ਸਿਰੇ ’ਤੇ ਗੰਢ-28

ਆਪ ਕਿ ਆਪੋ-ਧਾਪ
  ਬਖ਼ਸ਼ਿੰਦਰ
ਇਕ ਗੱਲ ਤਾਂ ਇੱਟ ਨਾਲੋਂ ਵੀ ਪੱਕੀ ਹੈ ਕਿ ਇਨ੍ਹੀਂ ਦਿਨੀਂ ‘ਆਮ ਆਦਮੀ ਪਾਰਟੀ’ ਯਾਨੀ ‘ਆਪ’ ਵਿਚ ਸਭ ਕੁੱਝ ਠੀਕ ਨਹੀਂ ਹੈ, ਬੱਸ ‘ਠੀਕ-ਠਾਕ’ ਜਿਹਾ ਹੀ ਹੈ। ਪਾਰਲੀਮਾਨੀ ਚੋਣਾਂ ਵਿਚ ਚਾਰ ਸੀਟਾਂ ਜਿੱਤ ਕੇ ‘ਆਪ’ ਦੇ ਲੀਡਰਾਂ ਨੇ ਇਹ ਸਮਝ ਲਿਆ ਕਿ ਉਹ ਦਿੱਲੀ ਤੋਂ ਬਾਅਦ ਪੰਜਾਬ ਨੂੰ ਦਿੱਲੀ ਬਣਾਉਣ ਵਿਚ ਕਾਮਯਾਬ ਹੋ ਗਏ ਹਨ, ਪਰ ਇਸ ਦੌਰਾਨ ਉਹ ਇਹ ਵੀ ਭੁੱਲ ਗਏ ਕਿ ਦਿੱਲੀ ਫ਼ਤਿਹ ਕਰ ਲੈਣ ਦੇ ਬਾਵਜੂਦ ਉਨ੍ਹਾਂ ਦੇ ਹੱਥੋਂ ਖੁੱਸ ਗਈ ਹੈ। ਇਸ ਤੋਂ ਮਗਰੋਂ ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਪੰਜਾਬ ਨੂੰ ਦਿੱਲੀ ਬਣਾਉਣ ਦੀ ਥਾਂ, ਦਿੱਲੀ ਨੂੰ ਪੰਜਾਬ ਬਣਾਉਣ ਦੇ ਹੀਲੇ ਕਰਦੇ।ਆਪਣੀਆਂ ਗੁੱਝੀਆਂ ਲਾਲਸਾਵਾਂ ਲੈ ਕੇ ‘ਆਪ’ ਦੀ ਬੁੱਕਲ ਵਿਚ ਆਏ ਲੋਕ, ਪਾਰਲੀਮਾਨੀ ਚੋਣਾਂ ਦੇ ਨਤੀਜੇ ਨਿੱਕਲਣ ਮਗਰੋਂ ਕਿਰਨੇ ਸ਼ੁਰੂ ਹੋ ਗਏ।ਸਾਰੇ ਮੁਲਕ ਵਿਚ ‘ਆਪ’ ਦਾ ਰੌਲ਼ਾ ਤਾਂ ਸੀ, ਪਰ ‘ਆਪ’ ਦਾ ਨੱਕ ਬਚਾਇਆ ਤਾਂ ਪੰਜਾਬ ਨੇ ਹੀ। ਫਿਰ ਇਹ ਹੋਣਾ ਕੁਦਰਤੀ ਸੀ ਕਿ ਪੰਜਾਬ ਵਿਚੋਂ ਚੁਣੇ ਗਏ ‘ਆਪ’ ਦੇ ਚਾਰੇ ਹੀ ਮੈਂਬਰ ਪਾਰਲੀਮੈਂਟ ‘ਆਮ’ ਰਹਿਣ ਦੀ ਥਾਂ ‘ਸੁਪਰ ਮੈਂਬਰ ਪਾਰਲੀਮੈਂਟ’ ਬਣ ਜਾਂਦੇ। 
 ਇਸ ਤਰ੍ਹਾਂ ‘ਆਪ’ ਦੀ ਤਾਕਤ ਦਾ ਕੇਂਦਰ ਗੁੜਗਾਉਂ ਜਾਂ ਦਿੱਲੀ ਦੀ ਥਾਂ ਪਟਿਆਲੇ ਜਾਂ ਸੰਗਰੂਰ ਵਿਚ ਬਣਦਾ ਦਿਸਿਆ। ਇਹ ਸਭ ਕੁੱਝ ਹੋ ਹੀ ਰਿਹਾ ਸੀ ਕਿ ਪੰਜਾਬ ਵਿਚ ਦੋ ਵਿਧਾਨ ਸਭਾ ਸੀਟਾਂ {ਪਟਿਆਲਾ (ਸ਼ਹਿਰੀ) ਅਤੇ ਤਲਵੰਡੀ ਸਾਬੋ} ਦੀਆਂ ਉਪ-ਚੋਣਾਂ ਕਰਾਈਆਂ ਜਾਣ ਦਾ ਐਲਾਨ ਹੋ ਗਿਆ। ਇਹ ਉਪ ਚੋਣਾਂ 21 ਅਗੱਸਤ ਨੂੰ ਕਰਾਈਆਂ ਜਾਣੀਆਂ ਹਨ ਤੇ ਇਨ੍ਹਾਂ ਦਾ ਨਤੀਜਾ 25 ਅਗੱਸਤ ਨੂੰ ਸਾਹਮਣੇ ਆ ਜਾਣਾ ਹੈ। ਪੰਜਾਬ ਵਿਚ ਇਨ੍ਹਾਂ ਚੋਣਾਂ ਦੇ ਨਾਲ਼ ਹੀ ਕੁੱਝ ਹੋਰ ਸੂਬਿਆਂ ਵਿਚ ਵੀ ਅਸੈਂਬਲੀਆਂ ਦੀਆਂ ਉਪ ਚੋਣਾਂ ਹੋਣੀਆਂ ਹਨ। ਪੰਜਾਬ ਵਿਚ ਅਸੈਂਬਲੀ ਦੀਆਂ ਉਪ ਚੋਣਾਂ ਨੇ ‘ਆਮ ਆਦਮੀ ਪਾਰਟੀ’ ਦਾ ਅੰਦਰੂਨੀ ਕਲੇਸ਼ ਬੇਪਰਦ ਹੀ ਕਰ ਸੁੱਟਿਆ ਹੈ। ਤਲਵੰਡੀ ਸਾਬੋ ਦੀ ਉਪ ਚੋਣ ਲਈ ਟਿਕਟ ਦੀ ਖੋਹ-ਖਿੱਚ ਹੋਣ ਮਗਰੋਂ ਹਾਸ ਕਲਾਕਾਰ ਤੋਂ ਸੰਸਦ ਮੈਂਬਰ ਬਣੇ ਭਗਵੰਤ ਮਾਨ ਨੇ ਆਪਣੀ ਹਿੱਕ ਦੇ ਜ਼ੋਰ ਨਾਲ਼ ਇਹ ਟਿਕਟ ਗਾਇਕ ਬਲਕਾਰ ਸਿੱਧੂ ਨੂੰ ਦੁਆ ਦਿੱਤੀ। ਤਲਵੰਡੀ ਸਾਬੋ ਤੋਂ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਵਜੋਂ ਬਲਕਾਰ ਸਿੱਧੂ ਦਾ ਨਾਂ ਗੂੰਜਣ ਨਾਲ਼, ਭਗਵੰਤ ਮਾਨ ਤੋਂ ਬਗ਼ੈਰ ਸਾਰਾ ਪੰਜਾਬ ਨਰਾਜ਼ ਹੋਇਆ ਦਿਸਿਆ। ਸੋਸ਼ਲ ਮੀਡੀਆ ਉੱਤੇ ਤਰ੍ਹਾਂ-ਤਰ੍ਹਾਂ ਦੀਆਂ, ਖੁਣਸਾਂ ਭਰੀਆਂ ਟਿੱਪਣੀਆਂ ਵੀ ਹੋਈਆਂ।
ਆਖ਼ਰਕਾਰ ‘ਆਪ’ ਨੂੰ ਬਲਕਾਰ ਸਿੱਧੂ ਦੀ ਟਿਕਟ ਕੱਟ ਕੇ ਪ੍ਰੋ. ਬਲਜਿੰਦਰ ਕੌਰ ਨੂੰ ਦੇਣੀ ਪਈ। ਇਹੋ ਜਿਹੀਆਂ ਖ਼ਬਰਾਂ ਵੀ ਆਈਆਂ ਕਿ ਬਲਕਾਰ ਸਿੱਧੂ ਨੇ ‘ਕਦੋਂ ਜੰਮੀ-ਕਦੋਂ ਸੁਰਗ਼ਾਂ ਨੂੰ ਵੀ ਚਲੀ ਗਈ’ ਦੀ ਤਰਜ਼ ਉੱਤੇ ‘ਆਮ ਆਦਮੀ ਪਾਰਟੀ’ ਦੇ ਖ਼ਿਲਾਫ਼ ਬਗ਼ਾਵਤ ਕਰਦਿਆਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਹੀ ਨਹੀਂ ਕੀਤਾ, ਸਗੋਂ ਨਾਮਜ਼ਦਗ਼ੀ ਦੇ ਕਾਗ਼ਜ਼ ਵੀ ਦਾਖ਼ਲ ਕਰਾ ਦਿੱਤੇ। ਸੁਣਨ ਵਿਚ ਇਹ ਵੀ ਆਇਆ ਸੀ ਕਿ ਬਲਕਾਰ ਸਿੱਧੂ ਨੂੰ ‘ਆਪ’ ਦੀ ਟਿਕਟ ਦੁਆਉਣ ਵਿਚ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਨਾਲ਼ ਹੀ ਫ਼ਰੀਦਕੋਟ ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦਾ ਵੀ ਹੱਥ ਸੀ। ਪਿੰਡ ਜਗਾਰਾਮ ਤੀਰਥ ਦੀ 29 ਸਾਲਾ ਪ੍ਰੋ. ਬਲਜਿੰਦਰ ਕੌਰ ਨੂੰ ਤਲਵੰਡੀ ਸਾਬੋ ਤੋਂ ‘ਆਮ ਆਦਮੀ ਪਾਰਟੀ’ ਦੀ ਉਮੀਦਵਾਰ ਬਣਾਏ ਜਾਣ ਮਗਰੋਂ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਨੂੰ ਕਿੱਦਾਂ ਮਹਿਸੂਸ ਹੋਇਆ ਹੋਵੇਗਾ, ਇਹ ਸਮਝਣਾ ਜਾਂ ਮਹਿਸੂਸ ਕਰਨਾ ਕਿਸੇ ਲਈ ਵੀ ਔਖਾ ਨਹੀਂ ਹੈ। ਬਲਕਾਰ ਸਿੱਧੂ ਦਾ ਪੱਤਾ ਕਟਾਉਣ ਵਿਚ ਉਸ ਦੇ ਸਿਰ ਲੱਗੇ ‘ਬੰਦੇ ਸਮੱਗਲ ਕਰਨ ਦੇ ਦੋਸ਼’ ਨੇ ਮੁੱਖ ਰੋਲ ਨਿਭਾਇਆ ਹੈ। ਭਗਵੰਤ ਮਾਨ ਅਤੇ ਬਲਕਾਰ ਸਿੱਧੂ ਹਮਪੇਸ਼ਾ ਵੀ ਹਨ ਤੇ ਦੋਸਤ ਵੀ ਹਨ। ਪਾਰਲੀਮਾਨੀ ਚੋਣ ਦੌਰਾਨ ਵੀ ਬਲਕਾਰ ਸਿੱਧੂ, ਭਗਵੰਤ ਮਾਨ ਦੇ ਹੱਕ ਵਿਚ, ਉਸ ਨਾਲ਼ ਨੱਠ-ਭੱਜ ਕਰਦਾ ਰਿਹਾ ਹੈ। ਪ੍ਰੋ. ਸਾਧੂ ਸਿੰਘ, ਬਰਜਿੰਦਰਾ ਕਾਲਜ, ਫ਼ਰੀਦਕੋਟ ਵਿਚ ਉਸ ਦੇ ਉਸਤਾਦ ਰਹੇ ਹਨ। ਇਸ ਦੇ ਬਾਵਜੂਦ ਲੋਕਾਂ ਨੇ ਉਸ ਦੀਆਂ ਮਾੜੀਆਂ ਕਰਤੂਤਾਂ ਦਾ ਖ਼ੁਰਾ ਟੋਰਾਂਟੋ ਤਕ ਵੀ ਨੱਪ ਲਿਆ।
ਬਲਕਾਰ ਸਿੱਧੂ ਵੱਲੋਂ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਵਜੋਂ ਰੱਦ ਕੀਤੇ ਜਾਣ ਅਤੇ ਅਜ਼ਾਦ ਉਮੀਦਵਾਰ ਵਜੋਂ ਕਾਗ਼ਜ਼ ਭਰਨ ਤੋਂ ਇਕ ਦਿਨ ਮਗਰੋਂ ਭਗਵੰਤ ਮਾਨ ਨੇ ਕਿਹਾ ਕਿ ਉਹ ਬਲਕਾਰ ਸਿੱਧੂ ਨੂੰ ‘ਹੁਣ ਅਰਾਮ ਨਾਲ਼ ਬੈਠ ਜਾਣ ਲਈ’ ਮਨਾਉਣ ਖ਼ਾਤਰ ਹੀਲਾ ਕਰੇਗਾ। ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ, “ਬਲਕਾਰ ਮੈਨੂੰ ਛੋਟੇ ਭਰਾ ਵਰਗਾ ਹੈ ਤੇ ਮੈਂ ਪੂਰਾ ਟਿੱਲ ਲਾਵਾਂਗਾ ਕਿ ਉਹ ਬੈਠ ਜਾਵੇ ਕਿਉਂ ਕਿ ਉਸ ਵੱਲੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਨਾਲ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹੀ ਫ਼ਾਇਦਾ ਹੋਵੇਗਾ।” ਭਗਵੰਤ ਨੇ ਇਹ ਵੀ ਕਿਹਾ, “ਮੈਂ ਸਿੱਧੂ ਵੱਲੋਂ ਇਹ ਬਿਆਨ ਦੇਣ ’ਤੇ ਬਹੁਤ ਖ਼ੁਸ਼ ਹਾਂ ਕਿ ਉਹ ਅਰਵਿੰਦ ਕੇਜਰੀਵਾਲ ਲਈ ਤਲਵੰਡੀ ਸਾਬੋ ਦੀ ਉਪ ਚੋਣ ਜਿੱਤਣਾ ਚਾਹੁੰਦਾ ਹੈ, ਪਰ ਮੈਂ ਉਸ ਨਾਲ਼ ਗੱਲ ਕਰਾਂਗਾ ਕਿ ਉਸ ਦੀ ਇਹ ਹਰਕਤ, ‘ਆਪ’ ਦੀ ਉਮੀਦਵਾਰ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਵੇਗੀ।”
“ਉਹ (ਸਿੱਧੂ) ਹਾਲੇ ਜੁਆਨ ਹੈ ਤੇ ਉਸ ਕੋਲ ਖੇਡਣ ਲਈ ਬਹੁਤ ਸਮਾਂ ਹੈ। ਪਹਿਲਾਂ ਉਸ ਨੂੰ ਆਪਣੇ ਸਿਰ ਲੱਗੇ ਦੋਸ਼ਾਂ ਤੋਂ ਬਰੀ ਹੋਣਾ ਚਾਹੀਦਾ ਹੈ, ਫੇਰ ਪਾਰਟੀ, ਉਸ ਦੀ ਲਗਨ ਅਤੇ ਸਮਰਪਣ ਦੀ ਭਾਵਨਾ ਦੀ ਕਦਰ ਲਾਜ਼ਮੀ ਕਰੇਗੀ। ਉਹ, ਪੰਜਾਬ ਵਿਚ ਇਸ ਪਾਰਟੀ ਦੇ ਮੋਢੀ ਮੈਂਬਰਾਂ ਵਿਚੋਂ ਹੈ,” ਇਹ ਗੱਲ ਵੀ ਭਗਵੰਤ ਮਾਨ ਨੇ ਹੀ ਕਹੀ ਹੈ।
ਜਦੋਂ ਇਕ ਪੱਤਰਕਾਰ ਨੇ ਭਗਵੰਤ ਮਾਨ ਨੂੰ ਉਸ ਦੇ ਹੱਕ ਵਿਚ ਖੁੱਲ੍ਹ ਕੇ ਪ੍ਰਚਾਰ ਕਰਦੇ ਰਹੇ ਸਿੱਧੂ ਦੇ ਖ਼ਿਲਾਫ਼ ਪ੍ਰਚਾਰ ਕਰਨ ਸਬੰਧੀ ਇਕ ਸੁਆਲ ਪੁੱਛਿਆ ਤਾਂ ਮਾਨ ਨੇ ਕਿਹਾ, “ਤਲਵੰਡੀ ਸਾਬੋ ਅਤੇ ਪਟਿਆਲਾ ਮੇਰੇ ਹਲਕੇ ਵਿਚ ਤਾਂ ਪੈਂਦੇ ਨਹੀਂ, ਪਰ ਮੈਂ ਪਾਰਟੀ ਦਾ ਸੱਚਾ ਸਿਪਾਹੀ ਹੋਣ ਕਰ ਕੇ ਆਪਣਾ ਫ਼ਰਜ਼ ਇਮਾਨਦਾਰੀ ਨਿਭਾਵਾਂਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਲਕਾਰ ਨੇ ਮੇਰੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਸੀ, ਪਰ ਮੈਂ ਪਾਰਟੀ ਦੇ ਹੁਕਮਾਂ ’ਤੇ ਫੁੱਲ ਚੜ੍ਹਾਵਾਂਗਾ ਤੇ ‘ਆਪ’ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਾਂਗਾ ਕਿਉਂ ਕਿ ਮੇਰੀ ਲੜਾਈ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਹੈ।” 
