ਜ਼ਹਿਰ ਬਣ ਗਿਆ ਗੰਗਾ-ਜਲ
ਬਖ਼ਸ਼ਿੰਦਰ
ਹਿਮਾਲਾ ਦੀ ਕੁੱਖ ਵਿਚ ਟੀਹਰੀ ਗੜਵਾਲ ਇਲਾਕੇ ਵਿਚੋਂ, ਸਾਗ਼ਰ ਦੇ ਤਲ ਤੋਂ ਤਕਰੀਬਨ ਤੇਰਾਂ-ਚੌਦਾਂ ਹਜ਼ਾਰ ਫੁੱਟ ਦੀ ਉਚਾਈ ’ਤੇ ਗੰਗੋਤਰੀ ਤੋਂ ਨਿੱਕਲਦੀ ਗੰਗਾ ਨਦੀ ਨੰਦਾ ਦੇਵੀ, ਗੁਰਲਾ, ਮੰਧਾਤਾ, ਧੌਲਾਗਿਰੀ, ਗੇਸਾਇਥਨ, ਕੰਚਨਜੰਗਾ ਅਤੇ ਮਾਊਂਟ ਐਵਰੈਸਟ ਆਦਿ ਚੋਟੀਆਂ ਦੀ ਬਰਫ਼ ਦਾ ਨਿਰਮਲ ਜਲ ਲੈ ਕੇ ਆਉਂਦੀ ਹੈ। ਆਪਣੇ ਨਿਰਮਲ ਜਲ, ਜਿਸ ਨੂੰ ਅੰਮ੍ਰਿਤ ਕਰਾਰ ਦਿੰਦਿਆਂ ‘ਗੰਗਾ-ਜਲ’ ਕਿਹਾ ਜਾਂਦਾ, ਕਾਰਨ ਇਹ ਨਦੀ ਨਾ ਸਿਰਫ਼ ਬਹੁਤ ਪਵਿੱਤਰ ਅਤੇ ਦੈਵੀ ਮੰਨੀ ਗਈ ਹੈ, ਸਗੋਂ ਇਸ ਦੇ ਕੰਢੇ ਵਸੇ ਹੋਏ ਸ਼ਹਿਰਾਂ ਨੂੰ ਵੀ ਤੀਰਥ ਸਥਾਨਾਂ ਦਾ ਦਰਜਾ ਹਾਸਲ ਹੈ। ਗੰਗਾ, ਭਾਰਤ ਦੀ ਕੌਮੀ ਨਦੀ ਹੈ। ਭਾਰਤ ਦੇ ਮੈਦਾਨਾਂ ਵਿਚ ਵਸਦੇ ਲੋਕਾਂ ਲਈ ਗੰਗਾ ਜੀਵਨ-ਦਾਤੀ ਮੰਨੀ ਜਾਂਦੀ ਹੈ। ਭਾਰਤ ਵਿਚੋਂ ਲੰਘ ਕੇ ਇਹ ਨਦੀ ਬੰਗਲਾਦੇਸ਼ ਵਿਚ ਵੀ ਜਾਂਦੀ ਹੈ ਤੇ ਬੰਗਾਲ ਦੀ ਖਾੜੀ ਵਿਚ ਜਾ ਕੇ ਸਮੁੰਦਰ ਵਿਚ ਰਲ਼ ਜਾਂਦੀ ਹੈ।
ਗੰਗਾ ਦੇ ਆਰੰਭ ਬਾਰੇ ਇਕ ਕਹਾਣੀ ਹੈ। ਕਹਿੰਦੇ ਹਨ ਕਿ ਰਾਜਾ ਸਾਗ਼ਰ ਨੇ ਜਾਦੂਈ ਤਾਕਤ ਨਾਲ਼ ਸੱਠ ਹਜ਼ਾਰ ਪੁੱਤਰ ਹਾਸਲ ਕਰ ਲਏ ਸਨ। ਇਕ ਵਾਰ ਉਸ ਨੇ ਅਸ਼ਵਮੇਧ ਜੱਗ ਕਰਾਇਆ। ਇਸ ਜੱਗ ਤੋਂ ਖ਼ਾਰ ਖਾਂਦਿਆਂ ਇੰਦਰ ਨੂੰ ਇਕ ਇੱਲਤ ਸੁੱਝੀ ਅਤੇ ਉਸ ਨੇ ਰਾਜਾ ਸਾਗ਼ਰ ਦੇ ਮਹਿਲ ਵਿਚੋਂ ਇਕ ਘੋੜਾ ਚੋਰੀ ਕਰ ਲਿਆ। ਰਾਜੇ ਨੇ ਆਪਣੇ ਸਾਰੇ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਉਹ ਘੋੜਾ ਲੱਭ ਕੇ ਲਿਆਉਣ। ਉਨ੍ਹਾਂ ਨੇ ਪਤਾਲ ਵਿਚ ਉਹ ਘੋੜਾ, ਤਪੱਸਿਆ ਵਿਚ ਲੀਨ ਕਪਿਲ ਮੁਨੀ ਦੇ ਕੋਲ ਖੜ੍ਹਾ ਦੇਖਿਆ। ਰਾਜਕੁਮਾਰਾਂ ਨੇ ਰਿਸ਼ੀ ਦੀ ਤਪੱਸਿਆ ਹੀ ਭੰਗ ਨਹੀਂ ਕੀਤੀ, ਉਸ ਦੀ ਬੇਅਦਬੀ ਵੀ ਕੀਤੀ। ਗੁੱਸੇ ਵਿਚ ਆਏ ਰਿਸ਼ੀ ਨੇ ਰਾਜਕੁਮਾਰਾਂ ਵੱਲ਼ ਕ੍ਰ੍ਰੋਧ ਭਰੀ ਨਜ਼ਰ ਮਾਰ ਕੇ ਉਨ੍ਹਾਂ ਨੂੰ ਥਾਂਏਂ ਭਸਮ ਕਰ ਸੁੱਟਿਆ। ਰਾਜਕੁਮਾਰਾਂ ਦੀਆਂ ਰੂਹਾਂ ਭਟਕਣ ਲੱਗੀਆਂ। ਰਾਜਾ ਸਾਗ਼ਰ ਦਾ ਇਕ ਹੋਰ ਪੁੱਤਰ ਅੰਸ਼ੂਮਨ ਆਪਣੇ ਸੱਠ ਹਜ਼ਾਰ ਭਰਾਵਾਂ ਨੂੰ ਲੱਭਦਾ ਹੋਇਆ, ਰਿਸ਼ੀ ਕਪਿਲ ਦੇ ਆਸ਼ਰਮ ਪੁੱਜਿਆ। ਜਦੋਂ ਉਸ ਨੂੰ ਆਪਣੇ ਭਰਾਵਾਂ ਨਾਲ਼ ਹੋਈ-ਬੀਤੀ ਦਾ ਇਲਮ ਹੋਇਆ ਤਾਂ ਉਸ ਨੇ ਰਿਸ਼ੀ ਅੱਗੇ ਬੇਨਤੀ ਕੀਤੀ ਕਿ ਉਹ ਉਸ ਦੇ ਭਰਾਵਾਂ ਨੂੰ ਮੁਕਤ ਕਰਾਉਣ ਦਾ ਕੋਈ ਢੰਗ-ਤਰੀਕਾ ਦੱਸਣ। ਰਿਸ਼ੀ ਕਪਿਲ ਨੇ ਉਸ ਨੂੰ ਕਿਹਾ ਕਿ ਜੇ ਉਸ ਦੇ ਭਰਾਵਾਂ ਉੱਤੇ ਗੰਗਾ-ਜਲ ਛਿੜਕਿਆ ਜਾਵੇ ਤਾਂ ਉਨ੍ਹਾਂ ਨੂੰ ਪ੍ਰੇਤ ਜੂਨੀ ਤੋਂ ਛੁਟਕਾਰਾ ਮਿਲ ਸਕਦਾ ਹੈ।
ਰਿਸ਼ੀ ਕਪਿਲ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੰਸ਼ੂਮਨ ਨੇ ਬਹੁਤ ਹੀਲੇ ਕੀਤੇ, ਪਰ ਉਹ ਗੰਗਾ ਨੂੰ ਧਰਤੀ ’ਤੇ ਲਿਆਉਣ ਵਿਚ ਸਫ਼ਲ ਨਾ ਹੋਇਆ। ਅੰਸ਼ੂਮਨ ਦੇ ਪੁੱਤਰ ਦਲੀਪ ਨੇ ਵੀ ਕੋਸ਼ਿਸ਼ ਕੀਤੀ, ਪਰ ਉਹ ਵੀ ਨਾਕਾਮ ਰਿਹਾ। ਆਖ਼ਰਕਾਰ, ਦਲੀਪ ਦੇ ਪੁੱਤਰ ਭਗੀਰਥ ਨੇ ਬ੍ਰਹਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਸੇ ਦੀ ਬਦੌਲਤ ਉਹ ਗੰਗਾ ਨੂੰ ਧਰਤੀ ਉੱਤੇ ਲਿਆਉਣ ਵਿਚ ਕਾਮਯਾਬ ਹੋ ਗਿਆ। ਉਸ ਵੇਲ਼ੇ ਗੰਗਾ ਦਾ ਵਹਾਅ ਇੰਨਾ ਤੇਜ਼ ਸੀ ਕਿ ਉਸ ਵੱਲੋਂ ਦੇਵ ਲੋਕ ਵਿਚ ਦਾਖ਼ਲ ਹੋ ਜਾਣ ਦਾ ਖ਼ਤਰਾ ਹੋ ਗਿਆ ਸੀ। ਉਸ ਨੂੰ ਧਰਤੀ ’ਤੇ ਹੀ ਰੋਕ ਲੈਣ ਦੇ ਹੀਲੇ ਕੀਤੇ ਗਏ, ਜੋ ਕਾਮਯਾਬ ਰਹੇ। ਭਗੀਰਥ ਨੇ ਸ਼ਿਵ ਜੀ ਦੀ ਤਪੱਸਿਆ ਕਰ ਕੇ ਉਨ੍ਹਾਂ ਨੂੰ ਇਸ ਗੱਲ ਲਈ ਰਾਜ਼ੀ ਕੀਤਾ ਕਿ ਉਹ ਗੰਗਾ ਨੂੰ ਆਪਣੀਆਂ ਜਟਾਵਾਂ ਵਿਚ ਜਕੜ ਲੈਣ। ਸ਼ਿਵ ਜੀ ਨੇ ਗੰਗਾ ਧਰਤੀ ਉੱਤੇ ਛੱਡ ਦਿੱਤੀ, ਪਰ ਉਹ ਸੱਤ ਧਾਰਾਵਾਂ ਵਿਚ ਵੰਡੀ ਗਈ, ਜਿਨ੍ਹਾਂ ਦੇ ਨਾਂ ‘ਦਵਾਦਿਨੀ, ‘ਪਾਵਨੀ’, ‘ਵਾਕਸ਼ੂ’, ‘ਸੀਤਾ’, ‘ਸਿੰਧੂ’ ਅਤੇ ‘ਭਗੀਰਥੀ’ ਰੱਖੇ ਗਏ। ਇਨ੍ਹਾਂ ਵਿਚੋਂ ਪਹਿਲੀਆਂ ਤਿੰਨ ਤਾਂ ਪੂਰਬ ਵੱਲ ਵਹਿ ਗਈਆਂ ਤੇ ਤਿੰਨ ਪੱਛਮ ਵੱਲ ਨੂੰ ਵਹਿ ਤੁਰੀਆਂ। ਸੱਤਵੀਂ ਧਾਰਾ, ਭਗੀਰਥ ਦੇ ਕਹਿਣ ਮੁਤਾਬਕ ਵਹਿ ਗਈ ਹੋਣ ਕਾਰਨ ਹੀ ਭਗੀਰਥੀ ਅਖਵਾਈ ਸੀ। ਇਸ ਤਰ੍ਹਾਂ ਗੰਗਾ ਦਾ ਜਲ ਛਿੜਕਣ ਨਾਲ਼ ਰਾਜਾ ਸਾਗ਼ਰ ਦੇ ਸੱਠ ਹਜ਼ਾਰ ਪੁੱਤਰਾਂ ਨੂੰ ਮੁਕਤੀ ਮਿਲੀ ਸੀ। ਉਦੋਂ ਤੋਂ ਹੀ ਗੰਗਾ-ਜਲ ਪਵਿੱਤਰ ਮੰਨਿਆ ਜਾਂਦਾ ਹੈ।
