ਸਿਰੇ ’ਤੇ ਗੰਢ

ਨਸ਼ਤਰਾਂ ਨੂੰ ਹਥਿਆਰਾਂ ਵਾਂਗ ਵਰਤਣ ਵਾਲ਼ੇ
 ਇਹ ਡਾਕਟਰ ਹਨ ਕਿ ਡਾਕੂ?
ਬਖ਼ਸ਼ਿੰਦਰ
ਕੋਈ ਜ਼ਮਾਨਾ ਸੀ ਜਦੋਂ ਕੋਈ ਵਿਅਕਤੀ, ਕਿਸੇ ਡਾਕਟਰ ਕੋਲ਼ ਆਪਣਾ ਮਨ ਹੌਲ਼ਾ ਕਰ ਲੈਂਦਾ ਸੀ ਕਿਉਂ ਕਿ ਉਦੋਂ ਡਾਕਟਰੀ ਪੇਸ਼ਾ ਜਾਂ ਧੰਦਾ ਨਹੀਂ, ਸਗੋਂ ਇਕ ਪਵਿੱਤਰ ਮਿਸ਼ਨ ਸਮਝੀ ਜਾਂਦੀ ਸੀ। ਕਈ ਮਰੀਜ਼ ਗੁਪਤ ਜਾਂ ਜਿਨਸੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਸਨ, ਪਰ ਉਨ੍ਹਾਂ ਦੇ ਇਹ ਭੇਤ ਡਾਕਟਰਾਂ ਦੀਆਂ ਹਿੱਕਾਂ ਵਿਚ ਸੁਰੱਖਿਅਤ ਰਹਿੰਦੇ ਸਨ। ਉਨ੍ਹਾਂ ਮਰੀਜ਼ਾਂ ਦੇ ਤੰਦਰੁਸਤ ਹੋ ਜਾਣ ਤੋਂ ਪਹਿਲਾਂ ਉਨ੍ਹਾਂ ਦੇ, ਕਿਸੇ ਗੁਪਤ ਮਰਜ਼ ਦੇ ਸ਼ਿਕਾਰ ਹੋਣ ਦੀ ਭਿਣਕ ਤਕ ਕਿਸੇ ਨੂੰ ਨਹੀਂ ਪੈਂਦੀ ਸੀ ਕਿਉਂ ਕਿ ਡਾਕਟਰ ਰੱਬ ਦਾ ਰੂਪ ਸਮਝੇ ਜਾਂਦੇ ਸਨ। ਸਮਝੇ ਕੀ ਜਾਂਦੇ ਸਨ, ਉਦੋਂ ਡਾਕਟਰ ਹੁੰਦੇ ਹੀ ਰੱਬ ਦਾ ਰੂਪ ਹੁੰਦੇ ਸਨ। ਉਦੋਂ ਲੋਕ, ਦੌਲਤਮੰਦ ਹੋਣ ਲਈ ਡਾਕਟਰ ਨਹੀਂ ਬਣਦੇ ਸਨ, ਸਗੋਂ ਲੋਕ-ਸੇਵਾ ਹੀ ਡਾਕਟਰ ਬਣਨ ਦਾ ਮੁੱਖ ਮੰਤਵ ਹੁੰਦੀ ਸੀ।
ਕੁੱਝ ਅਰਸੇ ਤੋਂ ਡਾਕਟਰੀ ਪੇਸ਼ੇ ਵੱਲੋਂ ਕੁੱਝ ਇਸ ਤਰ੍ਹਾਂ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ ਕਿ ਕੋਈ ਇੱਜ਼ਤਦਾਰ ਮਰਦ ਜਾਂ ਔਰਤ, ਕਿਸੇ ਡਾਕਟਰ ਕੋਲ ਜਾਣ ਤੋਂ ਪਹਿਲਾਂ ਸੌ ਤੋਂ ਵੀ ਵੱਧ ਵਾਰ ਸੋਚਦਾ ਹੈ। ਹੁਣ ਹਸਪਤਾਲਾਂ ਵਿਚ ਡਾਕਟਰਾਂ ਵੱਲੋਂ ਆਪਣੇ ਇਲਾਜ ਅਧੀਨ ਔਰਤਾਂ ਨਾਲ਼ ਜਿਨਸੀ ਸਲੂਕ ਕਰਨ ਦੀਆਂ ਹੀ ਨਹੀਂ, ਉਨ੍ਹਾਂ ਦੀ ਪੱਤ ਤਕ ਲੁੱਟਣ ਤੇ ਰੋਲ਼ਣ ਦੀਆਂ ਖ਼ਬਰਾਂ ਵੀ ਆਮ ਹੀ ਆਉਂਦੀਆਂ ਰਹਿੰਦੀਆਂ ਹਨ। ਡਾਕਟਰਾਂ ਵੱਲੋਂ ਸਰਜਰੀ ਕਰਨ ਵੇਲ਼ੇ, ਮਰੀਜ਼ਾਂ ਦੀ ਬੇਹੋਸ਼ੀ ਦਾ ਨਜਾਇਜ਼ ਫ਼ਾਇਦਾ ਉਠਾ ਕੇ, ਉਨ੍ਹਾਂ ਦੇ ਗੁਰਦੇ ਵਗ਼ੈਰਾ ਕੱਢ ਕੇ ਵੇਚ ਦੇਣ ਦੀਆਂ ਖ਼ਬਰਾਂ ਵੀ ਲੋਕ ਪੜ੍ਹ ਚੁੱਕੇ ਹਨ। ਭਰੂਣ ਨਾਸ ਕਰ ਕੇ ਇਕ ਹਸਪਤਾਲ ਨੇੜੇ ਦਾ ਖ਼ੂਹ ਭਰ ਦੇਣ ਦੀ ਖ਼ਬਰ ਕਿਸ ਨੂੰ ਭੁੱਲਣੀ ਹੈ ਭਲਾ?
