ਸਿਰੇ’ਤੇ ਗੰਢ

ਚਮਤਕਾਰ ਨੂੰ ਨਮਸਕਾਰ ਨਾ ਕਰਨ ਵਾਲ਼ਾ ਮੁਲਕੋਂ ਬਾਹਰ 
ਬਖ਼ਸ਼ਿੰਦਰ
ਕਈ ਬੰਦੇ ਤਾਂ ਰੋਟੀ ਹੀ ਚਮਤਕਾਰਾਂ ਦੇ ਸਿਰੋਂ ਖਾਂਦੇ ਹਨ, ਕਈਆਂ ਨੂੰ ਟੁੱਕ ਨਸੀਬ ਹੋਈ ਜਾਣਾ ਵੀ ਚਮਤਕਾਰ ਤੋਂ ਘੱਟ ਨਹੀਂ ਲੱਗਦਾ। ਐਤਕੀਂ ਗੱਲ ਫਿਨਲੈਂਡ ਤੋਂ ਉਰ੍ਹਾਂ ਦੀ ਨਹੀਂ ਹੋ ਸਕੀ। ਫਿਨਲੈਂਡ ਦੇ ਸ਼ਹਿਰ ਹੇਲਸਿੰਕੀ ਤੋਂ ਖ਼ਬਰਾਂ ਆਈਆਂ ਹਨ ਕਿ ਉੱਥੇ ਇਕ ਬੰਦਾ, ਹਿੰਦੁਸਤਾਨੋਂ ਜਾ ਕੇ ਆਪਣੀ ਜਾਨ ਬਚਾਉਣ ਲਈ ਲੁਕਿਆ ਫਿਰਦੈ। ਫਿਨਲੈਂਡ ਵਿਚ ਆਪ ਸਹੇੜੀ ਜਲਾਵਤਨੀ ਭੋਗ ਰਹੇ ਭਾਰਤੀ ਸੱਜਣ ਦਾ ਨਾਂ ਹੈ ‘ਸਾਨਲ ਏਡਮਾਰੁੱਕੂ’। ਉਸ ਦਾ ਕਸੂਰ ਹੈ ਕਿ ਉਸ ਨੇ ਚਮਤਕਾਰਾਂ ਦੇ ਸਿਰੋਂ ਰੋਟੀਆਂ ਰਾੜ੍ਹਨ ਵਾਲ਼ਿਆਂ ‘ਬਾਬਿਆਂ’ ਦੇ ‘ਚਮਤਕਾਰਾਂ’ ਨੂੰ ‘ਨਮਸਕਾਰ’ ਕਰਨ ਦੀ ਥਾਂ, ਉਨ੍ਹਾਂ ਚਮਤਕਾਰਾਂ ਦਾ ਭਾਂਡਾ ਬਜ਼ਾਰਾਂ ਵਿਚ ਭੰਨਣਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਚਮਤਕਾਰੀ (ਬਾਬੇ) ਹੁਣ ਸਾਨਲ ਨੂੰ ਲੱਭਦੇ ਹੀ ਨਹੀਂ ਫਿਰਦੇ, ਸਗੋਂ ਆਪ ਉਸ ਦਾ ਕੁੱਝ ਵੀ ਵਿਗਾੜ ਨਾ ਸਕਣ ਦੀ ਵਜ੍ਹਾ ਕਰ ਕੇ, ਉਸ ਨੂੰ ਕੁੱਤਿਆਂ ਤੋਂ ਤੁੜਾਉਣ ਲਈ ਤਿਆਰ ਹਨ। ਇਨ੍ਹਾਂ ਕਥਿਤ ਬਾਬਿਆਂ ਨੇ ਸਾਨਲ ਦੇ ਖ਼ਿਲਾਫ਼, ‘ਮਜ਼ਹਬ ਦੀ ਬੇਹੁਰਮਤੀ ਕਰਨ ਖ਼ਾਤਰ ਝੂਠ ਬੋਲਣ ਅਤੇ ਕੁਫ਼ਰ ਤੋਲਣ ਦਾ’ ਦੋਸ਼ ਲਾਇਆ ਹੋਇਆ ਹੈ। ਫਿਨਲੈਂਡ ਵਿਚ ਰਹਿੰਦਿਆਂ ਸਾਨਲ ਨੂੰ ਡਰ ਹੈ ਕਿ ਜੇ ਉਹ ਆਪਣੇ ਵਤਨ ਪਰਤਦਾ ਹੈ ਤਾਂ ਉਸ ਨੂੰ ਜੇਲ੍ਹ ਵਿਚ ਡੱਕਿਆ ਵੀ ਜਾ ਸਕਦਾ ਹੈ ਤੇ ਮੂਲ਼ੋਂ-ਮੁਢੋਂ ਹੀ ਚੱਕਿਆ ਵੀ ਜਾ ਸਕਦਾ ਹੈ।
ਇਹ ਕਿਸ ਤਰ੍ਹਾਂ ਦੀ ‘ਮਜ਼ਹਬੀ ਦਹਿਸ਼ਤਜ਼ਰਦੀ’ ਹੈ, ਜਿਸ ਵਿਚ ਕਿਸੇ ਨੂੰ ਆਪਣੀ ਰਾਇ ਜਾਂ ਪੱਖ ਰੱਖਣ ਦਾ ਕੋਈ ਹੱਕ ਨਹੀਂ ਹੈ। ਜੇ ਕੋਈ ਆਪਣੀ ਰਾਇ, ਤਰਕ ਜਾਂ ਦਲੀਲ ਨਾਲ਼ ਪੇਸ਼ ਕਰਦਾ ਹੈ ਤਾਂ ਉਸ ਨੂੰ ਆਪਣਾ ਮੁਲਕ ਛੱਡ ਕੇ ਕਿਸੇ ਹੋਰ ਮੁਲਕ ਵਿਚ ਪਨਾਹ ਲੈਣੀ ਪੈਂਦੀ ਹੈ। ਥੋੜ੍ਹਾ ਚਿਰ ਪਹਿਲਾਂ ਦੀ ਹੀ ਗੱਲ ਹੈ, ਜਦੋਂ ਇਕ ਕਥਿਤ ਹਿੰਦੂ ਫ਼ਕੀਰ ਨੇ ਟੈਲੀਵਿਯਨ ਦੇ ਇਕ ਸਿੱਧੇ ਪ੍ਰਸਾਰਣ ਵਿਚ ਇਹ ਐਲਾਨ ਕੀਤਾ ਸੀ ਕਿ ਉਹ ਆਪਣੇ ਜੰਤਰਾਂ-ਮੰਤਰਾਂ-ਤੰਤਰਾਂ ਨਾਲ਼ ਕਿਸੇ ਵੀ ਖੜ੍ਹੇ-ਖੜੋਤੇ ਨੂੰ ਜਾਨੋਂ ਮਾਰ ਸਕਦਾ ਹੈ ਤਾਂ ਸਾਨਲ ਏਡਮਾਰੁੱਕ ਨੇ ਇਹ ਚੁਣੌਤੀ ਕਬੂਲ ਕਰਦਿਆਂ ਕਿਹਾ ਸੀ ਕਿ ਉਹ, ਉਸ ‘ਮਹਾਤਮਾ ਜੀ’ ਦੇ ਜੰਤਰਾਂ-ਮੰਤਰਾਂ-ਤੰਤਰਾਂ ਤੋਂ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੈ।
ਉਹ ਦੋਵੇਂ ਜਣੇ ਉਸ ਟੀਵੀ ਚੈਨਲ ਦੇ ਸਟੂਡੀਓ ਵਿਚ ਕਿਸੇ ਪ੍ਰੋਗਰਾਮ ਵਿਚ ਮਹਿਮਾਨ ਸਨ। ਉਨ੍ਹਾਂ ‘ਮਹਾਤਮਾ ਜੀ’ ਨੂੰ ਉਸੇ ਹੀ ਵੇਲ਼ੇ, ਉੱਥੇ ਹੀ, ਸਟੂਡੀਓ ਦੇ ਅੰਦਰ ਚੱਲਦੇ ਕੈਮਰਿਆਂ ਸਾਹਮਣੇ ਆਪਣੇ ਬੋਲ ਪੁਗਾਉਣ ਲਈ ਕਿਹਾ ਗਿਆ। ਟੀਵੀ ਚੈਨਲ ਦੇ ਪ੍ਰਬੰਧਕਾਂ ਨੇ ਉਸ ਤੋਂ ਬਾਅਦ ਹੋਣ ਵਾਲ਼ੇ ਸਾਰੇ ਹੀ ਪ੍ਰਸਾਰਨ ਰੋਕ ਦਿੱਤੇ ਤੇ ਉਸ ਸਟੂਡੀਓ ਵਿਚ ਮੰਤਰਾਂ ਦਾ ਉਚਾਰਣ ਸ਼ੁਰੂ ਹੋ ਗਿਆ। ਕਈ ਘੰਟੇ ਮੰਤਰਾਂ ਦੇ ਨਾਂ ’ਤੇ ਪਤਾ ਨਹੀਂ ਕੀ-ਕੀ ਰਟਿਆ ਗਿਆ।ਮੰਤਰਾਂ ਦੇ ਉਚਾਰਣ ਵਿਚ ਉਕਤਾਹਟ ਜਿਹੀ ਦੀ ਭਾਵਨਾ ਘੁਲ਼ ਗਈ। ਇਸ ਦੇ ਉਲਟ ਸਾਨਲ ਏਡਮਾਰੁੱਕੂ, ਜੋ ‘ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨ’ ਦੇ ਪ੍ਰਧਾਨ ਹਨ, ਦੀ ਮੌਤ ਹੋਣੀ ਤਾਂ ਇਕ ਪਾਸੇ, ਉਨ੍ਹਾਂ ਦੇ ਤਨ-ਮਨ ਵਿਚ ਕੋਈ ਬੇਚੈਨੀ ਤਕ ਵੀ ਨਜ਼ਰ ਨਾ ਆਈ ਅਤੇ ਉਹ ਅਰਾਮ ਨਾਲ਼ ਆਪਣੇ ਮਾਰੇ ਜਾਣ ਦੀ ਉਡੀਕ ਵਿਚ ਮੁਸਕਰਾ ਰਹੇ ਸਨ।
ਇਹ ਸ਼ਖ਼ਸ ਆਪਣੇ ਗਭਰੂ ਹੋਣ ਸਮੇਂ ਤੋਂ ਹੀ ‘ਚਮਤਕਾਰ ਨੂੰ ਨਮਸਕਾਰ ਕਰਨ ਤੋਂ ਇਨਕਾਰ ਕਰਨ ਵਾਲ਼ਿਆਂ ਦੇ ਇਕ ਛੋਟੇ ਜਿਹੇ ਟੋਲੇ’ ਦਾ ਮੈਂਬਰ ਹੈ। ਇਸ ਟੋਲੇ ਦੇ ਸਾਰੇ ਹੀ ਮੈਂਬਰ, ਭਾਰਤ ਦੇ ਕੁੱਝ ਧਰਮਾਂ ਜਾਂ ਫ਼ਿਰਕਿਆਂ ਅੰਦਰਲੇ ਗੁੱਝੇਪਨ ਦਾ ਪਰਦਾ ਫਾਸ਼ ਕਰਨ ਨੂੰ ਸਮਰਪਤ ਹੀ ਨਹੀਂ ਹਨ, ਸਗੋਂ ਹਰ ਵੇਲ਼ੇ ਤਤਪਰ ਰਹਿੰਦੇ ਹਨ। ਸਾਡੇ ਭਾਰਤ ਮਹਾਨ ਅੰਦਰ ਜਿਹੜਾ ਵਿਅਕਤੀ ਸਾਰੀ ਉਮਰ ਕਿਸੇ ਵੀ ਖੇਤਰ ਵਿਚ ਕਾਮਯਾਬ ਨਹੀਂ ਹੁੰਦਾ, ਉਹ ‘ਚਮਤਕਾਰ ਦਾ ਠੇਕੇਦਾਰ’ ਬਣਨ ਵਿਚ ਕਾਮਯਾਬ ਹੋ ਜਾਂਦਾ ਹੈ। ਦੂਜੇ ਪਾਸੇ, ਇਸੇ ਹੀ ਦੇਸ਼ ਦੇ ਕੁੱਝ ਲੋਕ, ਜੋ ਇਨ੍ਹਾਂ ਚਮਤਕਾਰਾਂ ਦਾ ਭੇਤ ਪਾ ਲੈਂਦੇ ਹਨ, ਉਹ ਇਹ ਸੋਚਦੇ ਹਨ ਕਿ ਇਨ੍ਹਾਂ ‘ਚਮਤਕਾਰੀ ਬਾਬਿਆਂ’ ਦੀ ਵਜ੍ਹਾ ਨਾਲ਼ ਸਾਡਾ ਭਾਰਤ ਮਹਾਨ ਵਹਿਮਾਂ-ਭਰਮਾਂ ਦੀਆਂ ਫ਼ਸਲਾਂ ਪਾਲਣ ਵਾਲ਼ੀ ਧਰਤੀ ਬਣਦਾ ਜਾ ਰਿਹਾ ਹੈ।