ਓਦਾਂ, ਗੰਗਾ ਦੇ ਆਰੰਭ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਪ੍ਰਚੱਲਤ ਹਨ। ਇਕ ਹੋਰ ਕਹਾਣੀ ਮੁਤਾਬਕ ਗੰਗਾ ‘ਹਿਮਾਲਯ’ ਅਤੇ ‘ਮੈਨਾ’ ਦੀ ਧੀ ਸੀ। ਉਸ ਨੂੰ ਅਗਵਾ ਕਰ ਕੇ ਸੁਰਗਾਂ ਵਿਚ ਲਿਜਾਇਆ ਗਿਆ ਸੀ। ਉਸ ਵੇਲ਼ੇ ਤੋਂ ਗੰਗਾ ਨੇ ਕਮੰਡਲ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਸੀ।
ਹਰ ਸਾਲ ਮਈ ਦੇ ਅੰਤ ਵਿਚ ਜਾਂ ਜੂਨ ਦੇ ਸ਼ੁਰੂ ਵਿਚ ‘ਗੰਗਾ ਦਾ ਅਵਤਰਨਾ’ ਯਾਨੀ ਉਸ ਦੀ ਸੁਰਗ਼ਾਂ ਤੋਂ ਆਮਦ ਦੀ ਯਾਦ ਮਨਾਈ ਜਾਂਦੀ ਹੈ। ਕਹਿੰਦੇ ਹਨ ਕਿ ਇਸ ਮੌਕੇ ’ਤੇ ਇਸ ਨਦੀ ਵਿਚ ਟੁੱਭੀ ਲਾਉਣ ਵਾਲ਼ੇ ਦੇ ਦਸ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ। ਹਿਮਾਲਾ ਤੋਂ ਨਿੱਕਲ ਕੇ, ਗੰਗਾ ਮੈਦਾਨਾਂ ਵਿਚ ਹਰਿਦੁਆਰ ਪੁੱਜਦੀ ਹੈ। ਫਿਰ ਪ੍ਰਯਾਗ ਵਿਖੇ ਜਮਨਾ ਨਾਲ਼ ‘ਸੰਗਮ’ ਕਰਨ ਮਗਰੋਂ ਵਾਰਾਨਸੀ ਪਹੁੰਚਦੀ ਹੈ। ਫਿਰ ‘ਗੰਗਾ-ਸਾਗ਼ਰ’ ਵਿਖੇ ਉਹ ਸਮੁੰਦਰ ਵਿਚ ਰਲ਼ ਜਾਂਦੀ ਹੈ। ਹਿਮਾਲਾ ਦੇ ਇਲਾਕੇ ਵਿਚ ਗੰਗਾ ਨੂੰ, ਭਗੀਰਥ ਦੇ ਯੋਗਦਾਨ ਕਾਰਨ ‘ਭਗੀਰਥੀ’ ਵੀ ਕਿਹਾ ਜਾਂਦਾ ਹੈ। ਗੰਗਾ ਦਾ ਇਕ ਹੋਰ ਨਾਂ ‘ਜਾਹਨਵੀ’ ਵੀ ਹੈ। ਗੰਗਾ ਦੀ ਮਹਿਮਾ ਯੁੱਗਾਂ ਤੋਂ ਹੁੰਦੀ ਆਈ ਹੈ। ਸੁਰਗਾਂ ਤੋਂ ਆਈ ਮੰਨੀ ਜਾਂਦੀ ਨਦੀ, ਲੋਕਾਂ ਨੂੰ ਸੁਰਗਾਂ ਵਿਚ ਭੇਜਣ ਦਾ ਕੰਮ ਵੀ ਕਰਦੀ ਆਈ ਹੈ, ਜਿਸ ਕਰ ਕੇ ਇਸ ਨੂੰ ‘ਤ੍ਰਿਲੋਕ ਪਥ ਗਾਮਿਨੀ’ ਯਾਨੀ ‘ਤੀਨ ਲੋਕ ਦੀ ਯਾਤਰਾ ਕਰਨ ਵਾਲ਼ੀ’ ਵੀ ਮੰਨਿਆ ਜਾਂਦਾ ਹੈ। ਹਿੰਦੂ ਰਵਾਇਤਾਂ ਮੁਤਾਬਕ ਇਹ ਨਦੀ ਸੁਰਗਾਂ ਵਿਚ, ਧਰਤੀ ਉੱਤੇ ਅਤੇ ਪਤਾਲ ਵਿਚ ਵੀ ਵਹਿੰਦੀ ਹੈ। ਇਸ ਨੂੰ ਤੀਰਥ ਦਾ ਦਰਜਾ ਹਾਸਲ ਹੈ।
ਤਕਰੀਬਨ 250 ਕਿਲੋ ਮੀਟਰ ਯਾਨੀ 160 ਮੀਲ ਦਾ ਫਾਸਲਾ ਹਿਮਾਲਾ ਦੀ ਵਾਦੀ ਵਿਚ ਤੈਅ ਕਰ ਕੇ, ਰਿਸ਼ੀਕੇਸ਼ ਵਿਖੇ ਇਹ ਨਦੀ ਮੈਦਾਨਾਂ ਵਿਚ ਦਾਖ਼ਲ ਹੁੰਦੀ ਹੈ।