ਸਿਰੇ’ਤੇ ਗੰਢ

ਕਿੱਸਾ ਨੇ ਫ਼ਿਲਮ ਮੇਲੇ ਦੀ ਪੈਂਠ ਬਣਾਈ 
ਤੇ ਚੰਬੇਲੀ ਨੇ ਸਿਖ਼ਰ ਚੜ੍ਹਾਈ
ਬਖ਼ਸ਼ਿੰਦਰ

ਚਿਰੋਕਣੀ ਤਮੰਨਾ ਸੀ ਕਿ ਕੋਈ ਸੱਚੀਂ ਦਾ ਕੌਮਾਂਤਰੀ ਫ਼ਿਲਮ ਮੇਲਾ ਦੇਖਿਆ ਜਾਵੇ। ਭਾਰਤ ਵਿਚ ਦਿੱਲੀ ਤੇ ਗੋਆ ਵਿਚ ਹੋਏ ਫ਼ਿਲਮ ਮੇਲਿਆਂ ਤਕ ਪਹੁੰਚਣ ਦੀ ਹਿੰਮਤ ਨਾ ਹੋਈ ਕਿਉਂ ਕਿ ਪੰਜਾਬੀ ਸੂਬੇ ਦੀ ਮਿਹਰਬਾਨੀ ਨਾਲ਼ ਪੰਜਾਬੀ ਦੇ ਪੱਤਰਕਾਰ ਦੀ ਵੁੱਕਤ ਤਾਂ ਜਲੰਧਰੋਂ ਅੰਬਾਲ਼ੇ ਪਹੁੰਚਣ ’ਤੇ ਹੀ ਮੁੱਕ ਜਾਂਦੀ ਹੈ। ਹੁਣ ਮੈਂ ਜਲੰਧਰੋਂ ਹਜ਼ਾਰਾਂ ਹੀ ਮੀਲ ਦੂਰ ਆ ਕੇ, ਪੱਤਰਕਾਰ ਤਾਂ ਪੰਜਾਬੀ ਦਾ ਹੀ ਹਾਂ, ਪਰ ਪੱਤਰਕਾਰ ਉਸ ਅਖ਼ਬਾਰ ਦਾ ਹਾਂ, ਜੋ ਉਸ ਸ਼ਹਿਰ ਵਿਚ ਛਪਦਾ ਹੈ, ਜਿੱਥੇ ਇਹ ਕੌਮਾਂਤਰੀ ਫ਼ਿਲਮ ਮੇਲਾ ਲੱਗਿਆ ਸੀ। ਮੇਲੇ ਦੇ ਪ੍ਰਬੰਧਕਾਂ ਵਿਚੋਂ ਮਨਦੀਪ ਔਜਲਾ ‘ਫੇਸਬੁੱਕ’ ਰਾਹੀਂ ਮੇਰਾ ਮਿੱਤਰ ਸੀ। ਓਦਾਂ ਤਾਂ ਨਾ ਉਹ ਮੈਨੂੰ ਮਿਲਿਆ ਸੀ, ਨਾ ਮੈਂ ਉਸ ਨੂੰ। ਮੇਲੇ ਬਾਰੇ ਪਤਾ ਲੱਗਿਆ ਤਾਂ ਮੈਂ ਮਨਦੀਪ ਨੂੰ ਫੇਸਬੁੱਕ ਰਾਹੀਂ ਤੇ ਫੇਰ ਫੋਨ ਕਰ ਕੇ ਮਿਹਣਾ ਜਿਹਾ ਮਾਰਿਆ ਕਿ ਮੈਂ ਨਿਰਾ ਪੱਤਰਕਾਰ ਨਹੀਂ, ਮੈਂ ਕੁੱਝ ਫ਼ਿਲਮਾਂ ਦਾ ਸਕਰਿਪਟ ਰਾਈਟਰ ਵੀ ਹਾਂ, ਜੋ ਬਣੀਆਂ ਵੀ ਤੇ ਰਿਲੀਜ਼ ਵੀ ਹੋਈਆਂ ਹਨ, ਇਹ ਵੱਖਰੀ ਗੱਲ ਹੈ ਕਿ ਪੰਜਾਬੀ ਦਰਸ਼ਕਾਂ ਦੇ ਮਨਾਂ ਵਿਚ ਸਕਰਿਪਟ ਰਾਈਟਰ ਅਤੇ ਡਾਇਰੈਕਟਰ ਦਾ ਨਾਂ ਜਾਨਣ ਦੀ ਲਾਲਸਾ ਘੱਟ ਹੀ ਹੁੰਦੀ ਹੈ। ਮੈਂ ਉਸ ਨੂੰ ਤਨਜ਼ ਨਾਲ਼ ਪੁੱਛਿਆ ਕਿ ਉਹ ਤੇ ਉਸ ਦੇ ਬੇਲੀ, ਪੱਤਰਕਾਰ ਨੂੰ ਨਾ ਸਹੀ, ਸਕਰਿਪਟ ਰਾਈਟਰ ਨੂੰ ਫ਼ਿਲਮਸਾਜ਼ੀ ਦਾ ਹਿੱਸਾ ਮੰਨਦੇ ਹਨ ਕਿ ਨਹੀਂ।
ਖ਼ੈਰ, ਮਨਦੀਪ ਵੱਲੋਂ ਸੱਦਾ ਆਉਣ ’ਤੇ ਮੈਂ ਟੋਰਾਂਟੋ ਪਹੁੰਚ ਗਿਆ। ਉਸ ਵੱਲੋਂ ਹਰ ਰੋਜ਼ ਫੇਸਬੁੱਕ ਉੱਤੇ ‘ਪੰਜਾਬੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ (ਪਿੱਫ) ਬਾਰੇ ਕੁੱਝ ਨਾ ਕੁੱਝ ਲਿਖਦੇ ਰਹਿਣ ਤੋਂ ਏਦਾਂ ਲੱਗਦਾ ਸੀ ਕਿ ਅੱਧਾ-ਪਚੱਧਾ ਮੇਲਾ ਤਾਂ ਲੱਗ ਚੁੱਕਾ ਹੈ। ਪੁੱਛਣ ’ਤੇ ਮਨਦੀਪ ਨੇ ਦੱਸਿਆ ਕਿ ਇਹ ‘ਕਰਟਨ ਰੇਜ਼ਰਜ਼’ ਹੀ ਹਨ, ਅਸਲ ਵਿਚ ਮੇਲਾ 15 ਤੋਂ 19 ਮਈ ਤਕ ਹੈ। ਮੈਂ ਕੋਈ ਚੀਜ਼ ‘ਮਿੱਸ’ ਹੋ ਜਾਣ ਦੇ ਡਰੋਂ 13 ਮਈ ਨੂੰ ਹੀ ਟੋਰਾਂਟੋ ਪਹੁੰਚ ਗਿਆ। ਹੋਇਆ ਇਹ ਕਿ 13-14 ਮਈ ਨੂੰ ਮੇਲਾ ਨਾ ਹੋਣ ਵਰਗਾ ਹੀ ਸੀ। ਟੋਰਾਂਟੋ ਪਹੁੰਚ ਕੇ ਮੈਨੂੰ ਪਤਾ ਲੱਗਿਆ ਕਿ ਅਸਲ ਵਿਚ ਇਹ ਇਕ ਮੇਲਾ ਨਹੀਂ ਸੀ, ਸਗੋਂ ਦੋ ਮੇਲੇ ਇਕੱਠੇ ਹਨ। ਇਸੇ ਹੀ ਕਾਰਨ ਇਸ ਮੇਲੇ ਦਾ ਨਾਂ ‘ਪਿੱਫ-ਇਫਸਾ ਟੋਰਾਂਟੋ-2014’ ਸੀ। ‘ਇਫਸਾ’ ਦਾ ਵੇਰਵੇ ਸਹਿਤ ਰੂਪ ‘ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਸਾਊਥ ਏਸ਼ੀਆ’ ਹੈ। ਇਹ ਮੇਲਾ ਜਾਂ ਮੇਲੇ, ‘ਸਾਊਥ ਏਸ਼ੀਅਨ ਹੈਰੀਟੇਜ ਸੈਲੀਬਰੇਸ਼ਨਜ਼’ ਦਾ ਅੰਗ ਵੀ ਸਨ। ਇਸੇ ਵਜ੍ਹਾ ਨਾਲ ਇਸ ਦੇ ‘ਕਰਟਨ ਰੇਜ਼ਰਜ਼’ ਅਤੇ ਕੁੱਝ ਹੋਰ ਜਸ਼ਨ, ਅਪ੍ਰੈਲ ਮਹੀਨੇ ਦੌਰਾਨ ਵੀ ਕੀਤੇ ਗਏ ਸਨ। ਫ਼ਿਲਮ ਮੇਲੇ ਨਾਲ਼ ਸਬੰਧਤ ਸਮਾਗਮ, ਇਕੋ ਵੇਲ਼ੇ ਟੋਰਾਂਟੋ ਦੇ ਆਰ-ਪਾਰ ਯਾਨੀ ਬਰੈਂਪਟਨ, ਮਿਸੀਸਾਗਾ, ਰਿਚਮੰਡ ਹਿੱਲ, ਸਕਾਰਬੋਰੋ ਅਤੇ ਓਕਵਿਲ ਵਿਚ ਹੁੰਦੇ ਰਹੇ।
‘ਬੈਂਕ ਆਫ ਮੌਂਟਰੀਆਲ’ ਦੇ ਮਾਲੀ ਸਹਿਯੋਗ ਨਾਲ਼ ਲਗਾਏ ਗਏ ਇਸ ਫ਼ਿਲਮ ਮੇਲੇ ਵਿਚ ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ, ਮਲਯਾਲਮ, ਗੁਜਰਾਤੀ, ਬੰਗਾਲੀ, ਭੋਜਪੁਰੀ ਅਤੇ ਕੈਂਟੋਨੀਜ਼ ਸਮੇਤ ਨੌਂ ਭਾਸ਼ਾਵਾਂ ਦੀਆਂ 50 ਕੁ ਫ਼ਿਲਮਾਂ ਸ਼ਾਮਲ ਸਨ, ਜਿਨ੍ਹਾਂ ਦੇ ‘ਵਰਲਡ ਪ੍ਰੀਮੀਅਰਜ਼/ ਨਾਰਥ ਅਮੈਰੀਕਨ ਪ੍ਰੀਮੀਅਰਜ਼/ ਕੈਨੇਡੀਅਨ ਪ੍ਰੀਮੀਅਰਜ਼’ ਕੀਤੇ ਗਏ। ਇਹ ਮੇਲਾ ਵੰਨ-ਸੁਵੰਨਤਾ ਦਾ ਪ੍ਰਤੀਕ ਰਿਹਾ। ਜੇ 24 ਅਪ੍ਰੈਲ ਨੂੰ ਇਸ ਦੀ ‘ਲਾਂਚਿੰਗ’, ਮਨੋਰੰਜਨ ਕਰਨ ਦੇ ਮਕਸਦ ਨਾਲ਼ ਹੀ ਬਣਾਈ ਗਈ ਪੰਜਾਬੀ ਫ਼ਿਲਮ ‘ਜੱਟ ਜੇਮਜ਼ ਬੌਂਡ’ ਨਾਲ਼ ਕੀਤੀ ਗਈ ਤਾਂ 15 ਮਈ ਨੂੰ ਫ਼ਿਲਮਾਂ ਦਿਖਾਉਣ ਦੀ ਰਸਮੀ ਸ਼ੁਰੂਆਤ ਕਰਨ ਲਈ ਇਕ ਪਾਸੇ ਫ਼ਿਲਮ ਨਿਰਦੇਸ਼ਕ ਅਨੂਪ ਸਿੰਘ ਦੀ ਬਹੁਚਰਚਿਤ ਅਤੇ ਇਨਾਮ ਯਾਫ਼ਤਾ ਫ਼ਿਲਮ ‘ਕਿੱਸਾ’ ਦਿਖਾਈ ਜਾ ਰਹੀ ਸੀ ਜਦੋਂ ਕਿ ਇਸ ਦੇ ਨਾਲ਼ ਹੀ ‘ਰੋਮੀਓ ਰਾਂਝਾ’ ਵੀ ਦਿਖਾਈ ਜਾ ਰਹੀ ਸੀ। ‘ਰੋਮੀਓ ਰਾਂਝਾ’ ਕਦੇ ਵੀ ਦੇਖੀ ਜਾ ਸਕਦੀ ਸੀ, ਜਿਸ ਕਰ ਕੇ ਮੈਂ ‘ਕਿੱਸਾ’ ਨਾਲ਼ ਇਹ ਮੇਲਾ ਦੇਖਣਾ ਸ਼ੁਰੂ ਕੀਤਾ। ਓਦਾਂ ‘ਪਾਈਡ ਪਾਈਪਰ’ ਨਾਂ ਦੀ ਇਕ ਹਿੰਦੀ ਫ਼ਿਲਮ ਵੀ ਇਨ੍ਹਾਂ ਦੇ ਸਮਾਨੰਤਰ ਹੀ ਦਿਖਾਈ ਜਾ ਰਹੀ ਸੀ।
‘ਕਿੱਸਾ’ ਭਾਰਤ ਅਤੇ ਜਰਮਨੀ ਦੇ ਸਹਿਯੋਗ ਨਾਲ਼ ਨਿਰਦੇਸ਼ਕ ਅਨੂਪ ਸਿੰਘ ਵੱਲੋਂ ਲਿਖੀ ਤੇ ਬਣਾਈ ਹੋਈ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ, ‘2013 ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ ਦੇ ‘ਕੰਟੈਂਪਰੇਰੀ ਵਰਲਡ ਸਿਨੇਮਾ’ ਵਰਗ ਵਿਚ ਵੀ ਦਿਖਾਈ ਗਈ ਸੀ ਤੇ ਇਸ ਫ਼ਿਲਮ ਨੇ ‘ਨੈੱਟਪੈਕ ਐਵਾਰਡ ਫਾਰ ਵਰਲਡ ਔਰ ਇੰਟਰਨੈਸ਼ਨਲ ਏਸ਼ੀਅਨ ਫ਼ਿਲਮ’ ਵੀ ਜਿੱਤਿਆ ਸੀ। ਇਸ ਫ਼ਿਲਮ ਵਿਚ, ਦੇਸ਼ ਦੀ ਵੰਡ ਤੋਂ ਬਾਅਦ ‘ਅੰਬਰ ਸਿੰਘ’ ਨਾਂ ਦਾ ਇਕ ਸਿੱਖ ਕਿਰਦਾਰ, ਜੋ ਤਿੰਨ ਧੀਆਂ ਦਾ ਬਾਪ ਹੈ, ਉੱਜੜ ਕੇ ਆਪਣੇ ਪਰਿਵਾਰ ਸਣੇ ਭਾਰਤੀ ਪੰਜਾਬ ਪਹੁੰਚਦਾ ਹੈ। ਉਸ ਦੇ ਘਰ ਚੌਥੀ ਧੀ ਜਨਮ ਲੈਂਦੀ ਹੈ ਤਾਂ ਉਹ ਐਲਾਨ ਕਰਦਾ ਹੈ ਕਿ ਉਸ ਦੇ ਘਰ ਮੁੰਡਾ ਹੋਇਆ ਹੈ। ਉਹ ਉਸ ‘ਮੁੰਡੇ’ ਦਾ ਨਾਂ ‘ਕੰਵਰ ਸਿੰਘ’ ਰੱਖਦਾ ਹੈ। ਉਹ ਕੁੜੀ (ਤਿਲੋਤਮਾ ਸ਼ੋਮ), ਮੁੰਡੇ ਦੇ ਰੂਪ ਵਿਚ ਟਰੱਕ ਡਰਾਈਵਰ ਬਣ ਜਾਂਦੀ ਹੈ। ਜਦੋਂ ‘ਕੰਵਰ ਸਿੰਘ’ ਦਾ ਵਿਆਹ ‘ਨੀਲੀ’ (ਰਸਿਕਾ ਦੁੱਗਲ) ਨਾਂ ਦੀ ਕੁੜੀ ਨਾਲ਼ ਹੋ ਜਾਂਦਾ ਹੈ ਤਾਂ ਕਹਾਣੀ ਵਿਚ ਬਹੁਤ ਸਾਰੀਆਂ ਉਲਝਣਾਂ ਪੈ ਜਾਂਦੀਆਂ ਹਨ। ਵਾਰਸ ਦੇ ਰੂਪ ਵਿਚ, ਕਿਸੇ ਪਰਿਵਾਰ ਵਿਚ ਮੁੰਡੇ ਦੀ ਕੀ ਅਹਿਮੀਅਤ ਹੈ, ਇਹ ਫ਼ਿਲਮ ਇਸ ਦੇ ਦੁਆਲ਼ੇ ਹੀ ਘੁੰਮਦੀ ਹੈ। ਕੁੜੀਆਂ ਨਾਲ਼ ਹੁੰਦਾ ਵਿਤਕਰਾ, ਇਸ ਫ਼ਿਲਮ ਵਿਚ ਇਕ ਕੁੜੀ ਤੋਂ ਉਸ ਦਾ ਕੁੜੀਪੁਣਾ ਖੋਹਣ ਦੀ ਹਾਲਤ ਵਿਚ ਦਿਖਾਇਆ ਗਿਆ ਹੈ। ਭਾਵੇਂ ਉਸ ਕੁੜੀ ਨੂੰ ਮੁੰਡਾ ਬਣਾ ਕੇ ਪੇਸ਼ ਕਰਨ ਦਾ ਫੈਸਲਾ, ਉਸ ਦੇ ਬਾਪ ਅੰਬਰ ਸਿੰਘ ਦਾ ਹੀ ਹੈ, ਪਰ ਉਸ ਦੀ ਮਾਂ ‘ਮੇਹਰ’ (ਟਿਸਕਾ ਚੋਪੜਾ) ਵੀ ਇਸ ਫੈਸਲੇ ਦੇ ਖ਼ਿਲਾਫ਼ ਜ਼ੁਬਾਨ ਨਹੀਂ ਖੋਲ੍ਹਦੀ।
