ਨੌਕਰਾਣੀ ਵਜੋਂ ਕੰਮ ਕਰਦੀ ਹੈ ਕੌਮਾਂਤਰੀ ਮਿਆਰ ਵਾਲ਼ੀ ਲੇਖਕਾ
ਬਖ਼ਸ਼ਿੰਦਰ
ਕਲਾਵਾਂ ਤੇ ਕਲਾਕਾਰਾਂ ਦੇ ਕਈ ਤਰ੍ਹਾਂ ਦੇ ਰੰਗ ਹੁੰਦੇ ਹਨ। ਕੰਵਲ ਵਰਗਾ ਸੁੰਦਰ ਫੁੱਲ, ਚਿੱਕੜ ਵਿਚ ਖਿੜਦਾ ਹੈ। ਮਹਾਨ ਕਵੀਆਂ ਤੇ ਲੇਖਕਾਂ ਦੀਆਂ ਮਹਾਨ ਰਚਨਾਵਾਂ ਉਨ੍ਹਾਂ ਦੇ ਗ਼ੁਰਬਤ ਅਤੇ ਥੁੜਾਂ ਵਾਲ਼ੇ ਦੌਰ ਦੀ ਪੈਦਾਵਾਰ ਰਹੀਆਂ ਹਨ। ਕਲਾ ਦੀ ਦੇਵੀ ਸਮਝੀ ਜਾਂਦੀ ਸਰਸਵਤੀ ਅਤੇ ਧੰਨ ਦੀ ਦੇਵੀ ਸਮਝੀ ਜਾਂਦੀ ਲਕਸ਼ਮੀ ਦੀ ਆਪਸ ਵਿਚ ਘੱਟ ਹੀ ਬਣਦੀ ਦੇਖੀ ਗਈ ਹੈ। ਜਿਸ ਵਿਅਕਤੀ ਕੋਲ ਕਿਸੇ ਕਲਾ ਨੂੰ ਘੋਖਣ, ਪਰਖ਼ਣ ਜਾਂ ਤਰਾਸ਼ਣ ਦੀ ਸਮਰੱਥਾ ਹੈ, ਉਸ ਕੋਲ ਆਪਣੀ ਇਸ ਸਮਰੱਥਾ ਨੂੰ ਫ਼ਲਦਾਰ ਬਣਾਉਣ ਲਈ ਲੋੜੀਂਦੇ ਸਾਧਨ ਨਹੀਂ ਹੁੰਦੇ। ਚੰਗੇ ਲੇਖਕਾਂ ਨੂੰ ਆਪਣੀਆਂ ਲਿਖਤਾਂ ਨੂੰ ਕਿਤਾਬੀ ਰੂਪ ਦੇਣ-ਦੁਆਉਣ ਲਈ ਮਾਲਦਾਰ ਪ੍ਰਕਾਸ਼ਕਾਂ ਦੇ ਦਰਾਂ ਦੀ ਖ਼ਾਕ ਤਕ ਛਾਨਣੀ ਪੈਂਦੀ ਹੈ।
ਇਹੋ ਜਿਹੇ ਹਾਲਾਤ ਦੀ ਤਾਜ਼ਾ ਮਿਸਾਲ ਹੈ, ਧੜਾ-ਧੜ ਵਿਕਣ ਵਾਲ਼ੀਆਂ ਕਿਤਾਬਾਂ ਦੀ ਇਕ ਲੇਖਕਾ ਬੇਬੀ ਹਲਦਰ, ਜੋ ਗੁੜਗਾਉਂ ਦੇ ਇਕ ਘਰ ਵਿਚ ਨੌਕਰਾਣੀ ਵਜੋਂ ਕੰਮ ਕਰਦੀ ਹੈ। ਉਹ ਆਪਣੀਆਂ ਕਿਤਾਬਾਂ ਦੇ ਸਬੰਧ ਵਿਚ ਪੈਰਿਸ, ਫਰੈਂਕਫਰਤ ਅਤੇ ਹਾਂਗ ਕਾਂਗ ਦੇ ਦੌਰੇ ਕਰ ਚੁੱਕੀ ਹੈ। ਬੇਬੀ ਹਲਦਰ ਵੱਲੋਂ ਲਿਖੀਆਂ ਹੋਈਆਂ ਕਿਤਾਬਾਂ 12 ਭਾਸ਼ਾਵਾਂ ਵਿਚ ਅਨੁਵਾਦੀਆਂ ਜਾ ਚੁੱਕੀਆਂ ਹਨ ਤੇ ਇਨ੍ਹਾਂ ਭਾਸ਼ਾਵਾਂ ਵਿਚ ਫਰੈਂਚ, ਜਰਮਨ ਅਤੇ ਜਾਪਾਨੀ ਵੀ ਸ਼ਾਮਲ ਹਨ। ਉਸ ਨੂੰ ਦੇਸ਼ ਭਰ ਵਿਚ ਸਾਹਿੱਤਕ ਸਮਾਗਮਾਂ ਵਿਚ ਤਕਰੀਰਾਂ ਕਰਨ ਲਈ ਸੱਦਿਆ ਜਾਂਦਾ ਹੈ। ਬਹੁਤ ਸਾਰੇ ਲੇਖਕਾਂ ਦੀਆਂ ਜੀਵਨੀਆਂ ਦਾ ਮੁਹਾਂਦਰਾ, ਬੇਬੀ ਹਲਦਰ ਦੀ ਜੀਵਨੀ ਦੇ ਮੁਹਾਂਦਰੇ ਨਾਲ਼ ਰਲਦਾ-ਮਿਲਦਾ ਲੱਗੇਗਾ, ਪਰ ਹਲਦਰ ਦੀ ਕਹਾਣੀ ਵਿਚ ਇਕ ਹੈਰਾਨੀਜਨਕ ਗੁੰਝਲ ਹੈ ਕਿਉਂ ਕਿ ਬਹੁਤ ਜ਼ਿਆਦਾ ਲਿਖਣ ਵਾਲ਼ੀ ਇਸ ਲੇਖਕਾ ਦਾ ਕਹਿਣ ਹੈ ਕਿ ਉਸ ਨੂੰ ਲੇਖਕਾ ਸਦਾਉਣਾ ਚੰਗਾ ਨਹੀਂ ਲੱਗਦਾ।
ਇਸ ਸਬੰਧ ਵਿਚ ਉਸ ਦਾ ਕਹਿਣ ਹੈ, “ਮੈਂ ਕੋਈ ਲੇਖਕਾ ਨਹੀਂ, ਇਕ ਬਾਈ (ਘਰੇਲੂ ਨੌਕਰਾਣੀ) ਹਾਂ।” ਬੇਬੀ ਹਲਦਰ ਪਹਿਲੀ ਵਾਰ 2006 ਵਿਚ ਆਪਣੀ ਕਿਤਾਬ ‘ਏ ਲਾਈਫ ਲੈੱਸ ਆਰਡੀਨਰੀ’ ਨਾਲ਼ ਮਸ਼ਹੂਰੀ ਦੀ ਸਰਦਲ ਪਾਰ ਗਈ ਸੀ ਤੇ ਹੁਣ ਉਹ, ਦੋ ਹੋਰ ਧੜਾਧੜ ਵਿਕਦੀਆਂ ਕਿਤਾਬਾਂ ਦੀ ਲੇਖਕਾ ਹੈ।
ਉਹ, ਪਿਛਲੇ 14 ਸਾਲਾਂ ਤੋਂ ਗੁੜਗਾਉਂ ਵਿਚ ਪ੍ਰਬੋਧ ਕੁਮਾਰ ਨਾਂ ਦੇ ਇਕ ਵਿਅਕਤੀ ਦੇ ਘਰ ਵਿਚ ਨੌਕਰਾਣੀ ਵਜੋਂ ਕੰਮ ਕਰਦੀ ਹੈ।ਉਹ, ਉਸ ਘਰ ਦੀ ਛੱਤ ਉੱਤੇ ਛੱਤੇ ਹੋਏ ਇਕ ਛਤੜੇ ਜਿਹੇ ਵਿਚ ਰਹਿੰਦੀ ਹੈ। ਉਸ ਦੇ ਮਾਲਕ ਪ੍ਰਮੋਦ ਕੁਮਾਰ ਦੀ ਉਮਰ 80 ਸਾਲ ਹੈ। ਇਹ ਸ਼ਖ਼ਸ ਉਸ ਦਾ ਮਾਲਕ ਹੀ ਨਹੀਂ, ਸਗੋਂ ਉਸ ਦਾ ਸਾਹਿੱਤਕ ਮਾਰਗ ਦਰਸ਼ਕ ਵੀ ਹੈ ਅਤੇ ਅਨੁਵਾਦਕ ਵੀ ਹੈ। ਪ੍ਰਬੋਧ ਕੁਮਾਰ, ਜੋ ਮਾਨਵ ਵਿਗਿਆਨ ਦੇ ਸਾਬਕਾ ਪ੍ਰੋਫੈਸਰ ਹਨ, ਦਾ ਕਹਿਣ ਹੈ, “ਜਦੋਂ ਉਸ ਨੇ ਸਾਡੇ ਘਰ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੈਂ ਦੇਖਿਆ ਕਿ ਉਹ ਕਿਤਾਬਾਂ ਵਿਚ ਬੇਹੱਦ ਦਿਲਚਸਪੀ ਲੈਂਦੀ ਹੈ। ਉਹ ਕਿਤਾਬਾਂ ਦੀ ਪ੍ਰਛੱਤੀ ਤੋਂ ਬੰਗਾਲੀ ਕਿਤਾਬਾਂ ਚੁੱਕ ਲੈਂਦੀ ਹੁੰਦੀ ਸੀ ਤੇ ਬਹੁਤ ਧਿਆਨ ਨਾਲ਼ ਉਨ੍ਹਾਂ ਨੂੰ ਪੜ੍ਹ ਲੈਂਦੀ ਸੀ। ਮੈਂ ਉਸ ਨਾਲ਼ ਗੱਲਬਾਤ ਕਰਦਾ ਰਹਿੰਦਾ ਤੇ ਮੈਂ ਮਹਿਸੂਸ ਕੀਤਾ ਕਿ ਉਸ ਦੇ ਅੰਦਰ ਇਕ ਕਹਾਣੀ ਹੈ, ਜੋ ਸੁਣਾਈ ਜਾਣੀ ਬਣਦੀ ਹੈ।”
ਹਲਦਰ ਨੇ ਆਪਣਾ ਬਚਪਨ, ਆਪਣੀ ਮਾਂ ਤੋਂ ਬਗ਼ੈਰ ਹੀ ਬਿਤਾਇਆ ਸੀ। ਉਸ ਦੀ ਮਤਰੇਈ ਮਾਂ ਨੇ ਉਸ ਨੂੰ 13 ਸਾਲਾਂ ਦੀ ਉਮਰੇ ਹੀ, ਉਸ ਤੋਂ ਦੁਗਣੀ ਉਮਰ ਦੇ ਇਕ ਬੰਦੇ ਨਾਲ਼ ਵਿਆਹ ਸੁੱਟਿਆ ਸੀ। ਵਿਆਹ ਦੀ ਰਾਤ ਨੂੰ ਉਸ ਨਾਲ ਜ਼ਬਰਦਸਤੀ ਕੀਤੀ ਗਈ। ਉਹ ਆਪਣੇ ਜ਼ਾਲਮ ਪਤੀ ਤੋਂ ਅੱਕ ਕੇ ਇਕ ਦਿਨ, ਪੱਛਮੀ ਬੰਗਾਲ ਦੇ ਸ਼ਹਿਰ ਦੁਰਗਾਪੁਰ ਤੋਂ ਗੱਡੀ ਚੜ੍ਹ ਕੇ ਦਿੱਲੀ ਪਹੁੰਚ ਗਈ। ਦਿੱਲੀ ਵਿਚ ਉਸ ਨੇ ਇਕ ਘਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਛੇਤੀ ਹੀ ਉਸ ਨੂੰ ਉਹ ਘਰ ਛੱਡਣਾ ਪੈ ਗਿਆ ਕਿਉਂ ਕਿ ਉਸ ਘਰ ਦੇ ਜੀਆਂ ਨੇ ਉਸ ਨਾਲ ਮਾੜਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਛੇਤੀ ਹੀ ਬਾਅਦ ਉਸ ਨੂੰ ਪ੍ਰੋਫੈਸਰ ਪ੍ਰਬੋਧ ਕੁਮਾਰ ਦੇ ਘਰ ਕੰਮ ਮਿਲ ਗਿਆ ਤੇ ਜ਼ਿੰਦਗ਼ੀ ਨੇ ਚੰਗੇ ਪਾਸੇ ਵੱਲ ਮੋੜ ਕੱਟਿਆ।
ਇਕ ਦਿਨ ਪ੍ਰੋ. ਕੁਮਾਰ ਨੇ ਉਸ ਨੂੰ ਪੈੱਨ ਅਤੇ ਕਾਪੀ ਫੜਾ ਕੇ ਕਿਹਾ ਕਿ ਉਹ ਆਪਣੀ ਦਾਸਤਾਨ ਆਪਣੀ ਮਾਤ ਭਾਸ਼ਾ ਬੰਗਾਲੀ ਵਿਚ ਲਿਖੇ।
“ਜਦੋਂ ਮੈਂ ਉਹ ਪੈੱਨ ਆਪਣੇ ਪੋਟਿਆਂ ਨਾਲ਼ ਫੜਿਆ ਤਾਂ ਮੈਂ ਬਹੁਤ ਘਬਰਾਹਟ ਜਿਹੀ ਮਹਿਸੂਸ ਕਰ ਰਹੀ ਸੀ। ਮੈਂ ਆਪਣੇ ਸਕੂਲ ਦੇ ਦਿਨਾਂ ਤੋਂ ਬਾਅਦ ਉਸ ਦਿਨ ਤਕ ਕੁੱਝ ਵੀ ਨਹੀਂ ਲਿਖਿਆ ਸੀ। ਪਰ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਸ਼ਬਦ ਆਪ-ਮੁਹਾਰੇ ਹੀ ਆਉਣ ਲੱਗੇ। ਅਸਲ ਵਿਚ, ਲਿਖਣਾ ਮੇਰੇ ਲਈ ਆਪਣਾ ਗੁੱਭ-ਗੁਲ੍ਹਾਟ ਕੱਢਣ ਦਾ ਇਕ ਵਧੀਆ ਸਾਧਨ ਬਣ ਕੇ ਆਇਆ,” ਹਲਦਰ ਨੇ ਦੱਸਿਆ। ਉਸ ਨੇ ਦੱਸਿਆ ਕਿ ਉਹ ਸੱਤਵੀਂ ਜਮਾਤ ਤਕ ਪੜ੍ਹੀ ਹੋਈ ਹੈ।
“ਮੈਂ ਉਸ ਦੀ ਲਿਖਤ ਪੜ੍ਹੀ ਤੇ ਮਹਿਸੂਸ ਕੀਤਾ ਕਿ ਉਹ ਬਹੁਤ ਹੀ ਡੂੰਘਾਈ ਅਤੇ ਸ਼ਿੱਦਤ ਨਾਲ਼ ਲਿਖਦੀ ਹੈ। ਮੈਂ ਉਸ ਦੀ ਉਹ ਲਿਖਤ ਆਪਣੇ ਕਈ ਦੋਸਤਾਂ ਨੂੰ ਵੀ ਦਿਖਾਈ ਤੇ ਉਹ ਮੇਰੇ ਨਾਲ਼ ਸਹਿਮਤ ਸਨ,” ਪ੍ਰੋ. ਕੁਮਾਰ, ਜਿਨ੍ਹਾਂ ਨੇ ਹਲਦਰ ਦੀਆਂ ਕਿਤਾਬਾਂ, ਹਿੰਦੀ ਵਿਚ ਅਨੁਵਾਦੀਆਂ ਹਨ, ਨੇ ਇਹ ਗੱਲ ਦੱਸੀ।
