ਦੇਖੀਂ ਸ਼ਾਇਰ ਨਾ ਬਣੀਂ, ਨਹੀਂ ਤਾਂ ਮਰ ਜਾਏਂਗਾ
ਬਖ਼ਸ਼ਿੰਦਰ
ਕਵੀ /ਸ਼ਾਇਰ ਬਣਨ ਜਾਂ ਨਾ ਬਣਨ ਤੋਂ ਪਹਿਲਾਂ, ਸਮਝਣ-ਸਮਝਾਉਣ ਅਤੇ ਦਰਿਆਫ਼ਤ ਕਰਨ ਵਾਲ਼ੀ ਗੱਲ ਇਹ ਹੈ ਕਿ ਕੀ ਕਵਿਤਾ ਹਥਿਆਰ ਬਣ ਸਕਦੀ ਹੈ? ਜਾਂ ਕੀ ਕਵਿਤਾ ਕਿਸੇ ਨੂੰ ਮਾਰ ਜਾਂ ਮਰਵਾ ਸਕਦੀ ਹੈ? ਸਭ ਤੋਂ ਵੱਡਾ ਸੁਆਲ ਇਹ ਹੈ ਕਿ ਕੀ ਕਵਿਤਾ ਕਿਸੇ ਦੇ ਮਰਨ ਦਾ ਕਾਰਨ ਬਣ ਸਕਦੀ ਹੈ? ਗੱਲ ਪੁਰਾਣੀ ਜ਼ਰੂਰ ਹੈ, ਪਰ ਇੰਨੀ ਵੀ ਪੁਰਾਣੀ ਨਹੀਂ ਕਿ ਗੌਲ਼ੀ ਹੀ ਨਾ ਜਾਵੇ। ਇਸੇ ਹੀ ਸਾਲ ਜਨਵਰੀ ਵਿਚ, ਇਕ ਖ਼ਬਰ ਬੜੀ ਹੀ ਧੁੰਮੀ ਸੀ ਕਿ ਇਕ ਰੂਸੀ ਅਧਿਆਪਕ ਨੇ ਸ਼ਰਾਬ ਪੀਂਦਿਆਂ ਕਵਿਤਾ ਬਾਰੇ ਦਲੀਲਬਾਜ਼ੀ ਕਰਦਿਆਂ, ਰੋਹ ਵਿਚ ਆ ਕੇ ਆਪਣੇ ਇਕ ਦੋਸਤ ਨੂੰ ਮਾਰ ਸੁੱਟਿਆ ਸੀ। ਉਹ ਬਹਿਸ, ਸਾਹਿੱਤ ਦੀ ਸਭ ਤੋਂ ਚੰਗੀ ਵਿਧਾ ਬਾਰੇ ਹੋ ਰਹੀ ਸੀ।
ਉਹ ਦੋਵੇਂ ਸ਼ਰਾਬ ਪੀਂਦਿਆਂ ਇਸ ਗੱਲ ਬਾਰੇ ਬਹਿਸ ਰਹੇ ਸਨ ਕਿ ਕਵਿਤਾ ਵਧੀਆ ਵਿਧਾ ਹੈ ਜਾਂ ਵਾਰਤਕ। ਕਵਿਤਾ ਜਾਂ ਵਾਰਤਕ ਦੇ ਮੋਹ ਵਾਲ਼ੀ ਥਾਂ, ਸ਼ਰਾਬ ਦੇ ਨਸ਼ੇ ਵਿਚ ਉਨ੍ਹਾਂ ਦੀ ਲਿਆਕਤ ਦੇ ਵਕਾਰ ਨੇ ਮੱਲ ਲਈ ਤੇ ਉਹ ਦੋਵੇਂ ਜਣੇ ਬਹਿਸਣ ਦੀ ਥਾਂ ਖਹਿਬੜਨ ਲੱਗ ਪਏ। ਅਧਿਆਪਕ ਦਾ ਦੋਸਤ ਇਸ ਗੱਲ ਉੱਤੇ ਅੜਿਆ ਹੋਇਆ ਸੀ ਕਿ ਕਵਿਤਾ, ਸਾਹਿੱਤ ਦੀਆਂ ਹੋਰ ਸਾਰੀਆਂ ਵੰਨਗੀਆਂ ਵਿਚੋਂ ਸਿਖ਼ਰਾਂ ਉੱਤੇ ਹੈ। ਰੂਸੀ ਪੁਲੀਸ ਦੇ ਇਕ ਅਧਿਕਾਰੀ ਵੱਲੋਂ ਦੱਸਣ ਮੁਤਾਬਕ ਮੇਜ਼ਬਾਨ ਅਧਿਆਪਕ ਇਸ ਗੱਲ ਉੱਤੇ ਬਜ਼ਿੱਦ ਸੀ ਕਿ ਅਸਲੀ ਸਾਹਿੱਤ ਤਾਂ ਵਾਰਤਕ ਹੀ ਹੈ ਜਦੋਂ ਕਿ ਉਸ ਦਾ ਮਹਿਮਾਨ, ਜੋ ਸਾਬਕਾ ਅਧਿਆਪਕ ਸੀ, ਇਹ ਕਹੀ ਜਾ ਰਿਹਾ ਸੀ ਕਿ ਕਵਿਤਾ ਦੀ ਕੋਈ ਰੀਸ ਨਹੀਂ। ਝਗੜੇ ਦਾ ਰੂਪ ਧਾਰ ਗਈ ਬਹਿਸ, ਲੜਾਈ ਹੀ ਨਹੀਂ, ਹੱਥੋ-ਪਾਈ ਤਕ ਪਹੁੰਚ ਗਈ, ਜਿਸ ਦੌਰਾਨ ਕਵਿਤਾ ਦੇ 53 ਸਾਲਾਂ ਦੇ ਪ੍ਰਸ਼ੰਸਕ ਨੇ ਕਵਿਤਾ ਦੇ 67 ਸਾਲਾ ਦੋਖੀ ਨੂੰ ਚਾਕੂ ਮਾਰ ਕੇ ਮਾਰ ਸੁੱਟਿਆ ਸੀ।
‘ਰਾਇਟਰਜ਼’ ਦੀ ਖ਼ਬਰ ਅਨੁਸਾਰ, ਸ਼ਰਾਬ ਅਤੇ ਸਾਹਿੱਤ ਨੂੰ ਆਪਸ ਵਿਚ ਰਲਾਉਣਾ ਘਾਤਕ ਹੋ ਸਕਦਾ ਹੈ। “ਕਵੀ ਨਾਵਲਕਾਰਾਂ, ਨਾਟਕ ਲੇਖਕਾਂ ਅਤੇ ਹੋਰ ਲੇਖਕਾਂ ਦੇ ਮੁਕਾਬਲੇ ਛੇਤੀ ਹੀ ਨਹੀਂ, ਭਰ ਜੁਆਨੀ ਵਿਚ ਮਰ ਜਾਂਦੇ ਹਨ,” ਇਹ ਗੱਲ ਕੁੱਝ ਅਮਰੀਕੀ ਖੋਜੀਆਂ ਨੇ ਕਾਫੀ ਖੋਜ-ਪੜਤਾਲ ਕਰਨ ਮਗਰੋਂ ਕਹੀ ਹੈ। ਇਨ੍ਹਾਂ ਖੋਜੀਆਂ ਮੁਤਾਬਕ ਕਵੀਆਂ ਜਾਂ ਸ਼ਇਰਾਂ ਦੇ ਛੇਤੀ ਮਰਨ ਦੀ ਵਜ੍ਹਾ ਇਹ ਹੁੰਦੀ ਹੈ ਕਿ ਉਹ ਜ਼ਮਾਨੇ ਦੇ ਸਤਾਏ ਹੋਏ ਹੀ ਨਹੀਂ ਹੁੰਦੇ, ਉਨ੍ਹਾਂ ਅੰਦਰ ਆਪਣਾ-ਆਪ ਨਿਛਾਵਰ ਕਰ ਦਾ ਮਾਦਾ ਵੀ ਲੋੜ ਤੋਂ ਕੁੱਝ ਬਾਹਲ਼ਾ ਹੀ ਹੁੰਦਾ ਹੈ। “ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਮਸ਼ਹੂਰੀ ਬਹੁਤ ਹੀ ਛੋਟੀ ਉਮਰੇ ਮਿਲ ਜਾਂਦੀ ਹੈ। ਇਸ ਕਰ ਕੇ ਉਨ੍ਹਾਂ ਦਾ ਛੇਤੀ ਮਰ-ਮੁੱਕਣਾ ਜ਼ਾਹਰ ਜਿਹਾ ਹੀ ਹੋ ਜਾਂਦਾ ਹੈ,” ਇਹ ਸ਼ਬਦ ਹਨ, ਸੈਨ ਬਰਨਾਰਡੀਨੋ ਵਿਖੇ ਕੈਲਿਫੋਰਨੀਆ ਸਟੇਟ ਯੂਨੀਵਰਸਿਟੀ ਦੇ ਲਰਨਿੰਗ ਰਿਸਰਚ ਇੰਸਟੀਚਿਊਟ ਵਿਚ ਕੰਮ ਕਰਦੇ ਜੇਮਜ਼ ਕੌਫਮੈਨ ਦੇ।
‘ਜਰਨਲ ਆਫ ਡੈੱਥ ਸਟੱਡੀਜ਼’ ਵਿਚ ਛਪੀ ਇਕ ਰਿਪੋਰਟ ਲਿਖਣ ਤੋਂ ਪਹਿਲਾਂ ਕੌਫਮੈਨ ਨੇ ਅਮਰੀਕਾ, ਚੀਨ, ਤੁਰਕੀ ਅਤੇ ਪੂਰਬੀ ਯੂਰਪ ਵਿਚ ਕਈ ਸਦੀਆਂ ਦੌਰਾਨ ਮਰੇ ਹੋਏ 1987 ਲੇਖਕਾਂ ਦੀਆਂ ਮੌਤਾਂ ਦੇ ਹਾਲਾਤ ਸਬੰਧੀ ਡੂੰਘਾ ਅਧਿਐਨ ਕੀਤਾ ਸੀ। ਉਸ ਨੇ ਉਨ੍ਹਾਂ ਲੇਖਕਾਂ ਨੂੰ ਗਲਪ ਲੇਖਕਾਂ, ਕਵੀਆਂ, ਨਾਟਕ ਲੇਖਕਾਂ ਅਤੇ ਵਾਰਤਕ ਲੇਖਕਾਂ ਦੀਆਂ ਸ਼੍ਰੇਣੀਆਂ ਵਿਚ ਵੰਡਿਆ ਸੀ, ਪਰ ਉਸ ਨੇ ਉਨ੍ਹਾਂ ਦੀਆਂ ਮੌਤਾਂ ਦੇ ਕਾਰਨਾਂ ਦਾ ਅਧਿਐਨ ਨਹੀਂ ਕੀਤਾ ਸੀ। ਕੌਫਮੈਨ ਨੇ ਆਪਣੀ ਰਿਪੋਰਟ ਵਿਚ ਏਦਾਂ ਲਿਖਿਆ, “ਅਮਰੀਕਾ, ਚੀਨ ਅਤੇ ਤੁਰਕੀ ਦੇ ਲੇਖਕਾਂ ਵਿਚੋਂ ਕਵੀ ਜਾਂ ਸ਼ਾਇਰ, ਵਾਰਤਕ ਲਿਖਣ ਵਾਲ਼ਿਆਂ ਦੇ ਮੁਕਾਬਲੇ ਕਾਫੀ ਜੁਆਨ ਅਵੱਸਥਾ ਵਿਚ ਮਰੇ ਸਨ। ਲੇਖਕਾਂ ਦੇ ਇਸ ਸਮੁੱਚੇ ਸਮੂਹ ਵਿਚੋਂ ਕਵੀ ਹੀ, ਵਾਰਤਕ ਅਤੇ ਗਲਪ ਲੇਖਕਾਂ ਦੇ ਮੁਕਾਬਲੇ ਛੇਤੀ ਮਰੇ ਸਨ।”
ਈ-ਮੇਲ ਰਾਹੀਂ ਦਿੱਤੇ ਗਏ ਇਕ ਇੰਟਰਵਿਊ ਰਾਹੀਂ ਕੌਫਮੈਨ ਏਦਾਂ ਦੱਸਿਆ, “ਔਸਤਨ ਕਵੀ 62 ਸਾਲ ਜੀਂਦੇ ਰਹੇ, ਨਾਟਕ ਲੇਖਕ 63 ਸਾਲ, ਨਾਵਲਕਾਰ 66 ਸਾਲ ਅਤੇ ਵਾਰਤਕ ਲੇਖਕ 68 ਸਾਲ ਤਕ ਜੀਂਦੇ ਰਹੇ।” ਉਸ ਦਾ ਕਹਿਣ ਹੈ, “ਮੈਂ ਜੋ ਖੋਜਿਆ ਉਸ ਵਿਚੋਂ ਬਹੁਤ ਕੁੱਝ ਪ੍ਰਮਾਣਕ ਸੀ, ਜਿੱਦਾਂ ਕਵਿੱਤਰੀਆਂ ਦੇ, ਹੋਰ ਕਿਸੇ ਕਿਸਮ ਦੇ ਲੇਖਕਾਂ ਜਾਂ ਕੁੱਝ ਮਸ਼ਹੂਰ ਔਰਤਾਂ ਦੇ ਮੁਕਾਬਲੇ, ਮਾਨਸਕ ਪੱਖੋਂ ਬਿਮਾਰ ਹੋਣ (ਹਸਪਤਾਲ ਦਾਖਲ ਕਰਾਉਣ, ਆਤਮਘਾਤ ਕਰਨ ਜਾਂ ਕਰਨ ਦੀ ਕੋਸ਼ਿਸ਼ ਕਰਨ) ਦੀਆਂ ਕਾਫੀ ਸੰਭਾਵਨਾਵਾਂ ਦਿਸੀਆਂ। ਮੈਂ ਇਸ ਨੂੰ ‘ਸਿਲਵੀਆ ਪਲੈਥ ਇਫੈਕਟ’ ਨਾਂ ਦਿੱਤਾ ਹੈ।”
ਇੱਥੇ ਦੱਸਣਾ ਬਣਦਾ ਹੈ ਕਿ ‘ਸਿਲਵੀਆ ਪਲੈਥ’ ਕਵਿੱਤਰੀ ਅਤੇ ਨਾਵਲਕਾਰਾ ਸੀ ਤੇ ਉਸ ਨੇ 1963 ਵਿਚ 30 ਸਾਲ ਦੀ ਉਮਰ ਵਿਚ ਹੀ ਆਤਮਘਾਤ ਕਰ ਲਿਆ ਸੀ। ਕਵੀਆਂ ਜਾਂ ਸ਼ਾਇਰਾਂ ਦੇ ਛੇਤੀਂ ਮਰ ਜਾਣ ਦੇ ਸਬੰਧ ਵਿਚ ਕੌਫਮੈਨ ਦਾ ਇਹ ਵੀ ਕਹਿਣ ਹੈ, “ਕਵੀ ਵੀਹ ਕੁ ਸਾਲ ਦੀ ਉਮਰ ਤਕ ਇੰਨਾ ਕੁ ਕੰਮ ਕਰ ਜਾਂਦੇ ਹਨ, ਜਿੰਨਾ ਨਾਵਲਕਾਰਾਂ ਨੇ ਸਾਰੀ ਉਮਰ ਦੌਰਾਨ ਕਰਨਾ ਹੁੰਦਾ ਹੈ।” ਉਸ ਦਾ ਇਹ ਵੀ ਕਹਿਣ ਹੈ ਕਿ ਕਵੀ ਆਪਣੇ ਥਾਂ, ਲੋਕਾਂ ਦਾ ਫ਼ਿਕਰ ਕਰਦੇ ਰਹਿੰਦੇ ਹਨ। ਉਸ ਨੇ ਇਹ ਵੀ ਕਿਹਾ ਹੈ, “ਸਿਲਵੀਆ ਪਲੈਥ ਦੇ ਛੋਟੀ ਉਮਰੇ ਮਰ ਜਾਣ ਦਾ ਇਹ ਅਰਥ ਹਰਗ਼ਿਜ਼ ਨਹੀਂ ਹੈ ਕਿ ‘ਵਧੀਆ ਸ਼ਾਇਰੀ ਕਰਨਾ ਕਿਸੇ ਦੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ’ ਅਤੇ ਇਸ ਨੂੰ ਇਕ ਚਿਤਾਵਨੀ ਸਮਝ ਲੈਣਾ ਚਾਹੀਦਾ ਹੈ।”
ਕਵਿਤਾ ਜਾਂ ਸ਼ਾਇਰੀ ਵਿਚੋਂ ਆਮ ਤੌਰ ’ਤੇ ਜਜ਼ਬਾਤੀ ਮਾਮਲੇ ਹੀ ਝਲਕਦੇ ਹਨ, ਜਿਨ੍ਹਾਂ ਦੀਆਂ ਜੜ੍ਹਾਂ ਡੂੰਘੇ ਦਰਦਾਂ ਅਤੇ ਪੀੜਾਂ ਨਾਲ਼ ਜੁੜੀਆਂ ਹੁੰਦੀਆਂ ਹਨ। ਕਵੀ ਜਾਂ ਸ਼ਾਇਰ ਆਮ ਤੌਰ ’ਤੇ ਬਿਸਮਿਲ ਯਾਨੀ ਫੱਟੜ ਰੂਹਾਂ ਹੀ ਹੁੰਦੇ ਹਨ। ਉਹ ਅਕਸਰ ਹੀ ਇਸ ਜਹਾਨ ਤੋਂ ਉਪਰਾਮ ਹੋਏ ਰਹਿੰਦੇ ਹਨ ਤੇ ਉਨ੍ਹਾਂ ਨੂੰ ਆਪਣੀ ਜ਼ਿੰਦਗ਼ੀ ਵਿਅਰਥ ਹੀ ਲੱਗਦੀ ਰਹਿੰਦੀ ਹੈ। ਬਹੁਤੇ ਸ਼ਾਇਰ ਜਜ਼ਬਾਤੀ ਸਥਿਰਤਾ ਅਤੇ ਲੋੜੀਂਦੀ ਪ੍ਰਤਿਭਾ ਤੋਂ ਵਾਂਝੇ ਹੁੰਦੇ ਹਨ, ਜਿਸ ਕਰ ਕੇ ਉਹ ਕੋਈ ਮੁਕੰਮਲ ਰਚਨਾ ਨਹੀਂ ਕਰ ਸਕਦੇ ਹੁੰਦੇ। ਉਹ ਇਸ ਦਰਦ ਦੇ ਸ਼ਿਕਾਰ ਵੀ ਹੁੰਦੇ ਹਨ।
ਇਹ ਵੀ ਕਿਹਾ ਜਾਂਦਾ ਹੈ ਕਿ ਕਵੀ ਜਾਂ ਸ਼ਾਇਰ ਛੋਟੀ ਉਮਰੇ ਇਸ ਲਈ ਵੀ ਮਰ ਜਾਂਦੇ ਹਨ ਕਿਉਂ ਕਿ ਜਿਹੜੀਆਂ ਰੂਹਾਂ ‘ਨਿਕੰਮੀਆਂ’ ਹੁੰਦੀਆਂ ਹਨ, ਉਹ ਛੇਤੀ ਚਲੀਆਂ ਜਾਂਦੀਆਂ ਹਨ। ਅਜਿਹੀਆਂ ਰੂਹਾਂ ਵਾਲ਼ੇ ਲੋਕ ਆਪਣੇ-ਆਪ ਨੂੰ ਆਪ ਵੀ ਤਬਾਹ ਕਰਨ ’ਤੇ ਤੁਲੇ ਹੁੰਦੇ ਹਨ। ਕਿੰਨੀ ਹੈਰਾਨੀ ਵਾਲ਼ੀ ਗੱਲ ਹੈ, ਜਿਸਮਾਂ ਦੇ ਇਲਾਜ ਦੀਆਂ ਵਧੀਆ ਤੋਂ ਵਧੀਆ ਤਕਨੀਕਾਂ ਸੁਲੱਭ ਹੋਣ ਦੇ ਬਾਵਜੂਦ ਰੂਹਾਂ ਦੇ ਇਲਾਜ ਦਾ ਕੋਈ ਵਸੀਲਾ ਨਹੀਂ ਹੈ। ਓਦਾਂ, ਇਹੋ ਜਿਹੇ ਕਵੀਆਂ ਦਾ ਵੀ ਕੋਈ ਘਾਟਾ ਨਹੀਂ, ਜਿਹੜੇ ਹਾਂ-ਪੱਖੀ ਊਰਜਾ ਨਾਲ਼ ਕੋਹਲਾਂ ਤਕ ਭਰੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਤੋਂ ਪ੍ਰੇਰਨਾ ਮਿਲਦੀ ਹੈ।
ਕਈਆਂ ਦਾ ਇਹ ਵਿਚਾਰ ਵੀ ਹੈ ਕਿ ਕਵਿਤਾ ਲਿਖਣਾ ਜਾਂ ਕਵੀ ਹੋਣਾ, ਆਪਣੇ-ਆਪ ਵਿਚ ਇਕ ਬਿਮਾਰੀ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਕਵੀਆਂ ਅਤੇ ਕਵਿਤਾ ਦੇ ਖ਼ਿਲਾਫ਼ ਕੀਤੀ ਜਾਂਦੀ ਹਰ ਗੱਲ-ਬਾਤ, ਕੁੱਝ ਸ਼ਿਅਰਾਂ ਜਾਂ ਕਵਿਤਾਵਾਂ ਦੇ ਹਵਾਲਿਆਂ ਨਾਲ਼ ਹੀ ਮੁਕਾਈ ਜਾਂਦੀ ਹੈ। ਅਸੀਂ ਹਾਲੇ ਇਹ ਗੱਲ ਮੁਕਾਉਣੀ ਨਹੀਂ, ਪਰ ਰਤਾ ਕੁ ਘੁਮਾਉਣੀ ਜ਼ਰੂਰੀ ਹੈ।
ਭਾਵੇਂ ਪੰਜਾਬੀ ਭਾਸ਼ਾ ਵਿਚ ਇਸ ਸਬੰਧੀ ਬਹੁਤੀਆਂ ਮਿਸਾਲਾਂ ਨਹੀਂ ਮਿਲਦੀਆਂ, ਪਰ ਇਸ ਭਾਸ਼ਾ ਦੇ ਕੁੱਝ ਕਵੀ ਵੀ ਛੋਟੀ ਉਮਰੇ ਸਦੀਵੀ ਵਿਛੋੜਾ ਦੇ ਚੁੱਕੇ ਹਨ। ਅਜੇ ਥੋੜ੍ਹੇ ਦਿਨ ਪਹਿਲਾਂ ਹੀ ਪਟਿਆਲਾ ਤੋਂ ਖ਼ਬਰ ਆਈ ਸੀ ਕਿ ਇਕ ਨੌਜੁਆਨ ਕਵੀ ਅਤੇ ਪੱਤਰਕਾਰ ਦੀ ਮੌਤ ਇਕ ਡੂੰਘਾ ਭੇਤ ਬਣ ਗਈ ਹੈ ਕਿਉਂ ਕਿ ਉਸ ਦੀ ਲਾਸ਼, ਆਸਟਰੇਲੀਆ ਦੇ ਇਕ ਰੇਡੀਓ ਦੇ ਸਥਾਨਕ ਦਫ਼ਤਰ ਵਿਚ ਛੱਤ ਨਾਲ਼ ਲਮਕਦੀ ਮਿਲੀ ਹੈ। ਉਹ, ਇਸ ਰੇਡੀਓ ਲਈ ਇਕ ਐਂਕਰ ਵਜੋਂ ਕੰਮ ਕਰਦਾ ਸੀ। 22 ਸਾਲਾਂ ਦੇ ਅੰਮ੍ਰਿਤਬੀਰ ਸਿੰਘ, ਜਿਸ ਨੂੰ ਸਾਹਿੱਤਕ ਧਿਰਾਂ ‘ਅਫ਼ਰੋਜ਼ ਅੰਮ੍ਰਿਤ’ ਵਜੋਂ ਵੀ ਜਾਣਦੀਆਂ ਸਨ, ਨੇ ਇਸ ਘਟਨਾ ਦੀ ਰਾਤ ਤੜਕੇ 3.30 ਵਜੇ ਇਕ ਪ੍ਰੋਗਰਾਮ ਦੀ ਐਂਕਰਿੰਗ ਕੀਤੀ ਸੀ।
ਉਹ ਪੰਜਾਬੀ ਭਾਸ਼ਾ ਦਾ ਉੱਭਰਦਾ ਕਵੀ ਸੀ। ਉਹ ਆਸਟਰੇਲੀਆ ਦੇ ਇਕ ਪੰਜਾਬੀ ਹਫ਼ਤਾਵਾਰੀ ਅਖ਼ਬਾਰ ਦੇ ਸੰਪਾਦਕੀ ਅਮਲੇ ਦਾ ਮੈਂਬਰ ਵੀ ਸੀ। ਉਹ ਜ਼ਿਲਾ ਮੁਕਤਸਰ ਦੇ ਪਿੰਡ ਰਣਜੀਤ ਗੜ੍ਹ ਦਾ ਰਹਿਣ ਵਾਲ਼ਾ ਸੀ। ਪੁਲੀਸ ਦੇ ਕਹਿਣ ਮੁਤਾਬਕ ਉਸ ਦੀ ਮੌਤ ਖ਼ੁਦਕੁਸ਼ੀ ਕਰਨ ਦੇ ਕਾਰਨ ਹੋਈ ਹੈ, ਪਰ ਉਸ ਦੀ ਲਾਸ਼ ਨੇੜਿਓਂ ਕੋਈ ਰੁੱਕਾ-ਪਰਚਾ ਨਹੀਂ ਮਿਲਿਆ ਸੀ।
ਉਸ ਦੇ ਬਾਪ ਗੁਰਿੰਦਰ ਸਿੰਘ ਦਾ ਕਹਿਣ ਹੈ, “ਪੁਲੀਸ ਕਹਿੰਦੀ ਹੈ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ, ਪਰ ਇਸ ਦੀ ਵਜ੍ਹਾ ਕੀ ਹੋ ਸਕਦੀ ਹੈ? ਮੈਨੂੰ ਤਾਂ ਇਸ ਗੱਲ ਦਾ ਯਕੀਨ ਨਹੀਂ ਆਉਂਦਾ।” ਪੋਸਟ ਮਾਰਟਮ ਦੀ ਰਿਪੋਰਟ ਵਿਚ ਇਹ ਕਿਹਾ ਹੋਇਆ ਹੈ ਕਿ ਉਸ ਦੀ ਜਾਨ ਫਾਹਾ ਲੈਣ ਨਾਲ਼ ਨਿੱਕਲੀ ਹੈ।
ਇਸ ਤੋਂ ਇਲਾਵਾ, ਛੋਟੀ ਉਮਰੇ ਮਰਨ ਵਾਲ਼ਾ, ਇਕ ਹੋਰ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਸੀ। ਉਸ ਨੇ ਤਾਂ ਪਹਿਲਾਂ ਹੀ ਲਿਖਿਆ ਹੋਇਆ ਹੈ:
ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸੀਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ!
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾਂ ਵਾਲ਼ਾ
ਜਾਂ ਉਹ ਮਰਨ
ਕਿ ਜਿਨ੍ਹਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਸਾਡਾ ਅਸਾਂ ਮੁਬਾਰਕ
ਨਾਲ਼ ਬਹਿਸ਼ਤੀਂ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ!
ਚੰਗੇ ਸ਼ਾਇਰਾਂ ਜਾਂ ਲੇਖਕਾਂ ਦੇ ਜੁਆਨੀ ਵਾਰੇ ਮਰ ਜਾਣ ਦੀ ਰਵਾਇਤ ਜਿਹੀ ਪੰਜਾਬੀ ਵਿਚ ਹੀ ਨਹੀਂ, ਹੋਰ ਭਾਸ਼ਾਵਾਂ ਵਿਚ ਵੀ ਹੈ। ਗੱਲ ਓਦਾਂ ਹੀ ਹੈ, ਜਿੱਦਾਂ ਕਹਿੰਦੇ ਹੁੰਦੇ ਹਨ ਕਿ ਘੱਟ ਮਿਲਦੀ ਚੀਜ਼ ਮਹਿੰਗੀ ਹੁੰਦੀ ਹੈ ਜਾਂ ਮਹਿੰਗੀਆਂ ਜਾਂ ਦੁਰਲੱਭ ਚੀਜ਼ਾਂ ਰਾਹਾਂ ਵਿਚ ਪਈਆਂ ਨਹੀਂ ਲੱਭਦੀਆਂ। ਦੁਰਲੱਭ ਚੀਜ਼ਾਂ ਹੀ ਕੀਮਤੀ ਹੁੰਦੀਆਂ ਹਨ ਤੇ ਉਨ੍ਹਾਂ ਦੀ ਕਦਰ ਵੀ ਉਨ੍ਹਾਂ ਦੇ ਖੁੱਸ ਜਾਣ ਦੇ ਡਰ ਕਾਰਨ ਹੀ ਹੁੰਦੀ ਹੈ।
ਅਸੀਂ ਇੱਥੇ ਉਨ੍ਹਾਂ 10 ਲੇਖਕਾਂ ਦਾ ਜ਼ਿਕਰ ਕਰਾਂਗੇ, ਜਿਨ੍ਹਾਂ ਕੋਲ ਪ੍ਰਤਿਭਾ ਜਾਂ ਗੁਣਾਤਮਕਤਾ ਦੀ ਘਾਟ ਨਹੀਂ ਸੀ, ਪਰ ਉਨ੍ਹਾਂ ਕੋਲ ਉਮਰ ਦੀ ਥੁੜ ਜ਼ਰੂਰ ਸੀ। ਇਹ ਉਹ ਲੇਖਕ ਹਨ, ਜੋ 40 ਸਾਲ ਦੇ ਹੋਣ ਤੋਂ ਪਹਿਲਾਂ ਹੀ ਚਲ ਵਸੇ। ਇਸ ਸਿਲਸਿਲੇ ਵਿਚ ਇਕ ਨਾਂ ਹੈ ਸਟੀਫਨ ਕਰੇਨ ਦਾ, ਜੋ 29 ਸਾਲ ਦੀ ਉਮਰ ਵਿਚ ਇਸ ਜਹਾਨੋਂ ਤੁਰ ਗਿਆ ਸੀ।ਅਮਰੀਕਾ ਦਾ ਇਹ ਲੇਖਕ ਕਵੀ, ਨਾਵਲਕਾਰ ਅਤੇ ਕਹਾਣੀਕਾਰ ਸੀ। ਉਹ ਆਪਣੇ ਨਾਵਲਾਂ ‘ਮੈਗੀ: ਏ ਗਰਲ ਆਫ ਸਟਰੀਟਸ’ (1893) ਅਤੇ ‘ਦ ਰੈੱਡ ਬੈਜ ਆਫ ਕੱਰੇਜ’ (1895); ਕਹਾਣੀਆਂ ‘ਦ ਓਪਨ ਬੋਟ’, ‘ਦ ਬਰਾਈਡ ਕਮਜ਼ ਟੂ ਯੈਲੋ ਸਕਾਈ’ ਅਤੇ ‘ਦ ਬਲੂ ਹੋਟਲ’ ਨਾਲ਼ ਹੀ ਅਮਰ ਹੋ ਗਿਆ ਹੈ। ਉਹ 14 ਬੱਚਿਆਂ ਵਿਚੋਂ ਸਭ ਤੋਂ ਛੋਟਾ ਸੀ। ਉਸ ਦਾ ਪਹਿਲਾ ਨਾਵਲ ‘ਮੈਗੀ: ਏ ਗਰਲ ਆਫ ਸਟਰੀਟਸ’ ਇਕ ਉਸ ਮਾਸੂਮ ਕੁੜੀ ਬਾਰੇ ਹੈ, ਜਿਸ ਨਾਲ਼ ਨਾ ਸਿਰਫ਼ ਜਿਨਸੀ ਧੱਕਾ ਕੀਤਾ ਜਾਂਦਾ ਹੈ, ਸਗੋਂ ਜਿਸ ਨੂੰ ਵੇਸਵਾ ਵੀ ਬਣਾ ਸੁੱਟਿਆ ਜਾਂਦਾ ਹੈ। ਅੰਤ ਵਿਚ ਉਹ ਖ਼ੁਦਕੁਸ਼ੀ ਕਰ ਲੈਂਦੀ ਹੈ।
ਐਨ ਬਰੌਂਟੇ ਨਾਂ ਦੀ ਅੰਗਰੇਜ਼ ਸ਼ਾਇਰਾ ਅਤੇ ਨਾਵਲਕਾਰਾ, ਜੋ ਚਾਰਲਟ ਅਤੇ ਐਮਿਲੀ ਬਰੌਂਟੇ ਦੀ ਭੈਣ ਸੀ ਅਤੇ ‘ਅਗਨੇਜ਼ ਗਰੇਅ’ (1847) ਤੇ ‘ਦ ਟੈਨੈਂਟ ਆਫ ਵਾਇਲਡਫੈੱਲ ਹਾਲ’ (1848) ਦੀ ਲੇਖਕਾ ਸੀ, ਵੀ 29 ਸਾਲਾਂ ਦੀ ਉਮਰ ਵਿਚ ਹੀ ਇਸ ਜਹਾਨੋਂ ਤੁਰ ਗਈ ਸੀ।
