ਫਾਈਂਡਿੰਗ ਫੈਨੀ
ਫੈਨੀ ਤਾਂ ਲੱਭ ਪਈ ਸੈਂਸਰ ਬੋਰਡ ਗੁਆਚ ਗਿਆ
ਬਖ਼ਸ਼ਿੰਦਰ
ਕੱਲ੍ਹ ਤਕ ਤਾਂ ਸਿਨੇਮਾ ਘਰਾਂ ਵਿਚ ਦਿਖਾਈ ਜਾ ਰਹੀ ਸੀ, ਅੱਜ ਦਾ ਪਤਾ ਨਹੀਂ। ਗੱਲ ਕਰ ਰਹੇ ਹਾਂ ਇਕ ਹਿੰਦੀ ਫ਼ਿਲਮ ਦੀ, ਜਿਸ ਦਾ ਸਿਰਲੇਖ ਹੈ ‘ਫਾਈਂਡਿੰਗ ਫੈਨੀ’। ਬਹੁਤਾ ਨਹੀਂ, ਪਰ ਇੰਨਾ ਤਾਂ ਦੱਸਣਾ ਹੀ ਪਊ ਕਿ ਇਸ ਫ਼ਿਲਮ ਵਿਚ ਨਿਰਦੇਸ਼ਕ ਹੋਮੀ ਅਦਜਾਨੀਆ ਸਮੇਤ 6 ਜਣੇ ‘ਫੈਨੀ’ ਨਾਂ ਦੀ ਇਕ ਪਾਤਰ ਨੂੰ ਲੱਭ ਰਹੇ ਹਨ। ਅਸਲ ਵਿਚ ਉਹ ਸਾਰੇ ਜਣੇ ‘ਫੈਨੀ’ ਨੂੰ ਲੱਭਣ ਦੇ ਉਹਲੇ ਆਪੋ-ਆਪਣੀ ਮੁਹੱਬਤ/ ਇਸ਼ਕ/ ਮਾਸ਼ੂਕ ਜਾਂ ਇਹੋ ਜਿਹਾ ਹੀ ਕੁੱਝ ਲੱਭ ਰਹੇ ਹਨ। ਫ਼ਿਲਮ ਦੀ ਕਹਾਣੀ ਗੋਆ ਦੇ ਕਿਸੇ ਕਾਲਪਨਿਕ ਪਿੰਡ ‘ਪੋਕੋਲਿਮ’ ਵਿਚ ਵਾਪਰਦੀ ਹੈ। ਜੇ ਪਿੰਡ ਦਾ ਨਾਂ ਹਕੀਕੀ ਨਹੀਂ ਤਾਂ ਇਹ ਕਹਾਣੀ ਵੀ ਹਕੀਕੀ ਜਿਹੀ ਨਹੀਂ ਲੱਗਦੀ। ਖ਼ਬਰੇ ਗੋਆ ਵਿਚ ਏਦਾਂ ਹੀ ਹੁੰਦਾ ਹੋਵੇ।
ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਬਾਰੇ ਕਈ ਰੱਫ਼ੜ ਪਏ ਰਹੇ ਹਨ। ਨੰਦਿਨੀ ਤਿਵਾੜੀ ਨਾਂ ਦੀ ਕਿਸੇ ਬੀਬੀ ਅਤੇ ‘ਜੈ ਜਾਗ੍ਰਤੀ ਫਾਊਂਡੇਸ਼ਨ’ ਨਾਂ ਦੀ ਇਕ ਜਥੇਬੰਦੀ ਨੇ ਦਿੱਲੀ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਾ ਕੇ ਬੇਨਤੀ ਕੀਤੀ ਸੀ ਕਿ ਇਹ ਫ਼ਿਲਮ ਰਿਲੀਜ਼ ਕਰਨੋਂ ਰੋਕ ਦਿੱਤੀ ਜਾਵੇ ਕਿਉਂ ਕਿ ‘ਫੈਨੀ’ (ਪਟੀਸ਼ਨ ਕਰਨ ਵਾਲ਼ਿਆਂ ਅਨੁਸਾਰ) ਬੋਲ-ਚਾਲ ਵਿਚ ਵਰਤਿਆ ਜਾਂਦਾ ‘ਅਸ਼ਲੀਲ’ ਸ਼ਬਦ ਹੈ। ਇਸ ਪਟੀਸ਼ਨ ਵਿਚ ਇਹ ਵੀ ਕਿਹਾ ਹੋਇਆ ਸੀ ਕਿ ਜੇ ਇਹ ਫ਼ਿਲਮ ਨਿਆਣਿਆਂ-ਨਿੱਕਿਆਂ ਨੇ ਦੇਖ ਲਈ ਤਾਂ ਉਨ੍ਹਾਂ ’ਤੇ ਬਹੁਤ ਮਾੜਾ ਅਸਰ ਪਵੇਗਾ। ਫੇਰ ਪਟੀਸ਼ਨ ਕਰਨ ਵਾਲ਼ੇ ਇਹ ਕਹਿਣ ਲੱਗ ਪਏ ਕਿ ਫ਼ਿਲਮ ਦੇ ਸਿਰਲੇਖ ‘ਫਾਈਂਡਿੰਗ ਫੈਨੀ’ ਵਿਚੋਂ ‘ਫੈਨੀ’ ਸ਼ਬਦ ਕੱਢ ਦਿੱਤਾ ਜਾਵੇ। ਇਹ ਦਰਖ਼ਾਸਤ ਦੇਣ ਵਾਲ਼ਿਆਂ ਨੇ ਸੈਂਸਰ ਬੋਰਡ ਵੱਲੋਂ ਇਸ ਫ਼ਿਲਮ ਨੂੰ ‘ਯੂ/ਏ’ (ਸਿਆਣਿਆਂ ਨਾਲ਼ ਬੈਠ ਕੇ ਨਿਆਣੇ ਵੀ ਦੇਖ ਲੈਣ) ਪ੍ਰਮਾਣ ਪੱਤਰ ਦੇਣ ਨੂੰ ਵੀ ਸ਼ੱਕ ਦੀ ਨਜ਼ਰ ਨਾਲ਼ ਦੇਖਿਆ ਸੀ ਤੇ ਜ਼ੋਰ ਦਿੱਤਾ ਸੀ ਕਿ ਇਹ ਫ਼ਿਲਮ ਦਿਖਾਉਣ ਉੱਤੇ ਰੋਕ ਹੀ ਲਾ ਦਿੱਤੀ ਜਾਵੇ।
