ਦਸ ਸਾਲ ਪਹਿਲਾਂ ਉਧਾਲ਼ੀ ਕੁੜੀ
ਉਸ ਦੀ ਮਾਂ ਦੇ ਯਾਰ ਵੱਲੋਂ ਮਾਂ ਬਣਾਈ ਲੱਭੀ
ਬਖ਼ਸ਼ਿੰਦਰ
ਇਸ ਲੇਖ ਦਾ ਸਿਰਲੇਖ ਇਕ ਦਮ ਮੱਥੇ ਵਿਚ ਵੱਜਦਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਇਹ ਸਿਰਲੇਖ ਮੱਥਿਆਂ ਵਿਚ ਹੀ ਨਾ, ਮੇਰੇ ਪਾਠਕਾਂ ਦੀਆਂ ਜ਼ਮੀਰਾਂ ਵਿਚ ਵੀ ਵੱਜੇ ਤੇ ਹੋਰ ਜ਼ੋਰ ਨਾਲ਼ ਵੱਜੇ। ਬਹੁਤ ਸਾਰੇ ਪਾਠਕ ਇਸ ਸਿਰਲੇਖ ਉੱਤੇ ਇਤਰਾਜ਼ ਵੀ ਕਰ ਸਕਦੇ ਹਨ। ਇਹੋ ਜਿਹੇ ਪਾਠਕਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਜੇ ਉਹ ਸਵੇਰ-ਸ਼ਾਮ ‘ਬੁਆਏ ਫਰੈੰਡ-ਬੁਆਏ ਫਰੈੰਡ’ ਸੁਣ ਸਕਦੇ ਹਨ, ਸਹਿ ਸਕਦੇ ਹਨ ਤਾਂ ਉਹ ‘ਮਾਂ ਦੇ ਯਾਰ’ ਸ਼ਬਦਾਂ ਨੂੰ ਵੀ ਹਜ਼ਮ ਕਰਨ ਦਾ ਹੀਲਾ ਕਰਨ ਕਿਉਂ ਕਿ ਇਹ ਸ਼ਬਦ ‘ਬੁਆਏ ਫਰੈੰਡ’ ਦਾ ਕਿਰਦਾਰ ਪੰਜਾਬੀ ਵਿਚ ਦੱਸਣ ਦਾ ਹੀਲਾ ਕਰਦਿਆਂ ਹੀ ਵਰਤੇ ਗਏ ਹਨ। ਨਾਲ਼ੇ ਇਸ ਗੱਲ ਦਾ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਵਿਦੇਸ਼ੀ ਸਭਿਆਚਾਰ ਨੂੰ ਨੱਠ-ਨੱਠ ਕੇ ਫੜਨ ਦੇ ਹੀਲੇ ਕਰਦਿਆਂ ਕਿੰਨੀ ਤਰੱਕੀ ਕਰ ਗਏ ਹਾਂ ਅਸੀਂ! ਮੁਟਿਆਰਾਂ ਧੀਆਂ ਦੀਆਂ ਮਾਵਾਂ ਮੁਆਸ਼ਕੇ ਮਾਣਦੀਆਂ ਹਨ, ਇਸ਼ਕ ਹੰਢਾਉਂਦੀਆਂ ਹਨ ਤੇ ਇਹ ਸਮਝਦੀਆਂ ਹੀ ਨਹੀਂ, ਸਗੋਂ ਪ੍ਰਚਾਰਦੀਆਂ ਵੀ ਹਨ ਕਿ ਜੁਆਨੀ ਦੀ ਦਹਿਲੀਜ਼ ਉੱਤੇ ਪੈਰ ਧਰ ਚੁੱਕੀਆਂ, ਉਨ੍ਹਾਂ ਦੀਆਂ ਧੀਆਂ ਤਾਂ ਹਾਲੇ ਨਿਆਣੀਆਂ ਹੀ ਹਨ ਤੇ ਉਨ੍ਹਾਂ ਨੂੰ ਹਾਲੇ ਨਵੇਂ ਜ਼ਮਾਨੇ ਦੀ ਹਵਾ ਨਹੀਂ ਲੱਗੀ। ਦੂਜੇ ਪਾਸੇ ਹੋਇਆ ਇਹ ਹੁੰਦਾ ਹੈ ਕਿ ਧੀਆਂ ਆਪਣੇ ਘਰਾਂ ਵਿਚ ਆਪਣੀਆਂ ਮਾਵਾਂ ਦੇ ਯਾਰ ਆਉਂਦੇ ਵੀ ਦੇਖਦੀਆਂ ਹਨ ਤੇ ਉਹ, ਆਪਣੇ ਘਰਾਂ ਵਿਚ ਆ ਕੇ ਇਨ੍ਹਾਂ ‘ਓਪਰੇ ਬੰਦਿਆਂ’ ਵੱਲੋਂ ਕੀਤੇ ਜਾਂਦੇ ‘ਕਾਰਨਾਮੇਂ’ ਵੀ ਤਾੜਦੀਆਂ/ ਸਮਝਦੀਆਂ ਹੁੰਦੀਆਂ ਹਨ। ਜਿਹੜੀ ਮਾਂ ਆਪਣੇ-ਆਪ ਨੂੰ ਧੀ ਤੋਂ ਪਰਦਾ ਰੱਖਣ ਦੀ ਮਾਹਰ ਸਮਝਦੀ ਹੈ, ਉਸ ਨੂੰ ਉਸ ਦਿਨ ਵੀ ਪਤਾ ਨਹੀਂ ਲੱਗਦਾ ਕਿ ਪਰਦੇ ਤਾਂ ਪਤਾ ਨਹੀਂ ਕਦੋਂ ਦੇ ਲੀਰੋ-ਲੀਰ ਹੋ ਚੁੱਕੇ ਹਨ, ਜਦੋਂ ਉਸ ਦਾ ਆਪਣਾ ਧਗੜਾ, ਉਸ ਦੀ ਉਸ ਧੀ ਨੂੰ ਘਰੋਂ ਭਜਾ ਲਿਜਾਂਦਾ ਹੈ, ਜਿਹੜੀ ਹਾਲੇ ਚੱਜ ਨਾਲ਼ ਮੁਟਿਆਰ ਵੀ ਨਹੀਂ ਹੋਈ ਹੁੰਦੀ। ਮਾਂ ਆਪਣੇ ਚਿੱਤੋਂ ਜਿਸ ਮਰਦ ਨੂੰ ਸਾਰੇ ਜਹਾਨ ਤੋਂ ਚੋਰੀ ਹੰਢਾਉਂਦੀ ਹੁੰਦੀ ਹੈ, ਉਹੀ ਮਰਦ ਸਾਰੇ ਜਹਾਨ ਤੋਂ ਚੋਰੀ ਹੀ ਨਹੀਂ, ਸਗੋਂ ਉਸ ਮਾਂ ਤੋਂ ਵੀ ਚੋਰੀ ਉਸ ਦੀ ਧੀ ਨੂੰ ਵਰਗਲਾ ਕੇ ਆਪਣੇ ਨਾਲ਼ ਲੈ ਕੇ ਤੀਰ ਹੋ ਜਾਂਦਾ ਹੈ। ਫਿਰ ਦਸ ਸਾਲ ਕਿਸੇ ਨੂੰ ਕਂੰਨੋਂ-ਕੰਨ ਖ਼ਬਰ ਨਹੀਂ ਹੁੰਦੀ ਕਿ ਉਹ ਕੁੜੀ ਕਿੱਥੇ ਹੈ ਤੇ ਉਸ ਨਾਲ਼ ਕਿਹੜਾ-ਕਿਹੜਾ ਭਾਣਾ ਵਰਤ ਰਿਹਾ ਹੈ। ਇਹ ਘਟਨਾ ਹੈ, ਸਭ ਨਾਲੋਂ ਫੁਰਤੀਲੇ ਰਾਜ ਤੰਤਰ ਵਾਲ਼ੇ ਤਰੱਕੀਯਾਫ਼ਤਾ ਮੁਲਕ ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਦੀ!
ਇਕ ਦਹਾਕਾ ਪਹਿਲਾਂ, ਗਰਮੀਆਂ ਦੀ ਇਕ ਰਾਤ ਨੂੰ 15 ਸਾਲਾਂ ਦੀ ਅੱਲ੍ਹੜ ਉਮਰ ਦੀ ਇਕ ਕੁੜੀ ਆਪਣੀ ਮਾਂ ਦੇ ਫਲੈਟ ਦੇ ਨੇੜੇ ਹੀ ਪੈਂਦੇ ਇਕ ਪਾਰਕ ਵਿਚ ਟਹਿਲਦਿਆਂ ਅਜਿਹੀ ਲਾਪਤਾ ਹੋਈ ਕਿ ਦਸ ਸਾਲ ਉਸ ਦੀ ਕੋਈ ਸੂਹ ਹੀ ਨਾ ਮਿਲੀ। ਉਸ ਨੂੰ ਮੈਕਸੀਕੋ ਤੋਂ ਕੈਲੇਫੋਰਨੀਆ ਵਿਚ ਆਪਣੀ ਮਾਂ ਕੋਲ ਆਈ ਨੂੰ ਬਹੁਤਾ ਸਮਾਂ ਨਹੀਂ ਹੋਇਆ ਸੀ। ਪੁਲੀਸ ਨੇ ਉਸ ਕੁੜੀ ਦੇ ਗੁਆਚਣ ਦੀ ਰਿਪੋਰਟ ਦੀ ਰਵਾਇਤੀ ਜਿਹੀ ਤਫ਼ਤੀਸ਼ ਕੀਤੀ ਤੇ ਕੋਈ ਉੱਘ-ਸੁੱਘ ਨਾ ਮਿਲਣ ’ਤੇ ਇਹ ਕੇਸ ਠੰਢੇ ਬਸਤੇ ਵਿਚ ਪਾ ਦਿੱਤਾ। ਮਈ ਦੀ 20-22 ਤਾਰੀਖ਼ ਨੂੰ, ਦਸ ਸਾਲ ਪਹਿਲਾਂ ਗੁਆਚੀ ਉਸ ਕੁੜੀ ਨੇ ਪੁਲੀਸ ਨਾਲ਼ ਸੰਪਰਕ ਕਰ ਕੇ ਇਸ ਮਾਮਲੇ ਦਾ ਪੂਰਾ ਭੇਤ ਖੋਲ੍ਹ ਦਿੱਤਾ ਹੈ। ਉਸ ਕੁੜੀ, ਜਿਸ ਦਾ ਨਾਂ ਪੁਲੀਸ ਨੇ ਜਾਣ-ਬੁੱਝ ਕੇ ਜੱਗ-ਜ਼ਾਹਰ ਨਹੀਂ ਕੀਤਾ, ਨੇ ਬਹੁਤ ਹੀ ਹਿੱਕ ਪਾੜਵੀਂ ਕਹਾਣੀ ਸੁਣਾਈ ਹੈ।
ਕੁੜੀ ਨੇ ਦੱਸਿਆ ਕਿ ਉਸ ਨੂੰ ਉਧਾਲ ਕੇ ਕਈ ਥਾਈਂ ਡੱਕ-ਡੱਕ ਰੱਖਣ ਵਾਲ਼ਾ, ਉਸ ਦੇ ਬਾਪ ਸਮਾਨ ਉਹੀ ‘ਓਪਰਾ ਬੰਦਾ’ ਸੀ, ਜਿਹੜਾ ਵੇਲ਼ੇ ਕੁਵੇਲ਼ੇ ਆ ਕੇ ਉਨ੍ਹਾਂ ਦੇ ਘਰ, ਉਸ ਦੀ ਮਾਂ ਨਾਲ਼ ਰਾਤਾਂ ਕੱਟਦਾ ਹੁੰਦਾ ਸੀ। ਉਸ ਕੁੜੀ ਨੇ ਪੁਲੀਸ ਨੂੰ ਇਹ ਵੀ ਦੱਸਿਆ ਕਿ ਇਸੀਡਰੋ ਗਾਰਸ਼ੀਆ ਨਾਂ ਦੇ ਇਸ 41 ਸਾਲਾ ਬੰਦੇ ਨੇ ਉਸ ਨੂੰ ਦੱਖਣੀ ਕੈਲਿਫੋਰਨੀਆ ਵੱਲ ਜਾਣ ਲਈ ਮਜਬੂਰ ਕਰਨ ਖ਼ਾਤਰ ਵਾਰ-ਵਾਰ ਕੁੱਟਿਆ ਸੀ ਕਿਉਂ ਕਿ ਉਸ ਦਾ ਖ਼ਿਆਲ ਸੀ ਕਿ ਦੱਖਣੀ ਕੈਲਿਫੋਰਨੀਆ ਵਿਚ ਉਨ੍ਹਾਂ ਨੂੰ ਲੁਕਣਾ ਸੌਖਾ ਤੇ ਲੱਭ ਸਕਣਾ ਔਖਾ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਬੰਦੇ ਵੱਲੋਂ ਵਾਰ-ਵਾਰ ਉਸ ਨੂੰ ਕੁੱਟਿਆ ਗਿਆ ਤਾਂ ਉਸ ਦਾ ਸਿਰ ਬਹੁਤ ਦੁਖਣ ਲੱਗ ਪਿਆ। ਉਸ ਨੂੰ ਉਧਾਲਣ ਵਾਲ਼ੇ ਨੇ ਉਸ ਨੂੰ ਸਿਰਦਰਦ ਦੀ ਦਵਾਈ ਦੱਸ ਕੇ ਨਸ਼ੀਲੀ ਦਵਾਈ ਖੁਆ ਦਿੱਤੀ। ਫੇਰ ਉਹ, ਉਸ ਨੂੰ ਪਤਾ ਨਹੀਂ ਕਿੱਥੇ-ਕਿੱਥੇ ਲੈ ਕੇ ਫਿਰਦਾ ਰਿਹਾ। ਉਹ ਜਦੋਂ ਵੀ ਉਸ ਦੇ ਕਬਜ਼ੇ ਵਿਚੋਂ ਭੱਜਣ ਦਾ ਹੀਲਾ ਕਰਦੀ ਤਾਂ ਉਹ ਉਸ ਨੂੰ ਫੜ ਕੇ ਬਹੁਤ ਬੇਕਿਰਕ ਹੋ ਕੇ ਕੁੱਟਦਾ। ਇਕ ਦਿਨ, ਉਸ ਦੀ ਕੁੱਟ ਤੋਂ ਤੰਗ ਆਈ ਉਸ ਕੁੜੀ ਨੇ ਉਸ ਦੀ ਗੱਲ ਮੰਨ ਲਈ ਤੇ ਉਹ, ਉਸ ਨਾਲ਼ ਵਿਆਹ ਕਰਾਉਣ ਲਈ ਰਾਜ਼ੀ ਹੋ ਗਈ।