ਹਰਿਦੁਆਰ ਨੇੜੇ ਇਸ ਦਾ ਕੁੱਝ ਪਾਣੀ ਇਕ ਡੈਮ ਰਾਹੀਂ ‘ਗੰਗਾ ਨਹਿਰ’ ਵਿਚ ਪਾਇਆ ਹੋਇਆ ਹੈ। ਇਸ ਨਹਿਰ ਨਾਲ਼ ਉੱਤਰ ਪ੍ਰਦੇਸ਼ ਦਾ ਦੋਆਬ ਇਲਾਕਾ ਸਿੰਜਿਆ ਜਾਂਦਾ ਹੈ। ਅੱਗੇ ਇਹ ਨਦੀ ਤਕਰੀਬਨ 800 ਕਿਲੋ ਮੀਟਰ ਦਾ ਸਫ਼ਰ ਕਰ ਕੇ ਕਨੌਜ, ਫ਼ਾਰੁਖ਼ਾਬਾਦ ਅਤੇ ਕਾਨਪੁਰ ਤੋਂ ਹੋ ਕੇ ਲੰਘਦੀ ਹੈ। ਇਸ ਰਾਹ ਵਿਚ ਹੀ ‘ਰਾਮ ਗੰਗਾ’ ਨਾਂ ਦੀ ਨਦੀ ਇਸ ਵਿਚ ਰਲ਼ ਜਾਂਦੀ ਹੈ। ਅਲਾਹਾਬਾਦ ਵਿਖੇ ਗੰਗਾ ਅਤੇ ਜਮਨਾ ਆਪਸ ਵਿਚ ਰਲ਼ਦੀਆਂ ਹਨ ਤੇ ਇਸ ਮਿਲਾਪ-ਸਥਾਨ ਨੂੰ ‘ਤ੍ਰਿਵੇਣੀ ਸੰਗਮ’ ਕਿਹਾ ਜਾਂਦਾ ਹੈ। ਇਸ ਤੋਂ ਅੱਗੇ ਗੰਗਾ ਨਦੀ ਚੁਨਾਰ, ਮਿਰਜ਼ਾ ਪੁਰ, ਵਾਰਾਨਸੀ, ਗ਼ਾਜ਼ੀ ਪੁਰ, ਪਟਨਾ, ਬਲੀਆ, ਬਕਸਰ, ਸਿਮਰੀਆ, ਸੁਲਤਾਨ ਗੰਜ ਅਤੇ ਸੈਦ ਪੁਰ ਸ਼ਹਿਰਾਂ ਨੇੜਿਓਂ ਲੰਘਦੀ ਹੈ। ਫਿਰ ਇਹ ਨਦੀ ਭਾਗਲ ਪੁਰ ਅਤੇ ਪਾਕੁਰ ਹੁੰਦੀ ਹੋਈ, ਬੰਗਲਾ ਦੇਸ਼ ਵੱਲ ਚਲੀ ਜਾਂਦੀ ਹੈ। ਬੰਗਲਾਦੇਸ਼ ਤੋਂ ਉਰ੍ਹਾਂ ਹੀ ਫਰਾਕਾ ਬੈਰੇਜ ਵਿਖੇ ਇਸ ਦਾ ਪਾਣੀ ਹੁਗਲੀ ਨਦੀ ਦੇ ਪਾਣੀ ਵਿਚ ਰਲ਼ਾ ਦਿੱਤਾ ਜਾਂਦਾ ਹੈ। ਫਿਰ ਹੁਗਲੀ ਨਦੀ, ਗੰਗਾ ਦੇ ਪਾਣੀ ਸਮੇਤ ਸਾਗ਼ਰ ਟਾਪੂ ਦੇ ਨੇੜੇ ਬੰਗਾਲ ਦੀ ਖਾੜੀ ਵਿਚ ਪੈ ਜਾਂਦੀ ਹੈ, ਪਰ ਇਸ ਤੋਂ ਪਹਿਲਾਂ ਉਹ ਮੁਰਸ਼ਿਦਾਬਾਦ, ਕੋਲਕਾਤਾ ਅਤੇ ਹਾਵੜਾ ਸ਼ਹਿਰਾਂ ਕੋਲੋਂ ਲੰਘਦੀ ਹੈ।
ਬੰਗਲਾਦੇਸ਼ ਵਿਚ ‘ਗੰਗਾ’ ਦਾ ਨਾਮ ‘ਪਦਮਾ’ ਹੋ ਜਾਂਦਾ ਹੈ। ਫਿਰ ਉਸ ਵਿਚ ਬ੍ਰਹਮਪੁੱਤਰ ਦਰਿਆ ਵਿਚੋਂ ਨਿੱਕਲੀ ਨਦੀ ‘ਜਮਨਾ’ ਆ ਰਲ਼ਦੀ ਹੈ। ਉਸ ਤੋਂ ਅੱਗੇ ਫਿਰ ਬ੍ਰਹਮਪੁੱਤਰ ਵਿਚੋਂ ਨਿੱਕਲਦੀ ਇਕ ਹੋਰ ਵੱਡੀ ਨਦੀ ‘ਮੇਘਨਾ’ ਵੀ ‘ਪਦਮਾ’ ਵਿਚ ਰਲ਼ ਜਾਂਦੀ ਹੈ। ਫਿਰ ‘ਮੇਘਨਾ’ ਬੰਗਾਲ ਦੀ ਖਾੜੀ ਵਿਚ ਜਾ ਰਲ਼ਦੀ ਹੈ। ਗੰਗਾ ਅਤੇ ਬ੍ਰਹਮਪੁੱਤਰ ਦੀਆਂ ਸਹਾਇਕ ਨਦੀਆਂ ਨਾਲ਼ ਬੰਗਾਲ ਦੀ ਖਾੜੀ ਵਿਚ ਬਣਿਆ ਹੋਇਆ ਡੈਲਟਾ 59,000 ਵਰਗ ਕਿਲੋ ਮੀਟਰ ਯਾਨੀ 23,000 ਵਰਗ ਮੀਲ ਰਕਬੇ ਵਿਚ ਹੋਣ ਕਾਰਨ ਜਹਾਨ ਦਾ ਸਭ ਤੋਂ ਵੱਡਾ ਡੈਲਟਾ ਹੈ ਅਤੇ ਬੰਗਾਲ ਦੀ ਖਾੜੀ ਦੇ ਨਾਲ਼-ਨਾਲ਼, ਇਹ ਡੈਲਟਾ 322 ਕਿਲੋ ਮੀਟਰ ਯਾਨੀ 200 ਮੀਲ ਤਕ ਫੈਲਿਆ ਹੋਇਆ ਹੈ।
