ਸਿਰੇ’ਤੇ ਗੰਢ

ਪੰਜਾਹ ਪਾਰਲੀਮਾਨੀ ਸੀਟਾਂ ਸਿਆਸੀ ਪਨੀਰੀ ਲੇਖੇ ਲਾਈਆਂ
ਬਖ਼ਸ਼ਿੰਦਰ
(ਖੱਬਿਓਂ ਸੱਜੇ ਹੇਠਾਂ ਤਕ) ਵਰੁਣ ਗਾਂਧੀ, ਰਾਹੁਲ ਗਾਂਧੀ, ਦੀਪਕ ਕਰਮਾ, ਹਮਦਉੱਲਾ ਸਈਦ, ਇਮਰਾਨ ਮਸੂਦ, ਸ਼ਰੁਤੀ ਚੌਧਰੀ, ਅਭਿਜੀਤ ਮੁਖਰਜੀ, ਅਭਿਸ਼ੇਕ ਸਿੰਘ, ਅਜੈ ਸਿੰਘ, ਅਨੁਰਾਗ ਠਾਕੁਰ, ਅਰੁਣ ਯਾਦਵ, ਚਿਰਾਗ਼ ਪਾਸਵਾਨ, ਦੀਪਿੰਦਰ ਹੂਡਾ, ਸੰਦੀਪ ਦੀਕਸ਼ਤ, ਦੁਸ਼ਿਅੰਤ ਚੌਟਾਲਾ, ਦੁਸ਼ਿਅੰਤ ਸਿੰਘ

ਪੂਨਮ ਮਹਾਜਨ ਅਤੇ ਪ੍ਰਿਯਾ ਦੱਤ
(ਖੱਬਿਓਂ ਸੱਜੇ ਹੇਠਾਂ ਤਕ) ਗੌਰਵ ਗੋਗਈ, ਗੀਤਾ ਸ਼ਿਵਰਾਜ ਕੁਮਾਰ, ਐੱਚ. ਡੀ. ਕੁਮਾਰਾਸੁਆਮੀ, ਜਯੋਤਿਰਾਦਿੱਤਯ ਸਿੰਧੀਆ, ਜਯੰਤ ਚੌਧਰੀ, ਜਯੰਤ ਸਿਨ੍ਹਾ, ਜੀਤਿਨ ਪ੍ਰਸਾਦ, ਕੁਲਦੀਪ ਬਿਸ਼ਨੋਈ, ਕਾਰਤੀ ਚਿਦੰਬਰਮ, ਮਿਲਿੰਦ ਦਿਓਰਾ, ਮੀਸ਼ਾ ਭਾਰਤੀ, ਨਿਲੇਸ਼ ਰਾਣੇ, ਪ੍ਰਵੇਸ਼ ਵਰਮਾ, ਰਾਜਬੀਰ ਸਿੰਘ, ਸਚਿਨ ਪਾਇਲਟ, ਸੁਪਰੀਆ ਸੂਲੇ

     'ਓੜਕ ਬੱਚਾ ਮੂਲ਼ਿਆ ਤੂੰ ਹੱਟੀ ਬਹਿਣਾ!’ ਕਦੇ ਇਹ ਅਖਾਣ ਸੱਚ ਹੁੰਦਾ ਸੀ ਅਤੇ ਲੋਕ ਪਿਤਾ-ਪੁਰਖ਼ੀ ਕਿੱਤੇ ਅਪਣਾਅ ਲਿਆ ਕਰਦੇ ਸਨ। ਉਦੋਂ ‘ਘਾਈਆਂ ਦੇ ਪੁੱਤਾਂ ਨੇ ਘਾਹ ਹੀ ਖੋਤਣੈ’ ਵੀ ਸੱਚ ਲੱਗਦਾ ਹੁੰਦਾ ਸੀ। ਸਮੇਂ ਦੇ ਨਾਲ਼-ਨਾਲ਼ ਬਹੁਤ ਕੁੱਝ ਬਦਲ ਜਾਂਦਾ ਹੈ ਤੇ ਕੋਈ ਬਹੁਤ ਵੱਡੀ ਅਤੇ ਮੁੱਢੋਂ-ਸੁੱਢੋਂ ਕੀਤੀ ਗਈ ਤਬਦੀਲੀ ਇਨਕਲਾਬ ਸਦਾਉਣ ਲੱਗਦੀ ਹੈ। ਹੁਣ ਜਦੋਂ ਮੋਚੀਆਂ ਦੇ ਪੁੱਤ ਆਪਣੇ ਬਾਪ ਦੀ ਹੱਕ-ਹਲਾਲ ਦੀ ਕਮਾਈ ਨਾਲ਼ ਪੜ੍ਹ ਕੇ ਡਾਕਟਰ ਅਤੇ ਵਕੀਲ ਬਣ ਰਹੇ ਹਨ ਤਾਂ ‘ਪਿਤਾ-ਪੁਰਖ਼ੀ’ ਸ਼ਬਦ ਕਿਸੇ ਮਜਬੂਰੀ ਜਿਹੀ ਨਾਲ਼ ਲਿੱਬੜਿਆ ਹੋਇਆ ਜਾਪਣ ਲੱਗਦਾ ਹੈ। ਕਦੇ ਇਹ ਵੀ ਕਹਿੰਦੇ ਹੁੰਦੇ ਸੀ ਅਖੇ ‘ਜੱਟ ਤਾਂ ਵਣਜ ਕੀ!’ ਹੁਣ ਉਨ੍ਹਾਂ ਹੀ ਜੱਟਾਂ ਦੇ ਮੁੰਡੇ ਵੱਡੇ-ਵੱਡੇ ਅਰਥ ਸ਼ਾਸਤਰੀ ਹੀ ਨਹੀਂ ਬਣੇ ਹੋਏ, ਸਗੋਂ ਵਿਦੇਸ਼ਾਂ ਵਿਚ ਵੱਡੀਆਂ-ਵੱਡੀਆਂ ਫਰਮਾਂ ਦੇ ਮਾਲਕ ਵੀ ਹਨ। ਇਸ ਲਈ ਜ਼ਰੂਰੀ ਨਹੀਂ ਹੈ ਕਿ ਜੋ ਧੰਦਾ ਬਾਪ ਸਾਰੀ ਉਮਰ ਪਿੱਟਦਾ ਰਿਹਾ ਹੋਵੇ, ਔਲਾਦ ਵੀ ਅੱਖਾਂ ਮੀਚ ਕੇ ਉਹੀ ਧੰਦਾ, ਗਲ਼ ਪਏ ਢੋਲ ਵਾਂਗ ਵਜਾਉਣ ਬਹਿ ਜਾਵੇ।
ਭਾਰਤ ਦੇ ਬਾਕੀ ਧੰਦਿਆਂ ਵਿਚ ਤਾਂ ਲੋਕ ਹੌਲ਼ੀ-ਹੌਲ਼ੀ ਇਹ ਤਬਦੀਲੀ ਜਾਂ ਰੁਝਾਨ ਕਬੂਲ ਕਰਨ ਲੱਗ ਪਏ ਹਨ, ਪਰ ਜਿਸ ਘਰ ਵਿਚੋਂ ਕੋਈ ਜੀਅ, ਇਕ ਵਾਰ ਸਿਆਸਤ ਵਿਚ ਦਾਖ਼ਲ ਹੋ ਕੇ ਸੱਤਾ ਦਾ ਸੁਆਦ ਮਾਣ ਲੈਂਦਾ ਹੈ, ਉਸ ਦੇ ਬਾਕੀ ਜੀਅ ਵੀ ਇਹ ਚਾਹੁਣ ਲੱਗ ਪੈਂਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਕੋਈ ਸਿਆਸੀ ਕੁਰਸੀ ਮੱਲੀ ਜਾਵੇ ਤੇ ਇਹ ਸਿਲਸਿਲਾ ਪੀੜ੍ਹੀ-ਦਰ-ਪੀੜ੍ਹੀ ਜਾਰੀ ਰੱਖਿਆ ਜਾਵੇ। ਇਸ ਮਹੀਨੇ ਦੇ ਪਹਿਲੇ ਹਫ਼ਤੇ ਭਾਰਤ ਵਿਚ ਪਾਰਲੀਮਾਨੀ ਚੋਣਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਹੈ, ਉਸ ਵਿਚ ਤਕਰੀਬਨ ਪੰਜਾਹ ਹਲਕਿਆਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਉਹ ਉਮੀਦਵਾਰ ਖੜ੍ਹੇ ਕੀਤੇ ਗਏ ਹਨ, ਜੋ ਸੱਤਾ ਦਾ ਸੁੱਖ ਭੋਗ ਚੁੱਕੇ ਖ਼ਾਨਦਾਨਾਂ ਦੇ ਨੁਮਾਇੰਦੇ ਹਨ। ਇਸ ਤਰ੍ਹਾਂ, ਇਕੋ ਹੀ ਖ਼ਾਨਦਾਨ ਦੇ ਵੱਸ ਪਏ ਹੋਏ, ਇਸ ਮੁਲਕ ਵਿਚ, ਖ਼ਾਨਦਾਨੀ ਰਾਜ ਜਾਂ ਸਲਤਨਤੀ ਹਕੂਮਤ ਦੇ ਰੁਝਾਨ ਨੂੰ ਪੱਠੇ ਪਾਉਣ ਦਾ ਰੁਝਾਨ ਵਧ ਰਿਹਾ ਹੈ।
