ਬਚਪਨ ਖੋਹ ਲਿਆ ਜਾਂਦਾ ਏ ਨੇਪਾਲੀ ਬੱਚੀਆਂ ਤੋਂ
ਦੇਵੀਆਂ ਥਾਪਣ ਦੀ ਰਸਮ ਉਹਲੇ
ਬਖ਼ਸ਼ਿੰਦਰ
ਨੇਪਾਲ ਇਕ ਇਹੋ ਜਿਹਾ ਮੁਲਕ ਹੈ, ਜੋ ਛੋਟਾ ਹੋਣ ਦੇ ਬਾਵਜੂਦ, ਕਿਸੇ ਨਾ ਕਿਸੇ ਬਹਾਨੇ ਖ਼ਬਰਾਂ ਵਿਚ ਆਇਆ ਰਹਿੰਦਾ ਹੈ। ਕਦੇ ਇਸ ਦੀ ਰਾਜਾਸ਼ਾਹੀ ਬਹੁਤ ਵੱਡੀ ਪਰਿਵਾਰਕ ਕਤਲੋਗ਼ਾਰਤ ਕਾਰਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਆਈ ਸੀ। ਹੁਣ ਇਹ ਮੁਲਕ ਆਪਣੀਆਂ ‘ਦੇਵੀਆਂ’ ਕਾਰਨ ‘ਬਦਨਾਮੀ ਵਰਗੀ ਮਸ਼ਹੂਰੀ’ ਖੱਟਦਾ ਦਿਸਦਾ ਹੈ। ਇਹ ‘ਦੇਵੀਆਂ’, “ਦੇਵੀਓ ਔਰ ਸੱਜਨੋਂ” ਵਾਲ਼ੀਆਂ ਨਹੀਂ ਹਨ, ਸਗੋਂ ‘ਸੱਚੀਂ-ਮੁੱਚੀਂ’ ਦੀਆਂ ਸਮਝੀਆਂ ਜਾਂਦੀਆਂ ‘ਦੇਵੀਆਂ’ ਹਨ।
ਇਸ ਮੁਲਕ ਵੱਲੋਂ ਐਤਕੀਂ ਸੁਰਖ਼ੀਆਂ ਵਿਚ ਆਉਣ ਦੀ ਵਜ੍ਹਾ, ਇਸ ਦੇਸ਼ ਵਿਚ ਅੰਦਰਖਾਤੇ ਜਿਹੇ ਚੱਲਦੀ ਇਕ ‘ਅਧਿਆਤਮਕ ਜਮਹੂਰੀਅਤ’ ਹੈ। ਹੋਰ ਕੁੱਝ ਕਹਿਣ ਤੋਂ ਪਹਿਲਾਂ, ਪਹਿਲਾਂ ਇਸੇ ਦੀ ਵਿਆਖਿਆ ਕਰ ਸੁੱਟਦੇ ਹਾਂ। ਇਸ ਮੁਲਕ ਵਿਚ ਰਾਜਾਸ਼ਾਹੀ ਦਾ ਭੋਗ ਪੈ ਚੁੱਕਾ ਹੈ ਤੇ ਇੱਥੇ ਜਮਹੂਰੀ ਰਾਜ ਪ੍ਰਬੰਧ ਹੈ। ਜਿੱਦਾਂ ਹਰ ਵਾਰੀ ਚੋਣਾਂ ਕਰਾ ਕੇ, ਇਸ ਮੁਲਕ ਵਿਚ ਇਕ ਮਿੱਥੀ ਮਿਆਦ ਲਈ ਸਰਕਾਰ ਬਣਾਈ ਜਾਂਦੀ ਹੈ, ਉਸੇ ਤਰ੍ਹਾਂ ਇਸ ਮੁਲਕ ਵਿਚ ਹਰ ਵਾਰ ਇਕ ਦੇਵੀ ਚੁਣੀ ਜਾਂਦੀ ਹੈ। ਪਹਿਲੀ ਦੇਵੀ ਨਕਾਰਨ ਅਤੇ ਦੂਜੀ ਚੁਣਨ/ ਥਾਪਣ ਦੇ ਅਮਲ ਨੂੰ ਹੀ ਮੈਂ ‘ਅਧਿਆਤਮਕ ਜਮਹੂਰੀਅਤ’ ਕਿਹਾ ਹੈ। ਹੈ ਵੀ ਠੀਕ, ਇਕੋ ਹੀ ਤਰ੍ਹਾਂ ਦੇ ਰੱਬ ਜਾਂ ਰੱਬਣੀ ਦੇ ਦਰਸ਼ਨ ਕਰਦੇ ਅੱਕ ਜਾਓ, ਥੱਕ ਜਾਓ ਤਾਂ ਨਵਾਂ ਰੱਬ ਜਾਂ ਰੱਬਣੀ ਯਾਨੀ ਦੇਵੀ ਚੁਣ ਲਓ। ਹੈ ਨਾ ਦੈਵੀ, ਰੱਬੀ ਤੇ ਅਧਿਆਤਮਕ ਜਮਹੂਰੀਅਤ?
