ਇੰਟਰਨੈੱਟ ਨਹੀਂ ਇੰਦਰਜਾਲ
ਬਖ਼ਸ਼ਿੰਦਰ
ਛੋਟੇ ਹੁੰਦਿਆਂ ਸੁਣਿਆ ਕਰਦੇ ਸਾਂ, “ਬਾਹਰਲੇ ਮੁਲਕਾਂ ਵਿਚ ‘ਸੈਂਸਦਾਨਾਂ’ ਨੇ ਇਹੋ ਜਿਹੀ ਮਸ਼ੀਨ ਬਣਾ ਲਈ ਹੈ, ਜਿਹੜੀ ਦਸ ਬੰਦਿਆਂ ਦਾ ਕੰਮ ’ਕੱਲੀ ਕਰਿਆ ਕਰੂਗੀ।” ਸਕੂਲ ਵਿਚ ਹਿਸਾਬ ਦੇ ਸੁਆਲਾਂ ਤੋਂ ਅੱਕ ਕੇ ਮੈਂ ਸੋਚਣਾ, “ਜੇ ਏਦਾਂ ਦੀ ਮਸ਼ੀਨ ਮੇਰੇ ਅੜਿੱਕੇ ਆ ਜਾਵੇ ਤਾਂ ਮੈਂ ਉਸ ਨੂੰ ਹਿਸਾਬ ਦੇ ਸੁਆਲ ਕਰਨ ਡਾਹ ਦਿਆਂ ਤੇ ਦੇਖਾਂ ਕਿ ਉਹ ਮੈਨੂੰ ਮਾਸਟਰ ਗੁਰਬਖ਼ਸ਼ ਸਿੰਘ ਅਤੇ ਫੇਰੂ ਰਾਮ ਦੇ ਕੁਟਾਪੇ ਅਤੇ ਲਾਹ-ਪਾਹ ਤੋਂ ਬਚਾਉਂਦੀ ਹੈ ਜਾਂ ਨਹੀਂ।” ਸਕੂਲ ਦਾ ਸਮਾਂ ਵੀ ਲੰਘ ਗਿਆ ਤੇ ਕਾਲਜ ਦਾ ਵੀ, ਉਹ ਮਸ਼ੀਨ (ਕੰਪਿਊਟਰ) ਅਸੀਂ ਨਾ ਦੇਖੀ, ਨਾ ਸੁਣੀ। ਫੇਰ ਜਦੋਂ ਅੱਠ ਕੁ ਸਾਲ ਬੇਰੁਜ਼ਗ਼ਾਰੀ ਦਾ ਲਾਹਨਤ ਹੰਢਾ ਕੇ 1978 ਵਿਚ, ਇਕ ਅਖ਼ਬਾਰ ਵਿਚ ਨੌਕਰੀ ਮਿਲੀ ਤਾਂ ਇਕ ਦਿਨ ਸੁਣਿਆ ਕਿ ‘ਮਾਲਕ’ ਕੰਪਿਊਟਰ ਲਿਆ ਰਹੇ ਹਨ। ਇਕ ਪਾਸੇ ਮਨ ਵਿਚ ਕੰਪਿਊਟਰ ਦੇਖਣ ਦਾ ਚਾਅ, ਦੂਜੇ ਪਾਸੇ ਇਹ ਧੁੜਕੂ ਜਿਹਾ ਵੀ ਕਿ ਕਿਤੇ ਆਉਂਦਾ ਹੀ ਕੰਪਿਊਟਰ, ਮਸਾਂ-ਮਸਾਂ ਮਿਲੀ ਨੌਕਰੀ ਤੋਂ ਹੀ ਹੱਥ ਨਾ ਧੁਆ ਦੇਵੇ।
ਦਫ਼ਤਰ ਵਿਚ ਕੰਪਿਊਟਰ ਆ ਗਏ ਤੇ ਨਾਲ਼ ਹੀ ਆ ਗਏ, ਉਨ੍ਹਾਂ ਕੰਪਿਊਟਰਾਂ ਦੀਆਂ ਬਰਕਤਾਂ ਗਿਣਾਉਣ ਵਾਲ਼ੇ। ਪੇਟੀਆਂ ਵਿਚੋਂ ਕਢਾ ਕੇ, ਕੰਪਿਊਟਰ ਸ਼ੀਸ਼ਿਆਂ ਦੀਆਂ ਕੰਧਾਂ ਵਾਲ਼ੇ ਕਮਰਿਆਂ ਵਿਚ ਪਏ ਮੇਜ਼ਾਂ ਉੱਤੇ ਰੱਖੇ ਗਏ ਤਾਂ ਸਭ ਦੀਆਂ ਨਜ਼ਰਾਂ ਉਨ੍ਹਾਂ ਉੱਤੇ ਟਿਕੀਆਂ ਹੋਈਆਂ ਸਨ। ਉਸ ਵੇਲ਼ੇ ਉਨ੍ਹਾਂ ਦੀ ਸ਼ਕਲ, ਛੋਟੇ ਟੈਲੀਵਿਜਨ ਵਰਗੀ ਸੀ। ਮਾਲਕਾਂ ਦਾ ਸਭ ਤੋਂ ਛੋਟਾ ‘ਸਾਹਿਬਜ਼ਾਦਾ’, ਜਿਸ ਨੂੰ ਕੰਪਿਊਟਰ ਬਾਰੇ ਬਾਕੀਆਂ ਨਾਲੋਂ ਵੱਧ ਅਕਲਮੰਦ ‘ਸਮਝਿਆ’ ਜਾਂਦਾ ਸੀ, ਕੰਪਿਊਟਰ ਫਿੱਟ ਕਰਨ ਆਏ, ਕੰਪਨੀ ਦੇ ਮੁਲਾਜ਼ਮਾਂ ਵਿਚੋਂ ‘ਕੰਪਿਊਟਰ ਇੰਜੀਨੀਅਰ’ ਸਦਾਉਂਦੀ ਇਕ ਫੇਸ਼ਨੇਬਲ ਜਿਹੀ ਬੀਬੀ ਤੋਂ ਇਨ੍ਹਾਂ ਮਸ਼ੀਨਾਂ ਦੀਆਂ ਸਿਫ਼ਤਾਂ ਜਾਨਣ ਲੱਗਿਆ। ਉਸ ਬੀਬੀ ਨੇ ਸਭ ਤੋਂ ਪਹਿਲਾਂ ਕੰਪਿਉਟਰ ਬਾਰੇ ਜਿਹੜੀਆਂ ਗੱਲਾਂ ਦੱਸੀਆਂ, ਉਹ ਸੁਣ ਕੇ ਤਾਂ ਏਦਾਂ ਹੀ ਲੱਗਿਆ ਸੀ ਕਿ ‘ਇਹ ਕੰਪਿਊਟਰ-ਕੰਪਾਟਰ ਕੀ ਆ, ਬੱਸ ਖੇਡਾਂ ਹੀ ਨੇ’।
ਸਾਨੂੰ ਦਫ਼ਤਰੀ ਕੰਮ ਲਈ ਸ਼ੀਸ਼ੇ ਦੀਆਂ ਕੰਧਾਂ ਵਾਲ਼ੇ ਉਸ ਕਮਰੇ ਵਿਚ ਵਾਰ-ਵਾਰ ਆਉਣਾ-ਜਾਣਾ ਵੀ ਪੈਂਦਾ ਸੀ ਤੇ ਕੁੱਝ ਅਸੀਂ ਆਪ ਵੀ ਉਨ੍ਹਾਂ ਕੰਪਿਊਟਰਾਂ ਕਾਰਨ ਬਹੁਤੇ ਗੇੜੇ ਮਾਰਨ ਲੱਗ ਪਏ। ਪਤਾ ਨਹੀਂ ਕਿਉਂ, ਨੌਕਰੀ ਖ਼ਤਰੇ ਵਿਚ ਪੈਣ ਦੇ ਤੌਖ਼ਲੇ ਦੇ ਹੁੰਦਿਆਂ ਵੀ ਮੈਨੂੰ ਉਹ ‘ਛੁਟਕੇ ਜਿਹੇ ਟੈਲੀਵਿਜਨ’ ਬੜੇ ਚੰਗੇ-ਚੰਗੇ ਲੱਗ ਰਹੇ ਸਨ। ਸਾਡਾ ‘ਛੋਟਾ ਮਾਲਕ’ ਇਕ ਕੰਪਿਊਟਰ ਅੱਗੇ ਡਾਹੀ ਕੁਰਸੀ ਉੱਤੇ ਬੈਠ ਕੇ ਕੰਪਿਊਟਰ ਦੇ ਪਰਦੇ ਉੱਤੇ ਚਿੱਤਰ ਜਿਹੇ ਵਾਹ ਰਿਹਾ ਸੀ। ਅੱਤਵਾਦ ਦਾ ਦੌਰ ਹੋਣ ਕਾਰਨ ਸਾਡੇ ਮਾਲਕ ਆਮ ਹੀ ਪਿਸਤੌਲ ਹੱਥਾਂ ਵਿਚ ਨਚਾਉਂਦੇ ਫਿਰਦੇ ਹੁੰਦੇ ਸਨ। ‘ਛੋਟੇ ਮਾਲਕ’ ਨੇ ਕੰਪਿਊਟਰ ਉੱਤੇ ਜਿਹੜਾ ਖਾਕਾ ਜਿਹਾ ਬਣਾਇਆ, ਉਸ ਵਿਚ ਇਕ ਬੰਦਾ ਖੜ੍ਹਾ ਸੀ, ਜਿਸ ਦੇ ਹੱਥ ਵੀ ਉਸ ਨੇ ਇਕ ਪਿਸਤੌਲ ਫੜਾ ਦਿੱਤਾ। ਉਹ ਅਜੇ ਇਹ ਖਾਕਾ ਜਿਹਾ ਬਣਾ ਹੀ ਰਿਹਾ ਸੀ ਕਿ ਉਸ ਦੇ ਕੋਲ ਖੜ੍ਹੀ ਉਸ ‘ਇੰਜੀਨੀਅਰਨੀ’ ਨੇ ਕੰਪਿਊਟਰ ਦੇ ‘ਕੀ-ਬੋਰਡ’ ਤੋਂ ਦੋ ਕੁ ਬਟਨ ਦੱਬੇ ਤਾਂ ਸਕਰੀਨ ਉੱਤੇ ਬਣਾਏ ਹੋਏ ਉਸ ਪਿਸਤੌਲ ਵਿਚੋਂ ਨਾ ਸਿਰਫ਼ ਗੋਲੀ ਚੱਲਣ ਦਾ ਪ੍ਰਭਾਵ ਬਣ ਗਿਆ, ਸਗੋਂ ਕੰਪਿਊਟਰ ਦੇ ਸਪੀਕਰਾਂ ਵਿਚੋਂ ‘ਢਿਛਕਯੂੰ’ ਵਰਗੀ ਅਵਾਜ਼ ਵੀ ਆਈ। ਛੋਟੇ ਮਾਲਕ ਸਮੇਤ ਉੱਥੇ ਹਾਜ਼ਰ ਸਾਰੇ ਜਣੇ ਉਸ ਕੰਪਿਊਟਰ ਅਤੇ ‘ਕੰਪਿਊਟਰ ਵਾਲ਼ੀ’ ਦੇ ਕਾਇਲ ਹੋ ਗਏ ਸਨ। ਉਸ ਦਿਨ ਸ਼ਾਮ ਤਕ ਸਾਰੇ ਦਫ਼ਤਰ ਵਿਚ ‘ਕੰਪਿਊਟਰ ਵੱਲੋਂ ਪਿਸਤੌਲ ਚਲਾਉਣ’ ਦਾ ਕਿੱਸਾ ਦੁਹਰਾਇਆ ਜਾਂਦਾ ਰਿਹਾ।
ਕੰਪਿਊਟਰ ਦੇ ਆਉਣ ਤੋਂ ਕੁੱਝ ਸਮਾਂ ਬਾਅਦ ਇਸ ਦੇ, ਇੰਟਰਨੈੱਟ ਜੁੜ ਜਾਣ ਨਾਲ਼ ਤਾਂ ਕੰਪਿਊਟਰ ਨਾ ਸਿਰਫ਼ ਘਰ-ਘਰ ਪਹੁੰਚ ਗਿਆ, ਸਗੋਂ ਹਰ ਘਰ ਦੇ ਜੀਅ ਦਾ ਆਪੋ-ਆਪਣਾ ਕੰਪਿਊਟਰ ਹੋ ਗਿਆ ਤੇ ਇਹ ਕੰਪਿਊਟਰ ਤੋਂ ‘ਪੀ.ਸੀ.’ ਯਾਨੀ ‘ਪਰਸਨਲ ਕੰਪਿਊਟਰ’ ਯਾਨੀ ਨਿੱਜੀ ਕੰਪਿਊਟਰ ਹੋ ਗਿਆ। ਇਸ ਨਾਲ਼ ਇੰਟਰਨੈੱਟ ਜੁੜ ਜਾਣ ਮਗਰੋਂ ਤਾਂ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗਿਆ ਕਿ ਇੰਟਰਨੈੱਟ ਤੋਂ ਬਗ਼ੈਰ ਤਾਂ ਕੰਪਿਊਟਰ ਕਿਸੇ ਟਾਈਪ ਰਾਈਟਰ ਵਰਗਾ ਹੀ ਸੀ। ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਲੋਕ ਕੱਛਾਂ ਵਿਚ ਕੰਪਿਊਟਰ ਦੇਈ ਫਿਰਦੇ ਹਨ ਤੇ ਇੰਟਰਨੈੱਟ ਵੀ ਜੇਬੀ ਜਿਹਾ ਹੋ ਗਿਆ ਹੈ। ਲੋਕ ਕਿਸੇ ਹੋਟਲ ਵਿਚ ਠਹਿਰਨ ਵੇਲ਼ੇ ਇਹ ਨਹੀਂ ਪੁੱਛਦੇ ਕਿ ਕਮਰੇ ਜਾਂ ਗੁਸਲਖ਼ਾਨੇ ਵਿਚ ਪਾਣੀ ਕਿੰਨਾ ਕੁ ਚਿਰ ਆਉਂਦਾ ਰਹਿੰਦਾ ਹੈ, ਸਗੋਂ ਇਹ ਪੁੱਛਦੇ ਕਿ ਉਸ ਹੋਟਲ ਵਿਚ ਇੰਟਰਨੈੱਟ ਦਾ ‘ਵਾਈ-ਫਾਈ’ ਕੁਨੈਕਸ਼ਨ ਹੈ ਕਿ ਨਹੀਂ ਅਤੇ ਜੇ ਹੈ ਤਾਂ ਉਸ ਦਾ ‘ਪਾਸਵਰਡ’ ਕੀ ਹੈ।
ਹੁਣ ਤਕ ਇਹ ਛੇ ਕੁ ਸੌ ਸ਼ਬਦ ਪੜ੍ਹ ਕੇ ਤੁਸੀਂ ਇਸ ਲੇਖ ਨਾਲ਼ ਛਪੀਆਂ ਤਸਵੀਰਾਂ ਵੱਲ ਦੇਖ-ਦੇਖ, ਘੜੀ-ਘੜੀ ਸੋਚਦੇ ਹੋਵੋਂਗੇ ਕਿ ਐਤਕੀਂ ਇਸ ਅਖ਼ਬਾਰ ਦਾ ਸਫੇ ਬਣਾਉਣ ਵਾਲ਼ਾ ਸਟਾਫ, ਇਸ ਲੇਖ ਨਾਲ਼ ਗ਼ਲਤ ਤਸਵੀਰਾਂ ਲਾ ਗਿਆ ਹੈ ਕਿਉਂ ਕਿ ਤੁਹਾਨੂੰ ਇਸ ਲੇਖ ਤੇ ਇਸ ਨਾਲ਼ ਲੱਗੀਆਂ ਤਸਵੀਰਾਂ ਵਿਚਾਲੇ ਕੋਈ ਰਿਸ਼ਤੇਦਾਰੀ ਨਹੀਂ ਦਿਸੀ ਹੋਣੀ। ਸਮਾਂ ਆ ਗਿਆ ਹੈ ਕਿ ਇਹ ਦੱਸ ਦਿੱਤਾ ਜਾਵੇ ਕਿ ਇਹ ਤਸਵੀਰਾਂ, ਕੰਪਿਊਟਰ ਅਤੇ ਇੰਟਰਨੈੱਟ ਸਬੰਧੀ ਲਿਖੇ ਜਾ ਰਹੇ ਤੇ ਹੁਣ ਤੁਹਾਡੇ ਵੱਲੋਂ ਪੜ੍ਹੇ ਜਾ ਰਹੇ, ਇਸ ਲੇਖ ਨਾਲ਼ ਕਿਸੇ ਗ਼ਲਤੀ ਦੀ ਵਜ੍ਹਾ ਨਾਲ਼ ਨਹੀਂ ਛਪੀਆਂ, ਸਗੋਂ ਇਹ ਤਸਵੀਰਾਂ ਛਾਪਣ ਦੀ ਇਕ ਹੋਰ ਖ਼ਾਸ ਵਜ੍ਹਾ ਹੈ।
ਇਨ੍ਹਾਂ ਤਿੰਨਾਂ ਤਸਵੀਰਾਂ ਵਿਚ ਨਜ਼ਰ ਆ ਰਹੀਆਂ ਦੋ ਬੀਬੀਆਂ ਨਾਲ਼, ਇਕ ‘ਈ’ ਯਾਨੀ ‘ਇਲੈਕਟਰਾਨੀਕਲ’ ਜੱਗੋਂ ਤੇਰ੍ਹਵੀਂ ਹੋ ਗਈ ਹੈ। ਖੱਬੇ ਪਾਸੇ ਅਤੇ ਉੱਪਰ ਸੱਜੇ ਪਾਸੇ ਵਾਲ਼ੀਆਂ ਤਸਵੀਰਾਂ ਕਿਮ ਕਾਰਦਸ਼ੀਅਨ ਨਾਂ ਦੀ ਇਕ ਬਹੁ-ਪ੍ਰਤਿਭਾਸ਼ਾਲੀ ਬੀਬੀ ਦੀਆਂ ਹਨ ਜਦੋਂ ਕਿ ਹੇਠਾਂ ਸੱਜੇ ਪਾਸੇ ਵਾਲ਼ੀ ਮੂਰਤ ਅੰਗਰੇਜ਼ੀ ਫ਼ਿਲਮ ਅਦਾਕਾਰਾ ਜੈਨੀਫਰ ਲਾਰੈਂਸ ਦੀ ਹੈ। ਇਨ੍ਹਾਂ ਨਾਲ਼ ਹੋਈ ਜੱਗੋਂ ਤੇਰ੍ਹਵੀਂ ਵੱਲ ਹੋਣ ਤੋਂ ਪਹਿਲਾਂ, ਕੰਪਿਊਟਰ ਮਾਹਰਾਂ ਵੱਲੋਂ ਕੀਤੀਆਂ ਜਾਂਦੀਆਂ ਜੱਗੋਂ ਤੇਰਵੀਆਂ ਬਾਰੇ ਵੀ ਗੱਲ ਕਰਨੀ ਬਣਦੀ ਹੈ। ਜਦੋਂ ਕੋਈ ਵਿਅਕਤੀ ਕੰਪਿਊਟਰ ਸਬੰਧੀ ਤਕਨੀਕ ਦਾ ਮਾਹਰ ਹੋ ਜਾਵੇ ਤਾਂ ਉਹ ‘ਮਾਹਰ’ ਸਦਾਉਂਦਾ ਹੈ, ਪਰ ਜਦੋਂ ਉਹੀ ਮਾਹਰ ਕੰਪਿਊਟਰ ਸਬੰਧੀ ਜਾਣਕਾਰੀ ਦੀ ਦੁਰਵਰਤੋਂ ਕਰਨ ਲੱਗ ਪਵੇ ਤਾਂ ਉਸ ਨੂੰ ‘ਕੰਪਿਊਟਰੀ ਸੰਸਾਰ’ ਵਿਚ ‘ਹੈਕਰ’ ਕਿਹਾ ਜਾਂਦਾ ਹੈ। ‘ਮਾਹਰ’ ਅਤੇ ‘ਹੈਕਰ’ ਵਿਚਾਲੜਾ ਫ਼ਰਕ ਇੰਨਾ ਕੁ ਹੀ ਹੈ ਕਿ ਕੰਪਿਊਟਰ ਦਾ ਮਾਹਰ, ਕੰਪਿਊਟਰ ਸਬੰਧੀ ਜਾਇਜ਼ ਜਾਣਕਾਰੀ ਨਾਲ਼ ਜਾਇਜ਼ ਕੰਮ ਕਰਦਾ ਹੈ ਜਦੋਂ ਕਿ ‘ਹੈਕਰ’ ਨਜਾਇਜ਼ ਜਾਣਕਾਰੀ ਨਾਲ਼ ਨਜਾਇਜ਼ ਕੰਮ ਕਰਦਾ ਹੈ ਤੇ ਉਸ ਦੀ ਜਾਣਕਾਰੀ ਦੀ ਕੋਈ ਹੱਦ ਨਹੀਂ ਹੁੰਦੀ।ਜੇ ਮਾਹਰ ਕੰਪਿਊਟਰ ਦੀ ਸਹੀ ਵਰਤੋਂ ਕਰਦੇ ਹਨ ਤਾਂ ਹੈਕਰ ਦਾ ਕੰਮ, ਕੰਪਿਊਟਰ ਤੋਂ ਪੁੱਠੇ ਕੰਮ ਕਰਾਉਣਾ ਹੀ ਹੁੰਦਾ ਹੈ।
