ਸਿਰੇ ’ਤੇ ਗੰਢ


ਮੌਕਾ ਸ਼ਨਾਸ ਕੌਤਕੀ ਕਲਮਕਾਰ ਖ਼ੁਸ਼ਵੰਤ ਸਿੰਘ
ਬਖ਼ਸ਼ਿੰਦਰ


ਖ਼ੁਸ਼ਵੰਤ ਸਿੰਘ ਦੇ ਜੀਵਨ ਦੀਆਂ ਕੁੱਝ ਝਲਕੀਆਂ

ਖ਼ੁਸ਼ਵੰਤ ਸਿੰਘ ਨਹੀਂ ਹੈ, ਪਰ ਉਸ ਬਾਰੇ ਚਰਚਾ ਹੈ। ਸਿਵਾ ਮਘਦਾ ਰਹਿਣ ਤਕ ਚਰਚਾ ਰਹਿੰਦੀ ਹੀ ਹੈ। ਕੁੱਝ ਲੋਕ ਉਸ ਨੂੰ ਬਹੁਤ ਮਹਾਨ ਦੱਸ ਰਹੇ ਹਨ ਤੇ ਕੁੱਝ ਲੋਕ ਮਘਦੇ ਸਿਵੇ ਵਿਚੋਂ ਵੀ ਉਸ ਦੀਆਂ ਲੱਤਾਂ ਖਿੱਚ ਰਹੇ ਹਨ। ਮੇਰੀ ਉਸ ਪ੍ਰਤੀ ਦਿਲਚਸਪੀ ਉਸ ਸਭ ਕੁੱਝ ਕਰ ਕੇ ਨਹੀਂ ਸੀ, ਜਿਸ ਕਰ ਕੇ ਅੱਜ ਉਸ ਨੂੰ ਪੁਣਿਆ-ਛਾਣਿਆ ਜਾ ਰਿਹਾ ਹੈ। ਮੈਂ ਪਹਿਲਾਂ ਵੀ ਕਦੇ ਲਿਖਿਆ ਸੀ ਕਿ ਮੈਨੂੰ ਚਿੱਤਰਕਾਰ ਮਕਬੂਲ ਫ਼ਿਦਾ ਹੁਸੈਨ ਅਤੇ ਖ਼ੁਸ਼ਵੰਤ ਸਿੰਘ ਬਹੁਤ ਚੰਗੇ ਲੱਗਦੇ ਹਨ, ਜਿਸ ਦੀ ਇਕੋ-ਇਕ ਵਜ੍ਹਾ, ਇਨ੍ਹਾਂ ਦੋਹਾਂ ਵਿਅਕਤੀਆਂ ਵੱਲੋਂ ਰਿਟਾਇਰ ਹੋਣ ਦੀ ਉਮਰ ਚਿਰੋਕਣੀ ਲੰਘ ਜਾਣ ’ਤੇ ਵੀ ਰਿਟਾਇਰ ਨਾ ਹੋਣਾ ਅਤੇ ਆਪਣੇ ਮਨਭਾਉਂਦੇ ਕੰਮ ਕਰਦੇ ਰਹਿਣਾ ਸੀ। ਮੈਂ ਚਾਹੁੰਦਾ ਸਾਂ ਕਿ ਇਹ ਦੋਵੇਂ ‘ਕਰਮਯੋਗੀ’ ਸੌ-ਸੌ ਸਾਲਾਂ ਦੇ ਹੋ ਕੇ ਵੀ ਇਸੇ ਤਰ੍ਹਾਂ ਆਪਣੇ ‘ਮਨ-ਆਈਆਂ’ ਕਰਦੇ ਦਿਸਦੇ ਰਹਿਣ, ਪਰ ਮੇਰੀਆਂ ਹੋਰ ਬਹੁਤ ਸਾਰੀਆਂ ਰੀਝਾਂ ਵਾਂਗ ਹੀ, ਮੇਰੀ ਇਹ ਰੀਝ ਵੀ ਪੂਰੀ ਨਾ ਹੋ ਸਕੀ। ਪਹਿਲਾਂ ਹੁਸੈਨ, ਹੁਣ ਖ਼ੁਸ਼ਵੰਤ ਸਿੰਘ, ਪੂਰੇ ਸੌ ਸਾਲ ਦੇ ਨਾ ਹੋਣ ਦੇ ਬਾਵਜੂਦ ‘ਪੂਰੇ ਹੋ ਗਏ’। ਹੁਣ ਜੇ ਉਨ੍ਹਾਂ ਦੇ ਮਰ ਜਾਣ ਮਗਰੋਂ ਵੀ ਉਨ੍ਹਾਂ ਦੀ ਚਰਚਾ ਨਹੀਂ ਮਰੀ ਤਾਂ ਇਕ ਗੱਲ ਤਾਂ ਪੱਕੀ ਹੈ ਕਿ ‘ਆਮ ਆਦਮੀ’ ਦੇ ਯੁੱਗ ਦੀ ਸ਼ੁਰੂਆਤ ਹੋਣ ਵੇਲ਼ੇ ਵੀ ਉਹ ਕੋਈ ‘ਆਮ ਆਦਮੀ’ ਨਹੀਂ ਸਨ।
ਖ਼ੁਸ਼ਵੰਤ ਸਿੰਘ ਕੀ ਖਾਂਦਾ ਸੀ, ਕੀ ਪਹਿਨਦਾ ਸੀ ਤੇ ਕਦੋਂ ਜਾਗਦਾ, ਕਦੋਂ ਸੌਂਦਾ ਸੀ, ਇਸ ਬਾਰੇ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ। ਉਸ ਨੇ ਆਖ਼ਰੀ ਸਾਹ ਕਦੋਂ ਤੇ ਕਿੱਦਾਂ ਲਿਆ, ਇਸ ਦੀ ਵੀ ਜਹਾਨ ਭਰ ਨੂੰ ਖ਼ਬਰ ਹੈ। ਉਸ ਨਾਲ਼ ਕੁੱਝ ਖ਼ਾਸ ਕਿਸਮ ਦੇ ਅਕਸ ਜੁੜੇ ਹੋਏ ਸਨ, ਉਸ ਦੁਆਲੇ ਇਕ ਖ਼ਾਸ ਕਿਸਮ ਦਾ ਮੰਡਲ ਸੀ, ਜਿਸ ਨੂੰ ‘ਆਭਾ-ਮੰਡਲ’ ਕਹਿਣਾ ਵੀ ਸਹੀ ਨਹੀਂ ਹੋਵੇਗਾ। ਕੁੱਝ ਲੋਕਾਂ ਦਾ ਖ਼ਿਆਲ ਹੈ ਕਿ ਉਹ ਅਕਸ ਅਤੇ ਹੋਰ ਕਈ ਕੁੱਝ, ਮਿਥ ਕੇ ਉਸ ਨਾਲ਼ ਜੋੜਿਆ ਹੋਇਆ ਸੀ। ਉਸ ਨੇ ਆਪਣੇ ਕਾਲਮ ਦਾ ਸਿਰਲੇਖ ‘ਵਿਦ ਮੈਲਾਈਸ ਟੂਵਾਰਡਜ਼ ਵੱਨ ਐਂਡ ਆਲ’ ਯਾਨੀ ‘ਇਕ ਤੋਂ ਲੈ ਕੇ ਸਭ ਨਾਲ਼ ਦਵੈਖ ਸਹਿਤ’ ਇਹੋ ਦਰਸਾਉਂਦਾ ਸੀ ਕਿ ਉਸ ਦੇ ਕਾਲਮ ਦਾ ਕੋਈ ਪਾਤਰ ਭਾਵੇਂ ਪੱਗ ਬੰਨ੍ਹਦਾ ਹੀ ਨਾ ਹੋਵੇ, ਖ਼ੁਸ਼ਵੰਤ ਸਿੰਘ ਉਸ ਦੀ ਪੱਗ ਲਾਹੁਣ ਨੂੰ ਤਿਆਰ ਰਹਿੰਦਾ ਸੀ। 
