ਸਿਰੇ ’ਤੇ ਗੰਢ-35

 ਸੇਵਾ ਨਹੀਂ ਰਾਜ-ਰਾਜ ਨਹੀਂ ਸੇਵਾ
ਉਰਫ਼
ਗਿੱਲ-ਖਹਿਰਾ-ਗੁਲਾਟੀ-ਚੀਮਾ
ਬਖ਼ਸ਼ਿੰਦਰ

ਇਸ ਲੇਖ ਦੇ ਸਿਰਲੇਖ ਵਿਚ ਕਾਣ ਜਿਹੀ ਪਈ ਲੱਗਦੀ ਹੈ ਨਾ? ਇਹ ਕਾਣ ਬਾਅਦ ਵਿਚ ਕੱਢਦੇ ਹਾਂ, ਪਹਿਲਾਂ ਇਕ ਟੋਟਾ ਯਾਨੀ ਪੀਸ ਹੋ ਜਾਵੇ। ਬਹੁਤ ਸਾਰੇ ਮੰਨੇ-ਪ੍ਰਮੰਨੇ ਕਾਲਮ ਨਵੀਸ ਆਪਣਾ ਕਾਲਮ ਮੁਕਾਉਣ ਤੋਂ ਪਹਿਲਾਂ ਕੋਈ ‘ਟੇਲ ਪੀਸ’ ਲਿਖਿਆ ਕਰਦੇ ਹਨ। ਹਿੰਦੀ ਵਿਚ ਇਸ ਨੂੰ ‘ਦੁੰਮਛੱਲਾ’ ਕਹਿ ਦਿੱਤਾ ਜਾਂਦਾ ਹੈ। ‘ਦੁੰਮ’ ਯਾਨੀ ‘ਪੂਛ’ ਤੇ ‘ਛੱਲਾ’ ਦਾ ਮਤਲਬ ‘ਮੁੰਦੀ’ ਜਾਂ ਇਸ ਵਰਗੀ ਕੋਈ ਸ਼ੈਅ। ਇਸ ਨੂੰ ਪੰਜਾਬੀ ਵਿਚ ਉਲਥਾਉਣਾ ਹੋਵੇ ਤਾਂ ‘ਦੁੰਬ-ਛੱਲਾ’ ਕਿਹਾ ਜਾ ਸਕਦਾ ਹੈ। ਪੰਜਾਬੀ ਵਿਚ ਪੂਛ ਦੇ ਹੇਠਲੇ ਸਿਰੇ ਦੇ ਵਾਲ਼ਾਂ ਦੇ ਗੁੱਛੇ ਨੂੰ ਵੀ ਉਸੇ ਤਰ੍ਹਾਂ ‘ਦੁੰਬ’ ਕਿਹਾ ਜਾਂਦਾ ਹੈ, ਜਿੱਦਾਂ ਚਰੀ ਜਾਂ ਬਾਜਰੇ ਦੀ ਫਸਲ ਨਿੱਸਰਨ ’ਤੇ ਉਸ ਦੇ ਬੂਟਿਆਂ ਦੇ ਸਿਰਾਂ ਉੱਤੇ ਲੱਗਣ ਵਾਲ਼ੇ, ਦਾਣਿਆਂ ਦੇ ਗੁੱਛਿਆਂ ਨੂੰ ‘ਦੁੰਬ’ ਕਿਹਾ ਜਾਂਦਾ ਹੈ। ਅਸੀਂ ਆਪਣੇ ਲੇਖ ਨੂੰ, ਇਹ ‘ਛੱਲਾ’ ਉਸ ਦੀ ‘ਟੇਲ’ ਯਾਨੀ ਪੂਛ ਤਕ ਲਿਜਾਣ ਤੋਂ ਪਹਿਲਾਂ ਹੀ, ਯਾਨੀ ਸ਼ੁਰੂ ਵਿਚ ਹੀ ਪੁਆ ਰਹੇ ਹਾਂ, ਜਿਸ ਕਰ ਕੇ ਇਸ ਨੂੰ ‘ਦੁਮਛੱਲਾ’ ਜਾਂ ‘ਦੁੰਬ-ਛੱਲਾ’ ਦੀ ਤਰਜ਼ ਉੱਤੇ ਹੀ ‘ਮੁੱਖ-ਛੱਲਾ’ ਸਮਝ ਲਿਆ ਜਾਵੇ। ਇਸ ਲੇਖ ਨੂੰ ‘ਛੱਲਾਕਰਨ’ ਦੀ ਇਸ ਬਿਮਾਰੀ ਜਿਹੀ ਦਾ ਸ਼ਿਕਾਰ ਹੋਣ ਤੋਂ ਬਚਾਉਣ ਦਾ ਹੀਲਾ ਕਰਦਿਆਂ ਮੁੱਖ ਮੁੱਦੇ ਉੱਤੇ ਯਾਨੀ ‘ਲੇਖ ਦੇ ਸਿਰਲੇਖ ਦੀ ਕਾਣ’ ਵੱਲ ਆਉਂਦੇ ਹਾਂ। 
ਕਿਸੇ ਦੇ ਘਰ ਬਾਲ-ਬੱਚਾ ਹੋਣ ਵਾਲ਼ਾ ਸੀ। ਉਹ ਆਪਣੇ ਹੋਣ ਵਾਲ਼ੇ ਬੱਚੇ ਦੇ ਮੁੰਡਾ ਜਾਂ ਕੁੜੀ ਹੋਣ ਸਬੰਧੀ ਪੁੱਛ ਪੁਆਉਣ ਲਈ ਕਿਸੇ ਨਜੂਮੀ ਕੋਲ਼ ਗਿਆ। ਇਸ ਸਬੰਧੀ ‘ਪ੍ਰਸ਼ਨ’ ਦਾ ‘ਉਤਰ’ ਦਿੰਦਿਆਂ ਨਜੂਮੀ ਨੇ ਕਿਹਾ, “ਮੁੰਡਾ ਨਹੀਂ ਕੁੜੀ!” ਇਹ ਜੁਆਬ ਸੁਣ ਕੇ ਜਾਣ ਵਾਲ਼ੇ ਦੇ ਘਰ ਕੁੜ ਜੰਮ ਪੈਂਦੀ, ਨਜੂਮੀ ਦਾ ਕਿਹਾ ਤਾਂ ਵੀ ਸੱਚ ਹੋ ਜਾਂਦਾ ਤੇ ਜੇ ਮੁੰਡਾ ਜੰਮ ਪੈਂਦਾ ਤਾਂ ਨਜੂਮੀ ਦਾ ਕਿਹਾ ਫਿਰ ਵੀ ਸੱਚ ਹੋ ਜਾਂਦਾ। ਦੋਹਾਂ ਕੀ, ਤੇਹਾਂ ਹੀ ਸੂਰਤਾਂ ਵਿਚ ਨਜੂਮੀ ਆਪਣੇ ਕਥਨ ਦੀ ਵਿਆਖਿਆ ਏਦਾਂ ਕਰਦਾ ਕਿ ਉਸ ਦਾ ਕਥਨ ਸਹੀ ਜਾਪਣ ਲੱਗਦਾ।