ਅਦਾਲਤ ਵਿਚ ਸੁਣਵਾਈ ਦੌਰਾਨ ਸਰਕਾਰੀ ਵਕੀਲ ਸੰਜੇ ਜੈਨ ਨੇ ਇਹ ਦਲੀਲ ਦਿੱਤੀ ਸੀ ਕਿ ‘ਫੈਨੀ’ ਇਸ ਫ਼ਿਲਮ ਦੀ ਇਕ ਕਿਰਦਾਰ ਦਾ ਨਾਂ ਹੀ ਹੈ। ਨਾਲ਼ੇ ਹੁਣ ਤਾਂ ਸੈਂਸਰ ਬੋਰਡ ਨੇ ਵੀ ਇਹ ਫ਼ਿਲਮ ਪਾਸ ਕਰ ਦਿੱਤੀ ਹੈ, ਜਿਸ ਕਰ ਕੇ ਇਸ ਨੂੰ ਦਿਖਾਉਣੋਂ ਰੋਕਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਅਦਾਲਤ ਨੂੰ ਵੀ ਪਟੀਸ਼ਨਰਜ਼ ਦੀਆਂ ਦਲੀਲਾਂ ਵਿਚ ਦਮ ਨਾ ਦਿਸਿਆ ਤੇ ਉਸ ਨੇ ਕਿਹਾ, “ਇਸ ਮਾਮਲੇ ਵਿਚ ਅਦਾਲਤ ਨੂੰ ਦਖ਼ਲ ਦੇਣ ਦੀ ਲੋੜ ਨਹੀਂ ਹੈ।”
ਇਸ ਫ਼ਿਲਮ ਦੇ ਪੰਜ ਕਿਰਦਾਰ ਹਨ, ਜੋ ਪੋਕੋਲਿਮ ਵਿਚ ਰਹਿੰਦੇ ਹਨ। ਇਸ ਪਿੰਡ ਵਿਚ ਸਭ ਕੁੱਝ ਆਮ ਨਾਲੋਂ ਵੀ ਹੇਠਲੇ ਪੱਧਰ ’ਤੇ ਹੀ ਵਾਪਰਦਾ ਹੈ। ਇਕ ਰਾਤ ਬੁੱਢੇ ਡਾਕੀਏ ‘ਫਰਨੈਂਡੋ’ ਉਰਫ਼ ‘ਫਰਡੀ’ (ਨਸੀਰੂਦੀਨ ਸ਼ਾਹ) ਨੂੰ ਉਸ ਦੇ ਬੂਹੇ ਹੇਠੋਂ ਅੰਦਰ ਧੱਕੀ ਹੋਈ ਇਕ ਲਿਫ਼ਾਫ਼ਾ-ਬੰਦ ਚਿੱਠੀ ਮਿਲਦੀ ਹੈ। ਉਹ ਮਹਿਸੂਸ ਕਰਦਾ ਹੈ ਕਿ ਉਹ ਚਿੱਠੀ, 46 ਸਾਲ ਪਹਿਲਾਂ ਉਸ ਦੀ ਪ੍ਰੇਮਕਾ ‘ਸਟੈਫਨੀ ਫਰਨਾਡੇਜ਼’ ਉਰਫ਼ ‘ਫੈਨੀ’ (ਅੰਜਲੀ ਪਾਟਿਲ) ਵੱਲੋਂ ਲਿਖੀ ਹੋਈ ਹੈ ਤੇ ਉਸ ਚਿੱਠੀ ਰਾਹੀਂ ਉਸ ਨੇ ਫਰਡੀ ਨੂੰ ਕਿਹਾ ਹੋਇਆ ਹੈ ਕਿ ਉਹ ਆਪਣੇ ਨਾਲ਼ ਵਿਆਹ ਕਰਾਉਣ ਖ਼ਾਤਰ ਉਸ ਦਾ ਸਾਕ ਮੰਗ ਲਵੇ। ਉਸ ਨੂੰ ਇਹ ਸਮਝ ਕੇ ਬਹੁਤ ਸਦਮਾ ਹੁੰਦਾ ਹੈ ਕਿ ਇਹ ਚਿੱਠੀ ਇੰਨੇ ਸਾਲਾਂ ਦੀ, ਡਾਕ ਵਿਚ ਹੀ ਰੁਲ਼ਦੀ ਰਹੀ ਹੈ ਤੇ ਉਹ ਇੰਨੇ ਸਾਲ ਇਹ ਸਮਝਦਾ ਰਿਹਾ ਹੈ ਕਿ ਫੈਨੀ ਨੇ ਉਸ ਨੂੰ ਠੁਕਰਾ ਦਿੱਤਾ ਸੀ। ਇਸੇ ਹੀ ਵਜ੍ਹਾ ਨਾਲ਼ ਉਸ ਨੇ ਇੰਨੇ ਸਾਲ ਨਰਕ ਵਿਚ ਹੀ ਕੱਟਣ ਵਾਂਗ ਕੱਟੇ ਸਨ। ਉਹ ਫੈਨੀ ਨੂੰ ਲੱਭ ਕੇ ਉਸ ਨੂੰ ਇਹ ਸੱਚਾਈ ਦੱਸਣ ਦਾ ਫੈਸਲਾ ਕਰਦਾ ਹੈ। ਹੁਣ ਫੈਨੀ ਹੈ ਵੀ ਜਾਂ ਨਹੀਂ? ਵਿਆਹੀ ਹੋਈ ਜਾਂ ਮਰ ਮੁੱਕ ਗਈ? ਜਾਂ ਉਹ ਕਦੇ ਹੈ ਵੀ ਸੀ ਜਾਂ ਫਰਡੀ ਦੀ ਕਲਪਨਾ ਵਿਚ ਹੀ ਹੈ? ਕਿਸੇ ਨੂੰ ਕੋਈ ਇਲਮ ਨਹੀਂ।
ਫਰਡੀ ਨਾਲ਼ ਫੈਨੀ ਲੱਭਣ ਤੁਰਨ ਵਾਲ਼ਿਆਂ ਵਿਚ ਅਜੀਬੋ-ਗ਼ਰੀਬ ਬਹਾਨਿਆਂ ਨਾਲ਼ ਆ ਰਲ਼ਦੇ ਹਨ, ਵਿਆਹ ਕਰਾਉਂਦਿਆਂ ਹੀ (ਕੁਆਰੀ) ਵਿਧਵਾ ਹੋ ਚੁੱਕੀ ‘ਐਂਜੀ’ (ਦੀਪਿਕਾ ਪਾਦੂਕੋਨ), ਅੱਖੜ ਜਿਹਾ ਮਕੈਨਿਕ ‘ਸਾਵੀਓ ਡਾ ਗਾਮਾ’ (ਅਰਜੁਨ ਕਪੂਰ), ਹਰ ਵੇਲ਼ੇ ‘ਸਵਾਰੀ ਪਾਉਣ ਲਈ ਕਾਹਲ਼ਾ ਰਹਿੰਦਾ’ ਚਿੱਤਰਕਾਰ ‘ਪੈਡਰੋ’ (ਪੰਕਜ ਕਪੂਰ) ਅਤੇ ਆਪਣੇ-ਆਪ ਨੂੰ ‘ਪੋਕੋਲਿਮ ਦੀ ਰਾਣੀ’ ਸਮਝਦੀ ‘ਰੋਜ਼ੀ’ (ਡਿੰਪਲ ਕਪਾਡੀਆ)। ਫੈਨੀ ਨੂੰ ਲੱਭਣ ਤੁਰੇ ਇਨ੍ਹਾਂ ਜੀਊੜਿਆਂ ਨਾਲ਼ ਰਾਹ ਵਿਚ ਕਾਫੀ ਕੁੱਝ ਵਾਪਰਦਾ ਹੈ।
ਇਸ ਫ਼ਿਲਮ ਨੇ ਬਣਦਿਆਂ ਹੀ ‘ਦ ਸੈਂਸਰ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ’ ਯਾਨੀ ‘ਸੈਂਸਰ ਬੋਰਡ’ ਨੂੰ ਬਹੁਤ ਹੀ ਝਟਕੇ ਮਾਰੇ। ‘ਟਾਈਮਜ਼ ਨਿਊਜ਼ ਨੈੱਟਵਰਕ’ ਦੀ ਸੀਮਾ ਸਿਨ੍ਹਾ ਦੀ ਇਕ ਰਿਪੋਰਟ ਅਨੁਸਾਰ, ਸੈਂਸਰ ਬੋਰਡ ਨੇ ‘ਫਾਈਂਡਿੰਗ ਫੈਨੀ’ ਬਣਾਉਣ ਵਾਲ਼ਿਆਂ ਨੂੰ ਕਿਹਾ ਹੈ ਕਿ ਉਹ ਉਸ ਵਿਚੋਂ ਇਕ ਡਾਇਲਾਗ ‘ਆਈ ਐੱਮ ਵਰਜਿਨ’ ਯਾਨੀ ‘ਮੈਂ ਕੁਆਰੀ ਹਾਂ’ ਕੱਟ ਦੇਣ। ਇਸ ਦੇ ਬਾਵਜੂਦ ਇਸ ਫਿਲਮ ਦੇ ਪ੍ਰਚਾਰ ਲਈ ਦਿਖਾਏ ਜਾਂਦੇ ਟੋਟਿਆਂ ਵਿਚ ਇਹ ਡਾਇਲਾਗ ਮੌਜੂਦ ਹੈ। ਤਿੰਨ ਸਤੰਬਰ ਨੂੰ ਛਪੀ ਇਸ ਰਿਪੋਰਟ ਵਿਚ, ਇਹ ਵੀ ਲਿਖਿਆ ਹੋਇਆ ਹੈ ਕਿ ‘ਵਰਜਿਨ’ ਸ਼ਬਦ ਉਡਾ ਦਿੱਤਾ ਜਾਵੇਗਾ ਜਾਂ ਇਸ ਦਾ ਸੰਧਰਭ ਬਦਲ ਦਿੱਤਾ ਜਾਵੇਗਾ। ਇਸ ਤਰ੍ਹਾਂ, ਪਤਾ ਲੱਗਿਆ ਹੈ ਕਿ ਇਸ ਫ਼ਿਲਮ ਨੇ ਸੈਂਸਰ ਬੋਰਡ ਨੂੰ ਨਾ ਸਿਰਫ਼ ਕਾਫੀ ਸਮਾਂ ਖੇਲ਼ੇ ਪਾਈ ਰੱਖਿਆ, ਸਗੋਂ ਇਸ ਦੀਆਂ ਡੰਡ-ਬੈਠਕਾਂ ਵੀ ਕਾਫੀ ਕਢਾਈਆਂ।
ਸੈਂਸਰ ਬੋਰਡ ਦੀ ਸੀਨੀਅਰ ਮੈਂਬਰ ਨੰਦਿਨੀ ਸਰਦੇਸਾਈ ਦਾ ਇਹ ਕਹਿਣ ਸੀ, “ਇਹ ਬਹੁਤ ਹੀ ਸਿੱਧੀ ਜਿਹੀ ਗੱਲ ਹੈ, ਇਕ ਖ਼ਿਆਲ ਜਿਹਾ ਹੀ ਹੈ ਅਤੇ ਅਜਿਹੇ ਸ਼ਬਦਾਂ ਦੀ ਵਰਤੋਂ ਕਰਨ ਬਾਰੇ ਕੋਈ ਨਿਯਮ ਨਹੀਂ ਘੜੇ ਹੋਏ। ਜੇ ਪ੍ਰੋਡਿਊਸਰ ਨੂੰ ਲੱਗੇ ਕਿ ਪਾਰਖ਼ੂ ਕਮੇਟੀ ਦੇ ਫੈਸਲੇ ਤੋਂ ਉਸ ਨੂੰ ਤਸੱਲੀ ਨਹੀਂ ਹੋਈ ਤਾਂ ਉਸ ਨੂੰ ਦੁਬਾਰਾ ਜਾਂਚਣ ਵਾਲ਼ੀ ਕਮੇਟੀ ਅੱਗੇ ਅਪੀਲ ਕਰਨ ਦਾ ਪੂਰਾ-ਪੂਰਾ ਹੱਕ ਹੈ। ਇਹ ਬਹੁਤ ਅਜੀਬ ਗੱਲ ਹੈ ਕਿ ‘ਪ੍ਰੋਮੋ’ ਵਿਚ ਇਹ ਡਾਇਲਾਗ ਹੈ, ਪਰ ਫ਼ਿਲਮ ਵਿਚੋਂ ਕੱਟ ਦਿੱਤਾ ਗਿਆ ਹੈ।” ਸੈਂਸਰ ਬੋਰਡ ਦੀ ਇਸ ਸੀਨੀਅਰ ਮੈਂਬਰ ਦਾ ਇਹ ਬਿਆਨ ਸਪੱਸ਼ਟ ਕਰਦਾ ਹੈ ਕਿ ਸੈਂਸਰ ਬੋਰਡ ਇਕੋ ਗੱਲ ਦੀ ਨਿਰਖ਼-ਪਰਖ਼ ਕਰਨ ਲਈ ਦੋ-ਦੋ ਵੱਖ-ਵੱਖ ਪੈਮਾਨੇ ਵਰਤਦਾ ਹੈ।
ਇਸ ਤੋਂ ਬਾਅਦ ਸੈਂਸਰ ਬੋਰਡ ਨੇ ਕੱਟਿਆ ਹੋਇਆ ਇਹ ਡਾਇਲਾਗ, ਇਸ ਫ਼ਿਲਮ ਵਿਚ ਫਿਰ ਜੋੜਨ ਦੀ ਇਜਾਜ਼ਤ ਵੀ ਦੇ ਦਿੱਤੀ।‘ਆਈ ਐੱਮ ਵਰਜਿਨ’ ਯਾਨੀ ‘ਮੈਂ ਕੁਆਰੀ ਹਾਂ’ ਡਾਇਲਾਗ ਐਂਜੀ, ਜੋ ਵਿਆਹ ਹੋਣ ਦੌਰਾਨ ਹੀ ਉਸ ਦੇ ਲਾੜੇ ਦੇ ਸੰਘ ਵਿਚ ਕੁੱਝ ਫਸ ਜਾਣ ਦੀ ਵਜ੍ਹਾ ਨਾਲ਼ ਮਾਰੇ ਜਾਣ ’ਤੇ ਕੁਆਰੀ ਵਿਧਵਾ ਬਣ ਜਾਂਦੀ ਹੈ, ਵਿਆਹ ਦੌਰਾਨ ਇਹ ਹਾਦਸਾ ਹੋਣ ਤੋਂ ਕਾਫੀ ਸਮਾਂ ਬਾਅਦ ਬੋਲਦੀ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਨੇ ਇਕ ਬਿਆਨ ਰਾਹੀਂ ਇਹ ਕਿਹਾ ਹੋਇਆ ਹੈ, “ਜਦੋਂ ਅਸੀਂ ਇਸ ਫ਼ਿਲਮ ਦੀ ਹਿੰਦੀ ਡਬਿੰਗ ਕਰਨ ਗਏ ਤਾਂ ਅਸੀਂ ਬੋਰਡ ਦੀ ਮੁਖੀ ਲੀਲਾ ਸੈਮਸਨ ਨੂੰ ਆਪਣਾ ਪੱਖ ਭੇਜਿਆ। ਅਸੀਂ ਇਹ ਸੰਵਾਦ ਕੱਟਣ ਉੱਤੇ ਇਤਰਾਜ਼ ਨਹੀਂ ਕੀਤਾ, ਅਸੀਂ ਤਾਂ ਇਸ ਗੱਲੋਂ ਭੰਬਲਭੂਸੇ ਵਿਚ ਪਏ ਹੋਏ ਸਾਂ ਕਿ ਇਹ ਡਾਇਲਾਗ ਇਸ ਫ਼ਿਲਮ ਦੇ ਟਰੇਲਰਜ਼ ਵਿਚ ਜਿਉਂ ਦਾ ਤਿਉਂ ਪਾਸ ਕੀਤਾ ਹੋਇਆ ਸੀ। ਅਸੀਂ ਇਸ ਮੁੱਦੇ ਬਾਰੇ ਸਪੱਸ਼ਟੀਕਰਨ ਚਾਹੁੰਦੇ ਸਾਂ। ਉਹ (ਲੀਲਾ ਸੈਮਸਨ) ਇਸ ਮੁੱਦੇ ਉੱਤੇ ਸਾਡੇ ਨਾਲ਼ ਸਹਿਮਤ ਹੋ ਗਈ ਕਿ ਜੇ ਇਹ ਡਾਇਲਾਗ ਪਹਿਲਾਂ ਪਾਸ ਕੀਤਾ ਹੋਇਆ ਹੈ ਤਾਂ ਇਸ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।ਇਹ ਇਕ ਚੰਗਾ ਸੰਕੇਤ ਹੈ।” ਨਿਰਦੇਸ਼ਕ ਦਾ ਇਹ ਬਿਆਨ ਤੇ ਲੀਲਾ ਸੈਮਸਨ ਦੀ ਜੁਆਬੀ ਕਾਰਵਾਈ ਵੀ ਇਹ ਸਾਬਤ ਕਰਦੀ ਹੈ ਕਿ ਸੈਂਸਰ ਬੋਰਡ ਦੀ ‘ਤਬੀਅਤ ਠੀਕ ਨਹੀਂ’ ਹੈ।
