ਲੱਸੀ ਦੇ ਪੈਸੇ ਮੰਗ ਲਏ ਤਾਂ ਕਰਿੰਦੇ ਨੂੰ ਚਾਹਟਾ ਛਕਾਇਆ
ਬਖ਼ਸ਼ਿੰਦਰ
ਅੰਦਰਲੀ ਗੱਲ ਦੱਸ ਦੇਈਏ ਇਕ? ਸਾਢੇ ਤਿੰਨ ਕੁ ਦਹਾਕੇ ਲਈ ਦੋ-ਤਿੰਨ ਅਖ਼ਬਾਰਾਂ ਦੇ ਦਫ਼ਤਰਾਂ ਵਿਚ ਕੰਮ ਕਰਦਿਆਂ, ਸੀਨੀਅਰ ਪੁਲੀਸ ਅਫ਼ਸਰਾਂ ਨੂੰ ਆਪਣੀਆਂ ਸੀਟਾਂ ਤੋਂ ਉੱਠ ਕੇ ਹੱਥ ਮਿਲਾਉਣ ਦਾ ਅਹਿਸਾਸ ਕਰਾਉਣ ਵਾਲ਼ਾ ਇਹ ਪੱਤਰਕਾਰ, ਥਾਣੇਦਾਰਾਂ ਅਤੇ ਸਿਪਾਹੀਆਂ ਤੋਂ ਹਾਲ਼ੇ ਵੀ ਓਦਾਂ ਹੀ ਡਰਦੈ, ਜਿੱਦਾਂ ਕੋਈ ਕਾਂ, ਧੁਣਖੀ ਤੋਂ ਡਰਿਆ ਕਰਦਾ ਹੈ। ਇਸ ਦੀ ਵਜ੍ਹਾ ਵੀ ਸੁਣ ਲਓ। ਇਨ੍ਹਾਂ ਦੇ ਤਾਂ ਕਦੇ ਖਾਕੀ, ਕਦੇ ਕਾਲ਼ੀ ਸਰਕਾਰੀ ਵਰਦੀ ਪਾਈ ਹੁੰਦੀ ਹੈ, ਸਾਨੂੰ ਪੱਤਰਕਾਰਾਂ ਨੂੰ ਕੋਈ ਵਰਦੀ ਨਹੀਂ ਜੁੜਦੀ ਸਾਰੀ-ਸਾਰੀ ਉਮਰ। ਬੜੀ ਵਾਰੀ ਅਖ਼ਬਾਰਾਂ ਦੇ ਪ੍ਰਬੰਧਕਾਂ/ ਮਾਲਕਾਂ ਨੂੰ ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਪੱਤਰਕਾਰਾਂ ਨੂੰ ਆਮ ਲੋਕਾਂ ਨਾਲੋਂ ਰਤਾ ਕੁ ਨਿਖੇੜਨ ਲਈ ਕੋਈ ਵਰਦੀ ਨਾ ਸਹੀ, ਉਨ੍ਹਾਂ ਦੇ ਗਲ਼ਾਂ ਵਿਚ ਕਿਸੇ ਖ਼ਾਸ ਰੰਗ ਦਾ ਪਰਨਾ ਹੀ ਪੁਆ ਦਿਓ, ਪਰ ਉਹ ਇਹ ਕੰਮ ਕਰਨ/ਕਰਾਉਣ ਥਾਂ, ਪੱਤਰਕਾਰਾਂ ਦੇ ਗਲੀਂ ਪੁਲੀਸ ਦਾ ਸਾਫਾ ਪੁਆ ਕੇ ਬਹੁਤੇ ਖ਼ੁਸ਼ ਹੁੰਦੇ ਲੱਗਦੇ ਹਨ। ਥਾਣੇਦਾਰਾਂ ਤੇ ਸਿਪਾਹੀਆਂ ਤੋਂ ਹਾਲੇ ਵੀ ਡਰਨ ਦੀ ਦੂਜੀ ਵਜ੍ਹਾ ਇਹ ਹੈ ਕਿ ਇਨ੍ਹਾਂ ਵੱਲੋਂ ਕੋਈ ਹੋਰ ਕੰਮ ਕਰਨ ਲਈ ਭਾਵੇਂ ‘ਟੈਮ’ ਮਿੱਥਿਆ ਹੋਇਆ ਹੋਵੇ, ਕਿਸੇ ਦੀ ਵੀ ਬੇਇਜ਼ਤੀ, ਉਹ ਹੋਰ ਕੋਈ ਕੰਮ ਵਚਾਲੇ ਛੱਡ ਕੇ ਵੀ ਕਰ ਸਕਦੇ ਹਨ।
ਤੁਸੀਂ ਸੋਚਦੇ ਹੋਵੋਗੇ ਕਿ ਇਹ ਪੱਤਰਕਾਰ ਕਿਸੇ ਪੁਲੀਸ ਮੁਲਾਜ਼ਮ ਤੋਂ ਸੱਜਰੀ ਹੀ ਬੇਇੱਜ਼ਤੀ ਕਰਾ ਕੇ ਆਇਆ ਲੱਗਦੈ ਤਾਂ ਹੀ ਇਹ ਸਭ ਕੁੱਝ ਲਿਖ ਗਿਆ ਹੈ। ਇਹ ਸਤਰਾਂ ਪੜ੍ਹਨ ਵਾਲ਼ਿਓ! ਅਜੇ ਕੱਲ੍ਹ ਹੀ ਕੈਨੇਡਾ ਦਿਵਸ ਮੌਕੇ, ਲੋਕਾਂ ਨੂੰ ਕੈਨੇਡਾ ਦੀ, ਕੈਨੇਡਾ ਸਰਕਾਰ ਦੀ ਅਤੇ ਕੈਨੇਡਾ ਦੀ ਪੁਲੀਸ ਦੀ ‘ਜੈ-ਜੈਕਾਰ’ ਕਰਦਿਆਂ ਦੇਖਿਆ/ ਸੁਣਿਆ ਤਾਂ ਬਦੋਬਦੀ ਧਿਆਨ ‘ਆਪਣੇ ਭਾਰਤ ਮਹਾਨ’ ਵੱਲ ਚਲਿਆ ਗਿਆ। ‘ਆਪਣੇ ਭਾਰਤ ਮਹਾਨ’ ਨੂੰ ਯਾਦ ਕਰਨ ਸਾਰ, ਆਪਣੇ ਮੋਢਿਆਂ ਉੱਤੇ ‘ਪੀ ਪੀ’ ਦੇ ਬਿੱਲੇ ਲਾਈ ਫਿਰਦੀ ‘ਪੰਜਾਬ ਪੁਲੀਸ’ ਚੇਤੇ ਆ ਗਈ। ਪੰਜਾਬ ਪੁਲੀਸ ਕਾਹ’ਦੀ ਚੇਤੇ ਆ ਗਈ, ਸਮਝ ਲਓ ਨਾਨੀ ਦੀ ਨਾਨੀ ਚੇਤੇ ਆ ਗਈ।
ਮੇਰੇ ਬੇਰੁਜ਼ਗ਼ਾਰ ਹੋਣ ਦੇ ਦਿਨੀਂ, ਮੇਰੇ ਨਾਲੋਂ ਕਿਤੇ ਘੱਟ ਪੜ੍ਹੇ ਹੋਏ ਥਾਣੇਦਾਰ ਵੱਲੋਂ, ਯੂ. ਪੀ. ਵਿਚ ਰਹਿੰਦੇ ਸਾਡੇ ਕਿਸੇ ਦੋਖੀ ਰਿਸ਼ਤੇਦਾਰ ਵੱਲੋਂ 25 ਪੈਸੇ ਦੇ ਲਿਫਾਫੇ ਵਿਚ ਡਾਕ ਰਾਹੀਂ ਭੇਜੀ ਹੋਈ, ਸਕੂਲ ਨੂੰ ਲਿਖੀ ਜਾਂਦੀ ਅਰਜ਼ੀ ਵਰਗੀ ਦਰਖ਼ਾਸਤ ਉੱਤੇ ਕਾਰਵਾਈ ਪਾਉਂਦਿਆਂ, ਮੈਨੂੰ ਤੇ ਮੇਰੇ ਘਰ ਦੇ ਜੀਆਂ ਨੂੰ ਥਾਣੇ ਵਿਚ ਤਲਬ ਕਰ ਕੇ, ਨਾਲ਼ ਗਈ ਹੋਈ ਪੰਚਾਇਤ ਦੇ ਸਾਹਮਣੇ ਜ਼ਲੀਲ ਕਰਨਾ ਵੀ ਚੇਤੇ ਆਇਆ। ਇਹ ਵੀ ਚੇਤੇ ਆਇਆ ਕਿ ਜੇ ਉਹ ਰਾਤ ਮੈਨੂੰ ਥਾਣੇ ਕੱਟਣੀ ਪੈ ਜਾਂਦੀ ਤਾਂ ਜ਼ਿੰਦਗ਼ੀ ਨੇ ਕਿਹੜਾ ਮੋੜ ਕੱਟ ਜਾਣਾ ਸੀ।
