ਸਿਰੇ ’ਤੇ ਗੰਢ

ਭਾਰਤੀ ਫ਼ਿਲਮ ਜਗਤ ਦੀ ਬੇਬੇ ਜ਼ੋਹਰਾ ਸਹਿਗਲ ਨੂੰ 
ਯਾਦ ਕਰਦਿਆਂ 
ਬਖ਼ਸ਼ਿੰਦਰ
ਬਹੁਤ ਨਿਆਣੀ ਉਮਰ ਤੋਂ ਜਦੋਂ ਵੀ ਕਦੇ ਜ਼ੋਹਰਾ ਸਹਿਗਲ ਦਾ ਜ਼ਿਕਰ ਪੜ੍ਹਦਾ-ਸੁਣਦਾ ਰਿਹਾ ਹਾਂ, ਹੈਰਾਨ ਹੁੰਦਾ ਰਿਹਾ ਹਾਂ। ‘ਜ਼ੋਹਰਾ’ ਇਕ ਇਸਲਾਮੀ ਜਾਂ ਮੁਸਲਮਾਨੀ ਨਾਮ ਹੈ ਤੇ ਉਸ ਦੇ ਪਿੱਛੇ ਲੱਗਿਆ ਹੋਇਆ ਗੋਤ (ਜ਼ੱਦ) ‘ਸਹਿਗਲ’ ਹਿੰਦੂਆਂ ਦਾ ਹੈ। ਆਪਣੀ ਇਸ ਹੈਰਾਨੀ ਦੀ ਗੱਲ ਹਾਲ ਦੀ ਘੜੀ ਇੱਥੇ ਹੀ ਛੱਡਦਿਆਂ, ਦੱਸਣਾ ਬਣਦਾ ਹੈ ਕਿ 102 ਸਾਲ ਜਿਉਂਦੀ ਰਹਿ ਕੇ ਹੀ ਨਹੀਂ, ਸਗੋਂ ਇੰਨੀ ਲੰਬੀ ਜ਼ਿੰਦਗ਼ੀ ਪੂਰੀ ਤਰ੍ਹਾਂ ਮਾਣ ਕੇ ਵੀ, ਅਦਾਕਾਰਾ ਜ਼ੋਹਰਾ ਸਹਿਗਲ ਇਸੇ ਹੀ 10 ਜੁਲਾਈ ਨੂੰ ਇਸ ਜਹਾਨ ਤੋਂ ਰੁਖ਼ਸਤ ਹੋ ਗਈ ਹੈ। ਉਸ ਦੇ ਪਰਿਵਾਰ ਦੇ ਜੀਆਂ ਮੁਤਾਬਕ, ਉਹ ਪਿਛਲੇ ਚਾਰ ਕੁ ਦਿਨਾਂ ਤੋਂ ‘ਢਿੱਲੀ-ਮੱਠੀ’ ਸੀ ਤੇ ਉਸ ਦੀ ਮੌਤ, ਦਿਲ ਧੀ ਧੜਕਣ ਰੁਕ ਜਾਣ ਕਾਰਨ ਹੋਈ ਹੈ।
ਇਕ ਸਦੀ ਤੋਂ ਵੱਧ ਨਿਭੀ ਇਸ ਅਦਾਕਾਰਾ ਦੇ ਜਨਮ ਦਿਨ ਬਾਰੇ ਕੋਈ ਕਿਆਫ਼ਾ ਲਾਉਣ ਦੀ ਲੋੜ ਨਹੀਂ ਕਿਉਂ ਕਿ 27 ਅਪ੍ਰੈਲ, 2010 ਨੂੰ ਸਹਿਗਲ ਪਰਿਵਾਰ ਨੇ ਜ਼ੋਹਰਾ ਬੇਬੇ ਦਾ 100ਵਾਂ ਜਨਮ ਦਿਹਾੜਾ ਬਹੁਤ ਸ਼ਾਨ ਨਾਲ਼ ਮਨਾਇਆ ਸੀ। ਉਹ ਸੌ ਸਾਲਾਂ ਦੀ ਹੋ ਕੇ ਵੀ ‘ਬੁੱਢੀਆਂ-ਠੇਰੀਆਂ’ ਵਾਂਗ ਨਹੀਂ ਵਿਚਰੀ ਸੀ। ਸੱਚੀਂ ਹੀ ਉਸ ਦਾ ਜਨਮ 27 ਅਪ੍ਰੈਲ, 1912 ਨੂੰ ਉੱਤਰ ਪ੍ਰਦੇਸ਼ ਦੇ ਸ਼ਹਿਰ ਸਹਾਰਨਪੁਰ ਵਿਚ ਹੋਇਆ ਸੀ। ਉਸ ਵੇਲ਼ੇ ਉਸ ਦਾ ਨਾਮ ‘ਸਾਹਿਬਜ਼ਾਦੀ ਜ਼ੋਹਰਾ ਬੇਗਮ ਮੁਮਤਾਜ਼ਉੱਲਾ ਖ਼ਾਨ’ ਰੱਖਿਆ ਗਿਆ ਸੀ। ਉਹ ਸੱਤ ਭੈਣ-ਭਰਾਵਾਂ ਵਿਚੋਂ ਤੀਜੀ ਸੀ। ਦੇਹਰਾਦੂਨ ਨੇੜੇ ਚਕਰਾਤਾ ਵਿਚ ਪਲ਼ੀ ਜ਼ੋਹਰਾ ਨੂੰ ਆਪਣੀ ਇਕ ਭੈਣ ਨਾਲ਼, ਕੂਈਨ ਮੇਰੀ ਕਾਲਜ, ਲਾਹੌਰ ਵਿਚ ਪੜ੍ਹਨ ਭੇਜਿਆ ਗਿਆ। ਉਹ ਸ਼ੁਰੂ ਤੋਂ ਹੀ ਬਾਗ਼ੀ ਤਬੀਅਤ ਦੀ ਮਾਲਕਣ ਸੀ। ਉਸ ਦੀ ਖੱਬੀ ਅੱਖ ਖਰਾਬ ਹੋਣ ਕਾਰਨ ਉਸ ਨੂੰ ਇਸ ਅੱਖੋਂ ਦਿਸਣਾ ਬੰਦ ਹੋ ਗਿਆ ਸੀ।