ਇਸ ਦੇ ਨਾਲ਼ ਹੀ ਇਹ ਗੱਲ ਵੀ ਲਾਜ਼ਮੀ ਕਹਿਣੀ ਤੇ ਸਮਝਣੀ ਪਵੇਗੀ ਕਿ ਸਾਰੇ ਡਾਕਟਰ ਇਹੋ ਜਿਹੇ ਨਹੀਂ ਹਨ। ਕਾਲ਼ੀਆਂ ਭੇਡਾਂ ਹਰ ਧੰਦੇ, ਹਰ ਪੇਸ਼ੇ ਵਿਚ ਹੁੰਦੀਆਂ ਹਨ। ਇਸ ਧੰਦੇ ਦੀ ਪਾਕੀਜ਼ਗ਼ੀ ਤੇ ਇਮਾਨਦਾਰੀ ਬਰਕਰਾਰ ਰੱਖਣ ਵਾਲ਼ੇ  ਵੀ ਇਸ ਧਰਤੀ ਉੱਤੇ ਮੌਜੂਦ ਹਨ, ਜਿਸ ਨਾਲ਼ ਡਾਕਟਰ ਤੇ ਡਾਕੂ ਵਿਚਲਾ ਫ਼ਰਕ ਹਾਲੇ ਵੀ ਬਰਕਰਾਰ ਹੈ। ਇਸ ਸਭ ਕੁੱਝ ਦੇ ਬਾਵਜੂਦ ਇਸ ਧੰਦੇ ਦੇ ਸਬੰਧ ਵਿਚ ‘ਸ਼ੱਕ’ ਦੀ ਧਾਰਨਾ ਵੀ ਬਰਕਰਾਰ ਹੈ। ਇਹ ਗੱਲ ਤਾਂ ਹੁਣ ਆਮ ਹੀ ਸੁਣੀ ਜਾ ਸਕਦੀ ਹੈ ਕਿ ਫਲਾਣਾ ਡਾਕਟਰ ਆਪਣੇ ਤਕਰੀਬਨ ਹਰ ਮਰੀਜ਼ ਨੂੰ ਇਕ-ਦੋ ਟੈਸਟ ਕਰਾਉਣ ਲਈ ਕਿਸੇ ਖ਼ਾਸ ‘ਲੈਬ’ ਵਿਚ ਲਾਜ਼ਮੀ ਭੇਜਦਾ ਹੈ ਤੇ ਹਰ ਮਰੀਜ਼ ਨੂੰ ਉਸੇ ‘ਖ਼ਾਸ ਲੈਬ’ ਵਿਚ ਹੀ ਭੇਜਿਆ ਜਾਂਦਾ ਹੈ। ਦੂਜੇ ਸ਼ਬਦਾਂ ਵਿਚ, ਤਕਰੀਬਨ ਹਰ ਡਾਕਟਰ ਨੇ ਕਿਸੇ ਨਾ ਕਿਸੇ ‘ਲੈਬਾਰਟਰੀ’ ਵਾਲ਼ੇ ਨਾਲ਼ ਗੰਢ-ਤੁੱਪ ਕੀਤੀ ਹੁੰਦੀ ਹੈ ਕਿ ਉਹ ਆਪਣੀ ਪਰਚੀ ਦੇ ਕੇ ਜਿਹੜੇ ਵੀ ਮਰੀਜ਼ ਨੂੰ ਉਸ ਲੈਬ ਵਿਚ ਭੇਜੇਗਾ, ਉਸ ਤੋਂ ਟੈਸਟ ਕਰਨ ਬਦਲੇ ਲਈ ਗਈ ਫੀਸ ਵਿਚੋਂ, ਉਸ ਨੂੰ ਭੇਜਣ ਵਾਲ਼ੇ ਡਾਕਟਰ ਦਾ ਹਿੱਸਾ ਰੱਖ ਲਿਆ ਜਾਵੇ। ਲੈਬ ਦੇ ਮਾਲਕ/ ਇੰਚਾਰਜ ਵੱਲੋਂ, ਕਿਸੇ ਡਾਕਟਰ ਦੇ ਮਰੀਜ਼ਾਂ ਹੱਥੀਂ ਆਈਆਂ ਪਰਚੀਆਂ ਦਾ ਹਿਸਾਬ ਕਰ ਕੇ, ਆਪਣੀਆਂ ਪਰਚੀਆਂ ਦੇ ਕੇ ਮਰੀਜ਼ ਭੇਜਣ ਵਾਲ਼ੇ ਉਸ ਡਾਕਟਰ ਦਾ ਹਿੱਸਾ, ਉਸ ਨੂੰ ਪਹੁੰਚਾ ਦਿੱਤਾ ਜਾਂਦਾ ਹੈ।
ਇਸ ਸਬੰਧ ਵਿਚ ਇਕ ਛੋਟਾ ਜਿਹੀ ਹੱਡ-ਬੀਤੀ ਕੁੱਝ ਇਸ ਤਰ੍ਹਾਂ ਹੈ। ਜਲੰਧਰ ਵਿਚ ਸਾਡੇ ਘਰ ਦੇ ਕੋਲ ਹੀ ਕਲਿਨਿਕ ਚਲਾਉਂਦਾ ਇਕ ਡਾਕਟਰ, ਇਕ ਤਰ੍ਹਾਂ ਨਾਲ਼ ਸਾਡਾ ‘ਫੈਮਲੀ ਡਾਕਟਰ’ ਜਿਹਾ ਹੀ ਬਣਿਆ ਹੋਇਆ ਸੀ। ਜਦੋਂ ਕਦੇ ਘਰ ਦਾ ਕੋਈ ਜੀਅ ਢਿੱਲਾ-ਮੱਠਾ ਹੋਣਾ ਤਾਂ ਡਾਕਟਰ ਸਾਹਿਬ ਨੇ ਇਕ ਸਾਦੇ ਜਿਹੇ ਕਾਗ਼ਜ਼ ਉੱਤੇ ਆਪਣੀ ਮੋਹਰ ਲਾ ਕੇ, ਕੋਈ ਨਾ ਕੋਈ ਟੈਸਟ ਕਰਾਉਣ ਦੀ ਪਰਚੀ ਬਣਾ ਕੇ ਸਾਨੂੰ ਇਕ ‘ਖ਼ਾਸ ਲੈਬ’ ਵੱਲ ਭੇਜ ਦੇਣਾ। ਉਸ ਲੈਬ ਦੀ ਮਾਲਕਣ ਜਾਂ ਇੰਚਾਰਜ ਨੂੰ ਉਹ ਸਾਦਾ ਜਿਹੀਆਂ ਪਰਚੀਆਂ ਆਪਣੀ ਹੇਠੀ ਕਰਦੀਆਂ ਲੱਗੀਆਂ। ਉਸ ਨੇ ਸਾਡੇ ਮਰੀਜ਼ ਦੇ ਬਲੱਡ ਦਾ ਸੈਂਪਲ ਲੈਣ ਤੋਂ ਪਹਿਲਾਂ ਹੀ ਆਪਣੀ ਲੈਬ ਦਾ ਛਪਿਆ ਹੋਇਆ ਇਕ ਪੈਡ ਸਾਨੂੰ ਫੜਾਉਂਦਿਆਂ ਕਿਹਾ, “ਟੈਸਟ ਕਰਾ ਕੇ, ਟੈਸਟ ਦੀ ਰਿਪੋਰਟ ਦੇ ਨਾਲ਼ ਹੀ ਆਹ ਪੈਡ ਵੀ ਡਾਕਟਰ ਸਾਹਿਬ ਨੂੰ ਦੇ ਦੇਣਾ ਤੇ ਕਹਿਣਾ ਕਿ ਅਗਲੀ ਵਾਰ ਟੈਸਟ ਦੀ ਪਰਚੀ/ ਪਰਚਾ ਇਸ ਪੈਡ ’ਤੇ ਹੀ ਬਣਾ ਕੇ ਭੇਜਣ। ਇਸ ਗੱਲ ਦੀ ਹੋਰ ਬਹੁਤੀ ਵਿਆਖਿਆ ਕਰਨ ਦੀ ਲੋੜ ਨਹੀਂ ਹੈ ਸ਼ਾਇਦ।     
ਹਾਲ ਹੀ ਵਿਚ ਸਾਡੇ ਭਾਰਤ ਮਹਾਨ ਦੇ ਬਹੁਤ ਹੀ ਪ੍ਰਸਿੱਧ ਡਾਕਟਰਾਂ ਨੇ ਇਕਸੁਰ ਅਵਾਜ਼ ਵਿਚ ਇਹ ਕਿਹਾ ਹੈ ਕਿ ‘ਸਿਹਤ ਸਬੰਧੀ ਤਾਣੇ-ਬਾਣੇ ਦੇ ਹਰ ਅੰਗ ਨੂੰ ਤੇਜ਼ ਕਰਨ ਖ਼ਾਤਰ ‘ਤੇਲ ਦੇਣ ਲਈ’ ਵੱਢੀ ਜਾਂ ਰਿਸ਼ਵਤ ਦੇਣ ਦੇ ਮਾਮਲੇ ਵਿਚ ਡਾਕਟਰ ਅਹਿਮ ਕਿਰਦਾਰ ਨਿਭਾਉਂਦੇ ਹਨ।’ ਇਸ ਤਰਜ਼ ਦੀ ਇਕ ਬਹਿਸ, ‘ਬ੍ਰਿਟਿਸ਼ ਮੈਡੀਕਲ ਜਰਨਲ’ ਵਿਚ ਛਪੇ ਇਕ ਲੇਖ ਤੋਂ ਭਖੀ ਹੋਈ ਹੈ। ਕੁੱਝ ਅਰਸਾ ਪਹਿਲਾਂ ਛਪੇ ਇਸ ਲੇਖ ਵਿਚ ਭਾਰਤੀ ਡਾਕਟਰੀ ਸਿਸਟਮ ਅਤੇ ਉਸ ਨਾਲ਼ ਸਬੰਧਤ ਹੋਰ ਕਾਰਗ਼ੁਜ਼ਾਰੀ ਵਿਚ ਭ੍ਰਿਸ਼ਟਾਚਾਰ ਫੈਲੇ ਹੋਣ ਦਾ ਖੁਲਾਸਾ ਕੀਤਾ ਹੋਇਆ ਹੈ। ਇਸ ਤੋਂ ਮਗਰੋਂ ਇਸੇ ਹੀ ਪਰਚੇ ਦੇ ਇਕ ਹੋਰ ਅੰਕ ਦੀ ਸੰਪਾਦਕੀ ਟਿੱਪਣੀ ਵਿਚ, ਭਾਰਤ ਦੇ ਇਕ ਬਹੁਤ ਹੀ ਉੱਘੇ ‘ਗੈਸਟਰੋਐਂਟਰੋਲੋਜਿਸਟ’ ਡਾਕਟਰ ਸਮੀਰਨ ਨੰਦੀ ਨੇ ਵੀ ਇਹੋ ਮਾਮਲਾ ਉਠਾਇਆ ਹੋਇਆ ਹੈ। ਸਰ ਗੰਗਾ ਰਾਮ ਹਸਪਤਾਲ ਦੇ ‘ਸਰਜੀਕਲ ਗੈਸਟਰੋਐਂਟਰੋਲੋਜੀ ਐਂਡ ਟਰਾਂਸਪਲਾਂਟੇਸ਼ਨ’ ਵਿਭਾਗ ਦੇ ਮੁਖੀ ਡਾ. ਨੰਦੀ ਦਾ ਕਹਿਣ ਹੈ ਕਿ ਭਾਰਤ ਦੇ ਸਮੁੱਚੇ ਸਿਹਤ ਸੰਭਾਲ ਸਿਸਟਮ ਵਿਚ ਭ੍ਰਿਸ਼ਟਚਾਰ ਫੈਲੇ ਹੋਣ ਦਾ ਆਲਮ ਇਹ ਹੈ ਕਿ ਮੈਡੀਕਲ ਕਾਲਜਾਂ ਵਿਚ ਦਾਖਲਾ ਦੇਣ ਲਈ ਮੋਟੀਆਂ ਰਕਮਾਂ ‘ਕੈਪੀਟੇਸ਼ਨ ਫੀਸ’ ਜਾਂ ‘ਦਾਨ’/ ‘ਚੰਦੇ’ ਦੇ ਰੂਪ ਵਿਚ ਲੈਣ-ਦੇਣ ਦਾ ਰਿਵਾਜ ਆਮ ਹੀ ਹੈ।
‘ਕੋਰੱਪਸ਼ਨ ਇਨ ਇੰਡੀਅਨ ਮੈਡੀਸਿਨ’ (ਭਾਰਤੀ ਇਲਾਜ ਪ੍ਰਣਾਲੀ ਵਿਚ ਭ੍ਰਿਸ਼ਟਾਚਾਰ) ਸਿਰਲੇਖ ਹੇਠ ਕੀਤੀ ਹੋਈ ਇਹ ਸੰਪਾਦਕੀ ਟਿੱਪਣੀ ਉਸ ਵੇਲ਼ੇ ਸਾਹਮਣੇ ਆਈ ਹੈ, ਜਦੋਂ  ‘ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ, ਮੁੰਬਈ’ ਨੇ ਮਹਾਰਾਸ਼ਟਰ ਮੈਡੀਕਲ ਕੌਂਸਲ ਨੂੰ ਲਿਖੀ ਗਈ ਇਕ ਚਿੱਠੀ ਵਿਚ ਇਹ ਗੱਲ ਮੰਨੀ ਹੋਈ ਹੈ ਕਿ ਇਸ ਹਸਪਤਾਲ ਵੱਲੋਂ ਉਨ੍ਹਾਂ ‘ਡਾਕਟਰਾਂ ਨੂੰ ਮੋਟਾ ਉਤਸ਼ਾਹ’ ਦਿੱਤਾ ਜਾਂਦਾ ਹੈ, ਜੋ ਆਪਣੇ ਮਰੀਜ਼ਾਂ ਨੂੰ ਇਲਾਜ ਖ਼ਾਤਰ ਇਸ ਹਸਪਤਾਲ ਵਿਚ ‘ਰੈਫਰ ਕਰਦੇ’ (ਭੇਜਦੇ) ਹਨ। ਇਸ ਸਬੰਧ ਵਿਚ ਸਭ ਤੋਂ ਪਹਿਲਾਂ ਇਕ ਖ਼ਬਰ ‘ਟਾਈਮਜ਼ ਆਫ਼ ਇੰਡੀਆ’ ਨੇ ਛਾਪੀ ਸੀ ਤੇ ਫਿਰ ਮਹੀਨੇ ਕੁ ਮਗਰੋਂ ਇਸ ਤੋਂ ਅਗਲੇ ਵੇਰਵੇ ਸਹਿਤ ਇਕ ਹੋਰ ਖ਼ਬਰ ਛਾਪੀ ਸੀ।
ਉਸ ਵੇਲ਼ੇ ਮਹਾਰਾਸ਼ਟਰ ਮੈਡੀਕਲ ਕੌਂਸਲ ਕੋਲ ਇਕ ਸ਼ਿਕਾਇਤ ਆਈ ਸੀ ਕਿ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ, ਮੁੰਬਈ ਵੱਲੋਂ ਬਹੁਤ ਸਾਰੇ ਡਾਕਟਰਾਂ ਨੂੰ ਇਕ ਖ਼ਾਸ ਤਰ੍ਹਾਂ ਦਾ ਫਾਰਮ ਭੇਜ ਕੇ ਇਹ ਹਦਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਕਿ ਉਹ, ਉਹ ਫਾਰਮ ਭਰ ਕੇ ਇਕ ਇਹੋ ਜਿਹੀ ਸੰਸਥਾ ਦੇ ਮੈਂਬਰ ਬਣਨ, ਜੋ ਇਸ ਹਸਪਤਾਲ ਵਿਚ, ਹਰ ਸਾਲ 40 ਮਰੀਜ਼ ਦਾਖਲ ਕਰਾਉਣ ਵਾਲ਼ੇ ਡਾਕਟਰ ਨੂੰ ਇਕ ਲੱਖ ਰੁਪਏ ਅਤੇ 75 ਮਰੀਜ਼ ਭੇਜਣ ਵਾਲ਼ੇ ਡਾਕਟਰ ਨੂੰ ਢਾਈ ਲੱਖ ਰੁਪਏ ਦੇਣ ਦਾ ਵਾਅਦਾ ਕਰਦਾ ਹੁੰਦੀ ਸੀ।