ਪੱਤਰਕਾਰੀ ਵਿਚ ਗਲ਼-ਗਲ਼ ਧੱਸੇ ਹੋਣ ਦੇ ਦਿਨੀਂ, ਸ਼ਰਾਬ ਨਾਲ਼ ਰੱਜਿਆ ਹੋਇਆ ਇਕ ਪੁਲੀਸ ਮੁਲਾਜ਼ਮ, ਮੁਸਾਫ਼ਰਾਂ ਨਾਲ਼ ਭਰੀ ਹੋਈ ਬੱਸ ਵਿਚ ਇਕ ਵਾਰ ਮੇਰੇ ਗਲ਼ ਪੈ ਗਿਆ। ਮੈਂ ਗਰਦਨ ਤਾਂ ਉਸ ਦੇ ਹੱਥੋਂ ਛੁਡਾ ਲਈ, ਪਰ ਉਹ ਬੱਸ ਮੇਰੇ ਪਿੰਡ ਵੱਲੋਂ ਆ ਰਹੀ ਹੋਣ ਕਰ ਕੇ, ਉਸ ਵਿਚ ਸਵਾਰ ਬਹੁਤ ਸਾਰੇ ਮੁਸਾਫ਼ਰ ਮੈਨੂੰ ਜਾਣਦੇ ਸਨ, ਜਿਨ੍ਹਾਂ ਦੀ ਹਾਜ਼ਰੀ ਵਿਚ ਮੇਰੀ ਪਾਣ-ਪੱਤ ਲਹਿ ਕੇ ਉਸ ਸ਼ਰਾਬੀ ਪੁਲੀਸ ਮੁਲਾਜ਼ਮ ਦੇ ਹੱਥ ਵਿਚ ਹੀ ਰਹਿ ਗਈ ਸੀ। ਬੱਸ ਦੇ ਡਰਾਈਵਰ ਤੇ ਕੰਡੱਕਟਰ, ਜੋ ਰੋਜ਼ ਆਉਣ-ਜਾਣ ਕਰ ਕੇ ਮੈਨੂੰ ਜਾਣਦੇ ਸਨ ਤੇ ਉਸ ਪੁਲੀਸ ਮੁਲਾਜ਼ਮ ਨੂੰ ਵੀ ਜਾਣਦੇ ਸਨ, ਬਾਅਦ ਵਿਚ ਵੀ ਬਕਵਾਸ ਕਰਦੇ ਰਹੇ, ਉਸ ਪੁਲੀਸ ਮੁਲਾਜ਼ਮ ਦਾ ਨਾਂ ਲੈ-ਲੈ ਉਸ ਨੂੰ ਵਰਜਦੇ ਰਹੇ ਜਦੋਂ ਕਿ ਉਹ ਦੁਬਾਰਾ ਮੇਰੇ ਵੱਲ ਹੱਥ ਉਲਾਰ-ਉਲਾਰ ਵਧਦਾ ਰਿਹਾ।
ਜਲੰਧਰ ਪਹੁੰਚੀ ਬੱਸ ਵਿਚੋਂ ਉੱਤਰ ਕੇ ਮੈਂ ਕਿਸੇ ਨਾਲ਼ ਕੋਈ ਗੱਲ ਕੀਤੇ ਬਗ਼ੈਰ ਆਪਣੇ ਅਖ਼ਬਾਰ ਦੇ ਦਫ਼ਤਰ ਪਹੁੰਚ ਗਿਆ। ਉਸ ਵੇਲ਼ੇ ਦਫ਼ਤਰ ਵਿਚ ਕੋਈ ਨਹੀਂ ਆਇਆ ਸੀ। ਮੈਂ ਬੱਸ ਵਿਚ ਹੀ ਇੰਨਾ ਕੁ ਪਤਾ ਕਰ ਲਿਆ ਸੀ ਕਿ ਉਹ ਪੁਲੀਸ ਵਾਲ਼ਾ ਪਿੰਡ ਰੁੜਕਾ ਕਲਾਂ ਦਾ ਰਹਿਣ ਵਾਲ਼ਾ ਸੀ ਤੇ ਕਰਤਾਰ ਪੁਰ ਥਾਣੇ ਵਿਚ ਤਾਇਨਾਤ ਸੀ। ਮੈਂ ਦਫ਼ਤਰ ਆ ਕੇ ਇਸ ਘਟਨਾ ਦਾ ਸਾਰਾ ਵੇਰਵਾ ਇਕ ਖ਼ਬਰ ਦੇ ਰੂਪ ਵਿਚ ਲਿਖਿਆ ਤੇ ਆਪਣੇ ਚੀਫ ਐਡੀਟਰ (ਮਾਲਕ) ਦੇ ਆਉਣ ਦੀ ਉਡੀਕ ਕਰਨ ਲੱਗਿਆ। ਇੰਨੇ ਵਿਚ ਉਹ ਆ ਗਏ ਕਿਉਂ ਕਿ ਉਨ੍ਹਾਂ ਨੇ ਐਡੀਟੋਰੀਅਲ ਲਿਖਣ ਲਈ ਅਖ਼ਬਾਰ ਪੜ੍ਹਨ ਖ਼ਾਤਰ ਉਸ ਵੇਲ਼ੇ ਦਫ਼ਤਰ ਆਉਣਾ ਹੁੰਦਾ ਸੀ, ਜਦੋਂ ਅਜੇ ਕੋਈ ਵੀ ਨਹੀਂ ਆਇਆ ਹੁੰਦਾ ਸੀ।
