ਸਿਰੇ’ਤੇ ਗੰਢ-42

'ਮੁਹੱਬਤ ਦੀ ਚੁੰਮੀ'
ਸੁਰਖ਼ ਤੋਂ ਗੁਲਾਬੀ ਨਹੀਂ ਹੋ ਗਿਆ ਇਨਕਲਾਬ ਦਾ ਰਾਹ? 
ਬਖ਼ਸ਼ਿੰਦਰ

ਗੱਲ ਦਾ ਖ਼ਿਲਾਰਾ ਪੈਣ ਦਾ ਡਰ ਹੈ, ਪਰ ਇਸ ਡਰੋਂ ਹੀ ਗੱਲ ਕਰਨੋਂ ਵੀ ਤਾਂ ਰਿਹਾ ਨਹੀਂ ਜਾ ਸਕਦਾ ਨਾ। ਕੈਨੇਡਾ-ਅਮਰੀਕਾ ਵਰਗੇ ਮੁਲਕਾਂ ਵਿਚ ਬੀਬੀਆਂ ਅਧਨੰਗੀਆਂ ਵੀ ਘੁੰਮ ਸਕਦੀਆਂ ਹਨ ਤੇ ਘੂਰ-ਘੂਰ ਨਾ ਦੇਖਣ ਦੀਆਂ ਤਾਕੀਦਾਂ ਵੀ ਕਰ ਸਕਦੀਆਂ ਹਨ, ਪਰ ਆਪਣੇ ਭਾਰਤ ਮਹਾਨ ਵਰਗੇ ਮੁਲਕ ਵਿਚ, ਜਿੱਥੇ ਅਜ਼ਾਦੀ ਮਿਲਣ ਤੋਂ ਬਾਅਦ ਵੀ ‘ਬਹੁਤੇ ਹੀ ਆਜ਼ਾਦ’ ਹੋਣ ਦਾ ਖ਼ਾਬ ਆਉਣੋਂ ਪਹਿਲਾਂ ਸੌ ਵਾਰੀ ਸੋਚਦਾ ਹੈ, ‘ਕਿੱਸ ਆਫ ਲਵ’ ਵਰਗਾ ‘ਅੰਦੋਲਨ’ ਬਹੁਤਾ ਹੀ ਜੱਗੋਂ ਤੇਰ੍ਹਵੀਂ ਜਿਹੀ ਗੱਲ ਵਰਗਾ ਲੱਗਦਾ ਹੈ। ਜਦੋਂ ਖਾਣ-ਹੰਢਾਉਣ ਲਈ ਰਿਜ਼ਕ ਦਾ ਘਾਟਾ ਨਾ ਹੋਵੇ ਤਾਂ ਸੁਆਲ ਉੱਠ ਸਕਦਾ ਹੈ ਪਈ ਕੀ ਖਾਈਏ ਜਾਂ ਕੀ ਪਾਈਏ। ਜਦੋਂ ‘ਉਹੋ ਬੁੜੀ ਦੇ ਕੱਪੜੇ ਤੇ ਸੁੱਥਣ-ਨਾਲ਼ਾ ਹੱਥ’ ਵਾਲ਼ੀ ਹਾਲਤ ਹੋਵੇ ਤਾਂ ਇਹੋ ਜਿਹੇ ਸੁਆਲ ਮਹਿਜ਼ ਸਮੇਂ ਦਾ ਖਉ ਹੀ ਹੁੰਦੇ ਹਨ। ਜੇ ਇਹੋ ਜਿਹੀ ਹਾਲਤ ਵਿਚ ਸਾਡੇ ਭਾਰਤ ਮਹਾਨ ਦੇ ਲੋਕ ਇਹ ਐਲਾਨ ਕਰ ਦੇਣ ਕਿ ਉਹ ਭਲਕ ਤੋਂ ਅਲਫ਼ ਨੰਗੇ ਹੋ ਕੇ ਅੰਦੋਲਨ ਵਿੱਢ ਦੇਣਗੇ ਤਾਂ ਤਕਰੀਬਨ ਅੱਧਾ ਮੁਲਕ, ਜੋ ਗ਼ਰੀਬੀ ਦੀ ਲਕੀਰ ਤੋਂ ਵੀ ਹੇਠਾਂ ਰਹਿੰਦਾ ਹੈ, ਤੱਤਫਟ ਹੀ ਇਸ ਅੰਦੋਲਨ ਵਿਚ ਸ਼ਾਮਲ ਹੋ ਗਿਆ ਲੱਗੇਗਾ ਕਿਉਂ ਕਿ ਉਸ ਕੋਲ ਪਹਿਲਾਂ ਹੀ ਕੱਪੜੇ ਉੱਨੇ ਕੁ ਹੀ ਹਨ।
ਖ਼ਿਲਾਰਾ ਪੈਣ ਦੇ ਡਰੋਂ ਸਿੱਧੇ ਹੀ ਮੁੱਦੇ ’ਤੇ ਆ ਜਾਈਏ ਤਾਂ ਠੀਕ ਰਹੇਗਾ। ਦੋ ਨਵੰਬਰ ਵਾਲ਼ੇ ਐਤਵਾਰ ਨੂੰ ਸ਼ਾਮੀਂ, ਇਨਕਲਾਬੀਆਂ ਦਾ ਗੜ੍ਹ ਸਮਝੇ ਜਾਂਦੇ ਸੂਬੇ ਕੇਰਲਾ ਦੇ ਸ਼ਹਿਰ ਕੋਚੀਨ, ਜਿਸ ਨੂੰ ਅੱਜ-ਕੱਲ੍ਹ ‘ਕੋਚੀ’ ਹੀ ਕਹਿ ਲਿਆ ਜਾਂਦਾ ਹੈ, ਵਿਚ ਪੁਲੀਸ ਨੇ 50 ਕੁ ਮਰਦ-ਤੀਵੀਆਂ/ ਮੁੰਡੇ-ਕੁੜੀਆਂ ਉਸ ਵੇਲ਼ੇ ਫੜ ਲਏ, ਜਦੋਂ ਉਹ ‘ਮੌਰਲ ਪੋਲੀਸਿੰਗ’ ਯਾਨੀ ਨੈਤਿਕਤਾ ਦਾ ਪਾਠ ਜਬਰੀ ਪੜ੍ਹਾਉਣ ਦੇ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ‘ਕਿੱਸ ਆਫ ਲਵ’ ਯਾਨੀ ‘ਮੁਹੱਬਤ ਭਰੀਆਂ ਚੁੰਮੀਆਂ ਲੈਣ-ਦੇਣ’ ਦੀ ਮੁਹਿੰਮ ਵਿੱਢਣ ਲਈ ਇਕੱਠੇ ਹੋਏ ਸਨ। 
ਸ਼ਾਜੂ ਫ਼ਿਲਿਪ ਵੱਲੋਂ ‘ਹਿੰਦੁਸਤਾਨ ਟਾਈਮਜ਼’ ਨੂੰ ਭੇਜੀ ਰਿਪੋਰਟ ਅਨੁਸਾਰ, ਅੰਦੋਲਨਕਾਰੀਆਂ ਨੇ ਖੁੱਲੇਆਮ ਚਾਰ ਕੁ ਚੁੰਮੀਆਂ ਹੀ ਲਈਆਂ-ਦਿੱਤੀਆਂ ਹੋਣਗੀਆਂ ਕਿ ਹਿੰਦੂਆਂ ਤੇ ਮਸੁਲਮਾਨਾਂ ਵਿਚਾਲ਼ੇ ‘ਏਕਤਾ’ ਹੋ ਗਈ। ਹੋਇਆ ਇਹ ਕਿ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਸੱਜੇ ਪੱਖੀ ਜਥੇਬੰਦੀਆਂ ਨੇ ਰਲ਼ ਕੇ ਇਸ ‘ਚੁੰਮੀ ਅੰਦੋਲਨ’ ਦੇ ਰੰਗ ਵਿਚ ਭੰਗ ਪਾ ਦਿੱਤੀ। ਇਨ੍ਹਾਂ ਜਥੇਬੰਦੀਆਂ ਦੇ ਕਾਰਕੁਨ, ਇਹ ‘ਇਨਕਲਾਬੀ ਅੰਦੋਲਨ’ ਵਿੱਢਣ ਵਾਲ਼ਿਆਂ ਨੂੰ ਟੁੱਟ ਕੇ ਪੈ ਗਏ ਯਾਨੀ ‘ਕੋਸੇ ਅੰਦੋਲਨ’ ਵਿਰੁੱਧ ‘ਤੱਤਾ ਅੰਦੋਲਨ’ ਛਿੜ ਗਿਆ, ਜਿਸ ਦੌਰਾਨ ਪੁਲੀਸ ਨੇ ਲੋਕਾਂ ਮਗਰ ਦਾਬਾਂ ਦੇ-ਦੇ ਕੇ ਉਨ੍ਹਾਂ ਨੂੰ ਭਜਾਇਆ। ਪੁਲੀਸ ਵੱਲੋਂ ਕੀਤੇ ਗਏ ‘ਹਲਕੇ ਲਾਠੀਚਾਰਜ’ ਦਾ ਛਾਂਦਾ ‘ਚੁੰਮੀ ਅੰਦੋਲਨ’ ਨਾਲ਼ ਅੱਖਾਂ ਤੱਤੀਆਂ ਕਰਦੇ, ਕਈ ’ਮਾਤੜਾਂ ਨੂੰ ਵੀ ਮਿਲਿਆ।
ਇਸੇ ਹੀ ਰਿਪੋਰਟ ਅਨੁਸਾਰ, ਭਾਵੇਂ ‘ਚੁੰਮੀਆਂ ਦਾ ਇਹ ਤਮਾਸ਼ਾ’ ਭੰਗ ਕਰ ਦਿੱਤਾ ਗਿਆ ਤੇ ਇਸ ਵਿਚ ਸਰਗ਼ਰਮੀ ਨਾਲ਼ ਭਾਗ ਲੈਣ ਵਾਲ਼ਿਆਂ ਨੂੰ ਪੁਲੀਸ ਨੇ ਆਪਣੀਆਂ ਵੈਨਾਂ ਵਿਚ ਸੁੱਟ ਲਿਆ, ਪਰ ਉਨ੍ਹਾਂ ਦੇ ਬੁੱਲ੍ਹ, ਵੈਨਾਂ ਦੇ ਅੰਦਰ ਤੇ ਫਿਰ ਥਾਣੇ ਅੰਦਰ ਵੀ ਸਰਗ਼ਰਮ ਰਹੇ। ਉਨ੍ਹਾਂ ਨੂੰ ਗ਼ੈਰਕਾਨੂੰਨੀ ਇਕੱਠ ਕਰਨ ਅਤੇ ਜਨਤਕ ਥਾਵੇਂ ਅਮਨ ਭੰਗ ਕਰਨ ਦੇ ਦੋਸ਼ਾਂ ਹੇਠ ਹਿਰਾਸਤ ਵਿਚ ਲਿਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤਾਂ ’ਤੇ ਛੱਡ ਦਿੱਤਾ ਗਿਆ। ਹੁਣ ਇਹ ਨਾ ਸੋਚ ਬਹਿਣਾ ਪਈ ਗੱਲ਼ ਮੁੱਕ ਗਈ।
ਅਸਲ ਗੱਲ ਤਾਂ ਹੁਣ ਸ਼ੁਰੂ ਹੋਣੀ ਹੈ। ਕੋਈ ਲਹਿਰ ਜਾਂ ਅੰਦੋਲਨ ਖੜ੍ਹੇ-ਖੜੋਤਿਆਂ ਹੀ ਸ਼ੁਰੂ ਨਹੀਂ ਹੋ ਜਾਂਦਾ। ਉਸ ਦੀ ਸ਼ੁਰੂਆਤ ਤੋਂ ਪਹਿਲਾਂ ਉਸ ਦੀ ਭੂਮਿਕਾ ਬੰਨ੍ਹਣ ਨੂੰ ਹੀ ਕਈ-ਕਈ ਦਿਨ ਲੱਗ ਜਾਂਦੇ ਹਨ। ਸੋ, ਇਸ ਅੰਦੋਲਨ ਦੀ ‘ਰਸੂਲ ਹਮਜ਼ਾਤੋਵੀਅਨ ਭੂਮਿਕਾ’ ਬੰਨ੍ਹੀ, ਸੋਸ਼ਲ ਮੀਡੀਆ ਦੀ ਮਸ਼ਹੂਰ ਸਾਈਟ ‘ਫੇਸਬੁੱਕ’ ਨੇ। ਆਪਣੇ-ਆਪ ਨੂੰ ‘ਇਨਕਲਾਬੀਆਂ ਦੀ ਅਣਸ’ (ਅੰਸ਼) ਸਮਝਦੇ ਕੁੱਝ ਲੋਕਾਂ/ ਮੁੰਡਿਆਂ/ ਕੁੜੀਆਂ/ ਔਰਤਾਂ ਨੇ ਇਸ ਸਾਈਟ ਉੱਤੇ ‘ਫਰੀ ਥਿੰਕਰਜ਼’ ਨਾਂ ਦਾ ਇਕ ਗਰੁੱਪ ਬਣਾਇਆ ਹੋਇਆ ਹੈ। ਇਸ ਗਰੁੱਪ ਨੇ ਹੀ ਇਹ ਅੰਦੋਲਨ ਕਰਨ ਦਾ ਚੁੱਕਣ ਚੁੱਕਿਆ ਸੀ। ਇਹ ਅੰਦੋਲਨ ਵਿੱਢੇ ਜਾਣ ਦੀ ਮੁੱਖ ਵਜ੍ਹਾ, ਭਾਰਤੀ ਯੁਵਾ ਮੋਰਚਾ ਵੱਲੋਂ ਪਿਛਲੇ ਹਫ਼ਤੇ ਕੋਜ਼ੀਕੋਡੇ ਦੇ ਇਕ ਕੈਫੇ ਉੱਤੇ ‘ਅਨੈਤਿਕ ਕਾਰਵਾਈਆਂ ਕਰਨ ਲਈ ਸ਼ਹਿ ਦੇਣ’ ਦੇ ਖ਼ਿਲਾਫ਼ ਕੀਤਾ ਗਿਆ ਹਮਲਾ ਸੀ। ਕਾਂਗਰਸ ਵੱਲੋਂ ਚਲਾਏ ਜਾਂਦੇ ਇਕ ਟੀਵੀ ਚੈਨਲ ਵੱਲੋਂ ਇਨ੍ਹਾਂ ‘ਅਨੈਤਿਕ ਕਾਰਵਾਈਆਂ’ ਬਾਰੇ ਇਕ ਖ਼ਬਰ ਨਸ਼ਰ ਕੀਤੀ ਗਈ ਸੀ। ਇਸ ਖ਼ਬਰ ਦੇ ਨਾਲ਼-ਨਾਲ਼ ਖੁੱਲ੍ਹੇਆਮ ਚੁੰਮੀਆਂ ਲੈਣ-ਦੇਣ ਦੇ ਕੁੱਝ ਦ੍ਰਿਸ਼ ਵੀ ਦਿਖਾਏ ਗਏ ਸਨ। ਇਸ ਖ਼ਬਰ ਨੇ ‘ਸੋਸ਼ਲ ਮੀਡੀਆ’ ਵਿਚ ਰੋਹ ਜਗਾ ਦਿੱਤਾ, ਜਿਸ ਦਾ ਨਤੀਜਾ ‘ਕਿੱਸ ਆਫ ਲਵ’ ਨਾਂ ਦਾ ਅੰਦੋਲਨ ਛੇੜਨ ਦੇ ਐਲਾਨ ਦੇ ਰੂਪ ਵਿਚ ਸਾਹਮਣੇ ਆਇਆ।