ਇਸ ਤੋਂ ਪਹਿਲਾਂ ਕਿ ਖ਼ੁਸ਼ਵੰਤ ਸਿੰਘ ਦੇ ਕੱਟੜ ਹਮਾਇਤੀ, ਬਾਹਾਂ ਚੜ੍ਹਾ ਕੇ ਮੈਨੂੰ ਲੱਭਣ ਤੁਰ ਪੈਣ, ਮੈਂ ਇਸ ਸਬੰਧ ਵਿਚ ‘ਮੌਕੇ ਦਾ ਇਕ ਗਵਾਹ’ ਭੁਗਤਾਉਣਾ ਚਾਹਾਂਗਾ। ਇਹ ਗਵਾਹ ਹਨ, ਕਦੇ ‘ਟ੍ਰਿਬਿਊਨ’ ਵਿਚ ਮੇਰੇ ਸਹਿਕ੍ਰਮੀ ਰਹੇ ਅਤੇ ਅੱਜ-ਕੱਲ੍ਹ ‘ਦ ਹੈਰਾਲਡ ਆਫ ਇੰਡੀਆ’ ਦੇ ਐਡੀਟਰ ਏ. ਜੇ. ਫਿਲਿਪ। ਉਨ੍ਹਾਂ ਨੇ ਖ਼ੁਸ਼ਵੰਤ ਸਿੰਘ ਬਾਰੇ ਹਾਲ ਹੀ ਵਿਚ ਲਿਖੇ ਆਪਣੇ ਇਕ ਟੋਟੇ ਵਿਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਖ਼ੁਸ਼ਵੰਤ ਸਿੰਘ ਆਪਾ-ਵਿਰੋਧੀ ਸਿਫ਼ਤਾਂ ਵਾਲ਼ੇ ਵਿਅਕਤੀ ਸਨ। ਮੈਂ ਉਨ੍ਹਾਂ ਦਾ ਕਾਲਮ ‘ਦ ਮੈਲਾਈਸ ਟੂਵਾਰਡਜ਼ ਵੱਨ ਐਂਡ ਆਲ’ ਉਦੋਂ ਤੋਂ ਪੜ੍ਹਦਾ ਆ ਰਿਹਾ ਹਾਂ, ਜਦੋਂ ਉਹ ‘ਦ ਇਲੱਸਟਰੇਟਿਡ ਵੀਕਲੀ ਆਫ ਇੰਡੀਆ’ ਵਿਚ ਛਪਣਾ ਸ਼ੁਰੂ ਹੋਇਆ ਸੀ। ਜਦੋਂ ਮੈਂ ‘ਹਿੰਦੁਸਤਾਨ ਟਾਈਮਜ਼’ ਵਿਚ ਕੰਮ ਕਰਨਾ ਸ਼ੁਰੂ ਕੀਤਾ, ਉਹ ਉੱਥੋਂ ਛੱਡ ਗਏ ਸਨ, ਪਰ ਉਨ੍ਹਾਂ ਦਾ ਕਾਲਮ ਉਸ ਅਖ਼ਬਾਰ ਉਦੋਂ ਵੀ ਵਿਚ ਛਪਦਾ ਹੁੰਦਾ ਸੀ। ਐੱਚ. ਕੇ. ਦੂਆ, ਜੋ ਉਸ ਵੇਲ਼ੇ ਉੱਥੇ ਐਡੀਟਰ ਸਨ, ਉਨ੍ਹਾਂ ਦਾ ਕਾਲਮ ਐਡਿਟ ਕਰਨ ਲਈ, ਪਤਾ ਨਹੀਂ ਕਿਉਂ, ਹਮੇਸ਼ਾ ਮੇਰੇ ਹੀ ਹਵਾਲੇ ਕਰਦੇ ਸਨ।
“ਪਟਨਾ ਤੋਂ ਇਕ ਔਰਤ ਮੈਨੂੰ ਮਿਲਣ ਆਈ। ਉਸ ਕੋਲ਼ ਉਸ ਦੇ ਅੱਲ੍ਹੜ ਉਮਰ ਦੇ ਪੁੱਤਰ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਦਾ ਥੱਬਾ ਫੜਿਆ ਹੋਇਆ ਸੀ। ਉਹ ਉਨ੍ਹਾਂ ਕਵਿਤਾਵਾਂ ਦੀ ਕਿਤਾਬ ਛਪਾ ਕੇ ਆਪਣੇ ਮਰ ਚੁੱਕੇ ਪੁੱਤਰ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੀ ਸੀ। ਹਫ਼ਤਾ ਕੁ ਪਹਿਲਾਂ ਉਹ ਉਸ ਕਿਤਾਬ ਦਾ ਮੁੱਖਬੰਦ ਲਿਖਾਉਣ ਖ਼ਾਤਰ ਬੇਨਤੀ ਕਰਨ ਲਈ ਖ਼ੁਸ਼ਵੰਤ ਸਿੰਘ ਨੂੰ ਮਿਲੀ ਸੀ। ਅਗਲੇ ਹਫ਼ਤੇ ਆਏ ਉਨ੍ਹਾਂ ਦੇ ਕਾਲਮ ਵਿਚ, ਪੁੱਤਰ ਦੇ ਵਿਯੋਗ ਵਿਚ ਮਰਨਾਊ ਹੋਈ ਫਿਰਦੀ ਉਸ ਔਰਤ ਬਾਰੇ ਲਿਖਿਆ ਹੋਇਆ ਸੀ। ਪਰ ਉਸ ਕਾਲਮ ਵਿਚ ਉਨ੍ਹਾਂ ਨੇ ਉਸ ਔਰਤ ਨੂੰ ਬਹੁਤ ਹੀ ਕਾਮਣੀ ਦਰਸਾਇਆ ਹੋਇਆ ਸੀ। ਸੱਚ ਮੰਨਿਓ, ਉਹ ਔਰਤ ਉਸੇ ਤਰ੍ਹਾਂ ਦੀ ਹੀ ਇਕ ਆਮ ਜਿਹੀ ਔਰਤ ਸੀ, ਜਿਸ ਤਰ੍ਹਾਂ ਦੀਆਂ ਔਰਤਾਂ ਘਰਾਂ, ਸਕੂਲਾਂ, ਹਸਪਤਾਲਾਂ ਵਿਚ ਅਤੇ ਸੜਕਾਂ ਉੱਤੇ ਆਮ ਹੀ ਦਿਸਦੀਆਂ ਹਨ। ਮੈਂ ਹੈਰਾਨ ਸਾਂ ਕਿ ਮਰੇ ਹੋਏ ਇਕਲੌਤੇ ਗਭਰੂ ਪੁੱਤ ਦੀ ਉਸ ਮਾਂ ਬਾਰੇ ਉਨ੍ਹਾਂ ਨੇ ਇੰਨਾ ਗ਼ਲਤ ਕਿਉਂ ਲਿਖਿਆ। ਜੁਆਬ ਸਾਫ ਸੀ- ਆਪਣੇ ਪਾਠਕਾਂ ਦੇ ਮਨਾਂ ਵਿਚ ਕਾਮ ਭਰੀਆਂ ਝਰਨਾਹਟਾਂ ਛੇੜਨ ਲਈ ਹੀ।”