ਹਰ ਹਿੰਦੂ ਦੀ ਦਿਲੀ ਇੱਛਾ ਹੁੰਦੀ ਹੈ ਕਿ ਮਰਨ ਮਗਰੋਂ ਉਸ ਦਾ ਅੰਤਮ ਸੰਸਕਾਰ ਵਾਰਾਨਸੀ ਵਿਚ ਗੰਗਾ ਦੇ ਕੰਢੇ ‘ਮਹਾ ਸ਼ਮਸ਼ਾਨ’ ਵਿਚ ਕੀਤਾ ਜਾਵੇ। ਕਹਿੰਦੇ ਹਨ ਕਿ ਜੋ ਵਾਰਨਸੀ ਵਿਚ ਮਰਦਾ ਹੈ ਤੇ ਜਿਸ ਨੂੰ ਗੰਗਾ-ਕਿਨਾਰੇ ਦਾਗ਼ ਦਿੱਤਾ ਜਾਂਦਾ ਹੈ, ਉਹ ਤੁਰੰਤ ਹੀ ਮੁਕਤ ਹੋ ਜਾਂਦਾ ਹੈ। ਤਕਰੀਬਨ 2525 ਕਿਲੋ ਮੀਟਰ (1569 ਮੀਲ) ਲੰਬੀ ਇਸ ਨਦੀ ਦੀ ਪਵਿੱਤਰਤਾ ਦੇ ਕਾਰਨ ਹੀ ਇਸ ਦੀ ਪੂਜਾ ਕੀਤੀ ਜਾਂਦੀ ਹੈ। ਪਹਾੜਾਂ ਵਿਚ ਸ਼ਰਧਾਲੂਆਂ ਵੱਲੋਂ ਆਪਣੇ ਤਨ-ਮਨ ਦੀ ਮੈਲ਼ ਲਾਹੁਣ ਲਈ ਗੰਗਾ ਵਿਚ ਟੁੱਭੀ ਲਾਉਣ ਲਈ ਕੰਢਿਆਂ ਉੱਤੇ ਸੰਗਲ ਲਮਕਾਏ ਹੁੰਦੇ ਹਨ ਕਿਉਂ ਕਿ ਉੱਥੇ ਪਾਣੀ ਦਾ ਵਹਾਅ ਤੇਜ਼ ਹੁੰਦਾ ਹੈ, ਜਿਸ ਕਾਰਨ ਤਨ ਦੀ ਮੈਲ਼ ਲਾਹ ਕੇ ਰੋਹੜਨ ਦੀ ਥਾਂ ਸਮੁੱਚਾ ਜਿਸਮ ਹੀ ਰੁੜ੍ਹ ਜਾਣ ਦਾ ਖ਼ਤਰਾ ਹੁੰਦਾ ਹੈ, ਪਾਪ ਧੋਤੇ ਜਾਣ ਦੀ ਥਾਂ, ਪਾਪੀ ਸਰੀਰ ਹੀ ਧੋ ਨਹੀਂ, ‘ਧੂਹ ਸੁੱਟੇ ਜਾਣ’ ਦਾ ਖ਼ਦਸ਼ਾ ਹੁੰਦਾ ਹੈ।
ਹੁਣ ਗੰਗਾ ਬਾਰੇ ਕੁੱਝ ਹੋਰ ਗੱਲਾਂ, ਜੋ ਸ਼ਾਇਦ ਇਸ ਦੇ ਸ਼ਰਧਾਲੂਆਂ ਨੂੰ ਘੱਟ ਹੀ ਹਜ਼ਮ ਹੋਣ। ਸੰਨ 2007 ਵਿਚ ਗੰਗਾ ਜਹਾਨ ਭਰ ਦੀ ਪੰਜਵੀਂ ਸਭ ਤੋਂ ਵੱਧ ਗੰਧਲੀ ਨਦੀ ਮੰਨੀ ਗਈ ਸੀ।ਉਸ ਵੇਲ਼ੇ ਇਸ ਦਾ ਪਾਣੀ ਯਾਨੀ ‘ਗੰਗਾ-ਜਲ’ ਇੰਨਾ ਗੰਧਲਾ ਹੋ ਗਿਆ ਸੀ ਕਿ ਉਹ ਇਸ ਵਿਚ ਇਸ਼ਨਾਨ ਕਰਨ ਵਾਲ਼ੇ ਲੋਕਾਂ ਲਈ ਤਾਂ ਖ਼ਤਰਨਾਕ ਹੋ ਹੀ ਗਿਆ ਸੀ, ਪਾਣੀ ਅੰਦਰਲੇ ਜੀਵ-ਜੰਤੂਆਂ ਲਈ ਵੀ ਘਾਤਕ ਹੋ ਗਿਆ ਸੀ। ਫਿਰ ‘ਗੰਗਾ-ਜਲ’ ਨੂੰ ਸੱਚੀਂ ਹੀ ਸਾਫ ਕਰਨ ਲਈ ‘ਗੰਗਾ ਐਕਸ਼ਨ ਪਲੈਨ’ ਯਾਨੀ ਇਕ ਯੋਜਨਾ ਬਣਾਈ ਗਈ। ਇਹ ਯੋਜਨਾ, ਜਿੰਨੇ ਜੋਸ਼-ਖ਼ਰੋਸ਼ ਨਾਲ਼ ਬਣਾਈ ਗਈ ਸੀ, ਉਸ ਤੋਂ ਕਿਤੇ ਵੱਧ ਭ੍ਰਿਸ਼ਟਾਚਾਰ ਦੇ ਕਾਰਨ ਅਸਫ਼ਲ ਹੋ ਗਈ। ਲੋਕਾਂ ਦੀ ਮੁਕਤੀ ਕਰਾਉਂਦੀ ਗੰਗਾ ਆਪ ਗੰਦ ਮੁਕਤ ਨਾ ਹੋ ਸਕੀ। ਇਸ ਤੋਂ ਮੁਕਤੀ ਭਾਲਣ ਵਾਲ਼ਿਆਂ ਨੇ ਹੀ ਇਸ ਨੂੰ ‘ਗੰਦ-ਗ਼ੁਲਾਮ’ ਬਣੀ ਰਹਿਣ ਦਿੱਤਾ।
ਗੰਗਾ-ਜਲ, ਜਿਸ ਬਾਰੇ ਇਹ ਸਮਝਿਆ ਜਾਂਦਾ ਸੀ ਕਿ ਉਹ ਤਨ-ਮਨ ਦੀ ਮੈਲ਼ ਲਾਹ ਕੇ ਆਪਣੇ ਨਾਲ਼ ਵਹਾ ਲੈ ਜਾਂਦਾ ਸੀ ਤੇ ਤਨ-ਮਨ ਸਾਫ-ਸਵੱਛ ਕਰ ਜਾਂਦਾ ਹੈ, ਹੁਣ ਆਪ ਇੰਨਾ ਮੈਲ਼ਾ ਹੋ ਚੁੱਕਾ ਹੈ ਕਿ ਉਸ ਨਾਲ ਜਿਸਮ ਧੋਇਆ ਜਾਣ ਦੀ ਥਾਂ ਮੈਲ਼ ਨਾਲ਼ ਅਤੇ ਬਿਮਾਰੀਆਂ ਦੇ ਕੀਟਾਣੂਆਂ ਨਾਲ਼ ਲਿੱਬੜ ਜਾਂਦਾ ਹੈ। ਗੰਗਾ ਦੇ ‘ਮੈਲ਼ੀ’ ਜਾਂ ਗੰਧਲੀ ਹੋਣ ਦੇ ਕਈ ਕਾਰਨ ਹਨ। ਜੇ ਗੰਗਾ ਦੀ ਮੈਲ਼ ਦਾ ਅਸਰ, ਇਸ ਦੇ ਕੰਢਿਆਂ ਉੱਤੇ ਰਹਿੰਦੇ ਕਰੋੜਾਂ ਲੋਕਾਂ ਉੱਤੇ ਪੈਂਦਾ ਹੈ ਤਾਂ ਉਹੀ ਕਰੋੜਾਂ ਲੋਕ ਵੀ ਹਰ ਰੋਜ਼ ਇਸ ਨੂੰ ਮੈਲ਼ੀ ਹੀ ਨਹੀਂ, ਜ਼ਹਿਰੀਲੀ ਕਰਨ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਹਨ। ਇਸ ਨਦੀ ਦੇ ਕੰਢਿਆਂ ਉੱਤੇ ਵਸੇ ਹੋਏ ਸ਼ਹਿਰਾਂ ਦਾ ਗੰਦਾ ਪਾਣੀ ਅਤੇ ਕੂੜ-ਕਬਾੜ ਵੀ ‘ਗੰਗਾ-ਜਲ’ ਵਿਚ ਪਾ ਦਿੱਤਾ ਜਾਂਦਾ ਹੈ। ਬਹੁਤ ਸਾਰੇ ਗ਼ਰੀਬ-ਗ਼ੁਰਬੇ ਗੰਗਾ ਦੇ ਕੰਢੇ ਹੀ ਰਹਿਣ-ਸਹਿਣ ਕਰਨ ਦੇ ਨਾਲ਼-ਨਾਲ਼, ਗੰਗਾ ਵਿਚ ਹੀ ਨਹਾਉਂਦੇ-ਧੋਂਦੇ ਹਨ।
ਵਿਸ਼ਵ ਬੈਂਕ ਦੇ ਇਕ ਕਿਆਫ਼ੇ ਅਨੁਸਾਰ, ਭਾਰਤ ਵਿਚ ਪਾਣੀ ਗੰਧਲਾ ਹੋਣ ਨਾਲ਼ ਲੱਗਦੀਆਂ ਬਿਮਾਰੀਆਂ ਦੇ ਇਲਾਜ ਉੱਤੇ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ ਦਾ ਤਿੰਨ ਫੀ ਸਦੀ ਹਿੱਸਾ ਖ਼ਰਚ ਆਉਂਦਾ ਹੈ। ਇਹ ਵੀ ਸੁਣਨ ਵਿਚ ਆਇਆ ਹੈ ਕਿ ਭਾਰਤ ਵਿਚ ਲੋਕਾਂ ਨੂੰ ਲੱਗਦੀਆਂ ਅੱਸੀ ਫੀ ਸਦੀ ਬਿਮਾਰੀਆਂ ਦੀ ਅਤੇ ਹੁੰਦੀਆਂ ਇਕ-ਤਿਹਾਈ ਮੌਤਾਂ ਦੀ ਵਜ੍ਹਾ, ਗੰਦਾ ਪਾਣੀ ਹੀ ਹੈ। ਵਾਰਾਨਸੀ, ਜਿਸ ਦੀ ਆਪਣੀ ਵਸੋਂ ਦਸ ਲੱਖ ਹੈ ਤੇ ਜਿੱਥੇ ਹਜ਼ਾਰਾਂ ਸ਼ਰਧਾਲੂ, ਗੰਗਾ ਵਿਚ ਟੁੱਭੀ ਲਾਉਣ ਆਏ ਰਹਿੰਦੇ ਹਨ, ਹਰ ਰੋਜ਼ 20 ਕਰੋੜ ਲਿਟਰ ਗੰਦ ਗੰਗਾ ਵਿਚ ਰੋੜ੍ਹ ਛੱਡਦਾ ਹੈ। ਇਸ ਸ਼ਹਿਰ ਨਾਲ਼ ਲੱਗਦੇ ਗੰਗਾ ਦੇ ਘਾਟਾਂ ਤੋਂ ਲੰਘਦਾ ਪਾਣੀ, ਡਾਕਟਰੀ ਪੱਖ ਤੋਂ ਬਹੁਤਾ ਹੀ ਗੰਦਾ ਹੈ।
ਇਸ ਤੋਂ ਇਲਾਵਾ ਵਾਰਾਨਸੀ ਦੇ ਘਾਟਾਂ ਉੱਤੇ ਹਰ ਰੋਜ਼ ਬਹੁਤ ਸਾਰੀਆਂ ਦੇਹਾਂ ਨੂੰ ਦਾਗ਼ ਦਿੱਤਾ ਜਾਂਦਾ ਹੈ। ਉਨ੍ਹਾਂ ਦੇਹਾਂ ਦੀਆਂ ਅਸਥੀਆਂ ਤੇ ਸੁਆਹ ਵੀ ਗੰਗਾ ਦੇ ਹਿੱਸੇ ਹੀ ਆਉਂਦੀਆਂ ਹਨ। ਜਦੋਂ ਵਾਰਾਨਸੀ ਵਿਚ ਹੈਜ਼ਾ ਫੈਲਿਆ ਹੋਇਆ ਸੀ ਤਾਂ ਬਹੁਤ ਸਾਰੀਆਂ ਅਣਸੜੀਆਂ ਲਾਸ਼ਾਂ ਵੀ ਗੰਗਾ ਦੇ ਪਾਣੀ ਵਿਚ ਵਹਾਈਆਂ ਜਾਂਦੀਆਂ ਰਹੀਆਂ ਹਨ। ਹੁਣ ਤਾਂ ਧਾਰਮਕ ਸ਼ਖ਼ਸੀਅਤਾਂ ਅਤੇ ਗਰਭਵਤੀ ਔਰਤਾਂ ਦੇ ਨਾਲ਼-ਨਾਲ਼, ਕੋਹੜ ਅਤੇ ਚੇਚਕ ਨਾਲ਼, ਸੱਪ ਲੜਨ ਨਾਲ਼ ਮਰਨ ਵਾਲ਼ੇ ਲੋਕ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਫੂਕਣ ਦੀ ਥਾਂ, ਗੰਗਾ ਵਿਚ ਰੋੜ੍ਹ ਦਿੱਤੇ ਜਾਂਦੇ ਹਨ। ਬਾਲਣ ਮਹਿੰਗਾ ਹੋਣ ਕਾਰਨ ਬਹੁਤ ਸਾਰੀਆਂ ਅੱਧਸੜੀਆਂ ਲਾਸ਼ਾਂ ਵੀ ਗੰਗਾ ਦੇ ਪਾਣੀ ਵਿਚ ਵਹਾ ਦਿੱਤੀਆਂ ਜਾਂਦੀਆਂ ਹਨ।