ਇਸ ਲੇਖ ਵਿਚ, ਅਸੀਂ ਆਪਣੇ ਪੱਲਿਓਂ ਕੁੱਝ ਵੀ ਪਾਏ ਬਗ਼ੈਰ ਇਨ੍ਹਾਂ ਉਮੀਦਵਾਰਾਂ ਦੇ ‘ਦਰਸ਼ਨ’ ਕਰਾਵਾਂਗੇ। ਇਨ੍ਹਾਂ ਉਮੀਦਵਾਰਾਂ ਵਿਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਅਭਿਜੀਤ ਮੁਖਰਜੀ ਤੋਂ ਲੈ ਕੇ ਰਾਹੁਲ ਅਤੇ ਵਰੁਣ (ਗਾਂਧੀਆਂ) ਤਕ ਕਈ ਸ਼ਾਮਲ ਹਨ। ਇਨ੍ਹਾਂ ਪੰਜਾਹ ਸੀਟਾਂ ਉੱਤੇ ਚੋਣ ਲੜਨ ਵਾਲ਼ਿਆਂ ਵਿਚ ‘ਸਿਆਸੀ ਸਾਹਿਬਜ਼ਾਦੇ’ ਹੀ ਨਹੀਂ, ਕਈ ‘ਸਿਆਸੀ ਸਾਹਿਬਜ਼ਾਦੀਆਂ’ ਵੀ ਸ਼ਾਮਲ ਹਨ। ਇਨ੍ਹਾਂ ਵਿਚੋਂ ਬਹੁਤੇ ਉਮੀਦਵਾਰ, ਦੇਸ਼ ਉੱਤੇ ਕਈ ਦਹਾਕਿਆਂ ਤੋਂ ਹਕੂਮਤ ਕਰ ਰਹੀ ਪਾਰਟੀ ਕਾਂਗਰਸ ਦੇ ਹਨ। ਪੱਛਮੀ ਬੰਗਾਲ ਵਿਚ ਜੰਗੀਪੁਰ ਹਲਕੇ ਤੋਂ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਰਹੇ ਹਨ, ਮੈਂਬਰ ਪਾਰਲੀਮੈਂਟ ਹਨ ਅਭਿਜੀਤ ਮੁਖਰਜੀ ਜਦੋਂ ਕਿ ਰਾਹੁਲ ਗਾਂਧੀ ਅਤੇ ਵਰੁਣ ਗਾਂਧੀ, ਉੱਤਰ ਪ੍ਰਦੇਸ਼ ਵਿਚ ਕ੍ਰਮਵਾਰ ਅਮੇਠੀ ਅਤੇ ਪੀਲੀਭੀਤ ਦੇ ਸੁਲਤਾਨ ਪੁਰ ਹਲਕੇ ਤੋਂ ਚੋਣ ਲੜ ਰਹੇ ਹਨ। 
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਪੁੱਤਰ ਹਨ ਅਤੇ ਵਰੁਣ ਗਾਂਧੀ, ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਮੇਨਕਾ ਗਾਂਧੀ ਦੇ ਫ਼ਰਜ਼ੰਦ ਹਨ। ਸੋਨੀਆ ਗਾਂਧੀ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੀ ਪਤਨੀ ਹੈ ਤੇ ਉਹ ਪਾਰਲੀਮਾਨੀ ਹਲਕੇ ਬਰੇਲੀ ਤੋਂ ਚੋਣ ਲੜ ਰਹੀ ਹੈ। ਵਰੁਣ ਗਾਂਧੀ ਦੀ ਮਾਂ ਮੇਨਕਾ ਗਾਂਧੀ, ਜੋ ਇੰਦਰਾ ਗਾਂਧੀ ਦੇ ਮਰਹੂਮ ਛੋਟੇ ਫ਼ਰਜ਼ੰਦ ਸੰਜੇ ਗਾਂਧੀ ਦੀ ਪਤਨੀ ਹੈ, ਪੀਲੀਭੀਤ ਤੋਂ ਚੋਣ ਲੜ ਰਹੀ ਹੈ ਯਾਨੀ ਇੰਦਰਾ ਗਾਂਧੀ ਦਾ ਸਾਰਾ ਟੱਬਰ ਹੀ ਚੋਣ ਮੈਦਾਨ ਵਿਚ ਨਿੱਤਰਿਆ ਹੋਇਆ ਹੈ। ਮੌਜੂਦਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਪੁੱਤਰ ਕਾਰਤੀ, ਤਾਮਿਲ ਨਾਡੂ ਦੇ ਪਾਰਲੀਮਾਨੀ ਹਲਕੇ ਸ਼ਿਵਗੰਗਾ ਤੋਂ ਚੋਣ ਲੜ ਰਿਹਾ ਹੈ। ਜੇ ਉਹ ਜਿੱਤ ਜਾਂਦਾ ਹੈ ਤਾਂ ਉਹ ਪਹਿਲੀ ਵਾਰ ਭਾਰਤ ਦਾ ਮੈਂਬਰ ਪਾਰਲੀਮੈਂਟ ਬਣ ਜਾਵੇਗਾ। ਸ਼ਿਵਗੰਗਾ ਹਲਕੇ ਦਾ ਚੋਣ ਅਖਾੜਾ, ਕਾਰਤੀ ਨੂੰ ਆਪਣੇ ਬਾਪ ਪੀ. ਚਿਦੰਬਰਮ ਵੱਲੋਂ ਗੁੱਡਿਆ-ਗਡਾਇਆ ਮਿਲ ਰਿਹਾ ਹੈ ਕਿਉਂ ਕਿ ਸ਼੍ਰੀ ਚਿਦੰਬਰਮ ਇਸ ਸੀਟ ਤੋਂ ਹੀ ਚੋਣ ਲੜ ਕੇ ਪਾਰਲੀਮੈਂਟ ਤਕ ਪੁੱਜੇ ਹੋਏ ਹਨ।
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਦਾ ਪੁੱਤਰ ਜਯੰਤ ਐਤਕੀਂ ਝਾਰਖੰਡ ਦੇ ਹਜ਼ਾਰੀ ਬਾਗ਼ ਪਾਰਲੀਮਾਨੀ ਹਲਕੇ ਤੋਂ ਚੋਣ ਲੜ ਰਿਹਾ ਹੈ। ਉਸ ਨੂੰ ਵੀ ਇਸ ਹਲਕੇ ਦਾ ਚੋਣ ਅਖਾੜਾ ਆਪਣੇ ਬਾਪ ਯਸ਼ਵੰਤ ਸਿਨ੍ਹਾ ਵੱਲੋਂ ਗੁੱਡਿਆ-ਗਡਾਇਆ ਮਿਲੇਗਾ ਕਿਉਂ ਕਿ ਯਸ਼ਵੰਤ ਸਿਨ੍ਹਾ ਨੂੰ ਵੀ ਹਜ਼ਾਰੀ ਬਾਗ਼ ਵਾਲ਼ਿਆਂ ਨੇ ਹੀ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਹੋਇਆ ਹੈ। ਇਸ ਦੇ ਨਾਲ਼ ਹੀ ਕਾਂਗਰਸ ਦੇ ਕੁੱਝ ਸਾਬਕਾ ਤੇ ਮਰਹੂਮ ਕੇਂਦਰੀ ਮੰਤਰੀਆਂ ਦੇ ਪੁੱਤਰਾਂ ਨੂੰ ਵੀ ਕਾਂਗਰਸ ਪਾਰਟੀ ਨੇ ਚੋਣ ਲਈ ਟਿਕਟਾਂ ਦੇ ਕੇ ਨਵਾਜ਼ਿਆ ਹੈ। ਇਨ੍ਹਾਂ ਵਿਚ ਮਾਧਵ ਰਾਓ ਸਿੰਧੀਆ ਦੇ ਪੁੱਤਰ ਜਯੋਤਿਰਾਦਿੱਤਯ ਸਿੰਧੀਆ ਵੀ ਸ਼ਾਮਲ ਹਨ, ਜੋ ਮੱਧ ਪ੍ਰਦੇਸ਼ ਦੇ ਗੁੰਨਾ ਹਲਕੇ ਤੋਂ ਚੋਣ ਲੜ ਰਹੇ ਹਨ। ਉਹ ਮੌਜੂਦਾ ਸਰਕਾਰ ਵਿਚ ਬਿਜਲੀ ਰਾਜ ਮੰਤਰੀ (ਅਜ਼ਾਦ ਚਾਰਜ) ਹਨ। ਮਰਹੂਮ ਰਾਜੇਸ਼ ਪਾਇਲਟ ਦਾ ਪੁੱਤਰ ਸਚਿਨ ਪਾਇਲਟ, ਰਾਜਸਥਾਨ ਵਿਚ ਅਜਮੇਰ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਹੈ। ਉਹ ਵੀ ‘ਕਾਰਪੋਰੇਟ ਅਫੇਅਰਜ਼’ ਦਾ ਆਜ਼ਾਦ ਚਾਰਜ ਵਾਲ਼ਾ ਰਾਜ ਮੰਤਰੀ ਹੈ।