ਦੂਜੇ ਪਾਸੇ, ਪੁਲੀਸ ਅਧਿਕਾਰੀਆਂ ਦਾ ਕਹਿਣ ਹੈ ਕਿ ਗਾਰਸ਼ੀਆ ਨੇ ਉਸ ਕੁੜੀ ਨੂੰ ਆਪਣੇ ਕਾਬੂ ਵਿਚ ਰੱਖਣ ਲਈ ਉਸ ਨੂੰ ਨਾ ਸਿਰਫ਼ ਕੁੱਟਿਆ-ਮਾਰਿਆ, ਸਗੋਂ ਉਹ ਉਸ ਨੂੰ ਕਾਬੂ ਵਿਚ ਰੱਖਣ ਲਈ ਆਪਣੇ ਨਾਲ਼ ਹੀ ਕੰਮ ਉੱਤੇ ਲਿਜਾਂਦਾ ਹੁੰਦਾ ਸੀ। ਇਸ ਖ਼ਾਤਰ ਉਹ ਕੁੜੀ ਨੂੰ ਇਹ ਡਰਾਵਾ ਦਿੰਦਾ ਕਿ ਜੇ ਉਹ ਫੜੀ ਗਈ ਤਾਂ ਪੁਲੀਸ ਉਸ ਨੂੰ ਵਾਪਸ ਮੈਕਸੀਕੋ ਭੇਜ ਦੇਵੇਗੀ। ਪੁਲੀਸ ਅਨੁਸਾਰ, ਹੁਣ ਉਨ੍ਹਾਂ ਦੇ ਇਕ, ਦੋ ਸਾਲਾਂ ਦੀ ਬੱਚੀ ਵੀ ਹੈ। ਪੁਲੀਸ ਨੇ ਹੀ ਦੱਸਿਆ ਕਿ ਸਤਾਈ ਹੋਈ ਇਸ ਕੁੜੀ ਨੇ ਹਾਲ ਹੀ ਵਿਚ ‘ਫੇਸਬੁੱਕ’ ਉੱਤੇ ਆਪਣੀ ਭੈਣ ਦਾ ਅਕਾਊਂਟ ਦੇਖਿਆ ਤੇ ਉਸ ਅੰਦਰ ਇਹ ਭੇਤ ਖੋਲ੍ਹਣ ਦੀ ਹਿੰਮਤ ਆਈ। 20 ਮਈ ਨੂੰ ਜਦੋਂ ਗਾਰਸ਼ੀਆ ਫੜਿਆ ਗਿਆ ਤਾਂ ਇਹ ਦੋਵੇਂ ਜਣੇ, ਕੈਲਿਫੋਰਨੀਆ ਵਿਚ ‘ਬੈੱਲ ਗਾਰਡਨਜ਼’ ਵਿਚ ਰਹਿੰਦੇ ਸਨ। ਗਾਰਸ਼ੀਆ ਨੂੰ ਜਬਰ-ਜਿਨਾਹ ਕਰਨ ਖ਼ਾਤਰ ਕੁੜੀਆਂ ਉਧਾਲਣ ਦੇ ਦੋਸ਼ ਅਧੀਨ ਹਿਰਾਸਤ ਵਿਚ ਲਿਆ ਗਿਆ ਹੈ। ਉਸ ਉੱਤੇ ਨਬਾਲਗ਼ ਕੁੜੀਆਂ ਨਾਲ਼ ਅਸ਼ਲੀਲ ਹਰਕਤਾਂ ਕਰਨ ਅਤੇ ਅਤੇ ਉਨ੍ਹਾਂ ਨੂੰ ਨਜਾਇਜ਼ ਡੱਕੀ ਰੱਖਣ ਦੇ ਦੋਸ਼ ਵੀ ਲੱਗੇ ਹਨ। ਉਸ ਦਾ ਕੇਸ ਔਰੈਂਜ ਕਾਊਂਟੀ ਜ਼ਿਲਾ ਅਟਾਰਨੀ ਦੇ ਦਫ਼ਤਰ ਨੂੰ ਸੌਂਪਿਆ ਗਿਆ ਹੈ।
ਹੁਣ ਹੌਲ਼ੀ-ਹੌਲ਼ੀ ਹਕੀਕਤਾਂ ਸਾਹਮਣੇ ਆ ਰਹੀਆਂ ਹਨ ਕਿ ਜਦੋਂ ਇਸ ਕੁੜੀ ਨੂੰ ਨਬਾਲਗ਼ ਉਮਰੇ ਉਧਾਲਿਆ ਗਿਆ ਸੀ ਤਾਂ ਉਦੋਂ ਕੁੜੀ ਦੀ ਮਾਂ ਨੇ ਇਸ ਮਾਮਲੇ ਦੀ ਪੈਰਵੀ ਦਾਅ ਨਾਲ਼ ਨਹੀਂ ਕੀਤੀ ਸੀ। ਪੁਲੀਸ ਦੱਸਦੀ ਹੈ ਕਿ ਮਾਂ ਨੂੰ ਇਹ ਸ਼ੱਕ ਤਾਂ ਸੀ ਕਿ ਉਸ ਦਾ ਯਾਰ ਗਾਰਸ਼ੀਆ ਉਸ ਦੀ ਧੀ ਨਾਲ਼ ਜਿਨਸੀ ਪੱਖੋਂ ਖੇਡ ਰਿਹਾ ਹੈ, ਪਰ ਉਸ ਕੋਲ ਇਸ ਸਬੰਧ ਵਿਚ ਸਬੂਤ ਕੋਈ ਨਹੀਂ ਸੀ। ਇਹ ਕੁੜੀ ਸੰਨ 2004 ਦੇ ਮਾਰਚ ਮਹੀਨੇ, ਮੈਕਸੀਕੋ ਤੋਂ ਕੈਲਿਫੋਰਨੀਆ ਵਿਚ ਸੈਂਟਾ ਐਨਾ ਵਿਚ ਆਪਣੀ ਮਾਂ ਕੋਲ ਆਈ ਸੀ। ਉਸ ਦੀ ਮਾਂ ਉਸ ਵੇਲ਼ੇ ਇਸੀਡਰੋ ਗਾਰਸ਼ੀਆ ਨਾਂ ਦੇ ਆਪਣੇ ਯਾਰ ਨਾਲ਼ ਇਕ ਫਲੈਟ ਵਿਚ ਰਹਿੰਦੀ ਸੀ। ਪੁਲੀਸ ਅਨੁਸਾਰ, ਗਾਰਸ਼ੀਆ ਨੇ ਮਾਂ ਦੇ ਨਾਲ਼-ਨਾਲ਼ ਧੀ ਨੂੰ ਵੀ ਵਰਗਲਾ ਲਿਆ। 2004 ਵਿਚ ਅਗੱਸਤ ਮਹੀਨੇ ਦੀ ਉਸ ਰਾਤ ਨੂੰ ਜਦੋਂ ਕੁੜੀ ਉਧਾਲੀ ਗਈ, ਗਾਰਸ਼ੀਆ ਨੇ ਕੁੜੀ ਦੀ ਮਾਂ ਨੂੰ ਕੁੱਟਿਆ ਤਾਂ ਕੁੜੀ ਡਰਦੀ ਮਾਰੀ ਘਰ ਦੇ ਨੇੜੇ ਹੀ ਇਕ ਪਾਰਕ ਵੱਲ ਚਲੀ ਗਈ। ਗਾਰਸ਼ੀਆ ਕੁੜੀ ਦੀ ਮਾਂ ਨੂੰ ਛੱਡ ਕੇ ਕੁੜੀ ਮਗਰ ਹੋ ਤੁਰਿਆ।
ਇਹ ਸਭ ਜਾਣਕਾਰੀ ਦਿੰਦਿਆਂ, ਸੈਂਟਾ ਐਨਾ ਪੁਲੀਸ ਦੇ ਕਾਰਪੋਰਲ ਐਂਥਨੀ ਬਰਟਾਗਨਾ ਨੇ ਕਿਹਾ, “ਕੁੜੀ ਨੇ ਕਿਹਾ, ‘ਮੇਰਾ ਸਿਰ ਦੁਖਦੈ, ਮੈਂ ਘਰ ਜਾਣਾ ਚਾਹੁੰਦੀ ਹਾਂ’। ਗਾਰਸ਼ੀਆ ਨੇ ਉਸ ਨੂੰ ਕਿਹਾ, ‘ਤੂੰ ਹੁਣ ਘਰ ਨਹੀਂ ਜਾ ਸਕਦੀ ਕਿਉਂ ਕਿ ਤੂੰ ਨਜਾਇਜ਼ ਤਰੀਕੇ ਨਾਲ਼ ਆਈ ਹੋਈ ਏਂ ਤੇ ਤੇਰੀ ਮਾਂ ਨੇ ਪੁਲੀਸ ਬੁਲਾਈ ਹੋਈ ਹੈ’।” ਇਸੇ ਹੀ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫੇਰ ਸਿਰਦਰਦ ਦੀ ਦਵਾਈ ਦੇਣ ਦੀ ਥਾਂ ਗਾਰਸ਼ੀਆ ਨੇ ਕੁੜੀ ਨੂੰ ਕੋਈ ਨਸ਼ੀਲੀ ਦਵਾਈ ਦੇ ਦਿੱਤੀ। ਜਦੋਂ ਸਵੇਰ ਨੁੰ ਕੁੜੀ ਦੀ ਅੱਖ ਖੁੱਲ੍ਹੀ ਤਾਂ ਉਹ ਕੈਲਿਫੋਰਨੀਆ ਵਿਚ ਹੀ ਕੌਂਪਟਨ ਵਿਚ ਸੀ। ਉਸ ਕੁੜੀ ਨੇ ਉੱਥੋਂ ਬਚ ਕੇ ਦੌੜਨ ਦੇ ਬਹੁਤ ਸਾਰੇ ਹੀਲੇ ਕੀਤੇ, ਪਰ ਗਾਰਸ਼ੀਆ ਹਰ ਵਾਰੀ ਉਸ ਨੂੰ ਫੜ ਕੇ ਬਹੁਤ ਜ਼ਿਆਦਾ ਕੁੱਟਦਾ। ਉਹ, ਉਸ ਕੁੜੀ ਨੂੰ ਇਹ ਵੀ ਕਹਿੰਦਾ ਰਿਹਾ, “ਤੇਰੀ ਮਾਂ ਤੈਨੂੰ ਜਿਉਂਦੀ ਨਹੀ ਦੇਖਣਾ ਚਾਹੁੰਦੀ। ਉਸ ਨੇ ਤਾਂ ਤੇਰੇ ਚਲੀ ਜਾਣ ’ਤੇ ਸਗੋਂ ਸ਼ੁਕਰ ਮਨਾਇਆ ਹੈ।” ਹੌਲ਼ੀ-ਹੌਲ਼ੀ ਉਹ ਕੁੜੀ ਇਸ ਸਭ ਕੁੱਝ ਦੀ ਆਦੀ ਹੋ ਗਈ।