ਵਾਰਾਨਸੀ ਤੋਂ ਅੱਗੇ ਤਾਂ ਗੰਗਾ ‘ਬਹੁਤ ਹੀ ਜ਼ਹਿਰੀਲੀ ਨਾਗ਼ਣ’ ਵਾਂਗ ਮੇਲ੍ਹਦੀ ਜਾਂਦੀ ਹੈ। ਜਿਸ ਗੰਗਾ-ਜਲ ਨਾਲ਼ ਕਿਸੇ ਦੀ ਮੁਕਤੀ ਹੋ ਜਾਂਦੀ ਸੀ, ਹੁਣ ਉਹੀ ਗੰਗਾ-ਜਲ ਪੀਣ ਨਾਲ਼, ਕੈਂਸਰ ਵਰਗੀਆਂ ਕਈ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ। ਇਸ ਨਦੀ ਦੀ ਸਫਾਈ ਕਰਾਉਣ ਲਈ ਇਕ ਕਾਰਵਾਈ ਯੋਜਨਾ ਬਣਾਈ ਗਈ ਸੀ, ਪਰ ਉਹ ਸਿਰੇ ਹੀ ਨਹੀਂ ਚੜ੍ਹ ਸਕੀ। ਦਸੰਬਰ, 2009 ਵਿਚ ਆਲਮੀ ਬੈਂਕ, ਇਸ ਨਦੀ ਨੂੰ ਬਚਾਉਣ ਖ਼ਾਤਰ ਅਗਲੇ ਪੰਜ ਸਾਲਾਂ ਦੌਰਾਨ ਭਾਰਤ ਨੂੰ ਇਕ ਅਰਬ ਅਮਰੀਕੀ ਡਾਲਰਜ਼ ਦਾ ਕਰਜ਼ਾ ਦੇਣਾ ਮੰਨ ਗਿਆ ਸੀ। 2010 ਵਿਚ ਯੋਜਨਾ ਕਮਿਸ਼ਨ ਨੇ ਅਨੁਮਾਨ ਲਾਇਆ ਸੀ ਕਿ ਗੰਗਾ ਨੂੰ ਸਾਫ਼ ਕਰਨ ਲਈ 70 ਅਰਬ ਰੁਪਏ ਦੀ ਲੋੜ ਸੀ। ਨਵੰਬਰ, 2008 ਵਿਚ ਗੰਗਾ ‘ਕੌਮੀ ਨਦੀ’ ਕਰਾਰ ਦੇ ਦਿੱਤੀ ਗਈ ਤੇ ‘ਨੈਸ਼ਨਲ ਗੰਗਾ ਰਿਵਰ ਬੇਸਿਨ ਅਥਾਰਿਟੀ’ ਦੀ ਸਥਾਪਨਾ ਕੀਤੀ ਗਈ। ਇਸ ਅਦਾਰੇ ਨੂੰ ਗੰਗਾ ਦਾ ਬਚਾਅ-ਕਾਰਜ ਸੌਂਪਿਆ ਗਿਆ। ਇਸ ਤਰ੍ਹਾਂ, ‘ਮੈਲ਼ੀ ਹੋ ਗਈ ਗੰਗਾ’ ਦੀ ਮੈਲ਼ ਧੋਣ ਲਈ ਲੱਖਾਂ, ਨਹੀਂ ਕਰੋੜਾਂ ਰੁਪਿਆਂ ਦੇ ਮਨਸੂਬੇ ਬਣਾਏ ਜਾਂਦੇ ਰਹੇ।
‘ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ’ ਦਾ ਦਾਅਵਾ ਹੈ ਕਿ ਕਿ ਇਸ ਵੇਲ਼ੇ ਇਸ ਨਦੀ ਦਾ ਪਾਣੀ ਇੰਨੇ ਜ਼ਿਆਦਾ ਘਾਤਕ ਗੰਧਲੇਪਨ ਦਾ ਸ਼ਿਕਾਰ ਹੈ ਕਿ ਉੱਤਰ ਪ੍ਰਦੇਸ਼, ਬਿਹਾਰ ਅਤੇ ਬੰਗਾਲ ਵਿਚ ਇਸ ਨਦੀ ਦੇ ਕੰਢਿਆਂ ਉੱਤੇ ਵਸਦੇ ਲੋਕਾਂ ਨੂੰ ਕੈਂਸਰ ਹੋਣ ਦਾ ਜਿੰਨਾ ਖ਼ਤਰਾ ਹੈ, ਉੱਨਾ ਬਾਕੀ ਮੁਲਕ ਵਿਚ ਕਿਤੇ ਵੀ ਨਹੀਂ ਹੈ। ਹੈਦਰਾਬਾਦ ਤੋਂ ਆਈਆਂ ਇਤਲਾਹਾਂ ਮੁਤਾਬਕ, ਗੰਗਾ ਦੇ ਪਾਣੀ ਵਿਚ ਇਕੋ ਹੀ ਟੁੱਭੀ ਲਾ ਕੇ ਨਿੱਕਲਣ ਵਾਲ਼ਾ ਬੰਦਾ ਕੈਂਸਰ ਦਾ ਸ਼ਿਕਾਰ ਹੋ ਸਕਦਾ ਹੈ। ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਚੁੱਕੇ ਹਨ ਕਿ ਗੰਗਾ ਦੀ ਸਫਾਈ ਕਰਾਉਣਾ, ਉਨ੍ਹਾਂ ਦੀ ਸਰਕਾਰ ਦੇ ਮੁੱਖ ਕੰਮਾਂ ਵਿਚੋਂ ਇਕ ਹੈ, ਪਰ ਲੱਗਦਾ ਨਹੀਂ ਕਿ ਇਸ ਸਬੰਧ ਵਿਚ ਕੁੱਝ ਕੀਤਾ ਜਾ ਸਕੇ।
