ਲਵ ਜਹਾਦ: ਐ ਮੋਹੱਬਤ ਤੇਰੇ ਅੰਜਾਮ ਪੇ ਰੋਨਾ ਆਯਾ
ਬਖ਼ਸ਼ਿੰਦਰ
ਮੁਹੱਬਤ, ਪਿਆਰ, ਇਸ਼ਕ ਅਤੇ ਮੋਹ ਕੁੱਝ ਇਹੋ ਜਿਹੇ ਸ਼ਬਦ ਹਨ ਕਿ ਇਹ ਜਦੋਂ ਵੀ ਬੋਲੇ ਜਾਂ ਸੁਣੇ ਜਾਂਦੇ ਹਨ ਤਾਂ ਮਨ ਵਿਚ ਤਰਬਾਂ ਜਿਹੀਆਂ ਛਿੜ ਜਾਂਦੀਆਂ ਹਨ। ਸਿਆਸਤ, ਜਿਸ ਨੂੰ ਮੈਂ ਅਕਸਰ ਹੀ ਸਿਆ(ਹ)ਸਤ ਮੰਨਦਾ/ ਲਿਖਦਾ ਹਾਂ, ਨੇ ਕਿਹੋ ਜਿਹਾ ਗੰਦ ਪਾ ਦਿੱਤਾ ਹੈ ਕਿ ਮੁਹੱਬਤ, ਪਿਆਰ, ਇਸ਼ਕ ਅਤੇ ਮੋਹ ਜਿਹੇ ਸ਼ਬਦਾਂ ਤੋਂ ਵੀ ਕਚਿਆਣ ਜਿਹੀ ਆਉਣ ਲੱਗ ਪਈ ਹੈ। ਇਹ ਕਚਿਆਣ ਘਟਾਉਣ ਦੀ ਕੋਸ਼ਿਸ਼ ਕਰੋ ਤੇ ਆਓ ਮੇਰੇ ਨਾਲ਼ ਸ਼ਾਇਰ ਸ਼ਕੀਲ ਬਦਾਯੂੰਨੀ ਦੀ ਇਹ ਗ਼ਜ਼ਲ ਗੁਣਗੁਣਾਓ:
ਐ ਮੋਹੱਬਤ ਤੇਰੇ ਅੰਜਾਮ ਪੇ ਰੋਨਾ ਆਯਾ।
ਜਾਨੇ ਕਿਊਂ ਆਜ ਤੇਰੇ ਨਾਮ ਪੇ ਰੋਨਾ ਆਯਾ।
ਯੂੰ ਤੋ ਹਰ ਸ਼ਾਮ ਉਮੀਦੋਂ ਮੇਂ ਗੁਜ਼ਰ ਜਾਤੀ ਥੀ,
ਆਜ ਕੁਛ ਬਾਤ ਹੈ ਜੋ ਸ਼ਾਮ ਪੇ ਰੋਨਾ ਆਯਾ।
ਕਭੀ ਤਕਦੀਰ ਕਾ ਮਾਤਮ ਕਭੀ ਦੁਨੀਆ ਕਾ ਗ਼ਿਲਾ,
ਮੰਜ਼ਿਲਿ-ਇਸ਼ਕ ਮੇਂ ਹਰ ਗਾਮ ਪੇ ਰੋਨਾ ਆਯਾ।
ਜਬ ਹੂਆ ਜ਼ਿਕਰ ਮੋਹੱਬਤ ਕਾ ‘ਸ਼ਕੀਲ’,
ਮੁਝ ਕੋ ਅਪਨੇ ਦਿਲਿ-ਨਾਕਾਮ ਪੇ ਰੋਨਾ ਆਯਾ।
ਅੰਗਰੇਜ਼ੀ ਅਖ਼ਬਾਰ ‘ਡੈਕਨ ਹੈਰਾਲਡ’ ਨੇ ਮੈਸੂਰ ਤੋਂ ਇਕ ਖ਼ਬਰ ਛਾਪੀ ਹੈ ਕਿ ਉਧਾਲੀ ਹੋਈ ਇਕ ਨਬਾਲਗ਼ ਕੁੜੀ ‘ਲਵ ਜਹਾਦ’ ਦੀ ਸ਼ਿਕਾਰ ਬਣਾ ਦਿੱਤੀ ਗਈ ਹੈ। “ਇਹ ‘ਲਵ ਜਹਾਦ’ ਕੀ ਬਲਾ ਹੋਈ ਭਲਾ?” ਸਭ ਦੇ ਮਨਾਂ ਵਿਚ ਉੱਠ ਰਹੇ ਇਸ ਸੁਆਲ ਵੱਲ ਵੀ ਹੁੰਦੇ ਹਾਂ, ਪਰ ਪਹਿਲਾਂ ਇਹ ਖ਼ਬਰ ਸਿਰੇ ਲਾ ਲਈਏ। ਮੈਸੂਰ ਵਿਚ ਕੇ. ਆਰ. ਨਗਰ ਦੀ ਪੁਲੀਸ, ਜੋ ਭੇਰਯਾ ਤੋਂ ਇਕ ਨਬਾਲਗ਼ ਕੁੜੀ ਉਧਾਲੇ ਜਾਣ ਦੀ ਜਾਂਚ ਕਰ ਰਹੀ ਸੀ, ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕੁੜੀ ਨੂੰ ਉਧਾਲਣ ਵਾਲ਼ੇ ਮੁੰਡੇ ਨੇ ਜਬਰੀ ਉਸ ਨੂੰ ਮੁਸਲਮਾਨ ਬਣਾਇਆ ਹੈ।
ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਐੱਸ. ਪੀ. ਰਾਮਾਸੁੱਬਾ ਨੇ ਦੱਸਿਆ ਕਿ ਦਕਸ਼ਿਨ ਕੰਨੜਾ ਵਿਚ ਉਲਾਲ ਦੇ ਰਹਿਣ ਵਾਲ਼ੇ ਮੁਹੰਮਦ ਇਦੀਨਬਾ ਦੇ 22 ਸਾਲਾਂ ਦੇ ਪੁੱਤਰ ਅਜ਼ੀਮ ਹਫ਼ੀਜ਼ ਨੇ 16 ਸਾਲਾਂ ਦੀ ਇਕ ਕੁੜੀ ਅਗਵਾ ਕੀਤੀ ਹੈ। ਹਫ਼ੀਜ਼, ਕੇ. ਆਰ. ਨਗਰ ਦੇ ਇਕ ਮੈਡੀਕਲ ਸਟੋਰ ਵਿਚ ਕੰਮ ਕਰਦਾ ਸੀ ਤੇ ਉਸ ਇਲਾਕੇ ਵਿਚ ਆਪਣੇ ਇਕ ਰਿਸ਼ਤੇਦਾਰ ਦੇ ਘਰ ਰਹਿੰਦਾ ਸੀ। ਉਸ ਨੇ ਉਸ ਰਿਸ਼ਤੇਦਾਰ ਦੀ ਸਹਾਇਤਾ ਨਾਲ਼ ਉਸ ਕੁੜੀ ਨਾਲ਼ ਸਾਂਝ ਬਣਾਈ ਤੇ ਫੇਰ ਉਸ ਨੂੰ ਕੱਢ ਕੇ ਲਿਜਾਣ ਮਗਰੋਂ, ਉਸ ਨੂੰ ਜਬਰੀ ਇਸਲਾਮ ਕਬੂਲ ਕਰਾਇਆ। ਇਸ ਤੋਂ ਬਾਅਦ ਉਸ ਨੇ ਚਿਕਮਗਲੂਰ ਵਿਚ ਉਸ ਨਾਲ਼ ‘ਨਿਕਾਹ’ ਕਰਾ ਲਿਆ। ਉਸ ਮੁੰਡੇ ਨੇ ਉਸ ਕੁੜੀ ਨੂੰ ਇਸਲਾਮ ਤਾਂ ‘ਕਬੂਲ’ ਕਰਾਇਆ ਹੀ ਕਰਾਇਆ, ਉਸ ਨੇ ਨੋਟਰੀ ਦੀ ਹਾਜ਼ਰੀ ਵਿਚ, ਕੁੜੀ ਤੋਂ ਇਕ ਹਲਫ਼ੀਆ ਬਿਆਨ ਦੁਆ ਕੇ, ਉਸ ਦੀ ਉਮਰ ਵੀ ਵਧਾ ਕੇ 18 ਸਾਲ ਕਰਾ ਦਿੱਤੀ ਅਤੇ ਉਸ ਦਾ ਨਾਂ ਵੀ ਤਬਦੀਲ ਕਰਾ ਕੇ ‘ਮਹਿਕ ਤਾਜ’ ਰਖਾ ਦਿੱਤਾ। ਉਸ ਮੁੰਡੇ ਨੇ ਖ਼ਰਚੇ ਵਿਚ ਆਪਣਾ ਹੱਥ ਸੌਖਾ ਕਰਨ ਲਈ, ਕੁੜੀ ਦੇ ਪਾਇਆ ਹੋਇਆ ਗਹਿਣਾ-ਗੱਟਾ ਵੀ ਲੁਹਾ ਕੇ ਵੇਚ ਸੁੱਟਿਆ।
ਇਸ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਕੋਲ ਇਸ ਗੱਲ ਦਾ ਰਿਕਾਰਡ ਹੈ ਕਿ ਹਫ਼ੀਜ਼ ਦਾ ਨਾਂ, ਉਲਾਲ ਵਿਚ ਹੋਈ ਇਕ ਚੋਰੀ ਵਿਚ ਵੀ ਵੱਜਦਾ ਰਿਹਾ ਹੈ। ਪੁੱਛ-ਪੜਤਾਲ਼ ਦੌਰਾਨ ਇਹ ਗੱਲ ਬਾਹਰ ਆਈ ਹੈ ਕਿ ਹਫ਼ੀਜ਼ ਨੇ ਛੱਡਣ ਲਈ ਹੀ ਇਹ ਕੁੜੀ ‘ਫਸਾਈ’ ਸੀ। ਉਹ ਇਸ ਸਬੰਧ ਵਿਚ ਆਪਣੀਆਂ ਸਕੀਮਾਂ ਸਿਰੇ ਚੜ੍ਹਾਉਣ ਹੀ ਵਾਲ਼ਾ ਸੀ ਕਿ ਡੀ. ਐੱਸ. ਪੀ. (ਦਿਹਾਤ) ਸੀ. ਡੀ. ਜਗਦੀਸ਼ ਨੇ ਆਪਣੀ ਟੀਮ ਨਾਲ਼ ਸੁਭਾਸ਼ ਨਗਰ ਵਿਚ, ਉਸ ਦੇ ਘਰ ਛਾਪਾ ਮਾਰ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ।
ਹਫ਼ੀਜ਼ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਨੇ ਇਹ ਜੁਰਮ ਕਰਨ ਲਈ ਸ਼ਹਿ ਦੇਣ ਦੇ ਦੋਸ਼ ਅਧੀਨ ਸਿੱਦੀਕੀ ਅਤੇ ਹਸਨ ਕਾਕਾ ਨੂੰ ਵੀ ਹਿਰਾਸਤ ਵਿਚ ਲਿਆ ਹੋਇਆ ਹੈ। ਅਜ਼ੀਮ ਹਫ਼ੀਜ਼ ਦੀ ਇਸ ‘ਅਜ਼ਮਤ’ ਦੇ ਸਬੰਧ ਵਿਚ ਉਸ ਦੀ ਮਾਂ ਜ਼ਰੀਨ ਤਾਜ ਅਤੇ ਬਾਪ ਰਫ਼ੀਕ ਸਮੇਤ ਚਾਰ ਜਣੇ ਫ਼ਰਾਰ ਹਨ।
