ਸਿਰੇ ’ਤੇ ਗੰਢ-41

ਰਿਹਾਨਾ ਜੱਬਾਰੀ
ਇੱਜ਼ਤ ਲੁਟਾ ਬਹਿੰਦੀ, ਫਾਂਸੀਓਂ ਬਚੀ ਰਹਿੰਦੀ!
ਬਖ਼ਸ਼ਿੰਦਰ
ਇੱਜ਼ਤ, ਆਬਰੂ, ਕੁਆਰਾਪਨ ਅਤੇ ਇਸੇ ਹੀ ਤਰ੍ਹਾਂ ਦੇ ਕਈ ਹੋਰ ਸ਼ਬਦ ਹਨ, ਜੋ ਮਨੁੱਖ ਨੇ ਆਪਣੀ ਸਹੂਲਤ ਲਈ ਘੜੇ ਹੋਏ ਹਨ ਅਤੇ ਉਹ, ਉਨ੍ਹਾਂ ਦੇ ਅਰਥ ਵੀ ਆਪਣੀ ਸਹੂਲਤ ਅਨੁਸਾਰ ਹੀ ਕੱਢਦਾ ਤੇ ਵਰਤਦਾ ਹੈ। ਅਸੀਂ ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ-ਆਬਰੂ ਬਚਾਉਣ ਦੇ ਹੀਲੇ ਕਈ ਵਰ੍ਹੇ ਕਰਦੇ ਰਹਿੰਦੇ ਹਾਂ। ਫਿਰ ਉਨ੍ਹਾਂ ਹੀ ਧੀ-ਭੈਣਾਂ ਤੇ ਉਨ੍ਹਾਂ ਦੀ ਬਚਾਈ ਹੋਈ ਇੱਜ਼ਤ-ਆਬਰੂ, ਕੋਈ ਓਪਰਾ ਬੰਦਾ ਲੱਭ ਕੇ, ਉਸ ਦੇ ਹਵਾਲੇ ਕਰ ਦਿੰਦੇ ਹਾਂ। ਉਹ, ਉਸ ਇੱਜ਼ਤ-ਆਬਰੂ ਨਾਲ਼ ਖੇਡੇ, ਖਿਲਵਾੜ ਕਰੇ ਜਾਂ ਉਸ ਨੂੰ ਰੋਲ਼ ਹੀ ਸੁੱਟੇ, ਇਹ ਉਸ ਦੀ ਮਰਜ਼ੀ! ਇਸ ਦਸਤੂਰ ਦੀ ਬੁਨਿਆਦ ਕਿਸ ਤਰ੍ਹਾਂ ਪਈ, ਇਹ ਦੱਸਣਾ ਤਾਂ ਸਮਾਜ ਸ਼ਾਸਤਰੀਆਂ ਦਾ ਕੰਮ ਹੈ।
ਕੀ ਇੱਜ਼ਤ-ਆਬਰੂ, ਕੁਆਰਾਪਨ ਜਾਂ ਕੰਜਕਪੁਣਾ ਇਕੋ ਹੀ ਗੱਲ ਹੈ? ਨਹੀਂ, ਗ੍ਰਹਿਸਤ ਦੇ ਰਾਹ ਨਾ ਪਏ ਸਾਰੇ ਲੋਕ ਕੁਆਰੇ ਨਹੀਂ ਹੁੰਦੇ, ਨਾ ਹੀ ਕੁਆਰੇ ਰਹੇ ਸਾਰੇ ਲੋਕ ਪਾਕ-ਸਾਫ ਹੁੰਦੇ ਹਨ। ਮਿਸਾਲ ਦੇ ਤੌਰ ’ਤੇ ਕਿਹਾ ਜਾਂਦਾ ਹੈ ਕਿ ‘ਸੇਂਟ (ਸੰਤ) ਔਗੱਸਟੀਨ’ ਵਿਆਹ ਕਰਾਉਣ ਤੋਂ ਬਗ਼ੈਰ ਹੀ ਇਕ ਬੱਚੇ ਦੇ ਬਾਪ ਸਨ। ‘ਸੇਂਟ ਮਾਰਗ੍ਰੇਟ ਆਫ ਕੋਰਟੋਨਾ’ ਨੇ ਵਿਆਹ ਕਰਾਏ ਬਗ਼ੈਰ ਹੀ ਆਪਣੇ ‘ਬੁਆਏਫਰੈਂਡ’ (ਯਾਰ) ਨਾਲ਼ ਕਾਫੀ ਸਮਾਂ ਬਿਤਾਇਆ। ਕਿਹਾ ਇਹ ਵੀ ਜਾਂਦਾ ਹੈ ਕਿ ‘ਸੇਂਟ ਪੇਲਾਗੀਆ’ ਵੇਸਵਾ ਸੀ। ਇਹ ਵੇਰਵਾ ਇਹੋ ਨੁਕਤਾ ਸਿੱਧ ਕਰਦਾ ਹੈ ਕਿ ਹੋ ਸਕਦਾ ਹੈ, ਉਹ ਸਾਰੇ ਹੀ ਕੁਆਰੇ/ ਕੁਆਰੀਆਂ ਨਾ ਹੋਣ, ਪਰ ਉਹ ਪਾਕ-ਸਾਫ ਸਨ, ਸੰਤ ਸਨ। ਸਾਨੂੰ ਇਸ ਬਾਰੇ ਵੀ ਕੋਈ ਇਲਮ ਨਹੀਂ ਕਿ ਉਨ੍ਹਾਂ ਦੇ ਸੰਤਪੁਣੇ ਨੂੰ ਮਾਨਤਾ ਮਿਲਣ ਦਾ ਕੀ ਆਧਾਰ ਸੀ।
