੰਨਣ ਲਈ ਤਿਵਾੜੀ ਨੂੰ 34 ਸਾਲ ਲੱਗ ਗਏ ਹਨ।
ਰੋਹਿਤ ਸ਼ੇਖਰ ਨੂੰ ਆਪਣਾ ਪੁੱਤਰ ਮੰਨਣ ਤੋਂ ਇਨਕਾਰੀ ਹੋਣ ਲਈ ਤਿਵਾੜੀ ਨੂੰ ਜਿਹੜੇ ਸੌ-ਸੌ ਪਾਪੜ ਬੇਲ਼ਣੇ ਪਏ, ਉਹ ਤਾਂ ਪਏ ਹੀ, ਉਹ ਆਪ ਵੀ ਬਹੁਤ ਬੇਲੇ ਗਏ, ਬਹੁਤ ਰਿੜਕੇ ਗਏ। ਅਦਾਲਤ ਨੇ ਉਨ੍ਹਾਂ ਨੂੰ ਡੀ. ਐੱਨ. ਏ. ਟੈਸਟ ਕਰਾਉਣ ਦਾ ਹੁਕਮ ਦਿੱਤਾ। ਇਸ ਟੈਸਟ ਵਿਚ ਵੀ ਉਹੀ ਗੱਲ ਸਾਹਮਣੇ ਆਈ, ਜੋ ਅਸਲ ਵਿਚ ਸੀ ਯਾਨੀ ਰੋਹਿਤ, ਤਿਵਾੜੀ ਦਾ ਪੁੱਤਰ ਸਾਬਤ ਹੋ ਗਿਆ। ਸਾਬਤ ਹੋਣਾ ਹੋਰ ਗੱਲ ਹੈ, ਮੰਨ ਲੈਣਾ ਹੋਰ ਗੱਲ ਹੈ।
ਇਸ ਦੋ ਮਾਰਚ ਨੂੰ ਤਿਵਾੜੀ ਨੇ ਰੋਹਿਤ ਸ਼ੇਖਰ ਨੂੰ ਆਪਣੇ ਘਰ ਸੱਦ ਕੇ ਜੰਗਬੰਦੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਸ ਲੜਾਈ ਤੋਂ ਅੱਕ-ਥੱਕ ਗਏ ਹਨ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਅਤੇ ਆਂਧਰਾ ਪ੍ਰਦੇਸ਼ ਦੇ ਗਵਰਨਰ ਰਹੇ, ਇਹ ਕਾਂਗਰਸੀ ਆਗੂ ਵੀ ਆਪਣੇ ਆਗੂ ਪੰਡਤ ਨਹਿਰੂ ਦੀਆਂ ਰੀਸਾਂ ਕਰਦਿਆਂ ਕਾਫੀ ਬਦਨਾਮ ਰਹੇ ਹਨ। ਡੀ. ਐੱਨ. ਏ. ਟੈਸਟ ਲਈ ਆਪਣੇ ਖ਼ੂਨ ਦਾ ਨਮੂਨਾ ਨਾ ਦੇਣ ਦੀ ਸੂਰਤ ਵਿਚ ਅਦਾਲਤ ਨੇ ਪੁਲੀਸ ਦੀ ਮੱਦਦ ਲਏ ਜਾਣ ਦੀ ਹਦਾਇਤ ਵੀ ਦਿੱਤੀ ਸੀ। ਇਸ ਮਾਮਲੇ ਬਾਰੇ ਤਿਵਾੜੀ ਨੇ ਸੁਪਰੀਮ ਕੋਰਟ ਦਾ ਬੂਹਾ ਵੀ ਖੜਕਾਇਆ, ਪਰ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਨੂੰ ਹੇਠਲੀ ਅਦਾਲਤ ਦਾ ਰਾਹ ਦਿਖਾਇਆ।