ਮੁੰਡਾ ਜੰਮਣ ਦੀ ਸੂਰਤ ਵਿਚ ਨਜੂਮੀ ਕਹਿੰਦਾ ਕਿ ਉਸ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ, “ਮੁੰਡਾ! ਨਹੀਂ ਕੁੜੀ।” ਜੇ ਕੁੜੀ ਜੰਮ ਪੈਂਦੀ ਤਾਂ ਉਹ ਕਹਿੰਦਾ ਕਿ ਉਸ ਨੇ ਇਹੋ ਕਿਹਾ ਸੀ, “ਮੁੰਡਾ ਨਹੀਂ! ਕੁੜੀ।”। ਜੇ ਰੱਬ ਦੀ ਕਰਨੀ, ਕੇਸ ਖ਼ਰਾਬ ਹੋ ਜਾਂਦਾ ਤਾਂ ਨਜੂਮੀ ਕਹਿੰਦਾ, “ ਮੈਂ ਨਹੀਂ ਕਿਹਾ ਸੀ, ‘ਮੁੰਡਾ ਨਹੀਂ ਕੁੜੀ’?” ਯਾਨੀ ਨਾ ਮੁੰਡਾ ਨਾ ਕੁੜੀ। ਪਾਠਕ ਪਿਆਰਿਓ! ਇਸ ਹਿਸਾਬ ਨਾਲ਼ ਹੀ ਤੁਸੀਂ ਇਸ ਲੇਖ ਦੇ ਸਿਰਲੇਖ ਦੀ ਕਾਣ ਕੱਢ ਲੈਣੀ।
ਟੋਟੇ ਤੋਂ ਮਗਰੋਂ ਲੇਖ! ਯਾਨੀ ਸਾਰੇ ਹੀ ਕੰਮ ਪੁੱਠੇ! ਜਦੋਂ ਲੇਖ ਹੀ ਪੁੱਠੇ ਕੰਮਾਂ ਦੇ ਸਬੰਧ ਵਿਚ ਲਿਖਿਆ ਜਾ ਰਿਹਾ ਹੋਵੇ ਤਾਂ ਉਸ ਦੀ ਤਰਤੀਬ ਸਿੱਧੀ ਕਿੱਦਾਂ ਰਹੂ। ਗੱਲ ਪੱਲੇ ’ਚ ਪੈਣ ਜੋਗੀ ਕਰੀਏ ਤਾਂ ਏਦਾਂ ਹੋਊ ਪਈ ਜੇ ਲੋਕਾਂ ਨੂੰ ਗ਼ਲਤ ਜਾਂ ਪੁੱਠੇ ਕੰਮ ਕਰਨ ਤੋਂ ਰੋਕਣ ਵਾਲ਼ੀ ਪੁਲੀਸ ਹੀ ਪੁੱਠੇ ਕੰਮ ਕਰਨ ਲੱਗ ਪਈ ਤਾਂ ‘ਸੇਵਾ’ ਦੇ ਅਰਥ ਤਾਂ ਆਪੇ ਹੀ ਬਦਲਣੇ ਹੋਏ। ਜਦੋਂ ਪੰਜਾਬ ਦਾ ਮੁੱਖ ਮੰਤਰੀ ਅਤੇ ਉਸ ਦਾ ਮੰਤਰੀ-ਟੋਲਾ  ਤਾਂ ‘ਰਾਜ ਨਹੀਂ ਸੇਵਾ’ ਦੀਆਂ ਟਾਹਰਾਂ ਮਾਰਦੇ ਹੋਣ ਤੇ ਕਿਸੇ ਬਾਹਲ਼ੇ ਹੀ ਵੱਡੇ ਪੁਲੀਸ ਅਫ਼ਸਰ ਦੇ ਸਿਰ ਕਿਸੇ ਨੂੰ ਅਗਵਾ ਕਰਨ/ ਕਰਾਉਣ ਦਾ ਦੋਸ਼ ਲੱਗ ਜਾਵੇ ਤਾਂ ਫਿਰ ‘ਸੇਵਾ’ ਦੇ ਸ਼ਬਦ-ਜੋੜ ਭਾਵੇਂ ਕਿੰਨੇ ਵੀ ਸਹੀ ਹੋਣ, ਉਸ ਦਾ ‘ਅਰਥ-ਜੋੜ’ ਹਿੱਲਿਆ ਹੋਇਆ ਹੀ ਲੱਗੇਗਾ।
ਪਿਛਲੇ ਦਿਨੀਂ ਸਭ ਨੇ ਉਹ ਖ਼ਬਰ ਪੜ੍ਹੀ ਹੋਣੀ ਹੈ, ਜਿਸ ਦਾ ਸਿਰਲੇਖ ‘ਪੰਜਾਬ ਸਰਕਾਰ ਵੱਲੋਂ ਆਈ. ਜੀ. ਪੀ. ਗੌਤਮ ਚੀਮਾ ਮੁਅੱਤਲ’ ਸੀ। ਇਹ ਸਿਰਲੇਖ ਪੜਨ੍ਹ ਮਗਰੋਂ ਹੀ ਹੁਣ ਸਾਡੇ ਲੇਖ ਦਾ ਸਿਰ ਹੀ ਨਹੀਂ, ਸਿਰਲੇਖ ਵੀ ਹਿੱਲਿਆ ਪਿਆ ਹੈ। ਆਈ ਨਾ ਗੱਲ ਗੇੜ ਵਿਚ? ਖ਼ਬਰਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ। ਇਸ ਲਈ ਕੋਈ ਕਿੰਨੀਆਂ ਕੁ ਯਾਦ ਰੱਖ ਲਊ ਭਲਾ! ਸੋ ਚੇਤਾ ਕਰਾਉਣ ਦਾ ਹੀਲਾ ਕਰ ਲੈਂਦੇ ਹਾਂ ਕਿ ਆਪਣੇ ਚੀਮਾ ਸਾਹਬ ਨੂੰ ਮੁਅੱਤਲੀ ਦਾ ਕਾਲ਼ਾ ਮੂੰਹ ਕਿਉਂ ਦੇਖਣਾ ਪਿਆ। ਇਹ ਖ਼ਬਰ ਦਿੰਦਿਆਂ ਗ੍ਰਹਿ ਵਿਭਾਗ ਦੇ ਬੁਲਾਰੇ ਦੱਸਿਆ ਕਿ ਕ੍ਰਿਸਪੀ ਖਹਿਰਾ, ਮਨਿੰਦਰ ਗੁਲਾਟੀ ਅਤੇ ਅਮਰਪ੍ਰੀਤ ਵਰਮਾ ਨੇ     ਗੌਤਮ ਚੀਮਾ ਦੀਆਂ ਕਈ ਸ਼ਿਕਾਇਤਾਂ ਲਾਈਆਂ ਹੋਈਆਂ ਹਨ। ਮੁਹਾਲੀ ਦੇ ਕਾਲੋਨਾਈਜ਼ਰ ਦਵਿੰਦਰ ਸਿੰਘ ਗਿੱਲ ਦੀ ਪਤਨੀ ਕ੍ਰਿਸਪੀ ਖਹਿਰਾ ਨੇ ਆਪਣੀ ਸ਼ਿਕਾਇਤ ਵਿਚ ਚੀਮਾ ਦੇ ਖ਼ਿਲਾਫ਼ ਅਗਵਾ ਕਰਨ, ਧਮਕੀਆਂ ਦੇਣ ਅਤੇ ਬਦਸਲੂਕੀ ਤੇ ਜਿਨਸੀ ਛੇੜਖਾਨੀ ਕਰਨ ਦੇ ਦੋਸ਼ ਲਗਾਏ ਹੋਏ ਹਨ। ਇਨ੍ਹਾਂ ਸ਼ਿਕਾਇਤਾਂ ਦੀ ਜਾਂਚ, ਨਿਰਪੱਖ ਢੰਗ ਨਾਲ਼ ਕਰਨ ਖ਼ਾਤਰ ਹੀ ਚੀਮਾ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਦੌਰਾਨ ਹੀ ਆਈ ਇਕ ਹੋਰ ਖ਼ਬਰ ਅਨੁਸਾਰ, ਪੰਜਾਬ ਪੁਲੀਸ ਦੇ ਇੰਸਪੈਕਟਰ ਜਨਰਲ ਗੌਤਮ ਚੀਮਾ ਦੇ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਕਿਸੇ ਵੇਲ਼ੇ ਵੀ ਹਿਰਾਸਤ ਵਿਚ ਲੈ ਕੇ ਸੀਖਾਂ ਪਿੱਛੇ ਡੱਕਿਆ ਜਾ ਸਕਦਾ ਹੈ। ਇਸ ਦੌਰਾਨ ਹੀ ਇਸ ਮਾਮਲੇ ਨੂੰ, ਵੱਖਰੀ ਹੀ ਕਿਸਮ ਦੀ ਪੱਤਰਕਾਰੀ ਵਿਚ ਲਪੇਟ ਕੇ, ਇਕ ਪੰਜਾਬੀ ਅਖ਼ਬਾਰ ਨੇ ਇਕ ਖ਼ਬਰ ਏਦਾਂ ਵੀ ਛਾਪੀ ਹੈ:

“ਚੰਡੀਗੜ੍ਹ-ਆਈ. ਜੀ. ਚੀਮਾ ’ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਅਤੇ ਭਾਰਤੀ ਇਮੀਗ੍ਰੇਸ਼ਨ ਦੀ ਮਾਲਕਣ ਅਤੇ ਕਾਲੋਨਾਈਜਰ ਦਵਿੰਦਰ ਗਿੱਲ ਦੀ ਪਤਨੀ ਕ੍ਰਿਸਪੀ ਖਹਿਰਾ ਹੁਣ ਫੇਸਬੁੱਕ ’ਤੇ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਯੌਨ ਸ਼ੋਸ਼ਣ ਤੋਂ ਬਾਅਦ ਕ੍ਰਿਸਪੀ ਖਹਿਰਾ ਵਿਦੇਸ਼ ਦੌਰੇ ’ਤੇ ਗਈ ਸੀ, ਜਿੱਥੇ ਕਾਤਲਾਨਾ ਅੰਦਾਜ਼ ਵਿਚ ਪੋਜ਼ ਦਿੰਦੇ ਹੋਏ ਨਜ਼ਰ ਆਈ। ਦੱਸਣਯੋਗ ਹੈ ਕਿ ਇਹ ਸਾਰੀਆਂ ਤਸਵੀਰਾਂ ਕ੍ਰਿਸਪੀ ਨੇ ਆਪਣੇ ਫੇਸਬੁੱਕ ਪੇਜ ’ਤੇ ਅਪਲੋਡ ਕੀਤੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕ੍ਰਿਸਪੀ ਨੇ ਕਿਹਾ ਸੀ ਕਿ ਯੌਨ ਸ਼ੋਸ਼ਣ ਤੋਂ ਬਾਅਦ ਉਸ ਨੂੰ 3 ਅਪ੍ਰੈਲ ਨੂੰ ਪਰਿਵਾਰ ਸਮੇਤ ਵਿਦੇਸ਼ ਜਾਣਾ ਪਿਆ, ਜਿੱਥੋਂ 26 ਅਪ੍ਰੈਲ ਨੂੰ ਉਹ ਵਾਪਸ ਆਏ। ਇਸ ਤੋਂ ਬਾਅਦ ਉਸ ਦਾ ਵਿਆਹ ਹੋ ਗਿਆ ਅਤੇ ਅਮਰੀਕੀ ਵੀਜ਼ਾ ਹੋਣ ਕਾਰਨ ਸਾਲ ’ਚ ਦੋ ਵਾਰ ਵਿਦੇਸ਼ ਜਾਣਾ ਪੈਂਦਾ ਹੈ। ਦੂਜੇ ਪਾਸੇ ਆਈ. ਜੀ. ਚੀਮਾ ਦੀ ਪਤਨੀ ਸੁਖਮਨੀ ਨੇ ਆਪਣੇ ਪਤੀ ਨੂੰ ਬੇਕਸੂਰ ਦੱਸਦੇ ਹੋਏ ਦੋਸ਼ ਲਗਾਇਆ ਕਿ ਜਿਸ ਕ੍ਰਿਸਪਤੀ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਉਸ ਨੂੰ ਪੰਜਾਬ ਪੁਲਸ ਦੇ ਹੀ ਕੁੱਝ ਵੱਡੇ ਪੁਲਸ ਅਧਿਕਾਰੀਆਂ ਦੀ ਸ਼ਹਿ ਪ੍ਰਾਪਤ ਹੈ। ਸੁਖਮਨੀ ਨੇ ਕਿਹਾ ਕਿ ਕੀ ਅਜਿਹਾ ਹੋ ਸਕਦਾ ਹੈ ਕਿ ਜਿਸ ਔਰਤ ਨਾਲ਼ ਇੰਨੇ ਘਿਨੌਣੇ ਅਪਰਾਧ ਦੀ ਕੋਸ਼ਿਸ ਹੋਈ ਹੋਵੇ, ਉਹ ਵਿਦੇਸ਼ ਘੁੰਮਣ ਜਾਵੇ। ਜ਼ਿਕਰਯੋਗ ਹੈ ਕਿ ਕ੍ਰਿਸਪੀ ਖਹਿਰਾ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ 20 ਮਾਰਚ ਨੂੰ ਸੈਕਟਰ-70 ਸਥਿਤ ਉਨ੍ਹਾਂ ਦੇ ਘਰ ਆਈ. ਜੀ. ਚੀਮਾ ਅਤੇ ਅਜੇ ਚੌਧਰੀ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਸੀ।”

ਇੱਥੇ ਇਹ ਗੱਲ ਦੱਸਣੀ ਬਹੁਤ ਹੀ ਜਾਇਜ਼ ਹੋਵੇਗੀ ਕਿ ਇਹ ਖ਼ਬਰ ਇੱਥੇ ਉਸੇ ਤਰ੍ਹਾਂ ਦਸਤਾਵੇਜ਼ੀ ਰੂਪ ਵਿਚ ਛਾਪੀ ਜਾ ਰਹੀ ਹੈ, ਜਿੱਦਾਂ ਕਿਸੇ ਦਸਤਾਵੇਜ਼ ਦੀ ਨਕਲ, ਕਿਸੇ ਅਦਾਲਤ ਵਿਚ ਪੇਸ਼ ਕੀਤੀ ਜਾਂਦੀ ਹੈ। ਯਾਨੀ ਇਸ ਦੇ ਮੂਲ ਪਾਠ ਵਿਚ ਜਿਹੜੀਆਂ ਗ਼ਲਤੀਆਂ ਛਪੀਆਂ ਹੋਈਆਂ ਹਨ, ਉਹ ਵੀ ਦਰੁੱਸਤ ਨਹੀਂ ਕੀਤੀਆਂ ਗਈਆਂ। ਇਸ ਖ਼ਬਰ ਵਿਚ ਛਪੇ ਤੱਥਾਂ ਬਾਰੇ ਵੀ ਅਸੀਂ ਚੁੱਪ ਰਹਿਣਾ ਹੀ ਤੇ ਪਾਠਕਾਂ ਨੂੰ ਇਨ੍ਹਾਂ ਦੀ ਘੋਖ ਕਰਨ ਦੇਣਾ ਹੀ ਬਿਹਤਰ ਸਮਝਿਆ ਹੈ।
ਇਸ ਦੌਰਾਨ ਹੀ ਮੁਦਈ ਯਾਨੀ ਕ੍ਰਿਸਪੀ ਖਹਿਰਾ ਦੇ ਖ਼ੁਦ ਹੀ ਮੁੱਦਾ ਬਣ ਜਾਣ ਦੀ ਨੌਬਤ ਆ ਗਈ, ਜਦੋਂ ਪਤਾ ਲੱਗਿਆ ਕਿ ਕ੍ਰਿਸਪੀ ਖਹਿਰਾ ਇਸ ਤੋਂ ਪਹਿਲਾਂ ਕਰਨ ਅਰੋੜਾ ਨਾਂ ਦੇ ਇਕ ਵਿਅਕਤੀ ਦੇ ਸਿਰ ਵੀ ਸਰੀਰਕ ਸ਼ੋਸ਼ਣ ਕਰਨ ਅਤੇ ਅਸ਼ਲੀਲ ਫ਼ਿਲਮ ਸਬੰਧੀ ਧਮਕੀਆਂ ਦੇਣ ਦੇ ਦੋਸ਼ ਲਗਾ ਚੁੱਕੀ ਹੈ। ਇਸ ਸਬੰਧੀ ਸ਼ਿਕਾਇਤ, ਥਾਣਾ ਸਿਵਲ ਲਾਈਨ, ਪਟਿਆਲਾ ਵਿਚ ਦਰਜ ਕਰਾਈ ਗਈ ਸੀ। ਕ੍ਰਿਸਪੀ ਖਹਿਰਾ ਨੇ ਇਹ ਸਪੱਸ਼ਟੀਕਰਨ ਦਿੱਤਾ ਹੋਇਆ ਹੈ ਕਿ ਉਹ ਅਤੇ ਕਰਨ ਅਰੋੜਾ ਦੋਵੇਂ ਇਕ ਇੰਮੀਗ੍ਰੇਸ਼ਨ ਕੰਪਨੀ ਵਿਚ ਕੰਮ ਕਰਦੇ ਸਨ, ਜਿਸ ਕਰ ਕੇ ਉਨ੍ਹਾਂ ਦਾ ਇਕ-ਦੂਜੇ ਦੇ ਘਰ ਆਉਣ-ਜਾਣ ਸੀ। ਇਕ ਦਿਨ ਉਹ ਕਰਨ ਨੂੰ ਆਪਣੀ ਮਾਂ ਨਾਲ਼ ਮਿਲਾਉਣ ਖ਼ਾਤਰ ਆਪਣੇ ਘਰ ਲੈ ਕੇ ਆਈ ਤਾਂ ਮਾਂ ਘਰ ਨਹੀਂ ਸੀ, ਜਿਸ ਕਾਰਨ ਉਹ ਉਸ ਰਾਤ ਉੱਥੇ ਹੀ ਰਹਿ ਪਿਆ। ਉਸ ਰਾਤ ਹੀ ਕਰਨ ਨੇ ਕ੍ਰਿਸਪੀ ਦਾ ਸਰੀਰਕ ਸ਼ੋਸ਼ਣ ਕੀਤਾ ਸੀ।
ਕੁੱਝ ਅਰਸਾ ਪਹਿਲਾਂ ਹੀ, ਫਰਾਰ ਹੋਏ ਫਿਰਦੇ ਗੌਤਮ ਚੀਮਾ ਨੂੰ ਹਿਰਾਸਤ ਵਿਚ ਲੈ ਕੇ ਬਣਦੀ ਸਜ਼ਾ ਦੇਣ ਦੀ ਮੰਗ ਕਰਦਿਆਂ, ਦਵਿੰਦਰ ਸਿੰਘ ‘ਗਿੱਲ’ ਦੀ ਪਤਨੀ ਕ੍ਰਿਸਪੀ ‘ਖਹਿਰਾ’ ਨੇ ਮੁਹਾਲੀ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਸੀ ਕਿ ਉਸ ਨੇ ਆਈ. ਜੀ. ਗੌਤਮ ਚੀਮਾ ਤੋਂ ਅਤੇ ਡਿਫੈਂਸ ਘਪਲੇ ਦੇ ਮੁਲਜ਼ਮ ਤੇ ਮੁਅੱਤਲ ਕੀਤੇ ਹੋਏ ਆਈ. ਡੀ. ਐੱਸ. ਅਫ਼ਸਰ ਅਜੈ ਚੌਧਰੀ ਤੋਂ ਤੰਗ ਆ ਕੇ ਆਤਮਘਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਨੇ ਦੋਸ਼ ਲਗਾਇਆ ਕਿ ਚੀਮਾ ਨੇ ਉਸ (ਕ੍ਰਿਸਪੀ) ਦੇ ਰਿਸ਼ਤੇਦਾਰ ਸੁਮੇਧ ਗੁਲਾਟੀ ਨੂੰ ਮੁਹਾਲੀ ਦੇ ਥਾਣਾ ਫੇਜ਼-1 ਵਿਚੋਂ ਅਗਵਾ ਕੀਤਾ ਤੇ ਉਸ ਨੂੰ ਹਸਪਤਾਲ ਲਿਜਾ ਕੇ ਕੁੱਟਿਆ-ਮਾਰਿਆ ਵੀ ਹੈ। ਉਸ ਨੇ ਇਹ ਵੀ ਕਿਹਾ ਕਿ ਚੀਮਾ ਨੇ ਉਸ ਨੂੰ ਬਿਹਾਰ ਦੇ ‘ਭਾੜੇ ਦੇ ਕਾਤਲਾਂ’ ਤੋਂ ਮਰਾਉਣ ਦੀ ਧਮਕੀ ਵੀ ਦਿੱਤੀ ਹੋਈ ਹੈ। ਇਸ ਦੇ ਨਾਲ਼ ਹੀ ਉਸ ਨੇ ਚੀਮਾ ਨੂੰ ਮੁਅੱਤਲ ਕਰ ਕੇ ਉਸ ਦੇ ਖ਼ਿਲਾਫ਼ ਕੇਸ ਚਲਾਉਣ ਦੀ ਮੰਗ ਵੀ ਕੀਤੀ ਸੀ। ਇਸ ਪ੍ਰੈੱਸ ਕਾਨਫ਼ਰੰਸ ਵਿਚ ਕ੍ਰਿਸਪੀ ਦੇ ਨਾਲ਼ ਸੁਮੇਧ ਗੁਲਾਟੀ ਦੀ ਪਤਨੀ ਮਨਿੰਦਰ ਗੁਲਾਟੀ ਵੀ ਮੌਜੂਦ ਸੀ। ਇਨ੍ਹਾਂ ਦੋਹਾਂ ਔਰਤਾਂ ਨੇ ਮੀਡੀਆ ਅੱਗੇ ਹੱਥ ਜੋੜ-ਜੋੜ ਦੁਹਾਈ ਦਿੱਤੀ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੌਤਮ ਚੀਮਾ ਤੋਂ ਬਚਾਇਆ ਜਾਵੇ। ਉਨ੍ਹਾਂ ਨੇ ਅਲਟੀਮੇਟਮ ਵੀ ਦਿੱਤਾ ਸੀ ਕਿ ਜੇ ਅਗਲੇ ਕੁੱਝ ਹੀ ਦਿਨਾਂ ਵਿਚ ਚੀਮਾ ਨੂੰ ਮੁਅੱਤਲ ਕਰ ਕੇ ਹਿਰਾਸਤ ਵਿਚ ਨਾ ਲਿਆ ਗਿਆ ਤਾਂ ਉਹ ਭੁੱਖ ਹੜਤਾਲ ਕਰ ਦੇਣਗੀਆਂ। 