ਦੂਜੇ ਪਾਸੇ ਕੁੱਝ ਲੋਕ, ਤਕਨੀਕੀ ਪੱਖ ਤੋਂ ਨਿਛੋਹ ਅਤੇ ਕੁਆਰੇ ਹੁੰਦੇ ਹਨ, ਪਰ ਉਨ੍ਹਾਂ ਨੇ ਆਪਣੀ ਪਵਿੱਤਰਤਾ ਅਣਗਿਣਤ ਵਾਰੀ ਦਾਅ ਉੱਤੇ ਲਾਈ ਹੁੰਦੀ ਹੈ। ਕੁੱਝ ਕੁਆਰਿਆਂ/ ਕੁਆਰੀਆਂ ਦੇ ਖ਼ਿਆਲ ਕੁੱਝ ਇਸ ਤਰ੍ਹਾਂ ਦੇ ਹੁੰਦੇ ਹਨ, “ਜਿੰਨਾ ਚਿਰ ਮੇਰਾ ਕੁਆਰਾਪਨ ਬਚਿਆ ਹੋਇਆ ਹੈ, ਮੈਂ ਠੀਕ-ਠਾਕ ਹਾਂ। ਇਸ ਲਈ ਜਿਸਮਾਨੀ ਸਬੰਧ ਬਣਾਉਣ ਜਾਂ ਸਹਿਵਾਸ ਕਰਨ ਤੋਂ ਉਰ੍ਹਾਂ-ਉਰ੍ਹਾਂ ਜੋ ਕੁੱਝ ਵੀ ਕੀਤਾ ਜਾ ਸਕਦਾ ਹੈ, ਉੱਨਾ ਕੁ ਠੀਕ ਹੀ ਹੈ।” ਅਜਿਹੇ ਲੋਕ (ਔਰਤਾਂ ਸਣੇ), ਉਨ੍ਹਾਂ ਲੋਕਾਂ ਨੂੰ ਆਪਣੇ ਜਿਸਮ ਦੇ ਕੁੱਝ ਅੰਗਾਂ ਨਾਲ਼ ਸੀਮਤ ਜਿਹਾ ਖੇਡਣ ਦਿੰਦੇ ਹਨ, ਜਿਨ੍ਹਾਂ ਨਾਲ਼ ਉਨ੍ਹਾਂ ਨੇ ਕਦੇ ਵੀ ਵਿਆਹ ਨਹੀਂ ਕਰਾਉਣਾ ਹੁੰਦਾ। ਇਹ ਸਭ ਕੁੱਝ ਕਰਦਿਆਂ ਵੀ ਉਹ ਆਪਣੇ-ਆਪ ਨੂੰ ਕੁਆਰੇ/ ਕੁਆਰੀਆਂ ਅਤੇ ਪਾਕ-ਪਵਿੱਤਰ ਕਰਾਰ ਦਿੰਦੇ/ ਦਿੰਦੀਆਂ ਹਨ। ਇਸ ਤਰ੍ਹਾਂ ਕਰਦਿਆਂ/ ਸਮਝਦਿਆਂ ਕੁੱਝ ਅਰਸੇ ਮਗਰੋਂ ਉਨ੍ਹਾਂ ਨੂੰ ਇਹ ਯਕੀਨ ਹੋਣ ਲੱਗ ਪੈਂਦਾ ਹੈ ਕਿ ਜਿਨਸੀ ਇਕ-ਮਿੱਕਤਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ। 
ਇਸ ਸਭ ਕੁੱਝ ਦਾ ਇਕ ਪਹਿਲੂ ਇਹ ਵੀ ਹੈ ਕਿ ਬਹੁਤ ਸਮਾਂ ਪਹਿਲਾਂ ਤੁਹਾਡੇ ਨਾਲ਼ ਕੋਈ ਸ਼ਰਮਨਾਕ ਕਾਰਾ ਹੋ ਜਾਣ ਨਾਲ਼ ਤੁਹਾਡੀ ਇੱਜ਼ਤ-ਆਬਰੂ ਖੁੱਸ ਜਾਣ ਦਾ ਇਹ ਅਰਥ ਵੀ ਹਰਗ਼ਿਜ਼ ਨਹੀਂ ਹੈ ਕਿ ਤੁਸੀਂ ਸਦਾ ਲਈ ਇਸ ਤੋਂ ਵਾਂਝੇ ਹੋ ਗਏ ਹੋ। ਕੁਆਰੇਪਨ ਦਾ ਸਬੰਧ ਤੁਹਾਡੇ ਜਿਨਸੀ ਇਤਿਹਾਸ ਨਾਲ਼ ਹੈ ਜਦੋਂ ਕਿ ਤੁਹਾਡੇ ਪਾਕ-ਸਾਫ ਹੋਣ ਦਾ ਸਬੰਧ ਤੁਹਾਡੇ ਅਤੀਤ ਨਾਲ਼ ਹੈ। ਪਾਕ-ਸਾਫ ਹੋਣਾ ਇਕ ਗੁਣ ਹੈ, ਜਿਸ ਦਾ ਵਜੂਦ ਤੁਹਾਡੇ ਵਰਤਮਾਨ ਵਿਚ ਹੀ ਰਹਿੰਦਾ ਹੈ। ਇਕ ਵਾਰ ਆਪਣਾ ਕੁਆਰਾਪਨ ਗੁਆ ਬੈਠੇ ਲੋਕ, ਅਕਸਰ ਹੀ ਇਹ ਸੋਚਦੇ ਹਨ ਕਿ ਹੁਣ ਉਹ ਸਦਾ ਲਈ ਨਾਪਾਕ ਵੀ ਹੋ ਗਏ ਹਨ ਜਦੋਂ ਕਿ ਇਹ ਸਹੀ ਨਹੀਂ ਹੈ। ਸਾਰੀ ਉਮਰ ਪਾਕ-ਸਾਫ ਜੀਵਨ ਬਿਤਾਉਣ ਵਾਲ਼ਾ ਵਿਅਕਤੀ ਵੀ ਅਨੈਤਿਕ ਕੰਮਾਂ ਵਿਚ ਪੈ ਸਕਦਾ ਹੈ ਤੇ ਸਾਰੀ ਉਮਰ ਗੁਨਾਹ ਅਤੇ ਪਾਪ ਕਰਨ ਵਾਲ਼ਾ ਬਸ਼ਰ ਵੀ ਪਵਿੱਤਰਤਾ ਦੇ ਰਾਹ ਪੈ ਸਕਦਾ ਹੈ। ਆਪਣੇ ਕੀਤੇ ’ਤੇ ਝੂਰਨ-ਪਛਤਾਉਣ ਵਾਲ਼ੀ ਵੇਸਵਾ, ਕਾਮ ਦੀ ਭੱਠੀ ਵਿਚ ਭੁੱਝਦੀ ਕੁਆਰੀ ਤੀਵੀਂ ਦੇ ਮੁਕਾਬਲੇ ਵਧੇਰੇ ਪਾਕ-ਸਾਫ ਹੋ ਸਕਦੀ ਹੈ।