ਮੈਂ ਸਾਰੀ ਘਟਨਾ ਉਨ੍ਹਾਂ ਨੂੰ ਦੱਸੀ ਤੇ ਲਿਖੀ ਹੋਈ ਖ਼ਬਰ ਉਨ੍ਹਾਂ ਦੇ ਅੱਗੇ ਰੱਖਦਿਆਂ ਕਿਹਾ, “ਜੇ ਤੁਸੀਂ ਇਹ ਖ਼ਬਰ ਨਾ ਛਾਪੀ ਤਾਂ ਇਸ ਨੂੰ ਹੀ ਮੇਰਾ ਅਸਤੀਫ਼ਾ ਸਮਝ ਲੈਣਾ ਕਿਉਂ ਕਿ ਮੈਂ ਤਾਂ ਬੱਸ ਵਿਚ ਸਵਾਰ, ਸੱਠ ਦੇ ਕਰੀਬ ਉਨ੍ਹਾਂ ਲੋਕਾਂ ਦੇ ਮੱਥੇ ਲੱਗਣ ਜੋਗਾ ਵੀ ਨਹੀਂ ਰਿਹਾ, ਜਿਨ੍ਹਾਂ ਵਿਚੋਂ ਕਈ ਮੇਰੇ ਪਿੰਡ ਦੇ ਵੀ ਸਨ।” ਖ਼ੈਰ ਉਹ ਖ਼ਬਰ ਛਪੀ ਤੇ ਦੂਜੇ ਦਿਨ ਉਸ ਬੱਸ ਦੇ ਡਰਾਈਵਰ ਨੇ ਮੈਨੂੰ ਦੱਸਿਆ ਕਿ ਉਹ ਪੁਲੀਸ ਵਾਲ਼ਾ ਉਸੇ ਹੀ ਦਿਨ ਮੁਅੱਤਲ ਕਰ ਦਿੱਤਾ ਗਿਆ ਸੀ। “ਹੁਣ ਉਸ ਨੂੰ ਬਹਾਲ ਕਰਾਉਣ ਦਾ ਰਾਹ ਵੀ ਲੱਭ ਰੱਖੀਂ, ਨਿਆਣਿਆਂ-ਨਿੱਕਿਆਂ ਵਾਲ਼ਾ ਆ ਸਾਲ਼ਾ ਮੂਰਖ਼,” ਉਹ ਡਰਾਈਵਰ ਕਹਿ ਰਿਹਾ ਸੀ। ਕੁੱਝ ਦਿਨਾਂ ਮਗਰੋਂ ਉਸ ਡਰਾਈਵਰ ਦੀ ਹਾਜ਼ਰੀ ਵਿਚ ਐੱਸ. ਐੱਸ. ਪੀ. ਨੂੰ ਮਿਲ ਕੇ, “ਉਸ ਨੇ ਆਪਣੇ ਕੀਤੇ ਦੀ ਮੁਆਫ਼ੀ ਮੰਗ ਲਈ ਹੈ” ਕਹਿ ਕੇ ਉਸ ਦੀ ਬਹਾਲੀ ਦੇ ਹੁਕਮ ਜਾਰੀ ਕਰਾਏ ਸਨ।
ਇਸ ਸਭ ਕੁੱਝ ਦੇ ਬਾਵਜੂਦ ਪੁਲੀਸ ਮੁਲਾਜ਼ਮਾਂ ਵੱਲੋਂ ਲੋਕਾਂ ਨਾਲ਼ ਧੱਕਾ ਕਰਨ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਕਾਲਜ ਵਿਚ ਪੜ੍ਹਨ ਦੌਰਾਨ ਰੋਜ਼ ਆਉਣ-ਜਾਣ ਕਾਰਨ ਨੂਰਮਹਿਲ ਥਾਣੇ ਦੇ ਕੁੱਝ ਮੁਲਾਜ਼ਮ ਵਾਕਫ਼ ਜਿਹੇ ਬਣ ਕੇ ਦੋਸਤੀ ਦੇ ਦਾਅਵੇ ਕਰਨ ਲੱਗ ਪਏ। ਇਕ ਨੇ ਤਾਂ ਇਕ ਦਿਨ ਇਹ ਵੀ ਕਹਿ ਦਿੱਤਾ,“ਪਾੜ੍ਹਿਆ! ਪਿੰਡ ਵਿਚ ਕਿਸੇ ਨਾਲ਼ ਕੋਈ ਰੜਕ ਹੈ ਤਾਂ ਦੱਸੀਂ, ਥਾਣੇ ਲਿਆ ਕੇ ਸਿੱਧਾ ਕਰ ਦਿਆਂਗੇ।” ਇਕ ਹੋਰ ਵਾਕਫ਼ ਪੁਲੀਸ ਮੁਲਾਜ਼ਮ ਨੂੰ ਇਕ ਦਿਨ ਸੁਭਾਵਕ ਹੀ ਕਿਹਾ, “ਸੁਣਾ ਬਈ ਪਿਆਰਾ ਸਿੰਹਾਂ ਕੀ ਸੇਵਾ ਕਰੀਏ?”