 ਉਸ ਨੇ 1935 ਵਿਚ ਉਦੈ ਸ਼ੰਕਰ ਦੀ ਟੋਲੀ ਵਿਚ ਇਕ ਨਰਤਕੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਅਮਰੀਕਾ, ਯੂਰਪ ਅਤੇ ਜਾਪਾਨ ਵਿਚ ਉਸ ਨੇ ਆਪਣੀ ਨਾਚ ਕਲਾ ਦੇ ਜੌਹਰ ਦਿਖਾਏ ਸਨ। 1942 ਵਿਚ ਉਸ ਨੇ ਵਿਗਿਆਨੀ, ਚਿੱਤਰਕਾਰ ਅਤੇ ਨਰਤਕ ਕਾਮੇਸ਼ਵਰ ਸਹਿਗਲ ਨਾਲ਼ ਵਿਆਹ ਕਰਾ ਲਿਆ ਸੀ।
 ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਵਿਚ ਉਸ ਨੇ ਅਦਾਕਾਰੀ ਕੀਤੀ। ਉਸ ਦੀਆਂ ਮਕਬੂਲ ਹੋਈਆਂ ਫ਼ਿਲਮਾਂ ਵਿਚ ‘ਨੀਚਾ ਨਗਰ’, ‘ਅਫ਼ਸਰ’ (1946), ‘ਭਾਜੀ ਔਨ ਦ ਬੀਚ’, ‘ਦ ਮਿਸਟਿਕ ਮੈਸਿਊਰ’, ‘ਵੀਰ-ਜ਼ਾਰਾ’, ‘ਸਾਇਆ’, ‘ਚੀਨੀ ਕਮ’ ਅਤੇ ‘ਹਮ ਦਿਲ ਦੇ ਚੁਕੇ ਸਨਮ’ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਨੇ ਹਾਲੀਵੁਡ ਦੀਆਂ ਕਈ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ। ਇਨ੍ਹਾਂ ਫ਼ਿਲਮਾਂ ਵਿਚ ‘ਦ ਵੈਨੀਜੀਐਂਸ ਔਫ ਸ਼ੀ’, ‘ਟੇਲਜ਼ ਦੈਟ ਵਿਟਨੈੱਸ ਮੈਡਨੈੱਸ’, ‘ਨੈਵਰ ਸੇਅ ਡਾਈ’, ‘ਲਿਟਲ ਨੈਪੋਲੀਅਨਜ਼’ ਅਤੇ ‘ਬੈੰਡ ਇੱਟ ਲਾਈਕ ਬੈਕਹਮ’ ਦਾ ਜ਼ਿਕਰ ਕਰਨਾ ਬਣਦਾ ਹੈ। ਜ਼ੋਹਰਾ ਸਹਿਗਲ ਨੇ ਟੈਲੀਵਿਜਨ ਸੀਰੀਅਲ ‘ਡੌਕਟਰ ਹੂ’ ਵਿਚ 1964 ਤੋਂ 1905 ਤਕ ਕੰਮ ਕੀਤਾ ਸੀ। 2007 ਵਿਚ ਬਣੀ ਰੋਮਾਂਟਿਕ ਫ਼ਿਲਮ ‘ਸਾਂਵਰੀਆ’ ਉਸ ਦੀ ਆਖ਼ਰੀ ਫ਼ਿਲਮ ਸੀ।
ਮਾਈ ਜ਼ੋਹਰਾ ਨੇ ਵੀਰਵਾਰ ਨੂੰ ਸ਼ਾਮੀਂ 4 ਵਜੇ ਦਿੱਲੀ ਦੇ ਇਕ ਹਸਪਤਾਲ ਵਿਚ ਆਖ਼ਰੀ ਸਾਹ ਲਏ। ਉਸ ਨੇ ਤਕਰੀਬਨ 80 ਸਾਲ ਰੰਗਮੰਚ ਅਤੇ ਅਤੇ ਫ਼ਿਲਮਾਂ ਦੇ ਲੇਖੇ ਲਾਏ। ਆਖ਼ਰੀ ਸਮੇਂ, ਉਹ ਦਿੱਲੀ ਵਿਖੇ ਆਪਣੀ ਧੀ ਕਿਰਨ ਸਹਿਗਲ ਨਾਲ਼ ਰਹਿੰਦੀ ਸੀ। ਉਸ ਦੀ ਮੌਤ ਦੀ ਖ਼ਬਰ ਵੀ ਕਿਰਨ, ਜੋ ਆਪ ਓਡੀਸੀ ਨਰਤਕੀ ਹੈ, ਨੇ ਦਿੱਤੀ। ਇਤਿਹਾਸਕਾਰ ਇਰਫ਼ਾਨ ਹਬੀਬ ਨੇ ਉਸੇ ਹੀ ਰਾਤ ਇਸ ਤਰ੍ਹਾਂ ‘ਟਵੀਟ’ ਕੀਤਾ, “ਹੁਣੇ-ਹੁਣੇ ਪਤਾ ਲੱਗਿਆ ਹੈ ਕਿ ਜ਼ੋਹਰਾ ਆਪਾ ਨਹੀਂ ਰਹੇ…” ਇਕ ਹੋਰ ‘ਟਵੀਟ’ ਵਿਚ ਉਨ੍ਹਾਂ ਨੇ ਕਿਹਾ, “ਜ਼ੋਹਰਾ ਸਹਿਗਲ ਵਰਗੀ ਔਰਤ, ਜਿਸ ਨੇ ਅਪਣੀਆਂ ਸ਼ਰਤਾਂ ਉੱਤੇ ਅਤੇ ਭਰਵੀਂ ਜਿਹੀ ਜ਼ਿੰਦਗ਼ੀ ਮਾਣੀ ਹੈ, ਦਾ ਤੁਰ ਜਾਣਾ ਬਹੁਤ ਹੀ ਉਦਾਸ ਕਰ ਗਿਆ ਹੈ। ਉਨ੍ਹਾਂ ਦਾ ਜਾਣਾ ਕਲਾ ਤੇ ਸਭਿਆਚਾਰ ਲਈ ਬਹੁਤ ਵੱਡਾ ਘਾਟਾ ਹੈ। ਅੱਲਾ-ਪਾਕ ਉਨ੍ਹਾਂ ਦੀ ਰੂਹ ਨੂੰ ਸਕੂਨ ਦੇਵੇ।”
ਉਸ ਦੀ ਮੌਤ ਦੀ ਖ਼ਬਰ ਸੁਣ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤਰ੍ਹਾਂ ‘ਟਵੀਟ’ ਕੀਤਾ, “ਬਹੁਪੱਖੀ ਤੇ ਭਰਵੀਂ ਜ਼ਿੰਦਗ਼ੀ ਜੀਅ ਗਈ ਜ਼ੋਹਰਾ ਸਹਿਗਲ, ਹਰ ਪੀੜ੍ਹੀ ਨੂੰ ਪਸੰਦ ਆਉਣ ਵਾਲ਼ੀ ਅਦਾਕਾਰੀ ਨਾਲ਼, ਆਪਣੀ ਇਕ ਖ਼ਾਸ ਛਾਪ ਛੱਡ ਗਈ ਹੈ। ਉਸ ਦਾ ਮਰ ਜਾਣਾ ਉਦਾਸ ਕਰ ਗਿਆ ਹੈ।” ਉਸ ਦੀ ਮੌਤ ਹੋ ਜਾਣ ਦੀ ਖ਼ਬਰ ਆਉਣ ਨਾਲ਼ ਸਾਰੇ ਫ਼ਿਲਮ ਜਗਤ ਵਿਚ ਸੋਗ ਅਤੇ ਗ਼ਮ ਦੀ ਲਹਿਰ ਦੌੜ ਗਈ। ਬਹੁਤੀਆਂ ਫ਼ਿਲਮੀ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਹੀ ਉਸ ਦੀ ਮੌਤ ’ਤੇ ਅਫ਼ਸੋਸ ਜ਼ਾਹਰ ਕੀਤਾ ਅਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਉਸ ਨੂੰ ਮਹਾਨ ਅਦਾਕਾਰਾ ਅਤੇ ਨਾਚ ਨਿਰਦੇਸ਼ਕਾ ਵਜੋਂ ਯਾਦ ਕੀਤਾ ਗਿਆ।
ਅਮਿਤਾਭ ਬੱਚਨ ਨੇ ਆਪਣੇ ਸ਼ੋਕ ਸੁਨੇਹੇ ਵਿਚ ਏਦਾਂ ਲਿਖਿਆ, “102 ਸਾਲਾਂ ਦੀ ਹੋ ਕੇ ਜ਼ੋਹਰਾ ਸਹਿਗਲ ਗੁਜ਼ਰ ਗਈ ਹੈ। ਕਿਆ ਸ਼ਾਨਦਾਰ ਸਫ਼ਰ ਸੀ ਉਸ ਦਾ ਤੇ ਕਿੰਨੀ ਪਿਆਰੀ ‘ਕੋ-ਸਟਾਰ’ ਸੀ ਉਹ! ਰੱਬ ਉਸ ਦੀ ਮਹਾਨ ਆਤਮਾ ਨੂੰ ਸ਼ਾਂਤੀ ਦੇਵੇ।”