ਇਸ ਦੇ ਨਾਲ਼ ਹੀ ਕਰਨ ਵਾਲ਼ੀ ਇਕ ਗੱਲ ਇਹ ਵੀ ਹੈ ਕਿ ਕੰਪਿਊਟਰ ਦੀ ਵਰਤੋਂ ਕਰਨ ਵਾਲ਼ੇ, ਕੰਪਿਊਟਰ ਵਿਚ ਆਪਣੀ ਜਾਣਕਾਰੀ ਜਾਂ ਕੀਤਾ ਹੋਇਆ ਕੰਮ, ਜਿਸ ਨੂੰ ਕੰਪਿਊਟਰ ਮਾਹਰ ‘ਡੈਟਾ’ ਜਾਂ ‘ਡਾਟਾ’ ਕਹਿੰਦੇ ਹਨ, ਕੰਪਿਊਟਰ ਦੇ ਕਿਸੇ ਖ਼ਾਸ ਖ਼ਾਨੇ (ਡਰਾਈਵ) ਵਿਚ ਰੱਖ ਕੇ ਉਸ ਨੂੰ ਇਕ ਜੰਦਰਾ ਲਾ ਦਿੰਦੇ ਹਨ। ਇਸ ਜੰਦਰੇ ਨੂੰ ‘ਪਾਸਵਰਡ’ ਕਹਿੰਦੇ ਹਾਂ। ਇਸ ਬਾਰੇ, ਇਹ ‘ਪਾਸਵਰਡ’ ਸੈੱਟ ਕਰਨ ਵਾਲ਼ੇ ਨੂੰ ਜਾਂ ਜਿਸ ਨੂੰ ਉਹ ਇਸ ਬਾਰੇ ਦੱਸ ਦੇਵੇ, ਉਸੇ ਨੂੰ ਪਤਾ ਹੁੰਦਾ ਹੈ। ਹੈਕਰ ਤਾਂ ਉਹ ਪਾਸਵਰਡ ਤਕ ਲੱਭ ਕੇ, ਉਸ ਪਾਸਵਰਡ ਦੇ ਮਾਲਕ ਵੱਲੋਂ ਕਿਸੇ ਖ਼ਾਸ ਖਾਨੇ ਵਿਚ ਰੱਖੀ ਜਾਣਕਾਰੀ ਜਾਂ ਡੈਟਾ ਹੀ ਚੋਰੀ ਨਹੀਂ ਕਰ ਲੈਂਦੇ, ਸਗੋਂ ਉਹ ਤਾਂ ਉਸ ਖ਼ਾਨੇ ਵਿਚ ਆਪਣੇ ਪੱਲਿਓਂ ‘ਗੰਦ’ ਵੀ ਪਾ ਦਿੰਦੇ ਹਨ।
ਇਸ ਗੱਲ ਤੋਂ ਫਿਰ ਸਿਆਣੇ ਬੰਦਿਆਂ ਵੱਲੋਂ ਕਹੀ ਹੋਈ ਇਕ ਗੱਲ ਫੇਰ ਯਾਦ ਆ ਗਈ, ਅਖੇ “ਜੰਦਰੇ ਚੋਰਾਂ ਲਈ ਨਹੀਂ, ਸਾਧਾਂ ਲਈ ਹੁੰਦੇ ਨੇ!” ਕੰਪਿਊਟਰ ਸਾਇੰਸ ਦੇ ਮਾਮਲੇ ਵਿਚ ਇਹ ਕਥਨ, ਇਕ ‘ਇਲੈਕਟਰਨਿਕੀ ਤਬਦੀਲੀ’ ਕਰ ਕੇ ਏਦਾਂ ਵੀ ਦੁਹਰਾਇਆ ਜਾ ਸਕਦਾ ਹੈ: “ਪਾਸਵਰਡ ਹੈਕਰਾਂ ਲਈ ਨਹੀਂ, ’ਮਾਤੜਾਂ ਵਰਗੇ ਕੰਪਿਊਟਰ ਵਾਹਕਾਂ ਲਈ ਹੁੰਦੇ ਹਨ।”
ਇਸ ਤੋਂ ਬਾਅਦ ਆਈਏ ਤਸਵੀਰਾਂ ਵਿਚ ਦਿਖਾਈਆਂ ਬੀਬੀਆਂ ਨਾਲ਼ ਹੋਈ ਕੰਪਿਊਟਰੀ ਜੱਗੋਂ ਤੇਰ੍ਹਵੀਂ ਵੱਲ! ਕਿਸੇ ਹੈਕਰ ਨੇ ਦੂਜੀ ਵਾਰੀ ਇੰਟਰਨੈੱਟ ਉੱਤੇ ਕਿਮ ਕਾਰਦਸ਼ੀਅਨ ਦੀ ਨੰਗੀ ਦੇਹ ਦੀਆਂ ਤਸਵੀਰਾਂ ਪਾ ਦਿੱਤੀਆਂ ਹਨ। ਹੈਕਰ ਨੇ ਇਹ ਕਰਤੂਤ 20 ਸਤੰਬਰ ਨੂੰ ਕੀਤੀ ਹੈ। ਅਮਰੀਕੀ ਮੀਡੀਆ ਨੇ ਇਹ ਖ਼ਬਰ “ਕਿਸੇ ਹੈਕਰ ਨੇ ਕਿਮ ਦੀਆਂ ਨੰਗੀਆਂ ਤਸਵੀਰਾਂ ਦੂਜੀ ਵਾਰੀ ‘ਲੀਕ’ ਕੀਤੀਆਂ” ਦੇ ਸਿਰਲੇਖ ਨਾਲ਼ ਨਸ਼ਰ ਕੀਤੀ ਹੈ ਕਿਉਂ ਕਿ ਇਹ ਕੰਮ, ਮਹੀਨੇ ਤੋਂ ਵੀ ਘੱਟ ਸਮੇਂ ਵਿਚ ਦੂਜੀ ਵਾਰੀ ਹੋਇਆ ਹੈ। ਇਹ ਸਿਰਲੇਖ, ਇਕ ਹੋਰ ਤਰ੍ਹਾਂ ਦੀ ਚੁਗਲੀ ਵੀ ਖਾਂਦਾ ਹੈ ਤੇ ਉਹ ਹੈ ਕਿ ਹੈਕਰ ਨੇ ਤਾਂ ਕਿਮ ਦੀ ਨੰਗੀ ਦੇਹ ਦੀਆਂ ਤਸਵੀਰਾਂ ‘ਲੀਕ’ ਹੀ ਕੀਤੀਆਂ ਹਨ, ਪਰ ਉਹ ਤਸਵੀਰਾਂ ਖਿਚਾਈਆਂ ਤਾਂ ਉਸ ਨੇ ਆਪ ਹੀ ਹੋਣਗੀਆਂ। ਸਿਆਣੇ ਪਾਠਕ ਤਾਂ ਇਹ ਵੀ ਸੋਚਦੇ ਹੋਣਗੇ ਕਿ ਲੋਕ ਤਾਂ ਫੋਟੋ ਖਿਚਾਉਣ ਵੇਲੇ ਸੁਹਣੇ ਲੱਗਣ ਲਈ ਮੰਗਵੇਂ ਕੱਪੜੇ ਵੀ ਪਾ ਲੈਂਦੇ ਹਨ, ਪਰ ਇਸ ਬੀਬੀ ਨੇ ਆਪਣੇ ਪਾਏ ਹੋਏ ਵੀ ਕਿਉਂ ਲਾਹ ਸੁੱਟੇ ਹੋਣਗੇ!
ਮੁੜ ਆਓ! ਇੰਟਰਨੈੱਟ ਉੱਤੇ ‘ਪਰੋਸੀਆਂ ਗਈਆਂ’ ਇਨ੍ਹਾਂ ਤਸਵੀਰਾਂ ਵਿਚ ਫਿਲਮ ਐਕਟਰੈੱਸ ਵਾਨੇਸਾ ਹੱਜੈਨਜ਼ ਅਤੇ ਅਮਰੀਕੀ ਸਾਕਰ ਸਟਾਰ ਹੋਪ ਸੋਲੋ ਦੀਆਂ ਤਸਵੀਰਾਂ ਵੀ ਸ਼ਾਮਲ ਸਨ, ਪਰ ‘4ਚੈਨ’ ਅਤੇ ‘ਰੈੱਡਿਟ’ ਉੱਤੇ ਕੁੱਝ ਸਮਾਂ ਦਿਖਾਈਆਂ ਜਾਣ ਮਗਰੋਂ ਇਹ ਤਸਵੀਰਾਂ ਉੱਥੋਂ ਹਟਾ ਦਿੱਤੀਆਂ ਗਈਆਂ ਸਨ। ਇਹ ਜਾਣਕਾਰੀ, ਮਸ਼ਹੂਰ ਲੋਕਾਂ ਬਾਰੇ ‘ਗਪੌੜੀਆਂ ਤਲਣ’ ਵਾਲ਼ੀ ਸਾਈਟ ‘ਟੀ ਐੱਮ ਜ਼ੈੱਡ’ ਨੇ ਦਿੱਤੀ ਹੈ।
‘ਬੱਜ਼ਫੀਡ’ ਅਨੁਸਾਰ, ਪਹਿਲਾਂ ਐਕਟਰੈੱਸ ਜੈਨੀਫਰ ਲਾਰੈਂਸ ਦੀਆਂ ਕੁਝ ਤਸਵੀਰਾਂ ਨਸ਼ਰ ਕੀਤੀਆਂ ਗਈਆਂ ਸਨ, ਪਰ ਉਹ ਤਸਵੀਰਾਂ ਕਿਸੇ ਦੀ ਨਜ਼ਰ ਵਿਚ ਨਾ ਆਉਣ ਮਗਰੋਂ, ਔਬਰੇ ਪਲਾਜ਼ਾ, ਮੈਰੀ-ਕੇਟ ਓਲਸਨ, ਹੇਡਨ ਪੈਨੇਟੀਅਰੇ ਅਤੇ ਲੀਲੀ ਸੋਬੀਸਕੀ ਦੀਆਂ ਕੁੱਝ ਨਗਨ ਤਸਵੀਰਾਂ ਵੀ ਇੰਟਰਨੈੱਟ ਉੱਤੇ ਨਸ਼ਰ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਪਹਿਲਾਂ ਹੈਕਰਾਂ ਨੇ ਪਹਿਲੀ ਸਤੰਬਰ ਨੂੰ ‘ਐਪਲ’ਜ਼ ਆਈਕਲਾਊਡ’ ਤੋਂ ਕੁੱਝ ਫ਼ਿਲਮ ਸਟਾਰਾਂ ਦੀਆਂ ਨੰਗੀਆਂ ਦੇਹਾਂ ਦੀਆਂ ਤਸਵੀਰਾਂ ਚੋਰੀ ਕਰ ਕੇ ਨੈੱਟ ਉੱਤੇ ਪਾ ਦਿੱਤੀਆਂ ਸਨ। ਇਸ ਦੇ ਨਾਲ਼ ਹੀ ‘ਐਪਲ’ ਦੇ ਮਾਲਕਾਂ ਨੇ ਇਹ ਕਿਹਾ ਕਿ ਉਨ੍ਹਾਂ ਦੇ ‘ਕਲਾਊਡ ਸਟੋਰ’ ਵਿਚ ਕੋਈ ਸੰਨ੍ਹ ਨਹੀਂ ਲੱਗੀ ਤੇ ਹੋ ਸਕਦਾ ਹੈ ਕਿ ਜਿਨ੍ਹਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ, ਉਨ੍ਹਾਂ ਦੇ ਖਾਤੇ ਹੈਕ ਕਰ ਲਏ ਗਏ ਹੋਣ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ, ਹੈਕਰਾਂ ਨੇ ਇਹ ਕਰਤੂਤ ਕਰਦਿਆਂ ਆਪਣੇ ਨਾਂ ‘ਐਪਲ’ ਦੱਸੇ ਹੋਣ।