‘ਲਵ ਜਹਾਦ’ ਦੀ ਜਿਹੜੀ ਪ੍ਰੀਭਾਸ਼ਾ ‘ਵਿਕੀਪੀਡੀਆ’ ਤੋਂ ਮਿਲੀ ਹੈ, ਉਸ ਮੁਤਾਬਕ ‘ਲਵ ਜਹਾਦ’ ਨੂੰ ਉਹ ‘ਜਿਨਸੀ ਜਹਾਦ’ ਜਾਂ ‘ਜਿਨਸੀ ਸੁੱਖ’ ਨਾ ਸਮਝਿਆ ਜਾਵੇ, ਜੋ ਇਸਲਾਮੀ ਹਕੂਮਤ ਕਾਇਮ ਕਰਨ ਲਈ ਲੜਦੇ ਲੜਾਕੂਆਂ ਨੂੰ ਦੇਣ ਖ਼ਾਤਰ ਸੁੰਨੀ ਔਰਤਾਂ ਆਪਣੇ ਜਿਸਮਾਂ ਦੀਆਂ ਪੇਸ਼ਕਸ਼ਾਂ ਕਰਦੀਆਂ ਦੱਸੀਆਂ ਜਾਂਦੀਆਂ ਹਨ। ‘ਲਵ ਜਹਾਦ’, ਜਿਸ ਨੂੰ ‘ਰੋਮੀਓ ਜਹਾਦ’ ਵੀ ਕਿਹਾ ਜਾਂਦਾ ਹੈ, ਬਾਰੇ ਇਹੋ ਧਾਰਨਾ ਬਹੁਤੀ ਪ੍ਰਚੱਲਤ ਹੈ ਕਿ ਇਸ ਅਧੀਨ ਮੁਸਲਮਾਨ ਮੁੰਡੇ ਅਤੇ ਮਰਦ, ਗ਼ੈਰਮੁਸਲਮਾਨ ਕੁੜੀਆਂ ਅਤੇ ਔਰਤਾਂ ਉੱਤੇ ਨਜ਼ਰਾਂ ਟਿਕਾ ਕੇ, ਉਨ੍ਹਾਂ ਨਾਲ਼ ਮੁਹੱਬਤ-ਪਿਆਰ ਦਾ ਪਾਖੰਡ ਕਰ ਕੇ, ਉਨ੍ਹਾਂ ਦਾ ਧਰਮ ਤਬਦੀਲ ਕਰਾ ਕੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਾ ਦਿੰਦੇ ਹਨ। ਇਸ ਮਾਮਲੇ ਨੇ ਪਿਛਲੇ ਕੁੱਝ ਅਰਸੇ ਤੋਂ ਸਾਰੇ ਜਹਾਨ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ।
‘ਲਵ ਜਹਾਦ’ ਨੇ ਭਾਰਤ ਵਿਚ ਕੌਮੀ ਪੱਧਰ ’ਤੇ ਲੋਕਾਂ ਦਾ ਧਿਆਨ, ਸਭ ਤੋਂ ਪਹਿਲਾਂ 2009 ਵਿਚ ਉਸ ਵੇਲ਼ੇ ਖਿੱਚਿਆ ਸੀ, ਜਦੋਂ ਕੇਰਲਾ ਅਤੇ ਮੰਗਲੌਰ ਵਿਚ ਬਹੁਤ ਰੌਲ਼ਾ ਪਿਆ ਸੀ ਕਿ ਬਹੁਤ ਸਾਰੀਆਂ ਹਿੰਦੂ ਤੀਵੀਆਂ ਨੇ ਇਸਲਾਮ ਕਬੂਲ ਕਰ ਲਿਆ ਹੈ ਜਾਂ ਉਨ੍ਹਾਂ ਨੂੰ ਧੱਕੇ ਨਾਲ਼ ਇਸਲਾਮ ਕਬੂਲ ਕਰਾ ਦਿੱਤਾ ਗਿਆ ਹੈ। ਬਾਅਦ ਵਿਚ ਇਹ ਰੌਲ਼ਾ ਸਾਰੇ ਮੁਲਕ ਵਿਚ ਅਤੇ ਫਿਰ ਸਾਰੇ ਜਹਾਨ ਵਿਚ ਪੈ ਗਿਆ ਸੀ। ਅੱਜ ਤਕ ਇਸ ਰੌਲੇ ਨੇ ਹਿੰਦੂਆਂ, ਸਿੱਖਾਂ ਅਤੇ ਇਸਾਈਆਂ ਦੀਆਂ ਜਥੇਬੰਦੀਆਂ ਨੂੰ ਫ਼ਿਕਰ ਪਾਇਆ ਹੋਇਆ ਹੈ। ਇਸ ਦੌਰਾਨ, ਮੁਸਲਮਾਨ ਜਥੇਬੰਦੀਆਂ ਇਸ ਸਭ ਕੁੱਝ ਤੋਂ ਇਨਕਾਰ ਕਰਦੀਆਂ ਆ ਰਹੀਆਂ ਹਨ। ਅੱਜ ਵੀ ਕੁੱਝ ਲੋਕ ਇਸ ਨੂੰ ਇਕ ‘ਗੁੱਝੀ ਸਾਜ਼ਿਸ਼’ ਕਰਾਰ ਦਿੰਦੇ ਹਨ। ਵਿਦੇਸ਼ੀ ਖ਼ਬਰ ਏਜੰਸੀ ‘ਰਾਇਟਰਜ਼’ ਨੇ ਇਸ ਸਬੰਧ ਵਿਚ ਇਹ ਇੰਕਸ਼ਾਫ਼ ਕੀਤਾ ਹੈ ਕਿ ‘ਲਵ ਜਹਾਦ’ ਦੇ ਸਬੰਧ ਵਿਚ 2009, 2010, 2012 ਅਤੇ 2014 ਵਿਚ ਸਰਕਾਰੀ ਤੌਰ ’ਤੇ ਕਰਾਈਆਂ ਗਈਆਂ ਤਫ਼ਤੀਸ਼ਾਂ ਵਿਚੋਂ ਕੁੱਝ ਨਹੀਂ ਨਿੱਕਲਿਆ, ਪਰ ਵਿਅਕਤੀਗਤ ਸੂਹਾਂ/ ਖ਼ਬਰਾਂ ਆਉਣ ਦਾ ਸਿਲਸਿਲਾ ਜਾਰੀ ਹੈ।