ਇਸ ਤੋਂ ਬਾਅਦ ਉਹ ਦੋਵੇਂ ਜਣੇ, ਦੱਖਣੀ ਕੈਲਿਫੋਰਨੀਆ ਦੇ ਕਈ ਸ਼ਹਿਰਾਂ ਵਿਚ ਰਹੇ। ਫੇਰ ਗਾਰਸ਼ੀਆ ਨੇ ਮੈਕਸੀਕੋ ਤੋਂ ਉਸ ਕੁੜੀ ਸਬੰਧੀ ਜਾਅਲੀ ਕਾਗ਼ਜ਼ ਮੰਗਵਾਏ, ਜਿਨ੍ਹਾਂ ਵਿਚ ਉਸ ਨੇ ਕੁੜੀ ਦੀ ਉਮਰ ਵੱਧ ਲਿਖਵਾਈ ਤਾਂ ਕਿ ਉਸ ਨੂੰ, ਉਸ ਨਾਲ਼ ਵਿਆਹ ਕਰਾਉਣ ਵਿਚ ਔਖਿਆਈ ਨਾ ਹੋਵੇ। ਉਹ ਰਾਤਾਂ ਨੂੰ ਸਫਾਈ ਦੇ ਕੰਮ ’ਤੇ ਉਸ ਕੁੜੀ ਨੂੰ ਆਪਣੇ ਨਾਲ਼ ਲਿਜਾਂਦਾ ਰਿਹਾ ਹੈ ਤਾਂ ਕਿ ਉਹ ਉਸ ਨੂੰ ਆਪਣੀਆਂ ਨਜ਼ਰਾਂ ਹੇਠ ਰੱਖ ਸਕੇ।
ਇਸ ਦੌਰਾਨ ਬੀ. ਬੀ. ਸੀ. ਨਿਊਜ਼ ਦੀ ਪੱਤਰਕਾਰਾ ਰੀਗਨ ਮੌਰਿਸ ਦਾ ਕਹਿਣ ਹੈ ਕਿ ਬੈੱਲ ਗਾਰਡਨਜ਼ ਵਿਚ ਇਹ ਦੋਵੇਂ ਜੀਅ ਟਾਮਸ ਅਤੇ ਲਾਉਰਾ ਦੇ ਨਾਵਾਂ ਹੇਠ ਰਹਿੰਦੇ ਸਨ। ਉਹ ਦੋਵੇਂ ਸਰੀਰ ਆਂਢ-ਗੁਆਂਢ ਵਿਚ, ਆਪਣੀ ਤਿੰਨ ਸਾਲਾਂ ਦੀ ਬੱਚੀ ਦੇ ਜਨਮ ਦਿਨ ਦੀਆਂ ਬਹੁਤ ਸ਼ਾਨਦਾਰ ਪਾਰਟੀਆਂ ਕਰਨ ਦੇ ਕਾਰਨ ਬੜੇ ਮਸ਼ਹੂਰ ਸਨ। ਮਾਰੀਆ ਨਾਂ ਦੀ ਇਕ ਗੁਆਂਢਣ ਨੇ ਇਸ ਪੱਤਰਕਾਰਾ ਨੂੰ ਇਸ ਪਰਿਵਾਰ ਦੀਆਂ ਕੁੱਝ ਤਸਵੀਰਾਂ ਦਿਖਾਈਆਂ, ਜਿਨ੍ਹਾਂ ਵਿਚ ਇਹ ਤਿੰਨੇ ਹੀ ਜੀਅ ਬਹੁਤ ਖ਼ੁਸ਼ ਨਜ਼ਰ ਆ ਰਹੇ ਸਨ। ਬਹੁਤੇ ਲੋਕਾਂ ਨੂੰ ਇਹ ਯਕੀਨ ਨਹੀਂ ਆਉਂਦਾ ਕਿ ਟਾਮਸ ਦਸ ਸਾਲ ਪਹਿਲਾਂ ਲਾਉਰਾ ਨੂੰ ਉਧਾਲ ਕੇ ਲਿਆਇਆ ਹੋਵੇਗਾ। ਇਸੇ ਹੀ ਗੁਆਂਢਣ ਦਾ ਕਹਿਣ ਹੈ, “ਏਦਾਂ ਤਾਂ ਕਦੇ ਵੀ ਨਹੀਂ ਲੱਗਿਆ ਸੀ ਕਿ ਉਹ ਕੈਦਣਾਂ ਵਾਂਗ ਡੱਕ ਕੇ ਰੱਖੀ ਹੋਈ ਹੋਵੇਗੀ।”
ਪੁਲੀਸ ਦਾ ਕਹਿਣ ਹੈ ਕਿ ਗਾਰਸ਼ੀਆ ਨੇ ਇਸ ਕੁੜੀ ਵੱਲੋਂ ਮੈਕਸੀਕੋ ਤੋਂ ਅਮਰੀਕਾ ਆਉਣ ਤੋਂ ਚਾਰ ਮਹੀਨੇ ਬਾਅਦ ਜੂਨ ਵਿਚ ਹੀ ਉਸ ਨਾਲ਼ ਜਿਨਸੀ ਖ਼ੇਹ-ਖਰਾਬਾ ਕਰਨਾ ਸ਼ੁਰੂ ਕਰ ਦਿਤਾ ਸੀ। ਅਗੱਸਤ ਵਿਚ ਉਸ ਨੇ ਕੁੜੀ ਦੀ ਮਾਂ ਕੁੱਟੀ ਸੀ ਤੇ ਕੁੜੀ ਨੂੰ ਨਸ਼ੀਲੀ ਦਵਾਈ ਦੇ ਕੇ ਤੇ ਕਾਰ ਵਿਚ ਸੁੱਟ ਕੇ, 26 ਮੀਲ ਉੱਤਰ ਵੱਲ ਲਾਸ ਏਂਜਲਜ਼ ਕਾਊਂਟੀ ਵਿਚ ਕੌਂਪਟਨ ਲੈ ਗਿਆ ਸੀ। ਉੱਥੇ ਉਸ ਨੇ, ਉਸ ਨੂੰ ਇਕ ਗੈਰਾਜ ਵਿਚ ਬੰਦ ਕਰ ਦਿੱਤਾ।
