ਸਿਰੇ’ਤੇ ਗੰਢ-33

ਆਧਾਰ ਕਾਰਡ ਬਣਾਉਂਦਿਆਂ ਹੀ ਗੁਆ ਬੈਠੇ ਆਪਣਾ ਆਧਾਰ
ਬਖ਼ਸ਼ਿੰਦਰ 
ਜਦੋਂ ਦਾ ਵਤਨ ਪਰਤਿਆ ਹਾਂ ਤਾਂ ਏਦਾਂ ਹੀ ਲੱਗੀ ਜਾਂਦੈ ਪਈ ਮੁਲਕ ਵਿਚ ਬੰਦਾ ਤਾਂ ਕੋਈ ਰਹਿ ਹੀ ਨਹੀਂ ਗਿਆ, ਸਾਰੇ ਹੀ ‘ਆਧਾਰ ਕਾਰਡ’ ਬਣ ਗਏ ਹਨ। ਸਾਰੇ ਮੁਲਕ ਦਾ ‘ਆਧਾਰ ਕਾਰਡੀਕਰਨ ਜਿਹਾ’ ਹੋ ਗਿਆ ਲੱਗਦਾ ਹੈ। ਸਾਨੂੰ ਵੀ ਕਿੱਥੇ ਪਤਾ ਲੱਗਣਾ ਸੀ, ਜੇ ਸਾਡੇ ਵਾਂਗ ਹੀ ਕਿਸੇ ਹੋਰ ਮੁਲਕ ਤੋਂ ਵਤਨ ਪਰਤੇ ਸਾਡੇ ਇਕ ਮਿੱਤਰ ਨੇ ਬੈਂਕ ਵਿਚ ਖਾਤਾ ਖੁਲ੍ਹਾਉਣ ਲਈ ਸਾਨੂੰ ਆਪਣੇ ਨਾਲ਼ ਚੱਲਣ ਲਈ ਨਾ ਕਿਹਾ ਹੁੰਦਾ। ਉੱਥੇ ਹੀ ਸਾਨੂੰ ਇਲਮ ਹੋਇਆ ਕਿ ‘ਆਧਾਰ ਕਾਰਡਾਂ’ ਦੇ ਇਸ ਮੁਲਕ ਵਿਚ ਅਸੀਂ ਦੋਵੇਂ ਹੀ ਮਾੜੇ-ਮੋਟੇ ਬੰਦੇ ਬਚੇ ਹਾਂ, ਬਾਕੀ ਸਾਰੇ ਤਾਂ ਜਾਂ ਆਧਾਰ ਕਾਰਡ ਬਣ ਚੁੱਕੇ ਹਨ ਜਾਂ ਬਣਨ ਨੂੰ ਫਿਰਦੇ ਹਨ।
ਹੋਇਆ ਏਦਾਂ ਕਿ ਸਾਡੇ ਮਿੱਤਰ ਨੂੰ ਬੈਂਕ ਵਾਲ਼ਿਆਂ ਨੇ ਕੋਈ ਪਾਣੀ-ਧਾਣੀ ਪੁੱਛਣ ਦੀ ਥਾਂ, ਸਭ ਤੋਂ ਪਹਿਲਾਂ ‘ਆਧਾਰ ਕਾਰਡ’ ਹੀ ਪੁੱਛਿਆ। ਜਦੋਂ ਸਾਡੇ ਦੋਹਾਂ ਕੋਲੋਂ ਇਕ ਵੀ ਆਧਾਰ ਕਾਰਡ ਨਾ ਨਿੱਕਲਿਆ ਤਾਂ ਉਨ੍ਹਾਂ ਨੇ ਸਾਨੂੰ ਉਨ੍ਹੀਂ ਪੈਰੀਂ ਨਾ ਸਿਰਫ਼ ਬੈਂਕੋਂ ਨਿੱਕਲਣ ਲਈ ਕਿਹਾ, ਸਗੋਂ ਆਧਾਰ ਕਾਰਡ ਬਣਵਾਉਣ ਜਾ ਰਹੇ ਲੋਕਾਂ ਦੇ ਝੱਗੇ, ਪਿੱਛਿਉਂ ਓਦਾਂ ਹੀ ਫੜ ਲੈਣ ਲਈ ਵੀ ਕਿਹਾ, ਜਿਦਾਂ ਨਿੱਕੇ ਹੁੰਦਿਆਂ ‘ਰੇਲ-ਗੱਡੀ, ਰੇਲ-ਗੱਡੀ’ ਖੇਡਣ ਵੇਲ਼ੇ ਫੜਦੇ ਹੁੰਦੇ ਸਾਂ। ਯਾਨੀ ਉਨ੍ਹਾਂ ਨੇ ਸਾਨੂੰ ਆਪਣੇ ਆਧਾਰ ਕਾਰਡ, ਫਟਾਫਟ ਤੋਂ ਵੀ ਛੇਤੀ ਬਣਵਾਉਣ ਲਈ ਕਹਿ’ਤਾ। ਅਸੀਂ ਇਹ ਵੀ ਨਾ ਪੁੱਛ ਸਕੇ ਕਿ ਇਹ ਕਾਰਡ ਹੁੰਦਾ ਕੀ ਹੈ ਤੇ ਇਸ ਨੂੰ ਬਣਵਾਉਣ ਦੀ ਇੰਨੀ ਲੋੜ ਕਿਉਂ ਹੈ।
ਆਧਾਰ ਕਾਰਡ ਬਣਾਉਣ ਦਾ ਫੁਰਨਾ ਸਭ ਤੋਂ ਪਹਿਲਾਂ ਕਿਸ ਨੂੰ ਫੁਰਿਆ ਹੋਵੇਗਾ, ਇਸ ਵੱਲ ਹੀ ਧਿਆਨ ਦੇਣਾ ਬਣਦਾ ਹੈ। ਪਿਛਲੇ ਸਾਲ (2013), ਵਿਸਾਖੀ ਤੋਂ ਇਕ ਦਿਨ ਪਹਿਲਾਂ ਯਾਨੀ 12 ਅਪ੍ਰੈਲ ਦੇ ਕੁੱਝ ਅਖ਼ਬਾਰਾਂ ਵਿਚ ਇਸ ਤਰਜ਼ ਦੀਆਂ ਖ਼ਬਰਾਂ ਛਪੀਆਂ ਸਨ ਕਿ ਇਨਕਮ ਟੈਕਸ ਦੇ ਚੀਫ ਕਮਿਸ਼ਨਰ ਰਹੇ ਅਰਬਿੰਦੋ ਬੈਨਰਜੀ ਨੇ 68 ਸਾਲਾਂ ਦੀ ਉਮਰ ਵਿਚ, ‘ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ’ ਯਾਨੀ ‘ਯੂ.ਈ.ਡੀ.ਆਈ.’, ਜਿਸ ਵੱਲੋਂ ਆਧਾਰ ਕਾਰਡ ਬਣਾਏ ਜਾਣ ਦਾ ਹੀਲਾ ਕੀਤਾ ਜਾਣ ਲੱਗਿਆ ਹੈ, ਦੇ ਚੇਅਰਮੈਨ ਨੰਦਨ ਨੀਲੇਕੇਨੀ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਸੀ।  ਸਭ ਕੁੱਝ ਵਿਚਾਲ਼ੇ ਛੱਡ ਕੇ, ਪਹਿਲਾਂ ਉਹ ਚਿੱਠੀ ਪੜ੍ਹਦੇ ਹਾਂ :