‘ਇੰਡੀਆ ਟੂਡੇ’ ਨੇ 27 ਅਗੱਸਤ ਨੂੰ ਛਾਪੀ ਇਕ ਰਿਪੋਰਟ ਵਿਚ ਏਦਾਂ ਲਿਖਿਆ ਹੋਇਆ ਹੈ, “ਸੈਂਸਰ ਬੋਰਡ ਨੇ ‘ਫਾਈਂਡਿੰਗ ਫੈਨੀ’ ਲਈ ਅੜਚਨਾਂ ਖੜ੍ਹੀਆਂ ਕਰ ਦਿੱਤੀਆਂ ਹਨ। ਮਿਲੀਆਂ ਇਤਲਾਹਾਂ ਮੁਤਾਬਕ, ਸੈਂਸਰ ਬੋਰਡ ਨੇ ਇਸ ਫਿਲਮ ਦੇ ਨਿਰਦੇਸ਼ਕ ਹੋਮੀ ਅਦਜਾਨੀਆ ਨੂੰ ਕਹਿ ਦਿੱਤਾ ਹੈ ਕਿ ਉਹ ਇਸ ਫ਼ਿਲਮ ਵਿਚ ਦੀਪਿਕਾ ਪਾਦੂਕੋਨ ਵੱਲੋਂ ਨਿਭਾਏ ਗਏ ਕਿਰਦਾਰ ‘ਐਂਜੀ’ ਦੇ ਮੂਹੋਂ ਬੁਲਾਏ ਇਕ ਸੰਵਾਦ ਵਿਚੋਂ ਸ਼ਬਦ ‘ਵਰਜਿਨ’ ਯਾਨੀ 'ਕੁਆਰੀ’ ਕੱਟ ਦੇਣ ਜਦੋਂ ਕਿ ਆਪਾਂ ਸਾਰੇ ਹੀ ਇਸ ਫ਼ਿਲਮ ਦੇ ਟਰੇਲਰਾਂ ਵਿਚ ਇਹ ਸੰਵਾਦ ਸੁਣ ਚੁੱਕੇ ਹਾਂ।” ਅਸੀਂ ਇਹ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਦੀਪਿਕਾ ਇਹ ਸੰਵਾਦ ਅਰਜੁਨ ਕਪੂਰ ਸਾਹਮਣੇ ਉਦੋਂ ਬੋਲਦੀ ਹੈ, ਜਦੋਂ ਕੋਈ ਤੀਜਾ ਬੰਦਾ ਉਨ੍ਹਾਂ ਕੋਲ ਨਹੀਂ ਹੁੰਦਾ।
ਇਕ ਖ਼ਬਰ ਅਨੁਸਾਰ, ਸੈਂਸਰ ਬੋਰਡ ਦੀ ਚੇਅਰਪਰਸਨ ਲੀਲਾ ਸੈਮਸਨ ਦੇ ਨਿੱਜੀ ਸਹਾਇਕ ਦੀਪਕ ਟੈਂਡੇਲ ਨੇ ਫ਼ਿਲਮ ਦੇ ਨਿਰਦੇਸ਼ਕ ਹੋਮੀ ਨੂੰ ਕਿਹਾ ਹੈ ਕਿ ਉਹ ਇਸ ਹੁਕਮ ਦੀ ਤਾਮੀਲ ਕਰਨ। ਇਸ ਦੇ ਜੁਆਬ ਵਿਚ ਹੋਮੀ ਨੇ ਨਰਾਜ਼ ਹੁੰਦਿਆਂ ਇਹ ਸੁਆਲ ਉਠਾਇਆ ਕਿ ਫਿਰ ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ ‘2 ਸਟੇਟਸ’ ਵਿਚ ਆਲੀਆ ਭੱਟ ਵੱਲੋਂ ਅਰਜੁਨ ਕਪੂਰ ਨੂੰ ਇਹ ਪੁੱਛਣਾ ਕਿ ਕੀ ਉਹ ਕੁਆਰਾ ਹੈ, ਕਿਸ ਤਰ੍ਹਾਂ ਜਾਇਜ਼ ਹੈ। ਹੋਮੀ ਨੇ ਹੋਰ ਕਈ ਹਿੰਦੀ ਫ਼ਿਲਮਾਂ ਵਿਚ ਬੋਲੇ ਹੋਏ ਕਈ ਡਾਇਲਾਗਜ਼ ਦੀਆਂ ਮਿਸਾਲਾਂ ਵੀ ਦਿੱਤੀਆਂ।
ਹੋਮੀ ਨੂੰ ਇਹ ਵੀ ਇਹ ਵੀ ਕਿਹਾ ਗਿਆ ਕਿ ਉਹ ਇਸ ਫ਼ਿਲਮ ਵਿਚ ਡਿੰਪਲ ਕਪਾਡੀਆ ਦੀ ਸਕੱਰਟ ਪਿੱਠ ਵੱਲੋਂ ਫਟ ਜਾਣ ਵਾਲ਼ੇ ਦ੍ਰਿਸ਼ ਨੂੰ ਵੀ ਸੁਧਾਰਨ। ਇਸ ਰਿਪੋਰਟ ਵਿਚ ਹੀ ਇਹ ਗੱਲ ਵੀ ਕਹੀ ਹੋਈ ਹੈ ਕਿ ਸੈਂਸਰ ਬੋਰਡ ਵਿਚ ਭ੍ਰਿਸ਼ਟਾਚਾਰ ਦੀ ਭਰਮਾਰ ਹੋਣ ਸਬੰਧੀ ਖ਼ਬਰਾਂ ਵੀ ਆਉਣ ਦੌਰਾਨ ਹੀ ਸੈਂਸਰ ਬੋਰਡ ਵੱਲੋਂ ਆਧੁਨਿਕ ਭਾਰਤ ਉੱਤੇ ਬਾਜ਼ ਵਾਲ਼ੀ ਅੱਖ ਰੱਖਣ ਦਾ ਮਤਲਬ ਸਿਰਜਣਾਤਮਕ ਅਜ਼ਾਦੀ ਨੂੰ ਦਫ਼ਾ ਕਰਨਾ ਹੀ ਹੈ?