ਜਿਸ ਲੇਖ ਦੇ ਜੁਆਬ ਵਿਚ ਡਾ. ਨੰਦੀ ਨੇ ਇਹ ਜੁਆਬੀ ਲੇਖ ਲਿਖਿਆ ਸੀ, ਉਹ ਆਸਟਰੇਲੀਆ ਦੇ ਡਾਕਟਰ ਡੇਵਿਡ ਬਰਗਰ, ਜਿਨ੍ਹਾਂ ਨੇ ਹਿਮਾਲਿਆਈ ਇਲਾਕੇ ਦੇ ਇਕ ਛੋਟੇ ਜਿਹੇ ਚੈਰੀਟੇਬਲ ਹਸਪਤਾਲ ਵਿਚ ਨਿਸ਼ਕਾਮ ਸੇਵਾ ਕੀਤੀ ਹੋਈ ਸੀ, ਨੇ ਲਿਖਿਆ ਹੋਇਆ ਸੀ। ਉਨ੍ਹਾਂ ਨੇ ਆਪਣੇ ਲੇਖ ਵਿਚ ਇਸ ਗੱਲ ਦਾ ਹਵਾਲਾ ਦਿੱਤਾ ਸੀ ਕਿ ਕਿੱਦਾਂ ਕਿਸੇ ਪ੍ਰਾਈਵੇਟ ਹਾਰਟ ਕਲਿਨਿਕ ਵਿਚ ਕਿਸੇ ਨੂੰ ‘ਇਲੈਕਟਰੋਕਾਰਡੀਓਗ੍ਰਾਫ਼' (ਈਸੀਜੀ) ਜਾਂ ਕੋਈ ਹੋਰ ਟੈਸਟ ਕਰਾਉਣ ਲਈ ਭੇਜਣ ਵਾਲ਼ੇ ਡਾਕਟਰ ਨੂੰ ਕੁੱਲ ਫੀਸ ਵਿਚੋਂ 10 ਜਾਂ 15 ਫੀ ਸਦੀ ਹਿੱਸਾ ਦਿੱਤਾ ਜਾਂਦਾ ਹੈ।     
ਡਾ. ਬਰਗਰ ਲਿਖਦੇ ਹਨ, “ਮੈਂ ਦੇਖਿਆ ਕਿ ਇਕ ਮਰੀਜ਼, ਜਿਸ ਨੂੰ ਦਿਲ ਦੀ ਕੋਈ ਬਿਮਾਰੀ ਜਾਂ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਹੋਣ ਦੀ ਕੋਈ ਸ਼ਿਕਾਇਤ ਹੋਈ ਨਹੀਂ ਦਿਸਦੀ ਸੀ, ਨੂੰ ਕਿੱਦਾਂ ਦਿਲ ਦਾ ਇਕ ਡਾਕਟਰ ਹਰ ਤਿੰਨੀਂ ਮਹੀਨੀਂ ‘ਇਲੈਕਟਰੋਕਾਰਡੀਓਗ੍ਰਾਫ਼' (ਈਸੀਜੀ) ਕਰਾਉਣ ਭੇਜਦਾ ਰਿਹਾ ਸੀ ਜਦੋਂ ਕਿ ਇਸ ਦੀ ਕੋਈ ਲੋੜ ਹੀ ਨਹੀਂ ਸੀ।”
ਡਾ. ਨੰਦੀ ਲਿਖਦੇ ਹਨ, “ਸਾਡੇ ਬਹੁਤ ਸਾਰੇ ‘ਫਾਈਵ-ਸਟਾਰ ਕਾਰਪੋਰੇਟ ਹਸਪਤਾਲਾਂ ਵਿਚ, ਜਿੱਥੇ ਉਸ ਦੇ ਭਾਈਵਾਲਾਂ ਲਈ ਮੋਟਾ ਮੁਨਾਫ਼ਾ ਕਮਾਉਣਾ ਹੀ ਸਭ ਤੋਂ ਮੁੱਖ ਉਦੇਸ਼ ਦਿਸਦਾ ਹੁੰਦਾ ਹੈ, ਮਰੀਜ਼ਾਂ ਨੂੰ ਲਗਾਤਾਰ ਭੇਜਦੇ ਰਹਿਣ ਵਾਲ਼ੇ ਡਾਕਟਰਾਂ ਨੂੰ ਕਥਿਤ ਰੂਪ ਵਿਚ ‘ਖ਼ਰਚਾ-ਵਰਚਾ’ ਜਾਂ ਬਿਮਾਰੀ ਦੇ ਮੁਆਇਨੇ ਵਿਚ ਮਦਦ ਕਰਨ ਬਦਲੇ ‘ਫੀਸ’ ਦੇਣ ਦਾ ਇਕ ਸੰਸਥਾਗਤ ਰਿਵਾਜ ਪਿਆ ਹੋਇਆ ਹੈ। ਜੇ ਭੇਜਿਆ ਜਾਣ ਵਾਲ਼ਾ ਮਰੀਜ਼ ਅੰਦਰੂਨੀ ਅੰਗ ਬਦਲਣ ਨਾਲ਼ ਸਬੰਧਤ ਹੋਵੇ ਤਾਂ ਇਹ ਰਕਮ ਇਕ-ਦੋ ਲੱਖ ਰੁਪਏ ਤਕ ਵੀ ਹੋ ਜਾਂਦੀ ਹੈ।” ਉਨ੍ਹਾਂ ਦਾ ਇਹ ਵੀ ਕਹਿਣ ਹੈ ਕਿ ਹਸਪਤਾਲਾਂ ਦੇ ਵਿੱਤੀ ਅਧਿਕਾਰੀਆਂ ਨੇ ਆਪਣੇ ਹਸਪਤਾਲਾਂ ਵਿਚ ਕੰਮ ਕਰਦੇ ਡਾਕਟਰਾਂ ਨੂੰ ਬੁਲਾ-ਬੁਲਾ ਕੇ ਪੁੱਛਿਆ ਸੀ ਕਿ ਕੀ ਉਹ ਸਮਝਦੇ ਹਨ ਕਿ ਉਹ, ਉਸ ਹਾਲਤ ਵਿਚ ਤਨਖ਼ਾਹਾਂ ਲੈਣ ਦੇ ਹੱਕਦਾਰ ਹਨ, ਜਦੋਂ ਟੈਸਟਾਂ/ ਮੁਆਇਨਿਆਂ ਤੋਂ ਹਸਪਤਾਲਾਂ ਨੂੰ ਹੁੰਦੀ ਆਮਦਨ, ਮਿੱਥੇ ਹੋਏ ਨਿਸ਼ਾਨੇ ਤੋਂ ਕਿਤੇ ਘੱਟ ਹੈ। ਡਾ. ਨੰਦੀ ਦੇ ਕਹਿਣ ਅਨੁਸਾਰ, ਇਸ ਲਈ ਹੀ ਇਨ੍ਹਾਂ ਹਸਪਤਾਲਾਂ ਵਾਲ਼ਿਆਂ ਨੂੰ ਬੇਲੋੜੇ ਟੈਸਟ/ ਮੁਆਇਨੇ ਕਰਨ ਦਾ ਲਾਲਚ ਰਹਿੰਦਾ ਹੈ ਤੇ ਹਸਪਤਾਲ ਦੀ ਆਮਦਨ, ਜਿਸ ਵਿਚੋਂ ਡਾਕਟਰਾਂ ਨੂੰ ਮੋਟੀਆਂ ਤਨਖ਼ਾਹਾਂ ਦਿੱਤੀਆਂ ਜਾਣੀਆਂ ਹੁੰਦੀਆਂ ਹਨ, ਵਧਾਉਣੀ ਪੈਂਦੀ ਹੈ। ਇਕ ਤਰ੍ਹਾਂ, ਇਨ੍ਹਾਂ ਹਸਪਤਾਲਾਂ ਵਿਚ ਕੰਮ ਕਰਦੇ ਡਾਕਟਰਾਂ ਨੂੰ ਇਨ੍ਹਾਂ ‘ਨਜਾਇਜ਼ ਟੈਸਟਾਂ/ ਮੁਆਨਿਆਂ’ ਰਾਹੀਂ ਆਪਣੀ ਤਨਖ਼ਾਹ ਹੀ ਨਹੀਂ ‘ਕਮਾਉਣੀ’ ਪੈਂਦੀ, ਸਗੋਂ ਹਸਪਤਾਲ ਦੀ ਆਮਦਨ ਵੀ ਵਧਾਉਣੀ ਪੈਂਦੀ ਹੈ।
ਅਪੋਲੋ ਹਸਪਤਾਲ, ਚੇਨੇਈ ਦੇ ਚੀਫ ਨੈਫਰੋਲੋਜਿਸਟ ਡਾ. ਐੱਮ. ਕੇ. ਮਾਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਾਕਟਰਾਂ  ਵੱਲੋਂ ਮਹਿੰਗੇ ਆਪਰੇਸ਼ਨਾਂ ਜਾਂ ਟੈਸਟਾਂ/ ਮੁਆਇਨਿਆਂ ਰਾਹੀਂ ਰਕਮਾਂ ਭੋਟਣ ਦਾ ਕੰਮ ਬਹੁਤ ਹੀ ਖੁੱਲ੍ਹੇ ਆਮ ਹੋ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ, “ਜੇ ਕੋਈ ਡਾਕਟਰ ਇਸ ਤਰ੍ਹਾਂ ਰਕਮਾਂ ਭੋਟਣ ਤੋਂ ਜਾਂ ਉਨ੍ਹਾਂ ਵਿਚੋਂ ਹਿੱਸਾ ਲੈਣ ਤੋਂ ਇਨਕਾਰ ਕਰ ਦੇਵੇ ਤਾਂ ਇਹ ਹਿੱਸਾ ‘ਡਿਸਕਾਊਂਟਸ’ ਦੇ ਰੂਪ ਵਿਚ ਮਰੀਜ਼ਾਂ ਨੂੰ ਦੇ ਦਿੱਤਾ ਜਾਂਦਾ ਹੈ। ਓਦਾਂ, ਹਸਪਤਾਲਾਂ ਵਿਚ ਨਜਾਇਜ਼ ਵਸੂਲੀਆਂ ਦਾ ਇਹ ਸਿਲਸਿਲਾ ਜਾਰੀ ਹੈ। 1995 ਵਿਚ ਮੈਂ, ਮੈਡੀਕਲ ਕੌਂਸਲ ਅੱਗੇ ਇਕ ਸ਼ਿਕਾਇਤ ਦਾਇਰ ਕੀਤੀ ਸੀ ਤੇ ਢੁੱਕਵੇਂ ਸਬੂਤ ਵੀ ਲਾਏ ਸਨ। ਇਸ ਦੇ ਬਾਵਜੂਦ ਕੌਂਸਲ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ।” ਡਾ. ਮਾਨੀ ਨੂੰ, ਕੁੱਝ ਖ਼ਾਸ ਟੈਸਟ ਕਰਾਉਣ ਲਈ ਮਰੀਜ਼ ਭੇਜਣ ਬਦਲੇ ‘ਪੇਸ਼ਾਵਰ ਖ਼ਰਚਿਆਂ’ ਦੇ ਨਾਂ ਹੇਠ ਚੈੱਕ ਆਉਂਦੇ ਰਹੇ ਹਨ। ਉਨ੍ਹਾਂ ਨੇ ਮੈਡੀਕਲ ਕੌਂਸਲ ਨੂੰ ਚਿੱਠੀ ਲਿਖ ਕੇ ਕਿਹਾ ਕਿ ਕੌਂਸਲ ਦੀਆਂ ਹਦਾਇਤਾਂ ਵਿਚ ਬਹੁਤ ਹੀ ਸਪੱਸ਼ਟ ਕਿਹਾ ਹੋਇਆ ਹੈ ਕਿ ਡਾਕਟਰਾਂ ਵੱਲੋਂ ਫੀਸ ਵਿਚੋਂ ਹਿੱਸਾ ਲੈਣ ਦਾ ਅਮਲ ਮੂਲ਼ੋਂ ਹੀ ਪ੍ਰਵਾਨਗੀ ਯੋਗ ਨਹੀਂ ਹੈ।
ਕੌਂਸਲ ਨੂੰ ਭੇਜੀ ਸ਼ਿਕਾਇਤ ਵਿਚ ਡਾ. ਮਾਨੀ ਨੇ ਏਦਾਂ ਲਿਖਿਆ ਸੀ, “ਬਹੁਤ ਹੀ ਉੱਚ ਤਕਨੀਕੀ ਪੱਧਰ ਦੇ ਅਤੇ ਮਹਿੰਗੇ ਟੈਸਟ/ ਮੁਆਇਨੇ ਕਰਨ ਵਾਲ਼ੇ ਅਦਾਰਿਆਂ ਵਿਚ ਮਰੀਜ਼ ਭੇਜਣ ਵਾਲਿਆਂ ਡਾਕਟਰਾਂ ਨੂੰ ‘ਚਾਹ-ਪਾਣੀ ਭੱਤਾ’ ਦੇਣਾ ਇਕ ਬਹੁਤ ਹੀ ਆਮ ਜਿਹੀ ਗੱਲ ਹੈ। ਮੇਰੇ ਵਿਚਾਰ ਅਨੁਸਾਰ, ਇਸ ਤਰ੍ਹਾਂ ਡਾਕਟਰਾਂ ਨੂੰ ‘ਨਜਾਇਜ਼ ਭੁਗਤਾਨ’ ਕਰਨਾ ਕਿਸੇ ਮਰੀਜ਼ ਦੇ ਹਿੱਤਾਂ ਨਾਲ਼ ਖਿਲਵਾੜ ਕਰਨ ਤੋਂ ਘੱਟ ਨਹੀਂ ਹੈ ਤੇ ਇਹ ਰੁਝਾਨ ਵੱਧ ਤੋਂ ਵੱਧ ਨਿੰਦਣ ਯੋਗ ਹੈ।”
ਜਸਲੋਕ ਹਸਪਤਾਲ, ਮੁੰਬਈ ਵਿਚ ਸਰਜੀਕਲ ਗੈਸਟਰੋਇੰਟੈਰੋਲੋਜਿਸਟ ਵਜੋਂ ਕੰਮ ਕਰਦੇ ਡਾ. ਸੰਜੇ ਨਾਗਰਲ, ਜੋ ‘ਇੰਡੀਅਨ ਜਰਨਲ ਆਫ ਮੈਡੀਕਲ ਐਥਿਕਸ’ ਦੇ ਸੰਪਾਦਕੀ ਮੰਡਲ ਦੇ ਮੈਂਬਰ ਵੀ ਹਨ, ਦਾ ਖ਼ਿਆਲ ਹੈ ਕਿ ਭਾਰਤ ਦੇ, ਇਲਾਜ ਸਬੰਧੀ ਅਦਾਰਿਆਂ ਵਿਚ ਫੀਸਾਂ ਵਿਚ ‘ਹਿੱਸਾ-ਪੱਤੀ’ ਦਾ ਰੁਝਾਨ, ਇਸ ਖੇਤਰ ਵਿਚ ਲੱਤਾਂ ਪਸਾਰ ਗਏ ਪ੍ਰਾਈਵੇਟ ਸੈਕਟਰ ਦੀ ਦੇਣ ਹੈ। ਜੇ ਯੂਕੇ ਵਾਂਗ ਇੱਥੇ ਵੀ ਇਲਾਜ ਸਬੰਧੀ ਸਾਰੇ ਅਦਾਰਿਆਂ ਦਾ ਰਾਸ਼ਟਰੀਕਰਣ ਕਰ ਦਿੱਤਾ ਜਾਵੇ ਤੇ ਡਾਕਟਰਾਂ ਨੂੰ ਮਿੱਥੀ ਤਨਖ਼ਾਹ ਦਿੱਤੀ ਜਾਵੇ ਤਾਂ ਇਸ ਰੁਝਾਨ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਤਿੱਖਾ ਮੁਕਾਬਲਾ ਹੋਵੇ, ਬਹੁਤ ਵੱਡੀ ਸਰਮਾਇਆਕਾਰੀ ਕੀਤੀ ਹੋਈ ਹੋਵੇ ਅਤੇ ਮੁਨਾਫ਼ੇ ਦੀ ਹੋਰ ਗੁੰਜਾਇਸ਼ ਨਾ ਰਹੀ ਹੋਵੇ ਤਾਂ ਇਹੋ ਜਿਹੇ ਹਾਲਾਤ ਬਣਨੇ ਸੁਭਾਵਕ ਹਨ। ਇਹ ਮਾਮਲਾ ਨਿਰਾ ਨੈਤਿਕਤਾ ਜਾਂ ਨੇਕਚਲਣੀ ਦਾ ਨਹੀਂ ਰਹਿ ਜਾਂਦਾ। ਜੇ ਇਕ ਕਿਲੋ ਮੀਟਰ ਦੇ ਘੇਰੇ ਵਿਚ ਪੰਜ ਸੀਟੀ ਸਕੈਨ ਸੈਂਟਰ ਹੋਣਗੇ ਤਾਂ ਉਨ੍ਹਾਂ ਦਾ ਆਪਸੀ ਮੁਕਾਬਲਾ ਲਾਜ਼ਮੀ ਹੋਵੇਗਾ। ਡਾ. ਨਾਗਰਲ ਹੀ ਫ਼ਰਮਾਉਂਦੇ ਹਨ, “ਇਹੋ ਜਿਹੀ ਤਿੱਖੀ ‘ਪ੍ਰਾਈਵੇਟਾਈਜੇਸ਼ਨ’ ਲਾਗੂ ਕਰਨਾ ਇਕ ਸਿਆਸੀ ਫੈਸਲਾ ਹੈ, ਪਰ ਇਸ ਦੇ ਬਾਵਜੂਦ ਇਸ ਰੁਝਾਨ ਨੂੰ ਨੱਥ ਪਾਉਣ ਲਈ ਸਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਇਸ ਸਬੰਧੀ ਅਸਲ ਫੈਸਲਾ, ਡਾਕਟਰ ਭਾਈਚਾਰੇ ਨੂੰ ਆਪ ਹੀ ਕਰਨਾ ਪਵੇਗਾ।”
ਜੇ ਆਪਣੇ ਨਸ਼ਤਰਾਂ ਨਾਲ਼ ਚੀਰੇ ਦੇ ਕੇ ਮਰੀਜ਼ਾਂ ਦੇ ਜਿਸਮਾਂ ਅੰਦਰੋਂ ਪੀਕ ਕੱਢ ਕੇ, ਉਨ੍ਹਾਂ ਦੀ ਪੀੜ ਹਰਨ ਵਾਲ਼ਾ ਡਾਕਟਰ ਭਾਈਚਾਰਾ, ਇਨ੍ਹਾਂ ਨਸ਼ਤਰਾਂ ਨੂੰ ਘਾਤਕ ਹਥਿਆਰਾਂ ਵਾਂਗ ਵਰਤ ਕੇ ਉਨ੍ਹਾਂ ਨਾਲ਼ ਚੀਰਾ ਦੇਣ ਦੀ ਥਾਂ, ਘਾਤਕ ਟੱਕ ਲਾ ਕੇ ਮਰੀਜ਼ਾਂ ਦੇ ਜਿਸਮਾਂ ਅੰਦਰੋਂ ਕਰੰਸੀ ਨੋਟ ਕੱਢਦਾ ਰਿਹਾ ਤਾਂ ਡਾਕਟਰ ਤੇ ਡਾਕੂ ਵਿਚਾਲ਼ੇ ਕੀ ਫ਼ਰਕ ਰਹਿ ਜਾਵੇਗਾ? ਇਹ ਰੁਝਾਨ ਜਾਰੀ ਰਿਹਾ ਤਾਂ ਕਿਸੇ ਦਿਨ ਰੱਬ ਵੀ ਇਨ੍ਹਾਂ ਦੇ ਨਸ਼ਤਰ ਹੇਠ ਆ ਸਕਦਾ ਹੈ। ਹੈ ਨਾ? #