ਸਿਰੇ ’ਤੇ ਗੰਢ-30

ਕਰੋੜਾਂ ਰੁਪਏ ਦੇ ਸੋਨੇ ਦਾ ਝੱਗਾ
    ਬਖ਼ਸ਼ਿੰਦਰ

ਕਹਿੰਦੇ ਹਨ ਕਿ ਕਈਆਂ ਦੇ ਸ਼ੌਕ ਅਵੱਲੇ ਹੁੰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ੌਕ ਵੀ ਰਾਹ-ਰਾਹ ਦਾ ਢੰਗ-ਢੰਗ ਦਾ ਹੀ ਹੋਣਾ ਚਾਹੀਦਾ ਹੈ। ਕਿਸੇ ਸਿਆਣੇ ਨੇ ਹੀ ਕਿਹਾ ਹੋਣੈ ਅਖੇ “ਖਾਈਏ ਮਨ ਭਾਉਂਦਾ, ਪਾਈਏ ਜੱਗ ਭਾਉਂਦਾ!” ਇਹ ਗੱਲ ਪੜ੍ਹ/ ਸੁਣ ਕੇ ਸਾਡੀ ਪਾਠਕਾਂ ਵਾਲ਼ੀ ਕੌਮ ਦਾ ਵੱਡਾ ਹਿੱਸਾ ਇਹ ਕਹਿ ਸਕਦਾ ਹੈ, “ਜੇ ਮਨਭਾਉਂਦਾ ਖਾਣ ਦੇ ਨਾਲ਼ ਹੀ, ਪਾ ਵੀ ਜੱਗ ਭਾਉਂਦਾ ਲਈਏ ਤਾਂ ਕਿਹੜੀ ਜੱਗੋਂ ਤੇਰ੍ਹਵੀਂ ਹੋ ਜਾਊ?” ਜਾਂ “ਫੇਰ ਭਲਾ ਜੱਗ-ਜਹਾਨ ਦਾ ਕੀ ਭਲਾ ਹੋ ਜਾਊ?” 
ਕੁੱਝ ਸੱਜਣ ਤਾਂ ਇਹ ਵੀ ਕਹਿ ਸਕਦੇ ਹਨ, “ਜੱਗ ਭਾਉਂਦਾ ਖਾਣਾ ਤਾਂ ਔਖਾ ਹੈ, ਪਰ ਜੱਗ ਭਾਉਂਦਾ ਪਾਉਣਾ ਤਾਂ ਔਖਾ ਨਹੀਂ।” ਮੁਆਫ਼ ਕਰਨਾ ਇਹੋ ਜਿਹਾ ਸੋਚਣ ਵਾਲ਼ੇ ਸ਼ਾਇਦ ਮਾਰ ਖਾ ਜਾਣ ਕਿਉਂ ਕਿ ਹੁਣ ‘ਖਾਣ-ਹੰਢਾਣ’(ਹੰਢਾਉਣ) ਦੇ ਅੰਦਾਜ਼ ਵੀ ਹੋਰ ਦੇ ਹੋਰ ਹੋਈ ਜਾਂਦੇ ਹਨ। ਹੁਣ ਜੱਗ ਭਾਉਂਦਾ ਲਿਬਾਸ, ਲਿਬਾਸ ਦੀ ਪ੍ਰੀਭਾਸ਼ਾ ਤੋਂ ਬਹੁਤ ਦੂਰ ਹੀ ਨਹੀਂ ਹੋਈ ਜਾ ਰਿਹਾ, ਸਗੋਂ ਬਹੁਤ ਦੂਰ ਵੀ ਹੋ ਗਿਆ ਹੈ। ਮਨੁੱਖ ਨੂੰ ਜਿਸਮ ਉੱਤੇ ਕੁੱਝ ਪਾਉਣ ਜਾਂ ਪਹਿਨਣ ਦੀ ਲੋੜ ਉਦੋਂ ਤੋਂ ਹੀ ਪੈਣ ਲੱਗੀ ਹੈ, ਜਦੋਂ ਤੋਂ ਉਹ ਸੰਗਣਾ/ ਸ਼ਰਮਾਉਣਾ ਸਿੱਖ ਗਿਆ ਹੈ। ਹੁਣ ਮਨੁੱਖ ਨੇ ਲਿਬਾਸ ਵਾਂਗ ਹੀ ਸੰਗ ਅਤੇ ਸ਼ਰਮ ਵੀ ਲਾਹ-ਲਾਹ ਵਗਾਹ ਮਾਰਨੀ ਸ਼ੁਰੂ ਕਰ ਦਿੱਤੀ ਹੈ। ਕੱਪੜਿਆਂ ਦਾ ਭਾਅ ਵਧ ਗਿਆ ਹੈ, ਆਕਾਰ ਘਟ ਗਿਆ ਹੈ। ਕੱਪੜੇ ਇੰਨੇ ਤੰਗ ਹੋ ਗਏ ਹਨ ਕਿ ਉਨ੍ਹਾਂ ਵਿਚ ‘ਲੁਕੇ’ ਹੋਏ ਤਨ ਵਿਚ ਲੁਕਿਆ ਹੋਇਆ ਮਨ ਵੀ ‘ਤੰਗੀ’ ਮਹਿਸੂਸ ਕਰਨ ਲੱਗ ਪਿਆ ਹੈ, ਪਰ ਉਹ ਮਨ, ਤਨ ਦੀਆਂ ਖਾਹਸ਼ਾਂ ਅੱਗੇ ਬੇਵੱਸ ਹੈ, ਮਜਬੂਰ ਹੈ। ਤਨ ਹੈ ਕਿ ਉਹ ਕੱਪੜਿਆਂ ਦੀ ਤੰਗੀ ਦੇ ਬਾਵਜੂਦ ਆਪਣੇ ਨੰਗੇਜ ਵਿਚ ਮਗ਼ਰੂਰ ਹੈ।
ਲਿਬਾਸ ਦਾ ਮੁੱਖ ਕੰਮ ਮਨੁੱਖੀ ਤਨ ਨੂੰ ਢਕਣਾ ਹੁੰਦਾ ‘ਸੀ’ ਜਾਂ ਬਹੁਤੀ ਗਰਮੀ/ ਸਰਦੀ ਤੋਂ ਬਚਾਉਣਾ ਹੁੰਦਾ ‘ਸੀ’। ਅਜੋਕੇ ਲਿਬਾਸ ਇਹ ਦੋਵੇਂ ਕੰਮ ਨਹੀਂ ਕਰਦੇ ਕਿਉਂ ਕਿ ਹੁਣ ਉਨ੍ਹਾਂ ਨਾਲ਼ ‘ਫੈਸ਼ਨ’ ਅਤੇ ‘ਡਿਜ਼ਾਈਨ’ ਹੀ ਨਹੀਂ ‘ਫੈਸ਼ਨ ਡਿਜ਼ਾਈਨਰ’ ਸ਼ਬਦ ਵੀ ਜੁੜ ਗਏ ਹਨ। ਕਦੇ-ਕਦੇ ਲਿਬਾਸ, ਉਸ ਨੂੰ ਪਹਿਨਣ ਵਾਲ਼ੇ ਦੇ ਅਮੀਰ ਜਾਂ ਰਈਸ ਹੋਣ ਦੀ ਸ਼ਾਹਦੀ ਵੀ ਭਰਦੇ ਹਨ। ਕਿਸੇ ਦੀ ਅਮੀਰੀ ਦਿਖਾਉਣ ਵਾਲ਼ੇ ਲਿਬਾਸਾਂ ਨੂੰ ਸੋਨੇ-ਚਾਂਦੀ ਅਤੇ ਹੀਰੇ-ਜਵਾਹਰਾਤ ਦੇ ਬੀੜੇ ਲਾਏ ਜਾਂਦੇ ਹਨ। ਉਨ੍ਹਾਂ ਉੱਤੇ ਸੋਨੇ-ਚਾਂਦੀ ਦੀਆਂ ਤਾਰਾਂ ਨਾਲ਼ ਕਢਾਈ ਕੀਤੀ ਜਾਂਦੀ ਹੈ, ਏਦਾਂ ਕਦੇ ਨਹੀਂ ਹੋਇਆ ਸੀ ਕਿ ਕਿਸੇ ਅਮੀਰ ਦਾ ਸਮੁੱਚਾ ਲਿਬਾਸ ਜਾਂ ਉਸ ਲਿਬਾਸ ਦਾ ਕੋਈ ਹਿੱਸਾ ਕੱਪੜੇ ਦੀ ਥਾਂ ਸੋਨੇ ਜਾਂ ਚਾਂਦੀ ਦਾ ਹੀ ਬਣਾ ਦਿੱਤਾ ਗਿਆ ਹੋਵੇ।