ਇਕ ਹੋਰ ਰਿਪੋਰਟ ਮੁਤਾਬਕ, ਫ਼ਿਲਮਸਾਜ਼ ਮਧੁਰ ਭੰਡਾਰਕਰ ਨੇ ਇਸ ਫ਼ਿਲਮ ਵਿਚ, ਸੈਂਸਰ ਬੋਰਡ ਵੱਲੋਂ ‘ਵਰਜਿਨ’ ਸ਼ਬਦ ਨੂੰ ‘ਵਰਜਿਤ’ ਕਰਾਰ ਦੇਣ ਤੋਂ ਬਚਾਉਣ ਲਈ ਬੋਰਡ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ‘ਟਵਿੱਟਰ’ ਉੱਤੇ ਏਦਾਂ ਲਿਖਿਆ ਸੀ, “ਮੈਂ ਸੈਂਸਰ ਬੋਰਡ ਵੱਲੋਂ ‘ਫਾਈਂਡਿੰਗ ਫੈਨੀ’ ਦੀ ਟੀਮ ਨੂੰ ਸ਼ਬਦ ‘ਵਰਜਿਨ’ ਵਰਤ ਲੈਣ ਦੇਣ ’ਤੇ ਬੋਰਡ ਦੀ ਸ਼ਲਾਘਾ ਕਰਦਾ ਹਾਂ। ਮੇਰੀ ਫ਼ਿਲਮ ‘ਦਿਲ ਤੋ ਬੱਚਾ ਹੈ ਜੀ’ ਨੂੰ, ਇਹ ਸ਼ਬਦ ਵਰਤਣ ਕਾਰਨ ਹੀ ‘ਏ’ ਸਰਟੀਫਿਕੇਟ ਦਿੱਤਾ ਗਿਆ ਸੀ।”
ਇਸ ਦੌਰਾਨ ਹੀ, ਹੋਮੀ ਅਦਜਾਨੀਆ ਨੇ ਟਵਿੱਟਰ ਉੱਤੇ ਇਹ ਖ਼ਬਰ ਸਾਂਝੀ ਕਰਦਿਆਂ ਏਦਾਂ ਲਿਖਿਆ ਸੀ, “ਕਾਸ਼! ਸੈਂਸਰ ਬੋਰਡ ਵਿਚ ਕਿਸੇ ਦਲੀਲ ਦਾ ਮੁੱਲ ਵੀ ਪੈਂਦਾ ਹੁੰਦਾ। ਹੁਣ ਸੈਂਸਰ ਬੋਰਡ ਸਾਡੀ ਫ਼ਿਲਮ ਵਿਚ ਇਹ ਡਾਇਲਾਗ ਬਰਕਰਾਰ ਰੱਖਣ ਲਈ ਰਜ਼ਾਮੰਦ ਹੋ ਗਿਆ ਹੈ, ਜੋ ਸੈਂਸਰ ਵਾਲ਼ਿਆਂ ਵੱਲੋਂ ਇਮਾਨਦਾਰੀ ਅਤੇ ਸਿਆਣਪ ਵੱਲ ਵਧਾਇਆ ਗਿਆ ਕਦਮ ਹੈ।”
ਇਹ ਤਾਂ ਸੀ ਉਹ ਰੌਲ਼ਾ-ਰੱਪਾ, ਜੋ ਸੈਂਸਰ ਬੋਰਡ ਨੂੰ ‘ਮੱਤ-ਪੱਤ ਦਾ ਰਾਖਾ’ ਦੱਸਣ ਵਾਲ਼ੇ ਇਸ ਦੇ ਅਧਿਕਾਰੀਆਂ ਨੇ ਇਕ ਸੰਵਾਦ ਲਈ ਹੀ ਨਹੀਂ, ਉਸ ਦੇ ਵੀ ਇਕ ਸ਼ਬਦ ਖਾਤਰ ਹੀ ਪੁਆਇਆ। ਅਸੀਂ ਅਣਵਿਆਹੀਆਂ ਕੁੜੀਆਂ ਦੇ ਸਤਿਕਾਰ ਵਿਚ ਅਕਸਰ ਹੀ ‘ਕੰਜਕਾਂ-ਕੁਆਰੀਆਂ’ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਇਸ ਦਾ ਸਪੱਸ਼ਟ ਮਤਲਬ ਇਹੋ ਹੁੰਦਾ ਹੈ ਕਿ ਇਹ ਸ਼ਬਦ ਉਨ੍ਹਾਂ ਕੁੜੀਆਂ ਲਈ ਹੀ ਵਰਤਿਆ ਜਾਂਦਾ ਹੈ, ਜੋ ਅਜੇ ਵਿਆਹੀਆਂ-ਵਰੀਆਂ ਵੀ ਨਹੀਂ ਗਈਆਂ ਅਤੇ ਵਿਆਹੁਣ ਯੋਗ ਵੀ ਨਹੀਂ ਹੋਈਆਂ। ਦੂਜੇ ਸ਼ਬਦਾਂ ਵਿਚ ਇਨ੍ਹਾਂ ਕੁੜੀਆਂ ਦਾ ਗ੍ਰਹਿਸਤ ਨਾਲ਼ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਹੁਣ ਤੁਸੀਂ ਪੁੱਛ ਸਕਦੇ ਹੋ ਕਿ ਜਿਹੜੀਆਂ ਬੀਬੀਆਂ ਵਿਆਹੀਆਂ ਜਾਣ ਯੋਗ ਹਨ, ਪਰ ਕਿਸੇ ਕਾਰਨ ਵਿਆਹੀਆਂ ਨਹੀਂ ਗਈਆਂ ਜਾਂ ਵਿਆਹੀਆਂ ਜਾਣ ਮਗਰੋਂ ਵੀ, ਕਿਸੇ ਕਾਰਨ ਕੁਆਰੀਆਂ ਹੀ ਰਹਿ ਜਾਂਦੀਆਂ ਹਨ, ਉਨ੍ਹਾਂ ਲਈ ਕਿਹੜਾ ਸ਼ਬਦ ਵਰਤਿਆ ਜਾਵੇਗਾ। ਜਿੰਨਾ ਚਿਰ ਕਿਸੇ ਬੀਬੀ ਦਾ ਕੁਆਰਾਪਨ ਭੰਗ ਨਹੀਂ ਹੁੰਦਾ, ਤਕਨੀਕੀ ਪੱਖੋਂ ਉਹ ਕੁਆਰੀ ਰਹੇਗੀ ਤੇ ਉਸ ਨੂੰ ਕੁਆਰੀ ਹੀ ਕਹਿਣਾ/ ਮੰਨਣਾ ਪਵੇਗਾ। ਸੈਂਸਰ ਬੋਰਡ ਅਤੇ ਉਸ ਦੀਆਂ ਉੱਚੀਆਂ ਡਾਹੀਆਂ ਕੁਰਸੀਆਂ ਉੱਤੇ ਬੈਠੇ ਲੋਕ, ‘ਕੁਆਰੀ/ਕੁਆਰਾ’ ਸ਼ਬਦ ਦਾ ਕੋਈ ਬਦਲ ਵੀ ਤਾਂ ਦੱਸਣ। ‘ਕੁਆਰੀ’ ਤੇ ‘ਕੋਰੀ’ ਦੇ ਅਰਥ ਬਹੁਤ ਨੇੜੇ-ਨੇੜੇ ਹਨ, ਯਾਨੀ ‘ਜਿਸ ਉੱਤੇ ਕੋਈ ਦਾਗ਼ ਹਾਂ ਧੱਬਾ ਨਾ ਲੱਗਿਆ ਹੋਵੇ’।
ਸੈਂਸਰ ਬੋਰਡ ਦੇ ਮੈਂਬਰਾਂ ਵਿਚ ਭਾਸ਼ਾਵਾਂ ਦੇ ਮਾਹਰਾਂ ਨੂੰ ਵੀ ਥਾਂ ਦਿੱਤੀ ਜਾਣੀ ਚਾਹੀਦੀ ਹੈ। ਆਪਣੇ ਇਸ ਸੁਝਾਅ ਦੀ ਹਮਾਇਤ ਵਿਚ ਚਰਚਾ ਅਧੀਨ ਫ਼ਿਲਮ ਦੇ ਹੀ ਇਕ ਹੋਰ ਸੰਵਾਦ ਦੀ ਮਿਸਾਲ ਦੇਣੀ ਚਾਹਾਂਗਾ। ਇਸ ਸੰਵਾਦ ਦਾ ਜਿਹੜਾ ਅਰਥ ਸੈਂਸਰ ਬੋਰਡ ਦੇ ਅਧਿਕਾਰੀਆਂ ਨੇ ਸਮਝਿਆ ਹੈ, ਉਹ ਇਸ ਸੰਵਾਦ ਦੇ ਅਸਲੀ ਅਰਥਾਂ ਤੋਂ ਕੋਹਾਂ ਦੂਰ ਹੈ। ਇਸ ਫ਼ਿਲਮ ਦੇ ਇਕ ਸੰਵਾਦ ਵਿਚੋਂ ‘ਵਰਜਿਨ’ ਸ਼ਬਦ ਕਢਾਉਣ ਅਤੇ ਫਿਰ ਪੁਆਉਣ ਲਈ ਇਹ ਫ਼ਿਲਮ ਕਿੰਨੀ ਵਾਰੀ ਦੇਖੀ/ ਦਿਖਾਲ਼ੀ ਗਈ ਹੋਵੇਗੀ, ਇਹ ਤਾਂ ਫ਼ਿਲਮਸਾਜ਼ ਧਿਰ ਅਤੇ ਸੈਂਸਰ ਵਾਲ਼ੇ ਹੀ ਜਾਨਣ, ਪਰ ਸੈਂਸਰ ਵਾਲ਼ੇ, ਹਰ ਵਾਰ ਫ਼ਿਲਮ ਦੇਖਦਿਆਂ ਇਸ ਫ਼ਿਲਮ ਦੇ ਇਸ ਸੰਵਾਦ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਅਸ਼ਲੀਲਤਾ ਨਹੀਂ ਤਾੜ ਸਕੇ।