ਦੂਜੇ ਪਾਸੇ ਉਨ੍ਹਾਂ ਦੇ ਪੁੱਤਰ ਰਾਹੁਲ ਸਿੰਘ, ਜੋ ਖ਼ੁਦ ਇਕ ਮੰਨੇ-ਪ੍ਰਮੰਨੇ ਪੱਤਰਕਾਰ ਹਨ, ਦਾ ਕਹਿਣ ਹੈ ਕਿ ਸੁਜਾਨ ਸਿੰਘ ਪਾਰਕ ਵਿਚ ਆਪਣੇ ਘਰ, ਬਹੁਤ ਹੀ ਸ਼ਾਂਤੀ ਨਾਲ਼ ਆਖ਼ਰੀ ਸਾਹ ਲੈਣ ਵਾਲ਼ੇ ਉਨ੍ਹਾਂ ਦੇ ਪਿਤਾ ਜੀ ਨੇ ਭਰਪੂਰ ਜ਼ਿੰਦਗ਼ੀ ਬਿਤਾਈ ਹੈ। ਉਨ੍ਹਾਂ ਨੇ ਪੱਤਰਕਾਰੀ ਦੇ ਖੇਤਰ ਵਿਚ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ ਹੈ। ਉਨ੍ਹਾਂ ਦੇ ਆਲੋਚਕ ਦੱਸਦੇ ਹਨ ਕਿ ਖ਼ੁਸ਼ਵੰਤ ਸਿੰਘ ਨੇ ਆਪਣੀਆਂ ਰਚਨਾਵਾਂ ਨੂੰ ਸੁਚੇਤ ਰੂਪ ਵਿਚ ਕਾਮ ਦੀ ਰੰਗਤ ਦੇ ਕੇ, ਜਾਣ-ਬੁੱਝ ਕੇ ਰੌਲ਼ਾ ਪੁਆਇਆ ਹੈ। ਰਾਹੁਲ ਸਿੰਘ ਨੇ ਇਹ ਵੀ ਲਿਖਿਆ ਹੋਇਆ ਹੈ ਕਿ ਉਨ੍ਹਾਂ ਦੇ ਪਿਤਾ ਜੀ ਨੇ ਜਿਹੜੇ ਰਾਹ ਜਾਣਾ ਚਾਹਿਆ, ਉਹ ਉਸੇ ਹੀ ਰਾਹ ਗਏ ਹਨ। ਉਨ੍ਹਾਂ ਨੇ ਬਹੁਤ ਹੀ ਅਰਾਮ ਨਾਲ਼ ਆਪਣੇ ਪ੍ਰਾਣ ਤਿਆਗੇ ਹਨ। ਆਖ਼ਰੀ ਸਾਹਾਂ ਤਕ ਉਨ੍ਹਾਂ ਦਾ ਦਿਮਾਗ਼ ਕੰਮ ਕਰਦਾ ਰਿਹਾ। ਉਨ੍ਹਾਂ ਨੇ ਆਪਣੀ ਆਦਤ ਅਨੁਸਾਰ, ਅਖ਼ਬਾਰ ਦੇਖੇ ਤੇ ‘ਕ੍ਰਾਸ ਵਰਡ ਪਜ਼ਲ’ ਹੱਲ ਕੀਤੀ। ਜਦੋਂ ਉਨ੍ਹਾਂ ਨੇ ਥਕੇਵਾਂ ਜਿਹਾ ਮਹਿਸੂਸ ਕੀਤਾ ਤਾਂ ਉਹ ਆਪਣੇ ਬੈੱਡ ਉੱਤੇ ਲੰਮੇ ਪੈ ਗਏ। “ਉਸ ਤੋਂ ਬਾਅਦ ਉਹ ਨਹੀਂ ਉੱਠੇ।”
“ਦੁਪਹਿਰੇ ਮੇਰੀ ਭੈਣ (ਮਾਲਾ) ਨੇ ਡਾਕਟਰ ਸੱਦ ਲਿਆ। ਉਸ ਨੇ ਉਨ੍ਹਾਂ ਨੂੰ ‘ਚੈੱਕ’ ਕੀਤਾ ਤੇ ਸਾਨੂੰ ਦੱਸਿਆ ਕਿ ਉਹ ‘ਪੂਰੇ ਹੋ ਗਏ’ ਹਨ। ਉਨ੍ਹਾਂ ਦੀ ਮੌਤ, ਸ਼ਾਇਦ ਦਿਲ ਦੀ ਧੜਕਣ ਜਾਮ ਹੋਣ ਕਾਰਨ ਹੋਈ। ਉਨ੍ਹਾਂ ਨੂੰ ਪਿਛਲੇ ਦੋ ਕੁ ਦਿਨਾਂ ਤੋਂ ਸਾਹ ਲੈਣ ਵਿਚ ਤਲਕੀਫ਼ ਹੁੰਦੀ ਸੀ ਤੇ ਉਹ ਖਿੱਚਵੇਂ ਸਾਹ ਲੈਂਦੇ ਸਨ। ਪੂਰੇ ਹੋ ਜਾਣ ਤੋਂ ਪਹਿਲੀ ਸ਼ਾਮ (19 ਮਾਰਚ) ਨੂੰ ਪੂਰੇ ਸੱਤ ਵਜੇ ਰੋਜ਼ਾਨਾ ਵਾਂਗ ਉਨ੍ਹਾਂ ਨੇ ‘ਸਿੰਗਲ ਮਾਲਟ ਵਿਸਕੀ’ ਦਾ ਇਕ ਪਟਿਆਲਾ ਪੈੱਗ ਲਿਆ ਅਤੇ ਫਰਾਈ ਕੀਤੇ ਹੋਏ ਆਪਣੇ ਮਨਭਾਉਂਦੇ ਸੁਨਹਿਰੀ ਝੀਂਗੇ ਵੀ ਖਾਧੇ। ਰਾਤੀਂ ਅੱਠ ਵਜੇ ਉਹ ਸੌਂ ਗਏ ਸੀ।”
ਰਾਹੁਲ ਸਿੰਘ ਨੇ ਬੜੇ ਮਾਣ ਨਾਲ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ‘ਇਲੱਸਟਰੇਟਿਡ ਵੀਕਲੀ ਆਫ ਇੰਡੀਆ’ ਦੀ ਐਡੀਟਰਸ਼ਿੱਪ ਸੰਭਾਲਣ ਨਾ ਕੌਮੀ ਸ਼ਖ਼ਸੀਅਤ ਬਣ ਗਏ ਸਨ।