ਫ਼ਿਲਮਸਾਜ਼ ਮਧੁਰ ਭੰਡਾਰਕਰ ਨੇ ਆਪਣੇ ਬਲੌਗ ਉੱਤੇ ਜ਼ੋਹਰਾ ਦੀ 1940ਵਿਆਂ ਦੀ ਇਕ ਫੋਟੋ ਲਗਾ ਕੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ। ਉਸ ਤਸਵੀਰ ਦੇ ਹੇਠਾਂ ਉਨ੍ਹਾਂ ਨੇ ‘ਜ਼ੋਹਰਾ ਸਹਿਗਲ ਮੰਚ ਉੱਤੇ ਇਕ ਪੇਸ਼ਕਾਰੀ ਵੇਲ਼ੇ’ ਲਿਖਿਆ। ਕਹਿੰਦੇ ਹਨ ਕਿ ਇੰਨੀ ਵੱਡੀ ਉਮਰੇ ਵੀ ਕੰਮ ਕਰਦਿਆਂ ਜ਼ੋਹਰਾ ਸਹਿਗਲ ਆਪਣੇ ਸਹਿਕਰਮੀਆਂ ਲਈ ਖੇੜੇ ਅਤੇ ਤਾਕਤ ਦਾ ਵਸੀਲਾ ਹੁੰਦੀ ਸੀ। 
ਭਾਰਤ ਦੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਦੇਕਰ ਨੇ ਵੀ ਜ਼ੋਹਰਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੇ ਟਵੀਟ ਰਾਹੀਂ ਕਿਹਾ, “ਮੈਨੂੰ ਬਿਰਧ ਅਦਾਕਾਰਾ ਜ਼ੋਹਰਾ ਸਹਿਗਲ ਦੇ ਗੁਜ਼ਰ ਜਾਣ ਦਾ ਬਹੁਤ ਦੁੱਖ ਹੋਇਆ ਹੈ। ਕਲਾ ਤੇ ਸਿਨੇਮਾ ਦੇ ਖੇਤਰਾਂ ਵਿਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।”
ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਉਸ ਲਈ ਇਹ ਬਹੁਤ ਹੀ ਮਾਣ ਵਾਲ਼ੀ ਗੱਲ ਹੈ ਕਿ ਉਹ, ਸਦੀ ਭਰ ਜੀਅ ਗਈ ਉਸ ਮਹਾਨ ਔਰਤ ਨੂੰ ਜਾਣਦੀ ਹੈ, ਜਿਸ ਨੇ ਆਪਣੀ ਸਾਰੀ ਉਮਰ ਦੌਰਾਨ, ਆਪਣੀ ਬੇਮਿਸਾਲ ਤਾਕਤ ਅਤੇ ਹੁਨਰ ਨਾਲ਼ ਹਰ ਇਕ ਦੇ ਦਿਲ ਉੱਤੇ ਰਾਜ ਕੀਤਾ। ਉਸ ਨੇ ਇਹ ਵੀ ਕਿਹਾ, “ਉਨ੍ਹਾਂ ਦੀ ਉਮਰ ਦੇ 102 ਸਾਲ ਸਦਾ ਹੀ ਭਾਰਤੀ ਸਿਨੇਮਾ ਦਾ ਹਿੱਸਾ ਰਹਿਣਗੇ। ਮੇਰੇ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਮੈਂ ਉਸ ਦੌਰ ਦੌਰਾਨ ਫ਼ਿਲਮਾਂ ਵਿਚ ਅਦਾਕਾਰੀ ਕੀਤੀ ਹੈ, ਜਦੋਂ ਜ਼ੋਹਰਾ ਸਹਿਗਲ ਫ਼ਿਲਮ ਜਗਤ ਦਾ ਹਿੱਸਾ ਸੀ। ਰੱਬ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਦੇਵੇ।”
ਫ਼ਿਲਮ ‘ਚੀਨੀ ਕਮ’ ਵਿਚ ਜ਼ੋਹਰਾ ਸਹਿਗਲ ਨੂੰ, ਅਮਿਤਾਭ ਬੱਚਨ ਦੀ ਮਾਂ ਦੇ ਕਿਰਦਾਰ ਵਿਚ ਨਿਰਦੇਸ਼ਨ ਦੇ ਚੁੱਕੇ  ਆਰ. ਬਾਲਕੀ ਦਾ ਕਹਿਣ ਹੈ ਕਿ ਜ਼ੋਹਰਾ ਦੇ ਜਾਣ ਨਾਲ਼ ਨਿਰਾ ਸਿਨੇਮਾ ਨੂੰ ਘਾਟਾ ਨਹੀਂ ਪਿਆ, ਇਹ ਘਾਟਾ ਸਾਰੀ ਲੋਕਾਈ ਨੂੰ ਪਿਆ ਹੈ। ਉਨ੍ਹਾਂ ਨੇ ਕਿਹਾ, “ਜ਼ੋਹਰਾ ਜੀ ਇਸ ਜਹਾਨ ਦੀ ਸਭ ਨਾਲੋਂ ਵੱਧ ਖ਼ੁਸ਼ ਔਰਤ ਸਨ। ਇਹੋ ਵਜ੍ਹਾ ਹੈ ਕਿ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰਾਂ ਵਿਚੋਂ ਵੀ ਖ਼ੁਸ਼ੀ ਝਲਕਦੀ ਸੀ। ਮੈਂ ਜਿਸ ਦਿਨ ਵੀ ਉਨ੍ਹਾਂ ਨਾਲ਼ ਸ਼ੂਟਿੰਗ ਕੀਤੀ ਸੀ, ਮੇਰਾ ਉਹ ਸਾਰਾ ਦਿਨ ਹੱਸਦਿਆਂ-ਖੇਡਦਿਆਂ ਬੀਤਿਆ। ‘ਚੀਨੀ ਕਮ’ ਉਨ੍ਹਾਂ ਨਾਲ਼ ਹੀ ਬਣ ਸਕਦੀ ਸੀ, ਕੋਈ ਹੋਰ ਅਦਾਕਾਰਾ ਉਨ੍ਹਾਂ ਵਰਗਾ ਕੰਮ ਨਹੀਂ ਕਰ ਸਕਦੀ ਸੀ। ਉਨ੍ਹਾਂ ਨੇ 94 ਸਾਲ ਦੀ ਉਮਰ ਵਿਚ ਵੀ ਇਕ ‘ਯਾਰ-ਬੇਲੀ’ ਬਣ ਕੇ ਦਿਖਾਇਆ ਸੀ। ਹੁਣ ਉਹ 102 ਸਾਲਾਂ ਦੇ ਸਨ। ਉਹ ਮੇਰੇ ਲਈ ਹਮੇਸ਼ਾ ਹੱਸਣ-ਖੇਡਣ ਵਾਲ਼ੇ ‘ਆੜੀ’ ਰਹਿਣਗੇ ਤੇ ਮੌਤ ਸਮੇਤ ਕੋਈ ਵੀ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕਦਾ।” 
“ਮੈਂ ਉਨ੍ਹਾਂ ਬਾਰੇ ਗੱਲ ਕਰਨ ਦੇ ਯੋਗ ਹੀ ਨਹੀਂ ਹਾਂ,” ਫ਼ਿਲਮ ਸਟਾਰ ਸੈਫ਼ ਅਲੀ ਖ਼ਾਨ ਨੇ ਜ਼ੋਹਰਾ ਮਾਈ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, “ਉਹ ਮੇਰੇ ਨਾਲੋਂ ਕਿਤੇ ‘ਸੀਨੀਅਰ’ ਸਨ। ਉਨ੍ਹਾਂ ਨੇ ਜ਼ਮਾਨਾ ਦੇਖਿਆ ਸੀ। ਮੈਂ ਉਨ੍ਹਾਂ ਬਾਰੇ ਗੱਲ ਕਰਨ ਦੇ ਸਮਰੱਥ ਨਹੀਂ ਹਾਂ। ਉਨ੍ਹਾਂ ਨਾਲ਼ ਕੰਮ ਕਰਨ ਵਿਚ ਬਹੁਤ ਸੁਆਦ ਆਉਂਦਾ ਹੁੰਦਾ ਸੀ। ਉਹ ਹਰ ਵੇਲ਼ੇ ਜ਼ਿੰਦਗ਼ੀ ਨਾਲ ਲਬਰੇਜ਼ ਰਹਿੰਦੇ ਸਨ ਤੇ ਉਹ ਬਹੁਤ ਹੁਸੀਨ ਵੀ ਸਨ। ਲੋਕ ਕਹਿਣਗੇ ਕਿ ‘ਉਹ’ ਬਹੁਤ ਲੰਬੀ ਉਮਰ ਭੋਗ ਗਏ ਹਨ, ਪਰ ਇਸ ਤਰ੍ਹਾਂ ਕਿਸੇ ਨੂੰ ਅਚਾਨਕ ਹੀ ਮੌਤ ਪੈ ਜਾਣੀ ਬਹੁਤ ਹੌਲਨਾਕ ਹੈ। ਮੈਨੂੰ ਤਾਂ ਇਸ ਗੱਲ ਦਾ ਬਹੁਤ ਅਫ਼ਸੋਸ ਹੈ! ਉਹ ਰੰਗਮੰਚ ਅਤੇ ਪਰਦੇ ਦੇ ‘ਕੌਤਕੀ ਅਦਾਕਾਰ’ ਵਜੋਂ ਹਮੇਸ਼ਾ ਜਾਣੇ ਜਾਣਗੇ।”