ਪੁਲੀਸ ਦਾ ਹੀ ਕਹਿਣ ਹੈ, “ਅਗਲੇ ਸਮੇਂ ਦੌਰਾਨ ਗਾਰਸ਼ੀਆ ਉਸ ਕੁੜੀ ਨੂੰ ਵਾਰ-ਵਾਰ ਇਹੋ ਕਹਿੰਦਾ ਰਿਹਾ ਕਿ ਉਸ ਦੀ ਮਾਂ ਨੇ ਉਸ ਨੂੰ ਲੱਭਣਾ ਛੱਡ ਦਿੱਤਾ ਹੈ ਤੇ ਹੁਣ ਜੇ ਉਹ ਵਾਪਸ ਆਪਣੀ ਮਾਂ ਕੋਲ ਗਈ ਤਾਂ ਉਨ੍ਹਾਂ ਦੋਹਾਂ ਨੂੰ ਮੈਕਸੀਕੋ ਵਾਪਸ ਭੇਜ ਦਿੱਤਾ ਜਾਵੇਗਾ।” ਪੁਲੀਸ ਦੇ ਦੱਸਣ ਮੁਤਾਬਕ, ਉਹ ਦੋਵੇਂ ਜਣੇ ਆਪਣੇ ਨਾਂ ਬਦਲ-ਬਦਲ ਕੇ ਵੱਖ-ਵੱਖ ਥਾਈਂ ਰਹਿੰਦੇ ਰਹੇ ਤੇ ਪੁਲੀਸ ਤੋਂ ਬਚਦੇ ਰਹੇ। ਉਹ ਕੁੜੀ, ਜੋ ਹਾਲਾਤ ਦੇ ਅਤੇ ਉਸ ਆਦਮੀ ਦੇ ਥਪੇੜੇ-ਲਫੇੜੇ ਖਾ ਕੇ, ਤਦ ਤਕ ਔਰਤ ਬਣ ਚੁੱਕੀ ਸੀ, ਦੋ ਵਾਰ ਉਸ ਆਦਮੀ ਦੇ ਕਬਜ਼ੇ ਵਿਚੋਂ ਬਚ ਨਿੱਕਲਣ ਦੇ ਹੀਲੇ ਕਰਦਿਆਂ ਫੜੀ ਗਈ ਅਤੇ ਉਸ ਆਦਮੀ ਵੱਲੋਂ ਕੀਤਾ ਜਾਂਦਾ ਕੁਟਾਪਾ ਝਲਦੀ ਰਹੀ। ਇਸ ਦੌਰਾਨ ਉਹ ਉਸ ਨੂੰ ਆਪਣੀ ਹਵਸ ਦੀ ਸ਼ਿਕਾਰ ਵੀ ਬਣਾਉਂਦਾ ਰਿਹਾ। ਆਖ਼ਰ ਹਾਰ ਕੇ ਉਹ ਨਿਹੱਥੀ ਹੋ ਗਈ।
ਹੁਣ ਦਸ ਸਾਲਾਂ ਮਗਰੋਂ ਆਪਣੀ ਮਾਂ ਤੇ ਪਰਿਵਾਰ ਦੇ ਹੋਰ ਜੀਆਂ ਨੂੰ ਮਿਲਣ ਮਗਰੋਂ ਇਕ ਗੱਲਬਾਤ ਦੌਰਾਨ ਕੁੜੀ ਨੇ ਰੋਂਦਿਆਂ ਹੋਇਆਂ ਕਿਹਾ ਕਿ ਉਹ, ਉਸ ਨੂੰ ਉਧਾਲਣ ਵਾਲ਼ੇ ਨਾਲ਼ ਦਿਨ ਕੱਟਣ ਲਈ ਮਜਬੂਰ ਹੋ ਗਈ ਸੀ। ਉਸ ਨੇ ਕਿਹਾ ਕਿ ਪੁਲੀਸ ਨੂੰ ਵੀ ਇਸ ਗੱਲ ਦਾ ਇਲਮ ਹੈ ਕਿ ਉਸ ਨੂੰ ਉਧਾਲਣ ਵਾਲ਼ਾ (ਗਾਰਸ਼ੀਆ), ਉਸ ਦੇ ਲਾਪਤਾ ਹੋਣ ਵੇਲ਼ੇ ਉਨ੍ਹਾਂ ਦੇ ਘਰ ਵਿਚ ਉਨ੍ਹਾਂ ਦੇ ਪਰਿਵਾਰ ਨਾਲ਼ ਹੀ ਰਹਿੰਦਾ ਸੀ।