ਹੈਰਾਨ ਨਾ ਹੋਣਾ, ਇਹ ‘ਅਣਹੋਣੀ’ ਵੀ ‘ਹੋਣੀ’ ਵਿਚ ਬਦਲ ਚੁੱਕੀ ਹੈ। ਮਹਾਰਾਸ਼ਟਰ ਦੇ ਇਕ ਅਮੀਰ ਬੰਦੇ ਪੰਕਜ ਪਾਰਖ ਨੇ ਆਪਣੇ 45ਵੇਂ ਜਨਮ ਦਿਨ ’ਤੇ ਕਰੋੜਾਂ ਦੀ ਲਾਗਤ ਨਾਲ਼ ਅਤੇ ਚਾਰ ਕਿਲੋ ਸੋਨੇ ਦੀ ਬਣੀ ਹੋਈ ਕਮੀਜ਼ ਪਹਿਨੀ ਹੈ। ਇਹ ਕਮੀਜ਼ ਬਣਾਉਣ ਉੱਤੇ ‘ਮਸਾਂ’ 1.30 ਕਰੋੜ ਰੁਪਏ ਖ਼ਰਚ ਹੋਏ ਹਨ। ਨਾਸਿਕ ਦੇ ਨੇੜੇ ਯੇਓਲਾ ਦਾ ਰਹਿਣ ਵਾਲ਼ਾ ਪੰਕਜ ਪਾਰਖ ਆਪ ਵੀ ਕੱਪੜਿਆਂ ਦਾ ਵਪਾਰੀ ਹੈ। ਉਸ ਨੇ ਚਾਰ ਕਿਲੋ ਸੋਨੇ ਦੀ ਇਹ ਕਮੀਜ਼, ਇਸ ਸਾਲ 8 ਅਗੱਸਤ ਨੂੰ ਆਪਣੇ ਜਨਮ ਦਿਨ ਉੱਤੇ ਪਹਿਨਣ ਤੋਂ ਪਹਿਲਾਂ, ਮੁੰਬਈ ਦੇ ਸਿਧੀ ਵਿਨਾਇਕ ਮੰਦਰ ਵਿਚ ਮੱਥਾ ਟੇਕਣ ਜਾਣ ਵੇਲ਼ੇ ਵੀ ਪਹਿਨੀ ਸੀ। ਉਸ ਨੇ ਇਸ ਤਰ੍ਹਾਂ ਕਰ ਕੇ, ਆਪਣਾ ਜਨਮ ਦਿਨ ਹੀ ਸੁਨਹਿਰਾ ਨਹੀਂ ਬਣਾਇਆ ਸੀ, ਸਗੋਂ ਇਹ ‘ਸੋਨ-ਸ਼ਰਟ’ ਪਾ ਕੇ ਆਪਣਾ ਨਾਮ ਵੀ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ਵਿਚ ਲਿਖਾਇਆ ਸੀ।
ਜੇ ਸਮਝਿਆ ਜਾਵੇ ਤਾਂ ਇਹ ਬੰਦਾ ਪਹਿਲਾਂ ਵੀ ਇਕ ਰਿਕਾਰਡ ਬਣਾ ਚੁੱਕਾ ਹੈ ਕਿਉਂ ਕਿ ਇਹ ਸ਼ਖ਼ਸ ਸਕੂਲੀ ਪੜ੍ਹਾਈ ਛੱਡ ਜਾਣ ਦੇ ਬਾਵਜੂਦ ਇਸ ਵੇਲ਼ੇ ਅਰਬਪਤੀ ਹੈ। ਇਸ ਸੱਜਣ ਦਾ, ਕੱਪੜਾ ਬੁਣਨ ਦਾ ਬਹੁਤ ਵੱਡਾ ਕਾਰੋਬਾਰ ਹੈ। ਹੁਣ ਤਾਂ ਇਸ ਬੰਦੇ ਦਾ ਨਾਂ, ਇਸ ਦੇ ਨਾਮੇ ਦੇ ਕਾਰਨ ਪਟੜੀ-ਬੰਨ੍ਹੇ ਹੀ ਨਹੀਂ, ਨਹੀਂ ਸਾਰੇ ਮੁਲਕ ਵਿਚ ਵੀ ਧੁੰਮ ਚੁੱਕਾ ਹੈ। ਪੰਕਜ ਪਾਰਖ ਜਦੋਂ ਵੀ ਕਦੇ ਮੁੰਬਈ ਤੋਂ 260 ਕਿਲੋ ਮੀਟਰ ਫਾਸਲੇ ਉੱਤੇ ਯੇਓਲਾ ਦੀਆਂ ਗਲ਼ੀਆਂ ਵਿਚ ਪੈਰ ਪਾਉਂਦਾ ਹੈ, ਔਰਤਾਂ ਉਸ ਵੱਲ ਬਹੁਤ ਹੀ ਰੀਝ ਜਿਹੀ ਨਾਲ਼ ਟਿਕਟਿਕੀ ਬੰਨ੍ਹ ਕੇ ਦੇਖਦੀਆਂ ਹਨ। ਮਰਦ ਉਸ ਨੂੰ ਦੋ-ਤਿੰਨ ਕਿਲੋ ਵਜ਼ਨ ਦੇ ਸੋਨੇ ਦਾ ਝੱਗਾ ਪਾਈ ਫਿਰਦਾ ਦੇਖ ਮਸਤ ਜਿਹੇ ਹੁੰਦੇ ਰਹਿੰਦੇ ਹਨ।