“ਉਹ ਇਕ ਵਾਰ ਆਪਣੇ ਸੰਵਾਦ ਯਾਦ ਕਰ ਲੈਣ ਮਗਰੋਂ ਦੁਬਾਰਾ ਸਕਰਿਪਟ ਨਹੀਂ ਦੇਖਦੇ ਹੁੰਦੇ ਸਨ,” ਕਈ ਫ਼ਿਲਮਾਂ ਵਿਚ ਜ਼ੋਹਰਾ ਸਹਿਗਲ ਨੂੰ ਨਿਰਦੇਸ਼ਨ ਦੇ ਚੁੱਕੇ ਸੰਜੇ ਲੀਲਾ ਭੰਸਾਲੀ ਨੇ ਕਿਹਾ, “ਮੈਨੂੰ ਉਦੈ ਸ਼ੰਕਰ ਜੀ ਦਾ ਨਾਚ ਬਹੁਤ ਪਸੰਦ ਸੀ, ਪਰ ਮੈਂ ਉਨ੍ਹਾਂ ਨੂੰ ਕਦੇ ਮਿਲਿਆ ਨਹੀਂ ਸੀ। ਜ਼ੋਹਰਾ ਜੀ ਇਕ ਡਾਂਸਰ ਦੇ ਤੌਰ ’ਤੇ ਉਨ੍ਹਾਂ ਦੇ ਗਰੁੱਪ ਵਿਚ ਕੰਮ ਕਰਦੇ ਰਹੇ ਸਨ, ਜਿਸ ਕਰ ਕੇ, ਮੈਨੂੰ ਉਨ੍ਹਾਂ ਨਾਲ਼ ਬਹੁਤ ਮੋਹ ਸੀ। ਉਨ੍ਹਾਂ ਨਾਲ਼ ਜਦੋਂ ਵੀ ਕੰਮ ਕਰਨ ਦਾ ਮੌਕਾ ਮਿਲਣਾ, ਉਦੈ ਸ਼ੰਕਰ ਜੀ ਦੀਆਂ ਗੱਲਾਂ ਜ਼ਰੂਰ ਹੋਣੀਆਂ। ਉਹ ਮੈਨੂੰ ਉਨ੍ਹਾਂ ਦੀਆਂ ਗੱਲਾਂ ਹੀ ਨਾ ਸੁਣਾਉਂਦੇ, ਸਗੋਂ ਉਨ੍ਹਾਂ ਵਾਂਗ ਨੱਚ ਕੇ ਵੀ ਦਿਖਾਉਂਦੇ। ਜਦੋਂ 1996 ਵਿਚ ਅਸੀਂ ‘ਹਮ ਦਿਲ ਦੇ ਚੁਕੇ ਸਨਮ’ ਬਣਾਉਣ ਵੇਲ਼ੇ ਫਿਰ ਇਕੱਠੇ ਹੋਏ, ਉਹ 84 ਸਾਲਾਂ ਦੇ ਸਨ ਤੇ ਫਿਰ ਜਦੋਂ 2006 ਵਿਚ ‘ਸਾਂਵਰੀਆ’ ਬਣਾਉਣ ਵੇਲ਼ੇ ਇਕੱਠੇ ਹੋਏ ਤਾਂ ਉਨ੍ਹਾਂ ਦੀ ਉਮਰ 94 ਸਾਲਾਂ ਦੀ ਸੀ। ਇਨ੍ਹਾਂ ਦਸਾਂ ਸਾਲਾਂ ਦੌਰਾਨ ਉਨ੍ਹਾਂ ਦੀ ਸ਼ਖ਼ਸੀਅਤ, ਸ਼ਕਤੀ ਅਤੇ ਯਾਦਾਸ਼ਤ ਵਿਚ ਕੋਈ ਫ਼ਰਕ ਨਹੀਂ ਪਿਆ ਸੀ। ਉਹ ਉਸੇ ਤਰ੍ਹਾਂ ਦਗ-ਦਗ ਕਰਦੇ ਸਨ।”
ਕੁੱਝ ਚਿਰ ਚੁੱਪ ਰਹਿਣ ਮਗਰੋਂ ਭੰਸਾਲੀ ਫਿਰ ਬੋਲੇ, “ਜਦੋਂ ਕਦੇ ਉਹ ਕਿਸੇ ਮੀਟਿੰਗ ਲਈ ਮੈਨੂੰ ਆਪਣੇ ਘਰ ਸੱਦ ਲੈਂਦੇ ਤਾਂ ਮੀਟਿੰਗ ਖ਼ਤਮ ਹੋਣ ਮਗਰੋਂ ਉਹ ਫੌਰਨ ਕਹਿ ਦਿੰਦੇ, ‘ਲੈ ਬਈ ਸੰਜੇ ਮੇਰਾ ਤਾਂ ‘ਵਾਈਨ’ ਦਾ ਵਕਤ ਹੋ ਗਿਆ, ਹੁਣ ਤੂੰ ਚੱਲ!’ ਉਹ ਮਨ ਦੇ ਬੇਹੱਦ ਸਾਫ਼ ਸਨ। ਹਮੇਸ਼ਾ ਆਪਣੇ ਡਾਇਲਾਗ ਯਾਦ ਕਰ ਕੇ ਸੈੱਟ ਉੱਤੇ ਆਉਂਦੇ ਹੁੰਦੇ ਸਨ। ਮੈਂ ਇਹੋ ਜਿਹਾ ਅਦਾਕਾਰ ਨਹੀਂ ਦੇਖਿਆ ਕਦੇ। ਜਦੋਂ ਕੋਈ ਨਾਲ਼ ਦਾ ਐਕਟਰ ਆਪਣਾ ਡਾਇਲਾਗ ਭੁੱਲ ਜਾਂਦਾ ਤਾਂ ਜ਼ੋਹਰਾ ਜੀ ਉਸ ਨੂੰ ਦੱਸ ਦਿੰਦੇ ਕਿ ਅੱਗੇ ਉਸ ਨੇ ਕੀ ਬੋਲਣਾ ਹੈ।