ਜਦੋਂ ਭਗਵੰਤ ਮਾਨ ਨੂੰ ਇਹ ਪੁੱਛਿਆ ਗਿਆ ਕਿ ਕੀ ਉਸ ਨੇ ਬਲਕਾਰ ਸਿੱਧੂ ਨੂੰ ਟਿਕਟ ਦੁਆਉਣ ਲਈ ਜ਼ੋਰ ਲਾਇਆ ਸੀ ਕਿ ਨਹੀਂ, ਉਸ ਨੇ ਕਿਹਾ, “ਇਹ ਫੈਸਲਾ ‘ਆਮ ਆਦਮੀ ਪਾਰਟੀ’ ਦੀ ‘ਪਾਰਲੀਮਾਨੀ ਮਾਮਲਿਆਂ ਸਬੰਧੀ ਕਮੇਟੀ’ ਨੇ ਕੀਤਾ ਸੀ ਤੇ ਇਸ ਕਮੇਟੀ ਦੇ ਮੈਂਬਰਾਂ ਨੇ ਸਿੱਧੂ ਨੂੰ ਤਿੰਨ ਜਣਿਆਂ ਵਿਚੋਂ ਛਾਂਟਿਆ ਸੀ। ਹੁਣ ਵੀ ਇਸ ਕਮੇਟੀ ਨੇ ਹੀ ਉਮੀਦਵਾਰ ਬਦਲਣ ਦਾ ਫੈਸਲਾ ਕੀਤਾ ਹੈ। ਸੋ, ਮੈਂ ਉਮੀਦਵਾਰ ਚੁਣਨ ਜਾਂ ਰੱਦ ਕਰਨ ਵਿਚ ਕੋਈ ਰੋਲ ਨਹੀਂ ਨਿਭਾਇਆ।” 
“ਕੀ ਸਿੱਧੂ ਦੀ ਟਿਕਟ ਰੱਦ ਕਰਨ ਨਾਲ਼ ਤੁਹਾਨੂੰ ਕੋਈ ਝਟਕਾ ਵੀ ਲੱਗਿਆ ਹੈ?” ਇਸ ਦੇ ਜੁਆਬ ਵਿਚ ਉਸ ਨੇ ਕਿਹਾ, “ਜਦੋਂ ਇਹ ਫੈਸਲਾ ਹੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਲਿਆ ਹੈ ਤਾਂ ਮੈਨੂੰ ਝਟਕਾ ਕਿਉਂ ਲੱਗਣਾ ਹੋਇਆ?”
ਦੂਜੇ ਪਾਸੇ ਸਿੱਧੂ ਦੀ ਥਾਂ, ਉਮੀਦਵਾਰ ਬਣਾਈ ਗਈ ਪ੍ਰੋ. ਬਲਜਿੰਦਰ ਕੌਰ, ਫ਼ਤਿਹਗੜ੍ਹ ਸਾਹਿਬ ਤੋਂ ‘ਆਪ’ ਦੇ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖ਼ਾਲਸਾ ਦੀ ਨੇੜ-ਸਹਿਯੋਗਣ ਹੈ। ਅਜੇ ਇਹ ਦੇਖਣਾ ਵੀ ਘੱਟ ਦਿਲਚਸਪੀ ਭਰਿਆ ਨਹੀਂ ਹੋਵੇਗਾ ਕਿ ਕੀ ਭਗਵੰਤ ਮਾਨ ਅਤੇ ਬਲਕਾਰ ਸਿੱਧੂ, ਬਲਜਿੰਦਰ ਕੌਰ ਦੀ ਹਮਾਇਤ ਵਿਚ ਪ੍ਰਚਾਰ ਕਰਨ ਤੁਰਦੇ ਹਨ ਕਿ ਨਹੀਂ। ਇਸ ਤੋਂ ਪਹਿਲਾਂ ਭਗਵੰਤ ਮਾਨ ਇਹ ਵੀ ਕਹਿ ਚੁੱਕਾ ਹੈ ਕਿ ਬਲਕਾਰ ਸਿੱਧੂ ਉਸ ਲਈ ਛੋਟੇ ਭਰਾ ਵਰਗਾ ਹੈ ਤੇ ਉਹ, ਉਸ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਵੇਗਾ। ਇੱਥੇ ਇਹ ਗੱਲ ਵੀ ਦੱਸਣੀ ਹੀ ਪੈਣੀ ਹੈ ਕਿ ਪਿਛਲੀਆਂ ਲੋਕ ਸਭਾਈ ਚੋਣਾਂ ਦੌਰਾਨ ਭਗਵੰਤ ਮਾਨ ਆਪਣੇ ਮਿੱਤਰ ਅਤੇ ਸਿਆਸੀ ਉਸਤਾਦ ਰਹੇ ਮਨਪ੍ਰੀਤ ਬਾਦਲ ਦੇ ਹਲਕੇ ਬਠਿੰਡਾ ਵਿਚ, ਜਿੱਥੇ ਉਨ੍ਹਾਂ ਦੇ ਖ਼ਿਲਾਫ਼ ‘ਆਮ ਆਦਮੀ ਪਾਰਟੀ’ ਵੱਲੋਂ ਗਾਇਕ ਜੱਸੀ ਜਸਰਾਜ ਉਮੀਦਵਾਰ ਸੀ, ਚੋਣ ਪ੍ਰਚਾਰ ਕਰਨ ਤੋਂ ਟਲਦਾ ਰਿਹਾ ਹੈ।