ਸਤੰਬਰ ਦੇ ਪਹਿਲੇ ਹਫ਼ਤੇ ਜਿਨ੍ਹਾਂ ਹਸਤੀਆਂ ਦੀਆਂ ‘ਗੰਦੀਆਂ’ ਤਸਵੀਰਾਂ ਨੈੱਟ ਉੱਤੇ ਨਸ਼ਰ ਕੀਤੀਆਂ ਗਈਆਂ, ਉਨ੍ਹਾਂ ਵਿਚ ਜੈਨੀਫਰ ਲਾਰੈਂਸ ਦੇ ਨਾਲ਼-ਨਾਲ਼ ਮਾਡਲ ਕੇਟ ਅਪਟਨ, ਗਾਇਕਾ ਐਵਰਿਲ ਲਵੀਗਨੇ ਅਤੇ ਅਦਾਕਾਰਾ ਗੈਬਰੀਅਲ ਯੂਨੀਅਨ ਵੀ ਸ਼ਾਮਲ ਹਨ। ਹੈਕਰਾਂ ਦੀ ਇਸ ਕਰਤੂਤ ਬਾਰੇ ਇਨ੍ਹਾਂ ਤਸਵੀਰਾਂ ਵਾਲ਼ੀਆਂ ਬੀਬੀਆਂ ਵਿਚੋਂ ਕੁੱਝ ਨੇ ਪ੍ਰਤੀਕਰਮ ਵੀ ਜ਼ਾਹਰ ਕੀਤਾ ਹੈ ਤੇ ਕੁੱਝ ਦੇ ਨੁਮਾਇੰਦਿਆਂ ਨੇ ਕੁੱਝ ਕਹਿਣ ਤੋਂ ਨਾ ਵੀ ਕੀਤੀ ਹੈ। ਅਦਾਕਾਰਾ ਗੈਬਰੀਅਲ ਯੂਨੀਅਨ ਨੇ ਇਕ ਬਿਆਨ ਰਾਹੀਂ ਕਿਹਾ ਹੈ ਕਿ ਜਿਸ ਨੇ ਵੀ ਇਹ ਕਾਰਾ ਕੀਤਾ ਹੈ, ਉਹ ਜਾਨਵਰ ਹੀ ਹੈ। ਉਸ ਨੇ ਕਿਹਾ, “ਮੈਂ ਇਹ ਗੱਲ ਕਹਿਣੋਂ ਨਹੀਂ ਰਹਿ ਸਕਦੀ ਕਿ ਕਾਫੀ ਸਮੇਂ ਤੋਂ ਔਰਤਾਂ ਅਤੇ ਬੱਚਿਆਂ ਦੀ ਖ਼ੈਰ ਨਹੀਂ ਹੈ। ਉਨ੍ਹਾਂ ਨੂੰ ਕਈ ਤਰ੍ਹਾਂ ਦੇ ਧੱਕੇ ਦੇ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾ ਆਪਣੇ ਪਿੰਡੇ ਉੱਤੇ ਹੀ ਕੋਈ ਹੱਕ ਨਹੀਂ ਰਿਹਾ। ਇਹ ਸਭ ਕੁੱਝ ਜਹਾਨ ਭਰ ਵਿਚ ਹੋ ਰਿਹਾ ਹੈ।” ਇਸ ਅਦਾਕਾਰਾ ਦੇ ਮੁਲਾਜ਼ਮ ਇਸ ਸਬੰਧ ਵਿਚ ਐੱਫ. ਬੀ. ਆਈ. ਨਾਲ਼ ਸੰਪਰਕ ਕਰ ਰਹੇ ਹਨ।
ਜੈਨੀਫਰ ਲਾਰੈਂਸ ਦੇ ਇਕ ਨੁਮਾਇੰਦੇ ਨੇ ਇਸ ਗੱਲ ਦੀ ਸ਼ਾਹਦੀ ਭਰੀ ਹੈ ਕਿ ਨੈੱਟ ਉੱਤੇ ਦਿਖਾਈਆਂ ਗਈਆਂ ਤਸਵੀਰਾਂ ਇਸ ਅਦਾਕਾਰਾ ਦੀਆਂ ਹੀ ਹਨ, ਪਰ ਉਸ ਨੇ ਇਹ ਤਸਵੀਰਾਂ ਨੈੱਟ ਉੱਤੇ ਪਾਉਣ ਨੂੰ ‘ਨਿੱਜਤਾ ਦੀ ਘੋਰ ਉਲੰਘਣਾ ਕਰਨਾ’ ਵੀ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਵੀ ਇਸ ਸਬੰਧ ਵਿਚ ਕੇਸ ਦਰਜ ਕਰਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਕਾਂਡ ਦੀ ਸ਼ਿਕਾਰ ਹੋਈ ਗਾਇਕਾ ਐਰੀਆਨਾ ਗਰਾਂਦੇ ਦਾ ਕਹਿਣ ਹੈ ਕਿ ਉਸ ਦੀਆਂ ਜਿਹੜੀਆਂ ਬੇਪਰਦ ਤਸਵੀਰਾਂ, ਨੈੱਟ ਉੱਤੇ ਪਾਈਆਂ ਗਈਆਂ ਹਨ, ਉਹ ਅਸਲੀ ਨਹੀਂ ਹਨ।