ਪੁਲੀਸ ਅਧਿਕਾਰੀ ਐਂਥਨੀ ਬਰਟਾਗਨਾ ਦਾ ਦਾਅਵਾ ਹੈ ਕਿ ਗਾਰਸ਼ੀਆ ਨੇ ਕੁੜੀ ਦੇ ਸਿਰ ’ਤੇ ਸਵਾਰੀ ਪਾ ਲਈ ਤੇ ਉਸ ਨੂੰ ਆਪਣੇ ਤੋਂ ਇਲਾਵਾ ਕੁੱਝ ਸੋਚਣ ਜੋਗੀ ਹੀ ਨਹੀਂ ਛੱਡਿਆ ਸੀ। ਉਸ ਨੇ ਕਿਹਾ ਕਿ ਸੰਨ 2007 ਵਿਚ ਉਸ ਨੇ, ਮੈਕਸੀਕੋ ਤੋਂ ਆਪਣੀ ਮਰਜ਼ੀ ਮੁਤਾਬਕ ਬਣਵਾ ਕੇ ਮੰਗਵਾਏ ਕਾਗ਼ਜ਼ਾਂ ਦੇ ਜ਼ੋਰ ’ਤੇ ਉਸ ਕੁੜੀ ਨੂੰ ਆਪਣੇ ਨਾਲ਼ ਵਿਆਹ ਕਰਾਉਣ ਲਈ ਮਜਬੂਰ ਕਰ ਦਿੱਤਾ ਅਤੇ 2012 ਵਿਚ ਉਨ੍ਹਾਂ ਦੇ ਘਰ ਬੱਚੀ ਜੰਮ ਪਈ ਸੀ। ਹਾਲ ਹੀ ਵਿਚ ਜਦੋਂ ਉਸ ਨੇ ‘ਫੇਸਬੁੱਕ’ ਉੱਤੇ ਆਪਣੀ ਭੈਣ ਦਾ ਖਾਤਾ ਦੇਖ ਕੇ ਉਸ ਨਾਲ਼ ਸੰਪਰਕ ਕੀਤਾ ਤਾਂ ਉਸ ਦੀ ਭੈਣ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਂ ਅਜੇ ਤਕ ਉਸ ਨੂੰ ਲੱਭਦੀ ਫਿਰਦੀ ਹੈ।
ਬਹੁਤ ਸਾਰੇ ਲੋਕ ਕਹਿਣਗੇ ਕਿ ਇਕ ਮੈਕਸੀਕੀ-ਅਮਰੀਕੀ ਪਰਿਵਾਰ ਦੀ ਕਹਾਣੀ ਪੰਜਾਬ ਦੇ ਲੋਕਾਂ ਨੂੰ ਕਿਉਂ ਪੜ੍ਹਾਈ ਜਾ ਰਹੀ ਹੈ। ਇਸ ਸਬੰਧ ਵਿਚ ਇਹੋ ਹੀ ਬੇਨਤੀ ਹੈ ਕਿ ਸਾਡੇ ਬਹੁਤ ਸਾਰੇ ਪਰਿਵਾਰਾਂ ਵਿਚ ਇਹ ਮੈਕਸੀਕੀ-ਅਮਰੀਕੀ ਸਭਿਆਚਾਰ ਕਦੋਂ ਦਾ ਆ ਵੜਿਆ ਹੈ ਤੇ ਲੋਕਾਂ ਨੂੰ ਇਸ ਦਾ ਅਹਿਸਾਸ ਤਕ ਨਹੀਂ ਹੈ। ਇਸ ਤੋਂ ਪਹਿਲਾਂ ਕਿ ਤੁਹਾਡੇ ਘਰਾਂ ਦੀਆਂ ਬਰੂਹਾਂ ਟੱਪ ਚੁੱਕਾ ‘ਬੁਆਏ ਫਰੈੰਡ ਕਲਚਰ’ ਯਾਨੀ ‘ਮਾਂ ਦਾ ਯਾਰ ਅਤੇ ਭੈਣ ਦਾ ਯਾਰ ਕਿਸਮ ਦਾ ਸਭਿਆਚਾਰ’ ਸਾਡੇ ਆਪਣੇ ਸਭਿਆਚਾਰ ਨੂੰ ਕੱਚੀ ਉਮਰੇ ਹੀ ਉਧਾਲ ਕੇ ਲੈ ਜਾਵੇ, ਸਾਨੂੰ ਕੁੱਝ ਕਰਨਾ ਪਵੇਗਾ, ਸਾਨੂੰ ਕੁੱਝ ਨਵੀਆਂ ਹੱਦਬੰਦੀਆਂ ਤੈਅ ਕਰਨੀਆਂ ਪੈਣਗੀਆਂ। ਸਾਨੂੰ ਆਪਣੇ ਸਭਿਆਚਾਰ ਨੂੰ ਛੱਡ ਕੇ, ਇਸ ਮੈਕਸੀਕੀ-ਅਮਰੀਕੀ ਤਰਜ਼ ਦੇ ਸਭਿਆਚਾਰ ਦੀ ਤਰਫ਼ਦਾਰੀ ਕਰਨੀ ਵੀ ਛੱਡਣੀ ਪਵੇਗੀ। ਕਿਉਂ ਜੀ ਮੈਂ ਕੋਈ ਝੂਠ ਤਾਂ ਨਹੀਂ ਬੋਲਿਆ, ਕੋਈ ਕੁਫ਼ਰ ਤਾਂ ਨਹੀਂ ਤੋਲਿਆ? # E-mail : bababax@gmail.com Cell Phone : +17783789669