“ਜੋ ਮਰਜ਼ੀ ਕਰ ਦਿਓ ਸਰਦਾਰ ਜੀ!” ਉਸ ਦਾ ਇਹ ਜੁਆਬ ਸੁਣ ਕੇ, ਉਸ ਨੂੰ ਦੁਬਾਰਾ ਇਹ ਸੁਆਲ ਨਾ ਕਰਨ ਦਾ ਫੈਸਲਾ ਕਰਨਾ ਪਿਆ। ਦੂਜਾ ‘ਪਿੰਡ ਵਿਚ ਕਿਸੇ ਨਾਲ ਕੋਈ ਰੜਕ’ ਕੱਢਣ ਦਾ ਚਾਹਵਾਨ ਇਕ ਦਿਨ ਕਹਿੰਦਾ, “ਕਿਸੇ ਦਿਨ ਤੇਰੇ ਪਿੰਡ ਆਉਣੈ ਕਾਮਰੇਡਾ, ਨਾਲ਼ੇ ਤੇਰਾ ਟੌਹਰ ਬਣਾ ਆਵਾਂਗੇ, ਨਾਲ਼ੇ ਘੜੀ ਬੈਠਾਂਗੇ। ਤੂੰ ਬੱਸ ‘ਦਾਲ-ਭਾਜੀ’ ਬਣਵਾ ਰੱਖੀਂ ਕਰਾਰੀ ਜਿਹੀ, ਬੋਤਲਾਂ ਦੋ ਅਸੀਂ ਫੜੀ ਆਵਾਂਗੇ ‘ਘਰ ਦੀ ਕੱਢੀ’ ਦੀਆਂ।” ਉਸ ਦੀ ਇਹ ਗੱਲ ਸੁਣ ਕੇ, ਉਸ ਦਿਨ ਸੋਚ ਲਿਆ ਕਿ ਇਨ੍ਹਾਂ ਦੇ ਸਿਰ ’ਤੇ ਟੌਹਰ ਬਣਾ ਕੇ, ਲੋਕਾਂ ਵਿਚ ਬਣਿਆ ਹੋਇਆ ਆਪਣਾ ਮਾੜਾ-ਮੋਟਾ ਆਦਰ ਵੀ ਨਹੀਂ ਗੁਆਉਣਾ। ਸੋ ‘ਨਾ ਇਨ੍ਹਾਂ ਦੀ ਦੋਸਤੀ ਚੰਗੀ, ਨਾ ਇਨ੍ਹਾਂ ਦੀ ਦੁਸ਼ਮਣੀ ਚੰਗੀ’ ਉੱਤੇ ਹੀ ਅਮਲ ਕਰਦੇ ਰਹੇ ਹਾਂ ਤੇ ਹੁਣ ਤਕ ਇਨ੍ਹਾਂ ਤੋਂ ਡਰਦੇ ਰਹੇ ਹਾਂ। ਮੌਜੂਦਾ ਸਿਸਟਮ ਵਿਚ ਪੁਲੀਸ ਦੇ ਕਿਸੇ ਮੁਲਾਜ਼ਮ ਨਾਲ਼ ਦੋਸਤੀ ਕੀਤੀ ਹੀ ਨਹੀਂ ਜਾ ਸਕਦੀ। ਮੌਜੂਦਾ ਥਾਣਿਆਂ ਦੀ ਤੁਲਨਾ ‘ਖੂਹ’ ਨਾਲ਼ ਕੀਤੀ ਜਾਂਦੀ ਹੈ, ਜਿਸ ਵਿਚ ਡਿੱਗੀ ਇੱਟ ‘ਸੁੱਕੀ’ ਨਹੀਂ ਨਿੱਕਲ ਸਕਦੀ।
ਪਿਛਲੇ ਦਿਨੀਂ, ਜਲੰਧਰ ਦੀ ਫਗਵਾੜਾ ਗੇਟ ਮਾਰਕੀਰਟ ਵਿਚ ਉਸ ਵੇਲ਼ੇ ਬੜਾ ਤਮਾਸ਼ਾ ਜਿਹਾ ਹੋ ਗਿਆ ਜਦੋਂ ਚਾਹ-ਪਾਣੀ ਦੀ ਦੁਕਾਨ ਦੇ ਇਕ ਕਰਿੰਦੇ ਨੇ ਉਸ ਦੀ ਦੁਕਾਨ ਤੋਂ ਖਾ-ਪੀ ਕੇ ਤੁਰਨ ਲੱਗੇ ਸਿਪਾਹੀਆਂ ਤੋਂ ਪੈਸੇ ਮੰਗ ਲਏ ਤਾਂ ਉਨ੍ਹਾਂ ਨੇ ਉਸ ਦੀ ‘ਭੁਗਤ ਸੁਆਰ’ ਦਿੱਤੀ। ਜਦੋਂ ਇਸ ਗੱਲੋਂ ਭੜਕੇ ਹੋਏ, ਉਸ ਮਾਰਕੀਟ ਦੇ ਦੁਕਾਨਦਾਰਾਂ ਨੇ ਇਸ ‘ਧੱਕੇ’ ਵਿਰੁੱਧ ਰੋਸ ਜ਼ਾਹਰ ਕੀਤਾ ਤਾਂ ਪੁਲੀਸ ਨੇ ਇਸ ਸਾਰੇ ਮਾਮਲੇ ਨੂੰ ‘ਸਿਆਨਣ ਵਿਚ ਹੋਈ ਗ਼ਲਤੀ’ ਦਾ ਜਾਮਾ ਪੁਆ ਦਿੱਤਾ। ਉਸ ਕਰਿੰਦੇ ਨੂੰ ਉਸ ਦੀ ਦੁਕਾਨ ਉੱਤੇ ਹੀ ਫੈਂਟਿਆ ਨਹੀਂ ਗਿਆ, ਸਗੋਂ ਉਸ ਨੂੰ ਪੰਜ-ਛੇ ਪੁਲੀਸ ਮੁਲਾਜ਼ਮ ‘ਹੱਕ ਕੇ’ ਥਾਣੇ ਵੀ ਲੈ ਕੇ ਗਏ। ਇਹ ਸਭ ਕੁੱਝ ਹੋਣ ਦੀ ਵਜ੍ਹਾ ਇਹ ਸੀ ਕਿ ਦੁਕਾਨ ਦਾ ਉਹ ਕਰਿੰਦਾ, ਉਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਪਿਲਾਈ ਹੋਈ ਲੱਸੀ ਦੇ ਪੈਸੇ, ਉਸੇ ਵੇਲ਼ੇ ਨਕਦੋ-ਨਕਦੀ ਦੇਣ ਦੀ ਜ਼ਿੱਦ ਕਰ ਗਿਆ ਸੀ। ਪੁਲੀਸ ਵਾਲ਼ਿਆਂ ਨੇ ‘ਪੀ. ਪੀ.’ ਯਾਨੀ ਪੰਜਾਬ ਪੁਲੀਸ ਦੇ ਖ਼ਾਸੇ ਮੁਤਾਬਕ ਦੁਕਾਨ ਦੇ ਉਸ ਕਰਿੰਦੇ ਨੂੰ ‘ਲੱਸੀ ਵੱਟੇ ਚਾਹਟਾ’ ਛਕਾ ਦਿੱਤਾ।
ਇਸ ਪੁਲੀਸ ਪਾਰਟੀ ਦੀ ਅਗਵਾਈ ਕਰ ਰਹੇ ਅਸਿਸਟੈਂਟ ਸਬ ਇੰਸਪੈਕਟਰ ਨੇ ਕਿਹਾ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਉਹ ਦੁਕਾਨਦਾਰ, ਨਾ ਸਿਰਫ਼ ਲੁੱਟ-ਖੋਹ ਕਰਨ ਵਾਲ਼ਿਆਂ ਨਾਲ਼ ਰਲ਼ਿਆ ਹੋਇਆ ਹੈ, ਸਗੋਂ ਆਪ ਵੀ ਲੁੱਟਾਂ-ਖੋਹਾਂ ਵਿਚ ਸ਼ਾਮਲ ਰਿਹਾ ਹੈ। ਦੂਜੇ ਪਾਸੇ ਪੁਲੀਸ ਨੂੰ ਇਹੋ ਜਿਹੀਆਂ ਘਟਨਾਵਾਂ ਨੂੰ ਠੱਲ੍ਹ ਨਾ ਪਾ ਸਕਣ ਦੀ ਵਜ੍ਹਾ ਨਾਲ਼ ਸਰਕਾਰ ਅਤੇ ਅਫ਼ਸਰਾਂ ਦੀ ਕਰੋਪੀ ਸਹਿਣੀ ਪੈ ਰਹੀ ਸੀ। ਫਗਵਾੜਾ ਗੇਟ ਇਲਾਕੇ ਵਿਚ ‘ਰਾਜੂ ਚੀਜ਼ ਕੌਰਨਰ’ ਨਾਂ ਦੀ ਦੁਕਾਨ ਦੀ ਲੱਸੀ ਬਹੁਤ ਪਸੰਦ ਕੀਤੀ ਜਾਂਦੀ ਹੈ। ਇਸ ਦੁਕਾਨ ਦੇ ਮਾਲਕ ਨਰੇਸ਼ ਕੁਮਾਰ ਦਾ ਕਹਿਣ ਹੈ ਕਿ ਪੰਜ-ਛੇ ਪੁਲੀਸ ਮੁਲਾਜ਼ਮ ਉਸ ਦੀ ਦੁਕਾਨ ’ਤੇ ਆਏ ਤੇ ਉਨ੍ਹਾਂ ਲੱਸੀ ਦਾ ‘ਆਰਡਰ’ ਦਿੱਤਾ। ਉਸ ਨੇ ਪੱਤਰਕਾਰਾਂ ਨਾਲ਼ ਹੋਈ ਗੱਲਬਾਤ ਦੌਰਾਨ ਕਿਹਾ, “ਮੇਰੇ ਕਰਿੰਦਿਆਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪਹਿਲਾਂ ਪੈਸੇ ਦੇ ਕੇ, ਕੂਪਨ ਖ਼ਰੀਦ ਕੇ ਉਨ੍ਹਾਂ ਨੂੰ ਲਿਆ ਦੇਣ ਤਾਂ ਹੀ ਉਹ, ਉਨ੍ਹਾਂ ਨੂੰ ਲੱਸੀ ਦੇ ਸਕਣਗੇ, ਪਰ ਪੁਲੀਸ ਵਾਲ਼ਿਆਂ ਨੇ ਕਿਹਾ ਕਿ ਉਹ ਪਹਿਲਾਂ ਲੱਸੀ ਪਿਲਾਉਣ ਤੇ ਪੈਸੇ ਉਹ ਮਗਰੋਂ ਦੇਣਗੇ। ਮੇਰੇ ਕਰਿੰਦੇ ਮੰਨ ਗਏ ਕਿਉਂ ਪੁਲੀਸ ਮੁਲਾਜ਼ਮਾਂ ਨੇ ਪੁਲੀਸ ਦੀਆਂ ਵਰਦੀਆਂ ਪਾਈਆਂ ਹੋਈਆਂ ਸਨ ਤੇ ਉਨ੍ਹਾਂ ਨੇ ਉਨ੍ਹਾਂ ਨੂੰ ‘ਜ਼ਿੰਮੇਵਾਰ’ ਸਮਝ ਲਿਆ ਕਿ ਜਦੋਂ ਮਗਰੋਂ ਪੈਸੇ ਦੇਣੇ ਮੰਨਦੇ ਹਨ ਤਾਂ ਮਗਰੋਂ ਦੇ ਹੀ ਦੇਣਗੇ।” ਨਰੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਇਹ ਗੱਲਾਂ, ਸੀ. ਆਈ. ਏ. ਸਟਾਫ਼ ਦੇ ਦਫ਼ਤਰ ਅੱਗੇ ਆਪਣੇ ਦੁਕਾਨਦਾਰ ਸਾਥੀਆਂ ਨਾਲ਼ ਰਲ਼ ਕੇ ਰੋਸ ਜ਼ਾਹਰ ਕਰਨ ਵੇਲ਼ੇ ਦੱਸੀਆਂ।