8 ਅਗੱਸਤ ਨੂੰ ਆਪਣੇ 45ਵੇਂ ਜਨਮ ਦਿਨ ਮੌਕੇ ਕਰਾਏ ਗਏ ਇਕ ਵਿਸ਼ੇਸ਼ ਸਮਾਗਮ ਵਿਚ ਪੰਕਜ ਪਾਰਖ ਨੇ ਲੋਕਾਂ ਦੇ ਵਿਸ਼ਾਲ ਇਕੱਠ ਵਿਚ ਸ਼ਾਮਲ ਹੋਣ ਵੇਲ਼ੇ ਇਹ ਸੋਨ-ਝੱਗਾ ਪਾਇਆ ਸੀ ਤਾਂ ਉਸ ਮੌਕੇ, ਮਹਾਰਾਸ਼ਟਰ ਦੇ ਸੈਰ-ਸਪਾਟਾ ਮੰਤਰੀ ਛਗਨ ਭੁਜਬਲ ਵੀ ਹਾਜ਼ਰ ਸਨ। ਇਸ ਕਮੀਜ਼ ਨੂੰ ਸੋਨੇ ਦੇ ਸੱਤ ਬਟਨ ਲੱਗੇ ਹੋਏ ਹਨ। ਇਸ ਅਲੋਕਾਰੇ ਸੁਨਹਿਰੀ ਝੱਗੇ ਨੇ ਪੰਕਜ ਪਾਰਖ਼ ਦਾ ਨਾਂ ‘ਗਿੰਨੀਜ਼ ਬੁੱਕ ਆਫ ਵਰਲਡ’ ਅਤੇ ‘ਲਿਮਕਾ ਬੁੱਕ ਆਫ ਰਿਕਾਰਡਜ਼’ ਵਿਚ ਦਰਜ ਕਰਾ ਦਿੱਤਾ ਹੈ।
ਇਕ ਖ਼ਾਸ ਗੱਲਬਾਤ ਦੌਰਾਨ ਪੰਕਜ ਪਾਰਖ਼ ਨੇ ਕਿਹਾ, “ਮੈਂ ਪੰਜ ਸਾਲਾਂ ਦਾ ਸਾਂ ਜਦੋਂ ਤੋਂ ਸੋਨਾ ਮੇਰੇ ਮਨ ਨੂੰ ਧੂਹ ਪਾਉਂਦਾ ਆ ਰਿਹਾ ਹੈ। ਸਮਾਂ ਬੀਤਦਿਆਂ, ਮੈਂ ਇਸ ਸ਼ਾਹੀ ਧਾਤ ਉੱਤੇ ਬਹੁਤ ਜ਼ਿਆਦਾ ਫ਼ਿਦਾ ਹੋਣ ਲੱਗ ਪਿਆ। ਫੇਰ ਮੈਂ ਆਪਣਾ 45ਵਾਂ ਜਨਮ ਦਿਨ ਮਨਾਉਣ ਵੇਲ਼ੇ ਪਾਉਣ ਲਈ, ਸੋਨੇ ਦੀ ਇਕ ਖ਼ਾਸ ਕਮੀਜ਼ ‘ਸਿਵਾਈ’।”
ਇਸ ਕਮੀਜ਼ ਦਾ ਡਿਜ਼ਾਈਨ, ਨਾਸਿਕ ਦੇ ‘ਬਫਨਾ ਜਿਊਲਰਜ਼’ ਨੇ ਤਿਆਰ ਕੀਤਾ ਹੋਇਆ ਹੈ। ਇਸ ਡਿਜ਼ਾਈਨ ਦੇ ਆਧਾਰ ’ਤੇ ਸੋਨੇ ਦੀ ਇਹ ਕਮੀਜ਼, ਮੁੰਬਈ ਵਿਚ ਪਾਰੇਲ ਦੇ ‘ਸ਼ਾਂਤੀ ਜਿਊਲਰਜ਼’ ਦੇ 20 ਚੋਣਵੇਂ ਕਾਰੀਗ਼ਰਾਂ ਨੇ ਪਿਛਲੇ ਦੋ ਮਹੀਨਿਆਂ ਵਿਚ 3200 ਘੰਟੇ ਵਿਚ ‘ਸਿਉਂਤੀ’। ਪੰਕਜ ਪਾਰਖ਼ ਨੇ ਇਹ ਕਮੀਜ਼, ਮੁੰਬਈ ਤੋਂ ਹਾਸਲ ਕਰਨ ਮਗਰੋਂ ਇਸ ਦੀ ਨੁਮਾਇਸ਼ ਕਰਨ ਦਾ ਫੈਸਲਾ ਕੀਤਾ। ਉਹ, ਇਹ ਕਮੀਜ਼ ਪਾ ਕੇ, ਮੁੰਬਈ ਦੇ ਮਸ਼ਹੂਰ ਸਿਧੀਵਿਨਾਇਕ ਮੰਦਰ ਗਿਆ ਤੇ ਉੱਥੇ ਉਸ ਨੇ ਉਸ ਕਮੀਜ਼ ਸਮੇਤ ਆਪਣੀਆਂ ਕੁੱਝ ਤਸਵੀਰਾਂ ਵੀ ਖਿਚਾਈਆਂ। ਇਸ ਮੌਕੇ ’ਤੇ ਬਹੁਤ ਸਾਰੇ ਲੋਕ ਹਾਜ਼ਰ ਸਨ, ਜੋ ਦੂਰੋਂ ਹੀ ਉਸ ਨੂੰ ਤੇ ਉਸ ਦੀ ਕਮੀਜ਼ ਨੂੰ ਬਹੁਤ ਹੀ ਹੈਰਾਨੀ ਭਰੀਆਂ ਨਜ਼ਰਾਂ ਨਾਲ਼ ਦੇਖ ਰਹੇ ਸਨ।
ਉਸ ਨੇ ਦੱਸਿਆ ਕਿ ਇਹ ਕਮੀਜ਼ ਬਣਾਉਣ ਵਿਚ ਵਰਤਿਆ ਗਿਆ ਸੋਨਾ 18 ਤੋਂ 22 ਕੈਰੇਟ ਸ਼ੁਧ ਹੈ ਤੇ ਇਸ ਨੂੰ, ਇਸ ਕੰਮ ਲਈ ਵਰਤਣ ਸਮੇਂ, ਇਸ ਵਿਚ ਕੋਈ ਖੋਟ ਨਹੀਂ ਰਲਾਇਆ ਗਿਆ। ਉਸ ਦੇ ਕਹਿਣ ਮੁਤਾਬਕ ਇਹ ਸਾਰਾ ਕੰਮ ਪੂਰੇ ਪਾਰਦਰਸ਼ੀ ਢੰਗ ਨਾਲ਼ ਕੀਤਾ ਗਿਆ ਹੈ ਤੇ ਇਸ ਕੰਮ ਦਾ ਪੂਰਾ ਹਿਸਾਬ-ਕਿਤਾਬ ਰੱਖ ਕੇ ਸਰਕਾਰ ਦੇ ਸਬੰਧਤ ਮਹਿਕਮਿਆਂ ਨੂੰ ਦਿੱਤਾ ਹੋਇਆ ਹੈ।
ਪਾਰਖ਼ ਨੇ ਦੱਸਿਆ ਕਿ ਸੋਨੇ ਦੀ ਹੋਣ ਦੇ ਬਾਵਜੂਦ ਇਹ ਕਮੀਜ਼ ਬਹੁਤ ਹੀ ਨਰਮ ਅਤੇ ਅਰਾਮਦੇਹ ਹੈ। ਇਹ ਕਮੀਜ਼ ਪਾਉਣ ਵੇਲ਼ੇ ਜਿਸਮ ਨੂੰ ਚੁੱਭਦੀ ਨਹੀਂ ਹੈ ਅਤੇ ਨਾ ਹੀ ਕੋਈ ਨੁਕਸਾਨ ਪਹੁੰਚਾਉਂਦੀ ਹੈ। ਇਹ ਕਮੀਜ਼ ਪਾਉਣ ਨਾਲ਼ ਜਿਸਮ ਉੱਤੇ ਕੋਈ ਰਗੜ ਵੀ ਨਹੀਂ ਲੱਗਦੀ। ਇਸ ਤੋਂ ਇਲਾਵਾ ਇਹ ਕਮੀਜ਼ ਧੋਤੀ-ਸੁਕਾਈ ਵੀ ਜਾ ਸਕਦੀ ਹੈ। ਜੇ ਇਹ ਕਮੀਜ਼ ਕਿਸੇ ਥਾਂ ਤੋਂ ਪਾਟ ਜਾਂਦੀ ਹੈ ਜਾਂ ਇਸ ਨੂੰ ਕੋਈ ਹੋਰ ਨੁਕਸਾਨ ਪੁੱਜਦਾ ਹੈ ਤਾਂ ਇਸ ਦੀ ਮੁਰੰਮਤ ਕੀਤੀ ਜਾ ਸਕਦੀ। ਇਸ ਉੱਪਰ ਕੋਈ ਤੁੰਭ ਲੱਗ ਜਾਣ ’ਤੇ ਉਹ ਰਫ਼ੂ ਕੀਤੀ ਜਾ ਸਕਦੀ ਹੈ, ਜਿਸ ਕਰ ਕੇ ਇਸ ਕਮੀਜ਼ ਦੀ, ਸਾਰੀ ਉਮਰ ਦੀ ਗਾਰੰਟੀ ਹੈ।