ਮਨਿੰਦਰ ਗੁਲਾਟੀ ਨੇ ਮੀਡੀਆ ਨੂੰ ਦੱਸਿਆ ਸੀ ਕਿ ਗੌਤਮ ਚੀਮਾ, ਉਸ (ਮਨਿੰਦਰ) ਦੇ ਪਤੀ ਸੁਮੇਧ ਗੁਲਾਟੀ ਨੂੰ ਥਾਣੇ ਵਿਚੋਂ ਚੁਕਾ ਕੇ ਹਸਪਤਾਲ ਲਿਆਇਆ ਸੀ। ਪੁਲੀਸ ਦੀ ਟੀਮ, ਉਸ ਦੇ ਪਤੀ ਨੂੰ ਵਾਪਸ ਥਾਣੇ ਲਿਆਉਣ ਖ਼ਾਤਰ ਹਸਪਤਾਲ ਵੀ ਜਾਂਦੀ ਰਹੀ, ਪਰ ਚੀਮਾ ਪੁਲਸ ਦੀ ਟੀਮ ਨੂੰ ਤਕਰੀਬਨ ਪੌਣਾ-ਪੌਣਾ ਘੰਟਾ ਅੰਦਰ ਆਉਣ ਤੋਂ ਰੋਕੀ ਰੱਖਦਾ ਸੀ।
ਕ੍ਰਿਸਪੀ ਨੇ ਕਿਹਾ ਕਿ ਚੀਮਾ ਉਸ ਦੇ ਘਰ ਆ ਕੇ ਉਸ ਨੂੰ ਧਮਕਾਉਂਦਾ ਹੀ ਨਹੀਂ ਰਿਹਾ, ਸਗੋਂ ਉਸ ਦੇ ਸਾਹਮਣੇ ਰੋਪੜ ਰੇਂਜ ਦੇ ਡੀ. ਆਈ. ਜੀ.-ਆਰ. ਕੇ. ਜੈਸਵਾਲ ਨੂੰ ਫੋਨ ਵੀ ਕਰਦਾ ਰਿਹਾ ਹੈ। ਕ੍ਰਿਸਪੀ ਦੇ ਕਹਿਣ ਮੁਤਾਬਕ, “ਫਿਰ ਚੀਮਾ ਨੇ ਮੈਨੂੰ ਕਿਹਾ ‘ਮੇਰਾ ਜੂਨੀਅਰ ਹੈ ਜੈਸਵਾਲ! ਜਿਹੜਾ ਅੱਧੀ ਰਾਤ ਨੂੰ ਉੱਠ ਕੇ ਮੇਰਾ ਫੋਨ ਸੁਣਦੈ, ਉਹ ਭਲਾ ਮੇਰੇ ਖ਼ਿਲਾਫ਼ ਕੀ ਕਾਰਵਾਈ ਕਰ ਲਊ?” ਉਸ ਨੇ ਤਾਂ ਇਹ ਵੀ ਕਿਹਾ ਕਿ ਗੌਤਮ ਚੀਮਾ ਦੇ ਫੋਨ ਦੇ ਰਿਕਾਰਡ ਦੀ ਜਾਂਚ ਕਰਾਈ ਜਾਵੇ ਤਾਂ ਸੱਚਾਈ ਸਾਹਮਣੇ ਆ ਸਕਦੀ ਹੈ।  
ਇਸ ਦੌਰਾਨ ਹੀ ਗੌਤਮ ਚੀਮਾ ਦੀ ਪਤਨੀ ਸੁਖਮਨੀ ਨੇ ਵੀ ਆਪਣੇ ਪਤੀ ਨੂੰ ਬੇਕਸੂਰ ਕਰਾਰ ਦਿੰਦਿਆਂ ਕਿਹਾ ਹੈ ਕਿ ਜਿਨ੍ਹਾਂ ਦਵਿੰਦਰ ਸਿੰਘ ਗਿੱਲ ਅਤੇ ਸੁਮੇਧ ਗੁਲਾਟੀ ਨੂੰ ਉਨ੍ਹਾਂ ਦੀਆਂ ਪਤਨੀਆਂ ਦੁੱਧ-ਧੋਤੇ ਕਰਾਰ ਦੇ ਰਹੀਆਂ ਹਨ, ਉਨ੍ਹਾਂ ਵਿਰੁੱਧ ਧੋਖਾਧੜੀਆਂ ਅਤੇ ਠੱਗੀਆਂ ਕਰਨ ਦੇ ਪਤਾ ਨਹੀਂ ਕਿੰਨੇ ਕੇਸ ਚੱਲ ਰਹੇ ਹਨ। ਉਸ ਨੇ ਇਹ ਦੋਸ਼ ਲਾਇਆ ਕਿ ਪੁਲੀਸ ਦੇ ਕੁੱਝ ਵੱਡੇ ਅਫ਼ਸਰ ਉਸ ਦੇ ਪਤੀ (ਚੀਮਾ) ਦੇ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੇ ਹਨ ਕਿਉਂ ਕਿ ਉਹ ਵੀ ਇਨ੍ਹਾਂ ਠੱਗੀਆਂ ਅਤੇ ਧੋਖਾਧੜੀਆਂ ਵਿਚ ਸ਼ਾਮਲ ਰਹੇ ਹਨ। ਉਸ ਨੇ ਕਿਹਾ ਕਿ ਜੇ ਉਨ੍ਹਾਂ ਦੇ ਪਤੀ ਨਾਲ਼ ਕੋਈ ਧੱਕਾ ਕੀਤਾ ਗਿਆ ਤਾਂ ਉਹ, ਮੁਜਰਮਾਂ ਦੀ ਪਿੱਠ ਥਾਪੜਨ ਵਾਲ਼ੇ ਕੁੱਝ ਪੁਲੀਸ ਅਫ਼ਸਰਾਂ ਦੇ ਨਾਂ ਵੀ ਜੱਗ-ਜ਼ਾਹਰ ਕਰ ਦੇਵੇਗੀ। ਉਸ ਨੇ ਇਸ ਮੌਕੇ ਆਪਣੇ ਪਤੀ ਦੇ ਕਈ ਕਾਰਨਾਮਿਆਂ ਦਾ ਗੁਣਗਾਨ ਵੀ ਕੀਤਾ।
