ਸਿਰੇ ’ਤੇ ਗੰਢ-27

ਸੈਰ-ਸਪਾਟੇ ਦੇ ਉਹਲੇ ਯੂੂਰਪ ਵਿਚ 
ਸੰਸਾਰ ਦਾ ਸਰਬ-ਪੁਰਾਤਨ ਧੰਦਾ ਜ਼ੋਰਾਂ ’ਤੇ
ਬਖ਼ਸ਼ਿੰਦਰ
ਪਤਾ ਨਹੀਂ ਕਿਸ ਨੇ, ਕਦੋਂ ਤੇ ਕਿਹੜੀ ਗੱਲੋਂ ਵੇਸਵਾਗਮਣੀ ਜਾਂ ਜਿਸਮਫ਼ਰੋਸ਼ੀ ਨੂੰ ‘ਜਹਾਨ ਦਾ ਸਭ ਤੋਂ ਪੁਰਾਣਾ ਧੰਦਾ’ ਕਰਾਰ ਦੇ ਦਿੱਤਾ ਸੀ ਤੇ ਸਭ ਨੇ ਇਹ ਗੱਲ ਇਸੇ ਤਰ੍ਹਾਂ ਪ੍ਰਵਾਨ ਕਰ ਲਈ ਸੀ। ਇਸ ‘ਪੁਰਾਣੇ ਧੰਦੇ’ ਬਾਰੇ ਨਿੱਤ ‘ਨਵੀਆਂ ਗੱਲਾਂ’ ਸੁਣਨ/ ਪੜ੍ਹਨ ਵਿਚ ਆਉਂਦੀਆਂ ਰਹਿੰਦੀਆਂ ਹਨ। ਹੁਣ ਪਤਾ ਲੱਗਿਆ ਹੈ ਕਿ ਯੂਰਪ ਵਿਚ ਸੈਰ-ਸਪਾਟੇ ਦੀ ਓਟ ਵਿਚ ਇਹ ਧੰਦਾ ਬਹੁਤ ਜ਼ੋਰ-ਸ਼ੋਰ ਨਾਲ਼ ਚਲਾਇਆ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਈ ਮੁਲਕ, ਜਿੱਦਾਂ ਲਾਤਵੀਆ, ਯੂਕਰੇਨ, ਹੰਗਰੀ, ਚੈੱਕ ਰੀਪਬਲਿਕ ਅਤੇ ਬੁਲਗਾਰੀਆ ਤਾਂ ਇਸ ਧੰਦੇ ਦਾ ਧੁਰਾ ਬਣੇ ਹੋਏ ਹਨ। ਕਿਸੇ ਜ਼ਮਾਨੇ ਵਿਚ ਦੁਬਈ ਇਸ ਸਬੰਧ ਵਿਚ ਬਦਨਾਮੀ ਦੀ ਹੱਦ ਤਕ ਮਸ਼ਹੂਰ ਸੀ, ਪਰ ਹੁਣ ਯੂਰਪ ਨੇ ਦੁਬਈ ਦਾ ਉਹ ਦਰਜਾ ਖੋਹ ਲਿਆ ਹੈ ਕਿਉਂ ਕਿ ਹੁਣ ਉਹ (ਦੁਬਈ) ਯੂਰਪੀ ਔਰਤਾਂ ਮੁਹੱਈਆ ਕਰਨ ਵਿਚ ਪੱਛੜ ਗਿਆ ਹੈ।ਇਸ ਮਾਮਲੇ ਵਿਚ ਦੁਬਈ ਦੇ ਪੱਛੜਨ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਧੰਦੇ ਵਿਚ ਦਲਾਲ ਸ਼ਾਮਲ ਹੋਣ ਨਾਲ਼ ਉੱਥੇ ਇਹ ਧੰਦਾ ਮਹਿੰਗਾ ਵੀ ਹੋ ਗਿਆ ਹੈ ਜਦੋਂ ਕਿ ਯੂਰਪ ਵਿਚ ਇਹ ਧੰਦਾ ਦਲਾਲਾਂ ਤੋਂ ਮੁਕਤ ਹੈ ਤੇ ਗਾਹਕਾਂ ਦੀ ਜੇਬ ਦੀ ਪਹੁੰਚ ਵਿਚ ਹੈ। ਇਹ ਗੱਲਾਂ ਅਸੀਂ ਆਪਣੇ ਪੱਲਿਓਂ ਹੀ ਨਹੀਂ ਕਹੀ/ ਲਿਖੀ ਜਾ ਰਹੇ। ਇਹ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਇੰਕਸ਼ਾਫ਼, ‘ਡਿਸਪੈਚ ਨਿਊਜ਼ ਡੈਸਕ’ (ਡੀ ਐੱਨ ਡੀ) ਨੇ ਆਪਣੀ ਇਕ ਰਿਪੋਰਟ ਵਿਚ ਕੀਤੇ ਹਨ। 
ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੂਰਬੀ ਯੂਰਪ ਦਾ ਇਕ ਛੋਟਾ ਜਿਹਾ ਮੁਲਕ ਲਾਤਵੀਆ, ਸੈਰ-ਸਪਾਟੇ ਨਾਲ਼ ਜੁੜੀ ਹੋਈ ਜਿਸਮਫ਼ਰੋਸ਼ੀ ਦਾ ਉੱਘਾ ਕੇਂਦਰ ਹੈ ਜਦੋਂ ਕਿ ਯੂਕਰੇਨ ਇਸ ਮਾਮਲੇ ਵਿਚ ਦੂਜੀ ਥਾਂ ਆਉਂਦਾ ਹੈ। ਇਸ ਮਾਮਲੇ ਵਿਚ ਹੰਗਰੀ ਤੀਜੀ ਥਾਂ ਆਉਂਦਾ ਹੈ।ਇਸ ਦਰਜਾਬੰਦੀ ਦਾ ਆਧਾਰ ਇਸ ਮਾਰਕੀਟ ਦੇ ਗਾਹਕਾਂ ਨਾਲ਼ ਗੱਲਬਾਤ ਕਰਨ ਦੌਰਾਨ ਸਾਹਮਣੇ ਆਈਆਂ ਹਕੀਕਤਾਂ ਹਨ। ਲਾਤਵੀਆ ਵਿਚ ਸਾਰੇ ਜਹਾਨ ਵਿਚੋਂ ਹਰ ਸਾਲ ਲੱਖਾਂ ਲੋਕ ਸੈਰ-ਸਪਾਟੇ ਦੇ ਬਹਾਨੇ ‘ਇਹੋ ਕਾਰੋਬਾਰ’ ਕਰਨ ਆਉਂਦੇ-ਜਾਂਦੇ ਹਨ। ਬਰਤਾਨਵੀ ਲੋਕ ਵੀ ਲਾਤਵੀਆ ਵਿਚ ਇਸ ਧੰਦੇ ਦੇ ਹੀ ਸਸਤੇਪਨ ਦਾ ਲਾਭ ਉਠਾਉਣ ਨਹੀਂ ਆਉਂਦੇ, ਸਗੋਂ ਉਹ ਇੱਥੇ ਸ਼ਰਾਬ ਸਸਤੀ ਹੋਣ ਦਾ ਵੀ ਪੂਰਾ ਲਾਹਾ ਲੈਂਦੇ ਹਨ। ਲਾਤਵੀਆ ਵਿਚ ਇਸ ਧੰਦੇ ਦਾ ਪੂਰੇ ਜੋਬਨ ਉੱਤੇ ਹੋਣ ਦਾ ਕਾਰਨ ਇਸ ਧੰਦੇ ਵਿਚ ਸ਼ਾਮਲ ਔਰਤਾਂ ਦਾ ਸੁਲਫ਼ੇ ਦੀ ਲਾਟ ਵਰਗਾ ਹੁਸਨ ਵੀ ਹੈ।
ਇਸੇ ਹੀ ਕਾਰਨ ਲਾਤਵੀਆ ਨੂੰ ਆਉਣ ਵਾਲ਼ੇ ਜਹਾਜ਼ਾਂ ਦੀਆਂ ਏਅਰਲਾਈਨਜ਼ ਆਪਣੇ ਮੁਸਾਫ਼ਰਾਂ ਨੂੰ ਕਈ ਤਰ੍ਹਾਂ ਦੇ ਲੋਭ ਵੀ ਦਿੰਦੀਆਂ ਹਨ। ਲਾਤਵੀਆ ਦੀ ਰਾਜਧਾਨੀ ਰੀਗਾ ਨੂੰ ਆਉਣ ਵਾਲ਼ੇ ਜਹਾਜ਼ਾਂ ਦੀ ਇਕ ਵੀ ਸੀਟ ਖਾਲੀ ਨਹੀਂ ਆਉਂਦੀ। ਏਅਰਲਾਈਨ ਮੰਨੇ ਤਾਂ ਲੋਕ, ਜਹਾਜ਼ ਦੀਆਂ ਛੱਤ ਉੱਤੇ ਬੈਠ ਕੇ ਵੀ ਰੀਗਾ ਤਕ ਚਲੇ ਜਾਣ। ਲਾਤਵੀਆ ਵਿਚ ਜਿਸਮਫ਼ਰੋਸ਼ੀ ਦਾ ਸਸਤਾਪਨ ਵੀ ਗਾਹਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਤੋਂ ਇਲਾਵਾ ਇਸ ਦੇਸ਼ ਵਿਚ ਇਸ ਧੰਦੇ ਨੂੰ ਕਈ ਰੰਗਤਾਂ ਵੀ ਦਿੱਤੀਆਂ ਹੋਈਆਂ ਹਨ ਤੇ ਇਹ ਰੰਗਤਾਂ ਵੰਨ-ਸੁਵੰਨੇ ਸੁਹਜ-ਸੁਆਦਾਂ ਵਾਲ਼ੇ ਗਾਹਕਾਂ ਲਈ ਬਹੁਤ ਢੁੱਕਵੀਆਂ ਹਨ। ਮਿਸਾਲ ਦੇ ਤੌਰ ’ਤੇ ਲਾਤਵੀਆ ਵਿਚ ਨਗਨ ਨਾਚ ਕਲੱਬਾਂ ਹਨ, ਮਾਲਿਸ਼-ਘਰ ਹਨ। ਇੱਥੇ ਜਿਨਸੀ ਕਾਰਵਾਈਆਂ ਵਿਚ ਵਰਤੀਆਂ ਜਾਂਦੀਆਂ ਚੀਜ਼ਾਂ ਅਤੇ ਜਿਸਮਾਨੀ ਤ੍ਰਿਪਤੀ ਦੇ ਸਾਧਨ ਵੀ, ਅਮਰੀਕਾ ਅਤੇ ਯੂ. ਕੇ. ਦੀਆਂ ਮਾਰਕੀਟਾਂ ਦੇ ਮੁਕਾਬਲੇ ਬੇਹੱਦ ਸਸਤੇ ਹਨ। 
ਲਾਤਵੀਆ ਵਿਚ ਸੈਰ-ਸਪਾਟੇ ਦੇ ਅਤੇ ਜਿਸਮਫ਼ਰੋਸ਼ੀ ਦੇ ਅਰਥ ਰਲਗੱਡ ਹੋ ਗਏ ਹਨ। ਚਲਾਵੀਂ ਨਜ਼ਰੇ ਦੇਖਿਆਂ ਇਹ ਦੋਵੇਂ ਕਾਰੋਬਾਰ ਆਪਸ ਵਿਚ ਏਦਾਂ ਰਲ਼ੇ-ਮਿਲ਼ੇ ਹੋਏ ਹਨ, ਜਿੱਦਾਂ ਖਿਚੜੀ ਵਿਚ ਘਿਉ ਰਲ਼ਿਆ ਹੁੰਦਾ ਹੈ। ਉੱਥੇ ਵੇਸਵਾਗਮਣੀ ਜਾਇਜ਼ ਮੰਨੀ ਜਾਂਦੀ ਹੈ। ਇਸ ਮੁਲਕ ਵਿਚ ਜਿਸਮਫ਼ਰੋਸ਼ੀ ਨਾਲ਼ ਸਬੰਧਤ ਸੈਰ-ਸਪਾਟੇ ਵੱਲ ਬਹੁਤ ਖੁੱਲ੍ਹਦਿਲੀ ਦਿਖਾਈ ਜਾਂਦੀ ਹੈ। ਭਾਵੇਂ ਇਸ ਧੰਦੇ ਦਾ ਮੁੱਖ ਕੇਂਦਰ ਰੀਗਾ ਵਿਚ ਹੀ ਹੈ, ਪਰ ਇਹ ਧੰਦਾ ਪੂਰੇ ਲਾਤਵੀਆ ਵਿਚ ਫੈਲਿਆ ਹੋਇਆ ਹੈ। ਇਤਿਹਾਸਕ ਨਗਰ ਰੀਗਾ ਕਿਸੇ ਜ਼ਮਾਨੇ ਵਿਚ ਬਹੁਤ ਖ਼ਾਮੋਸ਼ ਜਿਹਾ ਹੁੰਦਾ ਸੀ, ਪਰ ਹੁਣ ਉੱਥੇ ਇਸ ਧੰਦੇ ਕਾਰਨ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਇਸ ਸ਼ਹਿਰ ਵਿਚ ਨਗਨ ਨਾਚ ਦਿਖਾਉਂਦੀਆਂ ਸੈਂਕੜੇ ਕਲੱਬਾਂ, ਮਾਲਿਸ਼-ਘਰ, ਅਰਧ ਨਗਨ ਮੇਜ਼ਬਾਨ ਕੁੜੀਆਂ ਵਾਲ਼ੇ ਸ਼ਰਾਬ ਖ਼ਾਨੇ ਹਨ। ਇਸ ਸ਼ਹਿਰ ਦੀਆਂ ਗਲੀਆਂ ਦੀ ਇੱਟ-ਇੱਟ ਵੇਸਵਾਵਾਂ ਨੇ ਮੱਲੀ ਹੋਈ ਹੈ। ਇਸ ਸ਼ਹਿਰ ਨੂੰ ‘ਸ਼ੌਕੀਨ ਸੈਲਾਨੀਆਂ ਦਾ ਸੁਰਗ਼’ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਗਈ, ਜਿਸ ਕਰ ਕੇ ਕੋਈ ਵੀ ਮਰਦ ਇੱਥੇ ‘ਸੁਰਗ਼ਵਾਸ ਕਰਨ’ ਲਈ ਰਾਜ਼ੀ ਹੋ ਸਕਦਾ ਹੈ।
ਇਸ ਸ਼ਹਿਰ ਵਿਚ, ਆਪਣੀ ਜਾਨ ’ਤੇ ਵੀ ਖੇਡਣ ਲਈ ਤਿਆਰ ਰਹਿੰਦੀਆਂ ਵੇਸਵਾਵਾਂ ਦੀ ਸਿਹਤ ਦਾ ਬਹੁਤ ਜ਼ਿਆਦਾ ਖ਼ਿਆਲ ਰੱਖਿਆ ਜਾਂਦਾ ਹੈ। ਸਰਕਾਰ ਵੱਲੋਂ ਉਨ੍ਹਾਂ ਨੂੰ ਸਿਹਤ ਸਬੰਧੀ ਕਾਰਡ ਜਾਰੀ ਕੀਤੇ ਹੋਏ ਹਨ ਅਤੇ ਹਰ ਮਹੀਨੇ ਉਨ੍ਹਾਂ ਦਾ ਜਿਸਮਾਨੀ ਮੁਆਇਨਾ ਕੀਤਾ ਜਾਂਦਾ ਹੈ। ਉੱਥੇ ਵੇਸਵਾਵਾਂ ਗਾਹਕ ਦੀ ‘ਸੇਵਾ’ ਕਰਨ ਦਾ ‘ਸੌਦਾ’ ਆਪ ਕਰਦੀਆਂ ਹਨ। ਕਾਨੂੰਨ ਨੇ ਹੀ ‘ਸਿੱਧਾ ਸੌਦਾ’ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ ਕਿਉਂ ਕਿ ਇਸ ਮੁਲਕ ਵਿਚ, ਵੇਸਵਾ ਅਤੇ ਗਾਹਕ ਵਿਚਾਲ਼ੇ ਕੋਈ ਤੀਜਾ ਬੰਦਾ ਯਾਨੀ ‘ਦੱਲਾ’ ਨਹੀਂ ਆ ਸਕਦਾ। ਉੱਥੋਂ ਦੀ ਕਿਸੇ ਵੇਸਵਾ ਦੀ ਕਮਾਈ ਵਿਚੋਂ ਕੋਈ ਜਣਾ ਹਿੱਸਾ ਨਹੀਂ ਲੈ ਸਕਦਾ ਤੇ ਨਾ ਹੀ ਵੇਸਵਾਵਾਂ ਦੀ ਕਮਾਈ ਖਾਣ ਲਈ ਕਿਸੇ ਨੂੰ ਕੋਈ ਅੱਡਾ ਜਾਂ ਚਕਲਾ ਚਲਾਉਣ ਦੀ ਇਜਾਜ਼ਤ ਹੈ। ਇਸ ਕਰ ਕੇ ਗਾਹਕਾਂ ਨੂੰ ਇਹ ਸੇਵਾ ਕਰਾਉਣੀ ‘ਮਹਿੰਗੀ ਨਹੀਂ ਪੈਂਦੀ’। 
ਲਾਤਵੀਆ ਵਿਚ ਇਹ ਧੰਦਾ ਕਈ ਰੰਗਾਂ ਵਿਚ ਰੰਗਿਆ ਹੋਇਆ ਹੈ। ਇਸ ਮੁਲਕ ਦੀਆਂ ਵੇਸਵਾਵਾਂ ਆਪਣੇ ਗਾਹਕਾਂ ‘ਸੁਹਜ-ਸੁਆਦਾਂ’ ਦਾ ਖ਼ਿਆਲ ਰੱਖਦੀਆਂ ਹਨ। ਇਸ ਮੁਲਕ ਵਿਚ ਸਮਲਿੰਗਕਤਾ ਵੀ ਜਾਇਜ਼ ਹੈ ਤੇ ਇਸ ਮੁਲਕ ਵਿਚ ਸਮਲਿੰਗੀ ਕਾਮ ਤ੍ਰਿਪਤੀ ਦੇ ਸਾਧਨ ਵੀ ਭਰਵੇਂ ਰੂਪ ਵਿਚ ਮੁਹੱਈਆ ਕੀਤੇ ਜਾਂਦੇ ਹਨ, ਜਿਸ ਕਰ ਕੇ ਗਾਹਕ ਵੀ ਵੰਨ-ਸੁਵੰਨੇ ਹੀ ਆਉਂਦੇ ਹਨ। ਕਾਮ ਤ੍ਰਿਪਤੀ ਦੀ ਇੱਛਾ ਨਾਲ਼ ਸੈਲਾਨੀ ਇੱਥੇ ਆਉਂਦੇ ਹਨ ਤਾਂ ਪਿਛਲੇ ਕੁੱਝ ਸਾਲਾਂ ਤੋਂ ਇਹੋ ਜਿਹੀ ਹੀ ਇੱਛਾ ਰੱਖਦੀਆਂ ਸੈਲਾਨਣਾਂ ਵੀ ਵੱਡੀ ਗਿਣਤੀ ਵਿਚ, ਇਸ ਮੁਲਕ ਵੱਲ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਕਰ ਕੇ ਲਾਤਵੀਆ ਨੂੰ ਵੇਸਵਾਵਾਂ ਵਾਂਗ ਹੀ ‘ਧਗੜਿਆਂ’ ਦਾ ਪ੍ਰਬੰਧ ਵੀ ਕਰਨਾ ਪਿਆ ਹੈ। ਇਸ ਕੰਮ ਵਿਚ ਇੰਟਰਨੈੱਟ ਦਾ ‘ਪਰਮ ਆਸਰਾ’ ਹੈ। ਲਾਤਵੀਆ ਜਾਣ ਲਈ ‘ਆਨਲਾਈਨ ਬੁਕਿੰਗ’ ਹੁੰਦੀ ਹੈ।
ਹੁਣ ਕਰਦੇ ਹਾਂ, ਇਸ ਪੱਖੋਂ ਦੂਜੇ ਸਥਾਨ ’ਤੇ ਰਹੇ ਮੁਲਕ ਯੂਕਰੇਨ ਦੀ ਗੱਲ! ਸੋਵੀਅਤ ਸੰਘ ਦੇ ਖੇਰੂੰ-ਖੇਰੂੰ ਹੋਣ ਮਗਰੋਂ ਯੂਕਰੇਨ ਵਿਚ ‘ਇਹ ਧੰਦਾ’ ਬਹੁਤ ਤੇਜ਼ੀ ਨਾਲ਼ ਫੈਲਿਆ ਹੈ। ਹੁਣ ਇਹ ਦੇਸ਼ ‘ਇਸ ਪੱਖ ਤੋਂ ਸਰਦਾਰ’ ਕਹਾਉਂਦੇ ਮੁਲਕਾਂ ਵਿਚੋਂ ਇਕ ਹੈ। ਸੁਣਨ ਵਿਚ ਆਇਆ ਹੈ ਕਿ ਯੂਕਰੇਨ, ਵੇਸਵਾਵਾਂ ਬਰਾਮਦ ਕਰਨ ਵਿਚ ਵੀ ਜਹਾਨ ਭਰ ਵਿਚੋਂ ਅੱਵਲ ਮੁਲਕ ਹੈ। ਇਸ ਮੁਲਕ ਦੀਆਂ ਔਰਤਾਂ ਤਕਰੀਬਨ ਹਰ ਮੁਲਕ ਵਿਚ ਵੇਸਵਾਵਾਂ ਵਜੋਂ ਆਪਣੇ ਗਾਹਕਾਂ ਦੀ ‘ਸੇਵਾ’ ਕਰਦੀਆਂ ਮਿਲ ਜਾਣਗੀਆਂ। ਇਸ ਤੋਂ ਇਲਾਵਾ ਇਸ ਮੁਲਕ ਅੰਦਰ ਇਹੋ ਜਿਹੀਆਂ ਵੀ ਬਹੁਤ ਸਾਰੀਆਂ ਔਰਤਾਂ ਹਨ, ਜੋ ਘਰੋਂ ਬਾਹਰ ਜਾਣਾ ਤਾਂ ਪਸੰਦ ਨਹੀਂ ਕਰਦੀਆਂ, ਪਰ ਘਰ ਵਿਚ ਹੀ ਆਪਣੇ ਗਾਹਕਾਂ ਨੂੰ ‘ਘਰ ਦੀਆਂ ਸੇਵਾਵਾਂ ਵਰਗੀਆਂ ਸੇਵਾਵਾਂ’ ਦਿੰਦੀਆਂ ਹਨ। ਇਸ ਤਰ੍ਹਾਂ, ਯੂਕਰੇਨ ਦੇ ਬਹੁਤ ਸਾਰੇ ਘਰਾਂ ਵਿਚ, ਉਨ੍ਹਾਂ ਦੀਆਂ ਡਿਓੜੀਆਂ ਉੱਤੇ ‘ਜੀ ਆਇਆਂ ਨੂੰ’ ਨਾ ਵੀ ਲਿਖਿਆ ਹੋਣ ਦੇ ਬਾਵਜੂਦ, ਦਾਖ਼ਲ ਹੋਣ ਦੀ ਮਨਾਹੀ ਨਹੀਂ ਹੈ। ‘ਇਹ ਧੰਦਾ’ ਘਰਾਂ ਵਿਚ ਦਾਖ਼ਲ ਹੀ ਨਹੀਂ ਹੋਇਆ, ਸਗੋਂ ਘਰੇਲੂ ਸਨਅਤ ਦਾ ਰੂਪ ਵੀ ਧਾਰਨ ਕਰ ਗਿਆ ਹੈ।
ਯੂਕਰੇਨ ਦੀਆਂ ਨੱਢੀਆਂ, ਇਸ ਧੰਦੇ ਵਿਚ ਬਹੁਤ ਕਾਮਯਾਬ ਹਨ ਤੇ ਇਹ ਗੱਲ ਅਕਸਰ, ਉਨ੍ਹਾਂ ਦੇ ਗਾਹਕਾਂ ਵਿਚ ਛਿੜੀ ਰਹਿੰਦੀ ਹੈ। ਇਨ੍ਹਾਂ ਮੁਟਿਆਰਾਂ ਦੀਆਂ ਇਸ ਧੰਦੇ ਸਬੰਧੀ ਖ਼ੂਬੀਆਂ ਹੁਣ ਕਿਸੇ ਤੋਂ ਗੁੱਝੀਆਂ ਨਹੀਂ ਹਨ, ਪਰ ਇਨ੍ਹਾਂ ਤੋਂ ਇਲਾਵਾ ਵੀ ਇਨ੍ਹਾਂ ਬੀਬੀਆਂ ਅੰਦਰ ਕਈ ਗੁੱਝੀਆਂ ਖ਼ੂਬੀਆਂ ਹਨ। ਇਹ ਮੁਲਕ 1990ਵਿਆਂ ਦੇ ਸ਼ੁਰੂ ਵੇਲ਼ੇ ਬਹੁਤ ਜ਼ਿਆਦਾ ਗ਼ਰੀਬੀ ਦੀ ਮਾਰ ਹੇਠ ਰਿਹਾ ਸੀ। ਉਸ ਵੇਲ਼ੇ ਇਸ ਮੁਲਕ ਦੀਆਂ ਬਹੁਤ ਸਾਰੀਆਂ ਔਰਤਾਂ ਆਪਣੇ ਢਿੱਡੋਂ ਮਜਬੂਰ ਹੋ ਕੇ, ਆਪਣੇ ਢਿੱਡੋਂ ਹੇਠਾਂ ਦੇਖਣ ਲਈ ਮਜਬੂਰ ਹੋ ਗਈਆਂ ਸਨ। ਉਸ ਵੇਲ਼ੇ ਤਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਵਿਦਿਆਰਥਣਾਂ ਤਕ ਨੇ ਵੀ ਇਹ ਧੰਦਾ ਅਪਣਾ ਲਿਆ ਸੀ। ਇਕ ਅਨੁਮਾਨ ਅਨੁਸਾਰ, ਇਸ ਮੁਲਕ ਦੀਆਂ ਇਕ ਚੌਥਾਈ ਤੋਂ ਵੱਧ ਔਰਤਾਂ ਆਪਣੀ ਜ਼ਿੰਦਗ਼ੀ ਦੇ ਕਿਸੇ ਪੜਾਅ ’ਤੇ ਜਿਸਮਫ਼ਰੋਸ਼ ਰਹੀਆਂ ਹਨ। ਇਸ ਮੁਲਕ ਵਿਚ, ਗਾਹਕਾਂ ਨੂੰ ਇਹ ਧੰਦਾ ਯੂਰਪ ਅਤੇ ਅਮਰੀਕਾ ਦੇ ਮੁਕਾਬਲੇ ਬਹੁਤ ਸਸਤਾ ਪੈਂਦਾ ਹੈ।
ਇਸ ਧੰਦੇ ਦੇ ਮਨੋਰਥ ਨਾਲ਼ ਇਸ ਮੁਲਕ ਵਿਚ ਬਹੁਤੇ ਲੋਕ ਯੂਰਪ ਅਤੇ ਉੱਤਰੀ ਅਮਰੀਕਾ ਤੋਂ ਆਉਂਦੇ ਹਨ। ਇਨ੍ਹਾਂ ਤੋਂ ਇਲਾਵਾ ਇਤਾਲਵੀ ਤੇ ਤੁਰਕਿਸ਼ ਲੋਕ ਵੀ ‘ਸ਼ੁਗ਼ਲ-ਮੇਲਾ’ ਕਰਨ ਲਈ ਇੱਥੇ ਆਉਂਦੇ ਰਹਿੰਦੇ ਹਨ ਕਿਉਂ ਕਿ ਇਟਲੀ ਅਤੇ ਤੁਰਕੀ, ਯੂਕਰੇਨ ਤੋਂ ਬਹੁਤੀ ਦੂਰ ਨਹੀਂ ਹਨ। ਇਸ ਮੁਲਕ ਵਿਚ ਕਿਸੇ ਵੇਸਵਾ ਦੀ ਉਮਰ ਆਮ ਤੌਰ ’ਤੇ 20 ਤੋਂ 40 ਸਾਲ ਤਕ ਹੁੰਦੀ ਹੈ। ਕਈ ਔਰਤਾਂ ਉਮਰ ਵਧਣ ਮਗਰੋਂ ਆਪ ਤਾਂ ਇਹ ਕੰਮ ਛੱਡ ਦਿੰਦੀਆਂ ਹਨ, ਪਰ ਆਪਣੀਆਂ ਨੂੰਹਾਂ-ਧੀਆਂ ਨੂੰ ਇਸ ਧੰਦੇ ਵਿਚ ਪਾ ਦਿੰਦੀਆਂ ਹਨ। ਇਸ ਧੰਦੇ ਵਿਚ ਪੈਣ ਵਾਲ਼ੇ ਨਵੇਂ ਲੋਕ ਆਮ ਤੌਰ ’ਤੇ ਨਬਾਲਗ਼ ਹੁੰਦੇ ਹਨ। 
ਯੂਕਰੇਨ ਵਿਚ ਵੇਸਵਾਗਮਣੀ ਕਰਨ/ ਕਰਾਉਣ ਦੀ ਇਜਾਜ਼ਤ ਨਹੀਂ ਹੈ, ਇੱਥੇ ਇਹ ਧੰਦਾ ਸੈਰ-ਸਪਾਟੇ ਵਿਚ ‘ਗੁੰਨ੍ਹ ਕੇ ਪਕਾਇਆ’ ਜਾਂਦਾ ਹੈ। ਇੱਥੇ ਇਹ ਧੰਦਾ ‘ਆਈ ਲਵ ਯੂ’ ਯਾਨੀ ‘ਮੈਂ ਤੈਨੂੰ ਪਿਆਰ ਕਰਦਾ/ ਕਰਦੀ ਹਾਂ’ ਰਾਹੀਂ ਚਲਾਇਆ ਜਾਂਦਾ ਹੈ। ਤੁਸੀਂ ਕਿਸੇ ਸ਼ਰਾਬਖ਼ਾਨੇ ਜਾਂ ਕਲੱਬ ਵਿਚੋਂ ਕੋਈ ਔਰਤ ਲੱਭ ਸਕਦੇ ਹੋ ਤੇ ਉਸ ਨੂੰ ‘ਆਈ ਲਵ ਯੂ’ ਯਾਨੀ ‘ਮੈਂ ਤੈਨੂੰ ਪਿਆਰ ਕਰਦਾ ਹਾਂ’ ਕਹਿ ਕੇ, ਗੱਲ ਅੱਗੇ ਵਧਾ ਸਕਦੇ ਹੋ। ਉਹ ਔਰਤ ਵੀ ਇਸੇ ਤਰ੍ਹਾਂ ਪਹਿਲ ਕਰ ਸਕਦੀ ਹੈ। ਫੇਰ ਉਹ ਦੋਵੇਂ ਕਾਫੀ ਸਮਾਂ ਇਕੱਠਿਆਂ ਬਿਤਾ ਸਕਦੇ ਹਨ। ਇਸ ਧੰਦੇ ਤੋਂ ਇਸ ਦੇਸ਼ ਦੇ ਅਰਥਚਾਰੇ ਨੂੰ ਕਾਫੀ ਜ਼ਿਆਦਾ ਆਸਰਾ ਮਿਲਦਾ ਹੋਣ ਕਰ ਕੇ, ਇਸ ਮੁਲਕ ਦੀ ਸਰਕਾਰ ਆਪਣੇ ਹੀ ਕਾਨੂੰਨ ਦੀ ਉਲੰਘਣਾ ਕਰਦਿਆਂ ਇਹ ਧੰਦਾ ਚਲਾਉਣ ਦਿੰਦੀ ਰਹਿੰਦੀ ਹੈ। ਜੇ ਕਿਸੇ ਗਾਹਕ ਨੂੰ ਇਸ ਸਬੰਧੀ ਕੋਈ ਕਾਨੂੰਨੀ ਉਲਝਣ ਪੈ ਵੀ ਜਾਵੇ ਤਾਂ ਉਸ ਨੂੰ ਇਸ ਦਾ ਕੋਈ ਬਹੁਤਾ ਤੌਖ਼ਲਾ ਨਹੀਂ ਹੁੰਦਾ। ਇਸ ਮੁਲਕ ਵਿਚ ਇਹ ਧੰਦਾ, ਬਹੁਤ ਹੀ ਲੁਕਵੇਂ ਅਤੇ ਗੁੱਝੇ ਲੋਕਾਂ ਦੀ ਸਰਪ੍ਰਸਤੀ ਹੇਠ ਚਲਦਾ ਹੈ। ਇੰਟਰਨੈੱਟ ਉੱਤੇ ਇਸ ਧੰਦੇ ਸਬੰਧੀ ਸੂਚਨਾਵਾਂ ਅਤੇ ਇਸ਼ਤਿਹਾਰਾਂ ਦੀ ਸ਼ਬਦਾਵਲੀ ਅਤੇ ਦਿੱਖ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਪੂਰੀ ਤਰ੍ਹਾਂ ਜਾਇਜ਼ ਲੱਗਦੇ ਹਨ ਜਦੋਂ ਕਿ ਉਨ੍ਹਾਂ ਦਾ ਉਦੇਸ਼ ਪੂਰੀ ਤਰ੍ਹਾਂ ਨਜਾਇਜ਼ ਹੁੰਦਾ ਹੈ।
ਇਸ ਦੇਸ਼ ਵਿਚ ਜਿਨਸੀ ਸੈਰ-ਸਪਾਟਾ ਬਹੁਤਾ ਕਰ ਕੇ ਕੀਵ ਅਤੇ ਓਡੈੱਸਾ ਵਿਚ ਹੀ ਹੁੰਦਾ ਹੈ। ਭਾਵੇਂ ਇਸ ਧੰਦੇ ਦਾ ਮੁੱਖ ਕੇਂਦਰ ਕੀਵ ਹੀ ਹੈ, ਪਰ ਓਡੈੱਸਾ, ਬਲੈਕ ਸੀਅ (ਕਾਲੇ ਸਾਗਰ) ਦੇ ਕੰਢੇ ਵਸਿਆ ਹੋਣ ਕਰ ਕੇ ‘ਸੈਰਗ਼ਾਹੀ ਉਹਲਾ’ ਵੀ ਕਰਦਾ ਹੈ। ਸਮੁੰਦਰ ਦੇ ਕੰਢੇ ਅਧਨੰਗੇ ਹੋ ਕੇ ਘੁੰਮਣ ’ਚ ਸੁੱਖ ਵੀ ਮਿਲਦਾ ਹੈ ਤੇ ਇਸ ਵਿਚ ਧੰਦੇ ਪੱਖੋਂ ਵੀ ਸਹੂਲਤ ਰਹਿੰਦੀ ਹੈ। ਤੈਰਾਕੀ ਵਾਲ਼ੇ ਲਿਬਾਸ, ਜ਼ਨਾਨਾ ਪਿੰਡਿਆਂ ਉੱਤੇ ਉਹੀ ਕੰਮ ਕਰਦੇ ਹਨ, ਜੋ ਮਠਿਆਈ ਉੱਤੇ ਲੱਗੇ ਹੋਏ ਚਾਂਦੀ ਦੇ ਵਰਕ ਕਰਿਆ ਕਰਦੇ ਹਨ। ਸਮੁੰਦਰੀ ਕੰਢੇ ਤੋਂ ਹੋਟਲ ਵੀ ਬਹੁਤੀ ਦੂਰ ਨਹੀਂ ਹਨ।
ਹੰਗਰੀ, ਜੋ ਜਿਨਸੀ ਸੈਰ-ਸਪਾਟੇ ਦੇ ਸਬੰਧ ਵਿਚ ਤੀਜੇ ਸਥਾਨ ’ਤੇ ਆਉਂਦਾ ਹੈ, ਬਹੁਤ ਲੰਬੇ ਅਰਸੇ ਤੋਂ ਜਹਾਨ ਭਰ ਦੇ ਜਿਨਸੀ ਸੈਲਾਨੀਆਂ ਲਈ ਖਿੱਚ ਦਾ ਮੁੱਖ ਕੇਂਦਰ ਹੈ। ਇਸ ਦੇਸ਼ ਵਿਚ ਸੈਲਾਨੀਆਂ ਨੂੰ ਲੁਭਾਉਣ ਦੇ ਕਈ ਸਾਧਨ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਉੱਥੇ ਜਿਨਸੀ ਕਾਰਕੁਨ ਬਹੁਤ ਹੀ ਦਿਲਕਸ਼ ਹੁੰਦੇ/ ਹੁੰਦੀਆਂ ਹਨ। ਇਹ ਲੋਕ ਮੁੱਖ ਤੌਰ ’ਤੇ ਰੂਸ ਦੇ ਨਾਲ਼-ਨਾਲ਼ ਪੂਰਬੀ ਯੂਰਪੀ ਦੇਸ਼ਾਂ ਤੋਂ ਆਏ ਹੁੰਦੇ/ ਹੁੰਦੀਆਂ ਹਨ। ਹੰਗਰੀ ਵਿਚ ਵੇਸਵਾਗਮਣੀ ਕਾਨੂੰਨੀ ਪੱਖ ਤੋਂ ਜਾਇਜ਼ ਹੋਣ ਕਰ ਕੇ, ਉਨ੍ਹਾਂ ਲੋਕਾਂ ਨੂੰ ਇਸ ਮੁਲਕ ਵਿਚ ਆਉਣ ਦਾ ਬਹੁਤ ਚਾਅ ਰਹਿੰਦਾ ਹੈ, ਜਿਨ੍ਹਾਂ ਦੇ ਮੁਲਕਾਂ ਵਿਚ ਵੇਸਵਾਗਮਣੀ ਜਾਇਜ਼ ਨਹੀਂ ਹੁੰਦੀ। ਹੰਗਰੀ ਦੇ ਲੋਕ ਜਿਨਸੀ ਸਭਿਆਚਾਰ ਪੱਖੋਂ ਹੋਰ ਮੁਲਕਾਂ ਦੇ ਲੋਕਾਂ ਦੇ ਮੁਕਾਬਲੇ ਬਹੁਤ ਖੁੱਲ੍ਹਦਿਲੇ ਹਨ। ਹੰਗਰੀ ਵਿਚ ਜਿਨਸੀ ਮੁਸ਼ੱਕਤ ਕਰਨ ਆਉਂਦੀਆਂ ਔਰਤਾਂ ਗ਼ਰੀਬ ਪਿਛੋਕੜ ਵਾਲ਼ੀਆਂ ਹੋਣ ਕਰ ਕੇ ਸਸਤੀਆਂ ਪੈਂਦੀਆਂ ਹਨ। ਭਾਵੇਂ ਹੰਗਰੀ ਵਿਚ ਜਿਸਮਫ਼ਰੋਸ਼ੀ ਸੈਂਕੜੇ ਸਾਲਾਂ ਤੋਂ ਹੁੰਦੀ ਆ ਰਹੀ ਹੈ, 1999 ਤੋਂ ਪਹਿਲਾਂ ਇਹ ਗੁੱਝੇ ਤੌਰ ’ਤੇ ਹੀ ਹੁੰਦੀ ਸੀ ਕਿਉਂ ਕਿ ਉਸ ਸਾਲ ਹੀ ਇਸ ਨੂੰ ਜਾਇਜ਼ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਸ ਮੁਲਕ ਵਿਚ ਇਹ ਧੰਦਾ ਕਾਮਯਾਬੀ ਦੀਆਂ ਧੂੜਾਂ ਹੀ ਪੁੱਟਣ ਲੱਗ ਪਿਆ।
ਬੁਡਾਪੈਸਟ ਸ਼ਹਿਰ ਇਸ ਮੁਲਕ ਦੀ ਰਾਜਧਾਨੀ ਹੀ ਨਹੀਂ ਹੈ, ਸਗੋਂ ਜਹਾਨ ਦੀ ਜਿਨਸੀ ਰਾਜਧਾਨੀ ਵੀ ਸਮਝੀ ਜਾਂਦੀ ਹੈ। ਓਦਾਂ ਹੰਗਰੀ ਦੇ ਹੋਰ ਸ਼ਹਿਰ ਵੀ ਵੇਸਵਾਗਮਣੀ ਪੱਖੋਂ ਕੋਰੇ ਨਹੀਂ ਹਨ। ਵੇਸਵਾਗਮਣੀ ਨੂੰ ਜਾਇਜ਼ ਕਰਾਰ ਦੇਣ ਮਗਰੋਂ ਹੰਗਰੀ ਦੇ ਸ਼ਹਿਰਾਂ ਅਤੇ ਕਸਬਿਆਂ ਵਿਚ ਜਿਸਮਫ਼ਰੋਸ਼ੀ ਦੇ ਅੱਡੇ ਖੁੰਬਾਂ ਵਾਂਗ ਉੱਗ ਆਏ ਹਨ ਜਦੋਂ ਕਿ 1999 ਤੋਂ ਪਹਿਲਾਂ ਸਾਰੇ ਹੰਗਰੀ ਵਿਚ ਮਸਾਂ ਤਿੰਨ ਚਕਲੇ ਸਨ। ਹੁਣ ਬੁਡਾਪੈਸਟ ਵਿਚ ਹੀ ਢਾਈ ਸੌ ਚਕਲੇ ਹਨ। ਇਸ ਸ਼ਹਿਰ ਵਿਚ ਹੀ ਤੇਰਾਂ ਹਜ਼ਾਰ ਵੇਸਵਾਵਾਂ ਹਨ। ਇੰਟਰਨੈੱਟ ਰਾਹੀਂ ਇਸ ਕਾਰੋਬਾਰ ਦਾ ਹੋਕਾ ਦਿੱਤਾ ਜਾਂਦਾ ਹੈ।
ਚੈੱਕ ਰੀਪਬਲਿਕ ਦੇ ਅਰਥਚਾਰੇ ਵਿਚ ਵੇਸਵਾਗਮਣੀ ਦਾ ਅਹਿਮ ਯੋਗਦਾਨ ਹੈ। ਇੱਥੇ ਮੁੱਖ ਤੌਰ ’ਤੇ ਰੂਸੀ ਔਰਤਾਂ ਇਹ ਧੰਦਾ ਕਰਦੀਆਂ ਹਨ। ਇਹ ਔਰਤਾਂ ਲੰਮੀਆਂ-ਝੰਮੀਆਂ, ਕੱਕੇ ਤੇ ਕਾਲ਼ੇ ਵਾਲ਼ਾਂ ਵਾਲ਼ੀਆਂ ਅਤੇ ਗੋਰੀਆਂ ਹੁੰਦੀਆਂ ਹਨ। ਇਸ ਦੇਸ਼ ਦੀ ਰਾਜਧਾਨੀ ਪਰਾਗ ਵਿਚ ਇਹ ਧੰਦਾ ਪੂਰੇ ਤਾਣ ਨਾਲ਼ ਚਲਦਾ ਹੈ। ਇਸ ਮੁਲਕ ਵਿਚ 1260 ਚਕਲੇ ਹਨ। ਇੱਥੇ ਇਸ ਧੰਦੇ ਦੇ ਵਧਣ-ਫੁੱਲਣ ਦਾ ਕਾਰਨ ਕਿਸੇ ਹੱਦ ਤਕ ਢਿੱਲੇ ਕਾਨੂੰਨ ਹਨ। ਚੈੱਕ ਰੀਪਬਲਿਕ ਵਿਚ ਵੇਸਵਾਗਮਣੀ ਜਾਇਜ਼ ਹੈ, ਪਰ ਦੱਲਾਗਿਰੀ ਕਰਨਾ ਨਜਾਇਜ਼ ਹੈ। ਓਦਾਂ ਚਕਲੇ ਚਲਾਉਣ ਦੀ ਖੁੱਲ੍ਹ ਹੈ। ਇਸ ਮੁਲਕ ਵਿਚ ਚਕਲੇ ਅਤੇ ਨਗਨ ਨਾਚ ਕਲੱਬ ਆਮ ਹੀ ਹਨ। ਪਰਾਗ ਵਿਚ ਹੀ ਸਾਢੇ ਤਿੰਨ ਸੌ ਚਕਲੇ ਹਨ। ਇਸ ਤੋਂ ਇਲਾਵਾ ਗਲ਼ੀਓ-ਗਲ਼ੀ ਫਿਰ ਕੇ ਗਾਹਕ ਲੱਭਣ ਵਾਲ਼ੀਆਂ ਸੈਂਕੜਿਆਂ ਦੀ ਗਿਣਤੀ ਵਿਚ ਹਨ।
ਇਸ ਮੁਲਕ ਵਿਚ ਇਸ ਧੰਦੇ ਦੇ ਦੋ ਹੋਰ ਕੇਂਦਰ ਹਨ ਨਾਰਦਰਨ ਬੋਹੇਮੀਆ ਅਤੇ ਵੈਸਟਰਨ ਬੋਹੇਮੀਆ। ਨਾਲ਼ ਦੇ ਮੁਲਕਾਂ ਵਿਚੋਂ ਕਾਰਾਂ ਰਾਹੀਂ ਆਉਣ ਵਾਲ਼ੇ ਗਾਹਕਾਂ ਦੀ ਸਹੂਲਤ ਲਈ ਆਸਟਰੀਆ ਅਤੇ ਜਰਮਨੀ ਨੂੰ ਜਾਂਦੀਆਂ ਸੜਕਾਂ ਉੱਤੇ ਵੀ ਬਹੁਤ ਸਾਰੇ ਚਕਲੇ ਤੇ ਜਿਨਸੀ ਅਦਾਰੇ ਹਨ। 