ਮਰਹੂਮ ਜੀਤੇਂਦਰ ਪ੍ਰਸਾਦ ਦਾ ਪੁੱਤਰ ਜੀਤਿਨ ਪ੍ਰਸਾਦ, ਜੋ ਮਨੁੱਖੀ ਵਸੀਲੇ ਵਿਕਾਸ ਰਾਜ ਮੰਤਰੀ ਹੈ, ਉੱਤਰ ਪ੍ਰਦੇਸ਼ ਦੇ ਧੌਰਾਹਾ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਹੈ। ਮਹਾਰਾਸ਼ਟਰ ਤੋਂ ਕਾਂਗਰਸ ਵੱਲੋਂ ਰਾਜ ਸਭਾ ਦੇ ਮੈਂਬਰ ਰਹੇ ਅਤੇ ਸਾਬਕਾ ਮੰਤਰੀ ਮੁਰਲੀ ਦਿਓੜਾ ਦਾ ਪੁੱਤਰ ਮਿਲਿੰਦ ਦਿਓੜਾ, ਸਾਊਥ ਮੁੰਬਈ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਹੈ। ਉਹ ਮੌਜੂਦਾ ਮੈਂਬਰ ਪਾਰਲੀਮੈਂਟ ਹੀ ਨਹੀਂ, ਸੰਚਾਰ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਵੀ ਹੈ। ਉਹ ਪਹਿਲਾਂ ਵੀ ਇਸੇ ਹੀ ਸੀਟ ਤੋਂ ਚੋਣ ਜਿੱਤਿਆ ਹੋਇਆ ਹੈ।
‘ਆਪ’ ਦੇ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੀ ਜਾਣ ਸਾਰ ਕੇਰਲਾ ਦੀ ਗਵਰਨਰ ਬਣਾ ਦਿੱਤੀ ਗਈ ਸ਼ੀਲਾ ਦੀਕਸ਼ਤ ਦਾ ਪੁੱਤਰ ਸੰਦੀਪ ਦੀਕਸ਼ਤ, ਜੋ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਹੈ, ਕਾਂਗਰਸ ਦੀ ਟਿਕਟ ’ਤੇ ਈਸਟ ਦਿੱਲੀ ਹਲਕੇ ਤੋਂ ਚੋਣ ਲੜ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੂਡਾ ਦਾ ਸਾਹਿਬਜ਼ਾਦਾ ਦੀਪਿੰਦਰ ਹੂਡਾ, ਜੋ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਹੈ, ਹਰਿਆਣਾ ਦੀ ਰੋਹਤਕ ਸੀਟ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਹੈ। ਆਸਾਮ ਦੇ ਮੁੱਖ ਮੰਤਰੀ ਤਰੁਣ ਗੋਗਈ ਦਾ ਪੁੱਤਰ ਗੌਰਵ ਗੋਗਈ, ਆਸਾਮ ਦੇ ਕਾਲੀਆਬੋਰ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਿਹਾ ਹੈ ਜਦੋਂ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਦਾ ਪੁੱਤਰ ਅਭਿਸ਼ੇਕ, ਰਾਜਨੰਦਗਾਉਂ ਤੋਂ ਚੋਣ ਲੜ ਰਿਹਾ ਹੈ। ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦਾ ਪੁੱਤਰ ਦੁਸ਼ਿਅੰਤ, ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਝਾਲਾਵਾਰ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਹੈ। 
ਕਾਂਗਰਸ ਵੱਲੋਂ ਕੇਂਦਰੀ ਮੰਤਰੀ ਰਹੇ ਮਰਹੂਮ ਫ਼ਿਲਮ ਅਦਾਕਾਰ ਸੁਨੀਲ ਦੱਤ ਦੀ ਧੀ ਪ੍ਰਿਯਾ ਦੱਤ, ਮਹਾਰਾਸ਼ਟਰ ਵਿਚ ਮੁੰਬਈ ਨਾਰਥ ਸੈਂਟਰਲ ਸੀਟ ਤੋਂ ਚੋਣ ਲੜ ਰਹੀ ਹੈ। ਮੌਜੂਦਾ ਮੈਂਬਰ ਪਾਰਲੀਮੈਂਟ ਪ੍ਰਿਯਾ ਦੱਤ, ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪੂਨਮ ਮਹਾਜਨ ਦੇ ਮੁਕਾਬਲੇ ਚੋਣ ਲੜ ਰਹੀ ਹੈ। ਪੂਨਮ ਮਹਾਜਨ, ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕੇਂਦਰੀ ਮੰਤਰੀ ਰਹੇ ਮਰਹੂਮ ਪ੍ਰਮੋਦ ਮਹਾਜਨ ਦੀ ਧੀ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਪੁੱਤਰ ਰਾਜਬੀਰ ਸਿੰਘ, ਏਟਾਹ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਉੱਤੇ ਚੋਣ ਲੜ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸਾਹਿਬ ਸਿੰਘ ਵਰਮਾ ਦੇ ਸਾਹਿਬਜ਼ਾਦੇ ਪ੍ਰਵੇਸ਼ ਵਰਮਾ, ਪੱਛਮੀ ਦਿੱਲੀ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਹਨ। 
ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਰਗੀਆਂ ਮੁੱਖ ਪਾਰਟੀਆਂ ਹੀ ਆਪਣੇ ਆਗੂਆਂ ਦੇ ਪੁੱਤਰਾਂ-ਧੀਆਂ ਨੂੰ ਚੋਣਾਂ ਲਈ ਟਿਕਟਾਂ ਦੇ ਰਹੀਆਂ ਹੋਣ, ਇਹੋ ਜਿਹੀ ਵੀ ਕੋਈ ਗੱਲ ਨਹੀਂ ਹੈ। ਕੁੱਝ ਖੇਤਰੀ ਪਾਰਟੀਆਂ ਵੀ ਖ਼ਾਨਦਾਨੀ ਅਤੇ ਸਲਤਨਤੀ ਰਾਜ ਦੇ ਰੁਝਾਨ ਨੂੰ ਉਤਸ਼ਾਹ ਦੇ ਰਹੀਆਂ ਹਨ। ਬਿਹਾਰ ਵਿਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸ਼ਾ ਭਾਰਤੀ, ਲੋਕ ਸਭਾ ਦੀ ਪਾਟਲੀਪੁੱਤਰ ਸੀਟ ਤੋਂ ਚੋਣ ਲੜ ਰਹੀ ਹੈ। ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਰਾਮ ਵਿਲਾਸ ਪਾਸਵਾਨ ਦਾ ਖ਼ਬਰੇ ਕਿਹੜੇ ਵਿਆਹ ਤੋਂ ਜੰਮਿਆ ਹੋਇਆ ਪੁੱਤਰ ਚਿਰਾਗ਼ ਪਾਸਵਾਨ ਪਹਿਲੀ ਵਾਰੀ ਬਿਹਾਰ ਦੀ ਜਮੂਈ ਸੀਟ ਤੋਂ ਚੋਣ ਲੜ ਰਿਹਾ ਹੈ। ਇਸ ਤੋਂ ਪਹਿਲਾਂ ਉਹ, ‘ਮਿਲੇ ਨਾ ਮਿਲੇ ਹਮ’ ਨਾਂ ਦੀ ਇਕ ਹਿੰਦੀ ਫ਼ਿਲਮ ਵਿਚ ਅਦਾਕਾਰੀ ਵੀ ਕਰ ਚੁੱਕਾ ਹੈ। ਭਾਵੇਂ ਉਸ ਫ਼ਿਲਮ ਵਿਚ ਉਸ ਨਾਲ਼ ਕੰਗਨਾ ਰਣਾਉਤ, ਸਾਗਰਿਕਾ ਘਟਗੇ, ਨੀਰੂ ਬਾਜਵਾ ਅਤੇ ਸ਼ਵੇਤਾ ਤਿਵਾੜੀ ਵਰਗੀਆਂ ਚਾਰ-ਚਾਰ ਸੁੰਦਰੀਆਂ ਵੀ ਸਨ, ਪਰ ਦਰਸ਼ਕਾਂ ਨੇ ਇਹ ਫ਼ਿਲਮ ਬੇਰਾਂ ਵੱਟੇ ਵੀ ਨਹੀਂ ਸਿਆਣੀ ਸੀ। ਯਾਦ ਰਹੇ ਸ਼੍ਰੀ ਪਾਸਵਾਨ ਨੇ ਤਿੰਨ ਕੁ ਜਾਇਜ਼/ ਨਜਾਇਜ਼ ਵਿਆਹ ਕਰਾਏ ਹੋਏ ਹਨ। ਪਾਸਵਾਨ ਦੀ, ਰਾਜ ਕੁਮਾਰੀ ਨਾਂ ਦੀ ਪਤਨੀ ਦੋ ਧੀਆਂ ਦੀ ਮਾਂ ਹੈ। ਆਪ ਦਲਿਤ ਹੋਣ ਦੇ ਬਾਵਜੂਦ ਜਾਤ-ਪਾਤ ਤੋਂ ਉੱਪਰ ਉੱਠ ਕੇ ਸ਼੍ਰੀ ਪਾਸਵਾਨ ਇਸ ਵੇਲ਼ੇ ਅੰਮ੍ਰਿਤਸਰ ਦੀ ਬ੍ਰਾਹਮਣ ਔਰਤ ਰੀਨਾ ਸ਼ਰਮਾ ਨਾਲ਼ ਰਹਿੰਦੇ ਹਨ। 
ਕਰਨਾਟਕ ਵਿਚ ਜਨਤਾ ਦਲ (ਸੈਕੂਲਰ) ਦੇ ਪ੍ਰਧਾਨ ਐੱਚ. ਡੀ. ਦੇਵ ਗੌੜਾ ਦਾ ਪੁੱਤਰ ਐੱਚ. ਡੀ. ਕੁਮਾਰਸੁਆਮੀ, ਕਰਨਾਟਕ ਦੀ ਚਿੱਕਬੱਲਾਪੁਰ ਸੀਟ ਤੋਂ ਚੋਣ ਲੜ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪਿਤਾਸ਼੍ਰੀ, ਹੱਸਨ ਤੋਂ ਚੋਣ ਲੜ ਰਹੇ ਹਨ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਐੱਸ. ਬੰਗਾਰੱਪਾ ਦੀ ਧੀ ਗੀਤਾ ਸ਼ਿਵਰਾਜ ਕੁਮਾਰ, ਕਰਨਾਟਕ ਦੀ ਸ਼ਿਮੋਗਾ ਸੀਟ ਤੋਂ ਚੋਣ ਲੜ ਰਹੀ ਹੈ। ਮਹਾਰਾਸ਼ਟਰ ਦੇ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੀ ਧੀ ਸੁਪਰੀਆ ਸੂਲੇ, ਬਾਰਾਮਤੀ ਸੀਟ ਤੋਂ ਚੋਣ ਲੜ ਰਹੀ ਹੈ।ਸੂਲੇ, ਜੋ ਪਹਿਲਾਂ ਹੀ ਮੈਂਬਰ ਪਾਰਲੀਮੈਂਟ ਹੈ, ਨੈਸ਼ਨਲ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਚੋਣ ਲੜ ਰਹੀ ਹੈ।
ਮਹਾਰਾਸ਼ਟਰ ਦੇ ਸਨਅਤ ਮੰਤਰੀ ਨਾਰਾਇਣ ਰਾਣੇ ਦਾ ਪੁੱਤਰ ਨੀਲੇਸ਼ ਰਾਣੇ, ਜੋ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਹੈ, ਰਤਨਾਗਿਰੀ-ਸਿੰਧੂਦੁਰਗ ਤੋਂ ਚੋਣ ਲੜ ਰਿਹਾ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਭਜਨ ਲਾਲ ਦਾ ਪੁੱਤਰ ਕੁਲਦੀਪ ਬਿਸ਼ਨੋਈ, ਜਨਹਿੱਤ ਕਾਂਗਰਸ ਪਾਰਟੀ ਦੀ ਟਿਕਟ ’ਤੇ ਹਿਸਾਰ ਤੋਂ ਚੋਣ ਲੜ ਰਿਹਾ ਹੈ। ਉਸ ਦੇ ਮੁਕਾਬਲੇ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਪੋਤਾ ਦੁਸ਼ਿਅੰਤ ਚੌਟਾਲਾ, ਇੰਡੀਅਨ ਨੈਸ਼ਨਲ ਲੋਕ ਦਲ ਦੀ ਟਿਕਟ ’ਤੇ ਖੜ੍ਹਾ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੰਸੀ ਲਾਲ ਦੀ ਪੋਤੀ ਸ਼ਰੁਤੀ ਚੌਧਰੀ, ਜੋ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਹੈ, ਭਿਵਾਨੀ-ਮਹਿੰਦਰਗੜ੍ਹ ਸੀਟ ਤੋਂ ਚੋਣ ਲੜ ਰਹੀ ਹੈ। ਸਾਬਕਾ ਕੇਂਦਰੀ ਮਨੁੱਖੀ ਵਸੀਲਾ ਵਿਕਾਸ ਮੰਤਰੀ ਅਰਜੁਨ ਸਿੰਘ ਦਾ ਪੁੱਤਰ ਅਜੈ ਸਿੰਘ, ਮੱਧ ਪ੍ਰਦੇਸ਼ ਵਿਚ ਸਤਨਾ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਿਹਾ ਹੈ।#
Cell Phone No  : +17783789669
bababax@mail.com