‘ਦ ਔਕਸਫੋਰਡ ਹੈਂਡਬੁੱਕ ਆਫ ਰਿਲੀਜੀਅਸ ਕਨਵਰਸ਼ਨ’ ਨਾਂ ਦੀ ਕਿਤਾਬ ਵਿਚ ਇਕ ਹਵਾਲਾ ਮਿਲਦਾ ਹੈ, ਜਿਸ ਮੁਤਾਬਕ, ‘ਲੋਕਾਂ ਦਾ ਧਰਮ ਤਬਦੀਲ ਕਰਨ ਦੇ ਸਬੰਧ ਵਿਚ ਜਜ਼ਬਾਤੀ ਪਹੁੰਚ ਦਾ ਅਸਰ ਬਹੁਤ ਹੀ ਜੱਗ-ਜ਼ਾਹਰ ਹੈ ਅਤੇ ਧਾਰਮਕ ਲੋਕ ਅਕਸਰ ਹੀ ਇਸ ਪਹੁੰਚ ਦਾ ਫ਼ਾਇਦਾ ਉਠਾਉਂਦੇ ਹਨ। ਧਾਰਮਕ ਜਥੇਬੰਦੀਆਂ ‘ਲਵ ਬੰਬਿੰਗ’ (ਮੁਹੱਬਤ ਦੇ ਗੋਲ਼ੇ ਦਾਗ਼ਣੇ) ਅਤੇ ‘ਫਲੱਰਟੀ ਫਿਸ਼ਿੰਗ’ (ਇਸ਼ਕੀਆ ਮੱਛੀਆਂ ਫੜਨਾ) ਵਰਗੀਆਂ ਤਕਨੀਕਾਂ ਵਰਤ ਕੇ ਇੰਟਨੈੱਟ ਰਾਹੀਂ ‘ਇਸ ਜਹਾਦ ਦੇ ਰੰਗਰੂਟ’ ਭਰਤੀ ਕਰਨ ਦੇ ਹੀਲੇ ਕਰਦੀਆਂ ਰਹੀਆਂ ਹਨ।’
ਮੋਟੇ ਤੌਰ ਉੱਤੇ ‘ਲਵ ਜਹਾਦ’ ਉਹ ਹਰਕਤ ਹੈ, ਜਿਸ ਵਿਚ ਮੁਸਲਮਾਨ ਨੌਜੁਆਨ ਆਪਣੇ ਮਰਦਾਨਾ ਸੁਹੱਪਣ ਦਾ ਫ਼ਾਇਦਾ ਉਠਾ ਕੇ, ਮੁਹੱਬਤ ਦੇ ਨਾਂ ’ਤੇ ਕੁੜੀਆਂ ਨਾਲ਼ ਜਜ਼ਬਾਤੀ ਖੇਡ, ਖੇਡ ਕੇ ਉਨ੍ਹਾਂ ਨਾਲ਼ ਖਿਲਵਾੜ ਕਰ ਜਾਂਦੇ ਹਨ।
‘ਸ਼ਿਕਾਗੋ ਟ੍ਰਿਬਿਊਨ’ ਦੇ ਵਿਦੇਸ਼ੀ ਨੀਤੀ ਨਾਲ਼ ਸਬੰਧਤ ਪੱਤਰਕਾਰ ਸਿਧਾਰਥ ਮਹੰਤ ਨੇ ਆਪਣੀ ਇਕ ਰਿਪੋਰਟ ਵਿਚ ਲਿਖਿਆ ਹੋਇਆ ਹੈ ਕਿ ‘ਲਵ ਜਹਾਦ’ ਨਾਂ ਦੀ ਇਸ ਆਧੁਨਿਕ ਸਾਜ਼ਿਸ਼ ਦੀਆਂ ਜੜ੍ਹਾਂ 1947 ਵਿਚ ਭਾਰਤ ਦੀ ਵੰਡ ਤਕ ਗਈਆਂ ਹੋਈਆਂ ਹਨ। ਉਸ ਵੇਲ਼ੇ ਭਾਰਤ ਅਤੇ ਪਾਕਿਸਤਾਨ ਬਣੇ ਸਨ। ਬਾਅਦ ਵਿਚ ਪਾਕਿਸਤਾਨ ਦੁਫਾੜ ਹੋ ਕੇ ਉਸ ਵਿਚੋਂ ਬੰਗਲਾਦੇਸ਼ ਬਣਿਆ ਸੀ। ਉਸ ਵੇਲ਼ੇ ਲੱਖਾਂ ਲੋਕ ਹੀ ਇੱਧਰੋਂ-ਉੱਧਰ ਤੇ ਉੱਧਰੋਂ-ਇੱਧਰ ਨਹੀਂ ਆਏ-ਗਏ ਸਨ, ਸਗੋਂ ਇੰਨੀ ਹੀ ਵੱਡੀ ਗਿਣਤੀ ਵਿਚ ਔਰਤਾਂ ਦੀ ਪੱਤ ਵੀ ਰੋਲ਼ੀ ਗਈ ਸੀ। ਸਰਹੱਦ ਦੇ ਦੋਹੀਂ ਪਾਸੀਂ ਚਲੇ ਗਏ ਮਰਦਾਂ ਨੇ ਇਨ੍ਹਾਂ ਔਰਤਾਂ ਦੇ ਧਰਮ ਵੀ ਕੱਪੜੇ ਪਾੜਨ ਵਾਂਗ ਹੀ ਨਾ ਸਿਰਫ ਲਾਹੇ ਸਨ, ਸਗੋਂ ‘ਚਾਦਰਾਂ ਪਾਉਣ’ ਵਾਂਗ ਹੀ ਉਨ੍ਹਾਂ ਉੱਪਰ ਨਵੇਂ ਧਰਮ ਵੀ ਪਾਏ ਸਨ। ਮਹੰਤ ਦੀ ਰਿਪੋਰਟ ਮੁਤਾਬਕ ਉਦੋਂ ਤੋਂ ਹੀ ਦੋ ਧਰਮਾਂ ਵਿਚਾਲ਼ੇ ਖਾਈਆਂ ਹੋਰ ਡੂੰਘੀਆਂ ਹੋ ਗਈਆਂ ਸਨ।
