ਇਹ ਖ਼ਬਰਾਂ ਕਿਉਂ ਆਉਂਦੀਆਂ ਨੇ…
ਉਹ ਕਿਉਂ ਨਹੀਂ ਆਉਂਦੀਆਂ?
ਬਖ਼ਸ਼ਿੰਦਰ
‘ਭਾਰਤ ਦੇ ਹੁਕਮਰਾਨਾਂ ਦੇ ਸੂਬੇ’ ਵਜੋਂ ਵੱਜਦੇ ਸੂਬੇ ਉੱਤਰ ਪ੍ਰਦੇਸ਼ ਦੇ ਅਤੇ ਉਰਦੂ ਸ਼ਾਇਰ ਸ਼ਕੀਲ ਬਦਾਯੂੰਨੀ ਦੇ ਸ਼ਹਿਰ ਬਦਾਯੂੰ ਵੱਲੋਂ ਆਈਆਂ, ਉਨ੍ਹਾਂ ਖ਼ਬਰਾਂ ਦੀ ਹਾਲੇ ਸਿਆਹੀ ਵੀ ਨਹੀਂ ਸੁੱਕੀ ਸੀ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਦੋ ਭੈਣਾਂ ਨਾਲ਼ ਜਿਸਮਾਨੀ ਧੱਕਾ ਕਰ ਕੇ ਉਨ੍ਹਾਂ ਨੂੰ ਅੰਬ ਦੇ ਇਕ ਦਰੱਖ਼ਤ ਦੇ ਦੋ ਟਾਹਣਿਆਂ ਨਾਲ਼ ਫਾਹੇ ਟੰਗ ਦਿੱਤਾ ਗਿਆ ਸੀ ਕਿ ਇਕ ਹੋਰ ‘ਚੰਦ ਚਾਹੜੂ’ ਖ਼ਬਰ ਆ ਗਈ ਹੈ। ਰਤਾ ਕੁ ਗ਼ੌਰ ਨਾਲ਼ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਹੋ ਜਿਹੀਆਂ ਖ਼ਬਰਾਂ ਆਉਣ ਦਾ ਇਕ ਸਿਲਸਿਲਾ ਹੈ, ਜਿਸ ਦੀ ਰਫ਼ਤਾਰ ਤਾਂ ਮੱਠੀ ਜਾਂ ਤੇਜ਼ ਹੋ ਸਕਦੀ ਹੈ, ਪਰ ਇਹ ਜਾਰੀ ਰਹਿੰਦਾ ਹੈ।
ਬਦਾਯੂੰ ਵਿਚ ਇਕ ਅੰਬ ਦੇ ਦਰੱਖ਼ਤ ਨਾਲ਼ ਲਮਕਦੀਆਂ, ਇਨ੍ਹਾਂ ਦੋ ਕੁੜੀਆਂ ਦੀਆਂ ਲਾਸ਼ਾਂ ਮਿਲਣ ਤੋਂ ਤਿੰਨ ਹਫ਼ਤੇ ਬੀਤ ਜਾਣ ਮਗਰੋਂ ਵੀਂ ਇਹ ਖ਼ਬਰ ਨਹੀਂ ਆਈ ਸੀ ਕਿ ਉਸ ਰਾਤ, ਉਨ੍ਹਾਂ ਕੁੜੀਆਂ ਨੂੰ ਅੱਧੀ ਰਾਤ ਨੂੰ ਘਰੋਂ ਬਾਹਰ ਕਿਉਂ ਨਿੱਕਲਣਾ ਪਿਆ ਤੇ ਉਨ੍ਹਾਂ ਵੱਲੋਂ ਘਰ ਦੀ ਸਰਦਲ ਟੱਪਣ ਮਗਰੋਂ, ਉਨ੍ਹਾਂ ਨਾਲ਼ ਕੀ-ਕੀ ਹੋਇਆ-ਬੀਤਿਆ। ਕੁੱਝ ਖ਼ਬਰਾਂ ਫ਼ਟਾਫਟ ਆ ਜਾਂਦੀਆਂ ਹਨ, ਕੁੱਝ ਖ਼ਬਰਾਂ ਛਪਾਛਪ ਛੁਪ ਜਾਂਦੀਆਂ ਹਨ। ਉਹ ਬਾਹਰ ਕਿਉਂ ਨਹੀਂ ਆਉਂਦੀਆਂ। ਓਦਾਂ, ਉਹ ਖ਼ਬਰਾਂ ਖ਼ਲਕਤ ਤੋਂ ਗੁੱਝੀਆਂ ਨਹੀਂ ਰਹਿੰਦੀਆਂ ਤੇ ਲੋਕਾਈ ਦੇ ਬੁੱਲ਼੍ਹਾਂ ਉੱਤੇ ਤਾਂ ਆ ਹੀ ਜਾਂਦੀਆਂ ਹਨ। ਖ਼ਬਰਾਂ ਏਦਾਂ ਕਿਉਂ ਕਰਦੀਆਂ ਹਨ? ਖ਼ਬਰਦਾਰ ਬੰਦੇ ਵੀ ਕਈ ਵਾਰ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ।
ਇਕ ਹੋਰ ਖ਼ਬਰ ਆਉਂਦੀ ਹੈ ਕਿ ਕੋਲਕਾਤਾ ਵਿਚ ਅੱਲ੍ਹੜ ਉਮਰ ਦੀ ਇਕ ਕੁੜੀ ਨਾਲ਼ ਦੋ ਘੰਟਿਆਂ ਵਿਚ, ਕਈ ਬੰਦਿਆਂ ਨੇ ਰਲ਼-ਰਲ਼ ਕੇ ਅੱਠ ਵਾਰ ਧੱਕਾ ਕੀਤਾ।
ਇਕ ਹੋਰ ਖ਼ਬਰ ਆਈ ਕਿ ਬਦਾਯੂੰ ਵਿਚ ਉਨ੍ਹਾਂ ਦੋ ਭੈਣਾਂ ਦੀ ਪੱਤ ਲੁੱਟ ਕੇ ਉਨ੍ਹਾਂ ਨੂੰ ਅੰਬ ਨਾਲ਼ ਫਾਹੇ ਟੰਗ ਕੇ ਉਨ੍ਹਾਂ ਦੀਆਂ ਤਸਵੀਰਾਂ ਹੀ ਨਹੀਂ ਖਿੱਚੀਆਂ ਗਈਆਂ, ਸਗੋਂ ਉਹ ਤਸਵੀਰਾਂ ਉਨ੍ਹਾਂ ਦੇ ਘਰ ਦੇ ਬੂਹੇ ਉੱਤੇ ਲਾਈਆਂ ਵੀ ਗਈਆਂ। ਇਹ ਕੁੜੀਆਂ ਸਕੀਆਂ ਨਹੀਂ, ਸਗੋਂ ਇਕ-ਦੂਜੀ ਦੀਆਂ ਚਚੇਰੀਆਂ-ਤਤੇਰੀਆਂ ਭੈਣਾਂ ਸਨ। ਇਹ ਲਾਸ਼ਾਂ 14 ਘੰਟੇ ਲਮਕਦੀਆਂ ਰਹਿਣ ਮਗਰੋਂ, ਤਿੰਨ ਭਰਾਵਾਂ ਵਿਰੁੱਧ ਜਬਰ-ਜਨਾਹ ਕਰਨ ਬਾਅਦ ਉਨ੍ਹਾਂ ਕੁੜੀਆਂ ਨੂੰ ਮਾਰ-ਮੁਕਾਉਣ ਦੇ ਦੋਸ਼ ਆਇਦ ਹੋਏ ਤੇ ਪਿੰਡ ਦੀ ਚੌਕੀ ਦੇ ਦੋ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਆਪਣੇ ਫ਼ਰਜ਼ਾਂ ਵਿਚ ਕੋਤਾਹੀ ਕਰਨ ਦੇ ਦੋਸ਼ ਅਧੀਨ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਨੌਕਰੀਓਂ ਹਟਾਇਆ ਗਿਆ ਅਤੇ ਤਿੰਨ ਹੋਰ ਮੁਲਾਜ਼ਮ ਮੁਅੱਤਲ ਕੀਤੇ ਗਏ, ਪਰ ਇਹ ਸਭ ਕੁੱਝ ਹੋਇਆ, ਪਿੰਡਾਂ ਦੇ ਲੋਕਾਂ ਵੱਲੋਂ ਇਸ ਸਬੰਧ ਵਿਚ ਸੰਘਰਸ਼ ਕਰਨ ਤੋਂ ਮਗਰੋਂ ਹੀ।
ਬਦਾਯੂੰ ਦੇ ਪਿੰਡ ਕਟੜਾ ਸਾਅਦਤ ਗੰਜ ਵਿਚ 27 ਮਈ ਨੂੰ ਇਹ ਵਾਰਦਾਤ ਹੋਣ ਤੋਂ ਤਿੰਨ ਹਫ਼ਤੇ ਮਗਰੋਂ ਪੁਲੀਸ ਵੱਲੋਂ ਅਤੇ ਫਿਰ ਸੀ. ਬੀ. ਆਈ. ਵੱਲੋਂ ਤਫ਼ਤੀਸ਼ ਕਰਨ ਨਾਲ਼ ਇਹੋ ਹੀ ਗੱਲ ਸਾਹਮਣੇ ਆਈ ਹੈ ਕਿ ਕੁੜੀਆਂ ਵੱਲੋਂ ਘਰੋਂ ਬਾਹਰ ਪੈਰ ਰੱਖਣ ਤੋਂ ਮਗਰੋਂ ਦਸ ਘੰਟੇ ਤਕ ਉਨ੍ਹਾਂ ਨਾਲ਼ ਹੋਏ-ਬੀਤੇ ਦਾ ਕੋਈ ਸਪੱਸ਼ਟ ਲੜ-ਸਿਰਾ ਸਾਹਮਣੇ ਨਹੀਂ ਆਇਆ। ਕਿਆਫ਼ਾ ਲਾਇਆ ਜਾ ਰਿਹਾ ਹੈ ਕਿ ਉਹ ਦੋਵੇਂ ਕੁੜੀਆਂ ਹਾਜਤ ਰਫ਼ਾ ਕਰਨ ਲਈ ਜਾਂ ‘ਬਾਹਰ-ਅੰਦਰ’ ਜਾਣ ਖ਼ਾਤਰ ਹੀ ਘਰੋਂ ਨਿੱਕਲੀਆਂ ਸਨ ਕਿਉਂ ਕਿ ਉਨ੍ਹਾਂ ਦੇ ਘਰ ਵਿਚ ਕੋਈ ਪਾਖ਼ਾਨਾ ਬਗ਼ੈਰਾ ਨਹੀਂ ਸੀ। ਹੁਣ ਤਕ ਕੀਤੀ ਗਈ ਤਫ਼ਤੀਸ਼ ਅੰਨ੍ਹੀ ਗਲ਼ੀ ਵਿਚ ਟੱਕਰਾਂ ਮਾਰਨ ਦੇ ਤੁੱਲ ਹੀ ਰਹੀ ਹੋਣ ਕਾਰਨ ਹੁਣ ਤਫ਼ਤੀਸ਼ਕਾਰਾਂ ਕੋਲ ਸੱਚ ਉਗਲਾਉਣ ਵਾਲ਼ੇ ਆਲਿਆਂ ਦੀ ਵਰਤੋਂ ਕਰਨ ਅਤੇ ਮੁਲਜ਼ਮਾਂ ਦੇ ਦਿਮਾਗ਼ਾਂ ਦੀ ਤਲਾਸ਼ੀ ਲੈਣ ਤੋਂ ਇਲਾਵਾ ਕੋਈ ਰਾਹ ਨਹੀਂ ਰਹਿ ਗਿਆ।
ਇਹ ਕੁੜੀਆਂ ਪੱਛੜੀ ਸ਼੍ਰੇਣੀ ‘ਮੌਰੀਆ ਸ਼ਕੱਈਆ’ ਦੀਆਂ ਸਨ ਤੇ ਮੁਲਜ਼ਮ ‘ਯਾਦਵ’ ਹਨ। ਵੱਡੀ ਕੁੜੀ 16 ਸਾਲਾਂ ਦੀ ਸੀ ਤੇ ਅੱਠਵੀਂ ਜਮਾਤ ਵਿਚੋਂ ਹਟੀ ਹੋਈ ਸੀ। ਉਹ ਅਜੇ ਬੱਚੀ ਹੀ ਸੀ ਕਿ ਉਸ ਦੀ ਮਾਂ, ਰੱਬ ਨੂੰ ਪਿਆਰੀ ਹੋ ਗਈ ਸੀ। ਉਸ ਦੇ ਬਾਪ ਨੇ ਅੱਲੜ ਉਮਰ ਦੀ ਇਕ ਕੁੜੀ ਨਾਲ਼ ਦੂਜਾ ਵਿਆਹ ਕਰਾ ਲਿਆ ਸੀ। ‘ਨਵੀਂ ਮਾਂ’, ਜਿਸ ਦੇ ਕੋਈ ਬਾਲ-ਬੱਚਾ ਨਹੀਂ ਹੈ, ਆਪਣੀ ਮਤਰੇਈ ਧੀ ਬਾਰੇ ਏਦਾਂ ਕਹਿੰਦੀ ਸੁਣੀ ਗਈ, “ਕਭੀ ਵੋ ਕਹਤੀ ਮੈਂ ਪੜੂੰਗੀ, ਪਰੰਤੂ ਹਮ ਉਸ ਕੇ ਲੀਏ ਵਰ ਢੂੰਡਨੇ ਲਗੇ।” ਦੂਜੀ ਕੁੜੀ ਦੀ ਉਮਰ ਤਕਰੀਬਨ 14 ਸਾਲ ਦੀ ਸੀ। ਉਸ ਨੇ ਵੀ ਉਸੇ ਹੀ ਸਕੂਲ ਵਿਚੋਂ ਛੇਵੀਂ ਜਮਾਤ ਪਾਸ ਕੀਤੀ ਸੀ, ਜੋ ਵੱਡੀ ਨੇ ਛੱਡਿਆ ਹੋਇਆ ਸੀ। ਉਸ ਦਾ ਬਾਪ, ਵੱਡੀ ਦੇ ਬਾਪ ਦਾ ਵੱਡਾ ਭਰਾ ਹੈ। ਉਸ ਨੂੰ ਕਢਾਈ ਤੇ ਦਸਤਕਾਰੀ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦੇ ਘਰ ਦੀ ਰਾਖੀ ਬੈਠੇ ਪੁਲੀਸ ਮੁਲਾਜ਼ਮ ਆਪਣੇ-ਆਪ ਨੂੰ, ਉਸੇ ਦੇ ਹੱਥਾਂ ਦੀਆਂ ਬਣਾਈਆਂ ਹੋਈਆਂ ਪੱਖੀਆਂ ਨਾਲ਼ ਹੀ ਝੱਲ ਮਾਰ ਰਹੇ ਸਨ।
ਮੁੱਖ ਮੁਲਜ਼ਮ, ਜੋ ਉਸ ਦੇ ਪਿਉ ਦੇ ਕਹਿਣ ਮੁਤਾਬਕ 15 ਸਾਲਾਂ ਦਾ ਹੈ, ਆਪਣੇ ਸਾਰੇ ਭਰਾਵਾਂ ਤੋਂ ਛੋਟਾ ਹੈ। ਉਹ ਦਿੱਲੀ ਵਿਚ ਮਜੂਰੀ ਕਰ ਕੇ ਤਿੰਨ ਕੁ ਮਹੀਨੇ ਪਹਿਲਾਂ ਹੀ ਆਇਆ ਸੀ। ਉਸ ਦਾ ਪਿਉ ਕਹਿੰਦਾ ਹੈ, “ਮੇਰੀ ਨਾਕ ਕਟਵਾ ਦੀ ਸੁਸਰੇ ਨੇ।” ਉਸ ਨੇ ਇਹ ਵੀ ਕਿਹਾ, “ਪੁਲੀਸ ਕੇ ਆਗੇ ਬਿਆਨ ਦੀਆ ਹੈ ਕਿ ਵੋਹ, ਬੜਕੀ ਸੇ ਪਿਆਰ ਕਰਤਾ ਥਾ।”
ਵੱਡੀ ਕੁੜੀ ਦੇ ਬਾਪ ਦੇ ਬਾਪ ਦਾ ਕਹਿਣ ਹੈ ਕਿ ਉਸ (ਕੁੜੀ) ਨੇ ਪਰਿਵਾਰ ਦਾ ਖਾਣਾ ਬਣਾਇਆ ਤੇ ਛੋਟੀ ਕੁੜੀ ਨੂੰ ਨਾਲ਼ ਲੈ ਕੇ, ਸ਼ਾਮੀਂ ਅੱਠ ਕੁ ਵਜੇ ‘ਬਾਹਰ’ ਗਈ। ਸਮੇਂ ਵਾਲ਼ੀ ਗੱਲ ਕਿਆਫ਼ੇ ਨਾਲ਼ ਹੀ ਕਹੀ ਗਈ ਹੈ ਕਿਉਂ ਕਿ ਉਸ ਪਿੰਡ ਵਿਚ ਕਿਸੇ ਕੋਲ਼ ਵੀ ਘੜੀ ਨਹੀਂ ਹੈ। ਉਸ ਤੋਂ ਕੁੱਝ ਸਮੇਂ ਮਗਰੋਂ ਹੀ ਉਨ੍ਹਾਂ ਦੀ ਭਾਲ਼ ਸ਼ੁਰੂ ਕਰ ਦਿੱਤੀ ਗਈ। ਕੁੜੀਆਂ ਦੇ ਚਾਚਿਆਂ ਦੀ ਥਾਂ ਲੱਗਦੇ ਨਾਜਰੂ ਦਾ ਕਹਿਣ ਹੈ ਕਿ ਉਸ ਨੇ ਅੱਠ-ਸਵਾ ਅੱਠ ਵਜੇ ਕੁੜੀਆਂ ਦੀਆਂ ਚੀਕਾਂ ਸੁਣੀਆਂ ਤੇ ਏਦਾਂ ਲੱਗਦਾ ਸੀ ਕਿ ਉਨ੍ਹਾਂ ਨੂੰ ਧੂਹਿਆ-ਘੜੀਸਿਆ ਜਾ ਰਿਹਾ ਹੈ। ਨਾਜਰੂ ਹੀ ਦੱਸਦਾ ਹੈ ਕਿ ਉਸ ਨੇ ਟਾਰਚ ਦੀ ਰੌਸ਼ਨੀ ਵਿਚ ਦੇਖਿਆ ਕਿ ਮੁੱਖ ਮੁਲਜ਼ਮ ਸਾਹਮਣੇ ਖੜ੍ਹਾ ਹੈ ਤੇ ਚਾਰ ਕੁ ਜਣੇ ਉਸ ਦੇ ਪਿੱਛੇ ਸਨ, ਜੋ ਕੁੜੀਆਂ ਨੂੰ ਧੂਈ ਲਿਜਾਂਦੇ ਸਨ। ਉਹ ਉਸ ਤੋਂ ਪਛਾਣੇ ਨਹੀਂ ਗਏ। ਉਸ ਨੇ ਉਨ੍ਹਾਂ ਨੂੰ ਰੁਕਣ ਲਈ ਲਲਕਾਰਾ ਵੀ ਮਾਰਿਆ, ਪਰ ਇਕ ਜਣੇ ਨੇ ਬੰਦੂਕ ਦਿਖਾ ਕੇ ਉਸ ਨੂੰ ਡਰਾ ਦਿੱਤਾ ਤੇ ਉਹ ਆਪਣੀ ਜਾਨ ਬਚਾਉਣ ਲਈ ਉੱਥੋਂ ਦੌੜ ਗਿਆ। ਨਾਜਰੂ ਨੇ ਹੀ ਕੁੜੀਆਂ ਨੂੰ ਧੂਹ ਕੇ ਲਿਜਾਣ ਬਾਰੇ ਉਨ੍ਹਾਂ ਦੇ ਘਰ ਦੇ ਜੀਆਂ ਨੂੰ ਦੱਸਿਆ।
ਰਾਤੀਂ ਸਾਢੇ ਕੁ ਦਸ ਵਜੇ ਪੁਲੀਸ ਚੌਕੀ ਵਿਚ ਰਿਪੋਰਟ ਦਿੱਤੀ ਗਈ ਤਾਂ ਅੱਗਿਉਂ ਪੁਲੀਸ ਮੁਲਾਜ਼ਮਾਂ ਸਰਵੇਸ਼ ਅਤੇ ਛਤਰਪਾਲ (ਦੋਵੇਂ ਯਾਦਵ) ਨੇ ਕੁੜੀਆਂ ਦੇ ਪਰਿਵਾਰਾਂ ਦੇ ਜੀਆਂ ਨੂੰ ਗਾਲ਼ਾਂ ਕੱਢੀਆਂ। ਇਨ੍ਹਾਂ ਦੋਹਾਂ ਜਣਿਆਂ ਨੂੰ 28 ਮਈ ਨੂੰ ਇਨ੍ਹਾਂ ਦੇ ਅਹੁਦਿਆਂ ਤੋਂ ਬਰਤਰਫ਼ ਕਰ ਦਿੱਤਾ ਗਿਆ ਸੀ ਤੇ ਮੁਲਜ਼ਮਾਂ ਵਿਚ ਸ਼ਾਮਲ ਕਰ ਦਿੱਤਾ ਗਿਆ ਸੀ। ਬਾਅਦ ਵਿਚ ਉੱਚ ਪੁਲੀਸ ਅਧਿਕਾਰੀਆਂ ਨੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਛਤਰਪਾਲ ‘ਯਾਦਵ’ ਨਹੀਂ, ‘ਕੁਰਮੀ’ ਹੈ। ਕੁੜੀਆਂ ਦੇ ਪਰਿਵਾਰ ਦੇ ਜੀਆਂ ਦਾ ਖ਼ਿਆਲ ਹੈ ਕਿ ਨਾਜਰੂ ਨੂੰ ਪੁਲੀਸ ਦੀ ਸ਼ਹਿ ਨਾਲ਼ ਇਸ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ ਕਿਉਂ ਕਿ ਉਹ ਮੌਕੇ ਦਾ ਗਵਾਹ ਹੈ। ਨਾਜਰੂ ਨੂੰ ਫਸਾਉਣ ਦੀ ਸਲਾਹ ਸਰਵੇਸ਼, ਜੋ ਅਸਲੀ ਮੁਲਜ਼ਮਾਂ ਨੂੰ ਬਚਾਉਣਾ ਚਾਹੁੰਦਾ ਹੈ, ਨੇ ਹੀ ਮੁਲਜ਼ਮਾਂ ਨੂੰ ਦਿੱਤੀ ਸੀ।
ਉਸ ਰਾਤ ਸਵੇਰੇ ਛੇ ਵਜੇ ਕੁੜੀਆਂ ਅੰਬ ਨਾਲ ਟੰਗੀਆਂ ਹੋਈਆਂ ਮਿਲੀਆਂ ਸਨ। ਲੋਕਾਂ ਦਾ ਕਹਿਣ ਹੈ ਕਿ ਉਹ ਸਾਰੀ ਰਾਤ ਕੁੜੀਆਂ ਦੀ ਭਾਲ਼ ਵਿਚ ਅੰਬ ਦੇ ਇਸ ਦਰੱਖ਼ਤ ਕੋਲੋਂ ਕਈ ਵਾਰ ਲੰਘੇ ਸਨ ਤੇ ਉਦੋਂ ਕੁੜੀਆਂ ਉਸ ਨਾਲ਼ ਨਹੀਂ ਟੰਗੀਆਂ ਹੋਈਆਂ ਸਨ। ਛੋਟੀ ਕੁੜੀ ਦੇ ਬਾਪ ਦਾ ਕਹਿਣ ਹੈ ਕਿ ਉਹ ਤੜਕੇ ਤਿੰਨ-ਚਾਰ ਵਜੇ ਤਕ ਉਹ, ਉਸ ਅੰਬ ਲਾਗੇ ਫਿਰਦੇ ਰਹੇ ਹਨ। ਪੁਲੀਸ ਦੇ ਦੋ ਮੁਲਾਜ਼ਮਾਂ, ਜਿਨ੍ਹਾਂ ਨੂੰ ਹੁਣ ਮੁਲਜ਼ਮਾਂ ਵਿਚ ਸ਼ਾਮਲ ਕਰ ਲਿਆ ਗਿਆ ਹੈ, ਨੇ ਹੀ ਸਵੇਰੇ ਆ ਕੇ ਇਹ ਦੱਸਿਆ ਸੀ ਕਿ ਕੁੜੀਆਂ ਅੰਬ ਦੇ ਟਾਹਣਿਆਂ ਨਾਲ਼ ਲਮਕ ਰਹੀਆਂ ਹਨ। ਹੁਣ ਸੀ. ਬੀ. ਆਈ. ਇਨ੍ਹਾਂ ਪੁਲੀਸ ਮੁਲਾਜ਼ਮਾਂ ਦੀ ਕਾਰਵਾਈ ਦੀ ਪੜਤਾਲ਼ ਕਰ ਰਹੀ ਹੈ।
ਜੇ ਉਨ੍ਹਾਂ ਦੇ ਘਰ ਕੱਚਾ ਜਾਂ ਪੱਕਾ ਪਖਾਨਾ ਹੁੰਦਾ ਤਾਂ ਸ਼ਾਇਦ ਇਹ ਕੁੜੀਆਂ ਬਚ ਜਾਂਦੀਆਂ ਕਿਉਂ ਕਿ ਇਸ ਸੂਰਤ ਵਿਚ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਜਾਣਾ ਪੈਣਾ ਸੀ। ਇਸ ਖ਼ਬਰ ਦੇ ਆਉਣ ਤੋਂ ਪਹਿਲਾਂ ਤੇ ਮਗਰੋਂ ਵੀ ਕਈ ਖ਼ਬਰਾਂ ਆਈ ਜਾਂਦੀਆਂ ਹਨ। ਹੁਣ ਇਕ ਖ਼ਬਰ ਆਈ ਹੈ ਕਿ ਪ੍ਰਤਾਪ ਗੜ੍ਹ ਦੇ ਇਕ ਪਿੰਡ ਦੇ ਇਕ ਦਲਿਤ ਪਰਿਵਾਰ ਦੇ ਪੰਜ ਸਾਲਾਂ ਦੇ ਇਕ ਬੱਚੇ ਨੂੰ, ਇਕ ਆਟਾ ਚੱਕੀ ਨੇੜੇ ਟੱਟੀ ਬੈਠਣ ਕਾਰਨ ਆਪਣੀ ‘ਫੁੱਲੋ’ ਕਟਾਉਣੀ ਪੈ ਗਈ ਹੈ। ਯਾਨੀ ਇਸ ਬੱਚੇ ਨਾਲ਼ ਇਹ ਭਾਣਾ ਨਹੀਂ ਵਾਪਰਨਾ ਸੀ, ਜੇ ਉਨ੍ਹਾਂ ਦੇ ਘਰ ਵਿਚ ਟੱਟੀ ਬਹਿਣ ਦਾ ਕੋਈ ਜੁਗਾੜ ਹੁੰਦਾ। ਓਦਾਂ ਕਹਿ ਸਕਦੇ ਹਾਂ ਕਿ ਇਹ ਮੁੰਡਾ, ਬਦਾਯੂੰ ਦੇ ਪਿੰਡ ਕਟੜਾ ਸਾਅਦਤ ਗੰਜ ਦੀਆਂ ਉਨ੍ਹਾਂ ਦੋ ਕੁੜੀਆਂ ਦੇ ਮੁਕਾਬਲੇ ‘ਖ਼ੁਸ਼ਕਿਸਮਤ’ ਰਿਹਾ ਹੈ। ਬੱਸ ਇੰਨੀ ਕੁ ਗੱਲ ਜ਼ਰੂਰ ਹੈ ਕਿ ਹੁਣ ਸਾਰੀ ਉਮਰ ਉਸ ਨੂੰ ਟੱਟੀ-ਪਿਸ਼ਾਬ ਇਕੋ ਰਾਹ ਕਰਨਾ ਪਿਆ ਕਰੇਗਾ।
ਪਹਿਲੀ ਜੂਨ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਦੇ ਜ਼ਿਲਾ ਪ੍ਰਤਾਪ ਗੜ੍ਹ ਦੀ ਕੋਰਾਲੀ ਗ੍ਰਾਮ ਸਭਾ ਦੇ ਛੋਟੇ ਜਿਹੇ ਪਿੰਡ ਬਾਬੂਲਾਪੁਰ ਵਿਚ ਰਹਿੰਦੇ ਭੱਠਾ ਮਜ਼ਦੂਰ ਸ਼ੇਸ਼ ਰਾਮ ‘ਪਾਸੀ’ ਦੇ ਪੰਜ ਸਾਲਾਂ ਦੇ ਮਾਸੂਮ ਪੁੱਤ ਨੂੰ 50 ਰੁਪਏ ਦੇਣ ਦਾ ਲਾਲਚ ਦੇ ਕੇ ਸੁੱਕੀ ਨਹਿਰ ਉੱਤੇ ਸੱਦਿਆ ਗਿਆ। ਉੱਥੇ ਉਸ ਦੇ ਮੂੰਹ ਵਿਚ ਬਜਰੀ ਦੀਆਂ ਕੈਂਕਰੀਆਂ ਤੁੰਨ ਕੇ, ਇੱਟ ਉੱਤੇ ਇੱਟ ਮਾਰ ਕੇ ਉਸ ਦੀ ‘ਫੁੱਲੋ’ ਜੜੋਂ ਹੀ ਟੁੱਕ ਸੁੱਟੀ ਗਈ। ਜਦੋਂ ਉਹ ਮੁੰਡਾ ਡਾਡਾਂ ਮਾਰਦਾ ਪਿੰਡ ਨੂੰ ਦੌੜਾ ਆਇਆ ਤਾਂ ਉਸ ਦਾ ਬਾਪ ਉਸ ਨੂੰ ਪਿੰਡ ਦੇ ਪ੍ਰਧਾਨ ਕੋਲ ਲੈ ਗਿਆ। ਪ੍ਰਧਾਨ ਨੇ ਉਸ ਨੂੰ ਥਾਣੇ ਵੱਲ ਤੋਰ ਦਿੱਤਾ। ਉੱਥੋਂ ਬੱਚੇ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਉੱਥੋਂ ਉਸ ਨੂੰ ਜ਼ਿਲਾ ਹਸਪਤਾਲ ਲਿਜਾਣ ਲਈ ਕਹਿ ਦਿੱਤਾ ਗਿਆ। ਹਸਪਤਾਲ ਤੋਂ ਬੱਚੇ ਨੂੰ ਸਵਰੂਪ ਰਾਣੀ ਹਸਪਤਾਲ, ਅਲਾਹਾਬਾਦ ਭੇਜਿਆ ਗਿਆ। ਉੱਥੇ ਡਾਕਟਰਾਂ ਨੇ ਉਸ ਦੀ ਸਰਜਰੀ ਕਰ ਕੇ ਉਸ ਦਾ ਪਿਸ਼ਾਬ ਗੁਦਾ ਰਾਹੀਂ ਨਿੱਕਲਦਾ ਕਰ ਦਿੱਤਾ।
“ਡਾਕਟਰਾਂ ਨੇ ਮੈਨੂੰ ਦੱਸਿਆ ਕਿ ‘ਫੁੱਲੋ’ ਦੁਬਾਰਾ ਜੁੜਨ ਦੀ ਕੋਈ ਸੰਭਾਵਨਾ ਨਹੀਂ ਹੈ। ਹੁਣ ਕੱਟੀ ਹੋਈ ‘ਫੁੱਲੋ’ ਸਬੂਤ ਦਾ ਕੰਮ ਹੀ ਦੇਵੇਗੀ,” ਸ਼ੇਸ਼ ਰਾਮ ਨੇ ਦੱਸਿਆ। ਉਸ ਦੇ ਪੁੱਤ ਨੂੰ ਪੂਰੀ ਤਰ੍ਹਾਂ ਪੈਰਾਂ-ਸਿਰ ਹੋਣ ਲਈ ਦੋ ਮਹੀਨੇ ਲੱਗ ਜਾਣੇ ਹਨ। ਉਹ ਦੱਸਦਾ ਹੈ, “ਉਸ ਦਿਨ ਲੌਢੇ ਵੇਲ਼ੇ ਦੀ ਗੱਲ ਹੈ। ਮੇਰੀ ਘਰ ਵਾਲ਼ੀ ਦੀ ਗੋਦ ਵਿਚ ਦੋ ਦਿਨਾਂ ਦੀ ਕੁੜੀ ਹੋਣ ਕਰ ਕੇ ਮੈਂ ਖਾਣਾ ਬਣਾ ਰਿਹਾ ਸੀ। ਮੇਰਾ ਮੁੰਡਾ, ਅੰਬਾਂ ਦੇ ਬਾਗ਼ ਵਿਚ ਖੇਡਣ ਜਾਣ ਲਈ ਅੜੀ ਕਰ ਰਿਹਾ ਸੀ। ਮੈਂ ਉਸ ਨੂੰ ਜਾ ਲੈਣ ਦਿਤਾ। ਅੱਧੇ ਕੁ ਘੰਟੇ ਮਗਰੋਂ ਹੀ ਉਹ ਲਹੂ-ਲੁਹਾਣ ਹੋਇਆ ਮੁੜਿਆ। ਉਸ ਨੇ ਮੈਨੂੰ ਦੱਸਿਆ ਕਿ ਚੱਕੀ ਵਾਲ਼ੇ ਨੇ ਹੀ ਇਹ ਸਭ ਕੁੱਝ ਕੀਤਾ ਹੈ।”
ਚੱਕੀ ਵਾਲ਼ਾ ਅੰਬਰੀਸ਼ ਮੌਰੀਆ, ਜਿਸ ਦੀ ਉਮਰ ਵੀਹ ਕੁ ਸਾਲਾਂ ਦੀ ਹੈ, ਪੁਲੀਸ ਨੇ ਹਿਰਾਸਤ ਵਿਚ ਲਿਆ ਹੋਇਆ ਹੈ। ਉਹ, ਅੰਬਾਂ ਦੇ ਬਾਗ਼ ਅਤੇ ਆਟਾ-ਚੱਕੀ ਦੇ ਮਾਲਕ ਸ਼ਿਵ ਆਸਰੇ ਮੌਰੀਆ ਦਾ ਪੋਤਾ ਹੈ। ਇਹ ਬਾਗ਼, ਚੱਕੀ ਅਤੇ ਸੁੱਕੀ ਨਹਿਰ, ਸ਼ੇਸ਼ ਰਾਮ ਦੇ ਕੱਚੇ ਘਰ ਤੋਂ ਮਸਾਂ ਸੌ ਮੀਟਰ ਦੂਰ ਹੈ। ਬਾਬੂਲਾਪੁਰ ਵਿਚ ਸ਼ੇਸ਼ ਰਾਮ ਹੀ ਇਕ ਦਲਿਤ ਹੈ। ਬਾਕੀ ਦਾ ਸਾਰੇ ਘਰ ਮੌਰੀਆਂ ਦੇ ਹਨ। ਸ਼ੇਸ਼ ਰਾਮ, ਕੋਰਾਲੀ ਵਿਚ ਉਨ੍ਹਾਂ ਦਾ ਜੱਦੀ ਘਰ ਛੋਟਾ ਹੋਣ ਕਰ ਕੇ ਇੱਥੇ ਆ ਵਸਿਆ ਹੈ। ਉਹ ਦੱਸਦਾ ਹੈ ਕਿ ਉਹ ਸੱਤ ਭਰਾ ਹਨ ਤੇ ਦੋ ਬਿੱਘੇ ਜੱਦੀ ਜ਼ਮੀਨ ਸੱਤਾਂ ਹਿੱਸਿਆਂ ਵਿਚ ਵੰਡੀ ਜਾਣ ਮਗਰੋਂ ਉਸ ਨਾਲ਼ ਕੀ ਬਣੇਗਾ। ਉਸ ਦੇ ਵੱਡੇ ਭਰਾ ਰਾਮ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਨੇ ਹੀ ਸ਼ੇਸ਼ ਰਾਮ ਨੂੰ ਬਾਬੂਲਾਪੁਰ ਵਿਚ ਰਹਿਣ ਲਈ ਆਪਣੀ ਥਾਂ ਦਿੱਤੀ ਹੋਈ ਹੈ। ਸੇਸ਼ ਰਾਮ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਆਪਣੇ ਟੱਬਰ ਨਾਲ਼ ਇੱਥੇ ਰਹਿੰਦਾ ਹੈ। ਇਸ ਘਰ ਵਿਚ ਹੀ ਉਸ ਦਾ ਪੁੱਤ ਜੰਮਿਆ ਸੀ। ਹੁਣ ਉਸ ਦੇ ਤਿੰਨ ਬੱਚੇ ਹਨ। ਇਸ ਘਰ ਵਿਚ ਦੋ ਕਮਰੇ ਹਨ ਤੇ ਛੋਟਾ ਜਿਹਾ ਵਿਹੜਾ ਵੀ ਹੈ, ਪਰ ਟੱਟੀ-ਪਿਸ਼ਾਬ ਲਈ ਕੋਈ ਥਾਂ ਨਹੀਂ ਹੈ।
