ਸਿਰੇ ’ਤੇ ਗੰਢ-32

ਸੂਚਨਾਵਾਂ ਕਢਾਉਣ ਵਾਲ਼ਾ ਨਾ ਛੁਪਾ ਸਕਿਆ ਅਸਲੀ ਸੂਚਨਾ 
  ਬਖ਼ਸ਼ਿੰਦਰ
ਇਸ ਤਰ੍ਹਾਂ ਦੀ ਕਹਾਣੀ ਹਿੰਦੀ ਫ਼ਿਲਮਾਂ ਵਿਚ ਅਕਸਰ ਦੁਹਰਾਈ ਜਾ ਚੁੱਕੀ ਹੈ, ਪਰ ਇਸ ਕਹਾਣੀ ਵਿਚ ਤੇ ਹਿੰਦੀ ਦੀ ਕਿਸੇ ਸਸਪੈਂਸ ਥਰਿੱਲਰ ਫ਼ਿਲਮ ਦੀ ਕਹਾਣੀ ਵਿਚ ਇਕ ਬਹੁਤ ਵੱਡਾ ਫ਼ਰਕ ਹੈ, ਜਿਸ ਦਾ ਖੁਲਾਸਾ ਬਾਅਦ ਵਿਚ ਕਰਦੇ ਹਾਂ। ਹਾਲ ਦੀ ਘੜੀ ਪਹਿਲਾਂ ਇਹ ਕਹਾਣੀ ਸੁਣੋ, ਨਾ ਸੱਚ ਪੜ੍ਹੋ। ਇਸੇ ਹੀ ਸਾਲ ਪਹਿਲੀ ਮਈ ਨੂੰ ਗਰੇਟਰ ਨੋਇਡਾ ਵਿਚ ਇਕ ਕਾਰ, ਸੜਕ ਉੱਤੇ ਹੀ ਲਟ-ਲਟ ਬਲ਼ ਗਈ ਸੀ ਤੇ ਉਸ ਦਾ ਮਾਲਕ, ਕਾਰ ਅੰਦਰ ਸੜ ਗਿਆ ਸੀ। ਉਸ ਕਾਰ ਵਾਲ਼ੇ ਦੀ ਪਤਨੀ ਅਤੇ ਬੱਚਿਆਂ ਨੇ ਇਸ ‘ਹਾਦਸੇ’ ਮਗਰੋਂ ਸਬਰ-ਸਬੂਰੀ ਕਰ ਲਈ ਸੀ।
ਇਸ ਘਟਨਾ ਤੋਂ ਚਾਰ ਕੁ ਮਹੀਨੇ ਮਗਰੋਂ ਹੁਣ 26 ਅਗੱਸਤ ਨੂੰ ਨੋਇਡਾ ਦੀ ਪੁਲੀਸ ਨੇ ਬੰਗਲੌਰ ਦੀ ‘ਹੌਂਡਾ ਫੈਕਟਰੀ’ ਵਿਚੋਂ ਇਕ ਆਦਮੀ ਨੂੰ ਹਿਰਾਸਤ ਵਿਚ ਲਿਆ ਹੈ ਤੇ ਉਸ ਦੇ ਸਿਰ ਦੋਸ਼ ਲਾਇਆ ਹੈ ਕਿ ਉਸ ਨੇ ਗਰੇਟਰ ਨੋਇਡਾ ਦੇ ਇਕ ਮਾਲ ਕੋਲ ਇਕ ਬਾਉਰੇ ਜਿਹੇ ਭਿਖਾਰੀ ਦਾ ਕਤਲ ਕੀਤਾ ਸੀ। ਫੜੇ ਗਏ ਵਿਅਕਤੀ ਦਾ ਨਾਂ ਚੰਦਰ ਮੋਹਨ ਸ਼ਰਮਾ ਹੈ, ਜੋ ਨਾ ਸਿਰਫ਼ ‘ਆਮ ਆਦਮੀ ਪਾਰਟੀ’ ਦਾ ਸਰਗ਼ਰਮ ਮੈਂਬਰ ਹੈ, ਸਗੋਂ ‘ਸੂਚਨਾ ਪ੍ਰਾਪਤ ਕਰਨ ਦੇ ਹੱਕ ਸਬੰਧੀ ਕਾਨੂੰਨ’ (ਆਰ. ਟੀ. ਆਈ.) ਅਧੀਨ ਦਰਖ਼ਾਸਤਾਂ ਦੇ ਕੇ, ਉਹ ਸੂਚਨਾਵਾਂ ਵੀ ਹਾਸਲ ਕਰਦਾ ਰਿਹਾ ਹੈ, ਜੋ ‘ਆਮ ਆਦਮੀ’ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਸਨ।
ਹੁਣ ਤਕ ਦੀ ਕਹਾਣੀ ਪੜ੍ਹ ਕੇ ਤੁਹਾਨੂੰ ਕੋਈ ਸਨਸਨੀ ਮਹਿਸੂਸ ਨਹੀਂ ਹੋਈ ਨਾ? ਹੋਣੀ ਵੀ ਨਹੀਂ ਸੀ ਕਿਉਂ ਕਿ ਸਨਸਨੀ ਵਾਲ਼ਾ ਹਿੱਸਾ ਹੁਣ ਸ਼ੁਰੂ ਹੋ ਰਿਹਾ ਹੈ। ਬੰਗਲੌਰ ਦੀ ਪੁਲੀਸ ਦੇ ਦੱਸਣ ਮੁਤਾਬਕ, ਚੰਦਰ ਮੋਹਨ ਸ਼ਰਮਾ ਬੰਗਲੌਰ ਵਿਚ ‘ਉਸ ਦੀ ਪਤਨੀ’ ਦੱਸੀ ਜਾਂਦੀ ਇਕ ਔਰਤ ਨਾਲ਼ ਰਹਿੰਦਾ ਹੈ। ਕਹਿੰਦੇ ਹਨ ਕਿ ਪੁਲੀਸ ਵੱਲੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਚੰਦਰ ਮੋਹਨ ਸ਼ਰਮਾ ਨੇ ਮੰਨਿਆ ਹੈ ਕਿ ਪਹਿਲੀ ਮਈ ਨੂੰ ਗਰੇਟਰ ਨੋਇਡਾ ਵਿਚ ਜਿਹੜੀ ਕਾਰ ਲਟ-ਲਟ ਬਲ਼ੀ ਸੀ, ਉਹ ਉਸੇ ਦੀ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਕਾਰ ਦੀ ਡਰਾਈਵਿੰਗ ਸੀਟ ਉੱਤੇ ਬੈਠਾ ਸੜਿਆ ਵਿਅਕਤੀ ਉਹ ਨਹੀਂ ਤਾਂ ਹੋਰ ਕੌਣ ਸੀ ਤਾਂ ‘ਸ਼ਰਮਾ ਜੀ’ ਨੇ ਏਦਾਂ ਫ਼ਰਮਾਇਆ ਕਿ ਬੰਗਲੌਰ ਦੀ ਇਕ ਔਰਤ ਨਾਲ਼ ਉਨ੍ਹਾਂ ਨੂੰ ਇਸ਼ਕ ਸੀ ਤੇ ਉਹ ਉਸੇ ਦੀ ਖ਼ਾਤਰ ਆਪਣੀ ਅਸਲੀ ਪਤਨੀ ਅਤੇ ਬੱਚਿਆਂ ਤੋਂ ਛੁਟਕਾਰਾ ਹਾਸਲ ਕਰਨ ਦੀਆਂ ਵਿਉਂਤਾਂ ਬਣਾ ਰਹੇ ਸਨ। ਪਹਿਲੀ ਮਈ ਨੂੰ ਉਨ੍ਹਾਂ ਨੇ ਗਰੇਟਰ ਨੋਇਡਾ ਦੇ ਇਕ ਮਾਲ ਨੇੜੇ ਆਪਣੀ ਕਾਰ ਰੋਕੀ ਅਤੇ ਆਪਣੇ ਇਕ ਰਿਸ਼ਤਦਾਰ ਦੀ ਸਹਾਇਤਾ ਨਾਲ਼, ਉਸ ਨੇ ਇਕ ਭਿਖਾਰੀ ਚੁੱਕ ਲਿਆ, ਜੋ ਮਾਨਸਕ ਪੱਖੋਂ ਅਪਾਹਜ ਸੀ। ਉਸ ਭਿਖਾਰੀ ਨੂੰ ਆਪਣੀ ਕਾਰ ਵਿਚ ਡਰਾਈਵਰ ਵਾਲ਼ੀ ਸੀਟ ਉੱਤੇ ਬਿਠਾ ਕੇ ਉਨ੍ਹਾਂ ਦੋਹਾਂ ਨੇ ਕਾਰ ਨੂੰ ਅੱਗ ਲਾ ਦਿੱਤੀ। ਉਸ ਦੀ ਸੜੀ ਹੋਈ ਲਾਸ਼, ਚੰਦਰ ਮੋਹਨ ਸ਼ਰਮਾ ਦੀ ਸਮਝ ਲਈ ਗਈ ਸੀ।
ਇਸ ਦੌਰਾਨ ਹੀ ‘ਸ਼ਰਮਾ ਜੀ’ ਉੱਥੋਂ ਖਿਸਕ ਕੇ ਬੰਗਲੌਰ ਵਿਚ ਆਪਣੀ ਪ੍ਰੇਮਕਾ ਦੇ ਪਹਿਲੂ ਵਿਚ ਜਾ ਪਏ ਸਨ, ਪਰ ਇਸ ਤੋਂ ਪਹਿਲਾਂ ‘ਉਨ੍ਹਾਂ’ ਨੇ ਆਪਣੇ ਸਿਰ ਵਿਚ ਉਸਤਰਾ ਫਿਰਾ ਕੇ, ਆਪਣਾ ‘ਅਕਲਮੰਦ’ ਸਿਰ ਪੱਧਰਾ ਕਰਾ ਲਿਆ ਸੀ ਤਾਂ ਕਿ ਉਹ ਕਿਸੇ ਦੀ ਸਿਆਣ ਵਿਚ ਨਾ ਆ ਸਕਣ। ਇਸ ਬੰਦੇ ਨੂੰ ਫੜ ਲਿਆ ਗਿਆ ਤਾਂ ਉਸ ਦੀ ਪ੍ਰੇਮਕਾ ਨੂੰ ਵੀ ਲਿਆ ਕੇ ਉਸ ਦੇ ਮੁੱਢ ਹੀ ਬਿਠਾ ਲਿਆ ਗਿਆ।