“ਇਕ ਵਾਰ ਜਦੋਂ ਉਹ ‘ਸਾਂਵਰੀਆ’ ਦੀ ਸ਼ੂਟਿੰਗ ਲਈ ਆਏ ਤਾਂ ਉਨ੍ਹਾਂ ਨੇ ਰਣਬੀਰ (ਕਪੂਰ) ਨੂੰ ਸੱਦ ਕੇ ਕਿਹਾ ਕਿ ਉਹ, ਉਸ ਨੂੰ ਕੁੱਝ ਤਸਵੀਰਾਂ ਦਿਖਾਉਣੀਆਂ ਚਾਹੁੰਦੇ ਹਨ,” ਸੰਜੇ ਲੀਲਾ ਭੰਸਾਲੀ ਨੂੰ ਕੋਈ ਹੋਰ ਘਟਨਾ ਯਾਦ ਆ ਗਈ, “ਉਨ੍ਹਾਂ ਤਸਵੀਰਾਂ ਵਿਚ, ਜ਼ੋਹਰਾ ਜੀ ਤੇ ਪ੍ਰਿਥਵੀ ਰਾਜ ਕਪੂਰ ਜੀ ਦੀ ਇਕ ਸਾਂਝੀ ਤਸਵੀਰ ਸੀ। ਉਸ ਵਿਚ ਉਹ ਦੋਵੇਂ ਹੀ ਮੁੱਖ ਕਿਰਦਾਰਾਂ ਦੇ ਭੇਸ ਵਿਚ ਸਨ। ਉਹ ਤਸਵੀਰ ਦਿਖਾ ਕੇ ਉਨ੍ਹਾਂ ਨੇ ਰਣਬੀਰ ਨੂੰ ਕਿਹਾ, ‘ਦੇਖ, ਕਦੇ ਮੈਂ ਤੇਰੇ ਦਾਦਾ ਜੀ ਦੀ ਹੀਰੋਇਨ ਹੁੰਦੀ ਸੀ ਤੇ ਹੁਣ ਤੇਰੇ ਨਾਲ਼ ਕੰਮ ਕਰ ਰਹੀ ਹਾਂ।’ ਇਸ ਕਹਿ ਕੇ ਉਨ੍ਹਾਂ ਨੇ ਰਣਬੀਰ ਦਾ ਮੂੰਹ ਚੁੰਮ ਲਿਆ। ਉਹ ਜਦੋਂ ਵੀ ਸ਼ੂਟਿੰਗ ਲਈ ਆਉਂਦੇ ਤਾਂ ਸਭ ਤੋਂ ਪਹਿਲਾਂ ਮੇਰੀ ਮਾਂ ਦਾ ਹਾਲ-ਚਾਲ ਪੁੱਛਦੇ। ਉਨ੍ਹਾਂ ਦੀ ਇਕ ‘ਸਿਫ਼ਤ’ ਸੀ ਕਿ ਡਾਇਲਾਗ ਯਾਦ ਕਰ ਲੈਣ ਮਗਰੋਂ ਉਹ, ਉਨ੍ਹਾਂ ਵਿਚ ਖੜ੍ਹੇ ਪੈਰ ਅਦਲਾ-ਬਦਲੀ ਨਹੀਂ ਕਰਨ ਦਿੰਦੇ ਸਨ। ਉਨ੍ਹਾਂ ਦੀ ਸਾਫ਼ਗ਼ੋਈ, ਤਿੱਖਾ ਸੁਭਾਅ ਅਤੇ ਚੜ੍ਹਦੀ ਕਲਾ ਵਿਚ ਰਹਿਣਾ ਸਭ ਨੂੰ ਹੈਰਾਨ ਕਰ ਦਿੰਦਾ ਸੀ। ਰੱਬ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਥਾਂ ਦੇਵੇ। ਮੈਂ ਆਖ਼ਰੀ ਸਾਹ ਤਕ ਇਸ ਔਰਤ ਨੂੰ ਭੁਲਾ ਨਹੀਂ ਸਕਾਂਗਾ।” 
ਜ਼ੋਹਰਾ ਸਹਿਗਲ ਦਾ ਕਫ਼ਨ-ਦਫ਼ਨ ਲੋਧੀ ਰੋਡ ਉੱਤੇ ‘ਦਯਾਨੰਦ ਮੁਕਤੀ ਧਾਮ ਕਰੀਮੇਟੋਰੀਅਮ ਗਰਾਊਂਡ ਐਂਡ ਇਲੈਕਟਰਿਕ ਕਰੀਮੇਟੋਰੀਅਮ’ ਵਿਚ ਕੀਤਾ ਗਿਆ। ਉਨ੍ਹਾਂ ਦੀਆਂ ਅੰਤਮ ਰਸਮਾਂ ਉਨ੍ਹਾਂ ਦੇ ਪੁੱਤਰ ਪਵਨ ਸਹਿਗਲ ਨੇ ਨਿਭਾਈਆਂ ਜਦੋਂ ਕਿ ਉਨ੍ਹਾਂ ਦੀ ਧੀ ਕਿਰਨ ਸਹਿਗਲ ਵੀ ਹਾਜ਼ਰ ਸੀ। ਕਹਿੰਦੇ ਹਨ ਕਿ ਜ਼ੋਹਰਾ ਦੀ ਇੱਛਾ ਸੀ ਕਿ ਉਸ ਦਾ ਅੰਤਮ ਸੰਸਕਾਰ ‘ਇਲੈਕਟਰਿਕ ਕਰੀਮੇਟੋਰੀਅਮ’ ਵਿਚ ਕੀਤਾ ਜਾਵੇ, ਪਰ ਉਸ ਵਿਚ ਨੁਕਸ ਪੈਣ ਕਰ ਕੇ ਅੰਤਮ ਸੰਸਕਾਰ ਰਵਾਇਤੀ ਢੰਗ ਨਾਲ਼ ਹੀ ਕਰਨਾ ਪਿਆ।