ਉਸ ਵੇਲ਼ੇ ਮਸਾਂ 60,000 ਕਾਪੀਆਂ ਛਪਦੀਆਂ ਹੁੰਦੀਆਂ ਸੀ ‘ਵੀਕਲੀ’ ਦੀਆਂ। ਖ਼ੁਸ਼ਵੰਤ ਸਿੰਘ ਨੇ ਨਵੀਂ ਕਿਸਮ ਦੀ ਪੱਤਰਕਾਰੀ ਦੇ ਜਲਵੇ ਦਿਖਾ ਕੇ, ਇਸ ਪਰਚੇ ਦੀ ਛਪਣ ਗਿਣਤੀ 450,000 ਤਕ ਪਹੁੰਚਾ ਦਿੱਤੀ। ਇਸ ਸਬੰਧ ਵਿਚ ਹੀ ਏ. ਜੇ. ਫਿਲਿਪ ਕੁੱਝ ਇਸ ਤਰ੍ਹਾਂ ਲਿਖਦੇ ਹਨ, “ਇਹ ਸੱਚ ਹੈ ਕਿ ਉਨ੍ਹਾਂ ਦੀ ਐਡੀਟਰਸ਼ਿੱਪ ਹੇਠਾਂ ‘ਦ ਇਲੱਸਟਰੇਟਿਡ ਵੀਕਲੀ ਆਫ ਇੰਡੀਆ’ ਦੀ ਇਸ਼ਾਇਤ ਹੈਰਾਜਨਕ ਹੱਦ ਤਕ ਵਧ ਗਈ ਸੀ, ਪਰ ਇਹ ਵੀ ਝੂਠ ਨਹੀਂ ਹੈ ਕਿ ਉਨ੍ਹਾਂ ਦੀ ਐਡੀਟਰਸ਼ਿੱਪ ਹੇਠਾਂ ‘ਨੈਸ਼ਨਲ ਹੈਰਾਲਡ” ਦੀ ਇਕ ਕਾਪੀ ਵੀ ਵਧੀ ਨਹੀਂ ਸੀ।”
ਉਹ ਅੱਗੇ ਲਿਖਦੇ ਹਨ, “ਮੈਨੂੰ, ਕਿਸੇ ਦੇ ਮਰ ਜਾਣ ਮਗਰੋਂ ਉਨ੍ਹਾਂ ਵੱਲੋਂ, ਉਸ ਮਰਨ ਵਾਲ਼ੇ ਦੀ ਬਦਖੋਹੀ ਕਰਨ ਦੀ ਆਦਤ ਕਦੇ ਚੰਗੀ ਨਹੀਂ ਲੱਗੀ। ਖੁਸ਼ਵੰਤ ਸਿੰਘ ਆਪ ਇੰਦਰਾ ਗਾਂਧੀ ਅਤੇ ਉਸ ਦੇ ਛੋਟੇ ਪੁੱਤਰ ਸੰਜੇ ਦਾ ‘ਚਮਚਾ’ ਹੁੰਦਾ ਸੀ। ਇਸ ਆਦਮੀ ਨੇ ਉਦੋਂ  ਵੀ. ਕੇ. ਕ੍ਰਿਸ਼ਨਾ ਮੈਨਨ ਦੇ ਖ਼ਿਲਾਫ਼ ਘਟੀਆ ਨਿੱਜੀ ਟਿੱਪਣੀਆਂ ਕੀਤੀਆਂ, ਜਦੋਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਸੇ ਤਰ੍ਹਾਂ ਹੀ ਉਨਾਂ ਨੇ, ਮੁਹੰਮਦ ਯੂਨੁਸ ਦੀ ਸਾਂਝ ਦਾ ਲਾਹਾ ਲੈਣ ਮਗਰੋਂ ਉਨ੍ਹਾਂ ਦੇ ਖ਼ਿਲਾਫ਼ ਲਿਖਿਆ ਸੀ। ਹਾਂ, ਇਕ ਆਦਮੀ, ਜਿਸ ਦੇ ਮਰਨ ਮਗਰੋਂ ਖ਼ੁਸ਼ਵੰਤ ਸਿੰਘ ਨੇ ਉਸ ਦੇ ਸੋਹਲੇ ਗਾਏ, ‘ਹਿੰਦੁਸਤਾਨ ਟਾਈਮਜ਼’ ਦਾ ਮਾਲਕ ਕੇ. ਕੇ. ਬਿਰਲਾ ਸੀ। ਇਸ ਅਖ਼ਬਾਰ ਦੀ ਐਡੀਟਰਸ਼ਿੱਪ ਛੱਡ ਜਾਣ ਮਗਰੋਂ ਵੀ ਖ਼ੁਸ਼ਵੰਤ ਸਿੰਘ ਦਾ ਕਾਲਮ ਇਸ ਅਖ਼ਬਾਰ ਵਿਚ ਛਪਦਾ ਰਿਹਾ ਸੀ। ਖ਼ੁਸ਼ਵੰਤ ਸਿੰਘ ਤੋਂ ਬਾਅਦ ਇਸ ਅਖ਼ਬਾਰ ਦੇ ਐਡੀਟਰ ਬਣੇ ਐੱਨ. ਸੀ. ਮੈਨਨ ਨੇ ਖ਼ੁਸ਼ਵੰਤ ਸਿੰਘ ਵੱਲੋਂ ਬਿਰਲਾ ਨੂੰ ਭੇਟ ਕੀਤੀ ਹੋਈ ਸ਼ਰਧਾਂਜਲੀ ਵਿਚ ਕੀੜੇ ਲੱਭ ਲਏ। ਜਦੋਂ ਮੈਨਨ ਨੇ ‘ਸ਼ਾਬਾਸ਼ ਖ਼ੁਸ਼ਵੰਤ ਸਿੰਘ!’ ਅਤੇ ‘ਕਮਾਲ ਹੈ ਖ਼ੁਸ਼ਵੰਤ ਸਿੰਘ’ ਨਾਲ਼ ਸ਼ੁਰੂ ਹੁੰਦੀਆਂ ਚਿੱਠੀਆਂ ਛਾਪਣੀਆਂ ਬੰਦ ਕਰ ਦਿੱਤੀਆਂ ਤਾਂ ਇਸ ਤਰ੍ਹਾਂ ਦੀਆਂ ਚਿੱਠੀਆਂ ਆਉਣੋਂ ਹੀ ਹਟ ਗਈਆਂ।”
ਫਿਲਿਪ ਨੇ ਇਹ ਵੀ ਲਿਖਿਆ ਹੋਇਆ ਹੈ, “ਮੇਰੇ ਦੋਸਤ ਪੀ. ਤਰੀਯਨ ਨੂੰ ਖੁਸ਼ਵੰਤ ਸਿੰਘ ਨੇ ‘ਹਿੰਦੁਸਤਾਨ ਟਾਈਮਜ਼’ ਵਿਚ ਨੌਕਰੀ ਦਿੱਤੀ ਸੀ, ਜਿਸ ਕਰ ਕੇ ਉਹ ਉਨ੍ਹਾਂ ਦਾ ਅਹਿਸਾਨਮੰਦ ਤਾਂ ਸੀ ਹੀ, ਕਾਫੀ ਹੱਦ ਤਕ ਸ਼ਰਧਾਲੂ ਵੀ ਸੀ। ਤਰੀਯਨ ਮੈਨੂੰ ਦੱਸਦਾ ਹੁੰਦਾ ਸੀ ਕਿ ਉਹ ਬਹੁਤ ਹੀ ਜ਼ਬਤਸ਼ੁਦਾ ਮਨੁੱਖ ਸੀ। ਉਸ ਨੇ ਮੈਨੂੰ ਇਹ ਵੀ ਦੱਸਿਆ ਕਿ ਖ਼ੁਸ਼ਵੰਤ ਸਿੰਘ ਦਾ ‘ਤੀਮੀਬਾਜ਼’ ਅਤੇ ‘ਇਸ਼ਕਬਾਜ਼’ ਹੋਣ ਦਾ ਅਕਸ, ਮਿਥ ਕੇ ਅਤੇ ਗਿਣ-ਗੱਠ ਕੇ ਬਣਾਇਆ ਹੋਇਆ ਹੈ। ਉਸ ਨੇ ਤਾਂ ਇਹ ਵੀ ਦੱਸਿਆ ਕਿ ਇਸ ਬੰਦੇ ਉੱਤੇ ਇਸ ਦੀ ਘਰ ਵਾਲ਼ੀ ਦਾ ਕਾਫੀ ਦਬਦਬਾ ਹੈ। ਉਹ, ਉਸ ਤੋਂ ਤਰਾਂਹਦਾ ਜਿਹਾ ਹੀ ਰਾਤੀਂ ਅੱਠ ਵਜੇ ਸੌਣ ਚਲਿਆ ਜਾਂਦਾ ਹੈ ਤੇ ਰਾਤ ਨੂੰ ਕੰਬਲ ਹੀ ਹੈ, ਜੋ ਉਸ ਨੂੰ ਨਿੱਘ ਦਿੰਦਾ ਹੈ। ਤਰੀਯਨ ਦੀਆਂ ਇਹ ਗੱਲਾਂ ਸੁਣਨ ਤੋਂ ਪਹਿਲਾਂ ਮੈਂ ਹੈਰਾਨ ਹੋ-ਹੋ ਨਿੱਸਲ ਹੋ ਚੁੱਕਾ ਸਾਂ ਕਿ ਇਹ ਬੰਦਾ ਉਨ੍ਹਾਂ ਤੀਮੀਆਂ ਨੂੰ ਹੀ ਕਿਉਂ ਮਿਲਦਾ ਹੈ, ਜਿਨ੍ਹਾਂ ਦੇ ਲੱਕ ਪਤਲੇ ਤੇ ਬਦਨ-ਸਤਨ ਭਾਰੇ ਹੁੰਦੇ ਹਨ।” 
ਆਪਣੇ ਬਾਪ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦਿਆਂ ਰਾਹੁਲ ਸਿੰਘ ਲਿਖਦੇ ਹਨ, “ਦੋ ਫਰਵਰੀ ਨੂੰ ਉਨ੍ਹਾਂ ਨੇ ਆਪਣਾ 99ਵਾਂ ਜਨਮ ਦਿਨ ਮਨਾਇਆ ਸੀ। ਇਹ ਜਸ਼ਨ ਬਿਲਕੁਲ ਘਰੇਲੂ ਸੀ, ਪਰ ਫਿਰ ਉਨ੍ਹਾਂ ਦੇ ਚੌਵੀ-ਪੱਚੀ ਦੋਸਤ ਆਗ ਗਏ ਸਨ, ਜਿਨ੍ਹਾਂ ਵਿਚ ਲਾਲ ਕ੍ਰਿਸ਼ਨ ਅਡਵਾਨੀ ਵੀ ਸਨ। ਉਹ ਕਈ ਵਾਰ ‘ਪਾਪਾ’ ਤੋਂ ਆਪਣੀ ਸਖ਼ਤ ਆਲੋਚਨਾ ਕਰਾ ਚੁੱਕੇ ਸਨ, ਪਰ ਇਸ ਦੇ ਬਾਵਜੂਦ ਉਹ ‘ਪਾਪਾ’ ਦੇ ਪ੍ਰਸ਼ੰਸਕ ਸਨ।” 
ਰਾਹੁਲ ਸਿੰਘ ਹੀ ਲਿਖਦੇ ਹਨ ਕਿ ਇਹ ਕਦੇ ਨਹੀਂ ਹੋਇਆ ਸੀ ਕਿ ਉਨ੍ਹਾਂ ਦੇ ‘ਪਾਪਾ’ ਦਾ ਕਦੇ ਕਿਸੇ ਨਾਲ਼ ਰੱਫੜ ਨਾ ਪਿਆ ਹੋਵੇ। ਐਮਰਜੈਂਸੀ ਲਾਉਣ ਵੇਲ਼ੇ ਉਨ੍ਹਾਂ ਵੱਲੋਂ ਇੰਦਰਾ ਗਾਂਧੀ ਅਤੇ ਸੰਜੇ ਗਾਂਧੀ ਦੀ ਹਮਾਇਤ ਕਰਨ ’ਤੇ ਉਨ੍ਹਾਂ ਨੇ ਆਪਣੀ ਬੜੀ ਹੀ ਦਫ਼ਾ ਪੁਟਾਈ ਸੀ। ਬਾਅਦ ਵਿਚ ਉਹ ਇੰਦਰਾ ਗਾਂਧੀ ਨੂੰ ਛੱਡ ਕੇ ਮੇਨਕਾ ਗਾਂਧੀ ਦੇ ਨੇੜੇ ਹੋ ਗਏ ਸਨ। ਰਾਹੁਲ ਸਿੰਘ ਨੇ ਹੀ ਇਹ ਲਿਖਿਆ ਹੋਇਆ ਹੈ, “ਜਦੋਂ ਦਰਬਾਰ ਸਾਹਿਬ ਵਿਚ ਅਪਰੇਸ਼ਨ ‘ਬਲੂਸਟਾਰ’ ਹੋਇਆ ਤਾਂ ਮੇਰੇ ‘ਪਾਪਾ’ ਨੇ ਇਸ ਵਿਰੁੱਧ ਰੋਸ ਪ੍ਰਗਟ ਕਰਦਿਆਂ, ਸਰਕਾਰ ਵੱਲੋਂ ਦਿੱਤਾ ਹੋਇਆ ਖ਼ਿਤਾਬ ‘ਪਦਮ ਭੂਸ਼ਨ’ ਮੋੜ ਦਿੱਤਾ।” (ਬਾਅਦ ਵਿਚ 2007 ਵਿਚ ਉਨ੍ਹਾਂ ਨੂੰ ‘ਪਦਮ ਵਿਭੂਸ਼ਨ’ ਦੇ ਕੇ ਸਨਮਾਨਿਆ ਗਿਆ )। ਪਹਿਲਾ ਖ਼ਿਤਾਬ ਮੋੜਨ ਵਾਲ਼ੇ ਨੂੰ ‘ਬਾਗ਼ੀ’ ਕਿਉਂ ਨਾ ਸਮਝਿਆ ਗਿਆ? ਇਸ ਵਿਚ ਵੀ ਕੋਈ ਡੂੰਘਾ ਹਕੂਮਤੀ ਰਾਜ਼ ਹੋਣ ਦੀ ਸੰਭਾਵਨਾ ਹੈ। ਇਹ ਖ਼ਿਤਾਬ ਮੋੜਨ ਵਾਲ਼ਾ ਕੋਈ ਪੰਜਾਬੀ ਲੇਖਕ ਹੁੰਦਾ ਤਾਂ ਉਸ ਨੂੰ ‘ਸਰਕਾਰੀ ਕੰਗਣੀਆਂ’ ਪੁਆਈਆਂ ਜਾ ਸਕਦੀਆਂ ਸਨ। ਸਮਝਣ ਵਾਲ਼ੇ ਸਮਝਦੇ ਹਨ ਕਿ ਉਹ ਖ਼ਿਤਾਬ ਵਾਪਸ ਕਰਨ-ਕਰਾਉਣ ਦੀ ਸਕੀਮ ਸਰਕਾਰੀ ਸੀ, ਜੋ ਖ਼ੁਸ਼ਵੰਤ ਸਿੰਘ ਦੀ ‘ਮਹਾਨਤਾ’ ਨੂੰ ਖਾਦ ਪਾਉਣ ਲਈ ਹੀ ਘੜੀ ਗਈ ਸੀ। 