“ਮੈਂ ਇਹ ਸੀਟ ਜਿੱਤ ਕੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਝੋਲੀ ਪਾਵਾਂਗਾ। ਕੁੱਝ ਲੋਕਾਂ ਨੇ ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ ਹੈ ਤੇ ਮੈਂ ਉਨ੍ਹਾਂ ਨੂੰ ਬੇਪਰਦ ਕਰ ਦਿਆਂਗਾ। ਮੈਨੂੰ ਸਥਾਨਕ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਸੀ ਤੇ ਸੂਬੇ ਦੀ ਹੁਕਮਰਾਨ ਪਾਰਟੀ ਨੂੰ ਮੇਰੇ ਤੋਂ ਖ਼ਤਰਾ ਸੀ। ਹੋ ਸਕਦਾ ਹੈ ਕਿ ਇਹ ਸਾਜ਼ਿਸ਼ ਦਾ ਮੁੱਢ ਹੀ ਹੁਕਮਰਾਨਾਂ ਨੇ ਬੰਨ੍ਹਿਆ ਹੋਵੇ,” ਬਲਕਾਰ ਸਿੱਧੂ ਦਾ ਕਹਿਣ ਹੈ।
ਪ੍ਰੋ. ਬਲਜਿੰਦਰ ਕੌਰ ਦਾ ਕਹਿਣ ਹੈ, “ਜਦੋਂ ਬਲਕਾਰ ਸਿੰਘ ਨੂੰ ਟਿਕਟ ਦਿੱਤੀ ਗਈ ਤਾਂ ਮੈਂ ਪਾਰਟੀ ਦਾ ਫੈਸਲਾ ਮੰਨਿਆ ਸੀ ਤੇ ਜਦੋਂ ‘ਆਪ’ ਨੇ ਮੈਨੂੰ ਚੋਣ ਲੜਨ ਲਈ ਕਿਹਾ ਤਾਂ ਵੀ ਮੈਂ ਪਾਰਟੀ ਦੇ ਉਸ ਫੈਸਲੇ ਅੱਗੇ ਸਿਰ ਝੁਕਾਇਆ ਹੈ।” ਜਦੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਕੀ ਭਗਵੰਤ ਮਾਨ ਉਸ ਲਈ ਚੋਣ ਪ੍ਰਚਾਰ ਕਰੇਗਾ ਤਾਂ ਉਸ ਨੇ ਕਿਹਾ, “ਉਹ ਲਾਜ਼ਮੀ ਆਵੇਗਾ। ਉਹ ਮੇਰੇ ਨਾਲ਼ ਹੈ ਅਤੇ ਚੋਣ ਮੁਹਿੰਮ ਵਿਚ ਸ਼ਾਮਲ ਹੋਵੇਗਾ।” 
ਇਸੇ ਹੀ ਸੁਆਲ ਦਾ ਜੁਆਬ ਬਲਕਾਰ ਸਿੱਧੂ ਨੇ ਏਦਾਂ ਦਿੱਤਾ, “ਮੈਨੂੰ ਭਗਵੰਤ ਮਾਨ, ਜਿਸ ਦਾ ਮੈਂ ਸਤਿਕਾਰ ਕਰਦਾ ਹਾਂ, ਬਾਰੇ ਕੁੱਝ ਪਤਾ ਨਹੀਂ, ਪਰ ਮੈਨੂੰ ਯਕੀਨ ਹੈ ਕਿ ਸੂਬੇ ਦੇ ਹਰ ਕੋਣੇ ਵਿਚੋਂ ਮੇਰੇ ਦੋਸਤ ਮੇਰੇ ਹੱਕ ਵਿਚ ਪ੍ਰਚਾਰ ਕਰਨ ਆਉਣਗੇ।” 
ਭਗਵੰਤ ਮਾਨ ਮੰਨੇ ਭਾਵੇਂ ਨਾ, ਪਰ ਬਲਕਾਰ ਸਿੱਧੂ ਦੀ ਟਿਕਟ ਪ੍ਰੋ. ਬਲਜਿੰਦਰ ਕੌਰ ਨੂੰ ਦਿੱਤੇ ਜਾਣ ਨਾਲ਼ ‘ਆਮ ਆਦਮੀ ਪਾਰਟੀ’ ਅਤੇ ਸਿਆਸੀ ਹਲਕਿਆਂ ਵਿਚ, ਉਸ ਦੇ ਵਕਾਰ ਨੂੰ ਸੱਟ ਤਾਂ ਲੱਗੀ ਹੀ ਹੈ। ਅੰਦਰਲੀਆਂ ਜਾਨਣ ਵਾਲ਼ੇ ਦੱਸਦੇ ਹਨ ਕਿ ਨਾ ਤਾਂ ਪਾਰਟੀ ਦੀ ਕਮੇਟੀ ਨੇ ਤੇ ਨਾ ਹੀ ਛਾਂਟੇ ਜਾਣ ਵਾਲ਼ੇ ਉਮੀਦਵਾਰਾਂ ਦੇ ‘ਪਿਛੋਕੜ ਬਾਰੇ ਜਾਣਕਾਰੀ ਦੇਣ ਵਾਲ਼ੀ’ ਦੋ ਮੈਂਬਰੀ ਟੀਮ ਨੇ ਬਲਕਾਰ ਸਿੱਧੂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਸੀ। ਪਾਰਟੀ ਦੇ ਸੂਤਰ ਵੀ ਇਹੋ ਗੱਲ ਕਹਿੰਦੇ ਹਨ ਕਿ ਭਗਵੰਤ ਮਾਨ ਨੇ ਬਲਕਾਰ ਸਿੱਧੂ ਲਈ ਟਿਕਟ ਦਾ ‘ਜੁਗਾੜ’ ਫ਼ਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨਾਲ਼ ਰਲ਼ ਕੇ ਕੀਤਾ ਸੀ। ਪਾਰਟੀ ਦੇ ਸੂਤਰ ਏਦਾਂ ਫ਼ਰਮਾਉਂਦੇ ਹਨ, “ਗਾਇਕ ਕਲਾਕਾਰਾਂ ਦੇ ਭਾਈਚਾਰੇ ਵਿਚੋਂ ਹੋਣ ਕਰ ਕੇ, ਸਿੱਧੂ ਤੇ ਮਾਨ ਦਾ ਆਪਸ ਵਿਚ ਗੂੜ੍ਹਾ ਧਰਮਿੱਕਾ ਹੈ। ਸਾਧੂ ਸਿੰਘ, ਬਲਕਾਰ ਦੀ ਹਮਾਇਤ ਇਸ ਕਰ ਕੇ ਕਰਦਾ ਹੈ ਕਿਉਂ ਕਿ ਬਲਕਾਰ ਉਸ ਦਾ ਵਿਦਿਆਰਥੀ ਰਿਹਾ ਹੈ।” 
ਭਗਵੰਤ ਮਾਨ ਵੱਲੋਂ ਬਲਕਾਰ ਸਿੱਧੂ ਲਈ ਟਿਕਟ ਦਾ ਜੁਗਾੜ ਕਰਨ ਬਾਰੇ ਘੁਸਰ-ਮੁਸਰ ਤਾਂ ਤਲਵੰਡੀ ਸਾਬੋ ਦੀ ਅਸੈਂਬਲੀ ਸੀਟ ਖਾਲੀ ਹੋਣ ਵੇਲ਼ੇਂ ਤੋਂ ਹੀ ਸੁਣਨ ਵਿਚ ਆਉਂਦੀ ਰਹੀ ਹੈ। ਕੁੱਝ ਅਰਸਾ ਪਹਿਲਾਂ ਸੁਨਾਮ ਵਿਚ ‘ਆਪ’ ਦੀ ਕੌਮੀ ਕਾਰਜਕਰਣੀ ਕਮੇਟੀ ਦੀ ਮੀਟਿੰਗ ਸੀ ਤੇ ਉਸ ਮੀਟਿੰਗ ਦੇ ਪਹਿਲੇ ਦਿਨ ਹੀ ਉੱਥੇ ਇਹ ਗੱਲ ਧੁੰਮੀ ਹੋਈ ਸੀ ਕਿ ਬਲਕਾਰ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਅਸੈਂਬਲੀ ਦੀ ਟਿਕਟ ਦਿੱਤੀ ਜਾ ਰਹੀ ਹੈ। ਬਲਕਾਰ ਸਿੱਧੂ ਮੀਟਿੰਗ ਵਾਲ਼ੀ ਥਾਂ ਆਪਣੇ ਗੱਡੀ ਭਰ ਹਮਾਇਤੀਆਂ ਨਾਲ਼ ਭਲਵਾਨੀ ਗੇੜੇ ਜਿਹੇ ਦਿੰਦਾ ਦਿਸਿਆ ਸੀ। ਉਹ ਵਾਰ-ਵਾਰ ਭਗਵੰਤ ਮਾਨ ਨਾਲ਼ ਘੁਸਰ-ਮੁਸਰ ਜਿਹੀ ਵੀ ਕਰੀ ਜਾਂਦਾ ਸੀ।ਉਦੋਂ ਉਸ ਨੂੰ ਏਦਾਂ ਹੀ ਲੱਗਦਾ ਸੀ ਕਿ ਉੱਥੇ ਹਾਜ਼ਰ ਲੋਕ, ਜਿਨ੍ਹਾਂ ਵਿਚੋਂ ਕੁੱਝ ਪੱਤਰਕਾਰ ਵੀ ਸਨ, ਅੰਨ੍ਹੇ ਹੀ ਹਨ। 
ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਭਗਵੰਤ ਮਾਨ ਨੇ, ਉਸ ਵੇਲ਼ੇ ਉਮੀਦਵਾਰ ਬਣਾਉਣ ਲਈ ਵਿਚਾਰ ਅਧੀਨ ਰੱਖੀ ਹੋਈ ਬੀਬੀ ਬਲਜਿੰਦਰ ਕੌਰ ਬਾਰੇ ਚੋਣਕਾਰਾਂ ਨੂੰ ਕੁੱਝ ‘ਮੰਦੀ’ ਜਾਣਕਾਰੀ ਵੀ ਦਿੱਤੀ ਸੀ। ਉਸ ਨੇ ਚੋਣਕਾਰਾਂ ਨੂੰ ਦੱਸਿਆ ਸੀ ਕਿ ਇਸ ਬੀਬੀ ਦੇ ਪਰਿਵਾਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ਼ ਸਬੰਧ ਹਨ ਅਤੇ ਉਸ (ਬੀਬੀ) ਦਾ ਇਕ ਰਿਸ਼ਤੇਦਾਰ (ਚਾਚਾ) ਦਹਿਸ਼ਤਗ਼ਰਦ ਰਿਹਾ ਹੈ।
‘ਆਪ’ ਦੀ ਪੰਜਾਬ ਇਕਾਈ ਦੇ ਇਕ ਸੀਨੀਅਰ ਲੀਡਰ ਦਾ ਕਹਿਣ ਹੈ, “ਢੁੱਕਵੇਂ ਉਮੀਦਵਾਰ ਛਾਂਟਣ ਲਈ ਬਣਾਈ ਹੋਈ ਦੋ ਮੈਂਬਰੀ ਕਮੇਟੀ ਨੇ ‘ਆਪ’ ਦੇ ਵਾਲੰਟੀਅਰਜ਼ ਬਲਜਿੰਦਰ ਕੌਰ, ਗੁਰਦੀਪ ਸਿੰਘ ਬਰਾੜ ਅਤੇ ਹਰਮੇਲ ਸਿੰਘ ਬਾਰੇ ਬਹੁਤ ਚੰਗੀ ਰਿਪੋਰਟ ਦਿੱਤੀ ਸੀ, ਪਰ ਬਲਕਾਰ ਸਿੱਧੂ ਦੇ ਨਾਮ ਦਾ ਜ਼ੋਰਦਾਰ ਵਿਰੋਧ ਹੋਇਆ ਸੀ। ਵਾਲੰਟੀਅਰਜ਼ ਨੇ ਬਹੁਤ ਹੀ ਸਪੱਸ਼ਟ ਢੰਗ ਨਾਲ਼ ਕਿਹਾ ਸੀ ਕਿ ਉਹ ਨਾ ਤਾਂ ਕਿਸੇ ਗਾਇਕ ਨੂੰ ਉਮੀਦਵਾਰ ਬਣਿਆ ਦੇਖਣਾ ਚਾਹੁੰਦੇ ਹਨ, ਨਾ ਹੀ ਹਲਕੇ ਤੋਂ ਬਾਹਰਲਾ ਕੋਈ ਬੰਦਾ ਉਮੀਦਵਾਰ ਬਣਾਉਣਾ ਪਸੰਦ ਕਰਦੇ ਹਨ। ਦੋ ਮੈਂਬਰੀ ਕਮੇਟੀ ਨੇ ਕੇਂਦਰੀ ਲੀਡਰਸ਼ਿੱਪ ਨੂੰ ਦੱਸ ਦਿੱਤਾ ਕਿ ਪੰਜਾਬ ਵਿਚ ਕਿਸੇ ਗਾਇਕ ਨੂੰ ਟਿਕਟ ਦੇਣ ਨਾਲ਼ ਕੀ-ਕੀ ਉਲਝਣਾਂ ਪੈਣਗੀਆਂ।”
ਸੂਤਰ ਦੱਸਦੇ ਹਨ ਕਿ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਨੇੜੇ ਹੋਣ ਦਾ ਫ਼ਾਇਦਾ ਉਠਾਉਂਦਿਆਂ ਕਿਸੇ ਤਰ੍ਹਾਂ ਉਨ੍ਹਾਂ ਦੇ ਮਨ ਵਿਚ ਇਹ ਗੱਲ ਵਸਾ ਦਿੱਤੀ ਕਿ ਬਲਕਾਰ ਸਿੱਧੂ ਨੇ ਤਲਵੰਡੀ ਸਾਬੋ ਵਿਚ ਵਾਲੰਟੀਅਰ ਕਮੇਟੀਆਂ ਬਣਾਉਣ ਵਿਚ ‘ਬਹੁਤਾ ਹੀ ਜ਼ਿਆਦਾ ਜ਼ੋਰ’ ਲਾਇਆ ਹੋਇਆ ਹੈ। ਉਸ ਨੇ ਕੇਜਰੀਵਾਲ ਨੂੰ ਇਹ ਵੀ ਦੱਸਿਆ ਕਿ ਬਲਕਾਰ ਨੇ ‘ਬਹੁਤ ਸਾਰੇ’ ਖ਼ੂਨਦਾਨ ਕੈਂਪ ਲਗਵਾਏ ਹੋਏ ਹਨ ਅਤੇ ਉਹ ਇਕ ਅਗਾਂਹਵਧੂ ਯਾਨੀ ਤਰੱਕੀਪਸੰਦ ਗਾਇਕ ਹੈ, ਜਿਸ ਨੇ ਰਵਾਇਤੀ ਗੀਤ ਹੀ ਗਾਏ ਹਨ। ਉਸ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਬਲਕਾਰ ਸਿੱਧੂ ਆਪਣੀ ਚੋਣ ਮੁਹਿੰਮ ਉੱਤੇ ਖ਼ਰਚਾ ਵੀ ਆਪ ਹੀ ਕਰੇਗਾ।
‘ਆਮ ਆਦਮੀ ਪਾਰਟੀ’ ਦੇ ਇਸ ਸੀਨੀਅਰ ਲੀਡਰ ਦਾ ਕਹਿਣ ਹੈ, “ਬਲਕਾਰ ਸਿੱਧੂ ਨੂੰ ਟਿਕਟ ਦੇਣ ਲਈ ਚੁਣਨਾ ਇਕ ਵਿਸ਼ੇਸ਼ ਮਿਸਾਲ ਹੈ, ਜਿਸ ਵਿਚ ਇਕੋ-ਇਕ ਲੀਡਰ ਨੇ ਸੂਬੇ ਦੀ ਸਮੁੱਚੀ ਕਾਰਜਕਰਣੀ ਕਮੇਟੀ ਦੀ ਗੋਡੀ ਲੁਆ ਕੇ, ਕੌਮੀ ਲੀਡਰਸ਼ਿੱਪ ਨੂੰ ਕਿਸੇ ਦੇ ਹੱਕ ਵਿਚ ਭਰਮਾਇਆ ਹੋਵੇ।” ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਭਗਵੰਤ ਮਾਨ ਨੇ ਬਹੁਤ ਪਹਿਲਾਂ ਹੀ ਬਲਕਾਰ ਸਿੱਧੂ ਨੂੰ ਇਹ ਵੀ ਦੱਸਿਆ ਹੋਇਆ ਸੀ ਕਿ 26 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਨੇ ਤਖ਼ਤ ਦਮਦਮਾ ਸਾਹਿਬ ਆਉਣਾ ਹੈ। ਉਸ ਦਿਨ ਵੀ ਉਹ ਦੋਵੇਂ ਜਣੇ, ਕੇਜਰੀਵਾਲ ਦੇ ਅੱਗੇ-ਪਿੱਛੇ ਫਿਰਦੇ ਦਿਸੇ ਸਨ। ਉਨ੍ਹਾਂ ਨੇ ਉਸ ਦਿਨ ਕੇਜਰੀਵਾਲ ਨਾਲ਼ ਕੀ-ਕੀ ਮਤੇ ਪਕਾਏ, ਇਸ ਦਾ ਕਿਸੇ ਨੂੰ ਕੋਈ ਇਲਮ ਨਹੀਂ। ਜਦੋਂ ਪੱਤਰਕਾਰਾਂ ਨੇ ਇਹ ਜਾਨਣ ਦੇ ਹੀਲੇ ਕੀਤੇ ਤਾਂ ਭਗਵੰਤ ਮਾਨ ਦਾ ਫੋਨ ‘ਸਵਿੱਚਡ ਔਫ’ ਸੀ।