ਪੁਲੀਸ ਨੇ ਇਹ ‘ਚੁੰਮੀ ਮੁਹਿੰਮ’ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਤੇ ਅੰਦੋਲਨ ਵਿੱਢਣ ਵਾਲ਼ਿਆਂ ਨੂੰ ਖ਼ਬਰਦਾਰ ਕਰ ਦਿੱਤਾ ਸੀ ਕਿ ਜੇ ਉਨ੍ਹਾਂ ਨੇ ਕਾਨੂੰਨ ਪ੍ਰਬੰਧ ਚਲਾਉਣ ਵਿਚ ਕੋਈ ਅੜਿੱਕਾ ਪਾਇਆ ਤਾਂ ਉਨ੍ਹਾਂ ’ਤੇ ਸਖ਼ਤੀ ਕੀਤੀ ਜਾਵੇਗੀ। ਓਦਾਂ ਇਹ ਮੁਹਿੰਮ ਵਿੱਢਣ ਦਾ ਐਲਾਨ ਕੀਤੇ ਜਾਣ ਨਾਲ਼ ਇਕ ਫ਼ਾਇਦਾ ਵੀ ਹੋਇਆ। ਪਤਾ ਨਹੀਂ ਕਦੋਂ ਤੋਂ ਇਕ-ਦੂਜੇ ਵੱਲ ਨਫ਼ਰਤ ਨਾਲ਼ ਦੇਖਣ ਵਾਲ਼ੇ ਹਿੰਦੂ-ਮੁਸਲਮਾਨ, ਇਹ ਅੰਦੋਲਨ ਕੀਤੇ ਜਾਣ ਦਾ ਐਲਾਨ ਸੁਣਨ ਸਾਰ ਹੀ ਇਕ-ਮਿੱਕ ਹੋ ਗਏ। ਇਨ੍ਹਾਂ ਦੋਹਾਂ ਫ਼ਿਰਕਿਆਂ ਦੀਆਂ ਕਈ ਜਥੇਬੰਦੀਆਂ ‘ਮੁਹੱਬਤ ਦੀ ਚੁੰਮੀ’ ਦੇ ਖ਼ਿਲਾਫ਼ ਹਿੱਕਾਂ ਤਾਣ ਕੇ ਆ ਖੜੋਈਆਂ। ‘ਸ਼ਿਵ ਸੈਨਾ’ ਦੇ ਕਾਰਕੁਨਾਂ ਨੇ ਤਾਂ ਇਸ ਅੰਦੋਲਨ ਨੂੰ ‘ਲਵ ਜਹਾਦ’ ਦਾ ਹਿੱਸਾ ਦੱਸਿਆ ਤੇ ਇਸ ਖ਼ਿਲਾਫ਼ ਨਾਅਰੇ ਲਗਾਏ। ‘ਸੈਨਾ’ ਦੇ ਕਾਰਕੁਨ ਤਾਂ ਇਹ ਕਹਿੰਦੇ ਵੀ ਸੁਣੇ ਗਏ ਕਿ ਜੇ ਇਹ ਅੰਦੋਲਨਕਾਰੀ ਕਾਮਯਾਬ ਹੋ ਗਏ ਤਾਂ ਕੇਰਲਾ ਵਿਚ ਜਿਨਸੀ ਹਫੜਾ-ਦਫੜੀ ਮਚ ਜਾਵੇਗੀ। ਹਿੰਦੂਆਂ ਵਾਲ਼ੇ ਪਾਸਿਉਂ ‘ਯੁਵਾ ਮੋਰਚਾ’, ‘ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ ਅਤੇ ‘ਬਜਰੰਗ ਦਲ’ ਦੇ ਕਾਰਕੁਨ ਸਰਗ਼ਰਮ ਸਨ ਜਦੋਂ ਮੁਸਲਮਾਨਾਂ ਵਾਲ਼ੇ ਪਾਸਿਉਂ ਸੁੰਨੀਆਂ ਦੀ ਜਥੇਬੰਦੀ ‘ਐੱਸ. ਵਾਈ. ਐੱਸ.’ ਅਤੇ ‘ਸੋਸ਼ਲ ਡੈਮੋਕ੍ਰੈਟਿਕ ਪਾਰਟੀ’ ਵਾਲ਼ੇ ਡਟੇ ਹੋਏ ਸਨ। 
ਇਹ ‘ਸੰਘਰਸ਼’ ਮੇਰੀਨ ਡਰਾਈਵ ਵਿਖੇ ਸ਼ਾਮੀਂ 5 ਵਜੇ ਵਿੱਢੇ ਜਾਣ ਦੀ ਯੋਜਨਾ ਸੀ ਤੇ ਇਹ ਸੂਚਨਾ ਧੁੰਮ ਜਾਣ ਮਗਰੋਂ ਹਜ਼ਾਰਾਂ ਲੋਕ ‘ਚੁੰਮੀਆਂ ਦਾ ਇਹ ਮੇਲਾ’ ਦੇਖਣ ਲਈ ਪਹਿਲਾਂ ਹੀ ਪਹੁੰਚ ਕੇ, ਮਨ-ਭਾਉਂਦੀ ਥਾਂ ਮੱਲ ਕੇ ਬੈਠ ਗਏ ਸਨ। ਜਿਉਂ ਹੀ ‘ਚੁੰਮੀਆਂ ਦੇ ਦੋਖੀ’ ਨਾਅਰੇ ਲਾਉਂਦਿਆਂ ਅੱਗੇ ਵਧੇ, ‘ਅੰਦੋਲਨਕਾਰੀ’ ਨੇੜੇ ਹੀ ਲਾਅ ਕਾਲਜ ਵੱਲ ਹੋ ਤੁਰੇ। ਇਸ ਤੋਂ ਪਹਿਲਾਂ ਉਨ੍ਹਾਂ ਵਿਚੋਂ ਕੁੱਝ ਨੇ ਇਕ-ਦੂਜੇ/ ਦੂਜੀ ਨੂੰ ਚੁੰਮਿਆ, ਪਰ ਇਹ ਅਖਾੜਾ ਮਘਣ ਤੋਂ ਪਹਿਲਾਂ ਹੀ ਪੁਲੀਸ ਨੇ ਆ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ‘ਅੰਦੋਲਨਕਾਰੀਆਂ’ ਅਤੇ ‘ਅੰਦੋਲਨ ਵਿਰੋਧੀਆਂ’ ਵਿਚਾਲ਼ੇ ਟਕਰਾਅ ਹੋ ਜਾਣ ਮਗਰੋਂ ਪੁਲੀਸ ਨੇ ਲਾਠੀਆਂ ਵੀ ਚਲਾਈਆਂ।