“ਸੱਤਰਵਿਆਂ ਦੇ ਸ਼ੁਰੂ ਵਿਚ ਇੰਡੀਅਨ ਰੈਵਨਿਊ ਸਰਵਿਸ (ਆਈ. ਆਰ. ਐੱਸ.) ਦੇ ਨੌਜੁਆਨ ਅਫ਼ਸਰ ਵਜੋਂ ਮੈਂ ਇਹ ਦਾਅਵਾ ਕਰ ਸਕਦਾ ਹਾਂ ਕਿ ਮੈਂ ਹੀ ਕਾਲ਼ੇ ਧਨ ਦਾ ਖ਼ੁਰਾ ਲੱਭਣ ਲਈ ਸਭ ਤੋਂ ਪਹਿਲਾਂ ‘ਆਧਾਰ ਨੰਬਰ’ ਵਰਗੀ ਕੋਈ ਸ਼ੈਅ ਬਣਾਉਣ ਦਾ ਸੁਝਾਅ ਦਿੱਤਾ ਸੀ ਅਤੇ ਅਸੀਂ, ਅੱਜ ਦੇ ‘ਪੈਨ’ (ਕਾਰਡ) ਦਾ ਪਹਿਲਾ ਅਨਘੜਤ ਜਿਹਾ ਨਮੂਨਾ ਤਿਆਰ ਕੀਤਾ ਸੀ, ਜੋ ਹੁਣ ਬਹੁਤ ਹੀ ਸੁਧਾਰ ਲਿਆ ਗਿਆ ਹੈ।
ਜਦੋਂ ਆਧਾਰ (ਕਾਰਡ) ਚਾਲੂ ਕੀਤਾ ਗਿਆ ਤੇ ਤੁਸੀਂ ਇਸ ਪ੍ਰਾਜੈਕਟ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਤਾਂ ਮੈਨੂੰ, ਭਾਵੇਂ ਮੈਂ ਬਹੁਤ ਬੁੱਢਾ ਹੋ ਗਿਆ ਸਾਂ ਅਤੇ ਪਹਿਲਾਂ ਹੀ ਰਿਟਾਇਰ ਹੋ ਚੁੱਕਾ ਸਾਂ, ਬਹੁਤ ਖ਼ੁਸ਼ੀ ਹੋਈ ਸੀ। ਮੈਨੂੰ ਬੜੀਆਂ ਆਸਾਂ ਸਨ ਅਤੇ ਮੈਂ ਆਪਣੇ ਆਧਾਰ ਨੰਬਰ ਦੀ ਉਡੀਕ ਕਰ ਰਿਹਾ ਸੀ ਤੇ ਜਦੋਂ ਪਿਛਲੇ ਸਾਲ ਇਹ ਕਾਰਡ ਮੈਨੂੰ ਮਿਲਿਆ ਤਾਂ ਮੈਂ ਬਹੁਤ ਫ਼ਖ਼ਰ ਮਹਿਸੂਸ ਕੀਤਾ। ਮੈਂ ਉਦੋਂ ਵੀ ਤੁਹਾਡੇ ਦਫ਼ਤਰ ਨੂੰ ਚਿੱਠੀ ਲਿਖੀ ਸੀ ਕਿ ਇਸ ਨੂੰ ‘ਪੈਨ’ (ਕਾਰਡ) ਨਾਲ਼ ਜੋੜ ਦਿੱਤਾ ਜਾਵੇ, ਪਰ ਮੇਰੇ ਉਸ ਸੁਝਾਅ ਉੱਤੇ ਹਾਲੇ ਤਕ ਅਮਲ ਨਹੀਂ ਕੀਤਾ ਗਿਆ।”
ਇਸ ਚਿੱਠੀ ਵਿਚ ਹੋਰ ਵੀ ਬਹੁਤ ਕੁੱਝ ਲਿਖਿਆ ਹੋਇਆ ਸੀ, ਜੋ ਇੱਥੇ ਦਰਜ ਨਹੀਂ ਕੀਤਾ ਜਾ ਰਿਹਾ ਕਿਉਂ ਕਿ ਅਸੀਂ ਤਾਂ ਇਹੋ ਜਾਨਣਾ ਸੀ ਕਿ ‘ਆਧਾਰ ਕਾਰਡ’ ਲਾਗੂ ਕਰਨ ਦਾ ਫੁਰਨਾ ਸਭ ਤੋਂ ਪਹਿਲਾਂ ਕਿਸ ਨੂੰ ਫੁਰਿਆ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਅਰਬਿੰਦੋ ਬੈਨਰਜੀ ਨੇ ਇਹ ਗੱਲ ਉਦੋਂ ਦੱਸੀ ਸੀ, ਜਦੋਂ ਉਨ੍ਹਾਂ ਨੂੰ ਰਿਟਾਇਰ ਹੋਇਆਂ ਨੂੰ ਵੀ 8 ਸਾਲ ਹੋ ਗਏ ਸਨ। ਸ਼ਾਇਦ ਉਹ, ਇਹ ਇੰਕਸ਼ਾਫ਼ ਹਾਲੇ ਵੀ ਨਾ ਕਰਦੇ, ਜੇ ਉਨ੍ਹਾਂ ਨਾਲ਼ ਇਕ ਜੱਗੋਂ ਤੇਰ੍ਹਵੀਂ ਨਾ ਹੋਈ ਹੁੰਦੀ। 