ਪਹਿਲੀ ਸਤੰਬਰ ਨੂੰ ‘ਹਿੰਦੁਸਤਾਨ ਟਾਈਮਜ਼’ ਵਿਚ ਮੁਹਾਲੀ ਤੋਂ ਛਪੀ ਹੋਈ, ਅਮਨਦੀਪ ਦੀਕਸ਼ਤ ਦੀ ਰਿਪੋਰਟ ਅਨੁਸਾਰ, “ਪੰਜਾਬ ਕੇਡਰ ਦੇ ਸੀਨੀਅਰ ਆਈ. ਪੀ. ਐੱਸ. ਅਫ਼ਸਰ ਗੌਤਮ ਚੀਮਾ ਦੇ ਖ਼ਿਲਾਫ਼, ਥਾਣਾ ਮੁਹਾਲੀ ਵਿਚ ਇਕ ਭਗੌੜੇ ਮੁਜਰਮ ਨੂੰ ਪੁਲੀਸ ਦੀ ਹਿਰਾਸਤ ਵਿਚੋਂ ਚੁਕਾ ਲੈਣ ਦੇ ਦੋਸ਼ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ, ਜਿਸ ਅਧੀਨ ਉਸ ਨੂੰ ਮੁਅੱਤਲ ਕਰ ਕੇ ਹਿਰਾਸਤ ਵਿਚ ਲਏ ਜਾਣ ਦੀ ਉਮੀਦ ਹੈ। ਮੁਹਾਲੀ ਦੇ ਐੱਸ. ਐੱਸ. ਪੀ. ਇੰਦਰ ਮੋਹਨ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ, “ਚੀਮਾ ਅਤੇ ਉਸ ਦੇ ਤਿੰਨ ਸਾਥੀ ਫਰਾਰ ਹਨ ਤੇ ਉਨ੍ਹਾਂ ਨੂੰ ਫੜਨ ਲਈ ਪੁਲੀਸ ਦੀਆਂ ਟੀਮਾਂ ਭੇਜੀਆਂ ਜਾ ਰਹੀਆਂ ਹਨ।” 
ਚੀਮਾ ਦੇ ਨਾਲ਼ ਹੀ ਪੁਲੀਸ ਨੇ ਅਜੈ ਚੌਧਰੀ ਅਤੇ ਦੋ ਹੋਰਨਾਂ ਦੇ ਖ਼ਿਲਾਫ ਵੀ ਰਪਟ ਦਰਜ ਕੀਤੀ ਹੋਈ ਹੈ। ਅਜੈ ਚੌਧਰੀ ਅੰਬਾਲਾ ਕੈਂਟੋਨਮੈਂਟ ਬੋਰਡ ਦਾ ਮੁਅੱਤਲ ਕੀਤਾ ਹੋਇਆ ਚੀਫ ਐਗਜ਼ੀਕਿਊਟਿਵ ਅਫ਼ਸਰ (ਸੀ. ਈ. ਓ.) ਹੈ ਅਤੇ ਉਹ, ਭਗ਼ੌੜੇ ਮੁਜਰਮ ਨੂੰ ਪੁਲੀਸ ਦੀ ਹਿਰਾਸਤ ਵਿਚੋਂ ਚੁਕਾ ਲੈਣ ਵੇਲ਼ੇ ਚੀਮਾ ਦੇ ਨਾਲ਼ ਸੀ। ਉਹ ਭਗੌੜਾ ਮੁਜਰਮ ਸੁਮੇਧ ਗੁਲਾਟੀ ਹੈ, ਜੋ ਹਾਲ ਹੀ ਵਿਚ ਹਿਰਾਸਤ ਵਿਚ ਲਏ ਹੋਏ, ਕਥਿਤ ਜਾਅਲਸਾਜ਼ ਦਵਿੰਦਰ ਸਿੰਘ ਗਿੱਲ ਦਾ ਭਾਈਵਾਲ ਹੈ। ਕਿਸੇ ਜ਼ਮਾਨੇ ਵਿਚ ਗਿੱਲ-ਗੁਲਾਟੀ ਅਤੇ ਚੀਮੇ ਦੀ ਦੋਸਤਾਨਾ ਤਿੱਕੜੀ ਹੁੰਦੀ ਸੀ, ਜੋ ਰੱਫੜਾਂ ਵਾਲ਼ੀਆਂ ਜ਼ਮੀਨਾਂ ਦੇ ਸੌਦੇ ਕਰਦੀ ਹੁੰਦੀ ਸੀ। ਰਪਟ ਅਨੁਸਾਰ, ਚੀਮਾ ਨੇ ਭਾਰਤ ਦੇ ਅਜ਼ਾਦੀ ਦਿਹਾੜੇ ਤੋਂ 11 ਦਿਨ ਬਾਅਦ 26 ਅਗੱਸਤ ਨੂੰ ‘ਝੰਡਾ ਚੜ੍ਹਾਉਣ’ ਦੀ ਤਰਜ਼ ’ਤੇ ਸੁਮੇਧ ਗੁਲਾਟੀ ਨੂੰ ਪੁਲੀਸ ਦੀ ਹਿਰਾਸਤ ਵਿਚੋਂ ਅਗਵਾ ਕਰਨ ਵਰਗਾ ‘ਚੰਦ ਚੜ੍ਹਾ’ ਦਿੱਤਾ ਸੀ। ਇਹ ਰਪਟ, ਐੱਸ. ਪੀ. (ਡਿਟੈਕਟਿਵ) ਗੁਰਸ਼ਰਨਦੀਪ ਗਰੇਵਾਲ ਵੱਲੋਂ ਕੀਤੀ ਜਾਂਚ, ਜਿਸ ਵਿਚ ਇਹ ਸਾਬਤ ਹੋਇਆ ਹੈ ਕਿ ਚੀਮਾ ਨੇ ਗੁਲਾਟੀ ਨੂੰ ਚੁਕਾਇਆ ਸੀ, ਦੇ ਆਧਾਰ ’ਤੇ ਹੀ ਦਰਜ ਕੀਤੀ ਗਈ ਹੈ।