ਜਦੋਂ ਉਸ ਦੀ ਚਿਤਾ ਨੂੰ ਲਾਂਬੂ ਲਾ ਦਿੱਤਾ ਗਿਆ ਤਾਂ ਲੋਕਾਂ ਦੀ ਭੀੜ ਵਿਚੋਂ ਇਕ ਜ਼ਨਾਨਾ ਅਵਾਜ਼ ਗੂੰਜੀ, “ਜ਼ੋਹਰਾ ਆਪਾ-ਲਾਲ ਸਲਾਮ! ਅਮਰ ਰਹੇ ਜ਼ੋਹਰਾ ਆਪਾ!!” ਬਹੁਤ ਸਾਰੇ ਲੋਕਾਂ ਨੇ ਇਸ ਅਵਾਜ਼ ਨਾਲ਼ ਆਪਣੀ ਅਵਾਜ਼ ਰਲ਼ਾਈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਜੋ ਕੇਰਲਾ ਦੇ ਗਵਰਨਰ ਹਨ, ਸਭ ਤੋਂ ਪਹਿਲ਼ਾਂ ਆਉਣ ਵਾਲ਼ਿਆਂ ਵਿਚੋਂ ਸਨ। ਜ਼ੋਹਰਾ ਸਹਿਗਲ ਨੂੰ ਦਾਗ਼ ਦੇਣ ਮੌਕੇ, ਫ਼ਿਲਮ ਜਗਤ ਵਿਚੋਂ ਲੇਖਕ-ਸ਼ਾਇਰ ਜਾਵੇਦ ਅਖ਼ਤਰ, ਉਨ੍ਹਾਂ ਦੀ ਅਦਾਕਾਰਾ ਪਤਨੀ ਸ਼ਬਾਨਾ ਆਜ਼ਮੀ, ਐੱਮ. ਕੇ. ਰੈਣਾ, ਰੌਸ਼ਨ ਸੇਠ ਦੇ ਨਾਲ਼-ਨਾਲ਼ ਪ੍ਰਸਾਰ ਭਾਰਤੀ ਦੇ ਮੁਖੀ ਜਵਾਹਰ ਸਿਰਕਾਰ ਵੀ ਮੌਜੂਦ ਸਨ। ਓਦਾਂ ਕੁੱਲ ਮਿਲਾ ਕੇ ਸੌ ਕੁ ਵਿਅਕਤੀ ਹੀ ਦਿਸਦੇ ਸਨ। ਹਰ ਵੇਲ਼ੇ ਲਤੀਫ਼ੇ ਸੁਣਾਉਣ ਵਾਲ਼ੀ ਇਸ ਮਹਾਨ ਤੇ ਮਖ਼ੌਲੀਆ ਅਦਾਕਾਰਾ ਨਾਲ਼ ਇਸ ਜਹਾਨ ਨੇ ਆਖ਼ਰੀ ਮਖ਼ੌਲ ਵੀ ਚੱਜ ਨਾਲ਼ ਨਾ ਕੀਤਾ ਕਿਉਂ ਕਿ ‘ਚੀਨੀ ਕਮ’ ਵਿਚ ਜ਼ੋਹਰਾ ਦਾ ਪੁੱਤ ਬਣੇ ਅਮਿਤਾਭ ਬੱਚਨ ਲਈ ਵੀ ਇਸ ਮੌਕੇ ‘ਦਿੱਲੀ ਦੂਰ’ ਹੀ ਰਹੀ।#                                                                   
E-mail : bababax@gmail.com  Cell Phone: +91-950-175-9494
ਕਦੇ ਜ਼ੋਹਰਾ ਸਹਿਗਲ ਏਦਾਂ ਦੀ ਵੀ ਹੁੰਦੀ ਸੀ (ਖੱਬੇ), ਫ਼ਿਲਮ ‘ਚੀਨੀ ਕਮ’ ਵਿਚ ਅਮਿਤਾਭ ਬੱਚਨ ਨਾਲ਼ (ਵਿਚਕਾਰ ਉੱਪਰ ਖੱਬੇ), ‘ਪਦਮਸ਼੍ਰੀ’ਦਾ ਖ਼ਿਤਾਬ ਮਿਲਣ ਸਮੇਂ (ਵਿਚਕਾਰ ਹੇਠਾਂ ਖੱਬੇ), ਸੌਵਾਂ ਜਨਮ ਦਿਨ ਮਨਾਉਣ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਤਨੀ ਅਤੇ ਹੋਰ ਮਹਿਮਾਨਾਂ ਨਾਲ਼ (ਵਿਚਕਾਰ ਉੱਪਰ ਸੱਜੇ), ਸੌਵੇਂ ਜਨਮ ਦਿਨ ਦਾ ਕੇਕ ਕੱਟਣ ਵੇਲ਼ੇ ਮਖ਼ੌਲੀਆ ਅਦਾਕਾਰੀ ਕਰਦੇ ਹੋਏ (ਵਿਚਕਾਰ ਹੇਠਾਂ ਸੱਜੇ) ਅਤੇ ਅੰਤਮ ਸੰਸਕਾਰ ਵੇਲ਼ੇ ਦੀ ਇਕ ਝਲਕ (ਸੱਜੇ)