ਭਾਵੇਂ ਇਸ ਫ਼ਿਲਮ ਦਾ ਵਿਸ਼ਾ ਸੱਜਰਾ ਨਹੀਂ ਹੈ, ਪਰ ਇਸ ਕਹਾਣੀ ਦੇ ਨਿਭਾਅ ਵਿਚ ਸੱਜਰਾਪਨ ਹੀ ਨਹੀਂ, ਬਹੁਤ ਵਚਿੱਤਰਤਾ ਵੀ ਹੈ, ਜਿਸ ਦੀ ਵਜ੍ਹਾ ਨਾਲ਼ ਦਰਸ਼ਕ ਦਾ ਮੂੰਹ ਅਤੇ ਅੱਖਾਂ ਪਾਟਣ ਦੀ ਹੱਦ ਤਕ ਅੱਡੇ ਜਾਂਦੇ ਹਨ। ਇਹ ਫ਼ਿਲਮ ਬਹੁਤ ਸਾਰੇ ਫ਼ਿਲਮ ਮੇਲਿਆਂ ਵਿਚ ਤਰਥੱਲੀ ਪਾ ਚੁੱਕੀ ਹੈ। ਨਿਰਦੇਸ਼ਕ ਅਨੂਪ ਸਿੰਘ ਨੇ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਦੱਸਿਆ ਕਿ ਉਸ ਦੀ ਫ਼ਿਲਮ ਦੀ ਕਹਾਣੀ ਇਕ ਸੱਚੀ ਘਟਨਾ ਉੱਤੇ ਆਧਾਰਤ ਹੈ। ਅਨੂਪ ਸਿੰਘ ਨੇ ‘ਕੰਵਰ’ ਨੂੰ ‘ਕੰਵਰ ਸਿੰਘ’ ਬਣਾ ਕੇ ਪਾਲਣ ਦੀਆਂ ਸਮੱਸਿਆਵਾਂ ਦਾ ਤੇ ਫਿਰ ਦੇ ਅੱਲ੍ਹੜ ਉਮਰ ਵਿਚ ਵਿਚਰਨ ਦਾ, ਪਰ ਨਾਲ਼ ਹੀ ਉਸ ਨੂੰ ਮੁੰਡਾ ਬਣਾਈ ਰੱਖਣ ਦਾ ਚਿੱਤਰਣ ਬਹੁਤ ਖ਼ੂਬੀ ਨਾਲ਼ ਕੀਤਾ ਹੋਇਆ ਹੈ। ਉਸ ਦਾ ਵਿਆਹ ਹੋਣ ਤੋਂ ਪਹਿਲਾਂ ਜਿਹੜੀ ‘ਨੀਲੀ’, ‘ਕੰਵਰ ਸਿੰਘ’ ਉੱਤੇ ਜਾਨ ਛਿੜਕਦੀ ਹੈ, ਕੰਵਰ ਸਿੰਘ ਦੇ ਕੁੜੀ ਹੋਣ ਦਾ ਪਤਾ ਲੱਗਣ ’ਤੇ ਉਸ ਦਾ ਵਤੀਰਾ ਬਦਲ ਜਾਂਦਾ ਹੈ। ਇਸ ਦੇ ਬਾਵਜੂਦ ‘ਨੀਲੀ’, ‘ਕੰਵਰ ਸਿੰਘ’ ਦੇ ਅੰਦਰ ਲੁਕੀ ਹੋਈ ਕੁੜੀ ਨੂੰ ਆਪਣੀ ਸਹੇਲੀ ਮੰਨ ਕੇ ਉਸ ਦੀ ਜਾਨ ਤਕ ਬਚਾਉਂਦੀ ਹੈ ਤੇ ਉਸ ਦਾ ਸਾਥ ਦਿੰਦੀ ਹੈ।
ਫ਼ਿਲਮ ਵਿਚ ਇਕ ਵੇਲ਼ਾ ਇਹੋ ਜਿਹਾ ਵੀ ਆ ਜਾਂਦਾ ਹੈ, ਜਦੋਂ ਅੰਬਰ ਸਿੰਘ, ਆਪਣੇ ਘਰ-ਪਰਿਵਾਰ ਲਈ ਵਾਰਸ ਹਾਸਲ ਕਰਨ ਲਈ, ਆਪਣੀ ਨੂੰਹ ਨਾਲ਼ ਜਿਨਸੀ ਧੱਕਾ ਕਰਨ ਲੱਗਦਾ ਹੈ ਤੇ ਕੰਵਰ ਸਿੰਘ ਉਸ ਨੂੰ ਗੋਲ਼ੀ ਮਾਰ ਕੇ ਨੀਲੀ ਨੂੰ ਉਸ ਤੋਂ ਬਚਾਉਂਦਾ ਹੈ। ਨੀਲੀ ਇਸ ਗੱਲ ਦਾ ਅਹਿਸਾਨ ਵੀ ਮੰਨਦੀ ਹੈ। 109 ਮਿੰਟਾਂ ਦੀ ਇਹ ਫ਼ਿਲਮ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀ, ਸਗੋਂ ਆਪਣੇ ਸਿਖ਼ਰ ਵੱਲ ਵਧਦੀ ਹੈ।
ਨਿੱਕੇ ਹੁੰਦਿਆਂ ‘ਘਰ-ਘਰ’ ਖੇਡਦਿਆਂ ਬਹੁਤ ਸਾਰੀਆਂ ਕੁੜੀਆਂ ਜਾਂ ਮੁੰਡੇ ਕੁੱਝ ਕੁੜੀਆਂ ਦੇ ਐਵੀਂ-ਮੁੱਚੀ ਦੇ ‘ਘਰ ਵਾਲ਼ੇ’ ਬਣੇ ਹੋਣਗੇ, ਪਰ ਅਸਲੀਅਤ ਵਿਚ ਕਿਸੇ ਕੁੜੀ ਦਾ ਮੁੰਡਾ ਬਣ ਕੇ ਜੀਣਾ-ਥੀਣਾ ਅਸਲੋਂ ਹੀ ਵੱਖਰੀ ਗੱਲ ਹੈ। ‘ਫਲੈਸ਼ ਬੈਕ’ ਵਿਚ ਸ਼ੁਰੂ ਹੁੰਦੀ ਇਸ ਫ਼ਿਲਮ ਵਿਚ ਇਰਫ਼ਾਨ ਖ਼ਾਨ, ਅੰਬਰ ਸਿੰਘ ਦੇ ਭੂਤ ਦੇ ਰੂਪ ਵਿਚ ਦਿਸਦਾ ਹੈ, ਜੋ ਫ਼ਿਲਮ ਦੇ ਅੰਤ ਵਿਚ ਭੂਤ ਦੇ ਜਾਮੇ ਤੋਂ ਰਿਹਾਈ ਮੰਗਦਾ ਹੈ। ਇਹ ਫ਼ਿਲਮ ਅੰਤ ਤਕ ਦਰਸ਼ਕ ਨੂੰ ਆਪਣੇ ਨਾਲ਼ ਜੋੜੀ ਰੱਖਦੀ ਹੈ, ਜਿਸ ਦੀ ਵਜ੍ਹਾ ਉਸ ਦੀ ਕਹਾਣੀ, ਵਧੀਆ ਸਿਨੇਮੈਟੋਗ੍ਰਾਫ਼ੀ, ਪਿਛੋਕੜ ਸੰਗੀਤ ਅਤੇ ਵਧੀਆ ਅਦਾਕਾਰੀ ਹੈ। ਹਾਂ, ਅੰਬਰ ਸਿੰਘ ਵੱਲੋਂ ਭੂਤ ਦੇ ਰੂਪ ਵਿਚ ਕੰਵਰ ਸਿੰਘ ਦੇ ਜਿਸਮ ਵਿਚ ਦਾਖਲ ਹੋਣ ਦਾ ਦ੍ਰਿਸ਼, ਛੇਤੀ ਕੀਤਿਆਂ ਦਰਸ਼ਕਾਂ ਦੇ ਪੱਲੇ ਨਹੀਂ ਪੈਂਦਾ ਤੇ ਉਨ੍ਹਾਂ ਨੂੰ ਹਜ਼ਮ ਵੀ ਨਹੀਂ ਹੁੰਦਾ। ਜੁਆਨ ਹੋਏ ਕੰਵਰ ਸਿੰਘ ਦੇ ਰੂਪ ਵਿਚ ਤਿਲੋਤਮਾ ਸਿੰਘ, ਦਰਸ਼ਕਾਂ ਨੂੰ ਕਈ ਥਾਈਂ ਮੁੰਡਾ ਲੱਗਣੋਂ ਹਟ ਜਾਂਦੀ ਹੈ। ਕਈ ਥਾਈਂ ਇਹ ਫ਼ਿਲਮ ਦਰਸ਼ਕਾਂ ਨੂੰ ਉੱਥੇ ਵੀ ਲੈ ਜਾਂਦੀ ਹੈ, ਜਿੱਥੇ ਸੌ ਸਾਲਾਂ ਦਾ ਹੋ ਜਾਣ ’ਤੇ ਵੀ ਭਾਰਤੀ ਸਿਨੇਮਾ ਆਪਣੇ ਦਰਸ਼ਕਾਂ ਨੂੰ ਲਿਜਾਣ ਵਿਚ ਕਾਮਯਾਬ ਨਹੀਂ ਹੋਇਆ।‘ਕਿੱਸਾ’ ਨਾਲ਼ ਦਰਸ਼ਕਾਂ ਦੀ ਬੋਹਣੀ ਵਧੀਆ ਹੋਈ।
