ਸਿਰੇ’ਤੇ ਗੰਢ

ਹੁਣ ਤਾਂ ਬੀਬੀਆਂ ਵੀ ਸ਼ਰਾਬਣਾਂ ਹੋਣ ਲੱਗੀਆਂ… 
ਬਖ਼ਸ਼ਿੰਦਰ

ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਦੇ ਪ੍ਰਚਾਰ ਦੌਰਾਨ ਇਹ ਗੱਲ ਬਹੁਤ ਜ਼ੋਰ-ਸ਼ੋਰ ਨਾਲ਼ ਕਹੀ-ਸੁਣੀ ਜਾਂਦੀ ਰਹੀ ਹੈ ਕਿ ਪੰਜਾਬ ਦੇ ਮੁੰਡੇ ਨਸ਼ੱਈ ਹੋ ਗਏ ਹਨ, ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦਾ ਘੁਣ ਲੱਗ ਗਿਆ ਹੈ। ਇਸ ਸਾਰੇ ਰਾਮ-ਰੌਲ਼ੇ ਵਿਚੋਂ ਇਹ ਗੱਲ ਰਤਾ ਵੀ ਜ਼ਾਹਰ ਨਹੀਂ ਹੋਈ ਜਾਂ ਹੋਣ ਨਹੀਂ ਦਿੱਤੀ ਗਈ ਕਿ ਨਸ਼ਿਆਂ ਦਾ ਸ਼ਿਕਾਰ, ਪੰਜਾਬ ਦੇ ਗਭਰੂ ਹੀ ਨਹੀਂ, ਮੁਟਿਆਰਾਂ ਵੀ ਹੋ ਰਹੀਆਂ ਹਨ। ਇਹ ਫ਼ਿਕਰਾ ਪੜ੍ਹ ਕੇ, ਪੰਜਾਬੀ ਸਭਿਆਚਾਰ ਅਨੁਸਾਰ, ਧੀਆਂ-ਭੈਣਾਂ ਦੀ ਇੱਜ਼ਤ ਕਰਨ ਦੇ ਹਮਾਇਤੀ ਲੋਕਾਂ ਨੂੰ ਝਟਕਾ ਜ਼ਰੂਰ ਲੱਗੇਗਾ। ਇਹ ਝਟਕਾ ਤਾਂ ਗਭਰੂਆਂ ਦੇ ਨਸ਼ੱਈ ਹੋਣ ਦੀ ਖ਼ਬਰ ਸੁਣ ਕੇ ਵੀ ਲੱਗਣਾ ਚਾਹੀਦਾ ਸੀ, ਪਰ ਉਨ੍ਹਾਂ ਨੂੰ ਤਾਂ ‘ਮੁੰਡੇ-ਖੁੰਡੇ’ ਸਮਝ ਲਿਆ ਜਾਂਦਾ ਹੈ ਤੇ ਇਹ ਵੀ ਸਮਝਿਆ ਜਾਂਦਾ ਹੈ ਕਿ ਨਸ਼ੇ-ਪੱਤੇ ਕਰਨਾ, ਮੁੰਡਿਆਂ-ਖੁੰਡਿਆਂ ਜਾਂ ਮਰਦਾਂ ਦਾ ਹੀ ਕੰਮ ਹੈ। ਕੁੜੀਆਂ ਜਾਂ ਔਰਤਾਂ ਵੱਲੋਂ ਨਸ਼ੇ ਕਰਨ ਦੀ ਗੱਲ ਸੋਚਣੀ ਵੀ ਔਖੀ ਹੈ।
ਇਸ ਸਬੰਧ ਵਿਚ ਮਿਲੇ ਅੰਕੜੇ ਦਰਸਾਉਂਦੇ ਹਨ ਕਿ ਚੰਡੀਗੜ੍ਹ ਵਿਚ ਬੱਚੇ 14 ਸਾਲ ਦੀ ਉਮਰ ਤੋਂ ਸ਼ਰਾਬ ਪੀਣ ਲੱਗ ਪੈਂਦੇ ਹਨ। ਇੱਥੇ ਬੱਚਿਆਂ ਦਾ ਮਤਲਬ, ‘ਮੁੰਡੇ-ਖੁੰਡੇ’ ਬਿਲਕੁਲ ਨਹੀਂ ਹੈ, ਇਨ੍ਹਾਂ ਵਿਚ ਇਸ ਉਮਰ ਦੀਆਂ ਕੁੜੀਆਂ ਵੀ ਸ਼ਾਮਲ ਹਨ। ਇਸ ਸਬੰਧ ਵਿਚ ਕਰਾਏ ਗਏ ਇਕ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ 45 ਫੀ ਸਦੀ ਕੁੜੀਆਂ ਆਪਣੇ ਮਨ ਨੂੰ ਸ਼ਾਂਤ ਰੱਖਣ ਲਈ ਸ਼ਰਾਬ ਦਾ ਸਹਾਰਾ ਲੈਂਦੀਆਂ ਹਨ। ਹੋਰ ਤਾਂ ਹੋਰ, ਹੁਣ ਪੀ. ਜੀ. ਆਈ. ਚੰਡੀਗੜ੍ਹ ਵਿਚ, ਸ਼ਰਾਬ ਪੀ-ਪੀ ਕੇ ਆਪਣਾ ਜਿਗਰ ਖ਼ਰਾਬ ਕਰ ਚੁੱਕੀਆਂ ਔਰਤਾਂ ਵੀ ਇਲਾਜ ਖ਼ਾਤਰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਭਾਵੇਂ ਸ਼ਰਾਬੀ ਮੁੰਡਿਆਂ ਦੇ ਮੁਕਾਬਲੇ, ਸ਼ਰਾਬ ਪੀਣ ਵਾਲ਼ੀਆਂ ਕੁੜੀਆਂ ਦੀ ਗਿਣਤੀ ਘੱਟ ਹੈ, ਪਰ ਆਉਣ ਵਾਲ਼ੇ ਸਾਲਾਂ ਦੌਰਾਨ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।