‘ਭਾਰਤੀ ਯੁਵਾ ਮੋਰਚੇ’ ਵੱਲੋਂ ਕੋਜ਼ੀਕੋਡੇ ਦੇ ਇਕ ਕੈਫੇ ਉੱਤੇ ‘ਅਨੈਤਿਕ ਕਾਰਵਾਈਆਂ ਕਰਨ ਲਈ ਸ਼ਹਿ ਦੇਣ’ ਦੇ ਖ਼ਿਲਾਫ਼ ਹਮਲਾ ਕੀਤੇ ਜਾਣ ਮਗਰੋਂ, ਕੇਰਲਾ ਹਾਈ ਕੋਰਟ ਵੱਲੋਂ ਆਪਣੇ-ਆਪ ਨੂੰ ਇਸ ਮਾਮਲੇ ਤੋਂ ਲਾਂਭੇ ਹੀ ਰੱਖਣ ਦਾ ਫੈਸਲਾ ਕਰਨ ਨਾਲ਼ ਵੀ ਇਹ ਅੰਦੋਲਨ ਵਿੱਢੇ ਜਾਣ ਨੂੰ ਕਾਫੀ ਤਾਕਤ ਮਿਲੀ। ਇਹ ਅੰਦੋਲਨ ਰੋਕੇ ਜਾਣ ਦੇ ਸਬੰਧ ਵਿਚ ਦੋ ਪਟੀਸ਼ਨਾਂ ਵੀ ਇਸ ਅਦਾਲਤ ਵਿਚ ਦਾਇਰ ਕੀਤੀਆਂ ਗਈਆਂ ਸਨ, ਜੋ ਦੋਵੇਂ ਹੀ ਅਦਾਲਤ ਨੇ ਰੱਦ ਕਰ ਦਿੱਤੀਆਂ ਸਨ। ਇਹ ਅੰਦੋਲਨ ਵਿੱਢਣ ਵਾਲ਼ਿਆਂ ਦੇ ਕਹਿਣ ਮੁਤਾਬਕ ਉਹ, ਜਬਰੀ ਨੈਤਿਕਤਾ ਸਿਖਾਉਣ ਦੇ ਖ਼ਿਲਾਫ਼ ਰੋਸ ਜ਼ਾਹਰ ਕਰਨ ਵਿਚ ਕਾਮਯਾਬ ਰਹੇ ਹਨ। ਉਨ੍ਹਾਂ ਨੇ ਕਿਹਾ ਇਸ ਤਰ੍ਹਾਂ ਨੈਤਿਕਤਾ ਦਾ ਪਾਠ ਪੜ੍ਹਾਉਣਾ, ‘ਕਿਸੇ ਦੀਆਂ ਜਿਨਸੀ ਕਾਰਵਾਈਆਂ, ਲੁਕ-ਲੁਕ ਕੇ ਦੇਖਣ/ਮਾਨਣ ਨਾਲ਼ੋਂ ਵੀ ਵੱਧ ਮਾੜਾ’ ਹੈ। ਉਨ੍ਹਾਂ ਨੇ ਕਿਹਾ ਕਿ ਅਗਲੀ ਵਾਰ ਉਹ ‘ਇਸੇ ਤਰ੍ਹਾਂ’ ਏਡਜ਼ ਬਾਰੇ ਜਾਗ੍ਰਿਤੀ ਮੁਹਿੰਮ ਚਲਾਉਣਗੇ।
ਅੰਦੋਲਨ ਚਲਾਉਣ ਵਾਲ਼ਿਆਂ ਵਿਚ ‘ਛੋਕਰ-ਵਾਧਾ’ ਹੀ ਸ਼ਾਮਲ ਨਹੀਂ ਸੀ, ਸਗੋਂ ਸੂਚਨਾ ਤਕਨਾਲੋਜੀ ਦੇ ਮਾਹਰ, ਫ਼ਿਲਮਸਾਜ਼ ਅਤੇ ਖੋਜਾਰਥੀ ਵੀ ਸ਼ਾਮਲ ਸਨ। ਇਸ ਮੌਕੇ ਹਿਰਾਸਤ ਵਿਚ ਲਿਆਂ ਗਿਆਂ ਵਿਚ ਅਧਖੜ ਉਮਰ ਦੀਆਂ ਕਈ ‘ਪੜ੍ਹੀਆਂ-ਲਿਖੀਆਂ’ ਜਾਪਦੀਆਂ ਬੀਬੀਆਂ ਵੀ ਸ਼ਾਮਲ ਸਨ। ਅੰਦੋਲਨਕਾਰੀਆਂ ਦਾ ਖ਼ਿਆਲ ਹੈ ਕਿ ਚੁੰਮੀਆਂ ਰਾਹੀਂ ਰੋਸ ਜ਼ਾਹਰ ਕਰਨ ਦਾ ਇਹ ਨਵਾਂ ਢੰਗ ਅਪਣਾਉਣ ਦਾ ਐਲਾਨ ਕਰਨ ਨਾਲ਼ ਹੀ ਇਸ ਅੰਦੋਲਨ ਨੇ ਜਹਾਨ ਭਰ ਵਿਚ ਲੋਕਾਂ ਅਤੇ ਮੀਡੀਆ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਵਿਚੋਂ ਇਕ ਜਣੇ ਨੇ ਤਾਂ ਇਹ ਵੀ ਕਿਹਾ, “ਤੁਸੀਂ ਦੇਖ ਲਓ, ਹਰ ਇਕ ਦੀ ਜ਼ੁਬਾਨ ਉੱਤੇ ਇਸ ਅੰਦੋਲਨ ਦੀ ਹੀ ਗੱਲ ਹੈ।” 