ਬੇਬੀ ਹਲਦਰ ਵੱਲੋਂ ਲਿਖੀ ਹੋਈ ਉਸ ਦੀ ਪਹਿਲੀ ਕਿਤਾਬ ‘ਆਲੋ ਆਂਧਾਰੀ’ ਦਾ ਹਿੰਦੀ ਰੂਪ (ਰੌਸ਼ਨੀ ਔਰ ਅੰਧੇਰਾ) 2002 ਵਿਚ ਛਪਿਆ। 2006 ਵਿਚ ਇਸ ਕਿਤਾਬ ਦਾ ਅੰਗਰੇਜ਼ੀ ਅਨੁਵਾਦ ‘ਏ ਲਾਈਫ ਲੈੱਸ ਆਰਡੀਨਰੀ: ਏ ਮੈਮਾਇਰ’ (ਇਕ ਘੱਟ ਸਾਧਾਰਣ ਜ਼ਿੰਦਗ਼ੀ: ਯਾਦਾਂ ਦਾ ਸੰਗ੍ਰਹਿ’ ਸਿਰਲੇਖ ਅਧੀਨ ਛਪਿਆ। 2010 ਵਿਚ ਉਸ ਨੇ ਆਪਣੀ ਦੂਜੀ ਕਿਤਾਬ ਛਪਵਾਈ, ਜਿਸ ਦਾ ਸਿਰਲੇਖ ‘ਏਸ਼ਸਤ ਰੂਪਾਂਤਰ’ ਸੀ। ਇਹ ਕਿਤਾਬ, ਉਸ ਦੀ ਪਹਿਲੀ ਕਿਤਾਬ ਦੀ ਅਗਲੀ ਕੜੀ ਸੀ। ਇਸ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਵੀ ਸ਼ਾਇਦ ਹੁਣ ਬਜ਼ਾਰ ਵਿਚ ਆ ਗਿਆ ਹੋਣੈ। ਉਸ ਦੀ ਤੀਜੀ ਕਿਤਾਬ, ਜਿਸ ਵਿਚ ਉਸ ਨੇ ਆਪਣੇ ਬਚਪਨ ਤੋਂ ਅੱਲ੍ਹੜ ਉਮਰ ਤਕ ਆਉਣ ਦਾ ਵੇਰਵਾ ਦਰਜ ਕੀਤਾ ਹੈ, ਵੀ ਰਿਲੀਜ਼ ਹੋਣ ਹੀ ਵਾਲ਼ੀ ਹੈ।
ਉਹ ਕਹਿੰਦੀ ਹੈ ਕਿ ਉਹ, ਖਾਣਾ ਬਣਾਉਣ, ਝਾੜੂ-ਪੋਚਾ ਲਾਉਣ ਦੌਰਾਨ ਹੀ ਜਦੋਂ ਵੀ ਵਿਹਲ ਲੱਗਦਾ ਹੈ, ਲਿਖ ਲੈਂਦੀ ਹੈ। ਉਸ ਨੂੰ ਆਪਣੀ ਹਰ ਕਿਤਾਬ ਲਿਖਣ ਵਿਚ ਸਾਲ ਖੰਡ ਤਾਂ ਲੱਗ ਹੀ ਜਾਂਦਾ ਹੈ। ਉਹ ਕਹਿੰਦੀ ਹੈ, “ਲਿਖਣ-ਲਿਖਾਉਣ ਦੇ ਮਾਮਲੇ ਵਿਚ ਮੈਂ ਨੇਮਬੱਧ ਨਹੀਂ ਹਾਂ ਤੇ ਨਾ ਹੀ ਕਿਸੇ ਜ਼ਬਤ ਵਿਚ ਬੱਝਦੀ ਹਾਂ। ਮੈਂ ਕਦੇ ਵੀ, ਕਿਤੇ ਵੀ ਲਿਖ ਸਕਦੀ ਹਾਂ।” ਜਹਾਨ ਭਰ ਵਿਚ ਹੁੰਦੇ ਰਹਿੰਦੇ ਸਾਹਿੱਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹਲਦਰ ਬਹੁਤ ਵੱਡੇ-ਵੱਡੇ ਲੇਖਕਾਂ ਦੀ ਸੰਗਤ ਮਾਣ ਚੁੱਕੀ ਹੈ। ਉਹ, ਅਰੁੰਧਤੀ ਰਾਏ, ਤਸਲੀਮਾ ਨਸਰੀਨ ਅਤੇ ਝੁੰਪਾ ਲਾਹਿੜੀ ਦੀ ਪ੍ਰਸ਼ੰਸਕਾ ਹੈ। ਤਸਲੀਮਾ ਨਸਰੀਨ ਦੀ ਲਿਖੀ ਹੋਈ ਕਿਤਾਬ ‘ਅਮਰ ਮੇਯੇਬੇਲਾ’ (ਮੇਰਾ ਲੜਕਪਨ) ਉਸ ਦੀ ਮਨਭਾਉਦੀ ਕਿਤਾਬ ਹੈ। ਹਲਦਰ ਦਾ ਕਹਿਣ ਹੈ, “ਮੈਂ ਕਈ ਵਾਰੀ ਤਸਲੀਮਾ ਨਸਰੀਨ ਸਾਹਿਬਾ ਨੂੰ ਮਿਲ ਚੁੱਕੀ ਹਾਂ। ਉਨ੍ਹਾਂ ਨੇ ਹਮੇਸ਼ਾ ਮੈਨੂੰ ਉਤਸ਼ਾਹ ਦਿੱਤਾ ਹੈ।”
“ਲੇਖਕ ਤੁਹਾਡੇ ਨਾਲ ਕਿਹੜੇ ਵਿਸ਼ਿਆਂ ਉੱਤੇ ਗੱਲਬਾਤ ਕਰਦੇ ਹਨ?” ਦੇ ਜੁਆਬ ਵਿਚ ਬੇਬੀ ਹਲਦਰ ਨੇ ਕਿਹਾ, “ਉਹ ਬਹੁਤੀ ਵਾਰ ਮੇਰੇ ਨਾਲ਼ ਮੇਰੀ ਜ਼ਿੰਦਗ਼ੀ ਅਤੇ ਮੇਰੀਆਂ ਲਿਖਤਾਂ ਬਾਰੇ ਹੀ ਗੱਲਾਂ ਕਰਦੇ ਹਨ, ਪਰ ਇਕ ਸੁਆਲ ਅਕਸਰ ਹੀ ਮੈਥੋਂ ਪੁੱਛਿਆ ਜਾਂਦਾ ਹੈ ਕਿ ਮੈਂ ਨੌਕਰਾਣੀ ਹੀ ਕਿਉਂ ਬਣੀ ਰਹਿਣਾ ਚਾਹੁੰਦੀ ਹਾਂ।”
ਬੇਬੀ ਹਲਦਰ ਨੇ ਕੋਲਕਾਤਾ ਵਿਚ ਆਪਣੀ ਕਿਤਾਬੀ ਕਮਾਈ ਨਾਲ਼ ਇਕ ਘਰ ਬਣਾਇਆ ਹੋਇਆ ਹੈ। ਇਸੇ ਹੀ ਤਰ੍ਹਾਂ ਦੇ ਇਕ ਹੋਰ ਸੁਆਲ ਦੇ ਜੁਆਬ ਵਿਚ ਬੇਬੀ ਹਲਦਰ ਨੇ ਕਿਹਾ, “ਮੈਨੂੰ ਹੁਣ ਨੌਕਰਾਣੀ ਬਣੀ ਰਹਿਣ ਦੀ ਲੋੜ ਨਹੀਂ ਹੈ, ਪਰ ਜਦੋਂ ਮੈਂ ਸੋਚਦੀ ਹਾਂ ਕਿ ਮੇਰੇ ਬਾਪ ਸਮਾਨ ਮੇਰਾ ਮਾਲਕ, ਮੇਰੇ ਬਗ਼ੈਰ ਕਿੱਦਾਂ ਕੰਮ ਚਲਾਏਗਾ ਤਾਂ ਮੈਂ ਬਹੁਤ ਬੇਚੈਨ ਜਿਹੀ ਹੋ ਜਾਂਦੀ ਹਾਂ। ਫਿਰ ਮੈਂ ਸੋਚਦੀ ਹਾਂ ਕਿ ਕਦੇ ਤਾਂ ਮੈਂ ਗੁੜਗਾਉਂ ਛੱਡ ਕੇ ਕੋਲਕਾਤਾ ਜਾਣਾ ਹੀ ਹੈ। ਬੰਗਾਲੀ ਵਿਚ ਲਿਖਣ ਵਾਲ਼ਿਆਂ ਲਈ ਕੋਲਕਾਤਾ ਬਹੁਤ ਵਧੀਆ ਥਾਂ ਹੈ।”
ਉਸ ਦੇ ਪਰਿਵਾਰ ਬਾਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ, ਜਿਨ੍ਹਾਂ ਵਿਚੋਂ ‘ਤਪਸ’ 20 ਸਾਲਾਂ ਦਾ ਹੈ ਜਦੋਂ ਕਿ ‘ਪੀਆ’ 17 ਸਾਲਾਂ ਦੀ ਹੈ। ਪੀਆ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹੈ ਤੇ ਅਕਸਰ ਨਹੋਰਾ ਮਾਰਦੀ ਰਹਿੰਦੀ ਹੈ ਕਿ ਉਸ ਨੂੰ ਕਿਸੇ ਪ੍ਰਾਈਵੇਟ ਇੰਗਲਿਸ਼ ਮੀਡੀਅਮ ਸਕੂਲ ਵਿਚ ਕਿਉਂ ਨਹੀਂ ਪੜ੍ਹਾਇਆ ਗਿਆ। ਹਲਦਰ ਦਾ ਕਹਿਣ ਹੈ, “ਬੱਚੇ ਇਹ ਗੱਲ ਨਹੀਂ ਸਮਝਦੇ ਕਿ ਜਦੋਂ ਉਨ੍ਹਾਂ ਨੇ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਮੇਰੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਸੀ। ਹਾਲਾਤ ਅੱਜ ਵਰਗੇ ਹੁੰਦੇ ਤਾਂ ਮੈਂ ਲਾਜ਼ਮੀ ਉਨ੍ਹਾਂ ਨੂੰ ਕਿਸੇ ਪ੍ਰਾਈਵੇਟ ਸਕੂਲ ਵਿਚ ਪੜ੍ਹਨ ਲਾਉਂਦੀ।”
ਬੇਬੀ ਹਲਦਰ ਬਹੁਤ ਜ਼ਿਆਦਾ ਪੜ੍ਹਦੀ ਹੈ। ਇਨ੍ਹੀਂ ਦਿਨੀਂ ਉਹ, ਝੁੰਪਾ ਲਾਹਿੜੀ ਦੀਆਂ ਦੋ ਕਿਤਾਬਾਂ ‘ਦ ਲੋਅਲੈਂਡ’ (ਨੀਵੀਂ ਧਰਤ) ਅਤੇ ‘ਦ ਡਾਇਰੀ ਔਫ ਐਨ ਫਰੈਂਕ’ (ਐਨ ਫਰੈਂਕ ਦੀ ਡਾਇਰੀ) ਪੜ੍ਹਨ ਦਾ ਮਨ ਬਣਾਈ ਬੈਠੀ ਹੈ। ਉਹ ਕਹਿੰਦੀ ਹੈ, “ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਹ ਕਿਤਾਬ ਮੇਰੀ ਪਹਿਲੀ ਕਿਤਾਬ ਵਰਗੀ ਹੈ।”
ਪ੍ਰੋ. ਪ੍ਰਬੋਧ ਕੁਮਾਰ ਦੱਸਦੇ ਹਨ, “ਜਦੋਂ ਉਸ ਨੇ ਸਾਡੇ ਘਰ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੈਂ ਮਹਿਸੂਸ ਕੀਤਾ ਕਿ ਇਸ ਲੜਕੀ ਵਿਚ ਬਹੁਤ ਸਾਰੀਆਂ ਵਿਲੱਖਣਤਾਵਾਂ ਹਨ। ਮੈਂ ਕੋਈ ਨੌਕਰਾਣੀ, ਇਸ ਵਾਂਗ ਕਿਤਾਬਾਂ ਪੜ੍ਹਦੀ ਨਹੀਂ ਦੇਖੀ ਸੀ।” ਹਿੰਦੂ ਕਾਲਜ ਨਵੀਂ ਦਿੱਲੀ ਦੀ ਗਰਿਮਾ ਸਚਦੇਵ ਆਪਣੇ ਇਕ ਲੇਖ ਵਿਚ ਏਦਾਂ ਲਿਖਦੀ ਹੈ, “ਬਹੁਤ ਵਾਰੀ ਸਾਡਾ ਵਾਹ, ਸਾਧਾਰਨ ਲੋਕਾਂ ਦੀਆਂ ਅਸਾਧਾਰਨ ਗੱਲਾਂ ਨਾਲ਼ ਪੈਂਦਾ ਹੈ।ਇਨ੍ਹਾਂ ਵਿਚੋਂ ਕੁੱਝ ਗੱਲਾਂ ਸਾਨੂੰ ਪ੍ਰੇਰਦੀਆਂ ਹਨ, ਕੁੱਝ ਗੱਲਾਂ ਸਾਨੂੰ ਉਤਸ਼ਾਹ ਦਿੰਦੀਆਂ ਹਨ। ਉਨ੍ਹਾਂ ਦੀਆਂ ਕੁੱਝ ਗੱਲਾਂ ਸਾਡੇ ਮਨਾਂ ਵਿਚ ਉਨ੍ਹਾਂ ਲਈ ਹਮਦਰਦੀ ਜਗਾਉਂਦੀਆਂ ਹਨ ਤੇ ਕੁੱਝ ਗੱਲਾਂ ਤੋਂ ਸਾਡਾ ਮਨ ਪਸੀਜ ਜਾਂਦਾ ਹੈ। ਕੁੱਝ ਗੱਲਾਂ ਤੋਂ ਸਾਨੂੰ ਈਰਖਾ ਹੁੰਦੀ ਹੈ ਤੇ ਕੁੱਝ ਗੱਲਾਂ ਸਾਨੂੰ ਆਨੰਦ ਦਿੰਦੀਆਂ ਹਨ। ਬੇਬੀ ਹਲਦਰ ਨਾਲ਼ ਸਬੰਧ ਰੱਖਦੀਆਂ ਕੁੱਝ ਕਹਾਣੀਆਂ ਸਾਨੂੰ ਮਜਬੂਰ ਕਰ ਦਿੰਦੀਆਂ ਹਨ ਕਿ ਅਸੀਂ ਖੜ੍ਹੇ ਹੋ ਕੇ ਉਸ ਨੂੰ ਸਲਾਮ ਕਰੀਏ।”#