ਮੈਂ ਆਪਣੇ ਪਾਠਕਾਂ ਨੂੰ, ਇਹ ਲੇਖ ਕੁੱਝ ਦੇਰ ਲਈ ਇੱਥੇ ਰੋਕ ਕੇ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਲੇਖ ਲਿਖਣ ਦਾ ਮਕਸਦ, ਆਪਣੇ ਇਸ਼ਟ ਦੀ ਭਗਤੀ ਕਰਨ ਵਾਲ਼ਿਆਂ ਨੂੰ ਭੰਡਣਾਂ ਮੂਲ਼ੋਂ ਹੀ ਨਹੀਂ ਹੈ। ਬਹੁਤ ਸਪੱਸ਼ਟ ਗੱਲ ਹੈ ਕਿ ਜਿਹੜੇ ਲੋਕ ਸਹੀ ਅਰਥਾਂ ਵਿਚ ਆਪਣੇ ਇਸ਼ਟ ਨੂੰ ਪੂਜਦੇ ਹਨ, ਉਸ ਦੀ ਇਬਾਦਤ ਕਰਦੇ ਹਨ, ਉਹ ਚਮਤਕਾਰ ਕਰਨ ਵਿਚ ਵਿਸ਼ਵਾਸ ਨਹੀਂ ਰੱਖਦੇ, ਉਹ ਕਰਾਮਾਤਾਂ ਕਰ ਕੇ ਨਹੀਂ ਦਿਖਾਉਂਦੇ। ਇਹੋ ਜਿਹੇ ਹੀ ਕਿਸੇ ਇਬਾਦਤਗ਼ਾਰ ਦਾ ਕਹਿਣ ਹੈ, “ਕਰਾਮਾਤ ਨਾਂ ਹੈ ਕਹਿਰ ਦਾ।” ਇਹੋ ਜਿਹੇ ਵੀ ਕਿਸੇ ਸੱਚੇ ਭਗਤ ਦੇ ਬੋਲ ਇਸ ਤਰ੍ਹਾਂ ਹਨ, “ਕਰਾਮਾਤਾਂ ਕਰਨ ਵਾਲ਼ੇ ਰੱਬ ਦੇ ਸਾਨੀ ਬਣਨ ਦੇ ਹੀਲੇ ਕਰਦੇ ਹਨ ਜਦੋਂ ਕਿ ਇਬਾਦਤ ਰੱਬ ਨਾਲ਼ ਜੋੜਦੀ ਹੈ। ਇਬਾਦਤੀ ਬੰਦਾ ਕਰਮਾਤਾਂ (ਚਮਤਕਾਰਾਂ) ਦੇ ਰਾਹ ਨਹੀਂ ਪੈਂਦਾ ਕਿਉਂ ਕਿ ਕਰਾਮਾਤਾਂ, ਭਗਤ ਨਹੀਂ, ਮਦਾਰੀ ਕਰਿਆ ਕਰਦੇ ਹਨ।”
ਕਿਤੇ ਪੜ੍ਹਿਆ ਸੀ ਕਿ ਜਦੋਂ ਦਿੱਲੀ ਦੀ ਹਕੂਮਤ ਨੇ ਸ਼੍ਰੀ ਗੁਰੂੁ ਅਰਜਨ ਦੇਵ ਨੂੰ ਹਿਰਾਸਤ ਵਿਚ ਲੈ ਲਿਆ ਤੇ ਉਨ੍ਹਾਂ ਨੂੰ ਤੱਤੀ ਤਵੀ ’ਤੇ ਬਿਠਾਉਣ ਦੀ ਸਜ਼ਾ ਸੁਣਾਈ ਤਾਂ ਇਕ ਰਾਤ ਸਾਈਂ ਮੀਆਂ ਮੀਰ ਨੇ ਉਨਾਂ ਨਾਲ਼ ਮੁਲਾਕਾਤ ਕੀਤੀ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਜੇ ਉਹ ਇਜਾਜ਼ਤ ਦੇਣ ਤਾਂ ਉਹ ਦਿੱਲੀ ਦੀ ਇੱਟ ਨਾਲ਼ ਇੱਟ ਖੜਕਾ ਕੇ ਉਨ੍ਹਾਂ ਨੂੰ ਕੈਦਖ਼ਾਨੇ ਵਿਚੋਂ ਕੱਢ ਕੇ ਕਿਸੇ ਸੁਰੱਖ਼ਿਅਤ ਥਾਂ ਲਿਜਾ ਸਕਦੇ ਹਨ। ਅੱਗੋਂ ਸ਼੍ਰੀ ਗੁਰੂੁ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਨੂੰ ਪੁੱਛਿਆ, “ਸਾਈਂ ਜੀ, ਤੁਸੀਂ ਇੰਨੀ ਤਾਕਤ ਕਿੱਥੋਂ ਹਾਸਲ ਕੀਤੀ ਏ?”