ਸ਼ੇਸ਼ ਰਾਮ ਦੇ ਕਹਿਣ ਮੁਤਾਬਕ, ਉਹ ਜਿਸ ਦਿਨ ਦਾ ਇੱਥੇ ਰਹਿਣ ਲੱਗਿਆ ਹੈ, ਸਾਰੇ ਮੌਰੀਆ ਉਸ ਨਾਲ਼ ਖ਼ਾਰ ਖਾਂਦੇ ਹਨ। ਉਹ ਇਹ ਵੀ ਕਹਿੰਦਾ ਹੈ ਕਿ ਕਲੇਸ਼ ਟਾਲਣ ਲਈ ਉਸ ਨੇ ਮੌਰੀਆਂ ਦੀ ਜ਼ਮੀਨ ਨਾਲ਼ ਲੱਗਦੇ, ਆਪਣੀ ਜ਼ਮੀਨ ਦੇ ਟੋਟੇ ਦਾ ਕਬਜ਼ਾ ਵੀ ਛੱਡਿਆ ਹੋਇਆ ਹੈ। ਮੋਰੀਆਂ ਨੇ ਉਹ ਥਾਂ ਵਗਲ਼ ਕੇ ਆਪਣਾ ਘਰ, ਫਿਰ ਉਨ੍ਹਾਂ ਦੇ ਘਰ ਨਾਲ਼ ਜੋੜ ਲਿਆ ਹੈ। ਕਹਿੰਦੇ ਨੇ ਇਕ ਵਾਰ ਸ਼ੇਸ਼ ਰਾਮ ਦੇ ਘਰ ਨੂੰ ਅੱਗ ਲਾਉਣ ਦਾ ਹੀਲਾ ਵੀ ਕੀਤਾ ਗਿਆ ਸੀ ਤੇ ਸਾਲ ਕੁ ਭਰ ਪਹਿਲਾਂ ਉਸ ਦੇ ਸਿਰ, ਬੰਦੂਕ ਚੋਰੀ ਕਰਨ ਦਾ ਇਲਜ਼ਾਮ ਵੀ ਲਾਇਆ ਗਿਆ ਸੀ।
ਸ਼ੇਸ਼ ਰਾਮ ਦੀ ਘਰ ਵਾਲ਼ੀ ਸੁਨੀਤਾ ਦੇਵੀ ਦਾ ਕਹਿਣ ਹੈ ਕਿ ‘ਮੌਰੀਆਂ’ ਨੂੰ ਤਾਂ ਇਹ ਇਤਰਾਜ਼ ਵੀ ਸੀ ਕਿ ਉਨ੍ਹਾਂ ਨੇ ਆਪਣਾ ਕੋਠਾ ਉਨ੍ਹਾਂ ਦੀ ਚੱਕੀ ਨੇੜੇ ਕਿਉਂ ਪਾਇਆ ਹੈ। ਉਹ ਕਈ ਵਾਰੀ ਇਹ ਦੋਸ਼ ਲਾਉਂਦੇ ਰਹੇ ਹਨ ਕਿ ਸ਼ੇਸ਼ ਰਾਮ ਹੁਰਾਂ ਦੇ ਨਿਆਣੇ ਉਨ੍ਹਾਂ ਦੇ ਥਾਂ ਵਿਚ ਹੱਗਦੇ-ਮੂਤਦੇ ਰਹਿੰਦੇ ਹਨ। ਦੂਜੇ ਪਾਸੇ ਸ਼ਿਵ ਆਸਰੇ ਮੌਰੀਆ ਨੇ ਇਸ ਸਬੰਧ ਵਿਚ ਪੱਲਾ ਝਾੜਦਿਆਂ ਕਹਿ ਦਿੱਤਾ ਹੈ ਕਿ ਉਨ੍ਹਾਂ ਦੇ ਪੋਤੇ ਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ।
ਨਵਾਬਗੰਜ ਥਾਣੇ ਦੇ ਇੰਚਾਰਜ ਇੰਸਪੈਕਟਰ ਆਰ. ਕੇ. ਸਿੰਘ ਚੰਦੇਲ ਦਾ ਕਹਿਣ ਹੈ, “ਮੁਢਲੀ ਪੁੱਛ-ਪੜਤਾਲ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਉਹ ਮੁੰਡੇ ਵੱਲੋਂ ਚੱਕੀ ਦੇ ਨੇੜੇ ਟੱਟੀ ਫਿਰਨ ਤੋਂ ਬਹੁਤ ਸਤਿਆ ਹੋਇਆ ਸੀ। ਅਸੀਂ ਉਹ 50 ਦਾ ਨੋਟ ਅਤੇ ਲਹੂ ਨਾਲ਼ ਲਿੱਬੜੀ ਹੋਈ ਇੱਟ ਵੀ ਬਰਾਮਦ ਕਰ ਲਈ ਹੈ।ਇਸ ਲਈ ਬੱਚੇ ਵੱਲੋਂ ਲਾਏ ਗਏ ਦੋਸ਼ ਸਹੀ ਨਾ ਮੰਨਣ ਦਾ ਸੁਆਲ ਹੀ ਨਹੀਂ ਹੈ।”
ਅੰਬਰੀਸ਼ ਮੌਰੀਆ ਦੇ ਖ਼ਿਲਾਫ਼ ਬਹੁਤ ਸੰਗੀਨ ਜੁਰਮ ਲੱਗੇ ਹੋਏ ਹਨ, ਜਿਨ੍ਹਾਂ ਦੇ ਸਬੂਤ ਵੀ ਮੌਜੂਦ ਹਨ। ਹੁਣ ਦੇਖੀਏ ‘ਇਸ’ ਤਰ੍ਹਾਂ ਦੀ ਖ਼ਬਰ ਆਉਂਦੀ ਹੈ ਜਾਂ ‘ਉਸ’ ਤਰ੍ਹਾਂ ਦੀ! # Cell No. +17783789669, E-mail : bababax@gmail.com