16 ਮਈ ਨੂੰ ‘ਮਿੱਸੀਸਾਗਾ ਕਨਵੈਨਸ਼ਨ ਸੈਂਟਰ’ ਵਿਚ ਇਕ ਇਹੋ ਜਿਹਾ ਸਮਾਗਮ ਕੀਤਾ ਗਿਆ, ਜਿਸ ਦੇ ਵੱਖ-ਵੱਖ ਹਿੱਸਿਆਂ ਦੇ ਨਾਂ ‘ਰੈੱਡ ਕਾਰਪੈੱਟ’, ‘ਕਾਕਟੇਲ ਰਿਸੈੱਪਸ਼ਨ’ ਅਤੇ ‘ਓਪਨਿੰਗ ਗੈਲਾ’ ਸਨ। ਇਨ੍ਹਾਂ ਤੇਹਾਂ ਦਾ ਸਮਾਂ ਕ੍ਰਮਵਾਰ ਸ਼ਾਮ ਦੇ ਸਾਢੇ ਚਾਰ ਵਜੇ, ਛੇ ਵਜੇ ਅਤੇ ਸੱਤ ਵਜੇ ਸੀ। ਇਹ ਸਭ ਕੁੱਝ, ਜਿਸ ਦਾ ਫ਼ਿਲਮਾਂ ਜਾਂ ਫ਼ਿਲਮਸਾਜ਼ੀ ਨਾਲ਼ ਦੂਰ ਦਾ ਵੀ ਵਾਸਤਾ ਨਹੀਂ ਸੀ, ਆਪਣੇ ਮਿੱਥੇ ਸਮੇਂ ਤੋਂ ਡੇਢ ਕੁ ਘੰਟਾ ਦੇਰ ਨਾਲ਼ ਸ਼ੁਰੂ ਹੋਇਆ ਤੇ ਬਹੁਤ ਸਾਰੇ ਮਹਿਮਾਨ ਸਮੇਂ ਸਿਰ ਆ ਕੇ ਵੀ ਬਾਹਰ ਖੜ੍ਹੇ ਠਰਦੇ ਰਹੇ ਕਿਉਂ ਕਿ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਇਹ ਸ਼ਾਮ ਫੈਸ਼ਨ ਸ਼ੋਅ, ਨਾਚ-ਗਾਣੇ ਦੇ ਲੇਖੇ ਲੱਗੀ, ਬਹੁਤ ਸਾਰੇ ਮਹਿਮਾਨ ਇਸ ਤੋਂ ਬਚੇ ਰਹੇ ਕਿਉਂ ਕਿ ਉਹ ਇਸ ਤੋਂ ਬਹੁਤ ਦੂਰ ਸਨ ਤੇ ਹਾਲ ਵਿਚ ਲੱਗੀਆਂ ਹੋਈਆਂ ਤਿੰਨ ਸਕਰੀਨਾਂ ਇਸ ਪ੍ਰੋਗਰਾਮ ਦੇ ਦ੍ਰਿਸ਼ ਦਿਖਾਉਣ ਦੀ ਥਾਂ ਹੋਰ ਹੀ ਕੁੱਝ ਦਿਖਾਈ ਜਾ ਰਹੀਆਂ ਸਨ।
17 ਮਈ ਨੂੰ 11 ਵਜੇ ਬਰੈਂਪਟਨ ਦੇ ਹੋਟਲ ਕੋਰਟਯਾਰਡ ਮੈਰੀਅਟ ਦੇ ਵਿੰਡਸਰ ਬਾਲਰੂਮ ਵਿਚ ਸੈਮੀਨਾਰ/ ਵਰਕਸ਼ਾਪ ਕਰਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਇਹ ਛੋਟਾ ਜਿਹਾ ਹਾਲ ਦਰਸ਼ਕਾਂ ਨਾਲ਼ ਤਾਂ ਭਰ ਗਿਆ, ਪਰ ਸੈਮੀਨਾਰ ਤੇ ਵਰਕਸ਼ਾਪ ਦੇ ਨਾਂ ’ਤੇ ਦਸ ਕੁ ਮਿੰਟ ਲਈ ਬੋਲੇ ਜਾਣ ਲਈ ਕਹੇ ਜਾਣ ਦੇ ਬਾਵਜੂਦ ਡਾ. ਸਤੀਸ਼ ਵਰਮਾ ‘ਪੂਰਾ ਪੀਰੀਅਡ’ ਹੀ ਲਾ ਕੇ ਹਟੇ ਤਾਂ ਮੇਜ਼ਬਾਨ ਮਨਦੀਪ ਸਿੰਘ ਔਜਲਾ ਨੂੰ, ਡਾ. ਵਰਮਾ ਤੋਂ ਮਾਈਕਰੋਫੋਨ ਵਾਪਸ ਲੈਂਦਿਆਂ ਇਹ ‘ਸੈਮੀਨਾਰ ਤੇ ਵਰਕਸ਼ਾਪ’ ਸਮੇਟ ਕੇ ਛੋਟੀਆਂ ਫ਼ਿਲਮਾਂ ਦਿਖਾਉਣੀਆਂ ਸ਼ੁਰੂ ਕਰਨ ਦਾ ਐਲਾਨ ਕਰਨਾ ਪੈ ਗਿਆ। ਬਾਰਾਂ ਵਜੇ ਤੋਂ ਕਾਫੀ ਸਮਾਂ ਬਾਅਦ ਦਿਖਾਈਆਂ ਜਾਣੀਆਂ ਸ਼ੁਰੂ ਕੀਤੀਆਂ ਗਈਆਂ ਛੋਟੀਆਂ ਫ਼ਿਲਮਾਂ ਵਿਚੋਂ ‘ਦ ਐੱਜ-ਕਿਨਾਰਾ’ ਅਤੇ ‘ਮਿਸਿੰਗ ਟਾਈਟਲ’ ਹੀ ਦੇਖੀਆਂ ਸਨ ਕਿ ਇਹ ਸ਼ੋਅ ਵਿਚਾਲ਼ੇ ਛੱਡ ਕੇ ਕਿ ਸੁਕੇਅਰ ਵੱਨ ਦੇ ‘ਲੈਂਡਮਾਰਕ ਸਿਨੇਮਾਜ਼’ (ਸਟੂਡੀਓ 10) ਜਾਣਾ ਪੈ ਗਿਆ ਕਿਉਂ ਕਿ ਉੱਥੇ ਡੇਢ ਵਜੇ ਨਿਰਮਾਤਾ-ਨਿਰਦੇਸ਼ਕ-ਅਦਾਕਾਰ ਜੀਤ ਮਠਾਰੂ ਦੀ ਫੀਚਰ ਫ਼ਿਲਮ ‘ਵੋਮਨ ਫਰਾਮ ਦ ਈਸਟ’ ਦਿਖਾਈ ਜਾਣੀ ਸੀ। ਸ਼੍ਰੀ ਮਠਾਰੂ ਤੇ ਇਸ ਫ਼ਿਲਮ ਦੀ ਮੁੱਖ ਅਦਾਕਾਰਾ ਪਾਖੀ ਹੈਗੜੇ ਨੇ ਆਪਣੀ ਫ਼ਿਲਮ ਦੇਖਣ ਦਾ ਖ਼ਾਸ ਸੱਦਾ ਦਿੰਦਿਆਂ ਦੱਸਿਆ ਸੀ ਕਿ ਇਹ ਫ਼ਿਲਮ, ਜਤਿੰਦਰ ਬਰਾੜ ਦੀ ਲਿਖੀ ਹੋਈ ਪੰਜਾਬੀ ਕਹਾਣੀ ‘ਕੁਦੇਸਣ’ ਉੱਤੇ ਆਧਾਰਤ ਹੈ।
‘ਮੀਡੀਆ ਬੱਜ਼’ ਅਤੇ ‘ਰੀਲ ਐਂਟਰਟੇਨਮੈਂਟ ਕੰਪਨੀ’ (ਯੂਕੇ) ਵੱਲੋਂ ਬਣਾਈ ਗਈ ਇਸ ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਪੰਜਾਬ ਦੇ ਕਿਸੇ ਪਿੰਡ ਦਾ 65 ਸਾਲਾਂ ਦੀ ਉਮਰ ਦਾ ਜੱਟ ਪਾਲਾ ਸਿੰਘ (ਸੁਖਬੀਰ ਸਿੰਘ) ਆਪਣੀ ਵਹੁਟੀ (ਨਿਰਮਲ ਰਿਸ਼ੀ) ਨੂੰ ਨਿਆਣਾ-ਨਿੱਕਾ ਨਾ ਹੋਣ ਕਾਰਨ ਆਪਣੇ ਇਕ ਡਰਾਈਵਰ ਸਾਥੀ (ਜੀਤ ਮਠਾਰੂ) ਦੀ ਸਲਾਹ ਨਾਲ਼ ਆਪਣੀ ਮੱਝ ਵੇਚ ਕੇ, ਉਸ ਦੀ ਵੱਟਤ ਨਾਲ਼ ਬਿਹਾਰ ਤੋਂ 20-22 ਸਾਲ ਦੀ ਕੁੜੀ ‘ਗੰਗਾ’ (ਪਾਖੀ ਹੈਗੜੇ) ਖਰੀਦ ਲਿਆਉਂਦਾ ਹੈ। ਇਹ ਸੌਦਾ, ਇਕ ਢਾਬੇ ਦੇ ਮਾਲਕ ਅਤੇ ਇਕ ਔਰਤ ਰਾਹੀਂ ਹੁੰਦਾ ਹੈ। ‘ਗੰਗਾ’ ਜਿਸ ਦਾ ਨਾਂ, ਗੰਗਾ ਨਦੀ ਦੀ ਪਾਕੀਜ਼ਗ਼ੀ ਦਾ ਚੇਤਾ ਕਰਾਉਂਦਾ ਰਹਿੰਦਾ ਹੈ, ਦਾ ਬਾਪ ਉਸ ਨੂੰ ਇਹ ਝੂਠ ਬੋਲ ਕੇ ਪਾਲਾ ਸਿੰਘ ਨਾਲ਼ ਤੋਰਦਾ ਹੈ ਕਿ ਉਹ ਉਸ ਦੇ ਘਰ ਵਿਚ ਕੰਮ ਕਰਨ ਜਾ ਰਹੀ ਹੈ। ਜਦੋਂ ‘ਗੰਗਾ’ ਆਪਣੇ ਬਾਪ ਦੇ ਹਾਣੀ-ਹਮਾਣੀ ਪਾਲਾ ਸਿੰਘ ਨੂੰ ਆਪਣਾ ਜਿਸਮ ਸੌਂਪਣ ਲਈ ਰਾਜ਼ੀ ਨਹੀਂ ਹੁੰਦੀ ਤਾਂ ਉਹ ਉਸ ਨਾਲ਼ ਧੱਕਾ ਕਰਦਾ ਹੈ।