ਰੋਹਿਤ ਸ਼ੇਖਰ ਨੇ 2008 ਵਿਚ ਤਿਵਾੜੀ ਵਿਰੁੱਧ ਕੇਸ ਦਾਇਰ ਕਰਦਿਆਂ ਅਦਾਲਤ ਵਿਚ ਕਿਹਾ ਸੀ ਕਿ  ਉਜਵਲਾ ਸ਼ਰਮਾ ਉਨ੍ਹਾਂ ਦੀ ਮਾਂ ਹੈ, ਪਰ ਉਨ੍ਹਾਂ ਦੇ ਬਾਪ ਨਰਾਇਣ ਦੱਤ ਤਿਵਾੜੀ ਹਨ, ਜੋ ਉਨ੍ਹਾਂ ਨੂੰ ਆਪਣਾ ਪੁੱਤਰ ਨਹੀਂ ਮੰਨਦੇ। ਰੋਹਿਤ ਸ਼ੇਖਰ ਨੇ ਅਦਾਲਤ ਅੱਗੇ ਕੀਤੀ ਫ਼ਰਿਆਦ ਵਿਚ ਇਹ ਵੀ ਕਿਹਾ ਸੀ ਕਿ ਬਚਪਨ ਵਿਚ ਜਦੋਂ ਉਸ ਦਾ ਜਨਮ ਦਿਨ ਮਨਾਇਆ ਜਾਂਦਾ ਸੀ ਤਾਂ ਨਰਾਇਣ ਦੱਤ ਤਿਵਾੜੀ, ਉਸ ਨੂੰ ਅਸ਼ੀਰਵਾਦ ਦੇਣ ਲਈ ਉਨ੍ਹਾਂ ਦੇ ਘਰ ਆਉਂਦੇ ਹੁੰਦੇ ਸਨ। ਉਦੋਂ ਉਹ ਕਿਸ ਰਿਸ਼ਤੇ ਨਾਲ਼ ਆਉਂਦੇ ਸਨ ਤੇ ਹੁਣ ਉਹ ਕਿਸ ਰਿਸ਼ਤੇ ਨੂੰ ਮੰਨਣ ਤੋਂ ਇਨਕਾਰੀ ਹਨ? 
ਰੋਹਿਤ ਸ਼ੇਖਰ, ਜੋ ਆਪ ਵੀ ਵਕੀਲ ਹੈ, ਦੀ ਇਹ ਕਾਨੂੰਨੀ ਲੜਾਈ ਭਾਰਤ ਦੇ ਕਾਨੂੰਨ ਦੇ ਇਤਿਹਾਸ ਦਾ ਇਕ ਨਵਾਂ ਕਾਂਡ ਲਿਖ ਗਈ ਹੈ। ਰੋਹਿਤ ਸ਼ੇਖਰ ਨੇ ਇਕ ਵਾਰ ਏਦਾਂ ਵੀ ਕਿਹਾ ਸੀ, “ਮੈਂ ਸ਼ਾਇਦ ਦੁਨੀਆ ਦਾ ਪਹਿਲਾ ਆਦਮੀ ਹਾਂ, ਜੋ ਆਪਣੇ-ਆਪ ਨੂੰ ‘ਹਰਾਮਜ਼ਾਦਾ’ ਸਾਬਤ ਕਰਨ ਲਈ ਜੂਝ ਰਿਹਾ ਹਾਂ। ਲੋਕ ਕਾਨੂੰਨੀ ਵਾਰਸ ਬਣਨ ਲਈ, ਆਪਣੀ ਇੱਜ਼ਤ ਅਤੇ ਵਕਾਰ ਹਾਸਲ ਕਰਨ ਲਈ ਤਾਂ ਜੂਝਦੇ ਹੀ ਰਹਿੰਦੇ ਹਨ।”