ਜਿੱਦਾਂ ਦੂਜੀਆਂ ਜਮਹੂਰੀਅਤਾਂ ਦੇ ਕੁੱਝ ਅਸੂਲ ਹੁੰਦੇ ਹਨ, ਓਦਾਂ ਹੀ ਇਸ ਜਮਹੂਰੀਅਤ ਦੇ ਵੀ ਬਹੁਤੇ ਨਹੀਂ ਤਾਂ ਕੁੱਝ ਅਸੂਲ ਤਾਂ ਹਨ ਹੀ। ਅਸੂਲਾਂ ਦਾ ‘ਮੁੰਜ-ਬਗੜ ਵੀ ਹੁੰਦਾ ਰਹੇਗਾ’, ਅਸੂਲਾਂ ਦੀਆਂ ਗੱਲਾਂ ਵੀ ਹੁੰਦੀਆਂ ਰਹਿਣਗੀਆਂ, ਪਹਿਲਾਂ ਤੁਹਾਨੂੰ ਨੇਪਾਲ ਦੀ ਮੌਜੂਦਾ ‘ਦੇਵੀ ਦੇ ਦਰਸ਼ਨ’ ਤਾਂ ਕਰਾ ਦੇਈਏ। ਇਸ ਵੇਲ਼ੇ 12 ਸਾਲਾਂ ਦੀ ਉਮਰ ਦੀ ਸਮਿਤਾ ਬਜਰਾਚਾਰੀਆ, ਨੇਪਾਲ ਦੀ ਦੇਵੀ ਹੈ।
ਕਾਠਮੰਡੂ ਨੇੜੇ ਲਲਿਤ ਪੁਰ ਵਿਚੀਂ ਲੰਘਦੇ, ਭੀੜ-ਭੜੱਕੇ ਵਾਲ਼ੇ ਸ਼ਾਹ-ਰਾਹ ਦੇ ਨਾਲ਼ ਹੀ ਇਕ ਹੋਰ ਰਾਹ ਹੈ, ਜੋ ਇਕ ਬਹੁਤ ਹੀ ਖੁੱਲ਼ੇ ਅਤੇ ਹਵਾ-ਹਾਰੇ ਵਿਹੜੇ ਨਾਲ਼ ਜਾ ਜੁੜਦਾ ਹੈ। ਇਸ ਵਿਹੜੇ ਦੀ ਇਕ ਮਗਰਲੀ ਨੁੱਕਰੇ ਇਕ ਛੋਟਾ ਜਿਹਾ ਘਰ ਹੈ। ਉਸ ਦੇ ਬਾਹਰ ਲਾਲ ਰੰਗ ਦਾ ਇਕ ਬੋਰਡ ਲੱਗਿਆ ਹੋਇਆ ਹੈ, ਜਿਸ ਉੱਤੇ ਅੰਗਰੇਜ਼ੀ ਵਿਚ ‘ਲਿਵਿੰਗ ਗੌਡੈੱਸ’ ਯਾਨੀ ‘ਪ੍ਰਤੱਖ ਦੇਵੀ’ ਲਿਖਿਆ ਹੋਇਆ ਹੈ। ਉੱਥੋਂ ਇਕ ਭੀੜੀ ਜਿਹੀ ਪੌੜੀ ਚੜ੍ਹਦੀ ਹੈ, ਜੋ ਤੁਹਾਨੂੰ ਦੂਜੀ ਮੰਜ਼ਿਲ ਉੱਤੇ ਲੈ ਜਾਂਦੀ ਹੈ। ਇਸ ਮੰਜ਼ਿਲ ਉੱਤੇ ਹੀ ਨੇਪਾਲ ਦੀ ਦੇਵੀ, ਜਿਸ ਨੂੰ ‘ਕੁਮਾਰੀ’ ਕਿਹਾ ਜਾਂਦਾ ਹੈ, ਆਪਣਾ ਬਚਪਨ ਗੁਜ਼ਾਰਦੀ ਹੈ। ‘ਕੁਮਾਰੀ’ ਦਾ ਅਰਥ ਉਸ ਦੇ ‘ਕੁਆਰੀ’ ਹੋਣ ਨਾਲ਼ ਖ਼ਾਸ ਤੌਰ ’ਤੇ ਜੋੜਿਆ ਜਾਂਦਾ ਹੈ।
ਨੇਪਾਲ ਦੇ ਹਿੰਦੂ ਅਤੇ ਬੋਧੀ ਦੋਵੇਂ ਹੀ ਇਸ ਦੇਵੀ ਦਾ ਪੂਜਾ-ਪਾਠ ਕਰਦੇ ਹਨ। ਉਹ ਮੰਨਦੇ ਹੀ ਨਹੀਂ, ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਭਰੋਸਾ ਵੀ ਹੈ ਕਿ ਇਹ ਦੇਵੀ, ਹਿੰਦੂ ਦੇਵੀ ਦੁਰਗਾ ਦਾ ਹੀ ਅਵਤਾਰ ਹੈ। ਇਕ ਪੱਤਰਕਾਰਾ ਨੇ ਇਸ ਘਰ ਦੇ ਚਾਰ-ਪੰਜ ਗੇੜੇ ਮਾਰ ਕੇ, ਇਸ ‘ਕੁਮਾਰੀ’ ਦੀ ਮਾਂ ਤਕ ਪਹੁੰਚ ਬਣਾ ਲਈ। ਜਦੋਂ ਉਸ ਨੇ ਕੁਮਾਰੀ ਦੀ ਮਾਂ ਨੂੰ ਇਹ ਪੁੱਛਿਆ ਕਿ ਉਹ ਆਪਣੀ ਧੀ ਦੇ ਕੁਮਾਰੀ ਚੁਣੇ ਜਾਣ ’ਤੇ ਕਿੱਦਾਂ ਮਹਿਸੂਸ ਕਰਦੀ ਹੈ ਤਾਂ ਉਸ ਔਰਤ ਨੇ ਕਿਹਾ, “ਮੈਨੂੰ ਖ਼ੁਸ਼ੀ ਵੀ ਹੋਈ ਤੇ ਉਦਾਸੀ ਵੀ ਹੋਈ ਕਿਉਂ ਕਿ ਇਕ ਪਾਸੇ ਤਾਂ ਮੈਂ ਇਸ ਕਰ ਕੇ ਖ਼ੁਸ਼ ਸਾਂ ਕਿ ਜਦੋਂ ਮੇਰੀ ਬੇਟੀ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਤੇ ਰੱਬ ਦਾ ਤੁਹਾਡੇ ਘਰ ਵਿਚ ਹੋਣਾ ਬਹੁਤ ਖ਼ੁਸ਼ੀ ਵਾਲ਼ੀ ਗੱਲ ਹੁੰਦਾ ਹੈ। ਦੂਜੇ ਪਾਸੇ ਸਾਨੂੰ ਇਹ ਡਰ ਬਣਿਆ ਰਹਿੰਦਾ ਹੈ ਕਿ ਅਸੀਂ ਇਸ ਸਬੰਧੀ ਸਾਰੇ ਨਿਯਮਾਂ ਦੀ ਪਾਲਣਾ ਵੀ ਕਰ ਸਕਾਂਗੇ ਜਾਂ ਨਹੀਂ।”
ਸਮਿਤਾ ਦੇਵੀ ਦੀ ਮਾਂ ਦਾ ਕਹਿਣ ਹੈ ਕਿ ਦੇਵੀ ਦੇ ਸਬੰਧ ਵਿਚ ਬਹੁਤ ਸਾਰੇ ਨਿਯਮ ਹਨ, ਜਿਨਾਂ ਦੀ ਪਾਲਣਾ ਕਰਨੀ ਪੈਂਦੀ ਹੈ। ਪਹਿਲਾ ਨੇਮ ਤਾਂ ਇਹ ਹੈ ਕਿ ਸਮਿਤਾ ਦੇਵੀ ਦੀ ਮਾਂ ਨੂੰ ਆਪਣੀ, ਦੇਵੀ ਬਣ ਚੁੱਕੀ ਧੀ ਦੇ ਚਿਹਰੇ ਉੱਤੇ ਬਹੁਤ ਹੀ ਗੁੰਝਲਦਾਰ ਜਿਹਾ ਸ਼ਿੰਗਾਰ ਕਰਨਾ ਪੈਂਦਾ ਹੈ। ਇਹ ਸ਼ਿੰਗਾਰ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਉਹ ਛੇਤੀ ਕੀਤਿਆਂ ਕਿਸੇ ਨੂੰ ਸਮਝ ਨਾ ਆਵੇ। ਦੇਵੀ ਚੁਣ ਲਈ ਕੁੜੀ ਨੂੰ ਸਮਾਗਮਾਂ ਅਤੇ ਉਤਸਵਾਂ ਤੋਂ ਬਗ਼ੈਰ ਘਰੋਂ ਬਾਹਰ ਨਹੀਂ ਨਿੱਕਲਣ ਦਿੱਤਾ ਜਾਂਦਾ। ਇਨ੍ਹਾਂ ਮੇਲਿਆਂ-ਮੁਸਾਹਵਿਆਂ ਮੌਕੇ ਵੀ ਦੇਵੀ ਦੇ ਪੈਰ ਜ਼ਮੀਨ ਨਾਲ਼ ਨਹੀਂ ਛੁਹਣੇ ਚਾਹੀਦੇ। ਇਸ ਦਾ ਸਿੱਧਾ ਹੀ ਇਹ ਮਤਲਬ ਹੈ ਕਿ ਉਸ ਨੂੰ ਕੋਈ ਚੁੱਕ ਕੇ ਹੀ ਲਿਆਵੇ-ਲਿਜਾਵੇਗਾ। ਇਸ ਤੋਂ ਇਲਾਵਾ ਦੇਵੀ ਨੂੰ ਆਪਣੇ ਪਰਿਵਾਰ ਦੇ ਜੀਆਂ ਜਾਂ ਨਜ਼ਦੀਕੀ ਜਾਣਕਾਰਾਂ ਤੋਂ ਇਲਾਵਾ ਕਿਸੇ ਨਾਲ਼ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਹੁੰਦੀ।