ਇਹ ਕਸੂਤਾ ਜਿਹਾ ਵਿਸ਼ਾ, ਜਿਸ ਬਾਰੇ ਪੰਜਾਬੀ ਵਿਚ ਲਿਖਿਆ/ ਬੋਲਿਆ ਵੀ ਘੱਟ ਜਾਂਦਾ ਹੈ ਤੇ ਲਿਖਣਾ/ ਬੋਲਣਾ ਸੌਖਾ ਵੀ ਨਹੀਂ ਹੈ, ਛੁਹਣ ਦੀ ਵਜ੍ਹਾ ਵੀ ਬਿਆਨ ਕਰ ਹੀ ਦਿਆਂ!
ਸੰਨ 2014 ਦੇ ਅਕਤੂਬਰ ਮਹੀਨੇ ਦੀ 25 ਤਾਰੀਖ਼ ਨੂੰ ਇਸਤਰੀ ਜਾਤੀ ਦੇ ਇਤਿਹਾਸ ਵਿਚ ਇਕ ਅਜੀਬੋ-ਗ਼ਰੀਬ ਕਾਂਡ ਜੁੜ ਗਿਆ ਹੈ। ਇਹ ਕਾਂਡ ਜੋੜਿਆ ਹੈ, ਇਰਾਨ ਦੀ ਸਰਕਾਰ ਨੇ। ਉਸ ਦਿਨ, ਰਿਹਾਨਾ ਜੱਬਾਰੀ ਨਾਂ ਦੀ ਇਕ 26 ਸਾਲਾ ਕੁੜੀ ਨੂੰ ਇਰਾਨ ਦੀ ਸਰਕਾਰ ਵੱਲੋਂ ਫਾਹੇ ਟੰਗ ਦਿੱਤਾ ਗਿਆ। ਉਸ ਦਾ ‘ਕਸੂਰ’ ਇਹ ਸੀ ਕਿ ਉਸ ਨੇ ਇਕ ‘ਬਾਰਸੂਖ਼ ਮਰਦ’ ਨੂੰ, ਆਪਣੀ ਪੱਤ ਲੁੱਟਣ ਵਿਚ ਕਾਮਯਾਬ ਹੋਣ ਤੋਂ ਰੋਕਦਿਆਂ ਜਾਨੋਂ ਮਾਰ ਸੁੱਟਿਆ ਸੀ। ਇਰਾਨ ਸਰਕਾਰ ਵੱਲੋਂ ਰਿਹਾਨਾ ਨੂੰ ਫਾਂਸੀ ਦੇਣ ਸਬੰਧੀ ਸੁਣਾਏ ਗਏ ਫੈਸਲੇ ਦੇ ਖ਼ਿਲਾਫ਼, ਜਹਾਨ ਭਰ ਦੇ ਮੁਲਕਾਂ ਦੇ ਲੋਕਾਂ ਨੇ ਰੋਹ ਜ਼ਾਹਰ ਕਰਦਿਆਂ, ਉਸ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਮੰਗ ਕੀਤੀ ਸੀ, ਪਰ ਇਰਾਨ ਦੇ ਅਧਿਕਾਰੀਆਂ ਨੇ ਲੋਕਾਂ ਦੇ ਰੋਹ ਤੇ ਇਸ ਮੰਗ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਕੀਤੀ ਤੇ ਇਹ ਸੋਨੇ ਵਰਗੀ ਜੁਆਨੀ ਮਿੱਟੀ ਵਿਚ ਮਿਲਾ ਸੁੱਟੀ। 
ਰਿਹਾਨਾ ਦੀ ਮਾਂ ਸ਼ੋਲ੍ਹੇ ਪਕਰਾਵਨ ਨੇ ਉਸ ਨੂੰ ਫਾਂਸੀ ਦੇ ਕੇ ਮਾਰ-ਮੁਕਾਉਣ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਬੀ. ਬੀ. ਸੀ. ਦੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਧੀ ਨੂੰ ਤਹਿਰਾਨ ਦੀ ਇਕ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਹੈ। ਉਸ ਤੋਂ ਮਗਰੋਂ ਉਸ ਨੂੰ ਆਪਣੀ ਮਰੀ ਹੋਈ ਧੀ ਦਾ ਮੂੰਹ ਦੇਖਣ ਖ਼ਾਤਰ ਕਬਰਿਸਤਾਨ ਅੰਦਰ ਜਾਣ ਦੀ ਇਜਾਜ਼ਤ ਵੀ ਦਿੱਤੀ ਗਈ ਸੀ। ‘ਅਮਨੈਸਟੀ ਇੰਟਰਨੈਸ਼ਨਲ’ ਨੇ ਰਿਹਾਨਾ ਜੱਬਾਰੀ ਨੂੰ ਫਾਂਸੀ ਦੇਣਾ, ਇਨਸਾਫ਼ ਦਾ ਮਖ਼ੌਲ ਉਡਾਉਣ ਦੇ ਬਰਾਬਰ ਮੰਨਿਆ ਹੈ। ਇਸ ਸੰਸਥਾ ਦੀ ਤਰਜਮਾਨ ਰਾਹਾ ਬਹਿਰੀਨੀ ਨੇ ਕਿਹਾ ਕਿ ਰਿਹਾਨਾ ਦੀ ਮਾਂ ਨੂੰ ਜੇਲ੍ਹ ਅਧਿਕਾਰੀਆਂ ਨੇ ਫੋਨ ਕਰ ਕੇ ਕਿਹਾ ਸੀ ਕਿ ਉਹ 25 ਅਕਤੂਬਰ ਨੂੰ ਫਾਂਸੀ ਦੇਣ ਤੋਂ ਪਹਿਲਾਂ-ਪਹਿਲਾਂ ਆ ਕੇ, ਆਖਰੀ ਵਾਰ ਆਪਣੀ ਧੀ ਨੂੰ ਮਿਲ ਲਵੇ। ਦੋਹਾਂ ਮਾਵਾਂ-ਧੀਆਂ ਨੂੰ ਇਕ ਘੰਟਾ ਇਕੱਠਿਆਂ ਬਿਤਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਮੁਲਾਕਾਤ ਦੀ ਇਹ ਮਿਆਦ ਪੁੱਗ ਜਾਣ ਮਗਰੋਂ ਰਿਹਾਨਾ ਦੀ ਮਾਂ ਨੂੰ ਜੇਲ੍ਹੋਂ ਬਾਹਰ ਕੱਢ ਦਿੱਤਾ ਗਿਆ ਸੀ। 
ਸੰਨ 2007 ਵਿਚ ਰਿਹਾਨਾ ਜੱਬਾਰੀ ਨੂੰ, ਇਰਾਨ ਦੇ ਖੁਫ਼ੀਆ ਮੰਤਰਾਲੇ ਦੇ ਸਾਬਕਾ ਮੁਲਾਜ਼ਮ ,ਨੂੰ ਕਤਲ ਕਰਨ ਦੇ ਦੋਸ਼ ਅਧੀਨ ਹਿਰਾਸਤ ਵਿਚ ਲਿਆ ਗਿਆ ਸੀ। ਰਿਹਾਨਾ ਇਹ ਕਹਿੰਦੀ-ਕਹਿੰਦੀ ਹੀ ਮਾਰ ਸੁੱਟੀ ਗਈ ਕਿ ਸਰਬੰਦੀ ਨੇ ਉਸ ਦੀ ਦੀ ਇੱਜ਼ਤ ਨੂੰ ਹੱਥ ਹੀ ਨਹੀਂ ਪਾਇਆ ਸੀ, ਸਗੋਂ ਉਸ ਨੇ ਉਸ ਦੀ ਇੱਜ਼ਤ ਲੁੱਟਣ ਦਾ ਹੀਲਾ ਵੀ ਕੀਤਾ ਸੀ। 2009 ਵਿਚ ਰਿਹਾਨਾ ਜੱਬਾਰੀ ਨੂੰ ਇਸ ‘ਕਤਲ ਦੇ ਜੁਰਮ’ ਅਧੀਨ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਤੇ ਇਰਾਨ ਦੀ ਸੁਪਰੀਮ ਕੋਰਟ ਨੇ ਵੀ ਇਹ ਸਜ਼ਾ ਬਰਕਰਾਰ ਰੱਖੀ ਸੀ। ਸੁਪਰੀਮ ਕੋਰਟ ਦੇ ਇਸ ਹੁਕਮ ਦੇ ਖ਼ਿਲਾਫ਼ ਜਹਾਨ ਭਰ ਵਿਚ ਲੋਕਾਂ ਵੱਲੋਂ ਰੋਹ ਜ਼ਾਹਰ ਕੀਤਾ ਗਿਆ। ਰਿਹਾਨਾ ਜੱਬਾਰੀ ਦੀ ਜਾਨ ਬਖ਼ਸ਼ਣ ਅਤੇ ਉਸ ਨੂੰ ਰਿਹਾਅ ਕਰਨ ਕਰਨ ਦੀ ਮੰਗ ਕਰਦਿਆਂ ਇਕ ‘ਪਟੀਸ਼ਨ’ ਵੀ ਜਾਰੀ ਕੀਤੀ ਗਈ, ਜਿਸ ਉੱਤੇ ਦੋ ਲੱਖ, ਚਾਲ਼ੀ ਹਜ਼ਾਰ ਲੋਕਾਂ ਨੇ ਦਸਤਖ਼ਤ ਕੀਤੇ ਸਨ।
ਇਸ 26 ਸਾਲਾ ਮੁਟਿਆਰ ਨੂੰ ਮੌਤ ਦੀ ਸਜ਼ਾ ਸੁਣਾਉਂਦਿਆਂ ਅਦਾਲਤ ਨੇ ਆਪਣੇ ਫੈਸਲੇ ਵਿਚ ਇਹ ਕਿਹਾ ਹੋਇਆ ਹੈ ਕਿ ਰਿਹਾਨਾ ਨੇ 2007 ਵਿਚ, ਇਕ ਚਾਕੂ ਖਰੀਦਣ ਤੋਂ ਦੋ ਦਿਨ ਮਗਰੋਂ ਹੀ ਉਹ ਚਾਕੂ, ਸਰਬੰਦੀ ਦੀ ਪਿੱਠ ਵਿਚ ਮਾਰ ਦਿੱਤਾ ਸੀ। ਅਦਾਲਤ ਨੇ ਇਹ ਵੀ ਕਿਹਾ ਹੋਇਆ ਹੈ ਕਿ ਉਸ ਨੂੰ ਇਹ ਫੈਸਲਾ ਇਸ ਕਰ ਕੇ ਸੁਣਾਉਣਾ ਪਿਆ ਸੀ ਕਿਉਂ ਕਿ ਸਰਬੰਦੀ ਦੇ ਪਰਿਵਾਰ ਨੇ ਇਸ ਕਤਲ ਦੇ ਇਵਜ਼ਾਨੇ ਵਜੋਂ ਕੋਈ ਰਕਮ ਲੈਣ ਤੋਂ ਅਤੇ ਰਿਹਾਨਾ ਨੂੰ ਮੁਆਫ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇੱਥੇ ਦੱਸਣਾ ਬਣਦਾ ਹੈ ਕਿ ਇਰਾਨੀ ਕਾਨੂੰਨ ਮਕਤੂਲ ਦੇ ਪਰਿਵਾਰ ਨੂੰ, ਕਾਤਲ ਦੀ ਜਾਨ ਬਖ਼ਸ਼ਣ ਦੇ ਹੱਕ ਦਿੰਦਾ ਹੈ।
ਉਸ ਨੂੰ ਮੌਤ ਦੀ ਸਜ਼ਾ ਸੁਣਾਉਣ ਦੇ ਖ਼ਿਲਾਫ਼ ਜਹਾਨ ਭਰ ਰੌਲ਼ਾ ਪੈਣ ਦਾ ਨਤੀਜਾ ਇਹੋ ਹੀ ਨਿੱਕਲ ਸਕਿਆ ਕਿ 30 ਸਤੰਬਰ ਨੂੰ, ਮੂਲ਼ੋਂ ਹੀ ਆਖ਼ਰੀ ਪਲਾਂ ’ਤੇ ਉਸ ਦੀ ਫਾਂਸੀ ਦੀ ਸਜ਼ਾ ਉੱਤੇ ਰੋਕ ਲਗਾ ਦਿੱਤੀ ਗਈ ਸੀ, ਪਰ ਸਜ਼ਾ ਮੁਲਤਵੀ ਕਰਨ ਦੀ ਵਜ੍ਹਾ ਕਦੇ ਵੀ ਨਹੀਂ ਦੱਸੀ ਗਈ। ‘ਅਮਨੈਸਟੀ ਇੰਟਰਨੈਸ਼ਨਲ’ ਦਾ ਕਹਿਣ ਹੈ ਕਿ ਰਿਹਾਨਾ ਜੱਬਾਰੀ ਨੇ ਸਰਬੰਦੀ ਦੀ ਪਿੱਠ ਵਿਚ ਚਾਕੂ ਮਾਰਨ ਦੇ ਜੁਰਮ ਦਾ ਇਕਬਾਲ ਤਾਂ ਕੀਤਾ ਹੈ, ਪਰ ਇਹ ਵੀ ਕਿਹਾ ਹੈ ਕਿ ਸਰਬੰਦੀ ਨੂੰ ਮਾਰਨ ਵਾਲ਼ਾ ਕੋਈ ਹੋਰ ਆਦਮੀ ਸੀ। ਇਸ ਜਥੇਬੰਦੀ ਦੀ ਤਰਜਮਾਨ ਅਨੁਸਾਰ, ਰਿਹਾਨਾ ਦੇ ਇਸ ਬਿਆਨ ਦੀ ਕਦੇ ਵੀ ਕੋਈ ਜਾਂਚ-ਪੜਤਾਲ ਨਹੀਂ ਕਰਾਈ ਗਈ।
ਇਰਾਨ ਵਿਚ ‘ਅਮਨੈਸਟੀ ਇੰਟਰਨੈਸ਼ਨਲ’ ਦੀ ਖੋਜਣ ਰਾਹਾ ਬਹਿਰੀਨੀ ਨੇ ਅਖ਼ਬਾਰ ‘ਦ ਇੰਡੀਪੈਂਡੈਂਟ’ ਦੇ ਨਾਮਾਨਿਗ਼ਾਰ ਅੱਗੇ ਇਸ ਤਰ੍ਹਾਂ ਕਿਹਾ ਹੋਇਆ ਹੈ, “ਬਾਕੀਆਂ ਵਾਂਗ ਹੀ ਸਾਨੂੰ ਵੀ ਇਸ ਤਰ੍ਹਾਂ, ਇਨਸਾਫ਼ ਦੇ ਅਮਲ ਦਾ ਮਖ਼ੌਲ ਉਡਾਏ ਜਾਣ ਦਾ ਸਦਮਾ ਹੈ। ਇਰਾਨ ਦੇ ਬਹੁਤ ਸਾਰੇ ਲੋਕ ਅਤੇ ਜਹਾਨ ਦੇ ਬਹੁਤ ਸਾਰੇ ਲੋਕ, ਜਿਨ੍ਹਾਂ ਨੂੰ ਇਹ ਫੈਸਲਾ ਬਦਲੇ ਜਾਣ ਦੀ ਆਸ ਸੀ, ਰਿਹਾਨਾ ਨੂੰ ਫਾਂਸੀ ਦੇਣ ਨਾਲ਼ ਓਦਰੇ ਹੋਏ ਹਨ। ਉਸ ਨੂੰ ਫਾਂਸੀ ਦੇਣ ਬਾਰੇ ਜਹਾਨ ਭਰ ਵਿਚ ਪਿਆ ਹੋਇਆ ਰੌਲ਼ਾ, ਮੌਤ ਦੀ ਸਜ਼ਾ ਦੇ ਵਿਰੋਧ ਦਾ ਸੂਚਕ ਬਣ ਗਿਆ ਹੈ ਅਤੇ ਇਸ ਹਕੀਕਤ ਨੂੰ ਹੋਰ ਉਘਾੜਦਾ ਹੈ ਕਿ ਮੌਤ ਦੀ ਸਜ਼ਾ ਅਣਮਨੁੱਖੀ ਤੇ ਜ਼ਾਲਮ ਵਤੀਰਾ ਹੈ।” 
ਕਹਿੰਦੇ ਹਨ ਕਿ 2007 ਵਿਚ ਸਰਬੰਦੀ ਇਕ ਕੈਫੇ ਵਿਚ ਰਿਹਾਨਾ ਜੱਬਾਰੀ, ਜੋ ‘ਇੰਟੀਰੀਅਰ ਡੈਕੋਰੇਟਰ’ ਵਜੋਂ ਕੰਮ ਕਰਦੀ ਸੀ, ਨੂੰ ਮਿਲਿਆ ਸੀ। ਉਸ ਨੇ ਆਪਣੇ ਦਫ਼ਤਰ ਦੀ ‘ਇੰਟੀਰੀਅਰ ਡੈਕੋਰੇਸ਼ਨ’ ਕਰਾਉਣ ਦੇ ਸਬੰਧ ਵਿਚ ਰਿਹਾਨਾ ਨੂੰ ਆਪਣੇ ਦਫ਼ਤਰ ਆਉਣ ਲਈ ਕਿਹਾ ਸੀ। ਜਦੋਂ ਰਿਹਾਨਾ ਉਸ ਦੇ ਦਫ਼ਤਰ ਗਈ ਤਾਂ ਸਰਬੰਦੀ ਨੇ ਉਸ ਦੀ ਇੱਜ਼ਤ ਨੂੰ ਹੱਥ ਪਾ ਲਿਆ। ਆਪਣਾ ਬਚਾਅ ਕਰਨ ਖ਼ਾਤਰ ਰਿਹਾਨਾ ਨੇ ਛੋਟੇ ਜਿਹੇ ਚਾਕੂ ਨਾਲ਼ ਉਸ ਦੀ ਪਿੱਠ ਉੱਤੇ ਵਾਰ ਕਰ ਦਿੱਤੇ ਤੇ ਉੱਥੋਂ ਨਿੱਕਲ ਗਈ। ਖ਼ੂਨ ਬਹੁਤਾ ਵਗ ਜਾਣ ਕਾਰਨ ਸਰਬੰਦੀ ਦੀ ਮੌਤ ਹੋ ਗਈ ਸੀ।
ਇਰਾਨ ਵਿਚ ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਅਹਿਮਦ ਸ਼ਾਹਿਦ ਦਾ ਕਹਿਣ ਹੈ ਕਿ ਸਰਬੰਦੀ ਨੇ ਰਿਹਾਨਾ ਨੂੰ ਆਪਣੇ ਦਫ਼ਤਰ ਦੀ ਸਜਾਵਟ ਨਵੇਂ ਸਿਰਿਓਂ ਕਰਨ ਦਾ ਕੰਮ ਸੌਂਪਿਆ ਹੋਇਆ ਸੀ ਤੇ ਇਕ ਦਿਨ ਉਹ, ਉਸ ਨੂੰ ਇਕ ਅਪਾਰਟਮੈਂਟ ਵਿਚ ਲੈ ਗਿਆ, ਜਿੱਥੇ ਉਸ ਨੇ ਉਸ ਦੀ ਪੱਤ ਲੁੱਟ ਲਈ। ਦੂਜੇ ਪਾਸੇ ਸਰਬੰਦੀ ਦੇ ਪਰਿਵਾਰ ਦਾ ਕਹਿਣ ਹੈ ਕਿ ਸਰਬੰਦੀ ਦਾ ਕਤਲ ਗਿਣ-ਮਿੱਥ ਕੇ ਕੀਤਾ ਗਿਆ ਸੀ ਕਿਉਂ ਕਿ ਰਿਹਾਨਾ ਨੇ ਪੁੱਛ-ਪੜਤਾਲ਼ ਦੌਰਾਨ ਇਹ ਕਬੂਲ ਕੀਤਾ ਸੀ ਕਿ ਉਸ ਨੇ ਕਤਲ ਕਰਨ ਲਈ ਵਰਤਿਆ ਚਾਕੂ ਹਾਲੇ ਦੋ ਦਿਨ ਪਹਿਲਾਂ ਹੀ ਖਰੀਦਿਆ ਸੀ। 