ਤੇਤੀ ਸਾਲਾਂ ਦੀ ਉਮਰ ਵਿਚ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਅੰਗਰੇਜ਼ ਡੈਂਟਨ ਵੈਲਚ, ਚਿੱਤਰਕਾਰ ਵੀ ਸੀ ਤੇ ਨਾਵਲਕਾਰ ਵੀ। ਉਹ ਆਪਣੇ ਦੋ ਨਾਵਲਾਂ ‘ਮੇਡਨ ਵੋਇਜ’ (1943) ਅਤੇ ‘ਇਨ ਯੂਥ ਇਜ਼ ਪਲੱਈਅਰ’ (1944) ਨਾਲ਼ ਹੀ ਅਮਰਤਾ ਹਾਸਲ ਕਰ ਗਿਆ। 1935 ਵਿਚ ਉਹ ਇਕ ਹਾਦਸੇ ਦਾ ਸ਼ਿਕਾਰ ਹੋ ਕੇ ਨਕਾਰਾ ਹੋ ਗਿਆ ਸੀ। ਉਹ ਨਕਾਰਾ ਤਾਂ ਹੋ ਗਿਆ, ਪਰ ਨਿਕੰਮਾ ਹੋਣਾ ਉਸ ਨੂੰ ਪਸੰਦ ਨਹੀਂ ਸੀ। ਜਿਸਮਾਨੀ ਘਾਟ ਉਸ ਨੂੰ ਚਿੱਤਰ ਬਣਾਉਣ ਤੇ ਲਿਖਦੇ ਰਹਿਣ ਤੋਂ ਨਾ ਰੋਕ ਸਕੀ। ਉਸ ਦੀ ਮੌਤ ਰੀੜ੍ਹ ਦੀ ਹੱਡੀ ਦੀ ਤਪਦਿਕ ਨਾਲ਼ ਹੋਈ ਸੀ।
ਰੇਮੰਡ ਰੈਡੀਗੁਇਟ ਨਾਂ ਦੇ ਫਰਾਂਸੀਸੀ ਨਾਵਲਕਾਰ ਅਤੇ ਸ਼ਾਇਰ ਨੇ 1923 ਵਿਚ 17 ਸਾਲ ਦੀ ਉਮਰ ਵਿਚ ‘ਲੇ ਡਾਇਬਲ ਅਉ ਕੋਰਪਸ’ ਯਾਨੀ ‘ਦ ਡੈਵਿਲ ਇਨ ਦ ਫਲੈਸ਼’ ਨਾਂ ਦਾ ਵੱਖਰੀ ਕਿਸਮ ਦਾ ਸ਼ਾਹਕਾਰ ਲਿਖ ਕੇ ਜਹਾਨ ਨੂੰ ਹੈਰਾਨ ਕਰ ਦਿੱਤਾ ਸੀ, ਪਰ 20 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ ਸੀ। ਉਸ ਦੀ ਇਹ ਰਚਨਾ ਅੱਲ੍ਹੜ ਉਮਰ ਦੇ ਇਕ ਮੁੰਡੇ ਦੇ ਇਸ਼ਕ ਬਾਰੇ ਹੈ। ਉਸ ਨੇ 16 ਸਾਲ ਦੀ ਉਮਰ ਵਿਚ ਪੈਰਿਸ ਵਿਚ ਤਰਥੱਲੀ ਮਚਾ ਦਿੱਤੀ ਸੀ। ਉਸ ਦੀ ਮੌਤ ਟਾਈਫਾਈਡ ਨਾਲ਼ ਹੋਈ ਸੀ, ਪਰ ਉਸ ਤੋਂ ਪਹਿਲਾਂ ਹੀ ਸ਼ਰਾਬ ਨੇ ਉਸ ਨੂੰ ਖਾ ਲਿਆ ਸੀ। ਉਸ ਦੀ ਮੌਤ ਦੇ ਸਬੰਧ ਵਿਚ ਫਰਾਂਸਿਸ ਪਾਊਲੇਨਸ ਨੇ ਏਦਾਂ ਲਿਖਿਆ ਸੀ, “ਉਸ ਦੇ ਮਰਨ ਦਾ ਮੈਨੂੰ ਇੰਨਾ ਸਦਮਾ ਹੋਇਆ ਸੀ ਕਿ ਦੋ ਦਿਨ ਤਾਂ ਮੈਂ ਕੁੱਝ ਵੀ ਨਹੀਂ ਕਰ ਸਕਿਆ ਸਾਂ।”
1937 ਦੇ ਆਖ਼ਰੀ ਮਹੀਨੇ ਦੀ 12 ਤਾਰੀਖ਼ ਨੂੰ ਜੰਮੇ ਅਮਰੀਕੀ ਨਾਵਲਕਾਰ ਜੌਹਨ ਕੈਨੇਡੀ ਟੂਲੇ 31 ਸਾਲਾਂ ਦਾ ਹੀ ਮਰ ਗਿਆ ਸੀ। ਉਸ ਦੀ ਪਛਾਣ, ਨਾਵਲ ‘ਏ ਕਨਫੈਡਰੇਸੀ ਆਫ ਡਿਊਨਸਿਜ਼’ ਦੇ ਲੇਖਕ ਵਜੋਂ ਹੀ ਬਹੁਤ ਸੀ। ਉਸ ਦੇ ਜਿਊਂਦਿਆਂ ਉਸ ਦਾ ਕੋਈ ਨਾਵਲ ਨਹੀਂ ਛਪਿਆ ਸੀ। ਉਸ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਕੁੱਝ ਸਾਲ ਮਗਰੋਂ ਉਸ ਦੀ ਮਾਂ ਨੇ ਇਸ ਦਾ ਖਰੜਾ ਨਾਵਲਕਾਰ ਵਾਕਰ ਪਰਸੀ ਨੂੰ ਦਿਖਾਇਆ। ਉਸ ਨੇ ਉਹ ਨਾਵਲ ਛਪਵਾ ਦਿੱਤਾ। 