ਹੋਇਆ ਇਹ ਸੀ ਕਿ ‘ਏਅਰਟੈੱਲ’ ਵਾਲ਼ਿਆਂ ਨੇ ਇਕ ਫੋਨ ਕੁਨੈਕਸ਼ਨ ਦੇ ਸਬੰਧ ਵਿਚ ਇਨ੍ਹਾਂ ਰਿਟਾਇਰਡ ਚੀਫ ਕਮਿਸ਼ਨਰ ਸਾਹਿਬ ਦੇ ਪੈਨਸ਼ਰਾਂ ਵਾਲ਼ੇ ਪਛਾਣ ਪੱਤਰ ਅਤੇ ਆਧਾਰ ਨੰਬਰ ਨੂੰ ਸਬੂਤ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਮਗਰੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਚਿੱਠੀ ਪਾ ਕੇ ਕਿਹਾ ਕਿ ਆਧਾਰ ਨੰਬਰ ਨੂੰ ਪੂਰੀ ਮਾਨਤਾ ਦੁਆਈ ਜਾਵੇ। ਉਨ੍ਹਾਂ ਨੇ ਤਾਂ ‘ਏਅਰਟੈੱਲ’ ਵਿਰੁੱਧ ਇਸ ‘ਖੁਨਾਮੀ’ ਲਈ ਕਾਰਵਾਈ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ ਸੀ।
ਆਪਣੇ ਸੇਵਾ ਮੁਕਤ ਸਿਵਲ ਸਰਵੈਂਟ ਹੋਣ ਦਾ ਹਵਾਲਾ ਦਿੰਦਿਆਂ ਅਰਬਿੰਦੋ ਬੈਨਰਜੀ ਨੇ ਕਿਹਾ ਸੀ ਕਿ ਇਨ੍ਹਾਂ ਦੋਹਾਂ ਪਛਾਣ ਪੱਤਰਾਂ ਨੂੰ ਮਾਨਤਾ ਨਾ ਦੇ ਕੇ ਇਸ ਫੋਨ ਕੰਪਨੀ ਨੇ ਉਨ੍ਹਾਂ ਦੀ ਹੀ ਨਹੀਂ, ਭਾਰਤ ਸਰਕਾਰ ਦੀ ਵੀ ਬੇਹੁਰਮਤੀ ਕੀਤੀ ਹੈ। ਇਨ੍ਹਾਂ ਚਿੱਠੀਆਂ ਵਿਚ ਸ਼੍ਰੀ ਬੈਨਰਜੀ ਨੇ ਆਪਣੀ 68 ਸਾਲਾਂ ਦੀ ਉਮਰ ਦਾ ਜ਼ਿਕਰ ਵੀ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਕਿ ਸ਼੍ਰੀ ਬੈਨਰਜੀ ਦੀ ਉਮਰੇ ਸਾਨੂੰ ਸਰਕਾਰ ਨੂੰ ਚਿੱਠੀਆਂ ਲਿਖਣੀਆਂ ਪੈਣ, ਅਸੀਂ ਤਾਂ ਆਧਾਰ ਕਾਰਡ ਨਾਲ਼ ਆਪਣਾ ਵਾਹ ਪੈਣ ਬਾਰੇ ਹੁਣੇ ਲਿਖਾਂਗੇ।
ਜਿੱਦਾਂ ਕਹਿੰਦੇ ਹਨ ਕਿ ‘ਲੇਡੀਜ਼ ਫਸਟ’! ਆਧਾਰ ਕਾਰਡ ਦੇ ਬਣਵਾਉਣ ਬਾਰੇ ਆਪਣਾ ਅਨੁਭਵ ਦੱਸਣ ਦੀ ਥਾਂ, ਪਹਿਲਾਂ ਅਸੀਂ ਇਕ ਬੀਬੀ ਦੀ ਗੱਲ ਵੱਲ ਗ਼ੌਰ ਕਰਨਾ ਚਾਹਾਂਗੇ, ਜਿਸ ਨੇ ਏਦਾਂ ਫ਼ਰਮਾਇਆ, “ਦੋ ਦਿਨ ਪਹਿਲਾਂ ਹੀ ਸਾਨੂੰ ਸਾਡਾ ਦੁਬਾਰਾ ਭਰਿਆ ਹੋਇਆ ਉਹ ਗੈਸ ਸਿਲੰਡਰ ਮਿਲਿਆ ਹੈ, ਜਿਸ ਬਾਰੇ ਅਸੀਂ ਹਾਲ ਹੀ ਵਿਚ ਬੇਨਤੀ ਕੀਤੀ ਸੀ। ਥੋੜ੍ਹਾ ਚਿਰ ਪਹਿਲਾਂ ਤੋਂ ਹੀ ਸਾਰੀਆਂ ਗੈਸ ਕੰਪਨੀਆਂ ਆਪਣੇ ਗਾਹਕਾਂ ਤੋਂ ਉਨ੍ਹਾਂ ਦੇ ਪਛਾਣ ਕਾਰਡ ਮੰਗਣ ਲੱਗ ਪਈਆਂ ਹਨ, ਜਿਨ੍ਹਾਂ ਵਿਚ ਪਾਸਪੋਰਟ ਦੀਆਂ ਨਕਲਾਂ, ਬਿਜਲੀ ਦੇ ਬਿੱਲ ਵੀ ਹੋ ਸਕਦੇ ਹਨ ਤਾਂ ਕਿ ਗਾਹਕ ਦਾ ਸਰਨਾਵਾਂ ਸਹੀ ਹੋਣ ਵਿਚ ਕੋਈ ਸ਼ੱਕ-ਸ਼ੁਬਹ ਨਾ ਰਹੇ।
ਸਾਰੇ ਕੰਮ ਠੀਕ-ਠਾਕ ਚੱਲੀ ਜਾਂਦੇ ਸਨ ਕਿ ਅਗਲੀ ਵਾਰ ਗੈਸ ਸਿਲੰਡਰ ਦੇਣ ਆਏ ਬੰਦੇ ਨੇ ਕਿਹਾ ਕਿ ਹਰ ਗਾਹਕ ਨੂੰ ਆਪਣੇ ਆਧਾਰ ਕਾਰਡ ਦੀ ਇਕ-ਇਕ ਨਕਲ ਦੇਣੀ ਪਵੇਗੀ, ਨਹੀਂ ਤਾਂ ਗੈਸ ਉੱਤੇ ਸਬਸਿਡੀ ਨਹੀਂ ਮਿਲੇਗੀ। ਫੇਰ ਪਤਾ ਕੀਤਾ ਕਿ ਇਹ ਆਧਾਰ ਕਾਰਡ ਕੀ ਬਲਾ ਹੈ। ਇਹ ਤਾਂ ਬਹੁਤ ਸਾਰੇ ਅੜਿੱਕੇ ਪੈਣ ਮਗਰੋਂ ਸਰਕਾਰ ਵੱਲੋਂ ਜਾਰੀ ਕਰਨਾ ਸ਼ੁਰੂ ਕੀਤਾ ਗਿਆ ‘ਯੂਨੀਕ ਆਈਡੈਂਟਿਟੀ ਕਾਰਡ’ ਹੀ ਹੈ। ਮੇਰੇ ਕੋਲ ਤਾਂ ਆਧਾਰ ਕਾਰਡ ਸੀ, ਪਰ ਮੇਰੇ ਘਰ ਵਾਲ਼ਾ, ਜਿਸ ਦੇ ਨਾਂ ’ਤੇ ਗੈਸ ਕੁਨੈਕਸ਼ਨ ਸੀ, ਆਧਾਰ ਕਾਰਡ ਤੋਂ ਵਾਂਝਾ ਹੈ। ਜਾਂ ਤਾਂ ਉਹ ਆਧਾਰ ਕਾਰਡ ਲੈ ਲਵੇ ਜਾਂ ਫਿਰ ਜਾਂ ਫਿਰ ਗੈਸ ਵਾਲ਼ਾ ਖਾਤਾ ਮੇਰੇ ਨਾਂ ਲੁਆ ਦੇਵੇ।” (ਇਹ ਬੀਬੀ ਆਪਣੇ ਘਰਵਾਲ਼ੇ ਦੀ ਥਾਂ ਲਾਈਨ ਵਿਚ ਲੱਗੀ ਹੋਈ ਸੀ) 
ਇਕ ਸਾਬਕਾ ਜੱਜ ਨੇ ਆਧਾਰ ਕਾਰਡ ਲਾਜ਼ਮੀ ਬਣਾਏ ਜਾਣ ਦੇ ਖ਼ਿਲਾਫ਼ ‘ਜਨਤਕ ਹਿੱਤ ਵਿਚ ਇਕ ਪਟੀਸ਼ਨ’ ਵੀ ਦਾਇਰ ਕਰਾਈ ਸੀ। 23 ਸਤੰਬਰ, 2013 ਨੂੰ ਸੁਪਰੀਮ ਕੋਰਟ ਨੇ ਇਕ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਆਧਾਰ ਕਾਰਡ ਬਣਾਉਣਾ ਲਾਜ਼ਮੀ ਨਹੀਂ ਹੈ, ਇਹ ਬਣਵਾਉਣਾ/ ਨਾ ਬਣਵਾਉਣਾ ਤੁਹਾਡੀ ਮਰਜ਼ੀ ਹੈ। ਫੇਰ ਤਾਂ ਕਿਸੇ ਗੈਸ ਕੰਪਨੀ ਵੱਲੋਂ ਆਧਾਰ ਕਾਰਡ ਦਿਖਾਉਣ ਲਈ ਕਹਿਣਾ ਅਦਾਲਤ ਦੀ ਮਾਣਹਾਨੀ ਹੈ। ਆਧਾਰ ਕਾਰਡ ਨੂੰ ਆਧਾਰਹੀਣ ਹੀ ਨਹੀਂ, ਅਰਥਹੀਣ ਵੀ ਸਿੱਧ ਕਰਦੇ ਬਹੁਤ ਸਾਰੇ ਤੱਥ ਹਨ, ਜਿੱਦਾਂ:
ਆਧਾਰ ਕਾਰਡ ਬਣਾਉਣ ਵਿਚ, ਉਹੋ ਜਿਹੀ ਕੋਈ ਤਫ਼ਤੀਸ਼/ ਤਸਦੀਕ ਨਹੀਂ ਕੀਤੀ ਜਾਂਦੀ, ਜਿਹੋ ਜਿਹੀ ਪਾਸਪੋਰਟ ਬਣਾਉਣ ਵੇਲ਼ੇ ਕੀਤੀ ਜਾਂਦੀ ਹੈ। ਕੋਈ ਨਹੀਂ ਦੇਖਦਾ ਕਿ ਜਿਹੜੇ ਸਰਨਾਵੇਂ ਦਾ ਸਬੂਤ ਨਾਲ਼ ਲਾ ਕੇ ਆਧਾਰ ਕਾਰਡ ਬਣਾਉਣ ਲਈ ਫਾਰਮ ਭਰਿਆ ਜਾ ਰਿਹਾ ਹੈ, ਫਾਰਮ ਭਰਨ ਵਾਲ਼ਾ ਬੰਦਾ ਉਸ ਸਰਨਾਵੇਂ ’ਤੇ ਰਹਿੰਦਾ ਵੀ ਹੈ ਕਿ ਨਹੀਂ। ਆਧਾਰ ਕਾਰਡ ਇਹੋ ਦਰਸਾਉਂਦਾ ਹੈ ਕਿ ਫਲਾਣਾ ਬੰਦਾ, ਭਾਰਤ ਦਾ ਰਹਿਣ ਵਾਲ਼ਾ ਹੈ। ਇਸ ਤਰ੍ਹਾਂ, ਭਾਰਤ ਵਿਚ ਰਹਿਣ ਵਾਲ਼ਾ ਕੋਈ ਵੀ ਵਿਅਕਤੀ, ਭਾਵੇਂ ਉਹ ਗ਼ੈਰਕਾਨੂੰਨੀ ਢੰਗ ਨਾਲ਼ ਭਾਰਤ ਆਇਆ ਹੋਇਆ ਹੋਵੇ, ਬਿਜਲੀ ਦਾ ਜਾਂ ਫੋਨ ਦਾ ਬਿੱਲ ਨੱਥੀ ਕਰ ਕੇ, ਆਧਾਰ ਕਾਰਡ ਹਾਸਲ ਕਰ ਕੇ, ਭਾਰਤ ਦਾ ਪੱਕਾ ਵਾਸੀ ਬਣ ਸਕਦਾ ਹੈ। ਇਸ ਤੋਂ ਬਾਅਦ ਉਹ ਸਬਸਿਡੀਆਂ ਲੈਣ ਦਾ ਹੱਕਦਾਰ ਵੀ ਹੋ ਜਾਵੇਗਾ।