ਫਾਹੇ ਟੰਗੀ ਜਾਣ ਤੋਂ ਪਹਿਲਾਂ ਰਿਹਾਨਾ ਨੇ ਆਪਣੀ ਮਾਂ ਨੂੰ ਇਕ ਸੁਨੇਹਾ ਭੇਜਿਆ ਸੀ। ਉਸ ਵਿਚ ਉਸ ਨੇ ਕਿਹਾ ਹੋਇਆ ਹੈ ਕਿ ਮਰਨ ਮਗਰੋਂ ਉਸ ਦੇ ਅੰਗ ਦਾਨ ਕਰਨ ਦਾ ਪ੍ਰਬੰਧ ਕਰਾਇਆ ਜਾਵੇ। ਇਹ ਸੁਨੇਹਾ ਉਸ ਦੀ ਆਪਣੀ ਅਵਾਜ਼ ਵਿਚ ਰਿਕਾਰਡ ਕੀਤਾ ਹੋਇਆ ਹੈ। ਸੁਨੇਹਾ ਦਿੰਦਿਆਂ ਉਸ ਦੀ ਆਵਾਜ਼ ਵਿਚ ਪੂਰਾ ਠਰੰ੍ਹਮਾ ਹੈ ਤੇ ਉਸ ਦੇ ਓਦਰੀ ਹੋਈ ਹੋਣ ਦਾ ਕੋਈ ਸੰਕੇਤ ਨਹੀਂ ਮਿਲਦਾ। ਇਹ ਸੁਨੇਹਾ ਉਸ ਨੇ ਅਪ੍ਰੈਲ ਵਿਚ ਰਿਕਾਰਡ ਕੀਤਾ ਸੀ। ਇਰਾਨ ਵਿਚ ਰਿਹਾਨਾ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨ ਵਾਲ਼ਿਆਂ ਨੇ ਇਹ ਸੁਨੇਹਾ ‘ਰਿਹਾਨਾ ਦੀ ਵਸੀਅਤ’ ਮੰਨ ਕੇ ਇਸ ਦਾ ਉਲਥਾ ਕਰਾ ਕੇ ਇਸ ਦੇ ਉਤਾਰੇ ਵੰਡੇ ਹਨ।
ਇਸ ਸੁਨੇਹੇ ਵਿਚ ਉਸ ਨੇ ਏਦਾਂ ਕਿਹਾ ਹੋਇਆ ਹੈ, “ਉਸ ਰਾਤ ਮੈਨੂੰ ਮਾਰ ਸੁੱਟਿਆ ਜਾਣਾ ਸੀ ਤੇ ਮੇਰੀ ਲਾਸ਼, ਸ਼ਹਿਰ ਦੇ ਕਿਸੇ ਕੋਨੇ ਵਿਚ ਸੁੱਟੀ ਹੋਈ ਲੱਭਣੀ ਸੀ। ਕੁੱਝ ਦਿਨਾਂ ਮਗਰੋਂ ਪੁਲੀਸ ਨੇ ਤੈਨੂੰ (ਰਿਹਾਨਾ ਦੀ ਮਾਂ ਸ਼ੋਲ੍ਹੇ ਪਕਰਾਵਨ) ਮੇਰੀ ਲਾਸ਼ ਦੀ ਸ਼ਿਨਾਖਤ ਕਰਨ ਲਈ ਲੈ ਜਾਣਾ ਸੀ। ਉੱਥੇ ਜਾ ਕੇ ਹੀ ਤੈਨੂੰ ਪਤਾ ਲੱਗਣਾ ਸੀ ਕਤਲ ਕਰਨ ਤੋਂ ਪਹਿਲਾਂ ਮੇਰੀ ਪੱਤ ਵੀ ਲੁੱਟੀ ਗਈ ਸੀ। ਫਿਰ ਮੇਰਾ ਕਾਤਲ ਨਹੀਂ ਲੱਭਣਾ ਸੀ ਕਿਉਂ ਕਿ ਸਾਡੇ ਕੋਲ਼ ਉਨ੍ਹਾਂ ਜਿੰਨੀ ਦੌਲਤ ਅਤੇ ਤਾਕਤ ਨਹੀਂ ਹੋਣੀ ਸੀ। ਫਿਰ ਕੁੱਝ ਸਾਲਾਂ ਮਗਰੋਂ ਤੂੰ ਇਸੇ ਹੀ ਗ਼ਮ ਨਾਲ਼ ਮਰ ਜਾਣਾ ਸੀ...। ਪਰ ਇਹ ਕਹਾਣੀ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਪਲਟ ਗਈ...। ਹੁਣ ਮੇਰੀ ਜਿਊਂਦੀ ਲਾਸ਼ ਜੇਲ੍ਹ ਦੀ, ਕਬਰ ਵਰਗੀ ਕੋਠੜੀ ਵਿਚ ਪਈ ਹੈ। ਮੈਂ ਆਪਣੇ-ਆਪ ਨੂੰ ਮੁਕੱਦਰ ਦੇ ਹਵਾਲੇ ਕਰ ਦਿੱਤਾ ਹੈ। ਤੈਨੂੰ ਚੰਗੀ ਤਰ੍ਹਾਂ ਪਤਾ ਹੈ ਅੰਮੀ, ਮੌਤ ਨਾਲ਼ ਜ਼ਿੰਦਗ਼ੀ ਨਹੀਂ ਮੁੱਕਦੀ। ਤੂੰ ਮੇਰੇ ਬਗ਼ੈਰ ਬਿਪਤਾ ਕੱਟ ਲਈਂ ਅੰਮੀਏਂ, ਪਰ ਮੇਰੀ ਜਾਨ ਬਖ਼ਸ਼ਾਉਣ ਲਈ ਕਿਸੇ ਅੱਗੇ ਲੇਲੜੀਆਂ ਨਾ ਕੱਢੀਂ। ਮੇਰੀ ਇਹ ਗੱਲ, ਮੇਰੇ ਵੱਲੋਂ ਸੌ ਵਾਰ ਕਹੀ ਹੋਈ ਸਮਝੀਂ।”