ਹੁਣ ਇਹ ਦੇਵੀ ਆਪ ਇਸ ਬਾਣੇ ਤੇ ਜ਼ਿੰਦਗ਼ੀ ਵਿਚ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ। ਇਸ ਬਾਰੇ ਮੌਜੂਦਾ ਦੇਵੀ ਤਾਂ ਦੱਸਣੋਂ ਰਹੀ। ਇਹ ਸਭ ਕੁੱਝ ਜਾਨਣ ਲਈ ਉਸ ਪੱਤਰਕਾਰਾ ਨੇ ਸਮਿਤਾ ਤੋਂ ਪਹਿਲਾਂ ਦੇਵੀ ਰਹੀ ਚਨੀਰਾ ਬਜਰਾਚਾਰੀਆਨੂੰ ਮਿਲਣ ਦਾ ਜੁਗਾੜ ਕੀਤਾ। ਚਨੀਰਾ ਉਸ ਪੱਤਰਕਾਰਾ ਦੇ ਸਾਰੇ ਹੀ ਸੁਆਲਾਂ ਦੇ ਜੁਆਬ ਦੇਣੇ ਮੰਨ ਗਈ। ਇਹ ਗੱਲਬਾਤ ਚਨੀਰਾ ਦੇ ਘਰ ਵਿਚ ਹੀ ਹੋਈ। ਉਹ ਦੋਵੇਂ ਉਸ ਹਨ੍ਹੇਰੇ ਕਮਰੇ ਵਿਚ ਹੀ ਬੈਠੀਆਂ, ਜਿੱਥੇ ਚਨੀਰਾ ਨੇ ਦਸ ਸਾਲ ਭਗਤੀ ਕੀਤੀ ਤੇ ਲੋਕਾਂ ਨੂੰ ਅਸ਼ੀਰਵਾਦ ਦਿੱਤੇ।
ਉਸ ਪੱਤਰਕਾਰਾ ਨੇ ਸੋਚਿਆ ਕਿ ਉਸ ਨੂੰ ਇਹ ਗੱਲਬਾਤ ਨੇਪਾਲੀ ਭਾਸ਼ਾ ਵਿਚ ਕਰਨੀ ਪਵੇਗੀ। ਪਰ ਜਦੋਂ ਉਸ ਨੇ ੳਸ ਸਾਬਕਾ ਦੇਵੀ ਨੂੰ ਇਕ ਸੁਆਲ ਅੰਗਰੇਜ਼ੀ ਵਿਚ ਪੁੱਛਿਆ ਤਾਂ ਉਹ ਭੁਟ-ਭੁਟ ਅੰਗਰੇਜ਼ੀ ਬੋਲਣ ਲੱਗੀ। ਉਸ ਨੇ ਦੱਸਿਆ ਕਿ ਉਹ ਜਦੋਂ ਕੁਮਾਰੀ ਹੁੰਦੀ ਸੀ ਤਾਂ ਉਸ ਨੇ ਅੰਗਰੇਜ਼ੀ ਜ਼ੁਬਾਨ, ਅਖ਼ਬਾਰਾਂ ਪੜ੍ਹ-ਪੜ੍ਹ ਸਿੱਖ ਲਈ ਸੀ। ਚਨੀਰਾ ਨੇ ਕਿਹਾ, “ਜਦੋਂ ਮੈਂ ਕੁਮਾਰੀ ਦੇਵੀ ਸਾਂ ਤਾਂ ਮੈਂ ਖਿੜਕੀਆਂ ਦੀਆਂ ਝੀਤਾਂ ਰਾਹੀਂ ਬਾਹਰ ਝਾਤੀ ਮਾਰ ਲਿਆ ਕਰਦੀ ਸਾਂ।”
ਇਹ ਗੱਲਬਾਤ ਹੋਣ ਵੇਲ਼ੇ ਚਨੀਰਾ 19 ਸਾਲਾਂ ਦੀ ਸੀ ਤੇ ਉਹ ਵਪਾਰ-ਕਾਰੋਬਾਰ ਯਾਨੀ ਬਿਜ਼ਨਸ ਦੀ ਵਿਦਿਆਰਥਣ ਸੀ। ਉਸ ਨੇ ਨਵੇਂ ਫੈਸ਼ਨ ਦੀ ਹਰੀ ਟੀ-ਸ਼ਰਟ ਅਤੇ ਕਾਲ਼ੀ ਪਤਲੂਣ ਪਾਈ ਹੋਈ ਸੀ ਤੇ ਉਹ ਇਕ ਆਮ ਜਿਹੀ ਵਿਦਿਆਰਥਣ ਹੀ ਲੱਗਦੀ ਸੀ। ਉਹ ਮਸਾਂ ਪੰਜ ਸਾਲਾਂ ਦੀ ਉਮਰ ਵਿਚ ਕੁਮਾਰੀ ਦੇਵੀ ਬਣ ਗਈ ਸੀ।ਇਕ ਸੁਆਲ ਦੇ ਜੁਆਬ ਉਸ ਨੇ ਕਿਹਾ, “ਦੇਵੀ ਹੋਣਾ, ਇਕ ਤਰ੍ਹਾਂ ਨਾਲ਼ ਰਾਜਕੁਮਾਰੀ ਹੋਣ ਦੇ ਤੁੱਲ ਹੈ ਤੇ ਦੇਵੀ ਹੁੰਦਿਆਂ ਤੁਹਾਡੇ ਘਰ ਵਿਚ ਹਰ ਚੀਜ਼ ਹੁੰਦੀ ਹੈ, ਕਿਸੇ ਗੱਲ ਦਾ ਘਾਟਾ ਨਹੀਂ ਹੁੰਦਾ। ਮੈਨੂੰ ਕਦੇ ਬਾਹਰ ਨਾ ਨਿੱਕਲਣ ਦਾ ਮਲਾਲ ਨਹੀਂ ਹੋਇਆ ਸੀ। ਸਗੋਂ ਮੈਨੂੰ ਤਾਂ ਘਰ ਅੰਦਰ ਰਹਿਣਾ ਤੇ ਦੈਵੀ ਜ਼ਿੰਦਗ਼ੀ ਦਾ ਹਿੱਸਾ ਬਣੇ ਰਹਿਣਾ ਹੀ ਭਾਉਣ ਲੱਗ ਪਿਆ ਸੀ।”
ਇਸ ਦੈਵੀ ਜੀਵਨ ਦਾ ਭੋਗ, ਅਚਾਨਕ ਹੀ ਇਕ ਦਿਨ ਉਦੋਂ ਪੈ ਗਿਆ ਜਦੋਂ ਚਨੀਰਾ 15 ਸਾਲਾਂ ਦੀ ਹੋ ਗਈ ਤੇ ਜਦੋਂ ਉਸ ਨੂੰ ਪਹਿਲੀ ਮਾਹਵਾਰੀ ਆਈ। ਅਚਨਚੇਤੀ ਹੀ ਉਹ ਇਕ ਦੇਵੀ ਤੋਂ ਇਕ ਆਮ ਜਿਹੀ ਕੁੜੀ ਬਣ ਗਈ। ਉਹ ਦੱਸਦੀ ਹੈ ਕਿ ਇਸ ਤਰ੍ਹਾਂ ਦੌਰ ਬਦਲ ਜਾਣਾ ਬੜਾ ਹੀ ਦੁੱਖਦਾਈ ਹੁੰਦਾ ਹੈ। “ਮੈਂ ਜਦੋਂ ਪਹਿਲੀ ਵਾਰ ਆਪਣੇ ਘਰੋਂ ਬਾਹਰ ਨਿੱਕਲੀ ਤਾਂ ਮੈਨੂੰ ਚੱਜ ਨਾਲ਼ ਤੁਰਨਾ ਵੀ ਨਹੀਂ ਆਉਂਦਾ ਸੀ,” ਉਹ ਦੱਸਦੀ ਹੈ, “ਮੇਰੀ ਮਾਂ ਤੇ ਪਿਤਾ ਜੀ ਨੇ ਮੈਨੂੰ ਢੰਗ ਨਾਲ਼ ਤੁਰਨਾ ਸਿਖਾਉਣ ਲਈ ਦੋਹੀਂ ਪਾਸੀਂ ਮੇਰੇ ਹੱਥ ਫੜ੍ਹੇ ਹੋਏ ਸਨ।”
ਜਦੋਂ ਚਨੀਰਾ ਦੇਵੀ ਸੀ ਤਾਂ ਪ੍ਰਾਈਵੇਟ ਅਧਿਆਪਕ ਉਸ ਨੂੰ ਘਰ ਆ ਕੇ ਪੜ੍ਹਾਉਂਦੇ ਸਨ। ਜਦੋਂ ਅਚਾਨਕ ਹੀ ਉਹ ਦੇਵੀ ਨਾ ਰਹੀ ਤਾਂ ਉਹ ਵਿਦਿਆਰਥਣ ਬਣ ਗਈ ਅਤੇ ਹੋਰ ਬੱਚਿਆਂ ਨਾਲ਼ ਸਕੂਲ ਜਾਣ ਲੱਗ ਪਈ।
“ਮੇਰੇ ਲਈ ਇਹ ਇਕ ਵੱਡੀ ਵੰਗਾਰ ਸੀ,” ਉਹ ਕਹਿੰਦੀ ਹੈ, “ਮੇਰੇ ਸਾਰੇ ਹਮਜਮਾਤੀ, ਦੇਵੀ ਰਹੀ ਹੋਣ ਕਰ ਕੇ ਮੇਰੇ ਨਾਲ਼ ਗੱਲ ਕਰਨ ਤੋਂ ਵੀ ਬਹੁਤ ਤਰਾਹੁੰਦੇ ਰਹਿੰਦੇ ਸਨ।ਸਕੂਲ ਵਿਚ ਵੀ ਮੇਰੇ ਨਾਲ਼ ਵੱਖਰਾ ਤੇ ਵਿਸ਼ੇਸ਼ ਸਲੂਕ ਕੀਤਾ ਜਾਦਾ ਸੀ। ਉਹ ਤਾਂ ਇੱਥੋਂ ਤਕ ਕਹਿ ਦਿਆ ਕਰਦੇ ਸਨ ਕਿ ਮੈਂ ਕਿਸੇ ਹੋਰ ਗ੍ਰਹਿ ਤੋਂ ਆਈ ਹਾਂ।”