ਇਸ ਸਿਲਸਿਲੇ ਵਿਚ ਸਭ ਤੋਂ ਸਭ ਤੋਂ ਵੱਧ ਖ਼ਤਰਨਾਕ ਗੱਲ ਇਹ ਹੈ ਕਿ ਸ਼ਰਾਬ ਪੀਣ ਨਾਲ਼ ਕੁੜੀਆਂ ਦੇ ਜਿਸਮਾਂ ਨੂੰ ਮੁੰਡਿਆਂ ਦੇ ਜਿਸਮਾਂ ਦੇ ਮੁਕਾਬਲੇ ਤਿੰਨ ਗੁਣਾ ਵੱਧ ਨੁਕਸਾਨ ਪਹੁੰਚਦਾ ਹੈ। ਸ਼ਰਾਬ ਪੀਣ ਨਾਲ਼ ਹੋਣ ਵਾਲ਼ੇ ਨੁਕਸਾਨ ਸਬੰਧੀ ਮਾਹਰ ਇਕ ਡਾਕਟਰ ਦਾ ਖ਼ਿਆਲ ਹੈ ਕਿ ਜੇ ਦਸ ਸਾਲ, ਹਰ ਰੋਜ਼ 60 ਤੋਂ 80 ਗ੍ਰਾਮ ਸ਼ਰਾਬ ਪੀਣ ਨਾਲ਼ ਕਿਸੇ ਮਰਦ ਦਾ ਜਿਗਰ ਖਰਾਬ ਹੁੰਦਾ ਹੈ ਤਾਂ ਕਿਸੇ ਬੀਬੀ ਦਾ ਜਿਗਰ ਖਰਾਬ ਕਰਨ ਲਈ, ਦਸ ਸਾਲ ਹਰ ਰੋਜ਼ 20 ਤੋਂ 40 ਗ੍ਰਾਮ ਸ਼ਰਾਬ ਹੀ ਬਹੁਤ ਹੈ।ਕਈ ਸਰਵੇਖਣਾਂ ਤੋਂ ਇਹ ਗੱਲ ਰੌਸ਼ਨੀ ਵਿਚ ਆਈ ਹੈ ਕਿ 12ਵੀਂ ਜਮਾਤ ਵਿਚ ਪੜ੍ਹਦੇ ਮੈਡੀਕਲ ਵਿਦਿਆਰਥੀ ਵੀ ਤਣਾਅ ਤੋਂ ਬਚਣ ਲਈ ਸ਼ਰਾਬ ਪੀਂਦੇ ਹਨ।
ਭਾਰਤ ਭਰ ਵਿਚ ਮੈਡੀਕਲ ਵਿਦਿਆਰਥੀਆਂ ਦੇ ਸਬੰਧ ਵਿਚ ਕੀਤੇ ਗਏ ਸਰਵੇਖਣ ਦੱਸਦੇ ਹਨ ਕਿ ਇਹ ਵਿਦਿਆਰਥੀ, ਤਣਾਅ ਤੋਂ ਦੂਰ ਰਹਿਣ ਲਈ ਸ਼ਰਾਬ ਨੂੰ ਬਹੁਤ ਵਧੀਆ ਸਾਧਨ ਸਮਝਦੇ ਹਨ। ਤਕਰੀਬਨ 32 ਫੀ ਸਦੀ ਪੇਂਡੂ ਲੋਕ, ਘਰ ਦੀ ਕੱਢੀ ਹੋਈ ਯਾਨੀ ਦੇਸੀ ਸ਼ਰਾਬ ਪੀਂਦੇ ਹਨ। ਪੰਜਾਬ ਵਿਚ ਸ਼ਰਾਬ ਪੀਣ ਵਾਲ਼ੇ ਲੋਕਾਂ ਵਿਚੋਂ, 22.62 ਫੀ ਸਦੀ ਲੋਕ ਹਰ ਰੋਜ਼; 18.85 ਫੀ ਸਦੀ ਲੋਕ ਹਫ਼ਤੇ ਵਿਚ ਇਕ ਵਾਰ; 20.62 ਫੀ ਸਦੀ ਲੋਕ ਮਹੀਨੇ ਵਿਚ ਇਕ ਵਾਰੀ ਸ਼ਰਾਬ ਪੀਂਦੇ ਹਨ।
ਆਮ ਤੌਰ ’ਤੇ ਇਹ ਸਮਝਿਆ ਜਾਂਦਾ ਹੈ ਕਿ ਸ਼ਰਾਬ ਪੀਣ ਦੇ ਮਾਮਲੇ ਵਿਚ ਪੰਜਾਬ ਸਭ ਤੋਂ ਅੱਗੇ ਹੈ, ਪਰ ਇਹ ਭੁਲੇਖਾ ਹੀ ਹੈ, ਜੋ ਕੇਰਲਾ ਨੇ ਇਸ ਮਾਮਲੇ ਵਿਚ ਸਾਰੇ ਦੇਸ਼ ਵਿਚੋਂ ਪਹਿਲੇ ਨੰਬਰ ’ਤੇ ਆ ਕੇ ਅਤੇ ਮਹਾਰਾਸ਼ਟਰ ਨੇ ਇਸ ਮਾਮਲੇ ਵਿਚ ਦੂਜੇ ਸਥਾਨ ’ਤੇ ਆ ਕੇ ਦੂਰ ਕਰ ਦਿੱਤਾ ਹੈ। ਇਸ ਤਰ੍ਹਾਂ, ਪੰਜਾਬ ਤਾਂ ਸ਼ਰਾਬ ਪੀਣ ਵਿਚ ਮਸਾਂ ਤੀਜੇ ਸਥਾਨ ’ਤੇ ਆਉਂਦਾ ਹੈ।
ਲੱਗਦੇ ਹੱਥ, ਸ਼ਰਾਬ ਬਾਰੇ ਕੁੱਝ ਦਿਲਚਸਪ ਗੱਲਾਂ ਵੀ ਹੋ ਜਾਣ ਤਾਂ ਕੀ ਵਿਗਾੜ ਹੈ! 