ਖ਼ੁਸ਼ਵੰਤ ਸਿੰਘ ਪਹਿਲਾਂ ਪੱਤਰਕਾਰ ਨਹੀਂ ਸੀ। ਮੀਡੀਆ ਨਾਲ਼ ਉਸ ਦਾ ਵਾਹ ਕੈਨੇਡਾ ਵਿਚ ਭਾਰਤ ਸਰਕਾਰ  ਦੇ ਸੂਚਨਾ ਅਧਿਕਾਰੀ ਵਜੋਂ ਨਿਯੁਕਤ ਹੋਣ ਮਗਰੋਂ ਪਿਆ ਸੀ। ਉਹ ਬਾਅਦ ਵਿਚ ਬਰਤਾਨੀਆ ਵਿਚ ਭਾਰਤੀ ਹਾਈ ਕਮਸ਼ਿਨ ਵਿਚ ਪ੍ਰੈੱਸ ਅਟੈਚੀ ਦੇ ਅਹੁਦੇ ਉੱਤੇ ਅਤੇ ਫਿਰ ਆਇਰਲੈਂਡ ਵਿਚ ਭਾਰਤੀ ਸਫ਼ਾਰਤਖ਼ਾਨੇ ਵਿਚ ਲੋਕ ਸੰਪਰਕ ਅਧਿਕਾਰੀ ਰਹੇ। ਇਹ 1948-50 ਦੀਆਂ ਗੱਲਾਂ ਹਨ ਜਦੋਂ ਭਾਰਤ ਨੂੰ ਆਜ਼ਾਦ ਹੋਇਆਂ ਮਸਾਂ ਦੋ ਸਾਲ ਹੋਏ ਸਨ। ਅਜ਼ਾਦੀ ਮਿਲਣ ਸਾਰ ਇਸ ਬੰਦੇ ਨੂੰ ਵਿਦੇਸ਼ਾਂ ਵਿਚ ਇੰਨੇ ਵੱਡੇ ਅਹੁਦੇ ਮਿਲਣ ਦਾ ਕੀ ਸਬੱਬ ਹੋ ਸਕਦੈ ਭਲਾ? ਇਸ ਦਾ ਜੁਆਬ ਲੱਭਣ ਲਈ ਇਕ ਸੁਰੰਗ ਪੁੱਟਣ ਦਾ ਹੀਲਾ ਕਰ ਕੇ ਦੇਖਦੇ ਹਾਂ।
ਖ਼ੁਸ਼ਵੰਤ ਸਿੰਘ ਦਾ ਬਾਪ ਸਰਦਾਰ ਸੋਭਾ ਸਿੰਘ, ਉਸ ਦਾ ਬਾਪ ਤਾਂ ਸੀ ਹੀ, ਉਸ ਨੂੰ ‘ਅੱਧੀ ਦਿੱਲੀ ਦਾ ਮਾਲਕ’ ਵੀ ਕਿਹਾ ਜਾਂਦਾ ਸੀ।ਕਹਿੰਦੇ ਨੇ ਕਿ ਅੰਗਰੇਜ਼ ਸਰਕਾਰ ਉਨ੍ਹਾਂ ਉੱਤੇ ਬਹੁਤ ਮਿਹਰਬਾਨ ਸੀ। ਹੁੰਦੀ ਵੀ ਕਿਉਂ ਨਾ, ਸਰਦਾਰ ਸੋਭਾ ਸਿੰਘ ਨੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਦੇ ਖ਼ਿਲਾਫ਼ ਗਵਾਹੀ ਦਿੱਤੀ ਸੀ। ਉਸ ਗਵਾਹੀ ਦੇ ਨਤੀਜੇ ਵਜੋਂ ਹੀ ਉਨ੍ਹਾਂ ਗਭਰੂ ਦੇਸ਼-ਭਗਤਾਂ ਨੂੰ ਫਾਹੇ ਟੰਗਿਆ ਗਿਆ ਸੀ। ਸਿਰੇ ’ਤੇ ਗੰਢ ਵਰਗੀ ਗੱਲ ਇਹ ਹੈ ਕਿ ਖ਼ੁਸ਼ਵੰਤ ਸਿੰਘ ਨੇ ਆਪਣੇ ਬਾਪ ਦੀ ਇਸ ਕਰਤੂਤ ਦਾ ਪੱਖ ਪੂਰਦਿਆਂ ਇਸ ਨੂੰ ਜਾਇਜ਼ ਠਹਿਰਾਇਆ ਸੀ। ਸੋ ਜਿਸ ਦੇ ਬਾਪ ਨੇ ਅੰਗਰੇਜ਼ ਸਰਕਾਰ ਦੀ ਇੰਨੀ ਵੱਡੀ ਸੇਵਾ ਕੀਤੀ ਹੋਵੇ, ਉਸ ਦੇ ਪੁੱਤਰ ਨੂੰ ਵਿਦੇਸ਼ਾਂ ਵਿਚ ਅਹੁਦੇ ਤਸ਼ਤਰੀ ਵਿਚ ਪ੍ਰੋਸ ਕੇ ਦਿੱਤੇ ਜਾਣੇ ਹੀ ਸਨ। ਭਾਵੇਂ ਖ਼ੁਸ਼ਵੰਤ ਸਿੰਘ ਨੇ ਵਕਾਲਤ ਵੀ ਬਰਤਾਨੀਆ ਤੋਂ ਹੀ ਪਾਸ ਕੀਤੀ ਸੀ, ਪਰ ਸਰਦਾਰ ਸੋਭਾ ਸਿੰਘ ਉਸ ਨੂੰ ਵਕਾਲਤ ਪਾਸ ਕਰਨਾ ਨਹੀਂ, ‘ਟਾਈਮ ਪਾਸ ਕਰਨਾ’ ਹੀ ਕਿਹਾ ਕਰਦੇ ਸਨ ਕਿਉਂ ਕਿ ਖ਼ੁਸ਼ਵੰਤ ਸਿੰਘ ਦੀ ਬਰਤਾਨਵੀ ਵਕਾਲਤ ਲਾਹੌਰ ਵਿਚ ਨਹੀਂ ਚੱਲ ਸਕੀ ਸੀ। 
ਉਸ ਦੀ ਲਿਖਣ-ਲਿਖਾਉਣ ਦੀ ਯੋਜਨਾ, ਸਰਕਾਰੀ ਰਸਾਲੇ ‘ਯੋਜਨਾ’ ਨਾਲ਼ ਹੀ ਸ਼ੁਰੂ ਹੋਈ ਸੀ। ਯੋਜਨਾ ਕਮਿਸ਼ਨ ਦੇ ਇਸ ਰਸਾਲੇ ਦੇ ਬਾਨੀ ਐਡੀਟਰ ਸਨ ਖ਼ੁਸ਼ਵੰਤ ਸਿੰਘ। ਬਾਅਦ ਵਿਚ ਕੌਮਾਂਤਰੀ ਪੱਧਰ ਦੇ ਲੇਖਕ ਬਣੇ ਖ਼ੁਸ਼ਵੰਤ ਸਿੰਘ ਨੂੰ ਇੰਦਰਾ ਗਾਂਧੀ ਦੀ ਸਰਕਾਰ ਨੇ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ। ਉਨ੍ਹਾਂ ਨੇ 1980 ਤੋਂ 1986 ਤਕ ਸੰਸਦ ਮੈਂਬਰ ਵਜੋਂ ਸੁੱਖ-ਸਹੂਲਤਾਂ ਮਾਣੀਆਂ।
ਜਿਹੜੇ ਨਾਵਲ ‘ਟਰੇਨ ਟੂ ਪਾਕਿਸਤਾਨ’ ਲਈ ਉਸ ਨੂੰ ਬਹੁਤ ਵੱਡਾ ਨਾਵਲਕਾਰ ਮੰਨਿਆ ਜਾਂਦਾ ਹੈ, ਉਸ ਦੇ ਅਧਾਰ ’ਤੇ ਇਸੇ ਹੀ ਸਿਰਲੇਖ ਅਧੀਨ ਬਣੀ ਫ਼ਿਲਮ ਦੇ ਇਕ ਸੀਨ ਵਿਚ ਇਕ ਅੰਨ੍ਹੇ ਮੁਸਲਮਾਨ ਦੀ ਧੀ, ਆਪਣੇ ਘਰ ਵਿਚ, ਆਪਣੇ ਬਾਪ ਦੀ ਹਾਜ਼ਰੀ ਵਿਚ ਯਾਰ ਹੰਢਾਉਂਦੀ ਹੈ ਤਾਂ ਬਾਪ ਵੱਲੋਂ ਰੌਲ਼ਾ ਜਿਹਾ ਪੈਣ ਦਾ ਸਬੱਬ ਪੁੱਛਣ ’ਤੇ ਧੀ ਆਪਣੇ ਯਾਰ ਨੂੰ ਘਰੋਂ ਵਿਦਾ ਕਰਦੀ ਕਹਿੰਦੀ ਹੈ, “ਕੁਛ ਨਹੀਂ ਅੱਬਾ ਕੋਈ ਜਨੌਰ ਆ ਗਿਆ ਥਾ, ਉਸੇ ਭਗਾ ਦੀਆ ਹੈ।” ਯਾਨੀ ਖ਼ੁਸ਼ਵੰਤ ਸਿੰਘ ਦੇਸ਼ ਦੀ ਵੰਡ ਦੇ ਸਬੰਧ ਵਿਚ ਹੋਈ ਕਤਲੋਗ਼ਾਰਤ ਬਾਰੇ ਲਿਖੇ ਨਾਵਲ ਵਿਚ ਵੀ ਪੰਜਾਬੀ ਸਭਿਆਚਾਰ ਨੂੰ ਦਾਗ਼ੀ ਕਰਨ ਤੋਂ ਬਾਜ਼ ਨਹੀਂ ਆਇਆ ਸੀ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਹਰਚਰਨ ਬੈਂਸ ਨੇ ਖ਼ੁਸ਼ਵੰਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲਿਖੇ ਲੇਖ ਦੀ ਸ਼ੁਰੂਆਤ ਹੀ ਇੱਥੋਂ ਕੀਤੀ ਹੈ, “ਖ਼ੁਸ਼ਵੰਤ ਸਿੰਘ ਲੇਖਕ ਹੀ ਨਹੀਂ ਸੀ। ਮਸ਼ਹੂਰ ਉਹ ਇਸ ਕਰ ਕੇ ਹੋ ਗਿਆ ਤੇ ਯਾਦ ਕੀਤਾ ਜਾਂਦਾ ਰਹੇਗਾ, ਪਰ ਉਸ ਦੀ ਵਜ੍ਹਾ ਉਸ ਦੀਆਂ ਲਿਖਤਾਂ ਨਹੀਂ, ਸਗੋਂ ਉਹ ਆਪਾ ਵਿਰੋਧੀ ਸਿਫ਼ਤਾਂ ਹਨ। ਮੇਰੇ ਹਿਸਾਬ ਨਾਲ਼ ਉਹ ਲੇਖਕ ਦੇ ਭੇਸ ਵਿਚ ਇਕ ਚਲਾਕ ਸੇਲਜ਼ਮੈਨ ਸੀ। ਉਸ ਨੇ ਇਹੋ ਜਿਹੀ ਅੰਗਰੇਜ਼ੀ ਲਿਖੀ, ਜੋ ਦਸਵੀਂ ਜਮਾਤ ਦੇ ਵਿਦਿਆਰਥੀ ਨੂੰ ਸਮਝ ਹੀ ਨਹੀਂ ਆਉਂਦੀ ਸੀ, ਸਗੋਂ ਉਸ ਦੇ ਮਨ ਨੂੰ ਵੀ ਭਾਉਂਦੀ ਸੀ।”
 ਖ਼ੁਸ਼ਵੰਤ ਸਿੰਘ ਬਾਰੇ ਬੈਂਸ-ਵਾਰਤਾ ਜਾਰੀ ਹੈ, “ਵਿਚਾਲੜੇ ਮੇਲ ਦੀਆਂ ਲਿਖਤਾਂ ਵਿਚ ਪਾਪ ਹੀ ਖੱਟਦਾ ਹੈ ਤੇ ਜੇ ਤੁਹਾਡੇ ਅੰਦਰ ਪਹਿਲਾਂ ਹੀ ਬਹੁਤ ਸਾਰੀ ਮੈਲ਼ ਹੈ ਤਾਂ ਉਸ ਨੂੰ ਸਾਣ ’ਤੇ ਲਾ ਕੇ ਵਰਤੋ। ਲਿਖਤਾਂ ਵਿਚ ਇਸ ਮੈਲ਼ ਨਾਲ਼ੋਂ ਵੱਧ ਕੁੱਝ ਨਹੀਂ ਵਿਕਦਾ। ਫੇਰ ਇਹ ਮੈਲ਼ ਨੰਗੀ ਹੋਈ ਤਾਂ ਸਭ ਦੇ ਕੱਪੜੇ ਪਾੜ ਦਿੰਦੀ ਹੈ। ਉਸ ਨੇ ਆਪਣੀਆਂ ਲਿਖਤਾਂ ਵਿਚ ਸ਼ਰਾਬ ਅਤੇ ਔਰਤ ਦੋਹਾਂ ਨਾਲ਼ ਇਹੋ ਕੁੱਝ ਕੀਤਾ ਹੈ। ਅਸਲ ਵਿਚ ਨਾ ਉਹ ਸ਼ਰਾਬੀ ਸੀ, ਨਾ ਤੀਮੀਬਾਜ਼ ਸੀ, ਪਰ ਜੇ ਕੋਈ ਉਸ ਦੇ ਸਾਹਮਣੇ ਇਹ ਗੱਲ ਕਹਿ ਦਿੰਦਾ ਤਾਂ ਉਹ, ਉਸ ਨੂੰ (ਸ਼ਬਦਾਂ ਨਾਲ਼ ਹੀ) ਮਾਰ ਵੀ ਸਕਦਾ ਸੀ। ਉਸ ਦੇ ਸ਼ਰਾਬੀਪੁਣੇ ਦੀ ਤਾਂ ਗੱਲ ਹੀ ਛੱਡ ਦਿਓ ਕਿਉਂ ਕਿ ਕੋਈ ਖਰਾਬ ਹੋਏ ਜਿਗਰ ਵਾਲ਼ੀ ਅੱਲ੍ਹੜ ਕੁੜੀ ਵੀ ਉਸ ਨਾਲ਼ੋਂ ਵੱਧ ਸ਼ਰਾਬ ਪੀ ਸਕਦੀ ਸੀ। ਉਹ ਸਕਾਚ ਦੇ ਦੋ ਪੈੱਗਾਂ ਦੀ ਹੀ ਮਾਰ ਸੀ ਬੱਸ। ਇਹ ਸ਼ਰਾਬ ਅਤੇ ਤੀਮੀਆਂ ਦੀਆਂ ਗੱਲਾਂ ਉਸ ਦੇ ਕਾਲਮਾਂ ਤਕ ਹੀ ਸਨ ਤੇ ਇਨ੍ਹਾਂ ਗੱਲਾਂ ਦੀ ਖੱਟੀ ਨਾਲ਼ ਹੀ ਤਾਂ ਉਹ ਮਸ਼ਹੂਰ ਹੋਇਆ ਸੀ।”