ਜਿਹੜੇ ਲੋਕ ਰੱਬ ਨੂੰ ਪਿਆਰ ਕਰਦੇ ਸਨ ਜਾਂ ਜਿਨ੍ਹਾਂ ਨੂੰ ‘ਉਸ’ ਦੀ ਹੋਂਦ ਵਿਚ ਭਰੋਸਾ ਹੁੰਦਾ ਸੀ, ਉਹ ਦੇਵੀ ਅੱਗੇ ਸਿਰ ਨਹੀਂ ਝੁਕਾਉਂਦੇ ਸਨ ਤੇ ਨਾ ਹੀ ਉਸ ਦੇ ਪੈਰੀਂ ਹੱਥ ਲਾਉਂਦੇ ਸਨ। ਉਹ ਦੱਸਦੀ ਹੈ, “ਕੁਮਾਰੀ ਦੇਵੀ ਦਾ ਰੁਤਬਾ ਖੁੱਸਣ ਤੋਂ ਮਗਰੋਂ ਉਹ ਸਾਰੀ ਇੱਜ਼ਤ ਅਤੇ ਮਾਣ ਮਿਲਣਾ ਬੰਦ ਹੋ ਗਿਆ। ਮੈਂ ਕਦੇ ਨਹੀਂ ਸੋਚਿਆ ਸੀ ਕਿ ਕਦੇ ਅਚਾਨਕ ਹੀ ਮੇਰੀ ਜ਼ਿੰਦਗ਼ੀ ਵਿਚ ਇੰਨੀ ਵੱਡੀ ਤਬਦੀਲੀ ਆਵੇਗੀ।”
ਜਿੱਦਾਂ ਹੀ ਚਨੀਰਾ ਦੇ ਕੁਮਾਰੀ ਦੇਵੀ ਹੋਣ ਦੀ ਮਿਆਦ ਪੁੱਗੀ, ਨੇਪਾਲ ਦੇ ਪੁਜਾਰੀਆਂ ਅਤੇ ਧਾਰਮਕ ਆਗੂਆਂ ਨੇ ਨਵੀਂ ਕੁਮਾਰੀ ਚੁਣ ਲਈ। ਚੰਗੀ ਗੱਲ ਇਹ ਹੋਈ ਕਿ ਚਨੀਰਾ ਦੀ ਥਾਂ ਦੇਵੀ ਚੁਣੀ ਗਈ ਸਮਿਤਾ ਉਸ ਦੀ ਬਹੁਤ ਗੂਹੜੀ ਸਹੇਲੀ ਹੈ। ਇਕ ਤਰ੍ਹਾਂ ਨਾਲ਼ ਸਕੀ ਭੈਣ ਵਰਗੀ।
ਚਨੀਰਾ ਦੱਸਦੀ ਹੈ, “ਜਦੋਂ ਮੈਂ ਕੁਮਾਰੀ ਦੇਵੀ ਸਾਂ ਤਾਂ ਸਮਿਤਾ ਇੱਥੇ ਆਉਂਦੀ ਹੁੰਦੀ ਸੀ ਤੇ ਅਸੀਂ ਆਪਸ ਵਿਚ ਪੱਕੀਆਂ ਸਹੇਲੀਆਂ ਬਣ ਗਈਆਂ ਸੀ। ਇਸ ਲਈ ਉਸ ਨੂੰ ਕੁਮਾਰੀ ਦੇਵੀ ਦੇ ਜੀਵਨ ਬਾਰੇ ਸਭ ਕੁੱਝ ਪਤਾ ਹੈ।” ਕੁਮਾਰੀ ਦੇਵੀ ਦੀ ਜ਼ਿੰਦਗ਼ੀ ਵਿਚ ਭਜਨ-ਬੰਦਗ਼ੀ ਦੇ ਨਾਲ਼-ਨਾਲ਼ ਘਰੇਲੂ ਕੰਮ ਵੀ ਸ਼ਾਮਲ ਹੁੰਦਾ ਹੈ।ਜਦੋਂ ਨਵੀਂ ਕੁਮਾਰੀ ਨੂੰ ਮਿਲਣ ਲਈ ਉਹ ਪੱਤਰਕਾਰਾ ਉਸ ਦੇ ਘਰ ਗਈ ਤਾਂ ਕੁਮਾਰੀ ਦੀ ਮਾਂ ਨੇ ਉਸ ਨੂੰ ਉਸ ਕਮਰੇ ਵਿਚ ਜਾਣ ਦੀ ਇਜਾਜ਼ਤ ਦੇ ਦਿੱਤੀ, ਜਿਸ ਵਿਚ ਕੁਮਾਰੀ ਇਕ ਅਧਿਆਪਕਾ ਤੋਂ ਪੜ੍ਹਾਈ ਦੇ ਸਬਕ ਲੈ ਰਹੀ ਸੀ।ਉਸ ਅਧਿਆਪਕਾ ਤੋਂ ਸਿੱਖਿਆ ਹਾਸਲ ਕਰਦੀ ਕੁਮਾਰੀ ਦੇਵੀ ਇਕ ਆਮ ਜਿਹੀ ਕੁੜੀ ਜਾਪਦੀ ਸੀ।
ਉਸ ਦੀ ਅਧਿਆਪਕਾ ਰਚਨਾ ਉਪਰੇਤੀ ਨੇ ਕਿਹਾ, “ਪਿਛਲੇ ਸਮਿਆਂ ਦੌਰਾਨ ਕੁਮਾਰੀਆਂ ਦੇਵੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਹੁੰਦਾ ਸੀ। ਉਨ੍ਹਾਂ ਦਾ ਸੰਸਾਰ ਉਨ੍ਹਾਂ ਦੇ ਘਰ ਦੇ ਚਾਰ ਖੂੰਜਿਆਂ ਅਤੇ ਕੰਧਾਂ ਵਿਚਾਲੇ ਤਕ ਹੀ ਹੁੰਦਾ ਸੀ। ਪਰ ਹੁਣ ਜ਼ਮਾਨਾ ਬਦਲ ਗਿਆ ਹੈ ਤੇ ਕੁਮਾਰੀਆਂ ਦੇਵੀਆਂ ਵੀ ਸਮੇਂ ਨਾਲ਼ ਆਧੁਨਿਕ ਹੋ ਗਈਆਂ ਹਨ।” ਉਸ ਅਧਿਆਪਕਾ ਨੇ ਹੀ ਦੱਸਿਆ ਕਿ ਨਵੀਂ ਕੁਮਾਰੀ ਦੇਵੀ ਨੂੰ ਨੇਪਾਲ ਦੇ ਨਾਲ਼-ਨਾਲ਼, ਬਾਹਰਲੇ ਸੰਸਾਰ ਵਿਚ ਵੀ ਬਹੁਤ ਜ਼ਿਆਦਾ ਦਿਲਚਸਪੀ ਹੈ।
ਕੁਮਾਰੀ ਦੇਵੀ ਨੂੰ ਸਜਾ-ਧਜਾ ਕੇ ਉਸ ਦੀ ਮਾਂ ਸ਼ੋਭਾ ਉਸ ਨੂੰ ਚੁੱਕ ਬਾਹਰ ਵਿਹੜੇ ਵਿਚ ਇਕ ਥੜ੍ਹੇ ਉੱਤੇ ‘ਬਿਰਾਜਮਾਨ’ ਕਰਾਉਂਦੀ ਹੈ। ਉੱਥੇ ਬਹੁਤ ਸਾਰੇ ਲੋਕ ਕਤਾਰ ਬਣਾਈ ਖੜ੍ਹੇ ਸਨ, ਜੋ ਵਾਰੀ-ਵਾਰੀ ਦੇਵੀ ਦੇ ‘ਦਰਸ਼ਣ ਕਰਦੇ’, ਅਤੇ ਉਸ ਦੇ ‘ਚਰਨ ਪਰਸਦੇ’ ਜਾ ਰਹੇ ਸਨ। ਦੇਵੀ ਹਰ ਸ਼ਰਧਾਲੂ ਦੇ ਮੱਥੇ ਲਾਲ ਰੰਗ ਦਾ ਟਿੱਕਾ ਲਾਈ ਜਾਂਦੀ ਸੀ। ਇਹ ਸ਼ਰਧਾਲੂ ਇਹ ਸਭ ਕੁੱਝ ਕਰਦਿਆਂ, ਦੇਵੀ ਅੱਗੇ ਚੜ੍ਹਾਵਾ ਵੀ ਚੜ੍ਹਾਉਂਦੇ ਸਨ।ਇਹ ਕੰਮ ਨਿੱਬੜਨ ਮਗਰੋਂ ਦੇਵੀ ਆਪਣੇ ਨਿੱਜੀ ਕਮਰੇ ਵਿਚ ਸਰੋਦ ਵਜਾਉਣ ਦਾ ਅਭਿਆਸ ਕਰਨ ਚਲੀ ਜਾਂਦੀ ਹੈ।
ਚਨੀਰਾ ਨੇ ਉਸ ਪੱਤਰਕਾਰਾ ਨੂੰ ਦੱਸਿਆ, “ਜਿਸ ਦਿਨ ਮੈਨੂੰ ਪਹਿਲੀ ਵਾਰ ਮਾਹਵਾਰੀ ਆਉਣੀ ਸ਼ੁਰੂ ਹੋਈ, ਮੈਨੂੰ ਇਕ ਹਨ੍ਹੇਰੇ ਕਮਰੇ ਵਿਚ ਬੰਦ ਕਰ ਦਿੱਤਾ ਗਿਆ। ਉਸ ਕਮਰੇ ਵਿਚ ਬਾਹਰੀ ਰੌਸ਼ਨੀ ਦੀ ਇਕ ਕਿਰਨ ਵੀ ਦਾਖਲ ਨਹੀਂ ਹੁੰਦੀ ਸੀ। ਕਿਸੇ ਮਰਦ ਦਾ ਮੇਰੇ ਉੱਤੇ ਪ੍ਰਛਾਵਾਂ ਵੀ ਪੈਣ ਨਹੀਂ ਦਿੱਤਾ ਜਾ ਰਿਹਾ ਸੀ, ਪਰ ਔਰਤਾਂ ਅਤੇ ਮੇਰੀਆਂ ਦੀਆਂ ਸਹੇਲੀਆਂ ਮੇਰੇ ਕੋਲ ਆ-ਜਾ ਸਕਦੀਆਂ ਸਨ।”