ਰੋਹਿਤ ਸ਼ੇਖਰ ਫ਼ਿਲਮ ‘ਤ੍ਰਿਸ਼ੂਲ’ ਵਾਰ-ਵਾਰ ਦੇਖਣ ਜਾਂਦਾ ਹੁੰਦਾ ਸੀ। ਇਸ ਫ਼ਿਲਮ ਦੇ ਇਕ ਦ੍ਰਿਸ਼ ਵਿਚ ਅਮਿਤਾਭ ਬੱਚਨ, ਆਪਣੇ ਬਾਪ ਦਾ ਕਿਰਦਾਰ ਨਿਭਾਉਂਦੇ ਸੰਜੀਵ ਕੁਮਾਰ ਨੂੰ ਕਹਿੰਦਾ ਹੈ, “ਤੁਮ ਮੇਰੇ ਨਜਾਇਜ਼ ਬਾਪ ਹੋ।” ਇਹ ਸੰਵਾਦ, ਰੋਹਿਤ ਸ਼ੇਖਰ ਦੇ ਮਨ ਨੂੰ ਬਹੁਤ ਟੁੰਬਦਾ ਹੁੰਦਾ ਸੀ। ਉਸ ਦਾ ਕਹਿਣ ਹੈ, “ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਸਕੂਲ ਵਿਚ ਅਧਿਆਪਕਾਂ ਅਤੇ ਮਾਪਿਆਂ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਆਉਂਦੇ ਰਹੇ ਬੀ. ਪੀ. ਸ਼ਰਮਾ ਮੇਰੇ ਬਾਪ ਨਹੀਂ ਤੇ ਨਰਾਇਣ ਦੱਤ ਤਿਵਾੜੀ ਮੇਰੇ ਬਾਪ ਹਨ ਤਾਂ ਮੈਂ ਸੋਚਦਾ ਕਿ ਮੈਂ ਵੀ ਕਿਸੇ ਵੇਲ਼ੇ ਉਨ੍ਹਾਂ ਨੂੰ ਏਦਾਂ ਹੀ ਕਹਾਂਗਾ।”
“ਫਿਰ ਜਦੋਂ ਮੈਂ ਰਤਾ ਕੁ ਵੱਡਾ ਹੋਇਆ ਤਾਂ ਮੈਂ ਸੋਚਿਆ ਕਿ ਮੇਰਾ ਇਕ ਵੱਡਾ ਭਰਾ ਵੀ ਹੈ, ਤਿਵਾੜੀ ਸਾਹਿਬ ਮੇਰੇ ਉੱਤੇ ਹੀ ਇੰਨੇ ਮਿਹਰਬਾਨ ਕਿਉਂ ਹਨ। ਫਿਰ ਮੈਨੂੰ ਸਮਝ ਆਈ ਕਿ ਮੇਰਾ ਵੱਡਾ ਭਰਾ ਤਾਂ ਮੇਰੀ ਮਾਂ ਦੇ ਪਤੀ ਬੀ. ਪੀ. ਸ਼ਰਮਾ ਦੀ ਔਲਾਦ ਹੈ। ਮੇਰੀ ਮਾਂ, ਮੈਨੂੰ ਤਾਂ ਆਪਣੀਆਂ ਚੀਜ਼ਾਂ ਆਪਣੇ ਵੱਡੇ ਭਰਾ ਨੂੰ ਦੇਣ ਲਈ ਕਹਿ ਦਿੰਦੀ, ਉਸ ਨੂੰ ਕਦੇ ਮੇਰੇ ਵਾਂਗ ਤਿਵਾੜੀ ਸਾਹਿਬ ਦੇ ਬੰਗਲੇ ਲੈ ਕੇ ਨਾ ਜਾਂਦੀ। ਮੈਂ ਇਹ ਵੀ ਦੇਖਦਾ ਕਿ ਮੇਰੀ ਮਾਂ ਤਿਵਾੜੀ ਸਾਹਿਬ ਨੂੰ ਮਿਲ ਕੇ ਸਦਾ ਹੀ ਰੋਂਦੀ ਆਉਂਦੀ ਹੁੰਦੀ ਸੀ। ਉਸ ਨੂੰ ਆਉਣ ਸਾਰ ਹੀ ਦਮੇਂ ਦਾ ਦੌਰਾ ਪੈ ਜਾਂਦਾ ਹੁੰਦਾ ਸੀ। ਬਹੁਤੀ ਵਾਰ ਮੇਰੀ ਮਾਂ ਇਕੱਲੀ ਹੀ ਤਿਵਾੜੀ ਸਾਹਿਬ ਨੂੰ ਮਿਲਦੀ ਤੇ ਉਨ੍ਹਾਂ ਦੋਹਾਂ ਵਿਚਾਲ਼ੇ ਬਹੁਤ ਤਕਰਾਰ ਹੁੰਦਾ ਸੀ। ਅਜਿਹੇ ਮੌਕਿਆਂ ’ਤੇ ਉਨ੍ਹਾਂ ਦਾ ਕੋਈ ਨੌਕਰ ਮੈਨੂੰ ਖਿਡਾਉਣ ਦੇ ਬਹਾਨੇ ਬਾਹਰ ਲੈ ਜਾਂਦਾ ਹੁੰਦਾ ਸੀ।” ਰੋਹਿਤ ਸ਼ੇਖਰ ਦਾ ਹੀ ਬਿਆਨ ਹੈ, “ਕਈ ਵਾਰੀ ਮੈਂ ਦੇਖਿਆ ਕਿ ਉਹ ਮੈਨੂੰ ਵੀ ਨਜ਼ਰਅੰਦਾਜ਼ ਕਰ ਦਿੰਦੇ। ਮੈਂ ਸੋਚਦਾ ਕਿ ਮੇਰੀ ਮਾਂ ਇਹੋ ਜਿਹੇ ਬੰਦੇ ਨੂੰ ਕਿਉਂ ਮਿਲਣ ਆਉਂਦੀ ਹੈ।”
ਆਖ਼ਰ ਰੋਹਿਤ ਨੂੰ ਇਹ ਇਲਮ ਕਿੱਦਾਂ ਹੋਇਆ ਕਿ ਤਿਵਾੜੀ ਹੀ ਉਸ ਦਾ ਬਾਪ ਹੈ? ਹੁਣ ਤਕ ਇਹ ਸੁਆਲ ਸਭ ਦੇ ਮਨ ਵਿਚ ਸਿਰ ਚੁੱਕ ਰਿਹਾ ਹੋਵੇਗਾ। ਇਸ ਦਾ ਜੁਆਬ ਰੋਹਿਤ ਦੇ ਸ਼ਬਦਾਂ ਵਿਚ ਹੀ ਪੜ੍ਹੋ, “ਮੈਂ 11-12 ਸਾਲਾਂ ਦਾ ਹੋਵਾਂਗਾ ਕਿ ਇਕ ਦਿਨ ਮੇਰੀ ਨਾਨੀ ਨੇ ਮੈਨੂੰ ਦੱਸਿਆ ਤਿਵਾੜੀ ਸਾਹਿਬ ਹੀ ਮੇਰੇ ਅਸਲੀ ਪਿਤਾ ਜੀ ਹਨ। ਸੁਣ ਕੇ ਮੈਂ ਹੱਸ ਪਿਆ। ਫੇਰ ਮੈਂ ਇਹ ਗੱਲ ਆਪਣੀ ਮਾਂ ਨੂੰ ਸੁਣਾਈ ਤਾਂ ਉਨ੍ਹਾਂ ਨੇ ਕਿਹਾ ਕਿ ਸੱਚ ਇਹੋ ਹੈ। ਮਾਂ ਨੇ ਦੱਸਿਆ ਕਿ ਉਹ ਤਿਵਾੜੀ ਸਾਹਿਬ ਦੇ ਘਰ ਜਾ ਕੇ ਇਹੋ ਕਜੀਆ ਕਰਦੀ ਰਹੀ ਹੈ ਕਿ ਉਹ ਆਪਣੇ ਪੁੱਤਰ ਨੂੰ ਪੁੱਤਰ ਵਜੋਂ ਮਾਨਤਾ ਦੇ ਦੇਣ। ਤਿਵਾੜੀ ਸਾਹਿਬ ਇਹ ਕਹਿ ਛੱਡਦੇ ਕਿ ਉਨ੍ਹਾਂ ਪਤਨੀ ਨੂੰ ਇਹ ਪ੍ਰਵਾਨ ਨਹੀਂ ਹੋਣਾ।”
ਉਜਵਲਾ ਸ਼ਰਮਾ ਅਤੇ ਤਿਵਾੜੀ ਸਾਹਿਬ ਦਾ ਆਪਸੀ ਨੇੜ ਕਿੱਦਾਂ ਹੋਇਆ? ਇਸ ਦਾ ਜੁਆਬ ਰੋਹਿਤ ਸ਼ੇਖ਼ਰ ਨੇ ਏਦਾਂ ਦਿੱਤਾ, “ਤਿਵਾੜੀ ਸਾਹਿਬ, ਸਾਬਕਾ ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਬਾਨੀਆਂ ਵਿਚ ਸ਼ੁਮਾਰ ਹੁੰਦੇ, ਮੇਰੇ ਦਾਦਾ ਜੀ ਪ੍ਰੋਫੈਸਰ ਸ਼ੇਰ ਸਿੰਘ ਨੂੰ ਮਿਲਣ ਸਾਡੇ ਘਰ ਆਇਆ ਕਰਦੇ ਸਨ। ਉਹ ਤਿਵਾੜੀ ਸਾਹਿਬ ਲਈ ਇਕ ਤਰ੍ਹਾਂ ਨਾਲ਼ ਉਸਤਾਦਾਂ ਦੇ ਤੁੱਲ ਸਨ।ਮੇਰੀ ਮਾਂ ਦਾ ਵਿਆਹ ਹੋ ਚੁੱਕਾ ਸੀ, ਪਰ ਉਨ੍ਹਾਂ ਦੀ ਆਪਣੇ ਸਹੁਰੇ ਪਰਿਵਾਰ ਨਾਲ਼ ਅਣਬਣ ਸੀ, ਜਿਸ ਕਰ ਕੇ ਉਨ੍ਹੀਂ ਦਿਨੀਂ ਉਹ ਆਪਣੇ ਪੇਕੀਂ ਹੀ ਰਹਿੰਦੀ ਸੀ। ਭਾਵੇਂ ਬੀ. ਪੀ. ਸ਼ਰਮਾ ਮੇਰੇ ਲਈ ਚੰਗੇ ਬਾਪ ਸਨ, ਪਰ ਉਹ ਚੰਗੇ ਪਤੀ ਨਹੀਂ ਸਨ। ਮੇਰੇ ਨਾਨਕਿਆਂ ਨੂੰ ਇਸ ਦਾ ਇਲਮ ਸੀ ਤੇ ਤਿਵਾੜੀ ਸਾਹਿਬ ਨੂੰ ਵੀ ਇਸ ਦੀ ਖ਼ਬਰ ਸੀ। ਉਨ੍ਹਾਂ ਨੇ ਮੇਰੀ ਮਾਂ ਨੂੰ ਕਿਹਾ ਕਿ ਉਨ੍ਹਾਂ ਦੀ ਵੀ, ਆਪਣੀ ਘਰ ਵਾਲ਼ੀ ਨਾਲ਼ ਨਹੀਂ ਬਣਦੀ। ਉਦੋਂ ਉਨ੍ਹਾਂ ਦੀ ਉਮਰ ਪੰਜਾਹ ਕੁ ਸਾਲਾਂ ਦੀ ਹੋਵੇਗੀ। ਉਨ੍ਹਾਂ ਨੇ ਮੇਰੀ ਮਾਂ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ (ਮਾਂ) ਤੋਂ ਆਪਣਾ ਇਕ ਬੱਚਾ ਹੋਵੇ ਕਿਉਂ ਕਿ ਉਨ੍ਹਾਂ ਦੀ ਪਤਨੀ ਇੰਨੇ ਜੋਗੀ ਨਹੀਂ ਹੈ। ਉਨ੍ਹਾਂ ਨੇ ਮੇਰੀ ਮਾਂ ਨੂੰ ਇਹ ਵੀ ਕਿਹਾ ਸੀ ਕਿ ਉਹ ਆਪਣੀ ਪਤਨੀ ਨਾਲ਼ ਤਲਾਕ ਹੋਣ ਸਾਰ, ਉਨ੍ਹਾਂ ਨਾਲ਼ ਵਿਆਹ ਕਰਾ ਲੈਣਗੇ। ਮੇਰੇ ਨਾਨਕਿਆਂ ਨੇ ਉਨ੍ਹਾਂ ਉੱਤੇ ਯਕੀਨ ਕਰ ਲਿਆ ਤੇ ਮੇਰੀ ਮਾਂ ਨੇ ਆਪਣੇ ਮਾਪਿਆਂ ਦੀ ਸਹਿਮਤੀ ਨਾਲ਼ ਇਸ ਵਿਆਹ ਲਈ ਮੰਨ ਗਈ।” 
ਇਕ ਲੰਬਾ ਹਉਕਾ ਭਰਦਿਆਂ ਰੋਹਿਤ ਸ਼ੇਖਰ ਫਿਰ ਬੋਲਦੇ ਹਨ, “ਮੇਰਾ ਜਨਮ ਹੋਇਆ ਤਾਂ ਮਾਂ ਨੇ ਮੇਰਾ ਨਾਂ ਰੋਹਿਤ ਸ਼ੇਖਰ ਰੱਖਿਆ। ਉਨ੍ਹਾਂ ਨੂੰ ਯਕੀਨ ਸੀ ਕਿ ਤਿਵਾੜੀ ਸਾਹਿਬ ਮੈਨੂੰ ਲਾਜ਼ਮੀ ਅਪਣਾਅ ਲੈਣਗੇ। ਜਦੋਂ ਜਨਮ ਦਾ ਸਰਟੀਫਿਕੇਟ ਬਣਾਉਣ ਲਈ ਦਸਤਖ਼ਤ ਕਰਨ ਦਾ ਵੇਲ਼ਾ ਆਇਆ ਤਾਂ ਤਿਵਾੜੀ ਸਾਹਿਬ ਆਪਣਾ ਸਿਆਸੀ ਅਕਸ ਵਿਗੜਨ ਦਾ ਬਹਾਨਾ ਕਰ ਕੇ ਟਾਲ਼ ਗਏ। ਮਜਬੂਰ ਹੋਈ ਮੇਰੀ ਮਾਂ ਨੇ ਮੇਰੇ ਬਾਪ ਦਾ ਨਾਮ ਬੀ. ਪੀ. ਸ਼ਰਮਾ ਲਿਖਾ ਦਿੱਤਾ, ਪਰ ਉਨ੍ਹਾਂ ਨੇ ਮੇਰੇ ਨਾਂ ਪਿੱਛੇ ‘ਸ਼ਰਮਾ’ ਕਦੇ ਨਾ ਲੱਗਣ ਦਿੱਤਾ ਕਿਉਂ ਕਿ ਉਨ੍ਹਾਂ ਨੂੰ ਯਕੀਨ ਸੀ ਕਿ ਕਿਸੇ ਦਿਨ ਤਿਵਾੜੀ ਸਾਹਿਬ ਮੈਨੂੰ ਆਪਣੇ ਪੁੱਤਰ ਵਜੋਂ ਮਾਨਤਾ ਦੇ ਦੇਣਗੇ। ਮੈਂ ਅੱਲ੍ਹੜ ਉਮਰ ਵਿਚ ਪੈਰ ਧਰਿਆ ਤਾਂ ਮੈਨੂੰ ਆਪਣੇ ਮੱਥੇ ਉੱਤੇ ਇਕ ਕਲੰਕ ਜਿਹਾ ਲੱਗਿਆ ਮਹਿਸੂਸ ਹੋਣ ਲੱਗਿਆ। ਮੈਂ ਘੜੀ-ਘੜੀ ਆਪਣੀ ਮਾਂ ਨਾਲ ਲੜਨ ਲੱਗਿਆ ਕਿ ਉਨ੍ਹਾਂ ਨੇ ਮੇਰੀ ਜ਼ਿੰਦਗ਼ੀ ਬਰਬਾਦ ਕਰ ਦਿੱਤੀ ਹੈ। 1993 ਤਿਵਾੜੀ ਸਾਹਿਬ ਦੀ ਪਤਨੀ ਦਾ ਦਿਹਾਂਤ ਹੋ ਗਿਆ ਤਾਂ ਮੇਰੀ ਮਾਂ ਨੂੰ ਆਸ ਹੋਈ ਕਿ ਹੁਣ ਮੈਨੂੰ ਮਾਨਤਾ ਮਿਲ ਜਾਵੇਗੀ, ਪਰ ਤਿਵਾੜੀ ਸਾਹਿਬ ਨੇ ਸਾਡੇ ਨਾਲ਼ੋਂ ਸਾਰੇ ਹੀ ਸਬੰਧ ਤੋੜ ਲਏ।” 
ਰੋਹਿਤ ਸ਼ੇਖਰ ਨੇ ਆਪਣੀ ਦੁੱਖ ਭਰੀ ਦਾਸਤਾਨ ਫਿਰ ਸ਼ੁਰੂ ਕੀਤੀ, “ਮੈਂ ਉਨ੍ਹਾਂ ਵਰ੍ਹਿਆਂ ਦੌਰਾਨ ਨਰਕ ਹੀ ਭੋਗਿਆ। ਮੈਂ ਨਾ ਪੜ੍ਹ ਸਕਾਂ, ਨਾ ਸੌਂ ਸਕਾਂ। ਮੈਂ ਬਹੁਤ ਜ਼ਿੱਲਤ ਭੋਗੀ ਤੇ ਮੈਂ ਹਰ ਵੇਲ਼ੇ ਭਰਿਆ-ਪੀਤਾ ਰਹਿਣ ਲੱਗਿਆ। ਜਦ ਕਾਲਜ ਜਾਣ ਲੱਗਿਆ, ਮੈਂ ਡੈਪਰੈਸ਼ਨ ਦਾ ਸ਼ਿਕਾਰ ਤੇ ਉਨੀਂਦਰਾ ਰਹਿਣ ਲੱਗਿਆ। ਮੈਂ ਮਸਾਂ ਹੀ ਕਲਾਸ ਵਿਚ ਵੜਦਾ, ਪਰ ਮੈਂ ਪੜ੍ਹਦਾ ਰਿਹਾ। 2002 ਵਿਚ ਜਦੋਂ ਤਿਵਾੜੀ ਸਾਹਿਬ, ਉੱਤਰਾਖੰਡ ਦੇ ਮੁੱਖ ਮੰਤਰੀ ਸਨ, ਮੈਂ ਆਪਣੇ ਤੌਰ ’ਤੇ ਉਨ੍ਹਾਂ ਨੂੰ ਮਿਲਣ ਗਿਆ। ਉਨ੍ਹਾਂ ਨੇ ਉਹਲੇ ਜਿਹੇ ਨਾਲ਼ ਮੈਨੂੰ ਪੁੱਤਰ ਵੀ ਕਿਹਾ। 