“ਸ਼ਰਮੇ ਦੇ ਨਾਲ਼ ਫੜੀ ਗਈ ਔਰਤ ਵੀ ਪਹਿਲਾਂ ਗਰੇਟਰ ਨੋਇਡਾ ਵਿਚ, ਉਨ੍ਹਾਂ ਦੇ ਘਰ ਦੇ ਨੇੜੇ ਹੀ ਰਹਿੰਦੀ ਸੀ। ਸ਼ਰਮੇ ਦੀ ਕਾਰ ਸੜ ਜਾਣ ਤੋਂ ਸਵਾ ਕੁ ਮਹੀਨਾ ਮਗਰੋਂ 7 ਜੂਨ ਨੂੰ ਉਸ ਔਰਤ ਦੇ ਅਚਾਨਕ ਲਾਪਤਾ ਹੋ ਜਾਣ ’ਤੇ ਉਸ ਦੇ ਘਰ ਦਿਆਂ ਨੇ ਰਪਟ ਦਰਜ ਕਰਾ ਦਿੱਤੀ। ਉਸ ਦੇ ਘਰ ਦਿਆਂ ਨੂੰ ਸ਼ੱਕ ਤਾਂ ਸੀ ਕਿ ਉਹ ਸ਼ਰਮੇਂ ਨਾਲ਼ ਉੱਧਲੀ ਹੈ, ਪਰ ਉਨ੍ਹਾਂ ਨੇ ਉਸ ਨੂੰ ਸੜ-ਮਰਿਆ ਸਮਝ ਕੇ ਰਪਟ ਵਿਚ ਉਸ ਦਾ ਨਾਂ ਨਾ ਲਿਖਾਇਆ,” ਇਸ ਕਿੱਸੇ ਵਿਚ ਇਹ ਵਾਧਾ ਕੀਤਾ ਇਕ ਪੁਲੀਸ ਅਫ਼ਸਰ ਨੇ।
ਇਸੇ ਹੀ ਅਫ਼ਸਰ ਨੇ ਦੱਸਿਆ ਕਿ ਚੰਦਰ ਮੋਹਨ ਸ਼ਰਮਾ ਵਿਆਹਿਆ-ਵਰਿਆ ਸੀ, ਪਰ ਉਹ ਵੀਹ ਕੁ ਸਾਲ ਦੀ ਇਸ ਛੋਕਰੀ ਕਾਰਨ ਪੈਰਾਂ ਤੋਂ ਨਿੱਕਲਿਆ ਫਿਰਦਾ ਸੀ। ਗੌਤਮ ਬੁੱਧ ਨਗਰ ਦੇ ਐੱਸ. ਐੱਸ. ਪੀ. ਡਾ. ਪ੍ਰੀਤਇੰਦਰ ਸਿੰਘ ਦੇ ਕਹਿਣ ਮੁਤਾਬਕ, ਸ਼ਰਮਾ ਨੇ 30 ਅਪ੍ਰੈਲ ਨੂੰ ਆਪਣੇ-ਆਪ ਨੂੰ ਐਵੀਂ-ਮੁੱਚੀ ਸਾੜ ਕੇ ਮਾਰਨ ਲਈ ਤਿੰਨ ਲਿਟਰ ਪੈਟਰੋਲ ਲਿਆਂਦਾ ਸੀ। ਉਸ ਨੇ ਮੰਨਿਆ ਵੀ ਹੈ ਕਿ ਉਸ ਨੇ ਇਸ ਕੰਮ ਵਿਚ ‘ਵਿਦੇਸ਼’ ਨਾਂ ਦੇ ਆਪਣੇ ਇਕ ਰਿਸ਼ਤੇਦਾਰ ਤੋਂ ਸਹਾਇਤਾ ਵੀ ਲਈ ਸੀ। 
ਐੱਸ. ਐੱਸ. ਪੀ. ਦੇ ਕਹਿਣ ਅਨੁਸਾਰ, “ਸ਼ਰਮੇਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਰਿਸ਼ਤੇਦਾਰ ਦੀ ਮੱਦਦ ਨਾਲ਼ ਉਸ ਨੇ ਉਸ ਭਿਖਾਰੀ ਦਾ ਗਲ਼ ਘੁੱਟਿਆ ਤੇ ਫਿਰ ਉਸ ਨੂੰ ਕਾਰ ਵਿਚ ‘ਟਿਕਾਉਣ’ ਸਮੇਂ ਆਪਣੀਆਂ ਕੁੱਝ ਚੀਜ਼ਾਂ ਵੀ ਉਸ ਕੋਲ ਰੱਖੀਆਂ ਸਨ। ਇਸ ਤੋਂ ਬਾਅਦ ਉਸ ਨੇ ਕਾਰ ਸਮੇਤ ਉਸ ਭਿਖਾਰੀ ਉੱਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਉਸੇ ਹੀ ਰਾਤ ਉਹ ਬੰਗਲੌਰ ਰਵਾਨਾ ਹੋ ਗਿਆ, ਜਿੱਥੇ ਉਸ ਨੇ ਆਪਣੀ ਪ੍ਰੇਮਕਾ ਨੂੰ ਆਪਣੇ ਜੀਉਂਦੇ ਹੋਣ ਦੀ ਇਤਲਾਹ ਦਿੱਤੀ।ਫਿਰ ਉਹ 7 ਜੂਨ ਨੂੰ ਉਸ ਔਰਤ ਨੂੰ ਬੰਗਲੌਰ ਲਿਜਾਣ ਖ਼ਾਤਰ ਵਾਪਸ ਆਇਆ।”
ਪੁਲੀਸ ਨੂੰ ਪਹਿਲੀ ਵਾਰੀ 9 ਅਗੱਸਤ ਨੂੰ ਉਸ ਵੇਲ਼ੇ ਸ਼ਰਮੇਂ ਦੇ ਜੀਉਂਦੇ ਹੋਣ ਦੇ ਸੰਕੇਤ ਮਿਲੇ, ਜਦੋਂ ਉਸ ਦੀ ਪ੍ਰੇਮਕਾ ਦੇ ਟੱਬਰ ਨੂੰ ਕਿਸੇ ਦਾ ਫੋਨ ਆਇਆ ਸੀ। ਉਸ ਬੰਦੇ ਨੇ ਫੋਨ ਰਾਹੀਂ ਇਹ ਕਿਹਾ ਸੀ ਕਿ ਉਨ੍ਹਾਂ ਦੀ ਕੁੜੀ ਤਿਰੁਪਤੀ ਬਾਲਾਜੀ ਨੇੜੇ ਫਿਰਦੀ ਦਿਸੀ ਹੈ ਤੇ ਉਹ ਆ ਕੇ ਉਸ ਨੂੰ ਲੈ ਜਾਣ। ਪੁਲੀਸ ਦੇ ਕਹਿਣ ਮੁਤਾਬਕ ਉਸ ਪਰਿਵਾਰ ਨੂੰ ਇਸੇ ਤਰ੍ਹਾਂ ਦੀਆਂ ਫੋਨ ਕਾਲਾਂ 12 ਤੇ 13 ਅਗੱਸਤ ਨੂੰ ਵੀ ਆਈਆਂ ਸਨ।
ਇਕ ਹੋਰ ਪੁਲੀਸ ਅਧਿਕਾਰੀ ਦੇ ਕਹਿਣ ਅਨੁਸਾਰ, “ਮੁੱਢਲੀ ਪੁੱਛ-ਪੜਤਾਲ ਦੌਰਾਨ ਜੋ ਕੁੱਝ ਸ਼ਰਮੇਂ ਨੇ ਦੱਸਿਆ, ਉਸ ਮੁਤਾਬਕ ਉਸੇ ਨੇ ਉਹ ਫੋਨ ਕਾਲਾਂ ਕੀਤੀਆਂ ਸਨ ਕਿਉਂ ਕਿ ਜਿਸ ਤਰ੍ਹਾਂ ਦੀ ਨਜ਼ਾਰੇਦਾਰ ਜ਼ਿੰਦਗ਼ੀ ਉਹ ਬੰਗਲੌਰ ਵਿਚ ਉਸ ਔਰਤ ਨਾਲ਼ ਬਿਤਾਉਣੀ ਚਾਹੁੰਦਾ ਸੀ, ਉਹ ਉਸ ਦੇ ਗੇੜ ਵਿਚ ਆਉਂਦੀ ਨਹੀਂ ਦਿਸਦੀ ਸੀ। ਇਸ ਲਈ, ਉਸ ਨੇ ਉਸ ਔਰਤ ਨੂੰ ਆਪਣੇ ਮਾਪਿਆਂ ਕੋਲ ਵਾਪਸ ਭੇਜਣ ਦਾ ਅਤੇ ਆਪ ਦਿਨ-ਕਟੀ ਕਿਸੇ ਹੋਰ ਥਾਂ ਕਰਨ ਦਾ ਫੈਸਲਾ ਕਰ ਲਿਆ ਸੀ। ਪਰ, ਪੁਲੀਸ ਨੇ ਉਨ੍ਹਾਂ ਫੋਨ ਕਾਲਾਂ ਦਾ ਖ਼ੁਰਾ ਨੱਪ ਲਿਆ। ਉਹ ਫੋਨ ਕਾਲਾਂ ਬੰਗਲੌਰ ਦੇ ਵੱਖ-ਵੱਖ ਪੀ ਸੀ ਓਜ਼ ਤੋਂ ਕੀਤੀਆਂ ਹੋਈਆਂ ਸਨ। ਇਸ ਦੇ ਨਾਲ਼ ਹੀ, ਤਫ਼ਤੀਸ਼ ਲਈ ਪੁਲੀਸ ਦੀ ਇਕ ਟੀਮ ਬੰਗਲੌਰ ਭੇਜੀ ਗਈ ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।”
ਐੱਸ. ਐੱਸ. ਪੀ. ਦੇ ਕਹਿਣ ਅਨੁਸਾਰ, ਜਦੋਂ ਪੀ ਸੀ ਓਜ਼ ਦੇ ਨੇੜੇ ਰਹਿੰਦੇ ਲੋਕਾਂ ਨੂੰ ਸ਼ਰਮੇਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਤੇ ਪੁੱਛ-ਪੜਤਾਲ ਕੀਤੀ ਗਈ ਤਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹੋ ਜਿਹਾ ਬੰਦਾ ‘ਹੌਂਡਾ ਦੇ ਮੁਲਾਜ਼ਮਾਂ’ ਵਾਲ਼ੀ ਵਰਦੀ ਪਾ ਕੇ, ਉਸ ਇਲਾਕੇ ਵਿਚ ਫਿਰਦਾ ਦੇਖਿਆ ਹੋਇਆ ਹੈ। ਇਸ ਗੱਲ ਦੀ ਪੁਸ਼ਟੀ ਕਲੋਜ਼ ਸਰਕਟ ਟੀ. ਵੀ. ਕੈਮਰੇ ਦੀ ‘ਫੁਟੇਜ’ ਨੇ ਕਰ ਦਿੱਤੀ। ਪੁਲੀਸ ਦੀ ਟੀਮ ਨੇ ਪਤਾ ਕਰ ਲਿਆ ਕਿ ਉੱਥੋਂ ਥੋੜ੍ਹੇ ਹੀ ਫਾਸਲੇ ਉੱਤੇ ‘ਹੌਂਡਾ ਫੈਕਟਰੀ’ ਹੈ। ਪੁਲੀਸ ਦੀ ਟੀਮ ਨੇ ਫੈਕਟਰੀ ਮੈਨੇਜਮੈਂਟ ਤੋਂ ਮੁਲਾਜ਼ਮਾਂ ਦੇ ਨਾਂ-ਪਤੇ ਮੰਗੇ।