ਇਸ ਗਾਇਕਾ ਨੇ ਇੰਟਰਨੈੱਟ ਬਾਰੇ ਇਕ ਹੋਰ ਖ਼ੌਫ਼ਨਾਕ ਸੱਚਾਈ ਦਾ ਚੇਤਾ ਕਰਾ ਦਿੱਤਾ ਹੈ ਕਿ ਹੈਕਰਾਂ ਦੇ ਨਾਲ਼-ਨਾਲ਼, ਇੰਟਰਨੈੱਟ ਉੱਤੇ ਇਹੋ ਜਿਹੇ ਲੋਕ ਵੀ ਡਟੇ ਹੋਏ ਹਨ, ਜੋ ਕਿਸੇ ਦੀ ਫੋਟੋ ਵਿਚੋਂ ਉਸ ਬੰਦੇ ਦਾ ਧੜ ਲੈ ਕੇ, ਉਸ ਉੱਤੇ ਕਿਸੇ ਹੋਰ ਦੀ ਫੋਟੋ ਵਿਚੋਂ ਉਸ ਬੰਦੇ ਦਾ ਸਿਰ ਲੈ ਕੇ ਜੋੜ ਦਿੰਦੇ ਹਨ ਤੇ ਜੋੜਦੇ ਵੀ ਏਦਾਂ ਹਨ ਕਿ ਧੜ ਤੇ ਸਿਰ ਪੂਰੀ ਤਰ੍ਹਾਂ ਇਕ-ਮਿਕ ਹੋਏ ਦਿਸਦੇ ਹਨ। ਧੜ ਵਾਲ਼ਾ ਵੀ ਆਪਣਾ ਧੜ ਨਹੀਂ ਪਛਾਣ ਸਕਦਾ ਕਿਉਂ ਕਿ ਮਨੁੱਖੀ ਜਿਸਮ ਦੀ ਪਛਾਣ ਹੀ ਸਿਰ ਜਾਂ ਚਿਹਰੇ ਨਾਲ਼ ਹੁੰਦੀ ਹੈ। ਸੋ ਐਰੀਆਨਾ ਗਰਾਂਦੇ ਦੇ ਇਸ ਕਥਨ ਉੱਤੇ ਇਤਬਾਰ ਕੀਤਾ ਜਾ ਸਕਦਾ ਹੈ ਕਿ ਉਸ ਦੀਆਂ ਤਸਵੀਰਾਂ ਨਕਲੀ ਹਨ।
ਜਿਹੜੇ ਲੋਕ ਇਹ ਸਮਝਦੇ ਹਨ ਕਿ ਉਨ੍ਹਾਂ ਨੇ ਤਾਂ ਨੈੱਟ ਉੱਤੇ ਆਪਣੀ ‘ਚੰਗੀ-ਭਲੀ’ ਫੋਟੋ ਪਾਈ ਹੈ, ਉਹ ਵੀ ਭਲਕ ਨੂੰ ਆਪਣਾ ਸਿਰ ਕਿਸੇ ਨੰਗੇ ਧੜ ਉੱਤੇ ਜੁੜਿਆ ਦੇਖ ਕੇ ਹੈਰਾਨ-ਪਰੇਸ਼ਾਨ ਹੋ ਸਕਦੇ ਹਨ। ਜੇ ਇੰਟਰਨੈੱਟ, ਜਿਸ ਨੂੰ ਮੈਂ ‘ਇੰਦਰਜਾਲ’ ਹੀ ਸਮਝਦਾ ਹਾਂ, ਦੀਆਂ ਖੋਜ ਸਬੰਧੀ ਸਾਈਟਾਂ ਸਾਡੇ ਲਈ ਗਿਆਨ ਦਾ ਵਰਦਾਨ ਹਨ ਤਾਂ ਇਸ ਉੱਤੇ ਦਿਨੋ-ਦਿਨ ‘ਪਾਇਆ’ ਜਾ ਰਿਹਾ ਗੰਦ ਵੀ ਕਿਸੇ ਸਰਾਪ ਤੋਂ ਘੱਟ ਨਹੀਂ ਹੈ। ਇੰਟਰਨੈੱਟ ਦੇ ਸੁਹਿਰਦ ਮਾਹਰਾਂ ਨੂੰ ਇਸ ਸਬੰਧ ਵਿਚ ਵੀ ਕੋਈ ‘ਫਿਲਟਰ’ ਬਣਾਉਣਾ ਪਵੇਗਾ, ਨਹੀਂ ਤਾਂ ਕੀ ਹੋਵੇਗਾ, ਇਹ ਦੱਸਣ ਦੀ ਬਹੁਤੀ ਲੋੜ ਨਹੀਂ ਕਿਉਂ ਕਿ ਹੁਣ ਤੁਸੀਂ ਵੀ ਸਿਆਣੇ ਹੋ।#
Cell Phone: +91-950-175-9494 E-mail: bababax@gmail.com