ਬੁਲਗਾਰੀਆ, ਜੋ ਪੂਰਬੀ ਯੂਰਪੀ ਦੇਸ਼ ਹੈ, ਦੀਆਂ ਸਰਹੱਦਾਂ ਯੂਨਾਨ, ਸਰਬੀਆ, ਮੈਸੇਡੋਨੀਆ, ਰੋਮਾਨੀਆ ਅਤੇ ਤੁਰਕੀ ਨਾਲ਼ ਲੱਗਦੀਆਂ ਹਨ। ਇਸ ਮੁਲਕ ਵਿਚ ਵੀ ਲੋਕ ਜਿਨਸੀ ਸੈਰ-ਸਪਾਟਾ ਕਰਨ ਆਉਂਦੇ ਹਨ ਤੇ ਇਨ੍ਹਾਂ ਲੋਕਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ਼ ਵਧ ਰਹੀ ਹੈ। ਭਾਵੇਂ ਬੁਲਗਾਰੀਆ ਵਿਚ ਬਹੁਤ ਸਾਰੀਆਂ ਦਰਸ਼ਨੀ ਥਾਵਾਂ ਹਨ, ਪਰ ਜਿਨਸੀ ਸੈਲਾਨੀਆਂ ਦਾ ਉਨ੍ਹਾਂ ਨਾਲ਼ ਘੱਟ ਹੀ ਸਰੋਕਾਰ ਹੁੰਦਾ ਹੈ। ‘ਹੈਲਥ ਮੈਗਜ਼ੀਨ’ ਮੁਤਾਬਕ, ਬੁਲਗਾਰੀਆ ਜਹਾਨ ਦੀਆਂ ਉੱਘੀਆਂ ਜਿਨਸੀ ਸੈਰਗ਼ਾਹਾਂ ਵਿਚੋਂ ਇਕ ਹੈ। ਯੂਰਪ ਅਤੇ ਉੱਤਰੀ ਅਮਰੀਕਾ ਤੋਂ ਬੁਲਗਾਰੀਆ ਆਉਣ ਵਾਲ਼ੇ ਸ਼ੌਕੀਨ ਸੈਲਾਨੀਆਂ ਦੀ ਗਿਣਤੀ ਵਧਦੀ ਦੇਖ ਕੇ, ਏਅਰਲਾਈਨਜ਼ ਨੇ ਬੁਲਗਾਰੀਆ ਵੱਲ ਆਪਣੀਆਂ ਉਡਾਣਾਂ ਮਹਿੰਗੀਆਂ ਹੀ ਨਹੀਂ ਕੀਤੀਆਂ, ਵਧਾ ਵੀ ਦਿੱਤੀਆਂ ਹਨ। ਬੁਲਗਾਰੀਆ ਵਿਚ ਵੀ ਵੇਸਵਾਗਮਣੀ ਜਾਇਜ਼ ਮੰਨੀ ਜਾਂਦੀ ਹੈ, ਪਰ ਦੱਲਾਗਿਰੀ ਤੇ ਚਕਲੇ ਗ਼ੈਰਕਾਨੂੰਨੀ ਮੰਨੇ ਜਾਂਦੇ ਹਨ। ਇਸ ਮੁਲਕ ਵਿਚ ਸੋਫੀਆ ਸ਼ਹਿਰ ਵੇਸਵਾਗਮਣੀ ਦਾ ਮੁੱਖ ਕੇਂਦਰ ਹੈ। ਇਸ ਤੋਂ ਇਲਾਵਾ ‘ਸੱਨੀ ਬੀਚ’ ਸਮੁੰਦਰ ਕੰਢੇ ਬਣਿਆ ਹੋਇਆ ਬਹੁਤ ਹਰਮਨ ਪਿਆਰਾ ਟਿਕਾਣਾ ਹੈ।
ਜੇ ਯੂਰਪ ਵਿਚ ਜਿਨਸੀ ਸੈਰ-ਸਪਾਟੇ ਨੇ ਆਲ੍ਹਣਾ ਪਾਉਣ ਮਗਰੋਂ ਪੱਕਾ ਟਿਕਾਣਾ ਬਣਾ ਲਿਆ ਹੈ ਤਾਂ ਇੰਟਰਨੈੱਟ ਦੀ ਮੱਦਦ ਨਾਲ਼ ਇਕ ਪਿੰਡ ਬਣ ਚੱਲੇ ਇਸ ਜਹਾਨ ਦੇ ਬਾਕੀ ਹਿੱਸਿਆਂ ਵਿਚ ਵੀ ਇਸ ਧੰਦੇ ਦੀ ਦਸਤਕ ਸੁਣੀ ਜਾ ਸਕਦੀ ਹੈ। ਬਾਕੀ ਮੁਲਕਾਂ ਦੇ ਹਾਲੇ ਤਕ ਬਚੇ ਰਹਿਣ ਦਾ ਕਾਰਨ ਇਹੋ ਹੀ ਹੈ ਕਿ ਉੱਥੋਂ ਦੇ ਲੋਕਾਂ ਨੂੰ, ਜਿਹੋ ਜਿਹੀ ਮਰਜ਼ੀ ਸਹੀ, ਰੋਟੀ ਮਿਲਦੀ ਹੈ। ਰੋਟੀ ਨਾਲ਼ ਰੱਜਿਆ ਬੰਦਾ ਕਾਮ ਤ੍ਰਿਪਤੀ ਦਾ ਸਾਧਨ ਭਾਲਦਾ ਹੈ ਤੇ ਰੋਟੀ ਤੋਂ ਸੱਖਣਾ ਬੰਦਾ ਆਪਣੇ ਢਿੱਡ ਤੋਂ ਹੇਠਾਂ ਉੱਤਰ ਕੇ ਰੋਟੀ ਭਾਲਦਾ ਹੈ। ਸਭ ਨੂੰ ਰੋਟੀ ਮਿਲਦੀ ਰਹੇ-ਇਹੋ ਦੁਆ ਕਰਦੇ ਹਾਂ। #
Cell Phone No,: +91-9501759494  E-mail: bababax@gmail.com 
ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ ਜਿਸਮਫ਼ਰੋਸ਼ੀ ਯਾਨੀ ਵੇਸਵਾਗਮਣੀ ਦੀ ਮੌਜੂਦਗੀ ਦਰਸਾਉਂਦੀਆਂ ਕੁੱਝ ਝਲਕਾਂ