“ਆਪਣੇ ਮੁਰਸ਼ਦ ਸਾਈਂ ਸਰਮਦ ਤੋਂ,” ਸਾਈਂ ਮੀਆਂ ਮੀਰ ਦਾ ਜੁਆਬ ਸੀ।
“ਸਾਈਂ ਸਰਮਦ ਨੇ ਤੁਹਾਨੂੰ ਇਹ ਨਹੀਂ ਦੱਸਿਆ ਕਿ ਰੱਬ ਦੇ ਸਾਨੀ ਨਹੀਂ ਬਣੀਦਾ ਤੇ ਉਸ ਦੀ ਰਜ਼ਾ ਵਿਚ ਰਹੀਦਾ ਹੈ?” ਗੁਰੂ ਜੀ ਦਾ ਇਹ ਸੁਆਲ ਸੁਣ ਕੇ ਸਾਈਂ ਮੀਆਂ ਮੀਰ ਚੁੱਪ ਹੋ ਗਏ ਸਨ। 
ਹੁਣ ਫਿਰ ਚੱਲਦੇ ਹਾਂ, ਸਾਨਲ ਏਡਮਾਰੁੱਕੂ ਦੀ ਕਥਾ ਵੱਲ। ਨੱਬੇਵਿਆਂ ਵਿਚ ਸਾਨਲ ਨੇ ਸੈਂਕੜੇ ਪਿੰਡਾਂ ਵਿਚ ਕਰਾਮਾਤਾਂ ਕਰਨ ਵਾਲ਼ੇ ‘ਚਮਤਕਾਰੀਆਂ’ ਵੱਲੋਂ ਕਰ ਕੇ ਦਿਖਾਏ ਗਏ ਚਮਤਕਾਰ ਆਪ ਕਰ ਕੇ ਦਿਖਾਏ ਤੇ ਲੋਕਾਂ ਨੂੰ ਉਨ੍ਹਾਂ ਦੇ ਭੇਤ ਸਮਝਾਏ। ਇਨ੍ਹਾਂ ਚਮਤਕਾਰੀਆਂ ਵਿਚ ਕਈ ਇਹੋ ਜਿਹੇ ਵੀ ਸਨ, ਜਿਨ੍ਹਾਂ ਦੇ ਇਸ ਜਹਾਨੋਂ ਤੁਰ ਜਾਣ ਮਗਰੋਂ, ਉਨ੍ਹਾਂ ਦੇ ਬਿਸਤਰਿਆਂ ਤੇ ਆਸਣਾਂ ਹੇਠੋਂ ਕਰੋੜਾਂ-ਅਰਬਾਂ ਰੁਪਏ ਕਾਲਾ ਧਨ ਮਿਲਿਆ ਸੀ ਤੇ ਜੋ ਚੁਟਕੀ ਮਾਰ ਕੇ ਹੱਥ ਵਿਚੋਂ ਘੜੀਆਂ ਹੀ ਨਹੀਂ ‘ਪਵਿੱਤਰ ਵਿਭੂਤੀ’ (ਸੁਆਹ) ਵੀ ਕੱਢ ਕੇ ਦਿਖਾਉਣ ਵਿਚ ਭੱਲ ਬਣਾ ਚੁੱਕੇ ਸਨ। ਸਾਨਲ ਨੇ ਲੋਕਾਂ ਨੂੰ ਇਹ ‘ਕਰਾਮਾਤਾਂ’ ਆਪ ਕਰ ਕੇ ਹੀ ਨਹੀਂ ਦਿਖਾਈਆਂ, ਸਗੋਂ ਇਹ ਦੱਸਿਆ ਕਿ ਇਨ੍ਹਾਂ ਦਾ ਭੇਤ ਕੀ ਹੈ। ਇਸ ਦੌਰਾਨ ਹੀ ਉਸ ਨੂੰ ਕਈ ਵਾਰੀ ਇਨ੍ਹਾਂ ‘ਬਾਬਿਆਂ’ ਦੇ ‘ਸ਼ਰਧਾਲੂਆਂ’ ਦੇ ਰੋਹ ਦਾ ਸ਼ਿਕਾਰ ਵੀ ਹੋਣਾ ਪਿਆ।
ਸਾਨਲ ਮੰਨਦਾ ਹੈ ਕਿ ਉਸ ਨੇ ਇਸ ਕੰਮ ਵਿਚ ਭਾਰਤੀ ਟੈਲੀਵਿਯਨ ਚੈਨਲਾਂ ਦਾ ਪੂਰਾ-ਪੂਰਾ ਫ਼ਾਇਦਾ ਉਠਾਇਆ ਹੈ ਕਿਉਂ ਕਿ ਲੋਕ ਚਮਤਕਾਰਾਂ ਦਾ ਭਾਂਡਾ ਭੰਨਣ ਦਾ ਚਮਤਕਾਰ ਦੇਖਣ ਲਈ ਵੀ ਘੱਟ ਕਾਹਲ਼ੇ ਨਹੀਂ ਰਹਿੰਦੇ।
“ਮੈਂ ਟੈਲੀਵਿਯਨ ਦੀ ਆਮਦ ਤੋਂ ਪਹਿਲਾਂ ਦਾ ਹੀ ਪਿੰਡਾਂ ਵਿਚ ਆਪਣੀ ਮੁਹਿੰਮ ਚਲਾਉਂਦਾ ਸਾਂ,” ਸਾਨਲ ਦੱਸਦਾ ਹੈ, “ਪਰ ਕੁੱਝ ਲੋਕ ਮੈਨੂੰ ਟੈਲੀਵਿਯਨ ਉੱਤੇ ਦੇਖਣਾ ਤੇ ਲੱਖਾਂ ਲੋਕਾਂ ਤਕ ਪਹੁੰਚਦਾ ਦੇਖਣਾ ਨਹੀਂ ਪਸੰਦ ਨਹੀਂ ਕਰਦੇ।”
ਟੈਲੀਵਿਯਨ ਦੇ ਇਕ ਸ਼ੋਅ ਦੌਰਾਨ ਇਕ ਕਥਿਤ ਹਿੰਦੂ ਫ਼ਕੀਰ ਨਾਲ ਟਕਰਾਅ ਹੋਣ ਤੋਂ ਚਾਰ ਸਾਲ ਬਾਅਦ 2012 ਵਿਚ ਈਸਾ ਦੇ ਇਕ ਬੁੱਤ ਦੇ ਪੱਬਾਂ ਵਿਚੋਂ ਪਾਣੀ ਤੁਪਕਣ ਨੇ ਤਾਂ ਸਾਨਲ ਦੇ ਜਿਸਮ ਵਿਚੋਂ ਲਹੂ ਦਾ ਆਖ਼ਰੀ ਤੁਪਕਾ ਵੀ ਕੱਢ ਲੈਣ ਤਕ ਦੀ ਨੌਬਤ ਲੈ ਆਂਦੀ ਸੀ। ਜਦੋਂ ਲੋਕਾਂ ਨੇ ਈਸਾ ਦੇ ਬੁੱਤ ਦੇ ਪੱਬਾਂ ਵਿਚੋਂ ਪਾਣੀ ਤੁਪਕਦਾ ਦੇਖਿਆ ਤਾਂ ਇਸ ‘ਚਮਤਕਾਰ’ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਝੱਟ ਹੀ ਸਭ ਪਾਸੇ ਫੈਲ ਗਈ ਅਤੇ ਮੁੰਬਈ ਦੇ ਇਕ ਬਾਹਰਲੇ ਇਲਾਕੇ ਵਿਚ ਵਿਚ ਬਣੇ ਹੋਏ ਇਸ ਗਿਰਜੇ ਵਿਚ ਲੋਕਾਂ ਦੀ ਭੀੜ ਹੋਣ ਲੱਗ ਪਈ। ਕੋਈ ਵੀ ਇੱਥੇ ਭਜਨ-ਬੰਦਗ਼ੀ ਕਰਨ ਨਹੀਂ ਆਉਂਦਾ ਸੀ। ਲੋਕ ਤਾਂ ਈਸਾ ਦੇ ਪੱਥਰ ਦੇ ਬੁੱਤ ਦੇ ਪੈਰਾਂ ਵਿਚੋਂ ਪਾਣੀ ਸਿੰਮਦਾ ਦੇਖਣ ਆ ਰਹੇ ਸਨ।
ਈਸਾ ਦੇ ਪੱਥਰ ਦੇ ਪੱਬਾਂ ਵਿਚੋਂ ਪਾਣੀ ਤੁਪਕਣ ਦਾ ਰਾਜ਼ ਲੱਭਣ ਦਾ ਕੰਮ ਸਾਨਲ ਏਡਮਾਰੁੱਕੂ ਦੇ ਜ਼ਿੰਮੇ ਲੱਗਿਆ। ਉਹ ਆਪਣੇ ਇਕ ਇੰਜੀਨੀਅਰ ਦੋਸਤ ਨੂੰ ਨਾਲ਼ ਲੈ ਕੇ ਉਸ ਬੁੱਤ ਦਾ ਮੁਆਇਨਾ ਕਰਨ ਗਿਆ। ਉਨ੍ਹਾਂ ਨੇ ‘ਈਸਾ ਦੇ ਬੁੱਤ ਦੇ ਪੈਰਾਂ ਵਿਚੋਂ ਪਾਣੀ ਤੁਪਕਣ’ ਦਾ ਰਾਜ਼ ਲੱਭ ਲਿਆ। ਜਿਸ ਕੰਧ ਨਾਲ਼ ਈਸਾ ਦੀ ਮੂਰਤੀ ਫਿੱਟ ਕੀਤੀ ਹੋਈ ਸੀ, ਉਸ ਵਿਚ, ਭਰ ਕੇ ਉਛਲਦੀ ਇਕ ਨਾਲੀ ਵਿਚੋਂ ਪਾਣੀ ਆ-ਆ ਕੇ ਸਲ੍ਹਾਭਾ ਆਉਂਦਾ ਸੀ। ਉਸ ਨਾਲ਼ੀ ਵਿਚ ਪਾਣੀ, ਨੇੜੇ ਦੀ ਇਕ ਟਾਇਲਟ ਵੱਲ ਜਾਂਦੇ ਇਕ ਪਾਈਪ ਰਾਹੀਂ ਆਉਂਦਾ ਸੀ। ਇਸ ਚਮਤਕਾਰ ਦੀ ਵਜ੍ਹਾ ‘ਪਲੰਬਿੰਗ ਦਾ ਮਾੜਾ ਜਿਹਾ ਨੁਕਸ’ ਸੀ।ਇਹ ਨੁਕਸ ਤਾਂ ਦੂਰ ਹੋਇਆ ਕਿ ਨਹੀਂ ਸਾਨਲ ਦੇ ਸਾਹਾਂ ਦੀ ਮਾਲ਼ਾ ਖ਼ਤਰੇ ਵਿਚ ਪੈ ਗਈ ਕਿਉਂ ਕਿ ਮਣਕਿਆਂ ਦੀ ਮਾਲ਼ਾ ਫੇਰਨ ਵਾਲ਼ੇ ਮਾਲ਼ਾ ਛੱਡ ਕੇ, ਜੋ ਕੁੱਝ ਵੀ ਉਨ੍ਹਾਂ ਦੇ ਹੱਥ ਆਇਆ, ਫੜ ਕੇ ਸਾਨਲ ਦੇ ਮਗਰ ਪੈ ਗਏ।
ਉਸ ਨੇ ਇਕ ਸਿੱਧੇ ਪ੍ਰਸਾਰਤ ਟੀਵੀ ਸ਼ੋਅ ਵਿਚ ਕਰਾਈ ਗਈ ਤੇ ਬਹੁਤ ਹੀ ਭਖ਼ ਵੀ ਗਈ ਬਹਿਸ ਵਿਚ, ਭਗਤੀ ਛੱਡ ਕੇ ਸ਼ਕਤੀ ਦਿਖਾਉਣ ’ਤੇ ਉਤਾਰੂ ਹੋ ਗਏ ਰੋਮਨ ਕੈਥੋਲਿਕਾਂ ਦੇ ਨੁਮਾਇੰਦਿਆਂ ਅੱਗੇ ਆਪਣਾ ਪੱਖ ਰੱਖਿਆ। ਜਦੋਂ ਉਹ ਆਪਣਾ ਪੱਖ ਪੇਸ਼ ਕਰ ਰਹੇ ਸਨ ਤਾਂ ਸਟੂਡੀਓ ਦੇ ਬਾਹਰ ਇਕੱਠੇ ਹੋਏ ਬਹੁਤ ਸਾਰੇ ਲੋਕ, ਹੱਥਾਂ ਵਿਚ ਲਾਠੀਆਂ ਫੜੀ ਬਾਹਾਂ ਚੜ੍ਹਾਈ ਜਾ ਰਹੇ ਸਨ। ਸਾਨਲ ਦਾ ਦਾਅਵਾ ਹੈ ਕਿ ਉਹ ਕਿਰਾਏ-ਭਾੜੇ ’ਤੇ ਲਿਆਂਦੇ ਹੋਏ ਗੁੰਡੇ ਸਨ। ਕੁੱਝ ਕੈਥੋਲਿਕਾਂ ਨੂੰ ਉਸ ਚਮਤਕਾਰ ਦੀ ਕਲਈ ਲਹਿ ਜਾਣ ਨਾਲ਼ ਕੋਈ ਗਰਜ਼ ਨਹੀਂ ਸੀ, ਉਹ ਤਾਂ ਇਹੋ ਦੁਹਾਈ ਪਾਈ ਜਾ ਰਹੇ ਸਨ ਕਿ ਸਾਨਲ ਏਡਮਾਰੁੱਕੂ ਨੇ, ‘ਕਮਾਈ’ ਕਰਨ ਖ਼ਾਤਰ ਇਸ ਚਮਤਕਾਰ ਦਾ ਜੁਗਾੜ ਬਣਾਉਣ ਦਾ ਦੋਸ਼ ਲਾ ਕੇ, ਕੈਥੋਲਿਕ ਚਰਚ ਦੀ ਬੇਹੁਰਮਤੀ ਕੀਤੀ ਹੈ। ਕਈਆਂ ਨੇ ਇਹ ਵੀ ਕਿਹਾ ਕਿ ਉਸ ਨੇ ਚਰਚ ਨੂੰ ਵਿਗਿਆਨ ਦੇ ਖ਼ਿਲਾਫ਼ ਦੱਸਣ ਦਾ ਹੀਲਾ ਵੀ ਕੀਤਾ ਹੈ। ਹੋਰ ਤਾਂ ਹੋਰ, ਕਈਆਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਉਸ ਨੇ ਤਾਂ ਉਸ ਚਮਤਕਾਰ ਨੂੰ ਵੀ ਖੋਖਲ਼ਾ ਕਰਾਰ ਦੇ ਦਿੱਤਾ ਹੈ, ਜਿਸ ਉੱਤੇ ਮਾਈ ਟਰੇਸਾ ਦਾ ਸੰਤਪੁਣਾ ਟਿਕਿਆ ਹੋਇਆ ਹੈ। ਇਸ ਤੋਂ ਮਗਰੋਂ ਮੁੰਬਈ ਦੇ ਤਿੰਨ ਥਾਣਿਆਂ ਵਿਚ, ਕੈਥੋਲਿਕ ਜਥੇਬੰਦੀਆਂ ਨੇ ਸਾਨਲ ਦੇ ਖ਼ਿਲਾਫ਼ ‘ਮਜ਼ਹਬੀ ਕੁਫ਼ਰ’ ਤੋਲਣ ਦੇ ਦੋਸ਼ਾਂ ਅਧੀਨ ਪਰਚੇ ਦਰਜ ਕਰਾ ਦਿੱਤੇ ਅਤੇ ਅੰਗਰੇਜ਼ਾਂ ਵੇਲ਼ੇ ਦੇ ਬਣੇ ਹੋਏ ਭਾਰਤੀ ਦੰਡ ਵਿਧਾਨ ਦੀ ਦਫ਼ਾ 295-ਏ ਲਾਗੂ ਕਰ ਦਿੱਤੀ।
ਇੱਥੇ ਇਹ ਦੱਸਣਾ ਵੀ ਨਜਾਇਜ਼ ਨਹੀਂ ਹੋਵੇਗਾ ਕਿ ਭਾਰਤੀ ਦੰਡ ਵਿਧਾਨ ਦੀ ਦਫ਼ਾ 295-ਏ, 1927 ਵਿਚ ਫਿਰਕੂ ਭੜਕਾਹਟ ਵਾਲੀਆਂ ਤਕਰੀਰਾਂ ਨਾਲ਼ ਹਾਲਾਤ ਵਿਗੜਨ ਤੋਂ ਰੋਕਣ ਲਈ ਲਾਗੂ ਕੀਤੀ ਜਾਂਦੀ ਹੁੰਦੀ ਸੀ। ਇਸ ਅਧੀਨ ਕਿਸੇ ਧਰਮ ਜਾਂ ਫਿਰਕੇ ਦੇ ਖ਼ਿਲਾਫ਼ ‘ਜਾਣ-ਬੁੱਝ ਕੇ ਬਦਖੋਹੀ ਭਰੀ’ ਤਕਰੀਰ ਕਰਨ ਵਾਲ਼ੇ ਨੂੰ ਤਿੰਨ ਸਾਲ ਦੀ ਕੈਦ ਸਜ਼ਾ ਦਿੱਤੀ ਜਾ ਸਕਦੀ ਸੀ ਤੇ ਜੁਰਮਾਨਾ ਵੀ ਕੀਤਾ ਜਾ ਸਕਦਾ ਸੀ। ਇਹ ਵੀ ਦੱਸਣਾ ਬਹੁਤ ਮੌਕੇ ਮੁਤਾਬਕ ਹੋਵੇਗਾ ਕਿ ਇਸ ਦਫ਼ਾ ਬਾਰੇ ਅਕਸਰ ਹੀ ਕਿਹਾ ਜਾਂਦਾ ਹੁੰਦਾ ਸੀ ਕਿ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਉੱਤੇ ਰੋਕ ਲਾਉਣ ਲਈ, ਇਸ ਦਫ਼ਾ ਦੀ ਦੁਰਵਰਤੋਂ ਹੀ ਕੀਤੀ ਜਾਂਦੀ ਰਹੀ ਹੈ।
“ਇਸ ਕਾਨੂੰਨ ਅਧੀਨ ਕੋਈ ਵੀ ਪੁਲਸੀਆ ਮੈਨੂੰ ਕੋਈ ਤਫ਼ਤੀਸ਼ ਕੀਤੇ ਬਗ਼ੈਰ ਹੀ ਹਿਰਾਸਤ ਵਿਚ ਲੈ ਸਕਦਾ ਹੈ,” ਸਾਨਲ ਦਾ ਕਹਿਣ ਹੈ, “ਇਸ ਲਈ ਉਸ ਨੂੰ ਮੇਰੇ ਵਾਰੰਟਾਂ ਦੀ ਵੀ ਲੋੜ ਨਹੀਂ ਹੈ। ਉਹ ਇਸ ਧਾਰਾ ਅਧੀਨ, ਉਹ ਜਿੰਨਾ ਚਿਰ ਚਾਹੁਣ ਮੈਨੂੰ ਅੰਦਰ ਡੱਕੀ ਰੱਖ ਸਕਦੇ ਹਨ ਤੇ ਮੈਂ ਨਹੀਂ ਚਾਹੁੰਦਾ ਸਾਂ ਕਿ ਐਵੇਂ ਸੀਖਾਂ ਪਿੱਛੇ ਪਿਆ ਸੜੀ ਜਾਵਾਂ।” ਉਸ ਨੇ  ਗ਼੍ਰਿਫ਼ਤਾਰੀ ਤੋਂ ਬਚਣ ਲਈ ਪੇਸ਼ਗੀ ਜ਼ਮਾਨਤ ਕਰਾਉਣ ਲਈ ਦਰਖ਼ਾਸਤ ਵੀ ਦਿੱਤੀ, ਜੋ ਠੁਕਰਾਅ ਦਿੱਤੀ ਗਈ। ਇਸ ਦੇ ਨਾਲ਼ ਹੀ ਪੁਲਸੀਆਂ ਨੇ ਉਨ੍ਹਾਂ ਨੂੰ ਫੋਨ ਰਾਹੀਂ ਧਮਕੀਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਤੋਂ ਉਨ੍ਹਾਂ ਦੇ ਇਰਾਦੇ ਸਪੱਸ਼ਟ ਹੋ ਗਏ ਸਨ ਕਿਉਂ ਕਿ ਉਹ ਕਹਿੰਦੇ ਸਨ, “ਜਿੰਨਾ ਚਿਰ ਤੂੰ ਮੁਆਫ਼ੀ ਨਹੀਂ ਮੰਗਦਾ, ਇਹ ਸ਼ਿਕਾਇਤ ਖੁੱਲ੍ਹੀ ਰੱਖੀ ਜਾਵੇਗੀ।” ਇੱਥੋਂ ਤਕ ਕਿ ਧਮਕੀਆਂ ਦੇਣ ਲਈ ਇੰਟਰਨੈੱਟ ਦੀ ਵਰਤੋਂ ਵੀ ਕੀਤੀ ਗਈ ਤੇ ਉਸ ਨੂੰ ਜੇਲ੍ਹ ਵਿਚ ਵੀ ਕੁਟਾਉਣ ਦੇ ਪ੍ਰਬੰਧ ਕਰ ਲਏ ਜਾਣ ਦੀ ਸੂਹ ਮਿਲ ਗਈ ਸੀ। ਇਸ ਦੌਰਾਨ ਹੀ ਉਸ ਨੇ ਲੈਕਚਰ ਕਰਨ ਲਈ ਯੂਰਪ ਦੇ ਦੌਰੇ ’ਤੇ ਜਾਣ ਦੀ ਸਕੀਮ ਬਣਾ ਲਈ। ਫਿਨਲੈਂਡ ਪਹਿਲਾ ਦੇਸ਼ ਸੀ, ਜਿਸ ਨੇ ਉਸ ਨੂੰ ਵੀਜ਼ਾ ਦੇ ਦਿੱਤਾ। ਉੱਥੇ ਉਸ ਦੇ ਕੁੱਝ ਦੋਸਤ ਵੀ ਸਨ, ਜੋ ਉਸ ਦੀ ਮੱਦਦ ਕਰਨ ਲਈ ਤਿਆਰ ਸਨ। ਉਹ ਕੁੱਝ ਹਫ਼ਤਿਆਂ ਲਈ ਤੇ ਇਹ ਰੌਲ਼ਾ-ਰੱਪਾ ਮੱਠਾ ਹੋਣ ਤਕ ਹੀ ਹੇਲਸਿੰਕੀ ਰਹਿਣ ਗਿਆ ਸੀ, ਪਰ ਦੋ ਸਾਲ ਹੋ ਗਏ ਹਨ ਤੇ ਇਹ ਰੌਲ਼ਾ ਸ਼ਾਂਤ ਨਹੀਂ ਹੋਇਆ।
‘ਕੈਥੋਲਿਕ ਸੈਕੂਲਰ ਫਰੰਟ’, ਜਿਸ ਨੇ ਸਭ ਤੋਂ ਪਹਿਲਾਂ ਰਿਪੋਰਟ ਕੀਤੀ ਸੀ, ਹਾਲੇ ਵੀ ਸ਼ਿਕਾਇਤ ਵਾਪਸ ਲੈਣ ਲਈ ਤਿਆਰ ਨਹੀਂ ਹੈ। ਸਾਨਲ ਜਦੋਂ ਭਾਰਤ ਤੋਂ ਆਇਆ ਸੀ ਤਾਂ ਉਸ ਦੀ ਧੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਹੁਣ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ।ਇਸ ਦੇ ਬਾਵਜੂਦ, ਇਹ ਸ਼ਖ਼ਸ ਆਪਣੇ ਕੀਤੇ ਲਈ ਮੁਆਫ਼ੀ ਮੰਗਣ ਜਾਂ ਹਾਰ ਮੰਨਣ ਲਈ ਤਿਆਰ ਨਹੀਂ ਹੈ। ਉਹ ਹਾਲੇ ਵੀ ਹੈਰਾਨ ਹੈ ਕਿ ਉਸ ਦਾ ਬਾਪ ਜਮਾਂਦਰੂ ਇਸਾਈ ਸੀ ਤੇ ਉਸ ਦੇ ਬਾਪ ਨੇ ਵੀ ਉਸ ਨੂੰ ਘਰੋਂ ਕੱਢ ਦਿਤਾ ਸੀ। ਉਸ ਦੀ ਮਾਂ ਦੱਸਦੀ ਹੈ ਕਿ ਉਸ ਨੇ ਵਰ੍ਹਦੇ ਮੀਂਹ ਵਿਚ ਉਸ ਨੂੰ ਉਸ ਵੇਲ਼ੇ ਜਨਮ ਦਿੱਤਾ ਸੀ ਜਦੋਂ ਉਹ ਆਪਣੇ ਸਹੁਰੇ ਘਰੋਂ ਇਸ ਲਈ ਦੌੜ ਆਈ ਸੀ ਕਿਉਂ ਕਿ ਉਸ ਨੂੰ ਜਬਰੀ ਇਸਾਈ ਬਣਾਇਆ ਜਾ ਰਿਹਾ ਸੀ। ਉਹ ਫਿਰ ਵੀ ਆਪਣੇ ਸਹੁਰੇ ਘਰ ਆ ਵਸੀ ਸੀ।
ਉਸ ਦੀ ਮਾਂ ਨੂੰ ਤਾਂ ਇਕ ਮਜ਼ਹਬ ਨੇ ਉਸ ਦੇ ਸਹੁਰੇ ਘਰੋਂ ਹੀ ਕਢਾਇਆ ਸੀ, ਉਸ ਨੂੰ ਤਾਂ ਮੁਲਕ ਵਿਚੋਂ ਹੀ ਕਢਾ ਦਿੱਤਾ ਹੈ। ਫੇਰ ਅਸੀਂ ਸੁਣਦੇ ਹਾਂ, “ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ…।” #
E-mail : bababax@gmail.com   Cell Phone No. : +17783789669