ਇਸ ਪੁਲੀਸ ਅਧਿਕਾਰੀ ਦੇ ਕਹਿਣ ਅਨੁਸਾਰ, “ਪੁਲੀਸ ਦੀ ਟੀਮ ਨੇ ਹੌਂਡਾ ਦੀ ਮੈਨੇਜਮੈਂਟ ਨੂੰ ਸ਼ਰਮੇਂ ਦਾ ਹੁਲੀਆ ਦੱਸਿਆ ਤੇ ਉਸ ਦੀਆਂ ਕੁੱਝ ਤਸਵੀਰਾਂ ਵੀ ਦਿਖਾਈਆਂ। ਇਸ ਛਾਣ-ਬੀਣ ਦੌਰਾਨ ਸੰਕੇਤ, ਨਿਤਿਨ ਸ਼ਰਮਾ ਨਾਂ ਦੇ ਇਕ ਬੰਦੇ ਵੱਲ ਗਏ। ਨਿਤਿਨ ਸ਼ਰਮਾ ਨੇ ਆਪਣੇ-ਆਪ ਨੂੰ ਹਿਸਾਰ ਦਾ ਰਹਿਣ ਵਾਲ਼ਾ ਦੱਸਿਆ। ਪੁਲੀਸ ਨੇ ਉਸ ਨੂੰ ਕੰਮ ਤੋਂ ਵਿਹਲਾ ਹੁੰਦਿਆਂ ਹੀ ਚੁੱਕ ਲਿਆ। ਲੰਬੀ ਪੁੱਛ-ਪੜਤਾਲ ਮਗਰੋਂ ਉਹ ਮੰਨ ਗਿਆ ਕਿ ਉਹ ਨਿਤਿਨ ਸ਼ਰਮਾ ਨਹੀਂ, ਚੰਦਰ ਮੋਹਨ ਸ਼ਰਮਾ ਹੈ। ਉਸ ਦੀ ਬਾਂਹ ਉੱਤੇ ਇਕ ਟੈਟੂ ਵੀ ਖੁਣਵਾਇਆ ਹੋਇਆ ਸੀ, ਜਿਸ ਤੋਂ ‘ਚੰਦਰ ਮੋਹਨ, ਸਵਿਤਾ, ਬੰਟੀ’ ਪੜ੍ਹਿਆ ਜਾਂਦਾ ਸੀ। ਉਸ ਨੇ ਬੰਗਲੌਰ ਦੀ ‘ਹੌਂਡਾ ਫੈਕਟਰੀ’ ਵਿਚ ਰੁਜ਼ਗ਼ਾਰ ਹਾਸਲ ਕਰਨ ਲਈ ਆਪਣੇ ਸਰਟੀਫਿਕੇਟਾਂ ਅਤੇ ਜਨਮ ਤਾਰੀਖ਼ ਵਿਚ ਅਦਲਾ-ਬਦਲੀਆਂ ਕੀਤੀਆਂ ਹੋਈਆਂ ਸਨ। ਉਹ ਪਹਿਲਾਂ ਗਰੇਟਰ ਨੋਇਡਾ ਵਿਚ ਵੀ ‘ਹੌਂਡਾ’ ਵਿਚ ਕੰਮ ਕਰ ਚੁੱਕਾ ਸੀ।”
ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਰਮੇਂ ਵੱਲੋਂ ਆਪਣੇ ਨਵੇਂ ਜੀਵਨ ਤੋਂ ਛੇਤੀ ਅੱਕ ਜਾਣ ਦੀ ਵਜ੍ਹਾ ਇਹ ਸੀ ਕਿ ਬੰਗਲੌਰ ਵਿਚ ਉਸ ਨੂੰ ਮਸਾਂ 9,000 ਰੁਪਏ ਮਹੀਨਾ ਮਿਲਦੇ ਸਨ, ਜਦੋਂ ਕਿ ਗਰੇਟਰ ਨੋਇਡਾ ਵਿਚ ਉਹ ਮਹੀਨੇ ਵਿਚ 40,000 ਰੁਪਏ ਤੋਂ ਵੱਧ ਕਮਾਉਂਦਾ ਹੁੰਦਾ ਸੀ। ਉਸ ਨੂੰ ਬੰਗਲੌਰ ਵਿਚ ਦਿਸਦਾ ਸੁਰਗ ਦਾ ਨਜ਼ਾਰਾ, ਇੰਨੇ ਘੱਟ ਪੈਸਿਆਂ ਵਿਚ ਦਿਸਣੋਂ ਹਟ ਗਿਆ ਸੀ। ਪੁਲੀਸ ਦੇ ਕਹਿਣ ਮੁਤਾਬਕ, ਬੰਗਲੌਰ ਵਿਚ ਵੀ ਸ਼ਰਮਾ ਆਪਣੀ ਪਹਿਲੀ ਘਰ ਵਾਲ਼ੀ ਨੂੰ ਭੁਲਾ ਨਹੀਂ ਸਕਿਆ ਸੀ। ਉਹ ਇਹੋ ਸੋਚਦਾ ਰਹਿੰਦਾ ਕਿ ਉਸ ਦੇ ਮਰਨ ਮਗਰੋਂ ਉਸ ਦੀ ਘਰ ਵਾਲ਼ੀ ਨੂੰ ਉਸ ਦੇ ਬੀਮੇ ਦੀ ਕਿੰਨੀ ਵੱਡੀ ਰਕਮ ਮਿਲੀ ਹੋਵੇਗੀ।