ਇਸੇ ਹੀ ਸੁਨੇਹੇ ਵਿਚ ਰਿਹਾਨਾ ਨੇ ਇਹ ਵੀ ਕਿਹਾ ਹੋਇਆ ਹੈ, “ਮੈਂ ਮਿੱਟੀ ਹੇਠ ਗਲ਼ਣਾ-ਸੜਨਾ ਨਹੀਂ ਚਾਹੁੰਦੀ ਅੰਮੀਏਂ! ਮੈਂ ਨਹੀਂ ਚਾਹੁੰਦੀ ਕਿ ਮੇਰੇ ਦੀਦੇ ਤੇ ਮੇਰਾ ਜੁਆਨ ਦਿਲ ਮਿੱਟੀ ਵਿਚ ਮਿੱਟੀ ਹੋ ਜਾਵੇ। ਇਸ ਲਈ ਮੈਂ ਮਿੰਨਤ ਕਰਦੀ ਹਾਂ ਕਿ ਜਿਉਂ ਹੀ ਮੇਰੀ ਲਾਸ਼ ਫਾਂਸੀ ਦੇ ਫੰਦੇ ਵਿਚੋਂ ਕੱਢੀ ਜਾਵੇ, ਮੇਰਾ ਦਿਲ, ਗੁਰਦੇ, ਅੱਖਾਂ ਤੇ ਹੱਡੀਆਂ ਤਕ ਕਿਸੇ ਲੋੜਵੰਦ ਦੇ ਜਿਸਮ ਵਿਚ ਪਾ ਦਿੱਤੀਆਂ ਜਾਣ। ਮੇਰੇ ਇਹ ਅੰਗ ਕਿਸੇ ਲੋੜਵੰਦ ਨੂੰ ਤੁਹਫ਼ੇ ਵਜੋਂ ਦਿੱਤੇ ਜਾਣ ਤੇ ਇਹ ਤੁਹਫ਼ਾ ਲੈਣ ਵਾਲ਼ੇ ਨੂੰ ਮੇਰੇ ਬਾਰੇ ਕੁੱਝ ਨਾ ਦੱਸਿਆ ਜਾਵੇ।” 
“ਅੰਮੀਏਂ! ਤੈਨੂੰ ਪਤਾ ਹੀ ਹੈ, ਮੈਂ ਤਾਂ ਕਦੇ ਮੱਛਰ ਜਾਂ ਕਾਕਰੋਚ ਤਕ ਨਹੀਂ ਮਾਰਿਆ ਸੀ ਤੇ ਹੁਣ ਮੈਂ ਬੇਕਿਰਕ ਕਾਤਲ ਬਣਾ ਦਿੱਤੀ ਗਈ ਹਾਂ।” ਤਨੋ-ਮਨੋ ਸੁਨੱਖੀ ਇਸ ਕੁੜੀ ਨੂੰ ਫਾਹੇ ਲਾਉਣ ਤੋਂ ਪਹਿਲਾਂ, ਉਸ ਨੂੰ ਬਦਸੂਰਤ ਬਣਾਉਣ ਲਈ ‘ਸਿਰਮੁੰਨੀ’ ਵੀ ਬਣਾ ਦਿੱਤਾ ਗਿਆ ਸੀ।
ਸੋਚਦਾ ਹਾਂ ਕਿ ਆਪਣੀ ਪੱਤ ਦੀ ਰਾਖੀ ਕਰਨਾ ਕਦੋਂ ਤੋਂ ਗੁਨਾਹ ਹੋ ਗਿਆ ਹੈ! ਕਿਸੇ ਦੀ ਪਾਣ-ਪੱਤ ਦੀ ਰਾਖੀ ਕਰਨ ਵਾਲ਼ੇ ਸੁਰੱਖਿਆ ਮੁਲਾਜ਼ਮ ਅਤੇ ਫੌਜੀ ਸਨਮਾਨੇ ਜਾਂਦੇ ਹਨ, ਪਰ ਆਪਣੀ ਇੱਜ਼ਤ ਦੀ ਰਾਖੀ ਕਰਨ ਵਾਲ਼ੀ ਬਹਾਦਰ ਮੁਟਿਆਰ ਰਿਹਾਨਾ ਜੱਬਾਰੀ ਨੂੰ ਫਾਹੇ ਟੰਗ ਦਿੱਤਾ ਗਿਆ! ਜੇ ਰਿਹਾਨਾ ਆਪਣਾ ਜਿਸਮ, ਆਪਣੀ ਆਬਰੂ, ਸਰਬੰਦੀ ਦੇ ਹਵਾਲੇ ਕਰ ਦਿੰਦੀ ਤਾਂ ਸ਼ਾਇਦ ਉਹ ਫਾਂਸੀ ਤੋਂ ਤਾਂ ਬਚ ਜਾਂਦੀ, ਪਰ ਉਸ ਦੀਆਂ ਅੱਖਾਂ ਵਿਚੋਂ ਨਿੱਕਲਦਾ ਦਿਸਦਾ ਸੇਕ ਗ਼ਾਇਬ ਹੋ ਜਾਣਾ ਸੀ, ਉਸ ਦਾ ਸਿਰ ਸਦਾ ਲਈ ਝੁਕ ਜਾਣਾ ਸੀ ਤੇ ਮੈਂ ਉਸ ਬਾਰੇ ਇਹ ਲੇਖ ਨਹੀਂ ਲਿਖਣਾ ਸੀ। ਉਹ ਆਪਣੀ ਜਾਨ ਦਾਅ ’ਤੇ ਲਾ ਗਈ, ਆਪਣੀ ਇੱਜ਼ਤ ਬਚਾ ਗਈ, ਵਧਾ ਗਈ, ਪਰ ਉਸ ਦੇ ਮੁਲਕ ਦੀ ਸਰਕਾਰ ਉਸ ਨੂੰ ਫਾਹੇ ਟੰਗ ਕੇ ਕੀ ਕੁੱਝ ਗੁਆ ਗਈ, ਇਸ ਦਾ ਹਿਸਾਬ ਆਉਣ ਵਾਲ਼ੇ ਸਮਿਆਂ ਵਿਚ ਹੋਵੇਗਾ।#                      Cell Phone :+91-950-175-9494, E-mail: bababax@gmail.com