26 ਮਾਰਚ, 1969 ਨੂੰ ਮਰੇ ਹੋਏ ਟੂਲੇ ਨੂੰ, 1981 ਵਿਚ ਗਲਪ ਲੇਖਕ ਵਜੋਂ ਪੁਲਿਟਜ਼ਰ ਐਵਾਰਡ ਨਾਲ਼ ਸਨਮਾਨਿਆ ਗਿਆ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਟੂਲੇ ਨੇ ਬਗੀਚੇ ਨੂੰ ਪਾਣੀ ਲਾਉਣ ਲਈ ਵਰਤੇ ਜਾਂਦੇ ਪਾਈਪ ਦਾ ਇਕ ਸਿਰਾ ਉਸ ਕਾਰ ਦੇ ਸਾਇਲੈਂਸਰ ਵਿਚ ਫਸਾ ਦਿੱਤਾ ਸੀ ਤੇ ਦੂਜਾ ਸਿਰਾ ਉਸ ਦੀ ਖਿੜਕੀ ਵਿਚ ਫਸਾ ਦਿੱਤਾ ਸੀ। ਉਸ ਵੇਲ਼ੇ ਉਹ, ਉਸ ਕਾਰ ਦੇ ਅੰਦਰ ਸੀ। ਮਰਨ ਤੋਂ ਪਹਿਲਾਂ ਉਸ ਵੱਲੋਂ ਲਿਖ ਕੇ ਰੱਖਿਆ ਹੋਇਆ ਰੁੱਕਾ, ਉਸ ਦੀ ਮਾਂ ਨੇ ਕਿਤੇ ਪਾੜ-ਪੂੜ ਸੁੱਟਿਆ ਸੀ।
ਥਾਮਸ ਚੈਟਰਟਨ, ਜੋ 17 ਸਾਲਾਂ ਦੀ ਉਮਰ ਵਿਚ ਹੀ ਇਸ ਜਹਾਨੋਂ ਸਦਾ ਲਈ ਤੁਰ ਗਿਆ ਸੀ, 18ਵੀਂ ਸਦੀ ਦੌਰਾਨ ਇੰਗਲੈਂਡ ਵਿਚ ਆਪਣੀ ਪੁਖ਼ਤਾ ਸ਼ਾਇਰੀ ਨਾਲ਼ ‘ਰੁਮਾਨੀ ਲਹਿਰ’ ਦਾ ਮੁੱਢ ਬੰਨ੍ਹਣ ਵਾਲ਼ਾ ਸਭ ਤੋਂ ਛੋਟੀ ਉਮਰ ਦਾ ਸ਼ਾਇਰ ਸੀ। ਸਕੂਲੀ ਪੜ੍ਹਾਈ ਵਿਚ ਉਹ ਬਹੁਤ ਮੱਠਾ ਸੀ, ਜਿਸ ਕਰ ਕੇ ਉਸ ਨੇ ਆਪਣਾ ਬਚਪਨ ਰੋ-ਧੋ ਕੇ ਹੀ ਲੰਘਾਇਆ। ਉਸ ਨੇ ਫਾਕੇ ਤਾਂ ਕੱਟੇ, ਪਰ ਉਹ ਦੋਸਤਾਂ ਤੋਂ ਖਾਣਾ ਲੈਣ ਤੋਂ ਇਨਕਾਰੀ ਹੀ ਰਿਹਾ। 24 ਅਗੱਸਤ, 1770 ਨੂੰ ਉਸ ਨੇ ਆਪਣੀ ਜੀਵਨ ਲੀਲਾ ਆਪੇ ਹੀ ਮੁਕਾ ਦਿੱਤੀ।
ਐਲੈਨ ਫੋਰਨੀਅਰ, 27 ਸਾਲਾਂ ਦੀ ਉਮਰ ਵਿਚ ਮਰ ਗਏ, ਫਰਾਂਸੀਸੀ ਲੇਖਕ ਹੈਨਰੀ-ਐਲਬਨ ਦਾ ਕਲਮੀ ਨਾਂ ਸੀ। ਉਸ ਨੇ 1913 ਵਿਚ ਇਕੋ ਹੀ ਨਾਵਲ ‘ਲੇ ਗਰਾਂਦ ਮੀਉਲਨੇਜ਼’ ਯਾਨੀ ‘ਦ ਵਾਂਡਰਰ’ ਜਾਂ ‘ਲੌਸਟ ਡੋਮੇਨ’ ਲਿਖਿਆ ਸੀ, ਜਿਸ ਨੂੰ ‘ਮਾਡਰਨ ਕਲਾਸਿਕ’ ਮੰਨਿਆ ਜਾਂਦਾ ਹੈ।
ਤੀਹ ਸਾਲਾਂ ਦੀ ਉਮਰ ਵਿਚ ਮਰ ਗਈ ਸਿਲਵੀਆ ਪਲੈਥ, ਅਮਰੀਕੀ ਸ਼ਾਇਰਾ ਅਤੇ ਨਾਵਲਕਾਰਾ ਸੀ। ਉਸ ਦੀਆਂ ਮਕਬੂਲ ਰਚਨਾਵਾਂ ਵਿਚ ਬੇਗਾਨਗੀ, ਮੌਤ ਅਤੇ ਆਤਮ-ਤਬਾਹੀ ਦੀਆਂ ਭਾਵਨਾਵਾਂ ਦੀ ਬਹੁਲਤਾ ਰਹੀ ਹੈ। ਉਸ ਦੀ ਪਹਿਲੀ ਕਵਿਤਾ ਉਦੋਂ ਛਪੀ ਸੀ, ਜਦੋਂ ਉਹ ਮਸਾਂ ਅੱਠਾਂ ਸਾਲਾਂ ਦੀ ਸੀ। ਉਹ ਅਜੇ ਹਾਈ ਸਕੂਲ ਵਿਚ ਹੀ ਪੜ੍ਹਦੀ ਸੀ ਉਸ ਦੀ ਪਹਿਲੀ ਕਵਿਤਾ ਦਾ ਮੁੱਲ ਪੈ ਗਿਆ ਸੀ।ਪੜ੍ਹਾਈ ਵਿਚ ਬਹੁਤ ਹੁਸ਼ਿਆਰ ਰਹਿਣ ਦੇ ਬਾਵਜੂਦ ਉਹ ਢਹਿੰਦੀਆਂ ਕਲਾਂ ਵਿਚ ਰਹਿਣ ਲੱਗੀ। ਫਿਰ ਉਹ ਕਾਫੀ ਸਮਾਂ ਹਸਪਤਾਲ ਵਿਚ ਇਲਾਜ ਗੋਚਰੇ ਰਹੀ। ਉਹ 30 ਸਾਲਾਂ ਦੀ ਉਮਰ ਵਿਚ ਚੁੱਲ੍ਹੇ ਦੀ ਗੈਸ ਖੁੱਲ੍ਹੀ ਛੱਡ ਕੇ ਪਈ, ਮਰੀ ਹੋਈ ਦਿਸੀ ਸੀ।
ਤੀਹ ਸਾਲਾਂ ਦੀ ਉਮਰੇ ਸਦਾ ਲਈ ਤੁਰ ਗਈ, ਏਮਿਲੀ ਬਰੌਂਟੇ ਦਾ ਕਲਮੀ ਨਾਂ ਏਲਿਸ ਬੈੱਲ ਸੀ। ਉਹ ਅੰਗਰੇਜ਼ੀ ਦੀ ਸ਼ਾਇਰਾ ਅਤੇ ਨਾਵਲਕਾਰਾ ਸੀ। ਉਸ ਨੇ ਨਾਵਲ ਤਾਂ ਇਕੋ ਲਿਖਿਆ, ਜਿਸ ਦਾ ਸਿਰਲੇਖ ‘ਵੁਦਰਿੰਗ ਹਾਈਟਸ’ (1847) ਸੀ। ਇਸ ਨਾਵਲ ਵਿਚ ਮੁਹੱਬਤ ਅਤੇ ਨਫ਼ਰਤ ਦੇ ਦੋਵੇਂ ਜਜ਼ਬੇ ਬਹੁਤ ਤੀਬਰ ਸਨ। ਉਸ ਦੀ ਮੌਤ ਦਮੇਂ ਨਾਲ਼ ਹੋਈ ਸੀ।
ਪ੍ਰਤੀਕਵਾਦ ਦੀ ਲਹਿਰ ਦੌਰਾਨ ਮਸ਼ਹੂਰੀ ਖੱਟਣ ਵਾਲ਼ਾ ਫਰਾਂਸੀਸੀ ਸ਼ਾਇਰ ਅਰਥਰ ਰਿੰਬਾਉਡ 37 ਸਾਲਾਂ ਦੀ ਉਮਰ ਵਿਚ ਇਸ ਜਹਾਨੋਂ ਤੁਰ ਗਿਆ ਸੀ। ਮੁੰਡਪੁਣੇ ਦੀ ਉਮਰੇ ਉਹ ਪੜ੍ਹਾਈ ਵਿਚ ਤਾਂ ਹੁਸ਼ਿਆਰ ਸੀ, ਪਰ ਬੇਚੈਨ ਰਹਿੰਦਾ ਸੀ। ਉਹ ਲਾਤੀਨੀ ਭਾਸ਼ਾ ਵਿਚ ਕਵਿਤਾਵਾਂ ਅਤੇ ਸੰਵਾਦ ਲਿਖਦਾ ਹੁੰਦਾ ਸੀ। ਫਿਰ ਉਹ ਆਪਣੇ ਅਧਿਆਪਕ ਜਾਰਜਿਜ਼ ਇਜ਼ਮਬਾਰਡ ਦੀ ਅਗਵਾਈ ਵਿਚ ਫਰੈਂਚ ਵਿਚ ਕਾਫੀ ਚੰਗੀ ਸ਼ਾਇਰੀ ਕਰਨ ਲੱਗਿਆ। ਉਹ ਕਈ ਵਾਰ ਘਰੋਂ ਦੌੜਿਆ ਤੇ ਕੁੱਝ ਅਰਸੇ ਲਈ 1871 ਦੇ ਪੈਰਿਸ ਕਮਿਊਨ ਵਿਚ ਵੀ ਸ਼ਾਮਲ ਰਿਹਾ। ਸਤੰਬਰ, 1871 ਵਿਚ ਉਹ, ਮਸ਼ਹੂਰ ਪ੍ਰਤੀਕਵਾਦੀ ਸ਼ਾਇਰ ਪਾਲ ਵਰਲੇਨ ਦੇ ਸੱਦਣ ’ਤੇ ਪੈਰਿਸ ਪਰਤਿਆ ਤੇ ਕੁੱਝ ਸਮਾਂ ਵਰਲੇਨ ਦੇ ਘਰ ਹੀ ਰਿਹਾ। ਫਿਰ ਉਹ ਦੋਵੇਂ ਜਣੇ ਆਪਸ ਵਿਚ ‘ਇਸ਼ਕ’ ਕਰਨ ਲੱਗ ਪਏ।21 ਸਾਲ ਦੀ ਉਮਰ ਵਿਚ ਰਿੰਬਾਉਡ ਨੇ ਲਿਖਣਾ ਛੱਡ ਦਿੱਤਾ। ਉਸ ਦੀ ਸੱਜੀ ਲੱਤ ਨੂੰ ਕਈ ਬਿਮਾਰੀਆਂ ਲੱਗ ਗਈਆਂ ਸਨ, ਜੋ 37 ਸਾਲਾਂ ਦਾ ਹੋਣ ’ਤੇ ਉਸ ਦੀ ਜਾਨ ਲੈ ਕੇ ਹੀ ਹਟੀਆਂ।
ਜੌਹਨ ਕੀਟਸ ਅੰਗਰੇਜ਼ੀ ਦਾ ਰੋਮਾਂਟਿਕ ਗੀਤਕਾਰ ਸੀ। 25 ਸਾਲਾਂ ਦੀ ਉਮਰ ਵਿਚ ‘ਪੂਰੇ’ ਹੋ ਗਏ ਇਸ ਸ਼ਾਇਰ ਦੀ ਸ਼ਾਇਰੀ ਵਿਚ ਕਲਪਨਾਤਮਕ ਦ੍ਰਿਸ਼ ਅਤੇ ਜਿਨਸੀ ਛੁਹਾਂ ਬਹੁਤ ਭਾਰੂ ਹੁੰਦੀਆਂ ਸਨ। ਇਕ ਵਾਰ ਉਹ ਆਪਣੇ ਯਾਰ ਚਾਰਲਸ ਬਰਾਊਨ ਨਾਲ਼ ਉੱਤਰੀ ਇੰਗਲੈਂਡ ਅਤੇ ਸਕਾਟਲੈਂਡ ਵਿਚ ਘੁੰਮਣ ਗਿਆ। ਉਸ ਫੇਰੀ ਦੌਰਾਨ ਉਸ ਨੂੰ ਦਮਾ ਹੋ ਗਿਆ, ਜੋ ਉਸ ਨੂੰ 25 ਸਾਲ ਦੀ ਉਮਰੇ ਹੀ ਲੈ ਬੈਠਿਆ।ਉਸ ਦੀ ਮੌਤ ਰੋਮ ਵਿਚ ਹੋਈ ਸੀ।
ਜਿਸ ਸ਼ਾਇਰੀ ਉੱਤੇ ਇਨ੍ਹਾਂ ਕਵੀਆਂ ਨੂੰ ਛੋਟੀ ਉਮਰੇ ਮਾਰ ਸੁੱਟਣ ਦਾ ਇਲਜ਼ਾਮ ਲੱਗਦਾ ਹੈ, ਕੀ ਉਨ੍ਹਾਂ ਨੂੰ ਯਾਦ ਰੱਖਣ ਦਾ ਸਬੱਬ ਵੀ ਉਹੀ ਸ਼ਾਇਰੀ ਨਹੀਂ ਹੈ? ਸੋਚਿਓ!# Cell Phone: +91-950-175-9494 E-mail : bababax@gmail.com