ਇਸ ਦੌਰਾਨ ਗੰਗਾ ਇਕ ਬੱਚੇ ਨੂੰ ਜਨਮ ਦਿੰਦੀ ਹੈ। ਉਸ ਬੱਚੇ ਉੱਤੇ, ਪਾਲਾ ਸਿੰਘ ਦੀ ਪਹਿਲੀ ਵਹੁਟੀ ਕਬਜ਼ਾ ਕਰ ਲੈਂਦੀ ਹੈ। ਫਿਰ ਉਹ, ਗੰਗਾ ਨੂੰ ਕਹਿੰਦਾ ਹੈ ਕਿ ਉਹ ਪਹਿਲੀ ਘਰ ਵਾਲ਼ੀ ਦੇ ਹੁੁੰਦਿਆਂ ਉਸ ਨੂੰ ਆਪਣੇ ਘਰ ਨਹੀਂ ਰੱਖ ਸਕਦਾ। ਗੰਗਾ ਤੋਂ ਖਹਿੜਾ ਛੁਡਾਉਣ ਦੇ ਚੱਕਰਾਂ ਵਿਚ ਉਸ ਨੂੰ ਮਾਰ-ਮੁਕਾਉਣ ਦੇ ਮਨਸੂਬੇ ਵੀ ਬਣਦੇ ਹਨ। ਆਖ਼ਰ ਗੰਗਾ, ਪਾਲਾ ਸਿੰਘ ਦੇ ਮੂੰਹ ਉੱਤੇ ਥੁੱਕ ਕੇ ਆਪਣਾ ਬੱਚਾ ਲੈ ਕੇ ਚਲੀ ਜਾਂਦੀ ਹੈ। ਗੰਗਾ ਦੇ ਰੂਪ ਵਿਚ ਪਾਖੀ ਹੈਗੜੇ ਦੀ ਅਦਾਕਾਰੀ ਬਹੁਤ ਹੀ ਜਾਨਦਾਰ ਹੈ। ਸੁਖਬੀਰ ਤੇ ਨਿਰਮਲ ਰਿਸ਼ੀ ਦਾ ਕੰਮ ਵੀ ਚੰਗਾ ਹੈ। ਪਰ ਪਾਲੇ ਦੇ ਸੀਰੀ ਦੇ ਰੂਪ ਵਿਚ ਕੰਮ ਕਰਨ ਵਾਲ਼ਾ ਅਦਾਕਾਰ ਕਿਸੇ ਤਰ੍ਹਾਂ ਵੀ ਸੀਰੀ ਨਹੀਂ ਲੱਗਦਾ ਸੀ। ਇਸ ਤੋਂ ਇਲਾਵਾ, ਢਾਬੇ ਦਾ ਮਾਲਕ ਪੰਜਾਬੀ ਹੋਣ ਕਰ ਕੇ ਉਹ ਢਾਬਾ ਵੀ ਬਿਹਾਰ ਦਾ ਨਹੀਂ ਲੱਗਦਾ। ਪੰਜਾਬ ਵਿਚ ਹੀ ਬਿਹਾਰੀ ਢਾਬੇ ਦਾ ਸੈੱਟ ਲਗਾ ਕੇ ਨਿਰਦੇਸ਼ਕ ਜੀਤ ਮਠਾਰੂ ਦਰਸ਼ਕਾਂ ਨੂੰ ‘ਚੀਟ’ ਨਹੀਂ ਕਰ ਸਕਿਆ। ਗੰਗਾ ਨਾਲ਼ ਹਮਦਰਦੀ ਦਿਖਾਉਣ ਵਾਲ਼ੇ ਦ੍ਰਿਸ਼ ਵਿਚ ਵੀ ਡਰਾਈਵਰ ਦੇ ਰੂਪ ਵਿਚ ਉਸ ਵੱਲੋਂ ਗੰਗਾ ਦੇ ਗੋਡੇ ਫੜਨ ਦਾ ਵੀ ਹੋਰ ਹੀ ਅਰਥ ਨਿਕਲਦਾ ਹੈ। ਇਸ ਦ੍ਰਿਸ਼ ਵਿਚ ਨਿਰਦੇਸ਼ਕ ਨੇ ਅਦਾਕਾਰ ਦੇ ਰੂਪ ਵਿਚ, ਨਿਰਦੇਸ਼ਕ ਦੇ ਕੰਮ ਨਾਲ਼ ਇਨਸਾਫ਼ ਨਹੀਂ ਕੀਤਾ।
‘ਕਿੱਸਾ’ ਨਾਲ਼ ਇਸ ਫ਼ਿਲਮ ਦੀ ਤਾਰ, ਦੋਹਾਂ ਫ਼ਿਲਮਾਂ ਵਿਚ ਦਿਖਾਏ ਗਏ ਪਰਿਵਾਰਾਂ ਨੂੰ ਆਪਣੇ ਵਾਰਸਾਂ ਦੀ ਤਲਬ ਹੋਣ ਦੇ ਸਬੰਧ ਵਿਚ ਜੁੜਦੀ ਹੈ।
ਮੇਲੇ ਦੇ ਇਸੇ ਹੀ ਦਿਨ ਦਿਖਾਈਆਂ ਜਾਣ ਵਾਲ਼ੀਆਂ ਦੋ ਫ਼ਿਲਮਾਂ ‘ਥ੍ਰਿਲ ਐਟ ਕੋਲਕਾਤਾ ਜੰਕਸ਼ਨ’ ਅਤੇ ‘ਐਨ ਅਨਟੋਲਡ ਫੈਕਟ ਲਤੀਫ਼’, ਜਿਨ੍ਹਾਂ ਵਿਚ ਨਸੀਰੂਦੀਨ ਸ਼ਾਹ, ਕੇ ਕੇ ਮੈਨਨ, ਜਿੰਮੀ ਸ਼ੇਰਗਿੱਲ ਅਤੇ ਨਵਾਜ਼ੂਦੀਨ ਸਿੱਦੀਕੀ ਵਰਗੇ ਹਿੰਦੀ ਫ਼ਿਲਮ ਸਿਤਾਰੇ ਦਿਸਣੇ ਸਨ, ਕਿਸੇ ਕਾਰਨ ਦਿਖਾਈਆਂ ਨਾ ਜਾ ਸਕੀਆਂ। ਉਸੇ ਦਿਨ ਰਿਚਮੰਡ ਹਿੱਲ ਦੇ ਯਾਰਕ ਸਿਨੇਮਾ ਵਿਚ ਦਿਖਾਈਆਂ ਗਈਆਂ ਦੋ ਫ਼ਿਲਮਾਂ ‘ਦ ਗੁੱਡ ਰੋਡ’ ਅਤੇ ‘ਦੇਸਵਾ’, ਸਮੇਂ ਸਿਰ ਪਹੁੰਚਣ ਦੇ ਸਾਧਨਾਂ ਦੀ ਅਣਹੋਂਦ ਦੀ ਵਜ੍ਹਾ ਨਾਲ਼ ਦੇਖਣੋਂ ਰਹਿ ਗਈਆਂ। ਸ਼ਾਮ ਨੂੰ ਬਰੈਂਪਟਨ ਦੇ ਸ਼ੇਰੀਡਨ ਕਾਲਜ ਦੀ ਗਰਾਊਂਡ ਵਿਚ ਗੀਤ-ਸੰਗੀਤ ਦੇ ਸ਼ੋਅ ਮਗਰੋਂ ‘ਯਾਰ ਅਣਮੁੱਲੇ-2’ ਦਿਖਾਈ ਗਈ, ਜਿਸ ਦਾ ਮਿਆਰ ਮੇਲੇ ਵਿਚ ਉਸ ਦਿਨ ਤਕ ਦੇਖੀਆਂ ਫ਼ਿਲਮਾਂ ਦੇ ਮਿਆਰ ਦੇ ਨੇੜੇ-ਤੇੜੇ ਵੀ ਨਹੀਂ ਸੀ।
18 ਮਈ ਨੂੰ 12 ਵਜੇ ਫਿਰ ਹੋਟਲ ਕੋਰਟਯਾਰਡ ਮੈਰੀਅਟ ਦੇ ਵਿੰਡਸਰ ਬਾਲਰੂਮ ਵਿਚ ਦੋ ਛੋਟੀਆਂ ਫ਼ਿਲਮਾਂ ਦਿਖਾਈਆਂ ਗਈਆਂ। ਪਹਿਲਾਂ ਪੰਜਾਬੀ ਫ਼ਿਲਮ ‘ਅੰਨਦਾਤਾ’ ਦਿਖਾਈ ‘ਗਈ ਤੇ ਫਿਰ ਅੰਗਰੇਜ਼ੀ ਨਾਂ ਵਾਲ਼ੀ ਪੰਜਾਬੀ ਫ਼ਿਲਮ ‘ਦ ਸਪਲਿਟ’ ਦਿਖਾਈ ਗਈ। ਦੋਵੇਂ ਫ਼ਿਲਮਾਂ ਤਲਖ਼ ਹਕੀਕਤਾਂ ਦੀ ਤਰਜਮਾਨੀ ਕਰਦੀਆਂ ਸਨ ਅਤੇ ਦੋਹਾਂ ਬਾਰੇ ਹੀ ਭਰਪੂਰ ਚਰਚਾ ਵੀ ਹੋਈ। ‘ਅੰਨਦਾਤਾ’ ਵਿਚ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਦਾ ਮਸਲਾ ਲਿਆ ਗਿਆ ਸੀ ਜਦੋਂ ਕਿ ‘ਦਾ ਸਪਲਿਟ’ ਵਿਚ ਸ਼ਰਾਬ ਕਾਰਨ ਇਕ ਪਰਿਵਾਰ ਵਿਚ ਪਿਆ ਕਲੇਸ਼ ਨਿਬੇੜਨ ਵਿਚ ਉਸ ਘਰ ਦੀ ਧੀ ਦੇ ਯੋਗਦਾਨ ਦੀ ਗੱਲ ਸੀ। ਇਸ ਫ਼ਿਲਮ ਦੀ ਸਕਰਿਪਟ ਬਹੁਤ ਹੀ ਸਰਲ ਜਿਹੀ ਸੀ।ਫ਼ਿਲਮਸਾਜ਼ੀ ਦੇ ਵਿਦਿਆਰਥੀ ਬਖ਼ਸ਼ੀਸ ਸਿੰਘ ਵਾਲ਼ੀਆ ਨੇ ਇਸ ਫ਼ਿਲਮ ਦੀ ਸਿਨੇਮੈਟੋਗ੍ਰਾਫ਼ੀ ਅਤੇ ਐਡੀਟਿੰਗ ਦਾ ਕੰਮ ਬਹੁਤ ਜ਼ਿੰਮੇਵਾਰੀ ਨਾਲ਼ ਕੀਤਾ ਹੈ। ਨਿਰਦੇਸ਼ਕ ਨਵਦੀਪ ਝੱਜ ਦੀ ਇਹ ਫ਼ਿਲਮ, ਦਰਸ਼ਕਾਂ ਨੇ ਪਸੰਦ ਕੀਤੀ। ਦਰਸ਼ਨ ਦਰਵੇਸ਼ ਦੀ ਫ਼ਿਲਮ ‘ਵੱਤਰ’ ਵੀ ਦਿਖਾਈ ਜਾਣੀ ਸੀ, ਪਰ ਉਸ ਲਈ ਓਕਵਿਲ ਦੇ ਸ਼ੇਰੀਡਨ ਕਾਲਜ ਜਾਣਾ ਬਹੁਤ ਦੂਰ ਪੈਂਦਾ ਸੀ। ਇਸ ਲਈ, ਇਹ ਦੋਵੇਂ ਛੋਟੀਆਂ ਫ਼ਿਲਮਾਂ ਖ਼ਤਮ ਹੋਣ ਸਾਰ, ਲੈਂਡਮਾਰਕ ਸਿਨੇਮਾਜ਼ ਵੱਲ ਰਵਾਨਗੀ ਪਾਈ ਕਿਉਂ ਕਿ ਉੱਥੇ ਤਿੰਨ ਬਹੁਤ ਹੀ ਚਰਚਿਤ ਫ਼ਿਲਮਾਂ ‘ਓਸ’, ‘ਸੁਰਖ਼ਾਬ’ ਅਤੇ ‘ਸੂਹੇ ਫੁਲ’ ਦਿਖਾਈਆਂ ਜਾਣੀਆਂ ਸਨ। ਪਹਿਲੀਆਂ ਦੋਹਾਂ ਫ਼ਿਲਮਾਂ ਦਾ ‘ਕੇਨੈਡਾ ਪ੍ਰੀਮੀਅਰ’ ਹੋਣਾ ਸੀ ਜਦੋਂ ਕਿ ਤੀਜੀ ਦਾ ‘ਵਰਲਡ ਪ੍ਰੀਮੀਅਰ’ ਸੀ। ਸਾਡੇ ਪਹੁੰਚਣ ਤਕ ‘ਓਸ’ ਦਿਖਾਈ ਜਾ ਚੁੱਕੀ ਸੀ। ਸੁਣਨ ਵਿਚ ਆਇਆ ਕਿ ਉਸ ਦੇ ਕੁੱਝ ਦ੍ਰਿਸ਼ਾਂ ਉੱਤੇ ਲੋਕਾਂ ਨੇ ਇਤਰਾਜ਼ ਕੀਤਾ, ਜਿਸ ਕਾਰਨ ਫ਼ਿਲਮ ਰੋਕਣੀ ਵੀ ਪਈ ਤੇ ਕੁੱਝ ਲੋਕ ਸਿਨੇਮਾ ਹਾਲ ਵਿਚੋਂ ਚਲੇ ਵੀ ਗਏ। ‘ਸੁਰਖ਼ਾਬ’ ਦੀ ਨਾਇਕਾ ਬਰਖਾ ਮਦਾਨ ਮੇਲੇ ਵਿਚ ਬੋਧੀ ਭਿਕਸ਼ਣੀ ਦੇ ਰੂਪ ਵਿਚ ਹਾਜ਼ਰ ਸੀ। ਇਸ ਫ਼ਿਲਮ ਵਿਚ ਗੱਲ ਤਾਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਉਹਲੇ ਵਿਚ, ਉਨ੍ਹਾਂ ਰਾਹੀਂ ਸਮੱਗਲਿੰਗ ਕਰਨ ਦੀ ਕੀਤੀ ਗਈ ਸੀ, ਪਰ ਇਹ ਗੱਲ ਕਹਿਣ ਲਈ ਕਹਾਣੀ ਅਤੇ ਨਿਰਦੇਸ਼ਨ ਬਹੁਤ ਕਮਜ਼ੋਰ ਸੀ। ਪੰਜਾਬ ਦੇ ਕਿਸੇ ਪਿੰਡ ਦੀ ਕੁੜੀ, ਜਿਸ ਦੀ ਭੂਮਿਕਾ ਬਰਖਾ ਨੇ ਨਿਭਾਈ, ਕਰਾਟੇ ਦੀ ਮਾਹਰ ਦਿਖਾਈ ਗਈ ਹੈ। ਕਿਰਦਾਰਾਂ ਦੇ ਆਪਸੀ ਸਬੰਧ ਬਹੁਤ ਅਜੀਬ ਕਿਸਮ ਦੇ ਦਿਖਾਏ ਹੋਏ ਸਨ। ਨਾਇਕਾ ਨੂੰ ਨਜਾਇਜ਼ ਢੰਗ ਨਾਲ਼ ਕੈਨੇਡਾ ਭੇਜਣ ਵਾਲ਼ੇ ਏਜੰਟ ਦਾ ਭਾਣਜਾ, ਜੋ ਬਹੁਤ ਹੀ ਲੋਫਰ ਕਿਸਮ ਦਾ ਦਿਖਾਇਆ ਗਿਆ ਹੈ, ਨਾਇਕਾ ਨਾਲ਼ ਬਹੁਤ ਅਜੀਬ ਕਿਸਮ ਦੀਆਂ ਹਰਕਤਾਂ ਕਰਦਾ ਹੈ। ਮੁੱਕਦੀ ਗੱਲ ਇਹ ਕਿ ਆਮ ਹਿੰਦੀ ਫ਼ਿਲਮਾਂ ਦੀ ਮਾੜੀ ਨਕਲ ਜਿਹੀ ਲੱਗਦੀ ਇਸ ਫ਼ਿਲਮ ਦਾ, ਇਸ ਮੇਲੇ ਲਈ ਚੁਣਿਆ ਜਾਣਾ ਵੀ ਹੈਰਾਨ ਕਰਦਾ ਰਿਹਾ। ਇਸ ਵਿਚ ਨਾ ਕਿਤੇ ਕੋਈ ‘ਸੁਰ’ ਸੀ ਤੇ ਨਾ ਹੀ ‘ਖ਼ਾਬ’ ਸੀ।
ਅਗਲੀ ਫ਼ਿਲਮ ‘ਸੂਹੇ ਫੁਲ’ ਭਾਵੇਂ ਪੰਜਾਬੀ ਫ਼ਿਲਮ ਸੀ, ਪਰ ਉਸ ਦਾ ਹਾਲ ਵੀ ‘ਸੁਰਖ਼ਾਬ’ ਵਾਲ਼ਾ ਹੀ ਸੀ। ਉਸ ਵਿਚ ਹਰਭਜਨ ਮਾਨ ਦਾ ਗੈਸਟ ਕਰੈਕਟਰ ਧੱਕੇ ਨਾਲ਼ ਹੀ ਤੁੰਨਿਆ ਹੋਇਆ ਸੀ। ਇਸ ਫ਼ਿਲਮ ਦਾ ਨਿਰਦੇਸ਼ਕ ਕੋਈ ਨਹੀਂ ਸੀ। ਹਾਂ, ਇਕ ‘ਕ੍ਰੀਏਟਿਵ ਡਾਇਰੈਕਟਰ’ ਸੀ, ਜਿਸ ਦਾ ਨਾਂ ਇੰਦਰਜੀਤ ਬਾਂਸਲ ਸੀ। ਫ਼ਿਲਮ ਦੇ ਸਬੰਧ ਵਿਚ ਕੋਈ ਗੱਲ ਕਰਨ ਲਈ ਇਹ ‘ਕ੍ਰੀਏਟਿਵ ਡਾਇਰੈਕਟਰ’ ਵੀ ਗ਼ਾਇਬ ਸੀ। ਇਹ ਫ਼ਿਲਮ ਦੇ ਦੋ ਅਦਾਕਾਰ ਨਿਸ਼ਵਾਨ ਭੁੱਲਰ, ਜਿਸ ਦਾ ਨਾਂ ਫ਼ਿਲਮ ਅਤੇ ਪਬਲਿਸਿਟੀ ਵਿਚ ‘ਨਿਸ਼ਾਵਨ ਭੁੱਲਰ’ ਵਾਂਗ ਲਿਖਿਆ ਹੋਇਆ ਸੀ ਅਤੇ ਉਪਿੰਦਰ ਰੰਧਾਵਾ, ਜੋ ਇਸ ਫ਼ਿਲਮ ਦਾ ‘ਸਭ ਕੁੱਝ’ ਹੋਣ ਦਾ ਭੁਲੇਖਾ ਪਾਉਂਦਾ ਸੀ, ਲੈ ਕੇ ਆਏ ਹੋਏ ਸਨ। ਫ਼ਿਲਮ ਦੇ ਸ਼ੁਰੂ ਵਿਚ ਲਿਖਿਆ ਹੋਇਆ ਹੈ ਕਿ ਇਹ ਫ਼ਿਲਮ ਬਲਵੰਤ ਗਾਰਗੀ ਦੀ ਇਕ ਕਹਾਣੀ ਤੋਂ ਪ੍ਰੇਰਤ ਹੋ ਕੇ ਬਣਾਈ ਗਈ ਹੈ। ਇਸ ਵਿਚ ‘ਕਾਠ ਦੀ ਹਾਂਡੀ ਵਾਰ-ਵਾਰ ਚੜ੍ਹਾਉਣ’ ਦੀ ਤਰਜ਼ ਉੱਤੇ, ਚਾਹ ਬਣਾਉਣ ਲਈ ਇਕ ਪਤੀਲੀ ਧੋਣ ਤੋਂ ਬਗ਼ੈਰ ਹੀ ਵਾਰ-ਵਾਰ ਹੀਟਰ ਉੱਤੇ ਚੜਾਈ ਜਾਂਦੀ ਹੈ। ਅੱਧੀ ਕੁ ਫ਼ਿਲਮ ਉਸ ਪਤੀਲੀ ਦੁਆਲੇ ਘੁੰਮਦੀ ਰਹਿੰਦੀ ਹੈ ਤੇ ਪਤੀਲੀ ਦੁਆਲੇ ਘੁੰਮਦੀਆਂ ਰਹਿੰਦੀਆਂ ਹਨ ਮੱਖੀਆਂ।
ਫ਼ਿਲਮ ਦੇਖਣ ਦੌਰਾਨ ਇਕ ਵਾਰ ਤਾਂ ਮੇਰੇ ਮੂੰਹੋਂ ਇਹ ਨਿੱਕਲ ਗਿਆ, “ਇਸ ਫ਼ਿਲਮ ਦਾ ਸਿਰਲੇਖ ਤਾਂ ‘ਚਾਹ ਵਾਲ਼ੀ ਪਤੀਲੀ’ ਹੋਣਾ ਚਾਹੀਦਾ ਸੀ। ਅਜੀਬੋ-ਗ਼ਰੀਬ ਘਟਨਾਵਾਂ ਨਾਲ਼ ਫ਼ਿਲਮ ਖ਼ਤਮ ਹੋਈ ਤਾਂ ਇਸ ਦਾ ‘ਸਭ ਕੁੱਝ’ ਜਾਪਦਾ ਉਪਿੰਦਰ ਰੰਧਾਵਾ ਸੁਆਲਾਂ ਦੇ ਜੁਆਬ ਦੇਣ ਦੇ ਉਹਲੇ ਵਿਚ, ਇਸ ਫ਼ਿਲਮ ਦੀ ਅਜੀਬੋ ਤੇ ਗ਼ਰੀਬ ਜਿਹੀ ਵਿਆਖਿਆ ਕਰਨ ਲੱਗਿਆ, ਜੋ ਕਿਸੇ ਤਰ੍ਹਾਂ ਵੀ ਇਸ ਫ਼ਿਲਮ ਦਾ ਘਰ ਪੂਰਾ ਨਹੀਂ ਕਰਦੀ ਸੀ। 
“ਬਲਵੰਤ ਗਾਰਗੀ ਦੀ ਕਹਾਣੀ ਤੋਂ ਲਈ ਹੋਈ ਪ੍ਰੇਰਨਾ ਇਸ ਫ਼ਿਲਮ ਵਿਚ ਕਿੱਥੋਂ ਤਕ ਗਈ ਹੈ? ਕੀ ਇਹ ਸਾਰੀ ਕਹਾਣੀ ਉਨ੍ਹਾਂ ਦੀ ਹੀ ਹੈ?” ਦੇ ਜੁਆਬ ਵਿਚ ਰੰਧਾਵਾ ਨੇ ਕਿਹਾ ਕਿ ਇਹ ਫ਼ਿਲਮ ਗਾਰਗੀ ਦੀ ਕਹਾਣੀ ‘ਦੇਗਚੀ’ ਤੋਂ ਪ੍ਰੇਰਨਾ ਲੈ ਕੇ ਬਣਾਈ ਗਈ ਹੈ। ਇਹ ਸੁਣ ਕੇ ਮੇਰੇ ਮਨ ਵਿਚ ‘ਪਤੀਲੀ ਵਾਲ਼ਾ ਸਿਰਲੇਖ’ ਫੇਰ ਘੁੰਮ ਗਿਆ। ਇਹ ਫ਼ਿਲਮ ਇਸ ਮੇਲ਼ੇ ਵਿਚ ਦਿਖਾਉਣ ਲਈ ਚੁਣਨ ਦੇ ਆਧਾਰ ਨੂੰ ‘ਲਿਹਾਜ਼’ ਹੀ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਤਕਰੀਬਨ ਹਰ ਰਾਤ ਨੂੰ ਬਹੁਤ ਦੇਰ ਤਕ ਹੋਈਆਂ ਪਾਰਟੀਆਂ ਵੀ, ਇਸ ਮੇਲੇ ਦਾ ਹਿੱਸਾ ਸਮਝੀਆਂ ਗਈਆਂ, ਪਰ ਵਧੀਆ ਫ਼ਿਲਮਾਂ ਬਣਾਉਣ ਦੇ ਸਬੰਧ ਵਿਚ ਉਨ੍ਹਾਂ ਪਾਰਟੀਆਂ ਦਾ ਕੀ ਯੋਗਦਾਨ ਰਿਹਾ ਹੋਵੇਗਾ, ਉਹ ਮੈਂ ਨਹੀਂ ਦੱਸ ਸਕਾਂਗਾ ਕਿਉਂ ਕਿ ਮੈਂ ਉਨ੍ਹਾਂ ਵਿਚ ਸ਼ਾਮਲ ਨਹੀਂ ਸਾਂ।
19 ਮਈ ਨੂੰ ਜਿਹੜੀ ਫ਼ਿਲਮ ਦਿਖਾ ਕੇ ਇਹ ਮੇਲਾ ਸਿਰੇ ਚੜ੍ਹਾਇਆ ਜਾਣਾ ਸੀ, ਉਹ ਪਾਕਿਸਤਾਨ ਵਿਚ ਬਣੀ ਹੋਈ ਉਰਦੂ ਫ਼ਿਲਮ ‘ਚੰਬੇਲੀ’ ਸੀ। 18 ਮਈ ਨੂੰ ਦੇਖੀਆਂ ਫ਼ਿਲਮਾਂ ਨੇ ਇਹੋ ਜਿਹੀ ਭਾਨ ਪਾਈ ਹੋਈ ਸੀ ਕਿ ਮਨ ਵਿਚ ਕਿਸੇ ਸਿਆਣੇ ਦੀ ਕਹੀ ਹੋਈ ਇਹ ਗੱਲ ਗੂੰਜ ਰਹੀ ਸੀ, “ਪਾਕਿਸਤਾਨ ਵਿਚ ਬਣਨ ਵਾਲ਼ੇ ਟੈਲੀ-ਸੀਰੀਅਲਾਂ ਦਾ ਤਾਂ ਜੁਆਬ ਨਹੀਂ ਹੁੰਦਾ, ਪਰ ਪਾਕਿਸਤਾਨ ਦੀਆਂ ਫ਼ਿਲਮਾਂ ਤਾਂ ਨਿਰਾ ਕੂੜਾ ਹੁੰਦੀਆਂ ਹਨ।” ਇਸ ਦੌਰਾਨ ਹੀ ਮਨ ਵਿਚ ਆਈ ਜਾਵੇ ਕਿ ਇਹ ‘ਚੰਬੇਲੀ’ ਨਹੀਂ, ‘ਚਮੇਲੀ’ ਹੀ ਹੋਣੀ ਹੈ। ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਤਕ ਮੈਂ ਸਮਝਦਾ ਸਾਂ ਕਿ ਇਹ ‘ਚੰਬੇਲੀ ਬਾਈ’ ਨਾਂ ਦੀ ਕਿਸੇ ਵੇਸਵਾ-ਵੂਸਵਾ ਦੀ ਕਹਾਣੀ ਹੋਵੇਗੀ ਤੇ ਸੰਘ ਪਾੜ-ਪਾੜ ਬੋਲੇ ਜਾਣ ਵਾਲ਼ੇ ਡਾਇਲਾਗਾਂ ਨਾਲ਼ ਲੱਦੀ ਹੋਈ ਹੋਵੇਗੀ। ਇਕ ਵਾਰ ਤਾਂ ਮੈਂ ਇਹ ਵੀ ਸੋਚ ਲਿਆ ਕਿ ਜੇ ਫ਼ਿਲਮ ਸੰਘੋਂ ਨਾ ਹੀ ਉੱਤਰੀ ਤਾਂ ਉੱਠ ਕੇ ਤੁਰ ਜਾਵਾਂਗਾ। ਫ਼ਿਲਮ ਸ਼ੁਰੂ ਹੋਈ ਤਾਂ ਕਿੰਨਾ ਹੀ ਚਿਰ ਇਹੋ ਜਿਹਾ ਕੁੱਝ ਨਾ ਹੋਇਆ। ਕੋਈ ਵੇਸਵਾ ਨਾ ਨੱਚੀ, ਕੋਈ ਮੁਜਰਾ ਨਾ ਹੋਇਆ। 