ਹੈਦਰਾਬਾਦ ਵਿਚ ਪ੍ਰਮਾਣੂ ਊਰਜਾ ਵਿਭਾਗ ਦੇ ‘ਨੈਸ਼ਨਲ ਸੈਂਟਰ ਫਾਰ ਕੰਪੋਜ਼ੀਸ਼ਨਲ ਕਰੈਕਟਰਾਈਜ਼ੇਸਨ ਆਫ ਮੈਟੀਰੀਅਲਜ਼’ ਨੇ ਗੰਗਾ-ਜਲ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਪਰਖ਼ ਕੀਤੀ ਤੇ ਦੇਖਿਆ ਕਿ ਉਸ ਪਾਣੀ ਵਿਚ ‘ਕਾਰਸਿਨੋਜੈੱਨਜ਼’ ਹਨ। ਪਾਣੀ ਦੇ ਨਮੂਨੇ, ਗੰਗਾ ਨਦੀ ਵਿਚੋਂ ਜਨਵਰੀ, 2013 ਵਿਚ ਉਦੋਂ ਲਏ ਗਏ ਸਨ, ਜਦੋਂ ਕੁੰਭ ਦਾ ਮੇਲਾ ਲੱਗਿਆ ਹੋਇਆ ਸੀ। ਉਸ ਵੇਲ਼ੇ ਦੇਖਿਆ ਗਿਆ ਸੀ ਕਿ ਸ਼ਰਧਾਲੂਆਂ ਨੇ ਪੂਜਾ ਲਈ ਜੋ ਗੰਗਾ-ਜਲ ਭਰਿਆ ਸੀ, ਉਸ ਵਿਚ ‘ਕਰੋਮੀਅਮ-6’ ਮੌਜੂਦ ਸੀ। ਇਸ ਪਾਣੀ ਵਿਚ ਇਸ ਦੀ ਮਾਤਰਾ, ਆਮ ਨਾਲੋਂ 50 ਗੁਣਾ ਵੱਧ ਸੀ। ਇਹ ਜਾਣਕਾਰੀ, ‘ਐੱਨ. ਸੀ. ਸੀ. ਐੱਮ.’ ਦੇ ਮੁਖੀ ਡਾਕਟਰ ਸੁਨੀਲ ਜੈ ਕੁਮਾਰ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਪਾਣੀ ਵਿਚ, ਇਸ ਤੱਤ ਦਾ ਇੰਨੀ ਬਹੁਤਾਤ ਵਿਚ ਹੋਣਾ, ਕਿਸੇ ਨੂੰ ਕੈਂਸਰ ਸਮੇਤ ਹੋਰ ਕਈ ਬਿਮਾਰੀਆਂ ਲਾ ਸਕਦਾ ਹੈ।
ਦੱਸਿਆ ਜਾਂਦਾ ਹੈ ਕਿ ਗੰਗਾ ਦੇ ਪਾਣੀ ਵਿਚ ਇਹ ਜ਼ਹਿਰੀਲਾ ਮਾਦਾ, ‘ਕਾਨਪੁਰ ਟੈਨਰੀਜ਼’ ਤੋਂ ਹੀ ਰਲ਼ਦਾ ਹੈ। ਡਾ. ਕੁਮਾਰ ਨੇ ਕਿਹਾ, “ਸਾਨੂੰ ਇਹੋ ਜਿਹਾ ਢੰਗ ਬਣਾਉਣਾ ਹੀ ਪੈਣਾ ਹੈ, ਜਿਸ ਨਾਲ਼ ਗੰਗਾ ਨੂੰ ਇਹੋ ਜਿਹੇ ਰਸਾਇਣਕ ਗੰਦ ਤੋਂ ਬਚਾਇਆ ਜਾ ਸਕੇ।”
ਜਿਹੜਾ ਪਵਿੱਤਰ ਗੰਗਾ-ਜਲ ਮੁਰਦੇ ਦੇ ਮੂੰਹ ਪਾਉਣ ਨਾਲ਼, ਜਿਸਮ ਵਿਚੋਂ ਨਿੱਕਲੀ ਰੂਹ ਮੁਕਤ ਹੋ ਜਾਂਦੀ ਹੁੰਦੀ ਸੀ, ਉਸ ਦੀ ਪਵਿੱਤਰਤਾ ਵੀ ਉਸ ਵਿਚੋਂ ਹੁਣ ਓਦਾਂ ਹੀ ਨਿੱਕਲ ਗਈ ਹੈ, ਜਿੱਦਾਂ ਕੋਈ ਰੂਹ ਮੁਰਦਾ ਜਿਸਮ ਵਿਚੋਂ ਨਿੱਕਲਦੀ ਹੈ। ਹੁਣ ਗੰਗਾ-ਜਲ, ਜੋ ਜ਼ਹਿਰੀਲਾ ਹੋ ਗਿਆ ਹੈ, ਜਿਊਂਦੇ ਜਿਸਮ ਵਿਚੋਂ ਹੀ ਰੂਹ ਕੱਢ ਦੇਣ ਦੇ ਸਮਰੱਥ ਹੋ ਗਿਆ ਹੈ। ਹੈ ਨਾ ਜ਼ਹਿਰੀਲੇ ਹੋ ਗਏ ਗੰਗਾ-ਜਲ ਦਾ ਕਮਾਲ?#
E-mail: bababax@gmail.com Cell Phone: +91-950-175-9494