ਸੋਨੇ ਨਾਲ਼ ਆਪਣੇ ਮੋਹ ਦਾ ਖੁਲਾਸਾ ਕਰਦਿਆਂ ਪੰਕਜ ਪਾਰਖ ਨੇ ਦੱਸਿਆ ਕਿ ਜਦੋਂ ਉਹ ਮੁੰਡਾ-ਖੁੰਡਾ ਸੀ ਤਾਂ ਉਸ ਕੋਲ ਬਹੁਤੇ ਪੈਸੇ ਨਹੀਂ ਸੀ ਹੁੰਦੇ। ਪੈਸਿਆਂ ਦੀ ਤੰਗੀ ਕਾਰਨ ਹੀ ਉਸ ਨੂੰ ਅੱਠਵੀਂ ਜਮਾਤ ਮਗਰੋਂ ਸਕੂਲ ਛੱਡਣਾ ਪੈ ਗਿਆ ਸੀ। ਇਸ ਤੋਂ ਮਗਰੋਂ ਉਹ, ਯੇਓਲਾ ਵਿਚ ਆਪਣੇ ਪਰਿਵਾਰ ਦੇ, ਕੱਪੜਾ ਬੁਣਨ ਦੇ ਕੰਮ ਵਿਚ ਪੈ ਗਿਆ। ਅੱਜ-ਕੱਲ੍ਹ ਉਹ, ਇਸ ਸ਼ਹਿਰ ਦਾ ਕਹਿੰਦਾ-ਕਹਾਉਂਦਾ ਕਾਰੋਬਾਰੀ ਸ਼ਖ਼ਸ ਹੈ। ਇਸ ਦੇ ਨਾਲ਼ ਹੀ ਹੁਣ ਉਹ ਆਪਣੇ ਸ਼ਹਿਰ ਦੀ ਨਗਰ ਕੌਂਸਲ ਦਾ ਮੈਂਬਰ ਯਾਨੀ ‘ਕਾਰਪੋਰੇਟਰ’ ਵੀ ਹੈ।
ਉਹ ਬਹੁਤ ਟੌਹਰ ਨਾਲ਼ ਮੁਸਕਰਾਉਂਦਿਆਂ ਦੱਸਦਾ ਹੈ, “ਤੇਈ ਸਾਲ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰੀ ਬਰਾਤ ਵਿਚ ਸ਼ਾਮਲ ਹੋਏ ਲੋਕ ਬਹੁਤ ਹੋਰ ਹੀ ਤਰ੍ਹਾਂ ਮਹਿਸੂਸ ਕਰ ਰਹੇ ਸਨ ਕਿਉਂ ਕਿ ਮੈਂ ਆਪਣੀ ਲਾੜੀ ਨਾਲ਼ੋਂ ਵੀ ਕਿਤੇ ਵੱਧ ਗਹਿਣੇ ਪਾਏ ਹੋਏ ਸੀ।”
ਕਈ ਸਾਲ ਬੀਤ ਜਾਣ ਮਗਰੋਂ ਜਦੋਂ ਉਹ ਆਪਣੇ ਟੱਬਰ ਦੀਆਂ ਲੋੜਾਂ ਪੂਰੀਆਂ ਕਰਨ ਜੋਗਾ ਹੋ ਗਿਆ ਅਤੇ ਉਸ ਕੋਲ ਬਹੁਤ ਹੀ ਸ਼ਾਨਦਾਰ ਘਰ ਵੀ ਹੋ ਗਿਆ, ਜੋ ਉਸ ਦੀ ਘਰ ਵਾਲ਼ੀ ‘ਪ੍ਰਤਿਭਾ’ ਨੇ ਬਹੁਤ ਹੀ ਰੀਝਾਂ ਨਾਲ਼ ਸਜਾ ਵੀ ਲਿਆ ਸੀ, ਉਸ ਦੇ ਦੋਵੇਂ ਪੁੱਤਰ ਸਿਧਾਰਥ (22 ਸਾਲ) ਅਤੇ ਰਾਹੁਲ (19 ਸਾਲ) ਕਾਲਜ ਵਿਚ ਪੜ੍ਹਨ ਲੱਗ ਪਏ, ਉਸ ਨੇ ਆਪਣੀ ਗੁੱਝੀ ਲਾਲਸਾ ਅਤੇ ਅਵੱਲਾ ਸ਼ੌਕ ਪੂਰਾ ਕਰਨ ਲਈ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ।