‘ਫਾਈਂਡਿੰਗ ਦਾ ਫੈਨੀ’ ਵਿਚ ਫੈਨੀ ਲੱਭਣ ਲਈ, ਤਕਰੀਬਨ ਕਵਾੜ ਬਣੀ ਹੋਈ ਇਕ ਕਾਰ ਵਿਚ ਰਵਾਨਾ ਹੋਏ ਪੰਜੇ ਹੀ ਪਾਤਰ, ਇਸ ਫ਼ਿਲਮ ਦੇ ਕਲਾਈਮੈਕਸ ਵਿਚ ਪੰਜਾਬ ਦੇ ਕਿਸੇ ਖੂਹ ਵਰਗੀ ਥਾਂ ਰੁਕ ਜਾਂਦੇ ਹਨ ਕਿਉਂ ਕਿ ਉਨ੍ਹਾਂ ਦੀ ਕਾਰ ਵਿਚੋਂ ਪੈਟਰੋਲ ਮੁੱਕ ਜਾਂਦਾ ਹੈ। ਫਰਡੀ ਪੈਟਰੋਲ ਲੈਣ ਚਲਿਆ ਜਾਂਦਾ ਹੈ, ਪੈਡਰੋ, ਜੋ ਸਾਰੀ ਫਿਲਮ ਦੌਰਾਨ ਰੋਜ਼ੀ ਦੇ ਸਰੀਰ ਦੇ ਉੱਭਰੇ ਅਤੇ ਫੁੱਲੇ ਹੋਏ ਅੰਗ ਦੇਖ-ਦੇਖ ਅੱਖਾਂ ਤੱਤੀਆਂ ਕਰਦਾ ਰਹਿੰਦਾ ਹੈ, ਰੋਜ਼ੀ ਨੂੰ ਮਾਡਲ ਬਣਾ ਕੇ ਉਸ ਦੀ ‘ਨਗਨ ਤਸਵੀਰ’ ਬਣਾਉਣ ਲੱਗ ਜਾਂਦਾ ਹੈ। ਸਾਵੀਓ ਡਾ ਗਾਮਾ, ਜੋ ਹੁਣ ‘ਕੁਆਰੀ ਵਿਧਵਾ’ ਬਣ ਚੁੱਕੀ ਐਂਜੀ ਨੂੰ ਇਕ ਜ਼ਮਾਨੇ ਤੋਂ ਪਿਆਰ ਕਰਦਾ ਆ ਰਿਹਾ ਹੈ, ਉਸ (ਐਂਜੀ) ਨੂੰ ਨਾਲ਼ ਲੈ ਕੇ ਖੇਤਾਂ ਵੱਲ ਨਿੱਕਲ ਜਾਂਦਾ ਹੈ। ਉੱਥੇ ਹੀ ਐਂਜੀ ਉਸ ਨੂੰ ਆਪਣੇ ਕੁਆਰੀ ਹੋਣ ਬਾਰੇ ਦੱਸਦੀ ਹੈ ਤੇ ਉੱਥੇ ਹੀ ਉਹ ਸਾਵੀਓ ਤੋਂ ਆਪਣਾ ਕੁਆਰਾਪਨ ਭੰਗ ਕਰਾਉਂਦੀ ਹੈ।
ਰੋਜ਼ੀ ਅਤੇ ਪੈਡਰੋ ਦਰੱਖਤ ਹੇਠ ਬੈਠ ਕੇ ਸ਼ਰਾਬ ਪੀਂਦੇ ਕਾਫੀ ਨਸ਼ੇ ਵਿਚ ਹੋ ਜਾਂਦੇ ਹਨ। ਫਰਡੀ ਪੈਟਰੋਲ ਲੈ ਕੇ ਮੁੜ ਆਉਂਦਾ ਹੈ। ਰੋਜ਼ੀ ਨਸ਼ੇ ਵਿਚ ਫਰਡੀ ਨੂੰ ਆਪਣੇ ਗਲਾਸ ਵਿਚੋਂ ਸ਼ਰਾਬ ਪੀਣ ਨੂੰ ਕਹਿੰਦੀ ਹੈ। ਰੋਜ਼ੀ ਨੂੰ ਫਰਡੀ ਉੱਤੇ ‘ਮਿਹਰਬਾਨ’ ਹੁੰਦੀ ਦੇਖ ਕੇ ਪੈਡਰੋ ਉੱਥੋਂ ਖਿਸਕ ਜਾਂਦਾ ਹੈ। ਸ਼ਰਾਬ ਦੇ ਨਸ਼ੇ ਵਿਚ ਰੋਜ਼ੀ ਮੰਨਦੀ ਹੈ ਕਿ ਫਰਡੀ ਨਾਲ਼ ਉਸ ਦਾ ਮੁਆਸ਼ਕਾ ਰਿਹਾ ਹੈ। ਇਸ ਹਾਲਤ ਵਿਚ ਹੀ ਰੋਜ਼ੀ ਫਰਡੀ ਨੂੰ ਕਹਿੰਦੀ ਹੈ, “ਜ਼ਿਆਦਾ ਸ਼ਰਾਬ ਪੀਨੇ ਸੇ ਮੇਰੀ ਟਾਂਗੋਂ ਪਰ ਅਸਰ ਪੜ ਜਾਤਾ ਹੈ। ਯੇਹ ‘ਫੈਲਨੇ ਲਗਤੀਂ’ ਹੈਂ।” ਰੋਜ਼ੀ (ਡਿੰਪਲ ਕਪਾਡੀਆ) ਵਰਗੀ ਭਰਪੂਰ ਔਰਤ ਵੱਲੋਂ ਬੋਲੇ ਗਏ ਇਸ ਡਾਇਲਾਗ ਵਿਚੋਂ, ਸੈਂਸਰ ਬੋਰਡ ਦੇ ‘ਸਿਆਣਿਆਂ’ ਨੂੰ ‘ਭੋਰਾ ਵੀ’ ਅਸ਼ਲੀਲਤਾ ਨਹੀਂ ਦਿਸੀ ਕਿਉਂ ਕਿ ਉਹ “ਲੱਤਾਂ ਦੇ ਫੈਲਣ” ਨੂੰ “ਲੱਤਾਂ ਦਾ ਫੁੱਲਣਾ” ਜਾਂ ਕੁੱਝ ਹੋਰ ਹੀ ਸਮਝਦੇ ਰਹੇ ਵਿਚਾਰੇ!# Cell Phone: +91-950-175-9494 E-mail: bababax@mail.com