ਉਸ ਨੇ ਅੱਗੇ ਕਿਹਾ, “ਜਦੋਂ ਉਹ ਲੱਸੀ ਪੀ ਹਟੇ ਤਾਂ ਉਹ ਦੁਕਾਨੋਂ ਬਾਹਰ ਨਿੱਕਲਣੇ ਸ਼ੁਰੂ ਹੋ ਗਏ। ਉਸ ਵੇਲ਼ੇ ‘ਕੈਸ਼ ਕਾਊਂਟਰ’ ਉੱਤੇ ਬੈਠੇ ਮੇਰੇ ਵਰਕਰ ਮਕਬੂਲ ਨੇ ਉਨ੍ਹਾਂ ਨੂੰ ਫਿਰ ਕਿਹਾ ਕਿ ਉਨ੍ਹਾਂ ਨੇ ਪੈਸੇ ਹਾਲੇ ਦੇਣੇ ਹਨ ਤੇ ਉਹ ਪੈਸੇ ਦੇ ਕੇ ਜਾਣ। ਉਸ ਦੀ ਇੰਨੀ ਗੱਲ ਸੁਣ ਕੇ ਉਹ ਪੁਲੀਸ ਮੁਲਾਜ਼ਮ ਉਸ ਨੂੰ ਗਾਲ਼ਾਂ ਕੱਢਣ ਲੱਗ ਪਏ। ਇਹ ਸੁਣ ਕੇ ਮੈਂ ਵੀ ਨੇੜੇ ਚਲਿਆ ਗਿਆ। ਉਨ੍ਹਾਂ ਨੇ ਮਕਬੂਲ ਨੂੰ ਬਾਹਰ ਧੂਹ ਲਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਇਹ ਵੀ ਕਹੀ ਜਾਂਦੇ ਸੀ ਕਿ ਮਕਬੂਲ ਉਨ੍ਹਾਂ ਨੂੰ ਧੌਂਸ ਦੇ ਰਿਹਾ ਸੀ ਤੇ ਉਹ ਅੱਜ ਉਸ ਦੀ ਧੌਂਸ ਕੱਢ ਕੇ ਹੀ ਛੱਡਣਗੇ। ਜਦੋਂ ਹੋਰ ਦੁਕਾਨਦਾਰ ਵੀ ਮੇਰੀ ਦੁਕਾਨ ਅੱਗੇ ਇਕੱਠੇ ਹੋ ਗਏ ਤਾਂ ਉਨ੍ਹਾਂ ਨੇ ਇਸ ਬਾਰੇ ਰੋਸ ਜ਼ਾਹਰ ਕੀਤਾ ਤਾਂ ਪੁਲੀਸ ਵਾਲ਼ਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਹੈ ਕਿ ਮਕਬੂਲ ਲੁੱਟਾਂ-ਖੋਹਾਂ ਕਰਨ ਵਾਲ਼ਿਆਂ ਵਿਚ ਸ਼ਾਮਲ ਹੈ ਤੇ ਫੇਰ ਉਹ, ਉਸ ਨੂੰ ਸੀ. ਆਈ. ਏ. ਸਟਾਫ਼ ਦੇ ਦਫ਼ਤਰ ਲੈ ਗਏ।”
“ਅਸੀਂ ਬਥੇਰਾ ਕਿਹਾ ਕਿ ਅਸੀਂ ਆਪ ਮੁੰਡਾ ਪੇਸ਼ ਕਰਾਂਗੇ, ਪਰ ਉਨ੍ਹਾਂ ਨੇ ਉਸ ਨੂੰ ਆਪਣੀ ਗੱਡੀ ਵਿਚ ਸੁੱਟ ਲਿਆ ਤੇ ਲੈ ਗਏ,” ਨਰੇਸ਼ ਕਮਾਰ ਨੇ ਕਿਹਾ। ਦੁਕਾਨਦਾਰਾਂ ਨੇ ਪਹਿਲਾਂ ਉਸ ਕਰਿੰਦੇ ਨੂੰ ਰਿਹਾਅ ਕਰਨ ਦੀ ਮੰਗ ਕਰਦਿਆਂ, ਮਾਰਕੀਟ ਵਿਚ ਰੋਸ ਮੁਜ਼ਾਹਰਾ ਕੀਤਾ ਤੇ ਫਿਰ ਸੀ. ਆਈ. ਏ. ਸਟਾਫ਼ ਦੇ ਦਫ਼ਤਰ ਅੱਗੇ ਰੋਸ ਜ਼ਾਹਰ ਕੀਤਾ। ਮੀਡੀਆ ਵੱਲੋਂ ਪੁੱਛੇ ਜਾਣ ’ਤੇ ਕਮਿਸ਼ਨਰੇਟ ਦੇ ਐਂਟੀ-ਸਨੈਚਿੰਗ ਸਕੁਐਡ ਨਾਲ਼ ਸਬੰਧਤ ਅਸਿਸਟੈਂਟ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਮਕਬੂਲ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿਚ ਸ਼ਾਮਲ ਹੈ ਤੇ ਉਹ ਉਸ ਨੂੰ ਫੜਨ ਗਏ ਸਨ। ਉਨ੍ਹਾਂ ਨੇ ਕਿਹਾ ਕਿ ਕਿ ਲੱਸੀ ਦੇ ਪੈਸੇ ਨਾ ਦੇਣ ਸਬੰਧੀ ਕੋਈ ਝਗੜਾ ਹੋਇਆ ਹੀ ਨਹੀਂ।