ਆਧਾਰ ਕਾਰਡ ਗੁਆਚਣ ਦੀ ਸੂਰਤ ਵਿਚ ਸਬੰਧਤ ਬੰਦਾ ‘ਆਨਲਾਈਨ’ ਹੋ ਕੇ ਇਸ ਦੀ ਨਕਲ ‘ਡਾਊਨਲੋਡ’ ਕਰ ਸਕਦਾ ਹੈ। ਹਾਂ, ਇਸ ਕੰਮ ਲਈ, ਉਸ ਬੰਦੇ ਕੋਲ ਕਾਰਡ ਲੈਣ ਲਈ ਦਰਖ਼ਾਸਤ ਦੇਣ ਵੇਲ਼ੇ ਮਿਲੀ, ਉਹ ਰਸੀਦ ਜ਼ਰੂਰ ਹੋਣੀ ਚਾਹੀਦੀ ਹੈ, ਜਿਸ ਵਿਚ ਦਰਖ਼ਾਸਤ ਦੇਣ ਦੀ ਤਾਰੀਖ਼, ਥਾਂ ਅਤੇ ਸਮਾਂ ਦਰਜ ਹੁੰਦਾ ਹੈ। ਜੇ ਤੁਹਾਡੇ ਕੋਲੋਂ ਉਹ ਰਸੀਦ ਵੀ ਗੁੰਮ ਹੋ ਗਈ ਹੈ ਤਾਂ ਸਮਝ ਲਓ ਬਹਿ ਗਿਆ ਝੋਟਾ ਪਾਣੀ ਵਿਚ। ਤੁਹਾਨੂੰ ਆਧਾਰ ਕਾਰਡ ਜਾਰੀ ਕੀਤਾ ਹੋਣ ਦਾ ਕੋਈ ਕੰਪਿਊਟਰੀ ਰਿਕਾਰਡ ਕੱਢਣਾ/ ਕਢਾਉਣਾ ਵੀ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੋਵੇਗਾ। ਫੇਰ ਸਮਝੋ ਕਿ ਤੁਹਾਡੇ ਕੋਲ ਭਾਰਤ ਵਾਸੀ ਹੋਣ ਦਾ ਡੁਪਲੀਕੇਟ ਸਬੂਤ ਵੀ ਨਹੀਂ ਹੈ।
ਜੇ ਤੁਸੀਂ ਕਹੋ, “ਜੀ ਨਵੇਂ ਸਿਰਿਓਂ ਫਾਰਮ ਭਰ ਦਿਆਂ?” ਜੁਆਬ ਵੱਡੀ ਸਾਰੀ “ਨਾਂਹ” ਵਿਚ ਮਿਲੇਗਾ। ਇਸ ਦਾ ਮਤਲਬ ਸਪੱਸ਼ਟ ਤੌਰ ’ਤੇ ਇਹੋ ਹੋਵੇਗਾ ਕਿ ਤੁਸੀਂ ਰਹਿੰਦੀ ਉਮਰ ਤਕ, ਆਧਾਰ ਕਾਰਡ ਨਾਲ਼ ਜੁੜੀ ਹੋਈ ਕੋਈ ਸਹੂਲਤ ਨਹੀਂ ਲੈ ਸਕੋਗੇ। ਕਈਆਂ ਨੂੰ ਇਕ ਆਧਾਰ ਕਾਰਡ ਵੀ ਨਹੀਂ ਮਿਲਦਾ, ਕਈਆਂ ਨੂੰ ਦੋ-ਦੋ ਦੇ ਦਿੱਤੇ ਜਾਂਦੇ ਹਨ। ਕੋਈ ਬੰਦਾ ਪਹਿਲੀ ਵਾਰੀ ਆਧਾਰ ਕਾਰਡ ਬਣਵਾਉਣ ਆਇਆ ਹੈ ਜਾਂ ਪੰਜਾਹਵੀਂ ਵਾਰ, ਇਸ ਦੀ ਕੋਈ ਜਾਂਚ-ਪੜਤਾਲ ਨਹੀਂ ਹੁੰਦੀ।
ਇਹ ਤਾਂ ਉਹ ਕੁੱਝ ਹੀ ਬੁਨਿਆਦੀ ਮਸਲੇ ਹਨ, ਜੋ ਲੋਕਾਂ ਉੱਤੇ ਆਧਾਰ ਕਾਰਡ ਠੋਸਣ ਵਾਲ਼ੇ ਅਧਿਕਾਰੀਆਂ ਨੇ ਵਿਚਾਰ ਗੋਚਰੇ ਹੀ ਨਹੀਂ ਕੀਤੇ। ਸ਼ੁਰੂ-ਸ਼ੁਰੂ ਵਿਚ ਤਾਂ ਇਹੋ ਕਿਹਾ ਗਿਆ ਸੀ ਕਿ ਆਧਾਰ ਕਾਰਡ ਬਣਵਾਉਣਾ ਲਾਜ਼ਮੀ ਨਹੀਂ ਹੈ, ਕੋਈ ਚਾਹੇ ਤਾਂ ਬਣਵਾ ਲਵੇ, ਚਾਹੇ ਰਹਿਣ ਦੇਵੇ। ਆਧਾਰ ਕਾਰਡ ਬਣਾਉਣ ਦਾ ਸਾਰਾ ਕੰਮ, ਪ੍ਰਾਈਵੇਟ ਲੋਕਾਂ ਦੇ ਹੱਥਾਂ ਵਿਚ ਹੈ, ਜਿਸ ਕਰ ਕੇ ਕੋਈ ਵਿਅਕਤੀ ਕਿਸੇ ਓਪਰੇ ਬੰਦੇ ਨੂੰ ਆਪਣੇ ਬੈਂਕ ਅਕਾਊਂਟ ਸਬੰਧੀ ਜਾਣਕਾਰੀ ਕਿਉਂ ਦੇਵੇ? ਇਸ ਤੋਂ ਇਲਾਵਾ ਇਸ ਦੇਸ਼ ਦੇ ਲੱਖਾਂ ਲੋਕਾਂ ਨੇ ਬੈਂਕ ਵਿਚ ਖਾਤਾ ਖੁਲ੍ਹਾਇਆ ਹੀ ਨਹੀਂ। ਕੀ ਹਰ ਨਿੱਕੀ ਜਿਹੀ ਗੱਲ ’ਤੇ ਸਾਨੂੰ ਇਹ ਸਬੂਤ ਦੇਣਾ ਪਿਆ ਕਰੇਗਾ ਕਿ ਅਸੀਂ ਭਾਰਤ ਦੇ ‘ਅਪਮਾਨਯੋਗ ਨਾਗਰਿਕ’ ਹਾਂ?
ਹੁਣ ਕਿੱਸਾ, ਆਖ਼ਰੀ ਉਮਰੇ ਮੁਸਲਮਾਨ ਬਣਨ ਵਾਂਗ ਸਾਡੇ ਵੱਲੋਂ ਭਾਰਤ ਦੇ ਸਨਮਾਨਯੋਗ ਨਾਗਰਿਕ ਹੋਣ ਦਾ ਸਬੂਤ ਬਣਵਾਉਣ ਜਾਣ ਦਾ! 