ਕਹਿੰਦੇ ਹਨ ਕਿ ਚੀਮਾ ਨੇ ਇਹ ਗੁਨਾਹ, ਮੌਜੂਦ ਅਫ਼ਸਰਾਂ ਵੱਲੋਂ ਉਸ ਨੂੰ ਅਜਿਹਾ ਕਰਨ ਦਾ ਕੋਈ ਹੱਕ ਨਾ ਹੋਣ ਚੇਤਾ ਕਰਾਉਣ ’ਤੇ ਵੀ ਹਿੱਕ ਥਾਪੜ ਕੇ ਕੀਤਾ ਸੀ। ਦਰਜ ਸ਼ਿਕਾਇਤ ਵਿਚ ਇਹ ਵੀ ਦਰਜ ਹੈ ਕਿ ਚੀਮਾ, ਸੁਮੇਧ ਗੁਲਾਟੀ ਨੂੰ ਅਗਵਾ ਕਰ ਕੇ ਮੁਹਾਲੀ ਦੇ ਮੈਕਸ ਹਸਪਤਾਲ ਗਿਆ, ਜਿੱਥੇ ਗਿੱਲ ਦੀ ਘਰ ਵਾਲ਼ੀ ਕ੍ਰਿਸਪੀ ਖਹਿਰਾ ਇਲਾਜ ਗੋਚਰੇ ਸੀ। ਪੁਲੀਸ ਦਾ ਹੀ ਕਹਿਣ ਹੈ ਕਿ ਉਸ ਇਸ਼ਤਿਹਾਰੀ ਮੁਜਰਮ ਨੂੰ ਹਸਪਤਾਲ ਲਿਜਾਣ ਦਾ ਮਕਸਦ, ਕ੍ਰਿਸਪੀ ਉੱਪਰ ਉਹ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਉਣਾ ਸੀ, ਜੋ ਉਸ ਨੇ ਚੀਮਾ ਵੱਲੋਂ ਉਸ ਨਾਲ਼ ਜਿਨਸੀ ਛੇੜਖਾਨੀ ਕਰਨ ਦੇ ਸਬੰਧ ਵਿਚ ਦਾਇਰ ਕੀਤੀ ਹੋਈ ਸੀ। ਇਕ ਪੁਲੀਸ ਅਫ਼ਸਰ ਦਾ ਕਹਿਣ ਹੈ, “ਚੀਮਾ ਉਸ ਭਗੌੜੇ ਨੂੰ ਅਗਵਾ ਕਰ ਕੇ ਤੇ ਹਸਪਤਾਲ ਲਿਜਾ ਕੇ ਕ੍ਰਿਸਪੀ ਨੂੰ ਇਹੋ ਦੱਸਣਾ ਚਾਹੁੰਦਾ ਸੀ, “ਕ੍ਰਿਸਪੀ ਬਹੂਤ ਜਾਨ ਹੈ ਮੇਰੇ ਹਾਥੋਂ ਮੇਂ!”
26-27 ਅਗਸਤ ਦੇ ਵਿਚਾਲੜੀ ਰਾਤ ਨੂੰ ਪੁਲੀਸ ਨੇ ਉਹ ਭਗੌੜਾ, ਚੀਮਾ ਦੀ ਨਜਾਇਜ਼ ਹਿਰਾਸਤ ਵਿਚੋਂ ਕਢਾ ਕੇ ਆਪਣੀ ਹਿਰਾਸਤ ਵਿਚ ਲੈ ਲਿਆ।
13 ਸਤੰਬਰ ਨੂੰ ਖ਼ਬਰ ਏਜੰਸੀ ‘ਪੀ. ਟੀ. ਆਈ.’ਨੇ ਚੰਡੀਗੜ੍ਹ ਤੋਂ ਇਹ ਖ਼ਬਰ ਜਾਰੀ ਕਰ ਦਿੱਤੀ ਕਿ ਮੁਜਰਮ ਨੂੰ ਅਗਵਾ ਕਰਨ, ਔਰਤਾਂ ਨਾਲ਼ ਜਿਨਸੀ ਛੇੜਖਾਨੀ ਕਰਨ ਅਤੇ ਫਰਾਰ ਰਹਿਣ ਦੇ ਦੋਸ਼ਾਂ ਹੇਠ, ਇੰਸਪੈਕਟਰ ਜਨਰਲ ਆਫ ਪੋਲੀਸ (ਆਈ. ਜੀ. ਪੀ.) ਗੌਤਮ ਚੀਮਾ ਨੂੰ ਪੰਜਾਬ ਸਰਕਾਰ ਨੇ ਤੁਰੰਤ ਮੁਅੱਤਲ ਕਰ ਦਿੱਤਾ ਹੈ ਤਾਂ ਕਿ ਉਸ ਦੇ ਖ਼ਿਲਾਫ਼ ਦਰਜ ਕੀਤੇ ਹੋਏ ਮੁਕੱਦਮਿਆਂ ਦੀ ਜਾਂਚ-ਪੜਤਾਲ ਨਿਰਪੱਖ ਢੰਗ ਨਾਲ਼ ਕਰਾਈ ਜਾ ਸਕੇ। ਮੁਅੱਤਲੀ ਦੌਰਾਨ ਚੀਮਾ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੋਲੀਸ (ਡੀ. ਜੀ. ਪੀ.) ਦੇ ਦਫ਼ਤਰ ਵਿਚ ਹਾਜ਼ਰੀ ਭਰਿਆ ਕਰਨਗੇ।
ਹੁਣ ਇਸ ਦਾ ਹਿਸਾਬ, ਦੂਜੀ ਵਾਰੀ ਪੰਜਾਬ ਦੀ ਸੱਤਾ ਥਾਲੀ ਵਿਚ ਪਾ ਕੇ ਬਾਦਲ ਦਲ ਨੂੰ ਸੌਂਪਣ ਵਾਲ਼ੇ ਲੋਕ, ਆਪੇ ਹੀ ਲਾ ਲੈਣ ਕਿ ਇਹ ‘ਬਾਦਲਾਂ ਵਾਲ਼ੀ ਸਰਕਾਰ’ ਪੰਜਾਬ ਵਿਚ ਰਾਜ ਕਰ ਰਹੀ ਹੈ ਜਾਂ ਸੇਵਾ, ਕਿਉਂ ਕਿ ਬਾਦਲ ਸਾਹਿਬ ਤਾਂ ਇਹ ਕਹਿੰਦੇ ਨਹੀਂ ਥੱਕਦੇ, “ਰਾਜ ਨਹੀਂ, ਸੇਵਾ।”#      
   Cell Phone No.: +91-950-175-9494  E-mail: bababax@gmail.com