ਉਸ ਨੇ ਬਹੁਤ ਹੀ ਜ਼ੋਰਦਾਰ ਠਹਾਕਾ ਮਾਰ ਕੇ ਹੱਸਦਿਆਂ ਕਿਹਾ, “ਮੇਰਾ ਸੋਨੇ ਨਾਲ਼ ਮੋਹ, ਮੇਰੇ ਟੱਬਰ ਦੇ ਜੀਆਂ ਨੂੰ ਕਤੱਈ ਨਹੀਂ ਭਾਉਂਦਾ ਸੀ। ਉਨ੍ਹਾਂ ਨੇ ਹੌਲੀ-ਹੌਲੀ ਮੇਰੇ ਇਸ ਖ਼ਬਤ ਅੱਗੇ ਗੋਡੇ ਟੇਕ ਦਿੱਤੇ ਅਤੇ ਮੈਨੂੰ ਇਹ ‘ਕੰਮ’ ਕਰ ਲੈਣ ਦਿੱਤਾ। ਓਦਾਂ ਮੇਰੇ ਟੱਬਰ ਦੇ ਹੋਰ ਜੀਅ ਮੈਨੂੰ ਇਸ ਪੱਖੋਂ ਸ਼ੈਦਾਈ ਹੀ ਸਮਝਦੇ ਸਨ।”
ਉਸ ਨੇ ਆਪਣੀਆਂ ਯਾਦਾਂ ਵਿਚ ਝਾਤੀ ਮਾਰਦਿਆਂ ਦੱਸਿਆ ਕਿ ਜਦੋਂ ਉਹ ਆਪਣੇ ਪਰਿਵਾਰ ਨਾਲ਼ ਕੋਈ ਵਿਆਹ ਸਮਾਗਮ ਦੇਖਣ ਜਾਂਦਾ ਤਾਂ ਉਹ ਤਿੰਨ-ਸਾਢੇ ਤਿੰਨ ਕਿਲੋ ਵਜ਼ਨ ਦੇ, ਸੋਨੇ ਦੇ ਗਹਿਣੇ ਪਾਉਂਦਾ ਜਦੋਂ ਕਿ ਉਸ ਦੀ ਘਰ ਵਾਲ਼ੀ ਨੇ ਮਸਾਂ ਚਾਲੀ-ਪੰਜਾਹ ਗ੍ਰਾਮ ਸੋਨਾ ਹੀ ਪਾਇਆ ਹੁੰਦਾ ਸੀ।
ਉਹ ਦੱਸਦਾ ਹੈ, “ਜਦੋਂ ਮੈਂ ਯੇਓਲਾ ਵਿਚ ਘਰੋਂ ਬਾਹਰ ਜਾਂਦਾ ਹਾਂ ਜਾਂ ਆਪਣੇ ਵੋਟਰਾਂ ਨੂੰ ਮਿਲਦਾ ਹਾਂ ਤਾਂ ਮੈਨੂੰ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਹਨ। ਕੁੱਝ ਲੋਕ ਇਹ ਕਹਿੰਦੇ ਨੇ ਕਿ ਮੈਂ ਆਪਣੀ ਅਮੀਰੀ ਦੀ ਨੁਮਾਇਸ਼ ਕਰਦਾ ਰਹਿੰਦਾ ਹਾਂ। ਕੁੱਝ ਲੋਕ ਇਹ ਮਹਿਸੂਸ ਕਰਦੇ ਕਿ ਇੰਨਾ ਗਹਿਣਾ-ਗੱਟਾ ਪਾ ਕੇ ਮੈਂ ਕੁੱਝ ਲੋਕਾਂ ਦੀ ਗ਼ੁਰਬਤ ਦਾ ਮਜ਼ਾਕ ਉਡਾਉਂਦਾ ਹਾਂ। ਓਦਾਂ, ਮੈਨੂੰ ਸੋਨੇ ਨਾਲ਼ ‘ਲੱਦਿਆ ਹੋਇਆ’ ਦੇਖ ਕੇ ਔਰਤਾਂ ਕੁੱਝ ਨਹੀਂ ਬੋਲਦੀਆਂ।”