“ਬੀਅਰ ਆਫਟਰ ਵਿਸਕੀ? ਵੈਰੀ ਰਿਸਕੀ। ਵਿਸਕੀ ਆਫਟਰ ਬੀਅਰ… ਨੋ ਫੀਅਰ!” ਯਾਨੀ “ਵਿਸਕੀ ਮਗਰੋਂ ਬੀਅਰ? ਦਊਗੀ ਚੀਰ। ਬੀਅਰ ਮਗਰੋਂ ਵਿਸਕੀ…ਚੱਕ ਦਊ ਖ਼ੁਸ਼ਕੀ” ਤੁਸੀਂ ਅਕਸਰ ਹੀ ਸ਼ਰਾਬੀਆਂ ਨੂੰ ਆਪਣਾ ਆਖ਼ਰੀ ਆਰਡਰ ਦੇਣ ਤੋਂ ਪਹਿਲਾਂ ਇਹੋ ਜਿਹੀਆਂ ਗੱਲਾਂ ਕਰਦੇ ਸੁਣਿਆ ਹੋਵੇਗਾ। ਇਹ ਗੱਲਾਂ ਕਿੰਨੀਆਂ ਕੁ ਸੱਚੀਆਂ ਤੇ ਕਿੰਨੀਆਂ ਕੁ ਝੂਠੀਆਂ ਹਨ, ਇਸ ਬਾਰੇ ਦਾਅਵੇ ਨਾਲ਼ ਕੁੱਝ ਕਹਿਣਾ ਤਾਂ ਸੰਭਵ ਨਹੀਂ, ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਸ਼ਰਾਬ ਦੇ ਸਬੰਧ ਵਿਚ ਅਸੀਂ ਆਪਣੇ ਮਨਾਂ ਵਿਚ ਬਹੁਤ ਸਾਰੇ ਅਧੂਰੇ ਸੱਚ ਜਾਂ ਅਧੂਰੇ ਝੂਠ ਪਾਲ਼ੇ ਹੋਏ ਹਨ।
ਕਿਸੇ ਮਹਿਫ਼ਿਲ ਵਿਚ ਕੋਈ ਕਹਿ ਰਿਹਾ ਸੀ, “ਔਹ ਬੀਬੀ ‘ਪੀਣੀ-ਪੀਣੀ’ ਤਾਂ ਬਹੁਤ ਕਰਦੀ ਰਹਿੰਦੀ ਹੈ, ਪਰ ਦੂਜੀ ਬੀਅਰ ਪੀਣ ਸਾਰ ਉਹ ਢੇਰੀ ਹੋ ਜਾਂਦੀ ਹੈ।” ਇਹ ਸੱਚਾਈ ਹੈ ਕਿ ਔਰਤਾਂ, ਮਰਦਾਂ ਦੇ ਮੁਕਾਬਲੇ ਛੇਤੀ ਸ਼ਰਾਬਣਾਂ ਹੋ ਜਾਂਦੀਆਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਔਰਤ ਦਾ ਜਿਸਮ, ਮਰਦਾਵੇਂ ਜਿਸਮ ਦੇ ਮੁਕਾਬਲੇ ਸ਼ਰਾਬ ਵੱਖਰੇ ਢੰਗ ਨਾਲ਼ ਹਜ਼ਮ ਕਰਦਾ ਹੈ। ਔਰਤ ਦੇ ਜਿਸਮ ਅੰਦਰ, ਮਰਦਾਵੇਂ ਜਿਸਮ ਦੇ ਮੁਕਾਬਲੇ ਪਾਣੀ ਦੀ ਮਿਕਦਾਰ ਘੱਟ ਹੁੰਦੀ ਹੈ, ਜਿਸ ਕਰ ਕੇ ਜ਼ਨਾਨਾ ਜਿਸਮ, ਸ਼ਰਾਬ ਦੇ ਨਸ਼ੇ ਦੇ ਅਸਰ ਨੂੰ ਘਟਾਉਣ ਦੇ ਸਮਰੱਥ ਨਹੀਂ ਹੁੰਦਾ। ਇਸ ਤੋਂ ਇਲਾਵਾ ਜ਼ਨਾਨਾ ਜਿਸਮ, ਮਰਦਾਵੇਂ ਜਿਸਮ ਦੇ ਮੁਕਾਬਲੇ ਸ਼ਰਾਬ ਦਾ ਅਸਰ ਹੌਲ਼ੀ-ਹੌਲ਼ੀ ਖ਼ਤਮ ਕਰਦਾ ਹੈ ਕਿਉਂ ਕਿ ਜ਼ਨਾਨਾ ਪੇਟ ਵਿਚ ਸ਼ਰਾਬ ਪਚਾਉਣ ਵਾਲ਼ਾ ਰਸ, ਮਰਦਾਂ ਦੇ ਢਿੱਡਾਂ ਵਿਚ ਮੌਜੂਦ ਰਸ ਦੇ ਮੁਕਾਬਲੇ 25 ਫੀ ਸਦੀ ਮੱਠੀ ਰਫ਼ਤਾਰ ਨਾਲ਼ ਕੰਮ ਕਰਦਾ ਹੈ।
ਕਈ ਵਾਰੀ ਸ਼ਰਾਬ ਦੇ ਨਸ਼ੇ ਦੇ ਭੰਨੇ ਹੋਏ ਬੰਦੇ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਾਂ ਤਾਂ ਉਹ ਠੰਢੇ ਪਾਣੀ ਨਾਲ਼ ਨਹਾ ਲਵੇ ਜਾਂ ਤੱਤੀ-ਤੱਤੀ ਕੌਫੀ ਪੀ ਲਵੇ। ਹਕੀਕਤ ਇਹ ਹੈ ਕਿ ਇਹ ਸਲਾਹ ਦੇਣ ਦਾ ਜਾਂ ਇਸ ਉੱਤੇ ਅਮਲ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂ ਕਿ ਪਿੰਡੇ ਉੱਤੇ ਠੰਢਾ ਪਾਣੀ ਪੈਣ ਨਾਲ਼ ਜਾਂ ਮਿਹਦੇ ਅੰਧਰ ਤੱਤੀ ਕੌਫੀ ਜਾਣ ਨਾਲ਼, ਉਸ ਬੰਦੇ ਦੇ ਲਹੂ ਵਿਚ ਰਲ਼ੀ ਹੋਈ ਸ਼ਰਾਬ ਦਾ ਜਮਾਅ ਨਹੀਂ ਘਟਦਾ। ਠੰਢੇ ਪਾਣੀ ਨਾਲ਼ ਨਹਾਉਣ ਮਗਰੋਂ ਉਸ ਨੂੰ ਸੁਰਤ ਜਿਹੀ ਤਾਂ ਆ ਜਾਂਦੀ ਹੈ ਤੇ ਲੱਗਦਾ ਹੈ ਕਿ ਉਹ ਫੁਰਤੀਲਾ ਹੋ ਗਿਆ ਹੈ। ਠੰਢੇ ਪਾਣੀ ਨਾਲ਼ ਨਹਾਉਣ ਨਾਲ਼ ਉਹੋ ਜਿਹਾ ਅਸਰ ਹੀ ਹੁੰਦਾ ਹੈ, ਜਿਹੋ ਜਿਹਾ ਤਾਜ਼ਾ ਹਵਾ ਲੈਣ ਨਾਲ਼ ਹੁੰਦਾ ਹੈ। ਸ਼ਰਾਬ ਦੀ ਭਾਨ ਲਾਹੁਣ ਲਈ ਤੱਤੀ-ਤੱਤੀ ਕੌਫੀ ਪੀਣਾ ਵੀ ਵਧੀਆ ਇਲਾਜ ਨਹੀਂ ਹੈ ਕਿਉਂ ਕਿ ਕੌਫੀ ਤੋਂ ਮਿਲਦੀ ਕੈਫੀਨ, ਸ਼ਰਾਬ ਦੀ ਭਾਨ ਘਟਾਉਂਦੀ ਨਹੀਂ, ਸਗੋਂ ਵਧਾ ਦਿੰਦੀ ਹੈ।
ਕਈ ਬੰਦੇ ਸ਼ਰਾਬ ਪੀਂਦਿਆਂ ਅਚਾਨਕ ਹੀ ਇਹ ਕਹਿਣ ਲੱਗ ਪੈਂਦੇ ਹਨ, “ਮੈਂ ਆਹੀ ਪੈੱਗ ਪੀਣਾ ਹੈ ਕਿਉਂ ਕਿ ਸ਼ਰਾਬ ਪੀਣ ਨਾਲ਼ ਦਿਮਾਗ਼ ਦੇ ਸੈੱਲ ਮਾਰੇ ਜਾਂਦੇ ਹਨ।”
ਇਸ ਸਬੰਧ ਵਿਚ ਮਾਹਰਾਂ ਦਾ ਕਹਿਣ ਹੈ ਕਿ ਪਹਿਲਾਂ ਵੀ ਸ਼ਰਾਬ ਪੀਤੀ ਹੋਣ ਮਗਰੋਂ ਸ਼ਰਾਬ ਦਾ ਇਕ ਹੋਰ ਪੈੱਗ ਪੀਣ ਨਾਲ਼ ਦਿਮਾਗ਼ ਦੇ ਹੋਰ ਸੈੱਲ ਨਹੀਂ ਮਰਦੇ। ਮਾਹਰ ਇਹ ਵੀ ਕਹਿੰਦੇ ਹਨ ਕਿ ਕਿਸੇ ਵੀ ਕਿਸਮ ਦੀ ਸ਼ਰਾਬ ਕਈ-ਕਈ ਸਾਲ ਪੀਣ ਨਾਲ਼, ਦਿਮਾਗ਼ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕਈ ਸਾਲ ਲਗਾਤਾਰ ਸ਼ਰਾਬ ਪੀਂਦੇ ਰਹਿਣ ਨਾਲ਼, ਦਿਮਾਗ਼ ਦੀ ਸਿੱਖਣ ਸ਼ਕਤੀ ਉੱਤੇ ਮਾੜਾ ਅਸਰ ਪੈਂਦਾ ਹੈ ਅਤੇ ਉਸ ਵਿਚ ਜਿਸਮਾਨੀ ਤਾਲ-ਮੇਲ ਰੱਖਣ ਦੀ ਤਾਕਤ ਘਟ ਜਾਂਦੀ ਹੈ। ਡਾਕਟਰੀ ਮਾਹਰਾਂ ਦਾ ਕਹਿਣ ਹੈ ਕਿ ਇਸ ਗੱਲ ਦਾ ਕੋਈ ਸਿੱਧਾ ਸਬੂਤ ਨਹੀਂ ਮਿਲਦਾ ਕਿ ਸ਼ਰਾਬ ਪੀਣ ਨਾਲ਼ ਦਿਮਾਗ ਦੇ ਸੈੱਲ ਮਰ ਜਾਂਦੇ ਹਨ।
ਕਈ ਸਰਵੇਖਣਾਂ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਾਜਬ ਮਿਕਦਾਰ ਵਿਚ ਸ਼ਰਾਬ ਪੀਣ ਨਾਲ਼ ਦਿਮਾਗ਼ ਸਹੀ ਚੱਲਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਕਿਸੇ ਹੱਦ ਤਕ ਯਾਦਾਸ਼ਤ ਵੀ ਤੇਜ਼ ਰਹਿੰਦੀ ਹੈ। ਥੋੜ੍ਹੀ-ਥੋੜੀ ਸ਼ਰਾਬ ਪੀਣ ਨਾਲ਼ ਦਿਮਾਗ਼ ਦੀ ਪਛਾਣ-ਸ਼ਕਤੀ ਬਹੁਤ ਵਧੀਆ ਕੰਮ ਕਰਦੀ ਰਹਿੰਦੀ ਹੈ। ਇਸ ਦੇ ਨਾਲ਼ ਹੀ ਇਹ ਵੀ ਸੁਣਨ ’ਚ ਆਇਆ ਹੈ ਕਿ ਦਿਮਾਗ਼ ਉੱਤੇ ਸ਼ਰਾਬ ਦਾ ਚੰਗਾ ਅਸਰ ਦੇਖਣ ਸਬੰਧੀ ਟੈਸਟ ਕਦੇ ਨਹੀਂ ਕੀਤੇ ਗਏ।
“ਬੀਅਰ ਪੀ ਕੇ ਬਹੁਤਾ ਨਸ਼ਾ ਨਹੀਂ ਹੁੰਦਾ, ਇਸ ਲਈ ਇਕ ਬੀਅਰ ਹੋਰ ਮੰਗਾਉਂਦੇ ਹਾਂ!” ਕਈ ਵਾਰੀ ਤੁਸੀਂ, ਪੀਣ ਵਾਲ਼ਿਆਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ। ਇਸ ਸਬੰਧ ਮਾਹਰਾਂ ਦਾ ਖ਼ਿਆਲ ਇਹ ਹੈ ਕਿ ਜਿੰਨੀ ਜ਼ਿਆਦਾ ਬੀਅਰ ਪੀਤੀ ਜਾਵੇਗੀ, ਉੱਨੀ ਹੀ ਸ਼ਰਾਬ ਦੀ ਮਾਤਰਾ ਵਧੇਰੇ ਜਿਸਮ ਅੰਦਰ ਜਾਂਦੀ ਹੈ। ਜਿਸਮ ਅੰਦਰ ਦਾਖਲ ਹੋਈ ਸ਼ਰਾਬ, ਆਪਣੀ ਮਾਤਰਾ ਦੇ ਹਿਸਾਬ ਨਾਲ਼ ਨਸ਼ਾ ਦਿੰਦੀ ਹੈ। ਜਿੰਨੀ ਜ਼ਿਆਦਾ ਮਾਤਰਾ ਵਿਚ ਸ਼ਰਾਬ, ਸਾਡੇ ਜਿਸਮ ਅੰਦਰ ਜਾਵੇਗੀ, ਉੱਨਾ ਹੀ ਜ਼ਿਆਦਾ ਨਸ਼ਾ ਉਹ ਦੇਵੇਗੀ। ਭਾਵੇਂ ਬੀਅਰ ਵਿਚ, ਵਿਸਕੀ ਜਾਂ ਵੋਦਕਾ ਦੇ ਮੁਕਾਬਲੇ ਸ਼ਰਾਬ ਦੀ ਮਿਕਦਾਰ ਘੱਟ ਹੁੰਦੀ ਹੈ, ਪਰ ਅਸੀਂ ਬੀਅਰ ਉੱਨੀ ਹੀ ਵਧੇਰੇ ਮਿਕਦਾਰ ਵਿਚ ਪੀ ਜਾਂਦੇ ਹਾਂ, ਜਿਸ ਕਰ ਕੇ ਅਸੀਂ ਬੀਅਰ ਪੀ ਕੇ ਵੀ ਸ਼ਰਾਬੀ ਹੋ ਜਾਂਦੇ ਹਾਂ। ਮਿਸਾਲ ਦੇ ਤੌਰ ’ਤੇ 330 ਮਿਲੀ ਲਿਟਰ ਬੀਅਰ ਦਾ ਅਤੇ 110 ਮਿਲੀ ਲਿਟਰ ਰਲੀ ਮਿਲੀ ਸ਼ਰਾਬ ਦਾ ਨਸ਼ਾ ਇਕੋ ਜਿਹਾ ਹੋਵੇਗਾ।
ਕਈ ਲੋਕ ਨਸ਼ਾ ਛੇਤੀ ਲੈਣ ਦੀ ਖ਼ਾਤਰ ਬੀਅਰ ਮਗਰੋਂ ਵੋਦਕਾ ਅਤੇ ਵੋਦਕਾ ਮਗਰੋਂ ਵਿਸਕੀ ਪੀਂਦੇ ਹਨ। ਹਕੀਕਤ ਇਹ ਹੈ ਕਿ ਇਸ ਤਰ੍ਹਾਂ ਸ਼ਰਾਬੀ ਹੋਣ ਵਾਲ਼ੇ ਵਿਅਕਤੀ, ਸ਼ਰਾਬੀਪੁਣੇ ਦੀ ਬਿਮਾਰੀ ਦੇ ਮਰੀਜ਼ ਹੁੰਦੇ ਹਨ।ਸ਼ਰਾਬ ਪੀਣ ਵਾਲ਼ੇ ਕਿਸੇ ਵਿਅਕਤੀ ਦੇ ਲਹੂ ਵਿਚ ਸ਼ਰਾਬ ਦੀ ਮੌਜੂਦਗੀ ਦੀ ਮਿਕਦਾਰ ਹੀ ਉਸ ਦੇ ਸੋਫੀ ਜਾਂ ਸ਼ਰਾਬੀ ਹੋਣ ਦਾ ਫੈਸਲਾ ਕਰਦੀ ਹੈ। ਸ਼ਰਾਬਾਂ ਰਲ਼ਾ ਕੇ ਪੀਣਾ ਜਾਂ ਵੰਨ-ਸੁਵੰਨੀਆਂ ਸ਼ਰਾਬਾਂ ਪੀਣ ਵਾਲ਼ੇ ਵਿਅਕਤੀਆਂ ਦਾ ਜਿਗਰ ਖਰਾਬ ਹੋ ਸਕਦਾ ਹੈ ਤੇ ਉਹ ਬਿਮਾਰ ਹੋ ਸਕਦੇ ਹਨ। ਇਸ ਲਈ, ਇਹ ਜ਼ਰੂਰੀ ਨਹੀਂ ਹੈ ਕਿ ਸ਼ਰਾਬਾਂ ਰਲ਼ਾ ਕੇ ਪੀਣ ਨਾਲ਼ ਜਾਂ ਵੰਨ-ਸੁਵੰਨੀਆਂ ਸ਼ਰਾਬਾਂ ਪੀਣ ਨਾਲ਼ ਨਸ਼ਾ ਵਧੇਰੇ ਹੋਵੇ।
ਕਈ ਬੰਦੇ ਸ਼ਰਾਬ ਪੀਣ ਨਾਲ਼ ਅਗਲੇ ਦਿਨ ਹੋਣ ਵਾਲ਼ੀ ਭਾਨ ਦਾ ਅਗੇਤਾ ਪ੍ਰਬੰਧ ਕਰਨ ਖ਼ਾਤਰ, ਸ਼ਰਾਬ ਨਾਲ਼ ਕੁੱਝ ਦਵਾਈਆਂ ਖਾਂਦੇ ਹਨ। ਇਸ ਸਬੰਧ ਵਿਚ ਮਾਹਰਾਂ ਦਾ ਕਹਿਣ ਹੈ ਕਿ ਹੋ ਸਕਦਾ ਹੈ ਕਿ ਇਸ ਤਰ੍ਹਾਂ ਕਰਨਾ ਕਿਸੇ ਨੂੰ ਮੁਆਫ਼ਿਕ ਹੋਵੇ, ਪਰ ਇਸ ਤਰ੍ਹਾਂ ਕਰਨ ਨਾਲ਼ ਨੁਕਸਾਨ ਵੀ ਹੋ ਸਕਦਾ ਹੈ। ਸ਼ਰਾਬ ਨਾਲ਼ ਜਾਂ ਅਗਲੇ ਦਿਨ ‘ਐੱਸਪ੍ਰੀਨ’ ਜਾਂ ‘ਡਿਸਪ੍ਰੀਨ’ ਦੀਆਂ ਗੋਲ਼ੀਆਂ ਖਾਣ ਨਾਲ਼ ਜਿਗਰ ਵਿਚ ਜ਼ਖ਼ਮ ਹੋ ਸਕਦੇ ਹਨ ਤੇ ਜਿਗਰ ਵਿਚੋਂ ਲਹੂ ਨਿੱਕਲ ਸਕਦਾ ਹੈ ਕਿਉਂ ਕਿ ਜਿਗਰ ਪਹਿਲਾਂ ਹੀ ਸ਼ਰਾਬ ਪੀਣ ਨਾਲ਼ ਨੁਕਸਾਨਿਆ ਹੋਇਆ ਹੁੰਦਾ ਹੈ। ਬਹੁਤ ਸਾਰੇ ਕੇਸਾਂ ਵਿਚ ਸ਼ਰਾਬ ਨਾਲ਼ ਜਾਂ ਸ਼ਰਾਬ ਪੀਣ ਮਗਰੋਂ ਦਵਾਈਆਂ ਖਾਣਾ ਬਹੁਤ ਹੀ ਘਾਤਕ ਵੀ ਸਿੱਧ ਹੋ ਸਕਦਾ ਹੈ। ਇਸ ਲਈ, ਜੇ ਪਾਰਟੀ ਦੌਰਾਨ ਤੁਹਾਡਾ ਕੋਈ ਦੋਸਤ ਤੁਹਾਨੂੰ ਸ਼ਰਾਬ ਨਾਲ਼ ਖਾਣ ਲਈ ਕੋਈ ਗੋਲ਼ੀ ਜਾਂ ਦਵਾਈ ਦੇਵੇ ਤਾਂ ਉਹ ਦਵਾਈ ਲੈਣ ਤੋਂ ਇਨਕਾਰ ਕਰ ਦਿਓ।
ਸ਼ਰਾਬ ਪੀਣ ਵਾਲ਼ੇ ਕਈ ਵਿਅਕਤੀ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਜਿਸ ਦਿਨ, ਰਾਤ ਨੂੰ ਸ਼ਰਾਬ ਪੀਣੀ ਹੋਵੇ, ਉਸ ਤੋਂ ਪਹਿਲਾਂ ਢਿੱਡ ਭਰਵਾਂ ਖਾਣਾ ਖਾਓ। ਇਹ ਸਹੀ ਹੈ ਕਿ ਜੇ ਸ਼ਰਾਬ ਪੀਣ ਤੋਂ ਪਹਿਲਾਂ ਤੁਹਾਡਾ ਢਿੱਡ ਭਰਿਆ ਹੋਇਆ ਹੋਵੇਗਾ ਤਾਂ ਤੁਹਾਡੇ ਛੇਤੀਂ ਸ਼ਰਾਬੀ ਹੋਣ ਦੀ ਗੁੰਜਾਇਸ਼ ਬਹੁਤ ਘੱਟ ਹੋਵੇਗੀ। ਇਸ ਤਰ੍ਹਾਂ ਕਰਨ ’ਤੇ ਸ਼ਰਾਬ ਤੁਹਾਡੇ ਲਹੂ ਵਿਚ ਰਲ਼ਣ ਵਿਚ ਦੇਰ ਲੱਗੇਗੀ ਤੇ ਤੁਹਾਨੂੰ ਨਸ਼ਾ ਵੀ ਦੇਰ ਨਾਲ਼ ਚੜ੍ਹੇਗਾ। ਇੱਥੇ ਇਹ ਗੱਲ਼, ਖ਼ਾਸ ਤੌਰ ’ਤੇ ਯਾਦ ਰੱਖਣੀ ਪਵੇਗੀ ਕਿ ਪਹਿਲਾਂ ਰੱਜ ਕੇ ਫੇਰ ਪੀਣ ਨਾਲ਼ ਤੁਸੀਂ ਸ਼ਰਾਬ ਨਾਲ਼ ਹੋਣ ਵਾਲ਼ੇ ਨੁਕਸਾਨ ਨੂੰ ਮੁਲਤਵੀ ਹੀ ਕਰ ਸਕਦੇ ਹੋ, ਰੋਕ ਨਹੀਂ ਸਕਦੇ।
ਜਦੋਂ ਸ਼ਰਾਬ ਪੀ ਕੇ ਤੁਹਾਨੂੰ ਇਹ ਲੱਗੇ ਕਿ ਤੁਸੀਂ “ਹਾਲੇ ਠੀਕ-ਠਾਕ ਹੀ ਹੋ” ਤਾਂ ਹੋ ਸਕਦਾ ਹੈ ਕਿ ਇਸ ਤਰ੍ਹਾਂ ਤੁਹਾਨੂੰ ਲੱਗਦਾ ਹੋਵੇ ਜਦੋਂ ਕਿ ਅਸਲੀਅਤ ਇਸ ਤੋਂ ਕਿਤੇ ਦੂਰ ਹੋ ਸਕਦੀ ਹੈ। ਹੋ ਸਕਦਾ ਹੈ ਕਿ ਤੁਸੀਂ ਸ਼ਰਾਬ ਪੀਣ ਮਗਰੋਂ ਵੀ ਆਪਣੇ ਦੋਸਤ ਵੱਲੋਂ ਖੜ੍ਹੀਆਂ ਕੀਤੀਆਂ ਹੋਈਆਂ ਉਂਗਲਾਂ ਦੀ ਗਿਣਤੀ ਸਹੀ ਕਰ ਦਿੰਦੇ ਹੋਵੋ, ਪਰ ਇਸ ਦਾ ਇਹ ਬਿਲਕੁਲ ਨਹੀਂ ਹੈ ਕਿ ਤੁਹਾਡਾ ਜਿਗਰ, ਸ਼ਰਾਬ ਦੇ ਮਾੜੇ ਅਸਰ ਤੋਂ ਬਚਿਆ ਹੋਇਆ ਹੈ ਜਾਂ ਸ਼ਰਾਬ ਤੁਹਾਡੇ ਜਿਗਰ ਦਾ ਕੁੱਝ ਨਾ ਵਿਗਾੜ ਸਕਦੀ ਹੋਵੇ। ਜੇ ਸ਼ਰਾਬ ਪੀਣ ਮਗਰੋਂ ਤੁਸੀਂ “ਠੀਕ-ਠਾਕ” ਮਹਿਸੂਸ ਕਰਦੇ ਹੋ ਤਾਂ ਸਮਝ ਲਓ ਕਿ ਸ਼ਰਾਬ ਤੁਹਾਡੇ ਜਿਸਮ ਅੰਦਰ ਖਿੰਡ ਜਿਹੀ ਗਈ ਹੈ, ਪਰ ਜੇ ਉਸ ਵਿਚੋਂ ਕੁੱਝ ਹੀ ਮਿਕਦਾਰ ਵਿਚ ਸ਼ਰਾਬ ਤੁਹਾਡੇ ਦਿਮਾਗ਼ ਅੰਦਰ ਚਲੀ ਜਾਵੇ ਤਾਂ ਉਹ ਤੁਹਾਨੂੰ ਕਿਸੇ ਵੀ ਪਲ ਲੰਮਾ ਪਾ ਸਕਦੀ ਹੈ।
“ਸ਼ਰਾਬ ਵਿਚ ਪਾਣੀ ਬਹੁਤਾ ਪਾ ਕੇ ਪੀਓ,” ਇਕ ਹੋਰ ਸ਼ਰਾਬੀ ਵੱਲੋਂ ਦਿੱਤੀ ਹੋਈ ਮੱਤ ਹੈ। ਇਸ ਸਬੰਧ ਵਿਚ ਮਾਹਰਾਂ ਦਾ ਖ਼ਿਆਲ ਹੈ ਕਿ ਪਾਣੀ ਬਹੁਤਾ ਪਾਉਣ ਨਾਲ਼ ਤੁਹਾਡਾ ਲਹੂ ਹੀ ਪਤਲਾ ਰਹਿੰਦਾ ਹੈ, ਪਰ ਬਹੁਤੇ ਪਾਣੀ ਨਾਲ਼, ਸ਼ਰਾਬ ਨਾਲ਼ ਹੁੰਦੇ ਨੁਕਸਾਨ ਪਤਲੇ ਨਹੀਂ ਹੁੰਦੇ।
“ਮੈਂ ਤਾਂ ਟੈਂਕੀ ਹਾਂ,” ਕਈ ਪੀਣ ਵਾਲ਼ੇ ਇਹ ਕਹਿੰਦੇ ਵੀ ਸੁਣੇ ਜਾ ਸਕਦੇ ਹਨ। ਕਈ ਲੋਕ ਕਹਿੰਦੇ ਕਿ ਸ਼ਰਾਬ ਉਨ੍ਹਾਂ ਨੂੰ ਪਚ ਜਾਂਦੀ ਹੈ ਜਾਂ ਉਹ ਬਹੁਤ ਸਾਰੀ ਸ਼ਰਾਬ ਪਚਾ ਸਕਦੇ ਹਨ। ਮਾਹਰਾਂ ਦਾ ਕਹਿਣ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ। ਹੋ ਸਕਦਾ ਹੈ ਕਿ ਤੁਹਾਡਾ ਦਿਮਾਗ਼ ਵਧੇਰੇ ਸ਼ਰਾਬ ਝੱਲ ਸਕਦਾ ਹੋਵੇ, ਪਰ ਜਿਗਰ ਇਸ ਤੋਂ ਬਚਿਆ ਹੋਇਆ ਹੋਵੇ, ਇਹ ਜ਼ਰੂਰੀ ਨਹੀਂ ਹੈ।
ਸ਼ਰਾਬ ਬਾਰੇ ਇਕ ਆਖ਼ਰੀ ਗੱਲ-“ਇਹ ਸਭ ਨਾਲ਼ ਇਕੋ ਜਿਹਾ ਸਲੂਕ ਕਰਦੀ ਹੈ। ਇਸ ਦੀ ਨਜ਼ਰ ਵਿਚ ਕੋਈ ਅਮੀਰ-ਗ਼ਰੀਬ ਨਹੀਂ, ਕੋਈ ਉੱਚਾ-ਨੀਵਾਂ ਨਹੀਂ ਹੁੰਦਾ।” #
Phone: 001-778-378-9669
e-mail: bababaxgmail.com