ਇਕ ਦਿਨ ਦੇਖਾ-ਦੇਖੀ ਖ਼ਿਆਲ ਆ ਗਿਆ ਕਿ ਤੀਏ ਦਿਨ ਏਧਰੋਂ-ਓਧਰ ਤੇ ਓਧਰੋਂ-ਏਧਰ ਹੋਇਆ ਰਹਿੰਨਾਂ ਏ, ਜੇ ਕਿਸੇ ਦਿਨ ਬਗ਼ਾਨੇ ਪੁੱਤਾਂ ਨੇ ਪੁੱਛ ਲਿਆ ਕਿ ਦੱਸ ਤਾਂ ਸਹੀ, ਤੂੰ ਹੈ ਕਿਹੜੇ ਮੁਲਕ ਦਾ ਏਂ ਤਾਂ ਜੁਆਬ ਦੇਣਾ ਔਖਾ ਜਿਹਾ ਹੋ ਜਾਊ। ਸੋ ਭਰਾਵੋ! ਮੈਂ ਵੀ ਆਧਾਰ ਕਾਰਡ ਬਣਵਾਉਣ ਦੇ ਇਰਾਦੇ ਨਾਲ਼ ਕਚਹਿਰੀ ਗਿਆ। ਸਾਰੀ ਬਰਸਾਤ ਸੁੱਕੀ ਲੰਘਾਉਣ ਮਗਰੋਂ ਉਸ ਦਿਨ ਪਤਾ ਨਹੀਂ ਸਾਡੇ ਵੱਲੋਂ ਆਪਣਾ ਆਧਾਰ ਤਗੜਾ ਕਰਨ ਦਾ ਫੈਸਲਾ ਕਰਨ ਦੀ ਖੁਸ਼ੀ ਹੋ ਗਈ ਸੀ ਕਿ ਚਾਰੇ ਪਾਸੇ ਕਾਲ਼ੀ ਘਟਾ ਤਣ ਗਈ। ਮੈਂ ਸੋਚਾਂ, ਕਿਤੇ ਇਹ ਵਰ੍ਹਾਊ ਹੋਈ ਕਾਲ਼ੀ ਘਟਾ, ਕਚਹਿਰੀ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਸਾਰੇ ਕਾਗ਼ਤ-ਪੱਤਰ ਗਿੱਲੇ ਨਾ ਕਰ ਸੁੱਟੇ। 
ਨਾ ਸੱਚ, ਦੱਸਣੋਂ ਰਹਿ ਚੱਲਿਆ ਸੀ ਕਿ ਇਕ ਦਿਨ ਪਹਿਲਾਂ ਵੀ ਮੈਂ ਇਸੇ ਹੀ ਕੰਮ, ਕਚਹਿਰੀ ਗਿਆ ਸੀ ਤਾਂ ਮੈਨੂੰ ਇਸ ਕਾਰਡ ਦੀ ਅਹਿਮੀਅਤ ਦਾ ਹੋਰ ਵੀ ਇਲਮ ਹੋਇਆ ਸੀ, ਜਦੋਂ ਮੈਨੂੰ ਦੱਸਿਆ ਗਿਆ ਕਿ ਇਹ ਕਾਰਡ ਬਣਵਾਉਣ ਆਉਣ ਵਾਲ਼ੇ ਸਵੇਰੇ ਵੇਲ਼ੇ ਸਿਰ ਹੀ, ‘ਸੁਵਿਧਾ ਸੈਂਟਰ’ ਦੇ ਬਰਾਂਡੇ ਜਿਹੇ ਵਿਚ ‘ਲੈਨ’ ਬਣਾ ਕੇ ਬਹਿ ਜਾਂਦੇ ਹਨ। ਕਾਰਡ ਬਣਾਉਣ ਲਈ ਪਹਿਲੇ ਪੰਜਾਹ ਕੁ ਬੰਦੇ ਟੋਕਨ ਦੇ ਕੇ ਅੰਦਰ ਵਾੜ ਲਏ ਜਾਂਦੇ ਹਨ। ਬਾਕੀ ਅਗਲੇ ਦਿਨ!
ਮੈਂ ਆਪਣਾ ਡਰਾਈਵਰ ਲਾਇਸੈਂਸ ਵੱਖਰੀ ਜੇਬ ਵਿਚ ਪਾ ਕੇ, ਆਏ ਬੈਠੇ ਲੋਕਾਂ ਨਾਲ਼ ਜਾ ਰਲਿਆ। ਉਸ ਵੇਲ਼ੇ ਸਵੇਰ ਦੇ ਸੱਤ ਵੱਜੇ ਸਨ। ਲਾਈਨਾਂ (ਇਕ ਬੀਬੀਆਂ ਦੀ ਵੀ) ਦੋ ਬਣ ਗਈਆਂ। ਮਰਦਾਂ ਦੀ ਲਾਈਨ ਵਿਚ ਮੇਰਾ 6ਵਾਂ ਨੰਬਰ ਸੀ। ਲੋਕ ਇਸ ਕਰ ਕੇ ਹੀ ਲਾਈਨ ਵਿਚ ਖੜ੍ਹੇ ਹੋ ਗਏ ਸਨ ਕਿਉਂ ਕਿ ਉਨ੍ਹਾਂ ਨੂੰ ਲੱਗਦਾ ਸੀ ਖ਼ੌਰੇ ਲਾਈਨ ਸਜੀ ਦੇਖ ਕੇ ਹੀ ਉਹ ਖਿੜਕੀ ਖੋਲ੍ਹ ਦੇਣ। ਸਾਢੇ ਅੱਠ ਵਜੇ ਖੁੱਲ੍ਹਣੀ ਦੱਸੀ ਗਈ ਖਿੜਕੀ ਸਾਢੇ ਨੌਂ ਵਜੇ ਖੁੱਲ੍ਹੀ, ਪਰ ਫੇਰ ਉਨ੍ਹਾਂ ਦਾ ਕੰਪਿਊਟਰ ਨਾ ਖੁੱਲ੍ਹੇ। ਪੰਜ-ਛੇ ਜਣੇ ਇਕੱਠੇ ਹੋ ਕੇ ਏਦਾਂ ਉਸ ਦੇ ਦੁਆਲ਼ੇ ਖੜ੍ਹੇ ਸਨ, ਜਿੱਦਾਂ ਕੋਈ ਹਾਦਸਾ ਹੋਣ ਵੇਲ਼ੇ ਭੀੜ ਹੋਈ ਹੋਵੇ। ਫੇਰ ਕੰਪਿਊਟਰ ਚੱਲਿਆ ਤਾਂ ਉਸ ਨੇ ਟੋਕਨਾਂ ਵਾਲ਼ੀ ਹਨੇਰੀ ਜਿਹੀ ਲਿਆ ਦਿੱਤੀ। ਟੋਕਨ ਵੰਡਣ ਵਾਲ਼ਿਆਂ ਨੇ ਪਤਾ ਨਹੀਂ ਕੀ ਕੀਤਾ ਕਿ 6ਵੇਂ ਨੰਬਰ ਉੱਤੇ ਖੜ੍ਹੇ ਨੂੰ, ਮੈਨੂੰ 20 ਨੰਬਰ ਦਾ ਟੋਕਨ ਮਿਲਿਆ। ਇਸ ਤੋਂ ਪਹਿਲਾਂ ਮੀਂਹ ਨੇ ਵੀ ਦੋ ਝੁੱਟੀਆਂ ਚੰਗੀਆਂ ਲਾ ਦਿੱਤੀਆਂ ਸਨ ਤੇ ਟੋਕਨ ਮਿਲਣ ਤਕ ਮੱਠਾ-ਮੱਠਾ ਪੈ ਹੀ ਰਿਹਾ ਸੀ। ਮੀਂਹ ਪੈਣ ਤੋਂ ਹੀ ਪਤਾ ਲੱਗਿਆ ਸੀ ਕਿ ਇਸ ਸੁਵਿਧਾ ਸੈਂਟਰ ਦੇ ਅੱਗੇ ਬਣੇ ਹੋਏ ਬਰਾਂਡਿਆਂ ਜਿਹਾਂ ਉੱਤੇ ਛੱਤ ਨਹੀਂ ਸੀ। ਸ਼ਾਇਦ ਛੱਤ ਦੀ ਥਾਂ ਫਾਈਬਰ ਗਲਾਸ ਦੀਆਂ ਸ਼ੀਟਾਂ ਲੱਗਣੀਆਂ ਸਨ, ਜੋ ਸਰਕਾਰ ਦੇ ਖਾਲੀ ਖ਼ਜ਼ਾਨੇ ਦੀ ਭੇਂਟ ਚੜ੍ਹ ਗਈਆਂ ਸਨ। ਲੋਕਾਂ ਨੂੰ ਭਿੱਜਣਾ ਮਨਜ਼ੂਰ ਸੀ, ਪਰ ਆਪਣਾ ਆਧਾਰ ਕਮਜ਼ੋਰ ਰੱਖਣਾ ਮਨਜ਼ੂਰ ਨਹੀਂ ਸੀ, ਸੋ ਵਰ੍ਹਦੇ ਮੀਂਹ ਵਿਚ ਵੀ ਡਟੇ ਰਹੇ।
ਅੰਦਰ ਗਏ ਤਾਂ ਅੱਗੇ ਫੇਰ ਲਾਈਨ, ਜੋ ਬਾਹਰਲੀ ਨਾਲੋਂ ਛੋਟੀ ਸੀ। ਕਿਸੇ ਤਰ੍ਹਾਂ ਫਾਰਮ ਲਿਆ/ ਭਰਿਆ ਅਤੇ ਦੇ ਦਿੱਤਾ। ਫੇਰ ਆਪਣੀ 20ਵੀਂ ਵਾਰੀ ਦੀ ਉਡੀਕ ਵਿਚ ਇਕ ਕੁਰਸੀ ਉੱਤੇ ਟਿਕ ਗਿਆ। ਮੀਂਹ ਨਾਲ਼ ਗਿੱਲੇ ਹੋਏ ਕੱਪੜੇ, ਪੱਖਿਆਂ ਦੀ ਹਵਾ ਨਾਲ਼ ਸੁੱਕ ਗਏ। ਸੁਵਿਧਾ ਸੈਂਟਰ ਦੇ ਅੰਦਰਲਾ ਮਾਹੌਲ, ਕੈਨੇਡਾ ਦੇ ਕਿਸੇ ਦਫ਼ਤਰ ਦੇ ਮਾਹੌਲ ਦੀ ‘ਸੱਤਵੀਂ-ਅੱਠਵੀਂ ਕਾਰਬਨ ਕਾਪੀ’ ਵਰਗਾ ਸੀ, ਪਰ ਇਸ ਵਿਚ ਕੰਮ ਕਰਦੇ ਮੁਲਾਜ਼ਮ ਆਪਣੇ-ਆਪ ਨੂੰ ‘ਅਸਲੀ ਤੇ ਵੱਡੇ’ ਵਾਈਟ ਹਾਊਸ ਵਿਚ ਲੱਗੇ ਹੋਏ ਸਮਝਦੇ ਲੱਗੇ। ਫਾਰਮ ਲੈਣ ਵਾਲ਼ੇ ਮੁਲਾਜ਼ਮ ਨੂੰ ਮੈਂ ਬੇਨਤੀ ਕੀਤੀ ਕਿ ਫਾਰਮ ਦੇ ਨਾਲ਼ ਲਗਾਈ ਹੋਈ ਡਰਾਈਵਰ ਲਾਇਸੈਂਸ ਦੀ ਕਾਪੀ ਵਿਚ, ਮੇਰੇ ਸਰਨਾਵੇਂ ਵਿਚੋਂ ਇਕ ਸ਼ਬਦ ਟਾਈਪ ਕਰਨਾ ਰਿਹਾ ਹੋਇਆ ਹੈ, ਜੋ ਆਧਾਰ ਕਾਰਡ ਵਿਚ ਜੋੜ ਦਿੱਤਾ ਜਾਵੇ। ਉਸ ‘ਸਾਹਬ ਬਹਾਦਰ’ ਨੇ ਏਦਾਂ ਫ਼ਰਮਾਇਆ, “ਜਾਂ ਤਾਂ ਤੁਸੀਂ ਲਾਇਸੈਂਸ ਉੱਤੇ ਐਡਰੈੱਸ ਠੀਕ ਕਰਾ ਲਿਆਵੋ ਜਾਂ ਏਦਾਂ ਹੀ ਰਹਿਣ ਦਿਓ।” ਮੈਨੂੰ ਇਕ ਵਾਰ ਫੇਰ ਸਵੇਰੇ-ਸਵੇਰੇ ਨਿਰਨੇ ਕਾਲਜੇ ਢਾਈ-ਤਿੰਨ ਘੰਟੇ ਲਾਈਨ ਵਿਚ ਲੱਗਣ ਨਾਲੋਂ ਇਹ ਉਕਾਈ ਦਰੁੱਸਤ ਨਾ ਕਰਾਉਣੀ ਹੀ ਦਰੁੱਸਤ ਲੱਗੀ। ਇੱਥੇ ਦੱਸਣਾ ਜ਼ਰੂਰੀ ਹੈ ਕਿ ਡਰਾਈਵਰ ਲਾਇਸੈਂਸ ਬਣਾ ਕੇ ਦੇਣ ਵਾਲ਼ਿਆਂ ਨੇ ਮੇਰਾ ਸਰਨਾਵਾਂ ਗ਼ਲਤ ਲ਼ਿਖਣ ਦੀ ਗ਼ਲਤੀ ਹੀ ਨਹੀਂ ਕਬੂਲੀ ਹੋਈ ਸੀ, ਉਨ੍ਹਾਂ ਨੇ ਦਸਾਂ ਦਿਨਾਂ ਵਿਚ ਇਹ ਗ਼ਲਤੀ ਦੂਰ ਕਰ ਕੇ ਨਵਾਂ ਲਾਇਸੈਂਸ ਦੇਣ ਦਾ ਵਾਅਦਾ ਵੀ ਕੀਤਾ ਹੋਇਆ ਹੈ। ਹੁਣ ਮੈਨੂੰ ਹੀ ਗ਼ਲਤ ਲਾਇਸੈਂਸ ਨਾਲ਼ ਆਧਾਰ ਕਾਰਡ ਬਣਾਉਣ ਦੀ ਕਾਹਲ਼ੀ ਪਈ ਹੋਵੇ ਤਾਂ ਅਗਲੇ ਕੀ ਕਰਨ।
ਵਾਰੀ ਆਈ ਤਾਂ ਕੰਪਿਊਟਰਾਂ ਅਤੇ ਸਕੈਨਰਾਂ ਵਿਚ ਘਿਰੀ, 25-26 ਸਾਲਾਂ ਦੀ ਇਕ ਮੈਡਮ ਕੋਲ ਗਿਆ। ਉਸ ਅੱਗੇ ਵੀ ਉਹੀ ਬੇਨਤੀ ਦੁਹਰਾਈ, ਪਰ ਉਸ ਨੇ ਵੀ, “ਜੋ ਹੈ, ਉਹੀ ਸਕੈਨ ਹੋਣਾ ਹੈ।” ਯਾਨੀ “ਦੂਜੇ ਮਹਿਕਮੇ ਦੀ ਗ਼ਲਤੀ ਅਸੀਂ ਕਿਉਂ ਠੀਕ ਕਰਦੇ ਫਿਰੀਏ?” ਵਰਗੀ ਗੱਲ ਦੁਹਰਾ ਦਿੱਤੀ। ਨਾ ਉਸ ਨੂੰ ਮੈਂ ਪੜ੍ਹਿਆ-ਲਿਖਿਆ ਲੱਗਿਆ, ਨਾ ਉਸ ਨੇ ਇਹ ਕਿਹਾ ਕਿ ਤੁਹਾਡੀ ਗੱਲ ਜਾਇਜ਼ ਨਹੀਂ। ਉਸ ਨੂੰ ਪਤਾ ਲੱਗਦਾ ਵੀ ਕਿੱਦਾਂ, ਮੇਰੇ ਫਾਰਮ ਵਿਚ ਮੇਰੇ ਸਰਨਾਵੇਂ ਅਤੇ ਬੈਂਕ ਅਕਾਊਂਟ ਦੇ ਵੇਰਵੇ ਤੋਂ ਬਗ਼ੈਰ ਕੁੱਝ ਵੀ ਦਰਜ ਨਹੀਂ ਸੀ। ਮੇਰੇ ਫਾਰਮ ਵਿਚ ਮੇਰੀ ਯੋਗਤਾ, ਤਜਰਬੇ ਅਤੇ ਕਿੱਤੇ ਦਾ ਵੇਰਵਾ ਹੁੰਦਾ ਵੀ ਤਾਂ ਉਹ ਫਾਰਮ ਉਸ ਬੀਬੀ ਦੀ ਥਾਂ ਉਸ ਦੇ ਸਕੈਨਰ ਨੇ ਹੀ ਪੜ੍ਹਨਾ ਸੀ। ਮੈਂ ਆਪਣੇ ਪੋਟਿਆਂ ਤੇ ਅੱਖਾਂ ਦੀ ਸਕੈਨਿੰਗ ਕਰਾਉਂਦਿਆਂ ਅੰਦਰੋ-ਅੰਦਰੀ ‘ਸੱਤ ਬਚਨ ਮੇਰੇ ਮੁਲਕ, ਸੱਤ ਬਚਨ ਮੇਰੀ ਸਰਕਾਰ!’ ਕਹੀ ਜਾ ਰਿਹਾ ਸਾਂ। ਜਦੋਂ ਮੈਂ ਉਸ ਬੀਬੀ ਤੋਂ ਆਪਣੇ ਫਾਰਮ ਅਤੇ ਸਰੀਰਕ ਵੇਰਵੇ ਦੀ ਰਸੀਦ ਫੜ ਕੇ ਪੜ੍ਹੀ ਤਾਂ ਮੈਂ ਦੇਖਿਆ ਕਿ ਮੇਰੇ ਬੈਂਕ ਦੇ ਖਾਤੇ ਅਤੇ ਮੋਬਾਈਲ ਫੋਨ ਨੰਬਰ ਦੇ ਖਾਨਿਆਂ ਵਿਚ ‘ਦਿੱਤਾ ਨਹੀਂ’ ਲਿਖਿਆ ਹੋਇਆ ਸੀ ਜਦੋਂ ਕਿ ਮੇਰੇ ਫਾਰਮ ਵਿਚ ਬੈਂਕ ਦੇ ਨਾਂ ਨਾਲ਼ ਖਾਤਾ ਨੰਬਰ ਵੀ ਲਿਖਿਆ ਹੋਇਆ ਸੀ ਤੇ ਫੋਨ ਨੰਬਰ ਦੇ ਖਾਨੇ ਵਿਚ ਉਹੀ ਫੋਨ ਨੰਬਰ ਵੀ ਲਿਖਿਆ ਹੋਇਆ ਸੀ, ਜੋ ਇਸ ਕਾਲਮ ਨਾਲ਼ ਹਰ ਵਾਰ ਛਪਦਾ ਹੈ।#
Cell Phone: +91-950-175-9494, E-mail: bababax@gmail.com