ਇਸ ਦੌਰਾਨ ਹੀ ਇਤਲਾਹਾਂ ਆਈਆਂ ਹਨ ਕਿ ਭਾਰਤੀ ਜਨਤਾ ਪਾਰਟੀ ਨਾਲ਼ ਸਬੰਧਤ ਦੋ ਜਥੇਬੰਦੀਆਂ ‘ਵਿਸ਼ਵ ਹਿੰਦੂ ਪ੍ਰੀਸ਼ਦ’ ਅਤੇ ‘ਯੁਵਾ ਮੋਰਚਾ’ ਨੇ ਇਹ ਕਿਹਾ ਦੱਸਿਆ ਜਾਂਦਾ ਹੈ ਕਿ ਉਹ ਇਸ ਅੰਦੋਲਨ ਵਿਚ ਰੁਕਾਵਟ ਨਹੀਂ ਪਾਉਣਗੀਆਂ। ਅੰਦੋਲਨਕਾਰੀਆਂ ਨੇ ਇਹ ਐਲਾਨ ਵੀ ਕੀਤਾ ਹੋਇਆ ਸੀ ਕਿ ਉਹ ਕਿਸੇ ਖ਼ਾਸ ਪਾਰਟੀ ਜਾਂ ਧੜੇ ਨੂੰ ਇਸ ਅੰਦੋਲਨ ਦਾ ਨਿਸ਼ਾਨਾ ਨਹੀਂ ਬਣਾਉਣਗੇ, ਸਗੋਂ ਉਹ ਤਾਂ ਇਸ ਕਾਰਵਾਈ ਰਾਹੀਂ ਲੋਕਾਂ ਦਾ ਧਿਆਨ, ਇਸ ਗੱਲ ਵੱਲ ਦੁਆਉਣ ਦਾ ਹੀਲਾ ਹੀ ਕਰਨਗੇ ਕਿ ਕਿ ਨਿੱਕੀ-ਨਿੱਕੀ ਨੈਤਿਕ ਵਜ੍ਹਾ ਦੱਸ ਕੇ ਕਿਸੇ ਦੀ ਨਿੱਜਤਾ ਵਿਚ ਦਖ਼ਲ ਦਿੱਤਾ ਜਾਣਾ ਜਾਇਜ਼ ਨਹੀਂ ਹੈ। ਇਕ ਅੰਦੋਲਨਕਾਰੀ ਇਹ ਕਹਿੰਦਾ ਵੀ ਸੁਣਿਆ ਗਿਆ, “ਮੁਹੱਬਤ ਅਤੇ ਪਿਆਰ ਦਾ ਮੁਜਰਮੀਕਰਨ ਸੱਚ-ਮੁੱਚ ਹੀ ਬਹੁਤ ਬੁਰਾ ਹੈ। ਉਸ ਕੌਫੀ ਸ਼ਾਪ ਉੱਤੇ ਹਮਲਾ ਕਰਨਾ ਤਾਂ ਇਕ ਸ਼ੁਰੂਆਤ ਹੀ ਹੈ। ਦੁੱਖ ਹੈ ਕਿ ਇਹ ਰੁਝਾਨ ਹਰ ਥਾਂ ਵਧ ਰਿਹਾ ਹੈ।”
ਇੱਥੇ ਯਾਦ ਕਰਾਉਣਾ ਠੀਕ ਰਹੇਗਾ ਕਿ ਸੰਨ 2009 ਵਿਚ, ਮੰਗਲੌਰ ਵਿਖੇ ‘ਗੁਲਾਬੀ ਚੱਡੀ ਮੁਹਿੰਮ’ ਵਿੱਢੀ ਗਈ ਸੀ, ਜਿਸ ਦੌਰਾਨ, ਇਕ ਪੱਬ ਵਿਚ ਇਕ ਔਰਤ ਉੱਤੇ ਹਮਲਾ ਕਰਨ ਦੇ ਖ਼ਿਲਾਫ਼ ਰੋਸ ਜ਼ਾਹਰ ਕਰਨ ਖ਼ਾਤਰ ‘ਵੈਲੇਨਟਾਈਨ ਦਿਹਾੜੇ’ ਮੌਕੇ ਇਕ ਸੱਜੇ ਪੱਖੀ ਪਾਰਟੀ ਦੇ ਦਫ਼ਤਰ ਨੂੰ ‘ਗੁਲਾਬੀ ਚੱਡੀਆਂ’ ਭੇਜੀਆਂ ਗਈਆਂ ਸਨ। ਏਦਾਂ ਹੀ ਨਹੀਂ ਲੱਗਦਾ ਪਈ ਕਿਸੇ ਜ਼ਮਾਨੇ ਵਿਚ ‘ਲਾਲ ਸੁਰਖ਼’ ਸਮਝਿਆ ਜਾਂਦਾ ਰਿਹਾ ਇਨਕਲਾਬੀ ਰਾਹ, ਹੁਣ ‘ਗੁਲਾਬੀ ਤੇ ਹਵਾ-ਪਿਆਜ਼ੀ’ ਜਿਹਾ ਹੋ ਚੱਲਿਆ ਹੋਵੇ? ਇਸ ਮੁਜ਼ਾਹਰੇ ਵਿਚ ਵੀ ‘ਮੁਹੱਬਤ ਦੀਆਂ ਚੁੰਮੀਆਂ’ ਦੇ ਹਮਾਇਤੀਆਂ ਹੱਥੀਂ ਫੜੇ ਹੋਏ ਪੋਸਟਰਾਂ ਉੱਤੇ ਨਜ਼ਮਾਂ ਤਾਂ ਪਾਬਲੋ ਨਰੂਦਾ ਦੀਆਂ ਹੀ ਲਿਖੀਆਂ ਹੋਈਆਂ ਸਨ, ਪਰ ਉਨ੍ਹਾਂ ਦੀ ਰੰਗਤ ‘ਸੁਰਖ਼’ ਹੋਣ ਦੀ ਥਾਂ ‘ਗੁਲਾਬੀ’ ਹੀ ਸੀ ਕਿਉਂ ਕਿ ਉਨ੍ਹਾਂ ਨਜ਼ਮਾਂ ਵਿਚ ‘ਇਨਕਲਾਬ’ ਨਹੀਂ, ‘ਮੁਹੱਬਤ’ ਹੀ ਭਾਰੂ ਸੀ। ਇਕ ਮੁਟਿਆਰ ਦੇ ਹੱਥ ਵਿਚ ਫੜੇ ਪੋਸਟਰ ਉੱਤੇ ਕੁੱਝ ਇਸ ਤਰ੍ਹਾਂ ਦੇ ਬੋਲ ਉੱਕਰੇ ਹੋਏ ਸਨ:
ਤੁਸੀਂ ਸਾਰੇ ਹੀ ਫੁੱਲ ਜ਼ਿਬਾਹ ਕਰ ਸਕਦੇ ਹੋ,
ਪਰ ਤੁਸੀਂ ਬਹਾਰ ਨੂੰ ਆਉਣੋਂ ਨਹੀਂ ਰੋਕ ਸਕਦੇ।
ਇਸ ਤਰ੍ਹਾਂ ਦਾ ਸੁਨੇਹਾ ਦਿੰਦਾ ਪੋਸਟਰ ਫੜੀ ਖੜ੍ਹੀ ਉਹ ਕੁੜੀ ਵੀ ਪੁਲੀਸ ਨੇ ਫੜ ਕੇ ਧੂਹ ਲਈ ਸੀ। ਇਸ ਦੌਰਾਨ ਉਸ ਦੇ ਕੰਨਾਂ ਵਿਚ ‘ਸ਼ਿਵ ਸੈਨਾ’, ‘ਬਜਰੰਗ ਦਲ’ ਅਤੇ ‘ਸੁੰਨੀ ਯੁਵਜਨ ਸੰਗਠਨ’ ਵੱਲੋਂ ਲਗਾਏ ਜਾ ਰਹੇ ‘ਦੇਸ਼ ਨੂੰ ਅਨੈਤਿਕਤਾ ਤੋਂ ਬਚਾਓ’ ਦੇ ਨਾਅਰੇ ਗੂੰਜ ਰਹੇ ਸਨ। ‘ਮੁਹੱਬਤ ਦੀ ਚੁੰਮੀ ਅੰਦੋਲਨ’ ਨੂੰ ਪੜ੍ਹੇ-ਲਿਖੇ ਲੋਕਾਂ ਦੀ ਤਰਜ਼ ਉੱਤੇ ‘ਕਿੱਸ ਆਫ ਲਵ’ ਕਿਹਾ ਜਾ ਰਿਹਾ ਹੈ ਤੇ ਇਸ ਨੂੰ ਇਲੈਕਟਰਾਨਿਕੀ ਤਕਨੀਕੀ ਰੰਗਤ ਯਾਨੀ ‘ਈ-ਟਿੰਜ’ ਦੇਣ ਖ਼ਾਤਰ ‘ਲਾਫਿੰਗ ਆਊਟ ਲਾਊਡ’ (ਲੋਲ) ਦੀ ਰੀਸੇ, ‘ਕਿੱਸ ਆਫ ਲਵ’ ਤੋਂ ਛੋਟਾ ਕਰ ਕੇ ‘ਕੋਲ’ ਬਣਾ ਦਿੱਤਾ ਗਿਆ ਹੈ। ਇਸ ਤਰ੍ਹਾਂ ਹੀ ਕਿਸੇ ਦਿਨ ‘ਇਨਕਲਾਬ’ ਯਾਨੀ
‘ਰੈਵੋਲਿਊਸ਼ਨ’ ਨੂੰ ਵੀ ‘ਇਲੈਕਟਰਨਿਕੀ ਲਾਡ’ ਨਾਲ਼ ‘ਰੈਵੀ’ ਹੀ ਬਣਾ ਧਰਿਆ ਜਾਵੇਗਾ।
ਕੇਰਲਾ ਵਿਚ ਇਸ ‘ਗੁਲਾਬੀ ਇਨਕਲਾਬ’ ਦਾ ਮੁੱਢ ਬੰਨ੍ਹੇ ਜਾਣ ਮਗਰੋਂ ਬੰਗਾਲ ਦੇ ਇਨਕਲਾਬੀ ਇਸ ਦੇ ਅਸਰ ਤੋਂ ਬਚੇ ਰਹਿੰਦੇ, ਇਹ ਤਾਂ ਹੋ ਹੀ ਨਹੀਂ ਸਕਦਾ ਸੀ। ਕੋਲਕਤਾ ਤੋਂ ਪੂਜਾ ਮਹਿਤਾ ਤੇ ਰਮੇਸ਼ ਬਾਬੂ ਵੱਲੋਂ ‘ਹਿੰਦੁਸਤਾਨ ਟਾਈਮਜ਼’ ਨੂੰ ਭੇਜੀ ਰਿਪੋਰਟ ਮੁਤਾਬਕ, ਕੇਰਲਾ ਤੋਂ ‘ਮੁਹੱਬਤ ਦੀ ਚੁੰਮੀ’ ਦੀ ਧਮਕ, 5 ਨਵੰਬਰ ਨੂੰ ਬੰਗਾਲ ਵਿਚ ਵੀ ਪਹੁੰਚ ਗਈ। ਕੋਲਕਤਾ ਵਿਚ ਵੀ ‘ਨੈਤਿਕਤਾ ਠੋਸਣ’ ਦੇ ਖ਼ਿਲਾਫ਼ ਸੈਂਕੜੇ ਲੋਕਾਂ ਨੇ ਜਨਤਕ ਰੂਪ ਵਿਚ ‘ਆਪਸੀ ਮੋਹ’ ਜ਼ਾਹਰ ਕੀਤਾ। ਇਸ ਮੌਕੇ, ਕੇਰਲਾ ਵਿਚ ਕੀਤੇ ਗਏ ਮੁਜ਼ਾਹਰੇ ਦੌਰਾਨ, ਮੁਜ਼ਾਹਰਾਕਾਰੀਆਂ ਉੱਤੇ ਜ਼ੁਲਮ ਢਾਹੁਣ ਵਾਲ਼ਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਇਸ ਸਬੰਧ ਵਿਚ, ਕੋਲਕਤਾ ਵਿਖੇ ਦੋ ਥਾਈਂ ਮੁਜ਼ਾਹਰੇ ਕੀਤੇ ਗਏ। ਇਕ ਮੁਜ਼ਾਹਰਾ ਜਾਦਵਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਜਦੋਂ ਕਿ ਦੂਜਾ ਮੁਜ਼ਾਹਰਾ, ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਮੁਜ਼ਾਹਰਾਕਾਰੀਆਂ ਵੱਲੋਂ ਦੱਸਣ ਅਨੁਸਾਰ, ਇਹ ਮੁਜ਼ਾਹਰੇ, ਮਹਾਰਾਸ਼ਟਰ ਵਿਚ ਇਕ ਦਲਿਤ ਮੁੰਡੇ ਵੱਲੋਂ ਉੱਚੀ ਜਾਤ ਦੀ ਇਕ ਕੁੜੀ ਨਾਲ਼ ਸਬੰਧ ਰੱਖਣ ਦੀ ਵਜ੍ਹਾ ਨਾਲ਼, ਉਸ ਮੁੰਡੇ ਅਤੇ ਉਸ ਦੇ ਮਾਪਿਆਂ ਨੂੰ ਮਾਰ ਸੁੱਟੇ ਜਾਣ ਵਿਰੁੱਧ ਰੋਸ ਜ਼ਾਹਰ ਕਰਨ ਦੇ ਉਦੇਸ਼ ਨਾਲ਼ ਕੀਤੇ ਗਏ ਹਨ। ਇਹ ਮੁਜ਼ਾਹਰੇ ਕਰਾਉਣ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲ਼ੀ ਇਕ ਵਿਦਿਆਰਥਣ ਬੰਦਨਾ ਮੌਂਡਲ ਨੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ, “ਅਸੀਂ, ਜੋ ਵੀ ਸਾਨੂੰ ਚੰਗਾ ਲੱਗੇਗਾ, ਉਹੀ ਕਰਾਂਗੇ। ਸਰਕਾਰ ਜਾਂ ਮੁਲਕ ਸਾਨੂੰ ਧੱਕੇ ਨਾਲ਼ ਇਹ ਨਹੀਂ ਸਿਖਾ ਸਕਣਗੇ ਕਿ ਅਸੀਂ ਕਿਸ ਨੂੰ ਸਭ ਦੇ ਸਾਹਮਣੇ ਚੁੰਮਣਾ ਹੈ ਜਾਂ ਕਿਸ ਜਾਤ ਦੇ ਬੰਦੇ ਨਾਲ਼ ਸਬੰਧ ਰੱਖਣੇ ਹਨ ਜਾਂ ਨਹੀਂ।” 
ਹੁਣ ਹੋਰ ਕੋਈ ਗੱਲ ਕਰਨ ਵਾਲ਼ੀ ਰਹਿ ਗਈ ਹੈ ਤਾਂ ਉਹ ਤੁਸੀਂ ਆਪ ਹੀ ਕਰ ਲਿਓ ਪਾਠਕੋ ਪਿਆਰਿਓ! #