2005 ਤਕ ਅਸੀਂ ਕਈ ਵਾਰ ਮਿਲੇ। ਉਹ ਹਰ ਵਾਰ ਮੈਨੂੰ ਹੋਟਲ ਵਿਚ ਠਹਿਰਾਅ ਦਿੰਦੇ। ਜਦੋਂ ਅਸੀਂ ਦੋਵੇਂ ਹੀ ਹੁੰਦੇ ਤਾਂ ਉਹ ਮੈਨੂੰ ਆਪਣੀ ਪਲੇਟ ਵਿਚੋਂ ਕੁੱਝ ਖਾਣ ਲਈ ਕਹਿੰਦੇ। ਉਨ੍ਹਾਂ ਨੇ ਕਈ ਵਾਰ ਏਦਾਂ ਕਹਿਣਾ, ‘ਯੇਹ ਹਮਾਰੇ ਬੇਟਾ ਹੈਂ, ਯੇਹ ਤੋ ਅਪਨਾ ਰਾਸਤਾ ਖ਼ੁਦ ਬਨਾਏਂਗੇ।’ ਕਮਰੇ ਤੋਂ ਬਾਹਰ ਹੁੰਦਿਆਂ ਹੀ ਉਹ ਫਿਰ ਬਦਲ ਜਾਂਦੇ। ਲੋਕਾਂ ਦੀ ਹਾਜ਼ਰੀ ਵਿਚ ਉਹ ਮੇਰੇ ਨਾਲ਼ ਨਜ਼ਰ ਵੀ ਨਾ ਮਿਲਾਉਂਦੇ।”
ਵਰ੍ਹਿਆਂ ਲੰਬੀ ਬਾਤ ਮੁਕਾਈਏ ਕਿ ਆਖ਼ਰ ਇਹ ਮਾਮਲਾ ਅਦਾਲਤ ਵਿਚ ਲਿਜਾਇਆ ਗਿਆ ਤਾਂ ਰੋਹਿਤ ਸ਼ੇਖਰ ਨੂੰ ਮਾਰ-ਮੁਕਾਉਣ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਇਕ ਵਾਰ ਉਸ ਨੂੰ ਦਿਲ ਦਾ ਦੌਰਾ ਵੀ ਪਿਆ। ਆਖ਼ਰਕਾਰ, ਭਾਰਤ ਵਿਚ ਕਿਸੇ ਗਵਰਨਰ ਨੂੰ ਪਹਿਲੀ ਵਾਰ ਅਦਾਲਤ ਵੱਲੋਂ ਤਲਬ ਕੀਤਾ ਗਿਆ। ਰੋਹਿਤ ਸ਼ੇਖਰ ਨੂੰ ਆਪਣੇ ਕੇਸ ਦੀ ਸੁਣਵਾਈ ਦੌਰਾਨ ਆਪਣੇ ਲਈ ਘੜੀ-ਘੜੀ ‘ਹਰਾਮਜ਼ਾਦਾ’ ਅਤੇ ਆਪਣੀ ਮਾਂ ਲਈ ‘ਬਦਚਲਣ’ ਸ਼ਬਦ ਸੁਣਨੇ ਪਏ। ਉਸ ਨੇ ਜਨਤਕ ਰੂਪ ਵਿਚ, ਇਨ੍ਹਾਂ ਸ਼ਬਦਾਂ ਦੀ ਵਰਤੋਂ ਦੇ ਖ਼ਿਲਾਫ਼ ਇਕ ਪਟੀਸ਼ਨ ਵੀ ਦਾਇਰ ਕਰਾਈ ਸੀ। ਹੁਣ ਤਿਵਾੜੀ ਨੇ ਉਸ ਨੂੰ ਆਪਣਾ ਪੁੱਤਰ ਤਾਂ ਮੰਨ ਲਿਆ ਹੈ, ਪਰ ਇਸ ਪੁੱਤਰ ਦੀ ਮਾਂ ਦਾ ਕੀ ਬਣੇਗਾ, ਜਿਸ ਦੇ ਦੁਆਲ਼ੇ ਕਈ ਇਲਜ਼ਾਮਾਂ ਦਾ ਘੇਰਾ ਹਾਲੇ ਵੀ ਹੈ? #