 ਬੈਂਸ ਨੇ ਅੱਗੇ ਲਿਖਿਆ ਹੈ, “ਉਸ ਨੇ ਸਿੱਖ ਇਤਿਹਾਸ ਲਿਖਿਆ ਤੇ ਇਕ ਸ਼ਾਹਕਾਰ ਵਾਂਗ ਵੇਚ-ਵੱਟ ਲਿਆ। ਉਸ ਨੇ ਦੇਸ਼ ਦੀ ਵੰਡ ਦੀ ਕਹਾਣੀ ਲਿਖੀ ਤੇ ਨਕਦੀ ਨਾਲ਼ ਵਟਾ ਲਈ। ਵਣਜ ਵਿਚ ਉਸ ਦਾ ਕੋਈ ਤੋੜ ਨਹੀਂ ਸੀ। ਉਹ ਕੈਂਕਰੀਆਂ, ਜਵਾਹਰਾਂ ਦੇ ਭਾਅ ਵੇਚ ਸਕਦਾ ਸੀ। ਉਸ ਵੱਲੋਂ ਚਮਕਾਈ ਹੋਈ ਹਰ ਕੈਂਕਰੀ ਜਵਾਹਰ ਵਾਂਗ ਦਮਕਾਂ ਮਾਰਿਆ ਕਰਦੀ ਸੀ। ਉਸ ਦੀ ਸਿਆਸਤ ਅਤੇ ਨਾਸਤਕਤਾ, ਜਿਨ੍ਹਾਂ ਦੀਆਂ ਫੜ੍ਹਾਂ ਉਹ ਆਖ਼ਰੀ ਸਾਹ ਤਕ ਮਾਰਦਾ ਰਿਹਾ, ਵੀ ਖੋਖਲ਼ੀਆਂ ਹੀ ਸਨ। ਜੇ ਉਹ ਨਾਸਤਕ ਸੀ ਤੇ ਕਿਸੇ ਰੱਬ ਨੂੰ ਨਹੀਂ ਮੰਨਦਾ ਸੀ ਤਾਂ ਉਸ ਨੇ ‘ਅਪਰੇਸ਼ਨ ਬਲੂਸਟਾਰ’ ਦੇ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ‘ਪਦਮ ਸ਼੍ਰੀ’ ਦਾ ਖ਼ਿਤਾਬ ਕਿਉਂ ਮੋੜਿਆ? ਮੈਂ ਕਦੇ ਵੀ ਇਹ ਸਮਝ ਨਹੀਂ ਸਕਿਆ ਕਿ ਉਹ ਸਿੱਖ ਕਿਉਂ ਸਦਾਉਂਦਾ ਰਿਹਾ ਤੇ ਜਰਨੈਲ ਸਿੰਘ ਭਿੰਡਰਾਂਵਾਲ਼ੇ ਦੇ ਖ਼ਿਲਾਫ਼ ਲਿਖ ਕੇ ਸਿੱਖੀ ਦਾ ਮਖ਼ੌਲ ਕਿਉਂ ਉਡਾਉਂਦਾ ਰਿਹਾ? ਆਪਣਾ ਆਖ਼ਰੀ ਸਾਹ ਲੈਣ ਤਕ ਉਹ ਇਹ ਨਹੀਂ ਦੱਸ ਸਕਿਆ ਕਿ ਭਿੰਡਰਾਂਵਾਲ਼ੇ ਨੂੰ ਵੱਧ ਨਫ਼ਰਤ ਕਰਦਾ ਸੀ ਜਾਂ ਦਰਬਾਰ ਸਾਹਿਬ ਉੱਤੇ ਹਮਲਾ ਕਰਾਉਣ ਵਾਲੀ ਔਰਤ ਨੂੰ।”
ਰਾਹੁਲ ਸਿੰਘ ਨੇ ਵੀ ਲਿਖਿਆ ਹੈ ਕਿ ਖ਼ੁਸ਼ਵੰਤ ਸਿੰਘ ‘ਕੰਮ ਨੂੰ ਤਾਂ ਪੂਜਾ ਸਮਝਦੇ ਸਨ, ਪਰ ਪੂਜਾ ਨੂੰ ਕੰਮ ਨਹੀਂ ਸਮਝਦੇ ਸਨ।’ ਪਿਛਲੇ ਮਹੀਨੇ ਇਕ ਸਮਾਗਮ ਵਿਚ ਬੋਲਦਿਆਂ ਰਾਹੁਲ ਸਿੰਘ ਨੇ ਇੱਥੋਂ ਤਕ ਕਿਹਾ ਸੀ ਕਿ ਉਸ ਦਾ ਬਾਪ ਸਿਆਸੀ ਪੱਖ ਤੋਂ ਸਿੱਧੜ ਤੇ ਮੂਰਖ਼ ਹੀ ਨਹੀਂ, ਮੂੰਹ-ਫਟ ਵੀ ਹੈ। ਪਹਿਲਾਂ ਉਹ ਇੰਦਰਾ ਗਾਂਧੀ ਦੇ ਨੇੜੇ ਸੀ ਤੇ ਸੰਜੇ ਗਾਂਧੀ ਦੇ ਮਰਨ ਮਗਰੋਂ ਮੇਨਕਾ ਗਾਂਧੀ ਦਾ ਸਾਥ ਦੇਣ ਲੱਗ ਪਏ।
ਖ਼ੁਸ਼ਵੰਤ ਸਿੰਘ ਨੇ ਆਪ ਲਿਖਿਆ ਹੋਇਆ ਹੈ ਕਿ ਉਹ ਆਉਣ-ਜਾਣ ਦੀ ਹਵਾਈ ਟਿਕਟ, ਚੰਗੇ ਹੋਟਲ ਵਿਚ ਰਿਹਾਇਸ਼ ਅਤੇ ਵਧੀਆ ਸਕਾਚ ਬਦਲੇ ਕਿਸੇ ਥਾਂ ਜਾਣ ਦਾ ਸੱਦਾ ਪ੍ਰਵਾਨ ਕਰ ਲੈਂਦੇ ਸਨ। “ਇਕ ਵਾਰ ਦਿੱਲੀ ’ਚ ਕਰੋਲ ਬਾਗ਼ ਦੀ ਇਕ ਸਭਿਆਚਾਰਕ ਸੰਸਥਾ ਨੇ ਉਨ੍ਹਾਂ ਨੂੰ ਇਕ ਸਮਾਗਮ ਵਿਚ ਆਉਣ ਦਾ ਸੱਦਾ ਦਿੱਤਾ ਤਾਂ ਖ਼ੁਸ਼ਵੰਤ ਸਿੰਘ ਨੇ ਇੰਨਾ ਹੀ ਪੁੱਛਿਆ ‘ਜਹਾਜ਼ ਦੀ ਟਿਕਟ ਤਾਂ ਲਿਆਏ ਹੋ ਨਾ?’ ਮੇਰਾ ਖ਼ਿਆਲ ਹੈ ਕਿ ਹੁਣ ਜਦੋਂ ਯਮਦੂਤ ਉਨ੍ਹਾਂ ਨੂੰ ਲੈਣ ਆਏ ਹੋਣਗੇ ਤਾਂ ਉਨ੍ਹਾਂ ਨੇ ਇਹੋ ਸੁਆਲ ਉਨ੍ਹਾਂ ਨੂੰ ਵੀ ਕੀਤਾ ਹੋਵੇਗਾ। ਸ਼ਾਇਦ ਪਹਿਲੀ ਵਾਰੀ ਉਹ ਇਕਪਾਸੜ ਟਿਕਟ ’ਤੇ ਹਨ। ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਮਿਲੇ।”#