ਇਸ ਵੇਲ਼ੇ ਭਾਰਤ ਵਿਚ 81% ਹਿੰਦੂ ਹਨ, ਜਦੋਂ ਕਿ ਮਸਾਂ 13% ਮੁਸਲਮਾਨ ਹਨ। ਵੱਡੀ ਮੱਛੀ, ਹਮੇਸ਼ਾ ਛੋਟੀ ਮੱਛੀ ਨੂੰ ਖਾਣ ਵਿਚ ਹੀ ਆਪਣੀ ਸਲਾਮਤੀ ਦੇਖਦੀ ਹੈ।
ਭਾਰਤ ਵਿਚ ਵਿਆਹ ਸਬੰਧੀ ਰਿਸ਼ਤੇ ਹਮੇਸ਼ਾ ਵਿਚੋਲੇ ਰਾਹੀਂ ਕਰਨ ਦਾ ਰਿਵਾਜ ਰਿਹਾ ਹੈ। ਇਕ ਲਿਖਤ ਮੁਤਾਬਕ ਭਾਰਤ ਵਿਚ 90% ਵਿਆਹ ਵਿਚੋਲਗਿਰੀ ਰਾਹੀਂ ਹੁੰਦੇ ਰਹੇ ਹਨ। 2000 ਤੋਂ 2010 ਤਕ ਕੁੱਝ ਪ੍ਰੇਮੀ ਜੋੜੇ ਵੀ ਆਪਸ ਵਿਚ ਵਿਆਹ ਕਰਾਉਣ ਵਿਚ ਕਾਮਯਾਬ ਹੁੰਦੇ ਰਹੇ, ਪਰ ਅੰਤਰਜਾਤੀ ਅਤੇ ਅੰਤਰਧਰਮ ਵਿਆਹ ਦੋ ਧਿਰਾਂ ਵਿਚਾਲ਼ੇ ਤਣਾਅ ਦਾ ਕਾਰਨ ਵੀ ਬਣਦੇ ਰਹੇ। ਆਪਸ ਵਿਚ ਵਿਆਹੇ ਹੋਏ ਪ੍ਰੇਮੀਆਂ ਦੀ ਔਲਾਦ ਜੰਮਦੀ ਹੀ ਇਸ਼ਕ ਦਾ ਲਾਇਸੈਂਸ ਲੈ ਕੇ ਸੀ। ਪ੍ਰੇਮੀਆਂ ਦੇ ਬੱਚੇ ਵਿਆਹ ਕਰਾਉਣ ਸਮੇਂ ਜਾਤਾਂ ਵਿਚਾਲੜੀਆਂ ਹੱਦਾਂ ਹੀ ਨਹੀਂ, ਧਰਮਾਂ ਵਿਚਾਲੜੀਆਂ ਹੱਦਾਂ ਪਾਰ ਕਰਨਾ ਵੀ ਆਪਣਾ ਹੱਕ ਸਮਝਦੀਆਂ ਹਨ ਕਿਉਂ ਕਿ ਉਨ੍ਹਾਂ ਦੇ ਮਾਪੇ, ਉਨ੍ਹਾਂ ਨੂੰ ਇਸ ਪਾਸਿਉਂ ਵਰਜਣ ਦਾ ਹੱਕ ਉਨ੍ਹਾਂ ਦੇ ਜੰਮਣ ਤੋਂ ਪਹਿਲਾਂ ਹੀ ਇਹੋ ਜਿਹੀਆਂ ਹੱਦਾਂ ਉਲੰਘ ਕੇ ਗੁਆ ਬੈਠੇ ਸਨ।
‘ਮੇਲ ਟੂਡੇ’ ਵਿਚ 26 ਅਗੱਸਤ ਨੂੰ ਦੇਵਬੰਦ ਤੋਂ ਛਪੀ ਪਿਯੂਸ਼ ਮਿਸ਼ਰਾ ਦੀ ਇਕ ਰਿਪੋਰਟ ਵਿਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਭਾਵੇਂ ਕੁੱਝ ਜਥੇਬੰਦੀਆਂ ਕੁੱਝ ਵੀ ਕਹੀ ਜਾਣ, ਦੇਵਬੰਦ ਦੀ ਇਸਲਾਮੀ ਸੰਸਥਾ ‘ਦਾਰੁਲ ਉਲੂਮ’ ਨਹੀਂ ਮੰਨਦੀ ਕਿ ‘ਲਵ ਜਹਾਦ’ ਵਰਗੀ ਕੋਈ ਸ਼ੈਅ ਹੈ। ਸੁੰਨੀਆਂ ਦੇ ਇਸ ਮਸ਼ਹੂਰ ਪ੍ਰਚਾਰਕ ਅਦਾਰੇ ਦੇ ਵਾਈਸ ਚਾਂਸਲਰ ਦਾ ਕਹਿਣ ਹੈ ਕਿ ‘ਲਵ ਜਹਾਦ’ ਵਰਗਾ ਇਹ ਲਕਬ, ਹਿੰਦੂਆਂ ਤੇ ਮੁਸਲਮਾਨਾਂ ਦੀ ਆਪਸੀ ਏਕਤਾ ਨੂੰ ਢਾਹ ਲਾਉਣ ਲਈ ਖ਼ਾਸ ਤੌਰ ’ਤੇ ਘੜਿਆ ਗਿਆ ਹੈ ਅਤੇ ਇਸ ਦਾ ਮਕਸਦ, ਭਾਰਤ ਵਿਚ ਮੁਸਲਮਾਨਾਂ ਨੂੰ ਗੁੱਠੇ ਲੁਆਉਣਾ ਹੀ ਹੈ।”
ਦਾਰੁਲ ਉਲੂਮ ਦੇ ਵਾਈਸ ਚਾਂਸਲਰ ਮੌਲਾਨਾ ਮੁਫ਼ਤੀ ਅਬੁਲ ਕਾਸਿਮ ਨੋਮਾਨੀ ਦਾ ਕਹਿਣ ਹੈ, “ਇਸਲਾਮ ਵਿਚ ‘ਲਵ ਜਹਾਦ’ ਵਰਗਾ ਕੋਈ ਲਫ਼ਜ਼ ਹੀ ਨਹੀਂ ਹੈ। ਕੁੱਝ ਜਨੂੰਨੀ ਲੋਕਾਂ ਨੇ ਹਿੰਦੂ-ਮੁਸਲਮਾਨ ਏਕਤਾ ਦੀਆਂ ਧੱਜੀਆਂ ਉਡਾਉਣ ਲਈ ‘ਲਵ ਜਹਾਦ’ ਨਾਂ ਦੀ ਇਹ ਪੁਆੜੇ ਦੀ ਜੜ੍ਹ ਲਾਈ ਹੋਈ ਹੈ।”