ਵਫ਼ਾ, ਬੇਵਫ਼ਾਈ, ਮੌਤ ਅਤੇ ਧੌਖੇ ਨਾਲ਼ ਭਰੀ ਇਸ ਕਹਾਣੀ ਵਿਚ ਇਕ ਮਸਾਲੇਦਾਰ ਸਨਸਨੀਖ਼ੇਜ਼ ਫ਼ਿਲਮ ਦੀ ਕਹਾਣੀ ਦਾ ਸਾਮਾਨ ਤਾਂ ਹੈ ਹੀ, ਇਸ ਨੂੰ ਰਤਾ ਕੁ ਹੋਰ ਹੰਘਾਲੀਏ ਤਾਂ ਇਸ ਵਿਚੋਂ ਹੋਰ ਵੀ ਬਹੁਤ ਕੁੱਝ ਨੁਚੜਨ ਦੀ ਸੰਭਾਵਨਾ ਹੈ। ਕਹਾਣੀ ਦਾ ‘ਨਾਇਕ’ ਚੰਦਰ ਮੋਹਨ ਸ਼ਰਮਾ ‘ਆਮ ਆਦਮੀ ਪਾਰਟੀ’ ਦਾ ਸਰਗ਼ਰਮ ਕਾਰਕੁੰਨ ਹੀ ਨਹੀਂ, ‘ਆਰ. ਟੀ. ਆਈ. ਵਰਕਰ’ (‘ਸੂਚਨਾ ਪ੍ਰਾਪਤ ਕਰਨ ਦੇ ਹੱਕ ਸਬੰਧੀ ਕਾਨੂੰਨ’ ਅਧੀਨ ਦਰਖ਼ਾਸਤਾਂ ਦੇ ਕੇ ਸੂਚਨਾਵਾਂ ਪ੍ਰਾਪਤ ਕਰਨ ਵਾਲ਼ਾ) ਵੀ ਸੀ ਜਦੋਂ ਕਿ ਉਹ ਸੂਚਨਾਵਾਂ ਆਮ ਤੌਰ ’ਤੇ ‘ਆਮ ਆਦਮੀ’ ਦੀ ਪਹੁੰਚ ਤੋਂ ਬਾਹਰ ਹੀ ਹੁੰਦੀਆਂ ਹਨ। ‘ਆਮ ਆਦਮੀ ਪਾਰਟੀ’ ਦੇ ਨੇਤਾ ਕੋਈ ‘ਆਮ ਆਦਮੀ’ ਨਹੀਂ ਹਨ। ਉਨ੍ਹਾਂ ਵਿਚ ਉੱਡੀ ਜਾਂਦੀ ਚਿੜੀ ਦੇ ਖੰਭ ਗਿਣ ਲੈਣ ਦੀ ਸਮਰੱਥਾ ਸਮਝੀ ਜਾਂਦੀ ਹੈ। ਇਹੋ ਜਿਹੀ ਪਾਰਟੀ ਵਿਚ ਕੋਈ ‘ਚੰਦਰ ਮੋਹਨ ਸ਼ਰਮਾ’ ਨਾਇਕ ਬਣ ਕੇ ਰਲ਼ੇ ਤੇ ਸਾਰੇ ਪਾਰਟੀ ਤੰਤਰ ਨੂੰ ਤੇ ਉੱਡਦੀਆਂ ਚਿੜੀਆਂ ਦੇ ਖੰਭ ਹੀ ਗਿਣਦੇ ਰਹਿ ਗਏ ਲੀਡਰਾਂ ਨੂੰ ਝਕਾਨੀ ਦੇ ਕੇ ਖਲਨਾਇਕ ਬਣ ਕੇ ਨਿੱਕਲ ਜਾਵੇ। ਗੱਲ ਕੁੱਝ ਪਚਦੀ ਜਿਹੀ ਨਹੀਂ ਹੈ ਤੇ ਕੁੱਝ ਸੁਆਲ ਵੀ ਪੈਦਾ ਕਰ ਜਾਂਦੀ ਹੈ। ‘ਆਮ ਆਦਮੀ ਪਾਰਟੀ’ ਅੰਦਰ ਇਹੋ ਜਿਹੇ ਕਿੰਨੇ ‘ਚੰਦਰ ਮੋਹਨ ਸ਼ਰਮੇਂ’ ਹੋਣਗੇ, ਜੋ ਜੀਉਂਦੇ-ਜਾਗਦਿਆਂ ਆਪਣੀ ਕਾਰ ਵਿਚ ਕਿਸੇ ਹੋਰ ਦਾ ਦਾਹ ਸੰਸਕਾਰ ਕਰ ਕੇ ਆਪਣੀ ਪਤਨੀ ਨੂੰ ‘ਵਿਧਵਾ’ ਬਣਾ ਕੇ ਵੀਹ ਕੁ ਸਾਲ ਦੀ ਕਿਸੇ ਲੈਰੀ ਜਿਹੀ ਕੰਨਿਆ ਨੂੰ ਉਧਾਲ ਕ,ੇ ਬੰਗਲੌਰ ਵਰਗੇ ਸ਼ਹਿਰ ਵਿਚ ਆਪਣੀ ਮਰਜ਼ੀ ਦੀ ਜ਼ਿੰਦਗ਼ੀ ਬਿਤਾਉਣ ਦੀ ਤਾਂਘ ਰੱਖਦੇ ਹੋਣਗੇ? ਉਨ੍ਹਾਂ ਸੁਆਲਾਂ ਵਿਚੋਂ ਇਕ ਸੁਆਲ ਹੈ। ‘ਆਮ ਆਦਮੀ ਪਾਰਟੀ’ ਨੂੰ ਦਿੱਲੀ ਅਸੈਂਬਲੀ ਉੱਤੇ ਕਾਬਜ਼ ਹੋਈ ਦੇਖ ਪਤਾ ਨਹੀਂ ਕਿੰਨੇ ਚੰਦਰ ਮੋਹਨ ਸ਼ਰਮੇਂ ਇਸ ਪਾਰਟੀ ਅੰਦਰ ਦਾਖ਼ਲ ਹੋ ਗਏ ਹੋਣੇ ਹਨ, ਹਰ ਚੇਤਨ ਮਨ ਸੋਚਦਾ ਹੈ।