ਆਪਣੀ ਸਹੇਲੀ ਸਮਿਤਾ ਨੂੰ ਕੁਮਾਰੀ ਦੇਵੀ ਵਾਲ਼ੇ ਸਾਰੇ ਤੌਰ-ਤਰੀਕੇ ਸਿਖਾਉਣ ਲਈ ਚਨੀਰਾ ਕੁੱਝ ਦਿਨ ਉੱਥੇ ਰਹੀ, ਪਰ 12 ਦਿਨ ਬਾਅਦ ਚਨੀਰਾ, ਕੁਮਾਰੀ ਦੇਵੀ ਦੀ ਥਾਂ ਇਕ ਆਮ ਕੁੜੀ ਵਾਂਗ ਉਸ ਘਰੋਂ ਬਾਹਰ ਆ ਗਈ। ਉਸ ਤੋਂ ਮਗਰੋਂ ਉਹ ਸਕੂਲ ਜਾਣ ਲਈ, ਸਹੇਲੀਆਂ ਬਣਾਉਣ ਲਈ ਆਜ਼ਾਦ ਸੀ। ਉਸ ਮੁਲਾਕਾਤ ਦੌਰਾਨ ਉਸ ਦੇ ਆਖ਼ਰੀ ਬੋਲ ਇਹ ਸਨ, “ਮੈਂ ਹੁਣ ਬਹੁਤ ਖ਼ੁਸ਼ ਹਾਂ।”
ਇਨ੍ਹਾਂ ਬੋਲਾਂ ਦੇ ਅਰਥ ਬਹੁਤ ਡੂੰਘੇ ਹਨ। ਨੇਪਾਲ ਦੀ ਕੁਮਾਰੀ ਦੇਵੀ ਨੂੰ ਬਹੁਤ ਮਾਣ-ਤਾਣ ਅਤੇ ਸਨਮਾਨ ਮਿਲਦਾ ਹੋਵੇਗਾ, ਜਿਸ ਭੋਲ਼ੀ ਜਿਹੀ ਕੁੜੀ ਤੋਂ ਉਸ ਦੇ ਬਚਪਨ ਦੀਆਂ ਖੁੱਲ਼੍ਹਾਂ-ਖੇਡਾਂ ਖੋਹ ਕੇ ਉਸ ਨੂੰ ਇਕ ਮਕਾਨ ਵਿਚ ‘ਕੈਦ’ ਕਰ ਦਿੱਤਾ ਜਾਂਦਾ ਹੈ, ਜਿਸ ਨੂੰ ਚੱਜ ਨਾਲ਼ ਤੁਰਨਾ ਵੀ ਭੁਲਾ ਦਿੱਤਾ ਜਾਂਦਾ ਹੈ, ਉਸ ਨੂੰ ਇਹ ਦੇਵੀਪੁਣਾ ਕਿੱਦਾਂ ਸੁਖਾਉਂਦਾ ਹੋਵੇਗਾ? ਉਹ ਖ਼ੌਰੇ ਕਦੋਂ ਦੀ ਉਹ ਦਿਨ ਉਡੀਕਦੀ ਰਹਿੰਦੀ ਹੋਵੇਗੀ, ਜਦੋਂ ਉਹ ‘ਆਜ਼ਾਦ’ ਹੋਵੇਗੀ।
ਇਨ੍ਹਾਂ ਨਿੱਕੀਆਂ-ਨਿੱਕੀਆਂ ਜਿੰਦਾਂ ਨੂੰ ਦੇਵੀ ਬਣਾਉਣ ਲਈ ਕਈ ਤਰ੍ਹਾਂ ਦੀਆਂ ਪਰਖ਼ਾਂ ਵਿਚੋਂ ਲੰਘਣਾ ਪੈਂਦਾ ਹੈ। ਇਨ੍ਹਾਂ ਵਿਚੋਂ ਕੁੱਝ ਪਰਖ਼ਾਂ ਦਾ ਸਬੰਧ ਸਰੀਰਕ ਬਣਤਰ ਅਤੇ ਸ਼ਕਲ-ਸੂਰਤ ਨਾਲ਼ ਵੀ ਹੁੰਦਾ ਹੈ। ਨੇਪਾਲ ਤੇ ਨੇਪਾਲੀ ਲੋਕਾਂ ਨੂੰ ਕੁੱਝ ਸਾਲਾਂ ਲਈ ਦਰਸ਼ਨ ਕਰਨ ਖ਼ਾਤਰ ਅਤੇ ਸਹੁੰ ਖਾਣ ਖ਼ਾਤਰ ਕੁਮਾਰੀ ਦੇਵੀ ਮਿਲ ਜਾਂਦੀ ਹੋਵੇਗੀ, ਜਿਸ ਵਿਚਾਰੀ ਤੋਂ ਉਸ ਦਾ ਬਚਪਨ ਖੋਹ ਕੇ ਉਸ ਨੂੰ ਅਜੀਬੋ-ਗ਼ਰੀਬ ਕੱਪੜੇ ਪੁਆ ਕੇ, ਉਸ ਨਾਲ਼ ਅਜੀਬ-ਗ਼ਰੀਬ ਸਲੂਕ ਕਰਨਾ ਸ਼ੁਰੂ ਦਿੱਤਾ ਜਾਂਦਾ ਹੈ, ਉਸ ਦਾ ਮਨ, ਉਸ ਦੀ ਆਤਮਾ ਖ਼ਬਰੇ ਨੇਪਾਲ ਤੇ ਨੇਪਾਲੀ ਲੋਕਾਂ ਨੂੰ ਕਿੰਨਾ-ਕਿੰਨਾ ਕੋਸਦੇ ਹੋਣਗੇ, ਕਿੰਨੇ-ਕਿੰਨੇ ਸਰਾਪ ਦਿੰਦੇ ਹੋਣਗੇ, ਸੋਚਣ ਵਾਲ਼ੀ ਗੱਲ ਨਹੀਂ? #
Cell Phone No.: +1-778-378-9669, E-mail: bababax@gmail.com