ਉਸ ਦਾ ਖ਼ਿਆਲ ਹੈ ਕਿ ਭਾਵੇਂ ਮੁਲਕ ਵਿਚ ਬਹੁਤ ਸਾਰੇ ਅਮੀਰ ਲੋਕ ਹਨ, ਪਰ ਸੋਨੇ ਨਾਲ਼ ਉਸ ਦੇ ਮੋਹ ਦੇ ਮੋਹ ਦਾ ਕੋਈ ਜੁਆਬ ਨਹੀਂ ਹੈ। ਉਸ ਨੇ ਆਪਣੇ ਅਤੇ ਆਪਣੇ ਗਹਿਣਿਆਂ ਦੇ ਬਚਾਅ ਲਈ ਲਸੰਸੀ ਰਿਵਾਲਰ ਵੀ ਲਿਆ ਹੋਇਆ ਹੈ। 1982 ਵਿਚ ਆਪਣਾ ਖ਼ੁਦ ਦਾ ਕੱਪੜਿਆਂ ਦਾ ਕੰਮ ਸ਼ੁਰੂ ਕਰ ਲੈਣ ਮਗਰੋਂ ਉਹ ਸਿਆਸਤਦਾਨ ਵੀ ਬਣ ਗਿਆ ਤੇ ਉਸ ਨੇ ਯੇਓਲਾ ਨਗਰ ਪ੍ਰੀਸ਼ਦ ਦੀ ਚੋਣ ਵੀ ਜਿੱਤ ਲਈ। ਹੁਣ ਉਹ 1991 ਤੋਂ ਇਸ ਨਗਰ ਪ੍ਰੀਸ਼ਦ ਦਾ ਮੈਂਬਰ (ਕਾਰਪੋਰੇਟਰ) ਹੈ। ਇਹ ਸ਼ਹਿਰ, ਰੇਸ਼ਮੀ ਸਾੜ੍ਹੀਆਂ ਲਈ ਬਹੁਤ ਹੀ ਜਾਣਿਆ-ਪਛਾਣਿਆ ਹੈ। ਇਸ ਸ਼ਹਿਰ ਵਿਚ ਬੁਣੀਆਂ ਹੋਈਆਂ ਰੇਸ਼ਮੀ ਸਾੜ੍ਹੀਆਂ ਮੁਲਕ ਭਰ ਦੀਆਂ ਔਰਤਾਂ ਦਾ ਪਿੰਡਾ ‘ਢਕਦੀਆਂ’ ਹਨ, ਸ਼ੰਗਾਰਦੀਆਂ ਹਨ।
ਇਸ ਬੰਦੇ ਦੀ ਮਾਨਸਿਕਤਾ ਹੀ ‘ਸੁਨਹਿਰੀ’ ਨਹੀਂ ਹੈ, ਦਿਲ ਵੀ ‘ਸੋਨੇ ਵਰਗਾ’ ਹੈ। ਸੋਨਾ ਹੀ ਉਸ ਨੂੰ ਚੰਗਾ ਨਹੀਂ ਲੱਗਦਾ, ਲੋਕਾਂ ਦਾ ਭਲਾ ਵੀ ਉਸ ਨੂੰ ਕਦੇ ਨਹੀਂ ਭੁੱਲਿਆ। ਉਹ ਬਹੁਤ ਸਾਰੇ ਸਮਾਜਕ ਅਤੇ ਵਿਦਿਅਕ ਕਾਰਜ ਸਿਰੇ ਚੜ੍ਹਾਉਣ ਵਿਚ ਲੱਕ-ਲੱਕ ਧੱਸਿਆ ਹੀ ਨਹੀਂ ਰਹਿੰਦਾ, ਸਗੋਂ ਅੱਡੀਆਂ ਤਕ ਜ਼ੋਰ ਵੀ ਲਾਉਂਦਾ ਰਹਿੰਦਾ ਹੈ।ਮਿਸਾਲ ਦੇ ਤੌਰ ’ਤੇ ਪਿਛਲੇ ਪੰਜ ਸਾਲਾਂ ਦੌਰਾਨ ਉਹ, ਪੋਲੀਓ ਦੇ 120 ਮਰੀਜ਼ਾਂ ਦੇ ਆਪ੍ਰੇਸ਼ਨ ਕਰਨ ਦਾ ਖ਼ਰਚਾ ਅਦਾ ਕਰ ਚੁੱਕਾ ਹੈ। ਕਾਸ਼ ਉਸ ਦੀ ‘ਮਾਨਸਕ ਅਮੀਰੀ’ ਹੋਰ ਦੌਲਤਮੰਦਾਂ ਨੂੰ ਵੀ ਕੁੱਝ ਮੱਤ ਦੇ ਸਕੇ! #
E-mail: bababax@gmail.com   Cell Phone : +91-950-175-9494