ਆਪਣੇ-ਆਪ ਨੂੰ ਜੀਉਂਦੇ-ਜੀਅ ਸੜ ਮਾਰਿਆ ਸਾਬਤ ਕਰ ਕੇ ਕਿਸੇ ਹੋਰ ਥਾਂ ਨਵੇਂ ਬੰਦੇ ਵਜੋਂ ਵਿਚਰਨਾ ਕੋਈ ਛੋਟਾ ਜੁਰਮ ਨਹੀਂ, ਉਹ ਵੀ ਉਦੋਂ ਜਦੋਂ ਅਜਿਹਾ ਜੁਰਮ ਕਰਨ ਲਈ ਇਕ ਭੋਲੇ-ਭਾਲੇ ਬੰਦੇ ਅਤੇ ਇਕ ਮਹਿੰਗੀ ਕਾਰ ਦੀ ਬਲ਼ੀ ਵੀ ਦਿੱਤੀ ਗਈ ਹੋਵੇ। ਇਕ ਹੋਰ ਸੂਚਨਾ ਅਨੁਸਾਰ, ਚੰਦਰ ਮੋਹਨ ਸ਼ਰਮਾ ਵੱਲੋਂ ਆਪਣੇ-ਆਪ ਨੂੰ ਕਾਰ ਸਮੇਤ ਸਾੜ ਦੇਣ ਦਾ ਡਰਾਮਾ ਕਰਨ ਪਿੱਛੇ ਆਪਣੀ ਪਤਨੀ ਨੂੰ ਆਪਣੀ ਥਾਂ ਨੌਕਰੀ ਦੁਆਉਣ ਦੀ ਯੋਜਨਾ ਵੀ ਸੀ। ‘ਹੌਂਡਾ ਸੀਅਲ’ ਕੰਪਨੀ, ਜਿਸ ਵਿਚ ਚੰਦਰ ਮੋਹਨ ਸ਼ਰਮਾ ਕੰਮ ਕਰਦਾ ਸੀ, ਨੇ ਉਸ ਦੀ ਪਤਨੀ ਨੂੰ ਬੀਮੇ ਦੇ ਕਲੇਮ ਵਜੋਂ 36 ਲੱਖ ਰੁਪਏ ਦੇਣੇ ਸਨ, ਜਿਨ੍ਹਾਂ ਵਿਚੋਂ 20 ਲੱਖ ਰੁਪਏ ਅਦਾ ਕੀਤੇ ਜਾ ਚੁੱਕੇ ਸਨ। ਬਾਕੀ ਦੀ ਰਕਮ ਵੀ ਦਿੱਤੀ ਜਾਣ ਦੀ ਤਿਆਰੀ ਸੀ ਕਿ ਸ਼ਰਮੇਂ ਦੇ ਜੀਉਂਦਾ ਹੋਣ ਦੀ ਸੂਹ ਮਿਲ ਗਈ।
ਜਦੋਂ ਕਾਰ ਸਮੇਤ ਸ਼ਰਮਾ ਦੇ, ਸਾੜ ਕੇ ਮਾਰੇ ਜਾਣ ਦਾ ਬਹੁਤ ਜ਼ਿਆਦਾ ਰੌਲ਼ਾ ਪਿਆ ਸੀ ਤਾਂ ‘ਆਮ ਆਦਮੀ ਪਾਰਟੀ’ ਨੇ ਉਸ ਦੀ ਮੌਤ ਦੀ ਜਾਂਚ, ਆਜ਼ਾਦਾਨਾ ਤੌਰ ’ਤੇ ਕਰਾਉਣ ਦੀ ਮੰਗ ਕੀਤੀ ਸੀ। ਉਸ ਵੇਲ਼ੇ ਸ਼ਰਮੇਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ‘ਲੈਂਡ ਮਾਫੀਆ’ ਨੇ ਮਰਵਾਇਆ ਹੈ ਕਿਉਂ ਕਿ ਉਹ ਜ਼ਮੀਨ ਦੇ ਨਜਾਇਜ਼ ਕਬਜ਼ਿਆਂ ਵਿਰੁੱਧ ‘ਸ਼ੰਘਰਸ਼’ ਕਰਦਾ ਹੁੰਦਾ ਸੀ। ਉਸ ਨੇ ‘ਸੜ ਮਰਨ ਦੇ ਡਰਾਮੇ’ ਤੋਂ ਕੁੱਝ ਹੀ ਦਿਨ ਪਹਿਲਾਂ ਹੀ, ਆਪਣੇ ਘਰ ਇਕ ਨੇੜਲੇ ਮੰਦਰ ਦੀ ਜ਼ਮੀਨ ਉੱਪਰ ਕੀਤੇ ਹੋਏ ਨਜਾਇਜ਼ ਕਬਜ਼ੇ ਬਾਰੇ ਆਰ. ਟੀ. ਆਈ. ਅਧੀਨ ਪੁੱਛ-ਪੜਤਾਲ ਲਈ ਦਰਖ਼ਾਸਤ ਦਿੱਤੀ ਸੀ। ਸ਼ਰਮਾ, ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨਾਲ਼ ਸਭ ਤੋਂ ਪਹਿਲਾਂ ਜੁੜੇ ਹੋਏ ਬੰਦਿਆਂ ਵਿਚੋਂ ਸੀ। 