ਸਵਾ ਦੋ ਘੰਟੇ ਚੱਲੀ ਇਸ ਫ਼ਿਲਮ ਦੀ ਕਹਾਣੀ ‘ਮੁਲਕਿ-ਖ਼ੁਦਾਦਾਦ’ ਨਾਂ ਦੇ ਦੇਸ਼ ਦੇ ਸ਼ਹਿਰ ‘ਫ਼ਲਕਾਬਾਦ’ ਦੀ ‘ਯਾਦਗ਼ਾਰ ਕਾਲੋਨੀ’ ਵਿਚ ਵਾਪਰਦੀ ਹੈ। ਫ਼ਲਕਾਬਾਦ ਦਾ ਨਾਂ ਇਸ ਮੁਲਕ ਦੇ ਹੁਕਮਰਾਨ (ਸਲਮਾਨ ਪੀਰਜ਼ਾਦਾ) ਦੇ ਬਾਪ ਦੇ ਨਾਂ ’ਤੇ ਰੱਖਿਆ ਹੋਇਆ ਹੈ। ਹੁਣ ਹੁਕਮਰਾਨ ਖ਼ਾਨਦਾਨ ਦੀ ਤੀਜੀ ਪੀੜ੍ਹੀ ਇਸ ਮੁਲਕ ਦੀ ਹੁਕਮਰਾਨ ਬਣਾਏ ਜਾਣ ਦੇ ਮਨਸੂਬੇ ਬਣਾਏ ਜਾ ਰਹੇ ਹਨ। ਅਬਦੁੱਲਾ ਕਾਦਵਾਨੀ ਅਤੇ ਸ਼ਹਿਜ਼ਾਦ ਨਵਾਜ਼ ਵੱਲੋਂ ਰਲ਼ ਕੇ ‘ਕੂ ਡਿਟੇਟ ਫ਼ਿਲਮਜ਼’ ਅਤੇ ‘ਸੈਵਨਥ ਸਕਾਈ ਫ਼ਿਲਮਜ਼’ ਦੇ ਸਾਂਝੇ ਪ੍ਰਬੰਧ ਅਤੇ ਇਸਮਾਈਲ ਜਿਲਾਨੀ ਦੇ ਨਿਰਦੇਸ਼ਨ ਹੇਠ ਬਣਾਈ ਗਈ, ਇਸ ਫ਼ਿਲਮ ਵਿਚ ਸਲਮਾਨ ਪੀਰਜ਼ਾਦਾ, ਖ਼ਾਲਿਦ ਅਹਿਮਦ, ਮਾਇਰਾ ਖ਼ਾਨ, ਸ਼ਫ਼ਕਤ ਚੀਮਾ, ਹਮਜ਼ਾ ਅੱਬਾਸੀ, ਸਾਦੀਆ ਹਯਾਤ, ਸਾਈਕਾ, ਅਲੀ ਤਾਹਿਰ, ਅਹਿਤੀਸ਼ਮਸੂਦੀਨ, ਖ਼ਾਲਿਦ ਕੁਰੈਸ਼ੀ, ਫ਼ਾਤਿਮਾ, ਹੁਮਾਯੂੰ ਬਿਨ ਰਾਠੌਰ ਅਤੇ ਸ਼ਹਿਜ਼ਾਦ ਨਵਾਜ਼ ਨੇ ਖ਼ੁਦ ਅਹਿਮ ਕਿਰਦਾਰ ਨਿਭਾਏ ਹਨ।
‘ਚੰਬੇਲੀ’ ਪਾਕਿਸਤਾਨੀ ਸਿਨੇਮਾ ਦੇ ਇਤਿਹਾਸ ਵਿਚ ਪਹਿਲੀ ਫ਼ਿਲਮ ਹੈ, ਜਿਸ ਵਿਚ ਸਿਆਸੀ ਡਰਾਮਾ ਕਰਾਇਆ ਗਿਆ ਹੈ। ਪਹਿਲੀ ਵਾਰ ਹੀ ਇਕ ਫ਼ਿਲਮ ਨੇ ਸਿਆਸੀ ਭ੍ਰਿਸ਼ਟਾਚਾਰ ਦੀ ਬਾਤ ਛੇੜੀ ਹੈ। ‘ਚੰਬੇਲੀ’ ਡਿਜੀਟਲ ਤਕਨੀਕ ਨਾਲ਼ ਬਣੀ ਹੋਈ, ਪਾਕਿਸਤਾਨ ਦੀ ਪਹਿਲੀ ਫ਼ਿਲਮ ਵੀ ਹੈ। ਇਸ ਵਿਚ ਕੁੱਝ ਦੋਸਤ ਹਨ, ਜੋ ਹਿੰਮਤੀ ਹਨ। ਇਹ ਦੋਸਤ ਉਸ ਵੇਲ਼ੇ ਆਪਣੇ ਮੁਲਕ ਅੰਦਰ ‘ਤਹਿਰੀਕਿ-ਚੰਬੇਲੀ’ ਨਾਂ ਦੇ ਅੰਦੋਲਨ ਦੀ ਨੀਂਹ ਰੱਖਦੇ ਹਨ, ਜਦੋਂ ਉਨ੍ਹਾਂ ਦਾ ਮੁਲਕ ਸਿਆਸੀ ਭ੍ਰਿਸ਼ਟਾਚਾਰ ਵਿਚ ਗ਼ਰਕ ਚੁੱਕਾ ਹੈ ਤੇ ਉਸ ਦੀ ਹਕੂਮਤ ਉੱਤੇ ਇਕੋ ਹੀ ਖ਼ਾਨਦਾਨ ਕਾਬਿਜ਼ ਹੈ ਜਦੋਂ ਕਿ ਆਮ ਆਦਮੀ ਨਰਕ ਭੋਗ ਰਿਹਾ ਹੈ। ਇਹ ਪਾਰਟੀ ਬਣਾਉਣ ਵਾਲ਼ੇ ਇਹ ਨੌਜੁਆਨ ਇਸ ਦੇਸ਼ ਵਿਚ ਹਕੂਮਤ ਵੱਲੋਂ ਪੈਦਾ ਕੀਤੇ ਹੋਏ ਮਾੜੇ ਹਾਲਾਤ ਦੇ ਸ਼ਿਕਾਰ ਹਨ। ਸਿਆਸੀ ਤਜਰਬੇ ਤੋਂ ਵਾਂਝੇ ਇਹ ਨੌਜੁਆਨ, ਆਪਣੇ ਮੁਲਕ ਦੇ ਆਮ ਲੋਕਾਂ ਨੂੰ ਆਪਣੇ ਨਾਲ਼ ਜੋੜਨ ਵਿਚ ਕਾਮਯਾਬ ਹੁੰਦਿਆਂ ਚੋਣਾਂ ਜਿੱਤ ਕੇ ‘ਤਹਿਰੀਕਿ ਚੰਬੇਲੀ’ ਦੀ ਸਰਕਾਰ ਬਣਾਉਂਦੇ ਹਨ।
ਸਿਆਸਤ ਨਾਲ਼ ਭਰੀ ਹੋਈ ਇਹ ਫ਼ਿਲਮ, ਇਕ ਪਲ ਲਈ ਵੀ ਸਿਆਸਤ ਵਾਂਗ ਖ਼ੁਸ਼ਕ ਨਹੀਂ ਹੁੰਦੀ। ਇਸ ਵਿਚ ਰੁਮਾਂਸ ਉਸੇ ਤਰ੍ਹਾਂ ਸ਼ਾਮਲ ਹੈ, ਜਿੱਦਾਂ ‘ਚੰਬੇਲੀ’ ਦੇ ਫੁਲ ਅੰਦਰ ਖ਼ੁਸ਼ਬੂ ਹੁੰਦੀ ਹੈ। 13 ਗੀਤਾਂ ਵਾਲ਼ੀ ਇਸ ਫ਼ਿਲਮ ਦਾ ਇਕ ਵੀ ਗੀਤ, ਕਹਾਣੀ ਦੀ ਰਵਾਨੀ ਨਹੀਂ ਰੋਕਦਾ। ਇਹ ਫ਼ਿਲਮ ਦੇਖ ਕੇ ਏਦਾਂ ਲੱਗਿਆ ਕਿ ਇਹ ਫ਼ਿਲਮ ਨਾ ਦੇਖਦਾ ਤਾਂ ਮੇਰਾ ਇਸ ਮੇਲੇ ਵਿਚ ਆਉਣਾ ਫ਼ਜ਼ੂਲ ਸੀ। ਮੈਨੂੰ ਇਸ ਫ਼ਿਲਮ ਦੇ ਕਲਾਈਮੈਕਸ ਵਿਚ ਇਸ ਦੇ ਹੀਰੋ ‘ਸੈਫ਼’ ਦੇ ਰੂਪ ਵਿਚ, ਫ਼ਿਲਮ ਦੇ ਸਕਰਿਪਟ ਲੇਖਕ ਸ਼ਹਿਜ਼ਾਦ ਨਵਾਜ਼ ਦੀ ਧੌਣ ਦੁਆਲੇ ਲਪੇਟਿਆ ਹੋਇਆ ਗੁਲੂਬੰਦ, ਅਰਵਿੰਦ ਕੇਜਰੀਵਾਲ ਦਾ ਹੀ ਲੱਗਦਾ ਰਿਹਾ। 
ਹਰ ਮੇਲੇ-ਗੇਲੇ ਵਿਚ ਕਮੀਆਂ, ਖ਼ਾਮੀਆਂ ਤੇ ਘਾਟਾਂ ਰਹਿ ਜਾਂਦੀਆਂ ਹਨ ਤੇ ਇਸ ਮੇਲੇ ਵਿਚ ਵੀ ਸਨ। ਉਹ ਘਾਟਾਂ ਛਾਂਟ ਕੇ ਦੂਰ ਕਰਨੀਆਂ ਪੈਣਗੀਆਂ ਤੇ ਅਗਲੀ ਵਾਰ ਮੇਲੇ ਵਿਚ ਦਿਖਾਈਆਂ ਜਾਣ ਲਈ ਫ਼ਿਲਮਾਂ ਦੀ ਚੋਣ ਕਰਨ ਲੱਗਿਆਂ ਸਹੀ ਮਾਅਨਿਆਂ ਵਿਚ ਬੇਲਿਹਾਜ਼ ਹੋਣਾ ਪਵੇਗਾ ਤੇ ਇਸ਼ਾਰਾ ਸਮਝਣਾ ਪਵੇਗਾ। #