ਦੂਜੇ ਪਾਸੇ ਰਾਸ਼ਟਰੀ ਸੋਇਮਸੇਵਕ ਸੰਘ ਯਾਨੀ ਆਰ. ਐੱਸ. ਐੱਸ. ਅਤੇ ਭਾਰਤੀ ਜਨਤਾ ਪਾਰਟੀ ਪਿਛਲੇ ਕੁੱਝ ਅਰਸੇ ਤੋਂ ਇਹ ਦੋਸ਼ ਲਗਾ ਰਹੀਆਂ ਹਨ ਕਿ ਮੁਸਲਮਾਨ ਮੁੰਡੇ ਬਹੁਤ ਹੀ ਬਾਰੀਕ ਤੇ ਯੋਜਨਾਬੱਧ ਢੰਗ ਨਾਲ਼ ਹਿੰਦੂ ਕੁੜੀਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਅਤੇ ਫਿਰ ਉਹ, ਉਨ੍ਹਾਂ ਨੂੰ ਆਪਣਾ ਧਰਮ ਬਦਲਣ ਲਈ ਮਜਬੂਰ ਕਰਦੇ ਹਨ। ਜਨਾਬ ਨੋਮਾਨੀ ਨੇ ਕਿਸੇ ਜਥੇਬੰਦੀ ਦਾ ਨਾਂ ਲਏ ਬਗ਼ੈਰ ਕਿਹਾ ਹੈ ਕਿ ਜਿਹੜੇ ਲੋਕ ਇਹ ਮੁੱਦਾ ਚੁੱਕ ਰਹੇ ਹਨ, ਉਨ੍ਹਾਂ ਨੂੰ ‘ਜਹਾਦ’ ਦੇ ਅਰਥ ਲਾਜ਼ਮੀ ਤੌਰ ’ਤੇ ਸਮਝ ਲੈਣੇ ਚਾਹੀਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਹੈ, “ਬੁਰਿਆਈ ਦੇ ਖ਼ਿਲਾਫ਼ ਕੀਤੀ ਜਾਂਦੀ ਲੜਾਈ ਹੀ ‘ਜਹਾਦ’ ਸਦਾਉਂਦੀ ਹੈ, ਪਰ ਕੁੱਝ ਲੋਕ ਸਿਆਸੀ ਲਾਹਾ ਲੈਣ ਖ਼ਾਤਰ, ਇਸ ਸ਼ਬਦ ਦੀ ਵਰਤੋਂ ਦੇਸ਼ ਦੀ ਫਿਰਕੂ ਸਦਭਾਵਨਾ ਦੇ ਰੰਗ ਵਿਚ ਭੰਗ ਪਾਉਣ ਲਈ ਕਰਦੇ ਹਨ। ਇਹੋ ਜਿਹੇ ਪੁੱਠੇ ਰੁਝਾਨ ਇਸਲਾਮ ਨਾਲ਼ ਜੋੜਨੇ, ਦੇਸ਼ ਦੀ ਬਿਹਤਰੀ ਦੇ ਹੱਕ ਵਿਚ ਨਹੀਂ ਭੁਗਤਦੇ। ਇਸਲਾਮ ਵਿਚ ‘ਲਵ ਜਹਾਦ’ ਵਰਗੀ ਕੋਈ ਸ਼ੈਅ ਨਹੀਂ ਹੈ।”
ਦਾਰੁਲ ਉਲੂਮ ਦੇ ਸ਼ਹਿਰ ਸਹਾਰਨਪੁਰ ਵਿਚ ਹੀ ‘ਵੰਦੇ ਮਾਤਰਮ ਮਿਸ਼ਨ’ ਨਾਂ ਦੀ ਇਕ ਹੋਰ ਸੰਸਥਾ ਹੈ, ਜਿਸ ਨੇ ਇਹ ਦਾਅਵਾ ਕੀਤਾ ਹੋਇਆ ਹੈ ਕਿ ਉਸ ਨੂੰ ਪੱਕਾ ਪਤਾ ਹੈ ਕਿ ਮੁਸਲਮਾਨ ਮੁੰਡੇ, ਆਪਣੇ-ਆਪ ਨੂੰ ਹਿੰਦੂ ਦੱਸ ਕੇ ਹਿੰਦੂ ਕੁੜੀਆਂ ਨੂੰ ਭਰਮਾਉਂਦੇ ਰਹੇ ਹਨ। ਇਸ ‘ਮਿਸ਼ਨ’ ਦੇ ਮੈਂਬਰਾਂ ਨੇ ਸਹਾਰਨ ਪੁਰ ਵਿਚ ਹਿੰਦੂ ਕੁੜੀਆਂ ਨੂੰ ਚੌਕੰਨੀਆਂ ਕਰਨ ਲਈ ਪਰਚੇ ਵੀ ਵੰਡੇ ਹਨ।ਇਸ ਸੰਸਥਾ ਦੇ ਮੋਢੀ ਵਿਜੇ ਕਾਂਤ ਚੌਹਾਨ ਦਾ ਕਹਿਣ ਹੈ, “ਉਹ ਆਪਣੇ ਮੱਥੇ ਉੱਤੇ ਸੰਦਲ ਦੇ ਟਿੱਕੇ ਲਾਉਂਦੇ ਹਨ, ਆਪਣੇ ਗੁੱਟਾਂ ਉੱਤੇ ਮੌਲ਼ੀ ਬੰਨ੍ਹਦੇ ਹਨ ਤਾਂ ਕਿ ਦੇਖਣ ਵਾਲ਼ੇ ਇਹ ਸਮਝਣ ਕਿ ਉਹ ਹਿੰਦੂ ਹਨ। ਉਹ ਕੁੜੀਆਂ ਨੂੰ ਭਰਮਾ ਕੇ ਆਪਣੇ ਜਾਲ ਵਿਚ ਫਸਾਉਂਦੇ ਹਨ ਤੇ ਫਿਰ ਉਨ੍ਹਾਂ ਤੋਂ ਜਬਰੀ ਇਸਲਾਮ ਕਬੂਲ ਕਰਾਉਂਦੇ ਹਨ। ਦੇਸ਼ ਵਿਚ ਇਹੋ ਜਿਹੀਆਂ ਬਹੁਤ ਮਿਸਾਲਾਂ ਮਿਲਦੀਆਂ ਹਨ।”
ਇਸ ਦੌਰਾਨ, ਵਿਸ਼ਵ ਹਿੰਦੂ ਪ੍ਰ੍ਰੀਸ਼ਦ ਅਤੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਜ਼ੋਰ ਦੇ ਕੇ ਇਹ ਗੱਲ ਦੁਹਰਾਈ ਹੈ ਕਿ ਦੇਸ਼ ਵਿਚ ‘ਮੁਹੱਬਤ’ ਦੇ ਲਿਬਾਸ ਵਿਚ ‘ਜਹਾਦ’ ਚਲਾਇਆ ਜਾ ਰਿਹਾ ਹੈ, ਜਿਸ ਨੂੰ ਜਹਾਨ ‘ਲਵ ਜਹਾਦ’ ਵਜੋਂ ਜਾਣਦਾ ਹੈ। ਭਾਜਪਾ ਮਹਿਲਾ ਮੋਰਚੇ ਦੀ ਆਗੂ ਆਨੰਦਮਾਈ ਪੁਰੀ ਦਾ ਕਹਿਣ ਹੈ, “ਇਹੋ ਜਿਹੇ ‘ਜਹਾਦੀਆਂ’ ਨੂੰ ਗੁਆਂਢੀ ਦੇਸ਼ਾਂ ਵੱਲੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।”
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਨਰਲ ਸਕੱਤਰ ਵਿਨਾਇਕ ਰਾਓ ਦੇਸ਼ਪਾਂਡੇ ਨੇ ਕਿਹਾ ਹੈ ਕਿ ਇਹ ਸਿਲਸਿਲਾ, ਪਿਛਲੇ ਇਕ ਦਹਾਕੇ ਤੋਂ ਚੱਲ ਰਿਹਾ ਹੈ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਹੈ, “ਦਸ ਸਾਲ ਪਹਿਲਾਂ, ਅਸੀਂ ਗੁਜਰਾਤ ਵਿਚ ਢਾਈ ਸੌ ਹਿੰਦੂ ਕੁੜੀਆਂ, ਜਿਨ੍ਹਾਂ ਨੂੰ ‘ਲਵ ਜਹਾਦ’ ਦੀਆਂ ਸ਼ਿਕਾਰ ਬਣਾਇਆ ਗਿਆ ਸੀ, ਮੁਸਲਮਾਨਾਂ ਦੇ ਕਬਜ਼ੇ ਵਿਚੋਂ ਛੁਡਾ ਕੇ ਵਸਾਈਆਂ ਸਨ।”
ਇਸ ਦੌਰਾਨ ਹੀ ਇਹ ਖ਼ਬਰ ਵੀ ਆਈ ਹੈ ਕਿ ਇਸੇ ਹੀ ਸਾਲ 27 ਮਈ ਨੂੰ ਬਦਾਯੂੰ ਦੇ ਕਟੜਾ ਸਾਅਦਤ ਗੰਜ ਵਿਚ ਦੋ ਕੁੜੀਆਂ ਨੂੰ ਮਾਰ ਕੇ ਅੰਬ ਦੇ ਇਕ ਦਰੱਖ਼ਤ ਨਾਲ਼ ਟੰਗੇ ਜਾਣ ਦੇ ਮਾਮਲੇ ਦੀ, ਸੀ. ਬੀ. ਆਈ. ਵੱਲੋਂ ਕੀਤੀ ਜਾ ਰਹੀ ਜਾਂਚ, ਉਨ੍ਹਾਂ ਕੁੜੀਆਂ ਦੀਆਂ ਲਾਸ਼ਾਂ ਨਾਲ਼ੋਂ ਵੀ ਭੈੜੇ ਢੰਗ ਨਾਲ਼ ਲਟਕ ਗਈ ਹੈ, ਅਟਕ ਗਈ ਹੈ ਕਿਉਂ ਕਿ ਜਾਂਚ ਅਧਿਕਾਰੀਆਂ ਨੂੰ ਕੇਸ ਦੇ ਹਾਲਾਤ ਜਾਂ ਮਾਹੌਲ ਦੇ ਸਬੰਧ ਵਿਚ ਕੋਈ ਸਬੂਤ ਨਹੀਂ ਮਿਲਿਆ। ਹੁਣ ਲੱਗਦਾ ਹੈ ਕਿ ਸ਼ਾਇਦ, ਇਸ ਕੇਸ ਦੇ ਸਬੰਧ ਵਿਚ ਫੜੇ ਹੋਏ ਤਿੰਨ ਮੁਲਜ਼ਮਾਂ ਅਤੇ ਦੋ ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਸੀ. ਬੀ. ਆਈ. ਵੱਲੋਂ ਕੋਈ ਚਾਰਜ ਸ਼ੀਟ ਪੇਸ਼ ਨਾ ਕੀਤੀ ਜਾਵੇ।
ਪੁਲੀਸ ਨੇ ਕਟੜਾ ਸਾਅਦਤ ਗੰਜ ਤੋਂ ਤਿੰਨ ਜਣਿਆਂ ਨੂੰ ਹਿਰਾਸਤ ਵਿਚ ਲਿਆ ਹੋਇਆ ਹੈ। ਇਹ ਤਿੰਨੇ ਹੀ ਆਪਸ ਵਿਚ ਇਕ-ਦੂਜੇ ਦੇ ਭਰਾ ਦੱਸੇ ਜਾਂਦੇ ਹਨ। ਵਿਗੜੇ ਹੋਏ ਦੱਸੇ ਜਾਂਦੇ ਇਨ੍ਹਾਂ ਮੁਲਜ਼ਮਾਂ, ਜਿਨ੍ਹਾਂ ਦੇ ਨਾਂ ਪੱਪੂ ਯਾਦਵ, ਅਵਧੇਸ਼ ਯਾਦਵ ਅਤੇ ਉਰਵੇਸ਼ ਯਾਦਵ ਹਨ, ਬਾਰੇ ਸੁਣਨ ਵਿਚ ਆਇਆ ਹੈ ਕਿ ਇਨ੍ਹਾਂ ਨੇ ਇਕੱਠੇ ਹੋ ਕੇ ਉਨ੍ਹਾਂ ਦੋਹਾਂ ਭੈਣਾਂ ਦੀ ਪੱਤ ਲੁੱਟ ਕੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ। ਇਨ੍ਹਾਂ ਦੇ ਨਾਲ਼ ਹੀ ਫੜੇ ਹੋਏ ਦੋ ਪੁਲੀਸ ਮੁਲਾਜ਼ਮਾਂ ਛਤਰਪਾਲ ਸਿੰਘ ਅਤੇ ਸਰਵੇਸ਼ ਯਾਦਵ ਦੇ ਖ਼ਿਲਾਫ਼ ਇਹ ਦੋਸ਼ ਲੱਗਿਆ ਹੋਇਆ ਹੈ ਕਿ ਉਨ੍ਹਾਂ ਦੋਹਾਂ ਨੇ ਇਸ ਕਾਂਡ ਦੇ ਸਬੰਧ ਵਿਚ ਕੁੜੀਆਂ ਦੇ ਪਰਿਵਾਰਾਂ ਦੀਆਂ ਅੱਖਾਂ ਵਿਚ ਘੱਟਾ ਪਾਈ ਰੱਖਿਆ ਸੀ।
ਸੀ. ਬੀ. ਆਈ. ਵੱਲੋਂ ਇਨ੍ਹਾਂ ਪੰਜਾਂ ਮੁਲਜ਼ਮਾਂ ਨੂੰ ਅਤੇ ਕੁੜੀਆਂ ਦੇ ਟੱਬਰਾਂ ਦੇ ਚਾਰ ਜੀਆਂ ਨੂੰ ‘ਝੂਠ ਫੜਨ ਵਾਲ਼ੀ ਮਸ਼ੀਨ’ ਲਾ ਕੇ ਵੀ ਪਰਖ਼ਿਆ ਹੈ। ਇਸ ਤਫ਼ਤੀਸ਼ੀ ਏਜੰਸੀ ਨੇ ਦੇਖਿਆ ਕਿ ਮੁਲਜ਼ਮਾਂ ਨੇ ਤਾਂ ਇਸ ਪੁੱਛ-ਪੜਤਾਲ਼ ਦੌਰਾਨ ਹਰ ਸੁਆਲ ਦਾ ਜੁਆਬ ਸਿਰੇ ਤਕ ਦਿੱਤਾ ਹੈ, ਪਰ ਕੁੜੀਆਂ ਦੇ ਟੱਬਰਾਂ ਦੇ ਜੀਆਂ ਦੇ ਬਿਆਨ ਆਪਸ ਵਿਚ ਨਹੀਂ ਰਲੇ। ਹੋਰ ਤਾਂ ਹੋਰ, ਕੁੜੀਆਂ ਅਤੇ ਮੁਲਜ਼ਮਾਂ ਦੇ ਡੀ. ਐੱਨ. ਏ. ਟੈਸਟ ਤੋਂ ਵੀ ਇਸ ਤਫ਼ਤੀਸ਼ੀ ਏਜੰਸੀ ਨੂੰ ਕੋਈ ਸੁਰਾਗ਼ ਨਹੀਂ ਮਿਲਿਆ।
ਇਹ ਸਭ ਕੁੱਝ ਪੜ੍ਹਨ/ ਸੁਣਨ ਮਗਰੋਂ ਇਹੋ ਮਹਿਸੂਸ ਹੁੰਦਾ ਹੈ ਕਿ ਉਹ ਅੱਲ੍ਹਾ-ਤਾਲਾ, ਉਹ ਖ਼ੁਦਾ, ਉਹ ਪਰਵਰਦਿਗ਼ਾਰ ਕਿਹੋ ਜਿਹਾ ਹੋਵੇਗਾ, ਜਿਹੜਾ ਮਾਸੂਮ ਧੀਆਂ-ਭੈਣਾਂ ਨਾਲ਼ ਮੁਹੱਬਤ, ਪਿਆਰ ਅਤੇ ਇਸ਼ਕ ਜਿਹੇ ਸੁੱਚੇ-ਸੱਚੇ ਤੇ ਖ਼ਰੇ ਜਜ਼ਬੇ ਦੇ ਨਾਂ ’ਤੇ ਠੱਗੀ ਕਰਾਉਂਦਾ ਹੈ। ਜੇ ਉਹ ਖ਼ੁਦ ਇਹ ਸਭ ਕੁੱਝ ਕਰਾਉਂਦਾ ਹੈ ਤਾਂ ਉਹ ਖ਼ੁਦਾ ਨਹੀਂ ਹੈ।#
Cell Phone: +91-950-175-9494, E-mail: bababax@gmail.com