‘ਆਪ’ (ਆਮ ਆਦਮੀ ਪਾਰਟੀ) ਦੇ ਕਾਰਕੁਨਾਂ ਅਤੇ ਲੀਡਰਾਂ ਬਾਰੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਪੜ੍ਹ/ ਸੁਣ ਕੇ ‘ਆਮ ਲੋਕਾਂ’ ਦਾ ਮੋਹ ਇਸ ਪਾਰਟੀ ਨਾਲੋਂ ਭੰਗ ਹੋ ਰਿਹਾ ਹੈ। ਪੰਜਾਬ ਵਿਚ ਇਸ ਪਾਰਟੀ ਨਾਲ਼ ਮੋਹ ਰੱਖਣ ਵਾਲ਼ੇ ਇਕ ਵਿਅਕਤੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ‘ਆਪ ਦੀ ਹਾਰ ਅਤੇ ਇਸ ਦਾ ਡਿੱਗਦਾ ਗ਼ਰਾਫ਼’ ਸਿਰਲੇਖ ਹੇਠ ਏਦਾਂ ਕਹੀ ਹੈ:
“ਇਸ ਦੀ ਸਾਰੀ ਜੁਮੇਦਾਰੀ ਕੇਂਦਰੀ ਲੀਡਰਸ਼ਿਪ ਤੇ ਆਉਂਦੀ ਹੈ, ਜੋ ਐੱਮ ਪੀ ਦੀਆਂ ਚਾਰ ਸੀਟਾਂ ਝੋਲੀ ਚ ਪੁਆਉਣ ਤੋਂ ਬਾਦ ਵੀ ਪੰਜਾਬ ਨੂੰ ਇਕ ਨਬਾਲਗ਼, ਨਾਦਾਨ ਅਤੇ ਇਕ ਅਣਜਾਣੇ ਬੱਚੇ ਜਿਉਂ ਖ਼ਿਆਲ ਕਰਦੀ ਹੈ, ਜੋ ਆਪਣੇ ਫੈਸਲੇ ਆਪ ਲੈਣ ਯੋਗ ਨਹੀਂ ਹੈ। ਆਪਣੇ ਪੈਰਾਂ ਤੇ ਆਪ ਖੜ੍ਹੇ ਹੋਣ ਦੇ ਕਾਬਲ ਨਹੀਂ ਹੈ।ਇਸੇ ਸੋਚ ਅਧੀਨ ਪੰਜਾਬ ਬਾਰੇ ਸਾਰੇ ਫੈਸਲੇ ਕੇਂਦਰ ਵੱਲੋਂ ਲਏ ਜਾਂਦੇ ਹਨ।ਇਸ ਲਈ ਆਮ ਵਾਲੰਟੀਅਰਾਂ ਦੀ ਕੋਈ ਰਾਇ ਨਹੀਂ ਲਈ ਜਾਂਦੀ।.....
“ਇਹ ਫੈਸਲੇ ਉਹ ਕਿਸ ਆਧਾਰ ਤੇ ਕਰਦੇ ਹਨ, ਕਿਸ ਦੀ ਸਲਾਹ ਨਾਲ ਕਰਦੇ ਹਨ, ਇਹ ਤਾਂ ਉਹੀ ਦੱਸ ਸਕਦੇ ਹਨ, ਪਰ ਇਕ ਗੱਲ ਪੱਕੀ ਹੈ ਕਿ ਆਪ ਦੇ ਵਲੰਟੀਅਰਾਂ ਦੀ ਰਾਏ ਨੂੰ ਇਹ ਫੈਸਲੇ ਲੈਣ ਸਮੇਂ ਕੋਈ ਤਰਜੀਹ ਨਹੀਂ ਦਿੱਤੀ ਜਾਂਦੀ। ਇਹ ਫੈਸਲੇ ਸੁਣ ਕੇ ਉਹ ਹੱਕੇ-ਬੱਕੇ ਰਹਿ ਜਾਂਦੇ ਹਨ, ਠਗੇ ਹਏ ਅਤੇ ਨਜ਼ਰਅੰਦਾਜ਼ ਕੀਤੇ ਹੋਏ ਮਹਿਸੂਸ ਕਰਦੇ ਹਨ, ਪਰ ਉਹ ਕਿਸ ਨੂੰ ਆਪਣਾ ਦੁੱਖ ਦੱਸਣ।..... 
“ਪੰਜਾਬੀਆਂ ਦੀ ਯੋਗਤਾ-ਸਮਰੱਥਾ ਅਤੇ ਅਕਲ ਉੱਪਰ ਦਿੱਲੀ ਨੂੰ ਯਕੀਨ ਨਾ ਹੋਣ ਕਾਰਨ ਹੀ ਸ਼ਾਇਦ ਕੇਂਦਰੀ ਲੀਡਰਸ਼ਿੱਪ ਨੇ ਪੰਜਾਬ ਦੀ ਵਾਗਡੋਰ ਕਿਸੇ ਪੰਜਾਬੀ ਦੇ ਹੱਥ ਨਹੀਂ ਸੌਂਪੀ।....ਇਸ ਸਭ ਕਾਸੇ ਦਾ ਸਿੱਟਾ ਹੈ ਕਿ ਹਰ ਪਾਸੇ ਭੰਬਲਭੂਸਾ ਹੈ, ਬੇਯਕੀਨੀ ਹੈ, ਗੜਬੜ ਹੈ, ਘੋਰ ਨਿਰਾਸ਼ਾ ਹੈ, ਚਾਪਲੂਸਾਂ ਦੀ ਭਰਮਾਰ ਹੈ।... ਇਹ ਹਾਲਤ ਤੁਰੰਤ ਬਦਲੀ ਜਾਣੀ ਚਾਹੀਦੀ ਹੈ।”#
Cell Phone No. : +91-950-175-9494,  E-mail: bababax@gmail.com