ਬਲਕਾਰ ਸਿੱਧੂ ਨੂੰ ਟਿਕਟ ਦੇਣ ਦਾ ਫੈਸਲਾ ਵਾਪਸ ਲਏ ਜਾਣ ’ਤੇ ਹੀ ਉਸ ਵੱਲੋਂ ਬਗ਼ਾਵਤ ਕਰ ਕੇ ਅਜ਼ਾਦ ਉਮੀਦਵਾਰ ਵਜੋਂ ਕਾਗ਼ਜ਼ ਦਾਖ਼ਲ ਕਰ ਦੇਣੇ ਇਹ ਸਾਬਤ ਕਰਦਾ ਹੈ ਕਿ ਉਹ ‘ਆਪ’ ਦਾ ਕਿੰਨਾ ਕੁ ਵਫ਼ਾਦਾਰ ਸਿਪਾਹੀ ਹੈ। ਇਹੋ ਜਿਹੇ ਬੰਦੇ ਨੂੰ ਟਿਕਟ ਦੁਆਉਣ ਲਈ ਅੱਡੀਆਂ ਤਕ ਜ਼ੋਰ ਲਾਉਣਾ, ਭਗਵੰਤ ਮਾਨ ਦਾ ਕਿੰਨਾ ਕੁ ਪਾਏਦਾਰ ਕਦਮ ਸੀ, ਇਸ ਵਿਚ ਵੀ ਹੁਣ ਕੋਈ ਉਹਲਾ ਨਹੀਂ ਰਿਹਾ। ਅਰਵਿੰਦ ਕੇਜਰੀਵਾਲ, ਜੋ ਉਮੀਦਵਾਰ ਛਾਂਟਣ ਦੀਆਂ ਜ਼ਿੰਮੇਵਾਰੀਆਂ, ਜ਼ਿੰਮੇਵਾਰ ਲੋਕਾਂ ਨੂੰ ਸੌਂਪ ਕੇ ਵੀ ਭਗਵੰਤ ਮਾਨ ਦੀਆਂ ਗੱਲਾਂ ਵਿਚ ਆ ਗਏ, ਆਪ ਵੀ ਮਾਰ ਖਾ ਗਏ ਕਿਉਂ ਕਿ ਉਨ੍ਹਾਂ ਦੇ ਨੇੜ ਸਹਿਯੋਗੀਆਂ ਨੇ ਉਨ੍ਹਾਂ ਤੋਂ ਇਹ ਗੱਲ ਲੁਕਾ ਕੇ ਰੱਖੀ ਕਿ ਬਲਕਾਰ ਸਿੱਧੂ ਕਿਸੇ ਜ਼ਮਾਨੇ ਵਿਚ ‘ਕਬੂਤਰਬਾਜ਼ੀ’ ਕਰਦਾ ਰਿਹਾ ਹੈ ਤੇ ਉਸ ਨੇ ਇਸ ਕੰਮ ਵਿਚ ਆਪਣੇ ਪਿੰਡ ਪੂਹਲਾ ਦੇ ਲੋਕਾਂ ਨੂੰ ਵੀ ਨਹੀਂ ‘ਬਖ਼ਸ਼ਿਆ’ ਸੀ।
ਬਲਕਾਰ ਸਿੱਧੂ ਦਾ ਕਹਿਣ ਹੈ ਕਿ ਉਸ ਨੂੰ ਇਨ੍ਹਾਂ ਦੋਸ਼ਾਂ ਦੇ ਸਬੰਧ ਵਿਚ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਤੇ ਇਸ ਸਬੰਧ ਵਿਚ ਭਗਵੰਤ ਮਾਨ ਦੀਆਂ ਦਲੀਲਾਂ ਵੀ ਕੰਨਾਂ ਮੁੱਢ ਮਾਰ ਛੱਡੀਆਂ ਗਈਆਂ। ਉਸ ਨੇ ਇਹ ਵੀ ਕਿਹਾ ਕਿ ਉਸ ਦੀ ਟਿਕਟ ਰੱਦ ਕਰਨ ਦਾ ਫੈਸਲਾ ਤਾਨਾਸ਼ਾਹੀ ਭਰਿਆ ਹੈ। ਉਸ ਨੇ ਇਹ ਦਾਅਵਾ ਵੀ ਕੀਤਾ ਕਿ ਉਸ ਨੂੰ ਅਜ਼ਾਦ ਉਮੀਦਵਾਰ ਵਜੋਂ ਖੜ੍ਹਾ ਕਰਨ ਵਾਲ਼ਿਆਂ ਵਿਚ ‘ਆਪ’ ਦੇ ਬਹੁਤ ਸਾਰੇ ਮੈਂਬਰ ਸ਼ਾਮਲ ਹਨ। ਬਲਕਾਰ ਸਿੱਧੂ ਦੇ ਕਹਿਣ ਮੁਤਾਬਕ ‘ਆਮ ਆਦਮੀ ਪਾਰਟੀ’ ਵਿਚ ਵੀ ਕਈ ਕਾਲ਼ੀਆਂ ਭੇਡਾਂ ਹਨ, ਜਿਨ੍ਹਾਂ ਨੇ ਉਸ ਦਾ ਅਕਸ ਖਰਾਬ ਕਰ ਕੇ ਦਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ।ਇੱਥੇ ਇਹ ਦੱਸਣਾ ਵੀ ਠੀਕ ਹੀ ਰਹੇਗਾ ਕਿ ਤਲਵੰਡੀ ਸਾਬੋ ਦੀ ਸੀਟ, ਕਾਂਗਰਸੀ ਵਿਧਾਇਕ ਜੀਤ ਮੁਹਿੰਦਰ ਸਿੱਧੂ ਵੱਲੋਂ ਹੁਕਮਰਾਨ ਪਾਰਟੀ ਅਕਾਲੀ ਦਲ ਵਿਚ ਰਲ਼ ਜਾਣ ਕਾਰਨ ਖਾਲੀ ਹੋਈ ਸੀ ਯਾਨੀ ‘ਇਕ ਸਿੱਧੂ’ ਦੇ ਜਾਣ ਮਗਰੋਂ ‘ਉਸ ਦਾ ਦੂਜਾ ਸਿੱਧੂ ਭਰਾ’ ਇਸ ਸੀਟ ਉੱਤੇ ਬੈਠਣਾ ਚਾਹੁੰਦਾ ਸੀ। #
E-mail: bababax@gmail.com  Cell Phone: +91-950-175-9494