ਦੂਜੇ ਪਾਸੇ ਨਰੇਸ਼ ਕੁਮਾਰ ਦਾ ਕਹਿਣ ਹੈ, “ਮਕਬੂਲ ਮੇਰੀ ਦੁਕਾਨ ਉੱਤੇ 18 ਸਾਲਾਂ ਦਾ ਕੰਮ ਕਰਦਾ ਹੈ ਤੇ ਉਹ ਇਮਾਨਦਾਰ ਵਰਕਰ ਹੈ। ਇਸੇ ਕਰ ਕੇ ਮੈਂ ਉਸ ਨੂੰ ਕੈਸ਼ ਕਾਊਂਟਰ ਉੱਤੇ ਬਹਾ ਜਾਂਦਾ ਹਾਂ।” ਇਸ ਦੁਕਾਨਦਾਰ ਨੇ ਇਹ ਵੀ ਕਿਹਾ ਕਿ ਉਹ ਦੁਕਾਨ ਉੱਤੇ ਲਗਾਏ ਹੋਏ ਸੀ. ਸੀ. ਟੀ. ਵੀ. ਕੈਮਰੇ ਦੀ ਉਹ ਫੁੱਟੇਜ ਵੀ ਲਿਆਇਆ ਹੈ, ਜਿਸ ਵਿਚ ਪੁਲੀਸ ਮੁਲਾਜ਼ਮ ਉਸ ਦੀ ਦੁਕਾਨ ਉੱਤੇ ਲੱਸੀ ਪੀਂਦੇ ਦਿਸਦੇ ਹਨ।
ਡਿਪਟੀ ਕਮਿਸ਼ਨਰ ਪੁਲੀਸ ਨਵੀਨ ਸਿੰਗਲਾ ਨੇ ਵੀ ਇਹੋ ਕਿਹਾ ਹੈ ਕਿ ਮਕਬੂਲ ਨੂੰ ਉਸ ਬਾਰੇ ਇਤਲਾਹਾਂ ਮਿਲਣ ਮਗਰੋਂ ਹੀ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਕਬੂਲ ਦਾ ਹੁਲੀਆ, ਥਾਣਾ ਡਿਵੀਜਨ ਨੰਬਰ 3 ਵਿਚ, ਲੁੱਟ-ਖੋਹ ਦੀ ਇਕ ਵਾਰਦਾਤ ਦੇ ਸਬੰਧ ਵਿਚ ਦਰਜ ਕੇਸ ਵਿਚ ਸ਼ਾਮਲ ਮੁਲਜ਼ਮ ਦੇ ਹੁਲੀਏ ਨਾਲ਼ ਰਲ਼ਦਾ-ਮਿਲ਼ਦਾ ਹੈ। ਉਨ੍ਹਾਂ ਨੇ ਵੀ ਇਹ ਗੱਲ ਰੱਦ ਕਰ ਦਿੱਤੀ ਕਿ ਪੁਲੀਸ ਮੁਲਾਜ਼ਮਾਂ ਨੇ ਪਹਿਲਾਂ ਲੱਸੀ ਪੀਤੀ ਤੇ ਫੇਰ ਪੈਸੇ ਦੇਣ ਤੋਂ ਇਨਕਾਰ ਕੀਤਾ ਸੀ। ਬਾਅਦ ਵਿਚ ਮਕਬੂਲ ਨੂੰ ਛੱਡ ਦਿੱਤਾ ਗਿਆ, ਪਰ ਨਾਲ਼ ਹੀ ਕਿਹਾ ਗਿਆ ਜਦੋਂ ਉਸ ਦੀ ਸ਼ਨਾਖ਼ਤ ਕਰਨ ਵਾਲ਼ਾ ਵਿਅਕਤੀ ਥਾਣੇ ਆਵੇਗਾ ਤਾਂ ਉਸ ਨੂੰ ਫਿਰ ਥਾਣੇ ਤਲਬ ਕੀਤਾ ਜਾਵੇਗਾ।
ਇਹ ਤਾਂ ਦੁਕਾਨਦਾਰਾਂ ਨੇ ਏਕਤਾ ਦਾ ਸਬੂਤ ਦਿੱਤਾ ਤਾਂ ਮਕਬੂਲ ਦੀ ਬੰਦਖਲਾਸੀ ਹੋਈ, ਨਹੀਂ ਤਾਂ ਇਕ ਰਾਤ ਥਾਣੇ ਵਿਚ ਰੱਖ ਕੇ ‘ਸਾਡੀ ਲਾਠੀਆਂ ਵਾਲ਼ੀ ਸਰਕਾਰ’ ਨੇ ‘ਮਕਬੂਲ’ ਤੋਂ ਕਈ ਲੁੱਟਾਂ-ਖੋਹਾਂ ‘ਕਬੂਲ’ ਕਰਾ ਲੈਣੀਆਂ ਸੀ।#
Cell Phone: +1-778-378-9669, E-mail: bababax@gmail.com
